ਅਨਮੋਲ ਅਦਾਕਾਰ ਅਤੇ ਫਿਲਮਸਾਜ਼ ਜ਼ਹੂਰ ਰਾਜਾ

ਮਨਦੀਪ ਸਿੰਘ ਸਿੱਧੂ
ਪੰਜਾਬੀ ਫਿਲਮਾਂ ਤੋਂ ਅਦਾਕਾਰੀ ਸ਼ੁਰੂ ਕਰਨ ਵਾਲਾ ਜ਼ਹੂਰ ਰਾਜਾ ਸਿਰਫ ਅਦਾਕਾਰ ਹੀ ਨਹੀਂ ਸੀ, ਫਿਲਮੀ ਇਤਿਹਾਸ ਦਾ ਬਿਹਤਰੀਨ ਫਿਲਮਸਾਜ਼, ਕਹਾਣੀਕਾਰ ਅਤੇ ਗੁਲੂਕਾਰ ਸੀ। ਉਸ ਨੇ ਕੁੱਲ 19 ਫਿਲਮਾਂ ਵਿਚ ਕੰਮ ਕੀਤਾ, ਪਰ ਜੋ ਕੀਤਾ ਬਾਕਮਾਲ ਕੀਤਾ।

ਜ਼ਹੂਰ ਉਰਫ ਜ਼ਹੂਰ ਰਾਜਾ ਦਾ ਜਨਮ ਐਬਟਾਬਾਦ (ਹੁਣ ਪਾਕਿਸਤਾਨ) ਦੇ ਮੁਸਲਿਮ ਪੰਜਾਬੀ ਪਰਿਵਾਰ ਵਿਚ 7 ਜੁਲਾਈ 1918 ਨੂੰ ਹੋਇਆ। ਜ਼ਹੂਰ ਦੇ ਵਾਲਿਦ ਪੁਲਿਸ ਇੰਸਪੈਕਟਰ ਸਨ, ਜਿਨ੍ਹਾਂ ਕੋਲ ਪੱਚੀ ਪਿੰਡਾਂ ਦੀ ਮਾਲਕੀ ਸੀ। ਕਈ ਪੀੜ੍ਹੀਆਂ ਪਹਿਲਾਂ ਪਰਿਵਾਰ ਦੇ ਮੁਖੀ ਨੂੰ ‘ਰਾਜਾ’ ਦਾ ਖਿਤਾਬ ਮਿਲਿਆ ਸੀ। ਹੁਣ ਰਾਜਾ ਉਨ੍ਹਾਂ ਦੇ ਪਰਿਵਾਰ ਨਾਲ ਪੱਕੇ ਤੌਰ ‘ਤੇ ਮਨਸੂਬ ਹੋ ਗਿਆ, ਜਿਸ ਸਦਕਾ ਜ਼ਹੂਰ ਵੀ ਜ਼ਹੂਰ ਰਾਜਾ ਬਣ ਗਿਆ।
ਇਕ ਭਰਾ ਅਤੇ ਦੋ ਭੈਣਾਂ ਦੇ ਵੀਰ ਜ਼ਹੂਰ ਰਾਜਾ ਨੇ ਐਬਟਾਬਾਦ ਤੋਂ ਦਸਵੀਂ ਅਤੇ ਗੌਰਡਨ ਮਿਸ਼ਨ ਕਾਲਜ ਰਾਵਲਪਿੰਡੀ ਤੋਂ ਬੀ. ਏ. ਪਾਸ ਕੀਤੀ। ਉਹ ਕਾਲਜ ਦਾ ਉਮਦਾ ਖਿਡਾਰੀ ਸੀ, ਜਿਸ ਨੇ ਫੁੱਟਬਾਲ ਤੋਂ ਲੈ ਕੇ ਪਿੰਗ-ਪੌਂਗ ਤਕ ਹਰ ਖੇਡ ਖੇਡੀ। ਉਹ ਡਿਸਕਸ ਥਰੋ ਵਿਚ ਚੈਂਪੀਅਨ ਅਤੇ ਸ਼ਾਟ ਪੁੱਟ ਦਾ ਮਾਹਿਰ ਸੀ। ਉਸ ਦਾ ਖੇਡਾਂ ਤੋਂ ਇਲਾਵਾ ਅਦਾਕਾਰੀ ਨਾਲ ਵੀ ਪਿਆਰ ਸੀ। ਜਦੋਂ ਉਹ ਸਕੂਲ ਪੜ੍ਹਦਾ ਸੀ ਤਾਂ ਕਾਓ-ਬੁਆਏ ਫਿਲਮਾਂ ਦੇਖਣ ਦਾ ਬੇਹੱਦ ਸ਼ੁਕੀਨ ਸੀ, ਜਿਸ ਦਾ ਉਸ ਦੇ ਬਾਲ ਮਨ ‘ਤੇ ਅਸਰ ਪੈਣਾ ਸੁਭਾਵਿਕ ਸੀ। ਉਹ ਕਾਲਜ ਦੀ ਡਰਾਮਾ ਸੁਸਾਇਟੀ ਦਾ ਮੈਂਬਰ ਵੀ ਸੀ।
ਕਾਲਜ ਦੀ ਤਾਲੀਮ ਦੌਰਾਨ ਉਹ ਅਮੂਮਨ ਬੰਬਈ ਦੇ ਫਿਲਮ ਨਿਰਦੇਸ਼ਕਾਂ ਨੂੰ ਅਦਾਕਾਰੀ ਕਰਨ ਲਈ ਪੱਤਰ ਲਿਖਦਾ ਰਹਿੰਦਾ। ਉਧਰ ਜ਼ਹੂਰ ਦੇ ਵਾਲਿਦ ਉਸ ਨੂੰ ਭਾਰਤੀ ਫੌਜ ਵਿਚ ਲੈਫਟੀਨੈਂਟ ਬਣਨ ਲਈ ਦੇਹਰਾਦੂਨ ਭੇਜਣਾ ਚਾਹੁੰਦੇ ਸਨ ਪਰ ਉਸ ਦਾ ਮਨ ਤਾਂ ਫਿਲਮ ਫਲਕ ‘ਤੇ ਪਰਵਾਜ਼ ਭਰਨ ਲਈ ਬੇਤਾਬ ਸੀ। ਲਿਹਾਜ਼ਾ ਉਹ ਫਿਲਮਾਂ ਦੇ ਵੱਡੇ ਮਰਕਜ਼ ਬੰਬੇ ਟੁਰ ਗਿਆ। ਉਸ ਕੋਲ ਇਕ ਖਤ ਸੀ, ਜੋ ਉਸ ਨੂੰ ਏ. ਆਰ. ਕਾਰਦਾਰ ਨੇ ਭੇਜਿਆ ਸੀ। ਜਦੋਂ ਜ਼ਹੂਰ ਬੰਬੇ ਜਾ ਕੇ ਕਾਰਦਾਰ ਨੂੰ ਮਿਲਿਆ ਤਾਂ ਉਸ ਦੀ ਸਟਾਈਲਿਸ਼ ਦਿੱਖ ਦੇਖਦਿਆਂ ਉਸ ਨੂੰ ਤੁਰੰਤ ਫਿਲਮ ਲਈ ਸਾਈਨ ਕਰ ਲਿਆ।
ਕਾਰਦਾਰ ਦੇ ਤੂਫੈਲ ਜ਼ਹੂਰ ਰਾਜਾ ਨੂੰ ਸ੍ਰੀ ਰਣਜੀਤ ਮੂਵੀਟੋਨ ਬੰਬੇ ਦੀ ਪਹਿਲੀ ਪੰਜਾਬੀ ਫਿਲਮ ‘ਮਿਰਜ਼ਾ ਸਾਹਿਬਾਂ’ (1939) ਵਿਚ ਹੀਰੋ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਸੇਠ ਚੰਦੂਲਾਲ ਸ਼ਾਹ ਦੀ ਫਿਲਮਕਾਰੀ ਅਤੇ ਪੰਡਿਤ ਦੀਨਾ ਨਾਥ ਮਧੋਕ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ‘ਚ ਉਸ ਨੇ ‘ਮਿਰਜ਼ੇ’ ਅਤੇ ਹੀਰੋਇਨ ਇਲਾ ਦੇਵੀ ਨੇ ‘ਸਾਹਿਬਾਂ’ ਦਾ ਕਿਰਦਾਰ ਨਿਭਾਇਆ। ਮਨੋਹਰ ਦੀ ਮੌਸੀਕੀ ‘ਚ ਡੀ. ਐਨ. ਮਧੋਕ ਦੇ ਲਿਖੇ 12 ਗੀਤਾਂ ‘ਚੋਂ 4 ਗੀਤ ਜ਼ਹੂਰ ਰਾਜਾ ਨੇ ਗਾਏ, ਜੋ ਉਸੇ ‘ਤੇ ਫਿਲਮਾਏ ਗਏ।
12 ਮਈ 1939 ਨੂੰ ਪ੍ਰਭਾਤ ਟਾਕੀਜ਼ ਲਾਹੌਰ ਵਿਖੇ ਰਿਲੀਜ਼ ਹੋਈ ਇਹ ਫਿਲਮ ਕਾਮਯਾਬ ਰਹੀ। ਇਸ ਤੋਂ ਬਾਅਦ ਫਿਲਮਸਾਜ਼ ਵੀ. ਸ਼ਾਂਤਾਰਾਮ ਉਸ ਨੂੰ ਪੂਨੇ ਦੀ ਪ੍ਰਭਾਤ ਫਿਲਮ ਕੰਪਨੀ ਵਿਚ ਲੈ ਗਏ, ਜਿਥੇ 3 ਸਾਲ ਲਈ ਉਸ ਨੂੰ ਸਾਈਨ ਕਰ ਲਿਆ ਪਰ ਕੰਮ ਨਾ ਦਿੱਤਾ। ਪੂਨੇ 10 ਮਹੀਨੇ ਗੁਜ਼ਾਰਨ ਪਿਛੋਂ ਅਬਦੁੱਲ ਰਸ਼ੀਦ ਕਾਰਦਾਰ ਜ਼ਹੂਰ ਨੂੰ ਨੈਸ਼ਨਲ ਸਟੂਡੀਓ ਲੈ ਆਏ। ਨੈਸ਼ਨਲ ਸਟੂਡੀਓ ਬੰਬਈ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਹਿੰਦੀ ਫਿਲਮ ‘ਪੂਜਾ’ (1940) ‘ਚ ਉਸ ਨੂੰ ‘ਦਰਪਨ’ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ।
ਮਿਨਰਵਾ ਮੂਵੀਟੋਨ, ਬੰਬਈ ਦੀ ਤਾਰੀਖੀ ਫਿਲਮ ‘ਸਿਕੰਦਰ’ (1941) ‘ਚ ਉਸ ਨੇ ਰਾਜਾ ਪੋਰਸ (ਸੋਹਰਾਬ ਮੋਦੀ) ਦੇ ਛੋਟੇ ਪੁੱਤਰ ‘ਅਮਰ’ ਦਾ ਕਿਰਦਾਰ ਅਦਾ ਕੀਤਾ। ਇਸ ਦੇ ਰੂਬਰੂ ‘ਪ੍ਰਾਰਥਨਾ’ ਦਾ ਰੋਲ ਨਿਭਾਉਣ ਵਾਲੀ ਅਦਾਕਾਰਾ ਮੀਨਾ ਸ਼ੋਰੀ ਨਾਲ ਫਿਲਮ ਰਿਲੀਜ਼ ਹੋਣ ਪਿਛੋਂ ਜ਼ਹੂਰ ਰਾਜਾ ਨੇ ਵਿਆਹ ਕਰਵਾ ਲਿਆ। ਜ਼ਹੂਰ ਰਾਜਾ ਨਿਰਦੇਸ਼ਿਤ ਫਿਲਮ ‘ਬਾਦਲ’ (1942) ‘ਚ ਉਸ ਨੇ ਹੀਰੋਇਨ ਰਾਧਾ ਰਾਣੀ ਦੇ ਮੁਕਾਬਿਲ ਹੀਰੋ ਦਾ ਕਿਰਦਾਰ ਅਦਾ ਕੀਤਾ। ਧੀਰੂਭਾਈ ਬੀ. ਦੇਸਾਈ ਨਿਰਦੇਸ਼ਿਤ ਫਿਲਮ ‘ਸੇਵਾ’ (1942) ‘ਚ ਉਸ ਨੇ ਅਦਾਕਾਰਾ ਸ਼ਾਂਤਾ ਨਾਲ ਹੀਰੋ ਦਾ ਰੋਲ ਅਦਾ ਕੀਤਾ।
ਅਦਾਕਾਰ ਅਤੇ ਗੁਲੂਕਾਰ ਵਜੋਂ ਇਨ੍ਹਾਂ ਫਿਲਮਾਂ ‘ਚ ਨਾਮ ਅਤੇ ਸ਼ੋਹਰਤ ਕਮਾਉਣ ਪਿਛੋਂ ਉਸ ਨੇ ਬੰਬਈ ਦੀ ਦਾਦਰ ਰੋਡ ‘ਤੇ ਆਪਣੇ ਜ਼ਾਤੀ ਬੈਨਰ ਰਾਜਾ ਮੂਵੀਟੋਨ ਦੀ ਬੁਨਿਆਦ ਰੱਖੀ। ਆਪਣੇ ਬੈਨਰ ਹੇਠ ਆਪਣੀ ਫਿਲਮਕਾਰੀ, ਨਿਰਦੇਸ਼ਨ ਅਤੇ ਅਦਾਕਾਰੀ ਵਿਚ ਪਹਿਲੀ ਹਿੰਦੀ ਫਿਲਮ ‘ਮਜ਼ਾਕ’ (1943) ਬਣਾਈ। ਫਿਲਮ ਦੀ ਕਹਾਣੀ ਅਤੇ ਸੰਵਾਦ ਕਮਾਲ ਅਮਰੋਹੀ, ਸੰਗੀਤ ਰਫੀਕ ਗਜ਼ਨਵੀ ਅਤੇ 10 ਗੀਤ ਆਬਿਦ ਗੁਲਰੇਜ਼ ਨੇ ਲਿਖੇ ਸਨ। ਫਿਲਮ ‘ਚ 2 ਗੀਤ ਜ਼ਹੂਰ ਰਾਜਾ ਨੇ ਗਾਏ। ਜਨਵਰੀ ‘ਚ ਕਾਰਵਾਂ ਪਿਕਚਰਜ਼, ਬੰਬਈ ਨੇ ਕ੍ਰਿਸ਼ਨ ਦੇਵ ਮਹਿਰਾ ਦੇ ਨਿਰਦੇਸ਼ਨ ਅਤੇ ਸਈਅਦ ਅਤਾਉਲਾ ਹਾਸ਼ਮੀ ਦੀ ਫਿਲਮਸਾਜ਼ੀ ਵਿਚ ਫਿਲਮ ‘ਭਾਈ’ (1944) ਸ਼ੁਰੂ ਕੀਤੀ। ਇਸ ਦੇ ਸੰਵਾਦ ਅਤੇ ਗੀਤ ਖਾਨ ਸ਼ਾਤਿਰ ਗਜ਼ਨਵੀ ਅਤੇ 6 ਗੀਤ ਭਾਈ ਗੁਲਾਮ ਹੈਦਰ ਅੰਮ੍ਰਿਤਸਰੀ ਤੇ 2 ਗੀਤ ਸ਼ਿਆਮ ਸੁੰਦਰ ਨੇ ਲਿਖੇ ਸਨ। ਫਿਲਮ ‘ਚ ਅਦਾਕਾਰਾ ਮਨੋਰਮਾ ਤੇ ਸਤੀਸ਼ ਛਾਬੜਾ ਅਤੇ ਦੂਜੇ ਹੀਰੋ-ਹੀਰੋਇਨ ਵਜੋਂ ਜ਼ਹੂਰ ਰਾਜਾ ਤੇ ਰਾਧਾ ਰਾਣੀ ਮੌਜੂਦ ਸਨ।
ਆਪਣੇ ਨਿਰਦੇਸ਼ਨ ਅਤੇ ਅਦਾਕਾਰੀ ਵਿਚ ਉਸ ਨੇ ਦੂਜੀ ਹਿੰਦੀ ਫਿਲਮ ‘ਓ ਪੰਛੀ’ (1944) ਬਣਾਈ। ਫਿਲਮ ‘ਚ ਉਸ ਦੇ ਸਨਮੁੱਖ ਹੀਰੋਇਨ ਦਾ ਕਿਰਦਾਰ ਰਾਧਾ ਰਾਣੀ ਨੇ ਅਦਾ ਕੀਤਾ। 11 ਗੀਤਾਂ ਵਾਲੀ ਇਸ ਫਿਲਮ ਦੇ ਮੌਸੀਕਾਰ ਬੀ. ਏ. ਬਲਸਾਰਾ ਅਤੇ ਕਹਾਣੀਕਾਰ ਆਬਿਦ ਗੁਲਰੇਜ਼ ਸਨ। ਉਸ ਦੀ ਆਪਣੇ ਬੈਨਰ ਦੀ ਤੀਜੀ ਫਿਲਮ ‘ਗਜ਼ਲ’ (1945) ਸੀ। ਇਸ ਦੇ ਨਿਰਦੇਸ਼ਕ ਅਤੇ ਅਦਾਕਾਰ ਜ਼ਹੂਰ ਰਾਜਾ ਖੁਦ ਸਨ, ਜਦੋਂ ਕਿ ਹੀਰੋਇਨ ਇਕ ਵਾਰ ਫਿਰ ਰਾਧਾ ਰਾਣੀ ਸੀ। ਫਿਲਮ ਦਾ ਮੰਜ਼ਰਨਾਮਾ, ਸੰਵਾਦ ਆਗਾ ਜਾਨੀ ਕਸ਼ਮੀਰੀ, ਸੰਗੀਤ ਗਿਆਨ ਦੱਤ ਅਤੇ ਗੀਤ ਡੀ. ਐਨ. ਮਧੋਕ, ਸ਼ਾਂਤ ਅਰੋੜਾ, ਖਾਬਰ ਜ਼ਮਾਂ ਤੇ ਆਬਿਦ ਗੁਲਰੇਜ਼ ਨੇ ਤਿਆਰ ਕੀਤੇ। ਫਿਲਮ ਦੇ 8 ਗੀਤਾਂ ਵਿਚੋਂ 2 ਗੀਤਾਂ ਦਾ ਹਾਵਾਲਾ ਮਿਲਿਆ ਹੈ। ਪਹਿਲਾ ਜ਼ਹੂਰ ਰਾਜਾ ਦਾ ਗਾਇਆ ‘ਹੋਗਾ ਕੋਈ ਆਰਾਮ ਸੇ ਹਮਨੇ ਤੋ ਯੇ ਜਾਨਾ’ ਅਤੇ ਦੂਜਾ ਨਸੀਮ ਅਖਤਰ ਦੀ ਆਵਾਜ਼ ‘ਚ ਗਜ਼ਲ ‘ਯੇ ਰੰਜ ਜੁਦਾਈ ਕੇ ਉਠਾਏ ਨਹੀਂ ਜਾਤੇ’ ਹੈ।
ਬਤੌਰ ਨਿਰਦੇਸ਼ਕ ਅਤੇ ਅਦਾਕਾਰ ਜ਼ਹੂਰ ਰਾਜਾ ਦੇ ਆਪਣੇ ਬੈਨਰ ਦੀ ਚੌਥੀ ਤੇ ਆਖਰੀ ਹਿੰਦੀ ਫਿਲਮ ‘ਧੜਕਨ’ (1946) ਸੀ। ਹੀਰੋਇਨ ਦਾ ਕਿਰਦਾਰ ਜਯੋਤੀ ਨੇ ਨਿਭਾਇਆ। ਸੰਗੀਤ ਜੀ. ਐਮ. ਦੁਰਾਨੀ, ਗੀਤ ਤਨਵੀਰ ਨਕਵੀ ਤੇ ਜ਼ਹੂਰ ਰਾਜਾ, ਕਹਾਣੀ ਅਤੇ ਸੰਵਾਦ ਅਨਵਰ ਬਟਾਲਵੀ ਨੇ ਲਿਖੇ ਸਨ। ਜ਼ਹੂਰ ਰਾਜਾ ਦਾ ਲਿਖਿਆ ਤੇ ਉਸ ‘ਤੇ ਫਿਲਮਾਇਆ ਗੀਤ ‘ਹਮ ਮਸਤ ਹਵਾ ਕੇ ਝੋਂਕੋਂ ਸੇ ਲਹਿਰਾਤੇ ਹੈਂ’ (ਜੀ. ਐਮ. ਦੁਰਾਨੀ) ਵੀ ਬੜਾ ਮਕਬੂਲ ਹੋਇਆ। ਹਿੰਦੋਸਤਾਨ ਵਿਚ ਉਸ ਦੀ ਆਖਰੀ ਫਿਲਮ ‘ਅਨਮੋਲ ਘੜੀ’ (1946) ਸੀ। ਨੌਸ਼ਾਦ ਅਲੀ ਦੇ ਸੰਗੀਤ ‘ਚ ਨੂਰਜਹਾਂ ਅਤੇ ਸੁਰੇਂਦਰ ਨਾਥ ਦਾ ਗਾਇਆ ‘ਆਵਾਜ਼ ਦੇ ਕਹਾਂ ਹੈ, ਦੁਨੀਆਂ ਮੇਰੀ ਜਵਾਂ ਹੈ’ ਲਾਸਾਨੀ ਗੀਤ ਹੈ। ਫਿਲਮ ‘ਜਾਦੂ’ (1951) ਦੇ ਸੰਵਾਦ ਜ਼ਹੂਰ ਰਾਜਾ ਤੇ ਬੈਨਰਜੀ ਨੇ ਲਿਖੇ ਸਨ।
1947 ਵਿਚ ਹੋਈ ਦੇਸ਼ ਵੰਡ ਤੋਂ ਬਾਅਦ ਉਹ 1950 ਵਿਚ ਲਾਹੌਰ ਟੁਰ ਗਿਆ। ਲਾਹੌਰ ਵਿਚ ਨੈਸ਼ਨਲ ਸੁਪਰ ਆਰਟਸ ਦੇ ਬੈਨਰ ਹੇਠ ਪੰਚੋਲੀ ਸਟੂਡੀਓ ‘ਚ ਬਣੀ ਪਹਿਲੀ ਉਰਦੂ ਫਿਲਮ ‘ਜਹਾਦ’ (1950) ਸੀ, ਜਿਸ ਦਾ ਉਹ ਨਿਰਦੇਸ਼ਕ, ਅਦਾਕਾਰ, ਗੀਤਕਾਰ ਅਤੇ ਗੁਲੂਕਾਰ ਵੀ ਸੀ। ਉਰਦੂ ਫਿਲਮ ‘ਗੁਮਰਾਹ’ (1959) ‘ਚ ਉਸ ਨੇ ਨਾਗਰਾਜ ‘ਨਰੀਮਾਨ’ ਦਾ ਰੋਲ ਨਿਭਾਇਆ। ਫਿਲਮ ‘ਗੁਲਫਰੋਸ਼’ (1961) ‘ਚ ਉਸ ਨੇ ਅਦਾਕਾਰੀ ਦੇ ਨਾਲ ਨਾਲ ਫਿਲਮ ਦੀ ਕਹਾਣੀ, ਮੰਜ਼ਰਨਾਮਾ, ਮੁਕਾਲਮੇ ਤੇ ਗੀਤ ਲਿਖੇ, ਪਰ ਇਹ ਫਿਲਮ ਫਲਾਪ ਹੋ ਗਈ। ਉਸ ਦੀ ਫਿਲਮ ‘ਗਾਜ਼ੀ ਬਿਨ ਆਬਾਸ’ (1961) ਵੀ ਨਾਕਾਮ ਸਾਬਤ ਹੋਈ।
ਇਸ ਪਿਛੋਂ ਉਹ ਆਲ੍ਹਾ ਦਰਜੇ ਦੀਆਂ ਫਿਲਮਾਂ ਬਣਾਉਣ ਅਤੇ ਨਵੀਂ ਤਕਨੀਕ ਸਿੱਖਣ ਦੇ ਮਕਸਦ ਨਾਲ ਇੰਗਲੈਂਡ ਚਲਾ ਗਿਆ, ਜਿਥੇ ਉਹ ਆਪਣੇ ਕਾਰੋਬਾਰ ਵਿਚ ਅਜਿਹਾ ਮਸਰੂਫ ਹੋਇਆ ਕਿ ਫਿਲਮਾਂ ਯਾਦਾਂ ਵਿਚ ਸਿਮਟ ਗਈਆਂ। ਭਾਰਤ-ਪਾਕਿਸਤਾਨ ਦੀਆਂ ਫਿਲਮਾਂ ਦਾ ਇਹ ਸਿਤਾਰਾ ਇੰਗਲੈਂਡ ਦੇ ਰਾਮਸਗੇਟ ਕੇਂਟ ਵਿਚ 1992 ਵਿਚ 74 ਸਾਲਾਂ ਦੀ ਉਮਰ ‘ਚ ਵਫਾਤ ਪਾ ਗਿਆ।