ਜੀਹਨੇ ਲਾਹੌਰ ਨਹੀਂ ਵੇਖਿਆ…

ਗੁਲਜ਼ਾਰ ਸਿੰਘ ਸੰਧੂ
ਲਾਹੌਰ ਦੀ ਗੱਲ ਕਰਨੀ ਹੋਵੇ ਜਾਂ ਦਿੱਲੀ ਦੀ, ਵੱਡੇ ਪਾੜੇ ਵੀ ਮਿਲਦੇ ਹਨ ਤੇ ਸਾਂਝਾਂ ਵੀ। ਉਥੇ ਵੀ ਰਿੰਗ ਰੋਡ ਹੈ ਤੇ ਇਥੇ ਵੀ। ਉਥੇ ਦੀ 85 ਕਿਲੋਮੀਟਰ ਤੇ ਇਥੇ ਦੀ ਸਾਢੇ 47 ਕਿਲੋਮੀਟਰ। ਲਾਹੌਰ ਦੀ ਰਿੰਗ ਰੋਡ ਦੇ ਅੰਦਰ ਦਾ ਰਕਬਾ 1772 ਵਰਗ ਕਿਲੋਮੀਟਰ ਹੈ ਤੇ ਵੱਸੋਂ ਕੇਵਲ ਇਕ ਕਰੋੜ 10 ਲੱਖ। ਦਿੱਲੀ ਦਾ ਰਕਬਾ ਕੇਵਲ 1484 ਵਰਗ ਕਿਲੋਮੀਟਰ ਹੈ ਪਰ ਵਸੋਂ ਲਾਹੌਰ ਨਾਲੋਂ ਦੁਗਣੀ ਤੋਂ ਵਧ, ਦੋ ਕਰੋੜ 50 ਲੱਖ। ਭਾਵੇਂ ਦਿੱਲੀ ਦੀ ਵਸੋਂ ਦਾ ਵਾਧਾ 1947 ਵਿਚ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਕਾਰਨ ਸ਼ੁਰੂ ਹੋਇਆ ਹੋਵੇ, ਅੱਜ ਦੇ ਦਿਨ ਦਿੱਲੀ ਦੇ ਪ੍ਰਦੂਸ਼ਣ ਤੇ ਲਾਹੌਰ ਦੀਆਂ ‘ਵਾਵਾਂ ਦੀ ਗੱਲ ਕਰਨੀ ਬਣਦੀ ਹੈ।

ਜੇ ਲਾਹੌਰ ਦਾ ਸਹੀ ਰੂਪ ਵੇਖਣਾ ਹੋਵੇ ਤਾਂ ਇਸ ਦੀ ਮਾਲ ਰੋਡ ਤੋਂ ਲੰਘਦੇ ਸਮੇਂ ਸੱਜੇ ਖਬੇ ਦੀਆਂ ਇਮਾਰਤਾਂ ਵੇਖਣਾ ਹੀ ਕਾਫੀ ਹੈ। ਕੀ ਅਸੈਂਬਲੀ ਹਾਲ ਤੇ ਮਿਉਂਸਿਪਲ ਕਾਰਪੋਰੇਸ਼ਨ ਹੈਡ ਕੁਆਰਟਰ, ਵੱਡਾ ਡਾਕਖਾਨਾ, ਸ਼ਾਦਮਾਨ ਚੌਕ, ਜੇਲ੍ਹ ਰੋਡ, ਹਾਈ ਕੋਰਟ, ਜਿਨਾਹ ਪਾਰਕ, ਸਟੇਟ ਬੈਂਕ ਆਫ ਪਾਕਿਸਤਾਨ, ਓਰੀਐਂਟਲ ਕਾਲਜ ਤੇ ਪੰਜਾਬ ਯੂਨੀਵਰਸਟੀ, ਦਿਆਲ ਸਿੰਘ ਮੈਨਸ਼ਨਜ਼, ਡਿੰਗਾ ਸਿੰਘ ਡੇਰਾ, ਸਰ ਗੰਗਾ ਰਾਮ ਮੈਨਸ਼ਨਜ਼, ਸ਼ਾਹਦੀਨ ਬਿਲਡਿੰਗ ਆਦਿ ਸਾਰੇ ਦੇ ਸਾਰੇ ਮਾਲ ਰੋਡ ਤੋਂ ਏਨੇ ਹਟਵੇਂ ਹਨ ਕਿ ਮਾਲ ਰੋਡ ਦੇ ਅੱਠ ਮਾਰਗੀ ਹੋਣ ਦਾ ਪ੍ਰਭਾਵ ਦਿੰਦੇ ਹਨ। ਭੀੜ ਭੜੱਕਾ ਨਾਂ-ਮਾਤਰ। ਮੌਜਾਂ ਹੀ ਮੌਜਾਂ। ਪੈਦਲ ਹੋਈਏ ਜਾਂ ਕਾਰ ਅਸਵਾਰ-ਖੁੱਲ੍ਹ ਖੇਡ ਦਾ ਅਹਿਸਾਸ ਰੂਹ ਨੂੰ ਨਸ਼ਿਆ ਦਿੰਦਾ ਹੈ।
ਇਕਬਾਲ ਪਾਰਕ ਵਿਚ ਮੀਨਾਰ-ਏ-ਪਾਕਿਸਤਾਨ ਉਸੇ ਥਾਂ ਹੈ, ਜੋ ਮੁਗਲ ਤੇ ਖਾਲਸਾ ਰਾਜ ਸਮੇਂ ਪਰੇਡ ਗਰਾਊਂਡ ਵਜੋਂ ਵਰਤੀ ਜਾਂਦੀ ਸੀ। ਕਾਂਗਰਸ ਪਾਰਟੀ ਦਾ 1929 ਵਾਲਾ ਇਤਿਹਾਸਕ ਇਜਲਾਸ ਵੀ ਇਥੇ ਹੀ ਹੋਇਆ ਸੀ, ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਪਾਰਟੀ ਪ੍ਰਧਾਨ ਚੁਣਿਆ ਗਿਆ ਸੀ। ਇਹ ਥਾਂ ਮੁਸਲਿਮ ਲੀਗ ਦੇ 1940 ਵਾਲੇ ਤਿੰਨ ਰੋਜਾ ਇਜਲਾਸ ਲਈ ਵੀ ਜਾਣੀ ਜਾਂਦੀ ਹੈ, ਜਿਸ ਵਿਚ ਲੀਗੀਆਂ ਨੇ ਖੁਦਮੁਖਤਾਰ ਮੁਸਲਿਮ ਦੇਸ਼ ਬਣਾਉਣ ਦੀ ਮੰਗ ਉਠਾਈ ਸੀ। ਪਾਕਿਸਤਾਨ ਬਣਦਿਆਂ ਹੀ ਇਸ ਦੇ ਨੇੜਲੇ ਚੌਕ ਨੂੰ ਆਜ਼ਾਦੀ ਚੌਕ ਦਾ ਨਾਂ ਦਿੱਤਾ ਗਿਆ ਤੇ ਪਾਰਕ ਦਾ ਨਾਂ ਵੀ ਮਿੰਟੋ ਪਾਰਕ ਤੋਂ ਬਦਲ ਕੇ ਇਕਬਾਲ ਪਾਰਕ ਰੱਖ ਦਿੱਤਾ ਗਿਆ। ਅਜੋਕੇ ਪਾਕਿਸਤਾਨ ਦੀ ਖੂਬੀ ਇਹ ਹੈ ਕਿ ਇਸ ਵਿਚ ਮੁਹੰਮਦ ਅਲੀ ਜਿਨਾਹ ਤੇ ਫਾਤਿਮਾ ਜਿਨਾਹ ਦੇ ਬੁੱਤ ਤਾਂ ਹਨ ਪਰ ਇਨ੍ਹਾਂ ਦੀ ਮਹੱਤਤਾ ਪ੍ਰਸਿੱਧ ਸ਼ਾਇਰ ਮੁਹੰਮਦ ਇਕਬਾਲ ਵਾਲੀ ਹੀ ਹੈ। ਇਕਬਾਲ ਪਾਰਕ ਗਵਾਹ ਹੈ।
ਪਾਰਕ ਤੋਂ ਅਨਾਰਕਲੀ ਬਾਜ਼ਾਰ ਵੱਲ ਨੂੰ ਵਧੀਏ ਤਾਂ ਖੱਬੇ ਹੱਥ ਲਾਹੌਰ ਦਾ ਕਿਲਾ ਹੈ ਅਤੇ ਸੱਜੇ ਹੱਥ ਬਾਦਸ਼ਾਹੀ ਮਸਜਿਦ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਬੰਧਤ ਦੇਹਰਾ ਸਾਹਿਬ ਦਾ ਦਰਬਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ। ਲਾਹੌਰ ਦਾ ਕਿਲਾ ਭਾਵੇਂ ਦਿੱਲੀ ਦੇ ਲਾਲ ਕਿਲੇ ਜਿੰਨਾ ਖੁੱਲ੍ਹਾ ਡੁੱਲ੍ਹਾ ਤਾਂ ਨਹੀਂ, ਪਰ ਇਸ ਦੇ ਤਿੰਨ ਵੱਡੇ ਭਾਗ ਧਿਆਨ ਮੰਗਦੇ ਹਨ। ਹਥਿਆਰ ਗੈਲਰੀ ਵਿਚ ਇਤਿਹਾਸਕ ਜੰਗਾਂ ਵਿਚ ਵਰਤੇ ਗਏ ਹਥਿਆਰ ਹਨ ਤੇ ਮੁਗਲ ਗੈਲਰੀ ਵਿਚ ਮੁਗਲ ਬਾਦਸ਼ਾਹਾਂ ਦੀ ਇਤਿਹਾਸਕ ਤੇ ਸਭਿਆਚਾਰਕ ਪੇਸ਼ਕਾਰੀ। ਅਜਿਹੀ ਪੇਸ਼ਕਾਰੀ ਦੇ ਪੱਖ ਤੋਂ ਸਿੱਖ ਗੈਲਰੀ ਵੀ ਬਰਾਬਰ ਦਾ ਸਥਾਨ ਰਖਦੀ ਹੈ, ਪਰ ਇਸ ਵਿਚ ਵਧੇਰੇ ਕਰਕੇ ਮਹਾਰਾਜਾ ਰਣਜੀਤ ਸਿੰਘ ਕਾਲ ਦੀ ਪ੍ਰਧਾਨਗੀ ਹੈ।
ਲਾਹੌਰ ਦੇ ਕਿਲੇ ਦੀ ਉਸਾਰੀ ਬਾਦਸ਼ਾਹ ਅਕਬਰ ਵੇਲੇ ਸ਼ੁਰੂ ਹੋਈ ਸੀ, ਜੋ ਜਹਾਂਗੀਰ ਤੇ ਸ਼ਾਹਜਹਾਂ ਵੇਲੇ ਵੀ ਚਲਦੀ ਰਹੀ। ਸਿੱਖ ਗੈਲਰੀ ਵਾਲਾ ਵਿਭਾਗ ਤਾਂ ਰਣਜੀਤ ਸਿੰਘ ਦੇ ਰਾਜ ਵਿਚ ਹੀ ਕੱਢਿਆ ਤੇ ਨਿਖਾਰਿਆ ਜਾਪਦਾ ਹੈ। ਧਾਰਨਾ ਤਾਂ ਇਹ ਵੀ ਹੈ ਕਿ ਸ਼ਾਹਜਹਾਂ ਨੂੰ ਲਾਲ ਕਿਲਾ ਸਥਾਪਤ ਕਰਨ ਦਾ ਖਿਆਲ ਲਾਹੌਰ ਦੇ ਕਿਲੇ ਤੋਂ ਹੀ ਆਇਆ ਸੀ। ਖੂਬੀ ਇਹ ਕਿ 1947 ਤੋਂ ਪਿਛੋਂ ਵਾਲੀਆਂ ਪਾਕਿਸਤਾਨ ਸਰਕਾਰਾਂ ਨੇ ਸਿੱਖ ਗੈਲਰੀ ‘ਤੇ ਪਰਦਾ ਪਾਉਣ ਜਾਂ ਇਸ ਨੂੰ ਛੁਟਿਆਉਣ ਦਾ ਕੋਈ ਕਦਮ ਨਹੀਂ ਚੁੱਕਿਆ।
ਅੱਜ ਦੇ ਲਾਹੌਰ ਵਿਚ ਮਸਜਿਦਾਂ ਤੇ ਗੁਰਦੁਆਰੇ ਹੀ ਬਰੋ ਬਰਾਬਰ ਨਹੀਂ ਵਿਚਰਦੇ, ਕਿਲਾ ਗੁੱਜਰ ਸਿੰਘ, ਕ੍ਰਿਸ਼ਨ ਨਗਰ ਤੇ ਇਸਲਾਮਪੁਰਾ ਬਸਤੀਆਂ ਵੀ ਇੱਕ ਦੂਜੇ ਦੇ ਬਰਾਬਰ ਦੀ ਮਹੱਤਤਾ ਰਖਦੀਆਂ ਹਨ। ਇਸ ਬਰਾਬਰੀ ਦਾ ਇਕ ਹੋਰ ਰੂਪ ਤੱਕਣਾ ਹੋਵੇ ਤਾਂ ਲਾਹੌਰ ਦੇ ਬਾਹਰਵਾਰ ਵਾਲੇ ਦਾਤਾ ਦਰਬਾਰ ਦੀ ਸੁਣੋ। ਇਹ ਸਥਾਨ ਅਲੀ ਹੁਜਵੀਰੀ ਤੇ ਦਾਤਾ ਗੰਜ ਬਖਸ਼ ਦੀ ਸੂਫੀ ਧਾਰਨਾ ਨੂੰ ਪ੍ਰਣਾਇਆ ਹੋਇਆ ਹੈ। ਆਪਣੇ ਸਮੇਂ ਮਹਾਰਾਣੀ ਜਿੰਦਾਂ ਨੇ ਇਥੇ ਕੁਰਾਨ ਸ਼ਰੀਫ ਭੇਟ ਕੀਤਾ ਸੀ। ਡਾਂਵਾਡੋਲ ਅਵਸਥਾ ਵਿਚ ਬੇਨਜ਼ੀਰ ਭੁੱਟੋ ਨੂੰ ਵੀ ਇਥੇ ਚਾਦਰ ਚੜ੍ਹਾਉਣ ਪਿਛੋਂ ਹੀ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬਣਨ ਦਾ ਸ਼ਰਫ ਹਾਸਲ ਹੋਇਆ ਸੀ। ਇਤਿਹਾਸ ਦੇ ਪੰਨੇ ਤਾਂ ਇਹ ਵੀ ਕਹਿੰਦੇ ਹਨ ਕਿ ਸ਼ਾਹਜਹਾਂ ਦਾ ਪੁੱਤਰ ਦਾਰਾ ਸ਼ਿਕੋਹ ਤਾਂ ਦਾਤਾ ਦਰਬਾਰ ਨੂੰ ਏਨਾ ਮੰਨਦਾ ਸੀ ਕਿ ਉਸ ਨੇ ਲਾਹੌਰ ਦੇ ਕਿਲੇ ਤੋਂ ਦਾਤਾ ਦਰਬਾਰ ਤੱਕ ਸਿੱਧੀ ਸੜਕ ਬਣਵਾਉਣ ਲਈ ਕਿਲੇ ਦੇ ਮੁੱਖ ਦਵਾਰ ਨੇੜੇ ਲੋੜੀਂਦੀ ਰੇਤ ਤੇ ਬਜਰੀ ਸੁਟਵਾ ਲਈ ਸੀ, ਪਰ ਇਨ੍ਹਾਂ ਦਿਨ੍ਹਾਂ ਵਿਚ ਹੀ ਉਸ ਦਾ ਕਤਲ ਹੋ ਗਿਆ ਤੇ ਸਾਰੀ ਵਿਉਂਤ ਠੱਪੀ ਗਈ। ਔਰੰਗਜ਼ੇਬ ਦੇ ਤਖਤ ‘ਤੇ ਬੈਠਣ ਪਿਛੋਂ ਇਹ ਵਾਲੀ ਰੇਤ ਤੇ ਬਜਰੀ ਮਸਜਿਦ ਬਣਵਾਉਣ ਲਈ ਵਰਤੀ ਗਈ, ਜਿਸ ਦਾ ਨਾਂ ਬਾਦਸ਼ਾਹੀ ਮਸਜਿਦ ਰਖਿਆ ਗਿਆ।
ਲਾਹੌਰ ਦਾ ਜ਼ਿਕਰ ਅਨਾਰਕਲੀ ਬਾਜ਼ਾਰ ਦੇ ਹੋਂਦ ਵਿਚ ਆਉਣ ਦੇ ਕਿੱਸੇ ਬਿਨਾ ਅਧੂਰਾ ਹੈ। ਇੱਕ ਧਾਰਨਾ ਅਨੁਸਾਰ ਅਨਾਰਕਲੀ ਅਕਬਰ ਦੀ ਰਖੇਲ ਸੀ, ਪਰ ਜਹਾਂਗੀਰ ਉਰਫ ਸਲੀਮ ਉਤੇ ਡੋਰੇ ਪਾਉਣ ਲੱਗ ਪਈ ਸੀ। ਬਾਦਸ਼ਾਹ ਅਕਬਰ ਨੇ ਉਸ ਨੂੰ ਕਤਲ ਕਰਵਾ ਦਿੱਤਾ ਸੀ। ਉਸ ਦੇ ਕਤਲ ਪਿੱਛੋਂ ਉਸ ਦੀ ਕਬਰ ਦੇ ਨੇੜੇ ਬਾਜ਼ਾਰ ਹੋਂਦ ਵਿਚ ਆ ਗਿਆ। ਜਹਾਂਗੀਰ ਨੇ ਤਖਤ ‘ਤੇ ਬੈਠਦਿਆਂ ਸਾਰ ਉਸ ਦੀ ਕਬਰ ਵਾਲੇ ਸਥਾਨ ਨੂੰ ਮਕਬਰੇ ਦਾ ਰੂਪ ਦੇ ਦਿੱਤਾ। ਇਹ ਵੀ ਸੁਣਨ ਵਿਚ ਆਇਆ ਕਿ ਪਿਛਲੀ ਸਦੀ ਦੇ ਤੀਜੇ ਦਹਾਕੇ ਸਮੇਂ ਇਸ ਬਾਜ਼ਾਰ ਵਿਚ ਇਕ ਟੀ-ਹਾਊਸ ਵੀ ਸਥਾਪਤ ਹੋਇਆ, ਜਿਥੇ ਫੈਜ਼ ਅਹਿਮਦ ਫੈਜ਼, ਰਾਜਿੰਦਰ ਸਿੰਘ ਬੇਦੀ, ਸੱਜਾਦ ਸ਼ਹੀਰ, ਕ੍ਰਿਸ਼ਨ ਚੰਦਰ, ਸਆਦਤ ਹਸਨ ਮੰਟੋ ਤੇ ਅਹਿਮਦ ਨਦੀਮ ਕਾਸਮੀ ਆਮ ਹੀ ਆਉਂਦੇ ਸਨ। ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹਨ ਕਿ ਪ੍ਰਗਤੀਵਾਦੀ ਲੇਖਕਾਂ ਦੀ ਲਹਿਰ ਦਾ ਜਨਮ ਇਸੇ ਟੀ-ਹਾਊਸ ਵਿਚ ਹੀ ਹੋਇਆ ਸੀ। ਕਨਾਟ ਪਲੇਸ ਨਵੀਂ ਦਿੱਲੀ ਵਾਲਾ ਟੀ-ਹਾਊਸ ਵੀ ਇਸੇ ਟੀ-ਹਾਊਸ ਦੀ ਨਕਲ ਕਿਹਾ ਜਾ ਸਕਦਾ ਹੈ। ਦੋਹਾਂ ਸ਼ਹਿਰਾਂ ਦੇ ਟੀ-ਹਾਊਸ ਬੰਦ ਹੋ ਕੇ ਮੁੜ ਕਾਇਮ ਹੁੰਦੇ ਰਹੇ ਹਨ। 1947 ਤੋਂ ਪਿਛੋਂ ਉਧਰ ਵਾਲੇ ਟੀ-ਹਾਊਸ ਦਾ ਨਾਂ ਪਾਕਿ ਟੀ-ਹਾਊਸ ਹੋ ਗਿਆ, ਪਰ ਦਿੱਲੀ ਵਾਲਾ ਕੇਵਲ ਟੀ-ਹਾਊਸ ਹੀ ਰਿਹਾ, ਜੋ ਹੁਣ ਬੰਦ ਹੋ ਚੁਕਾ ਹੈ।
ਜਿਥੋਂ ਤੱਕ ਅਨਾਰਕਲੀ ਦਾ ਸਬੰਧ ਹੈ, ਉਸ ਨੇ ਸਲੀਮ ਨਾਲ ਇਸ਼ਕ ਕਰਕੇ ਆਪਣੀ ਜਾਨ ਤਾਂ ਗੰਵਾ ਲਈ, ਪਰ ਬਾਜ਼ਾਰ ਦੇ ਰੂਪ ਵਿਚ ਅਮਰ ਹੋ ਗਈ। ਲਾਹੌਰ ਵਿਚ ਹੀ ਨਹੀਂ, ਦਿੱਲੀ ਵਿਚ ਵੀ ਜਿੱਥੇ ਪਾਕਿਸਤਾਨ ਤੋਂ ਉਜੜ ਕੇ ਆਏ ਸ਼ਰਨਾਰਥੀਆਂ ਨੇ ਕਰੋਲ ਬਾਗ ਵਸਾਉਣ ਸਮੇਂ ਆਪਣੇ ਬਾਜ਼ਾਰ ਨੂੰ ਅਨਾਰਕਲੀ ਬਾਜ਼ਾਰ ਕਹਿਣਾ ਸ਼ੁਰੂ ਕਰ ਦਿੱਤਾ ਸੀ।
ਸੋ, ਲਾਹੌਰ ਦਾ ਕੱਲ ਤੇ ਅੱਜ ਇਸ ਧਾਰਨਾ ‘ਤੇ ਪੂਰਾ ਉਤਰਦਾ ਹੈ, ‘ਜਿਸ ਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆਂ ਹੀ ਨਹੀਂ।’ ਪਰ ਇਥੇ ਇੱਕ ਹੋਰ ਗੱਲ ਦਾ ਜ਼ਿਕਰ ਕਰਨਾ ਵੀ ਬਣਦਾ ਹੈ, ਜਿਸ ਦਾ ਸਬੰਧ ਰਾਵੀ ਨਦੀ ਨਾਲ ਹੈ, ਨਦੀ ਦੀ ਮੌਜ ਮਸਤੀ ਨਾਲ। ਇਸ ਨੇ ਲਾਹੌਰ ਨੂੰ ਵਾਰ ਵਾਰ ਆਪਣਾ ਨਿਸ਼ਾਨਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਲਾਹੌਰ ਦੀ ਤਵਾਰੀਖ ਦੇ ਜਾਣੂ ਜਾਣਦੇ ਹਨ ਕਿ ਰਾਵੀ ਨਦੀ ਨੇ ਇਸ ਨੂੰ ਉਜਾੜਨ ਤੇ ਮੁੜ ਵੱਸਣ ਵਿਚ ਕੋਈ ਕਸਰ ਨਹੀਂ ਛੱਡੀ। ਲਾਹੌਰ ਦੀ ਸ਼ਕਤੀ ਤੇ ਖੂਬਸੂਰਤੀ ਦਾ ਕਾਰਨ ਵੀ ਇਸ ਦਾ ਵਾਰ ਵਾਰ ਵੱਸਣਾ ਹੈ।
ਅੱਜ ਦੇ ਦਿਨ ਲਾਹੌਰ ਪਾਕਿਸਤਾਨ ਦੇ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ ਨਾਲੋਂ ਕਿਤੇ ਵੱਧ ਮਹੱਤਵ ਰਖਦਾ ਹੈ।
ਰੌਲਟ ਐਕਟ : ਕੁੱਝ ਪ੍ਰਤੀਕਰਮ
ਸਾਕਾ ਜਲ੍ਹਿਆਂ ਵਾਲਾ ਬਾਗ ਦੇ ਸੌ ਸਾਲਾ ਸਮਾਗਮਾਂ ਨੇ ਗੋਰੀ ਸਰਕਾਰ ਦੇ ਘਾਤਕ ਦਿਨਾਂ ਦੀ ਯਾਦ ਦਿਵਾ ਦਿੱਤੀ ਹੈ। ਇਸ ਖੂਨੀ ਸਾਕੇ ਨੂੰ ਜਨਮ ਦੇਣ ਵਾਲਾ ਰੌਲਟ ਐਕਟ ਸੀ, ਜੋ 1919 ਦੇ ਸ਼ੁਰੂ ਵਿਚ ਇੰਡੀਅਨ ਕ੍ਰਿਮੀਨਲ ਲਾਅ ਵਿਚ ਸੋਧਾਂ ਕਰਕੇ ਪਾਸ ਕੀਤਾ ਗਿਆ ਸੀ। ਮਹਾਤਮਾ ਗਾਂਧੀ ਦੇ ਸ਼ਬਦਾਂ ਵਿਚ ਇਹ ਸੋਧਾਂ ਆਜ਼ਾਦੀ ਤੇ ਇਨਸਾਫ ਦੇ ਅਸੂਲਾਂ ਨੂੰ ਛਿੱਕੇ ਟੰਗ ਕੇ ਜਨਤਾ ਦੇ ਸ਼ਹਿਰੀ ਹੱਕਾਂ ਉਪਰ ਛਾਪਾ ਸਨ। ਗਾਂਧੀ ਜੀ ਨੇ ਇਸ ਐਕਟ ਨੂੰ ਸਾਂਤਮਈ ਢੰਗ ਨਾਲ ਨਜਿੱਠਣ ਦਾ ਪ੍ਰਣ ਲਿਆ। ਨਤੀਜੇ ਵਜੋਂ 6 ਅਪਰੈਲ ਨੂੰ ਇਸ ਐਕਟ ਦੇ ਵਿਰੋਧ ਵਿਚ ਉਸ ਵੇਲੇ ਦੇ ਸਮੁੱਚੇ ਪੰਜਾਬ ਨੇ ਸ਼ਾਂਤਮਈ ਹੜਤਾਲ ਕੀਤੀ, ਜੋ ਅੱਜ ਤੱਕ ਲਾਮਿਸਾਲ ਮੰਨੀ ਜਾਂਦੀ ਹੈ। ਉਸੇ ਸ਼ਾਮ ਲਾਹੌਰ ਵਿਖੇ ਬਦਰਉਲ ਇਸਲਾਮ ਅਲੀ ਖਾਂ ਦੀ ਪ੍ਰਧਾਨਗੀ ਹੇਠ ਇਕ ਵੱਡੇ ਇਕੱਠ ਨੇ ਇਸ ਐਕਟ ਨੂੰ ਵਾਪਸ ਲੈਣ ਦੀ ਮੰਗ ਉਠਾਈ।
ਉਸ ਵੇਲੇ ਦੇ ਹਿੰਦੁਸਤਾਨ ਵਿਚ ਅਜਿਹੀ ਮੰਗ ਉਠਾਉਣ ਵਾਲਿਆਂ ਵਿਚ ਲਾਲਾ ਕਾਂਸ਼ੀ ਰਾਮ, ਮੌਲਵੀ ਅਬਦੁਲ ਰਹਿਮਾਨ, ਪਰਸ ਰਾਮ, ਡਾ. ਸੈਫੂਦੀਨ ਕਿਚਲੂ, ਡਾ. ਸਤਿਆਪਾਲ, ਨਾਨਕ ਸਿੰਘ ਨਾਵਲਕਾਰ ਤੇ ਗੋਕਲ ਚੰਦ ਨਾਰੰਗ ਦੀ ਸ਼ਿਰਕਤ ਦਸਦੀ ਹੈ ਕਿ ਸਬੰਧਤ ਐਕਟ ਵਿਰੁਧ ਹਿੰਦੂ-ਮੁਸਲਿਮ ਸਾਂਝ ਦੀਆਂ ਤੰਦਾਂ ਕਿੰਨੀਆਂ ਪੀਡੀਆਂ ਸਨ। ਇਥੋਂ ਤੱਕ ਕਿ 9 ਅਪਰੈਲ 1919 ਨੂੰ ਕੱਢੇ ਗਏ ਰਾਮ ਨੌਮੀ ਦੇ ਜਲੂਸ ਦੀ ਅਗਵਾਈ ਡਾ. ਹਾਫਿਜ਼ ਮੁਹੰਮਦ ਬਸ਼ੀਰ ਨੇ ਘੋੜੇ ਉਤੇ ਸਵਾਰ ਹੋ ਕੇ ਕੀਤੀ। ਓਧਰ ਜਲੂਸ ਦੇ ਅੰਤ ਵਿਚ ਨੌਜਵਾਨਾਂ ਦੀ ਉਸ ਟੁਕੜੀ ਨੂੰ ਵੇਖ ਕੇ, ਜਿਸ ਨੇ ਤੁਰਕ ਫੌਜ ਵਰਗੇ ਵਸਤਰ ਪਹਿਨੇ ਹੋਏ ਸਨ, ਸ਼ਹਿਰ ਦੇ ਗੋਰੇ ਡਿਪਟੀ ਕਮਿਸ਼ਨਰ ਦੇ ਕਦਮ ਲੜਖੜਾ ਗਏ। ਨਾਅਰਾ ਇਹ ਕਿ ਹਥਕੜੀਆਂ ਤੇ ਬੇੜੀਆਂ ਨੂੰ ਗਹਿਣੇ ਸਮਝੋ ਤੇ ਜੇਲ੍ਹਾਂ ਨੂੰ ਮੰਦਿਰ ਤੇ ਮਸਜਿਦਾਂ।
ਇਸ ਧਾਰਮਿਕ ਜਲੂਸ ਨੂੰ ਰੋਹ ਦੀ ਰੰਗਤ ਦੇਣ ਵਾਲੀ ਡਾ. ਸਤਿਆਪਾਲ ਤੇ ਕਿਚਲੂ ਦੀ ਗ੍ਰਿਫਤਾਰੀ ਸੀ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਆਪਣੇ ਘਰ ਬੁਲਾ ਕੇ ਗ੍ਰਿਫਤਾਰ ਹੀ ਨਹੀਂ ਕਰਵਾਇਆ ਸਗੋਂ ਦੋਹਾਂ ਨੂੰ ਧਰਮਸ਼ਾਲਾ ਦੇ ਪਹਾੜੀ ਖੇਤਰ ਵਿਚ ਭਿਜਵਾ ਦਿੱਤਾ। ਐਕਟ ਦੀ ਧਾਰਨਾ ਏਨੀ ਅਣਮਨੁੱਖੀ ਸੀ ਕਿ ਇਕ ਜਾਗਦੀ ਜ਼ਮੀਰ ਵਾਲੇ ਬੈਂਜਮਿਨ ਹਾਰਨੀਮਨ ਨਾਮੀ ਅੰਗਰੇਜ਼ ਪੱਤਰਕਾਰ ਨੇ ਇਸ ਨੂੰ ਬੰਬਈ ਕਾਰਨੀਕਲ ਤੇ ਹੋਰ ਅਖਬਾਰਾਂ ਵਿਚ ਖੂਬ ਉਛਾਲਿਆ। ਹੋਰ ਤਾਂ ਹੋਰ ਜਦੋਂ 2017 ਵਿਚ ਸਰ ਸਿਡਨੀ ਰੌਲਟ ਦਾ ਪੋਤਰਾ ਜਸਟਿਨ ਰੌਲਟ, ਸਾਊਥ ਏਸ਼ੀਆ ਦਾ ਬੀ. ਬੀ. ਸੀ. ਪ੍ਰਤੀਨਿਧ ਹੁੰਦਿਆਂ, ਦਿੱਲੀ ਤੋਂ ਜਲਿਆਂਵਾਲਾ ਬੋਰਡ ਦੇ ਚੇਅਰਮੈਨ ਸੁਕੁਮਾਰ ਮੁਖਰਜੀ ਨੂੰ ਮਿਲਿਆ ਤਾਂ ਉਸ ਦੇ ਦੱਸਣ ਅਨੁਸਾਰ, ਉਸ ਦੀਆਂ ਅੱਖਾਂ ਨਮ ਸਨ। ‘ਮੇਰੇ ਹੰਝੂਆਂ ਦਾ ਕਾਰਨ ਵਿਸ਼ੇਸ਼ ਹੈ, ਹੋਰਨਾਂ ਤੋਂ ਵੱਖਰਾ’, ਉਸ ਦੇ ਬੋਲ ਸਨ।
ਜਸਟਿਨ ਰੌਲਟ ਦਾ ਪਛਤਾਵਾ ਬੜਾ ਮਹੱਤਵ ਰਖਦਾ ਹੈ। ਹੈ ਹੀ ਵੱਖਰਾ ਤੇ ਵਿਸ਼ੇਸ਼।
550ਵੇਂ ਵਰ੍ਹੇ ਦੇ ਪਿਛੋਕੜ ਵਿਚ ਵਿਸਾਖੀ
ਮੇਰੀ ਕਰਤਾਰਪੁਰ ਤੇ ਨਨਕਾਣਾ ਸਾਹਿਬ ਦੀ ਫੇਰੀ ਨੇ ਮੈਨੂੰ ਬਾਬੇ ਨਾਨਕ ਦੀ ਵਿਸਾਖੀ ਦੀ ਕਲਪਨਾ ਕਰਨ ਲਾ ਦਿੱਤਾ ਹੈ, ਖਾਸ ਕਰਕੇ ਕਰਤਾਰਪੁਰ ਖੇਤਰ ਦੀਆਂ ਫਸਲਾਂ ਨੇ। ਉਦੋਂ ਵੀ ਵਿਸਾਖ ਵਿਚ ਫਸਲਾਂ ਪੱਕਣ ਉਤੇ ਵਾਹੀ ਖੇਤੀ ਨਾਲ ਜੁੜੇ ਲੋਕ ਖੁਸ਼ੀ ਮਨਾਉਂਦੇ ਹੋਣਗੇ। ਜਿਸ ਕਰਾਮਾਤੀ ਸ਼ਖਸੀਅਤ ਦੇ ਖੱਬੇ ਸੱਜੇ ਬਾਲਾ ਸੰਧੂ ਤੇ ਮਰਦਾਨਾ ਰਬਾਬੀ ਸੀ, ਉਸ ਦਾ ਵਜਦ ਵਿਚ ਆ ਜਾਣਾ ਕੁਦਰਤੀ ਹੋਵੇਗਾ। ਉਹ ਅੱਜ ਦੇ ਮੇਲਿਆਂ ਵਰਗੇ ਡਾਂਗ ਸੋਟੇ ਦੀ ਵਰਤੋਂ ਕਰਕੇ ਤਰਥੱਲੀ ਮਚਾਉਣ ਦੀ ਥਾਂ ਸ਼ਾਂਤ ਅਵਸਥਾ ਵਿਚ ਵਿਸਮਾਦੀ ਗਾਇਨ ਦੀ ਮਹਿਫਿਲ ਤਾਂ ਹਰ ਹਾਲਤ ਵਿਚ ਲਾਉਂਦੇ ਹੋਣਗੇ। ਇਤਿਹਾਸ ਗਵਾਹ ਹੈ ਕਿ ਕਰਤਾਰਪੁਰ ਸਾਹਿਬ ਵਿਖੇ ਗੁਰੂ ਸਾਹਿਬ ਵਲੋਂ ਕੀਤੀ ਵਾਹੀ ਖੇਤੀ ਦੇ ਦਿਨ ਵਿਚ ਵੀ ਬਾਲਾ ਤੇ ਮਰਦਾਨਾ ਦਾ ਸਾਥ ਉਨ੍ਹਾਂ ਨੂੰ ਪ੍ਰਾਪਤ ਸੀ।
ਨਿਸ਼ਚੇ ਹੀ ਬਾਬੇ ਨਾਨਕ ਦੀ ਵਿਸਾਖੀ ਕੀਰਤਨ ਮਈ ਹੋਵੇਗੀ। ਭਾਈ ਮਰਦਾਨੇ ਦਾ ਅਕਾਲ ਚਲਾਣਾ ਗੁਰੂ ਸਾਹਿਬ ਦੇ ਕਰਤਾਰਪੁਰ ਤੋਂ ਅਫਗਾਨਿਸਤਾਨ ਵੱਲ ਉਦਾਸੀ ਸਮੇਂ ਅਫਗਾਨਿਸਤਾਨ ਦੀ ਕੁੱਰਮ ਨਦੀ ਦੇ ਕਿਨਾਰੇ ਹੋਇਆ, ਜਿਥੇ ਗੁਰੂ ਸਾਹਿਬ ਨੇ ਖੁਦ ਹੀ ਮਰਦਾਨੇ ਨੂੰ ਦਫਨਾਇਆ। ਭਾਈ ਬਾਲਾ ਗੁਰੂ ਸਾਹਿਬ ਤੋਂ ਪੰਜ ਵਰ੍ਹੇ ਪਿਛੋਂ। ਨਿਸਚੇ ਹੀ ਭਾਈ ਮਰਦਾਨੇ ਤੋਂ ਪਿਛੋਂ ਵਾਲੀ ਵਿਸਾਖੀ ਦਾ ਰੰਗ ਪਹਿਲਾਂ ਵਾਲਾ ਨਹੀਂ ਹੋਵੇਗਾ। ਸੰਧੂ ਜੱਟਾਂ ਵਾਲਾ, ਜਿਸ ਕੁੱਲ ਵਿਚੋਂ ਭਾਈ ਬਾਲਾ ਸੀ, ਤਾਂ ਉਕਾ ਹੀ ਨਹੀਂ। ਉਂਜ ਵੀ ਸੁਰ ਸੰਗੀਤ ਬੰਦੇ ਦੇ ਸਿਰ ਚੜ੍ਹ ਕੇ ਬੋਲਦਾ ਹੈ। ਇਹੋ ਕਾਰਨ ਹੈ ਕਿ ਆਪਣੇ ਆਪ ਨੂੰ ਭਾਈ ਬਾਲਾ ਦੀ ਕੁੱਲ ਵਿਚੋਂ ਕਹਿਣ ਵਾਲਾ ਤਾਂ ਕੋਈ ਵੀ ਨਹੀਂ ਪਰ ਅੱਜ ਦੇ ਦਿਨ ਕੀਰਤਨ ਕਰਨ ਵਾਲਾ ਹਰ ਇੱਕ ਰਬਾਬੀ ਆਪਣੇ ਆਪ ਨੂੰ ਮਰਦਾਨੇ ਦੀ ਕੁੱਲ ਵਿਚੋਂ ਦਸਦਾ ਹੈ।
ਡੇਰਾ ਸਾਹਿਬ ਦੇ ਗੁਰਦੁਆਰੇ ਮੈਨੂੰ ਮਿਲਣ ਵਾਲਾ ਰਬਾਬੀ ਆਪਣੇ ਆਪ ਨੂੰ ਭਾਈ ਮਰਦਾਨਾ ਦੀ 18ਵੀਂ ਪੀੜ੍ਹੀ ਵਿਚੋਂ ਦਸਦਾ ਹੈ। ਉਸ ਦੇ ਕੋਲ ਆਪਣੇ ਨਾਂ ਦਾ ਵਿਜ਼ਟਿੰਗ ਕਾਰਡ ਵੀ ਸੀ। ਉਸ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਵਡੇਰਾ ਦੇਸ਼ ਵੰਡ ਤੋਂ ਪਹਿਲਾਂ ਗੋਇੰਦਵਾਲ (ਤਰਨਤਾਰਨ) ਦੇ ਬਾਉਲੀ ਸਾਹਿਬ ਗੁਰਦੁਆਰੇ ਵਿਚ ਕੀਰਤਨ ਕਰਦਾ ਸੀ।
ਅੰਤਿਕਾ: ਮੌਲਾ ਬਖਸ਼ ਕੁਸ਼ਤਾ
ਦੇਖੇ ਦੇਖਣ ਵਾਲਾ ਜੇ ਏਸ ਚਮਨ ਦੇ ਤਾਈਂ,
ਰੰਗ ਬਰੰਗੇ ਫੁੱਲ ਵਿਚੋਂ ਤੇਰਾ ਕਰੇ ਨਜ਼ਾਰਾ।