ਸਦਾ ਵਸੋਆ

ਅਵਤਾਰ ਸਿੰਘ (ਪ੍ਰੋ)
ਫੋਨ: 91-94175-18384
ਵਸੋਆ ਵੈਸਾਖੀ ਨੂੰ ਹੀ ਕਹਿੰਦੇ ਹਨ। ਅਸੀਂ ਵੈਸਾਖੀ ਬੜੇ ਚਾਅ ਨਾਲ ਮਨਾਉਂਦੇ ਹਾਂ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਵੈਸਾਖੀ ਸ਼ਬਦ ਦਾ ਅਰਥ ਕੀ ਹੈ। ਪਾਠਕ ਹੈਰਾਨ ਹੋਣਗੇ ਕਿ ਵੈਸਾਖੀ ਸ਼ਬਦ ਦਾ ਅਰਥ ਹੈ, ਮਧਾਣੀ। ਸਾਰੇ ਸੋਚਾਂ ‘ਚ ਗੁਆਚ ਜਾਣਗੇ ਕਿ ਵੈਸਾਖੀ ਦਾ ਮਧਾਣੀ ਨਾਲ ਕੀ ਸਬੰਧ ਹੋਇਆ ਭਲਾ! ਇਹ ਵਿਸ਼ਾ ਬੜਾ ਹੀ ਦਿਲਚਸਪ ਅਤੇ ਗਿਆਨਵਰਧਕ ਹੈ। ਆਉ, ਜਾਣੀਏ ਵੈਸਾਖੀ ਕਿਆ ਹੈ!

ਚੰਦਰਮਾ ਦੇ ਆਕਾਸ਼ੀ ਪੰਧ ਨੂੰ ਅਠਾਈ ਉਣੱਤੀ ਹਿੱਸਿਆਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਨੂੰ ਨਕਸ਼ਤਰ ਜਾਂ ਨਸ਼ੱਤਰ ਕਹਿੰਦੇ ਹਨ। ਇਸ ਨੂੰ ਨਕਸ਼ ਵੀ ਕਹਿ ਲਈਦਾ ਹੈ।
ਆਕਾਸ਼ੀ ਖਲਾਅ ਕਈ ਤਰ੍ਹਾਂ ਦੇ ਨਕਸ਼ ਅਰਥਾਤ ਸ਼ਕਲਾਂ ਇਖਤਿਆਰ ਕਰ ਲੈਂਦੇ ਹਨ, ਜਿਸ ਤੋਂ ਉਨ੍ਹਾਂ ਨਸ਼ੱਤਰਾਂ ਦੇ ਨਾਂ ਰੱਖ ਲਏ ਗਏ ਹਨ। ਇਸੇ ਤਰ੍ਹਾਂ ਸੂਰਜ ਦੀਆਂ ਬਾਰਾਂ ਰਾਸ਼ੀਆਂ ਹਨ; ਇਨ੍ਹਾਂ ਦੇ ਨਾਂ ਵੀ ਇਸੇ ਤਰ੍ਹਾਂ ਧਰੇ ਹੋਏ ਹਨ।
ਜਿਸ ਨੂੰ ਅਸੀਂ ਕੈਲੰਡਰ ਕਹਿੰਦੇ ਹਾਂ, ਅਸਲ ਵਿਚ ਉਹ ਸਮੇਂ ਨੂੰ ਨਾਪਣ ਜਾਂ ਮਾਪਣ ਵਾਲਾ ਨਿਯਮ ਹੈ। ਸਾਡੇ ਪੂਰਵਜਾਂ ਨੇ ਸਮੇਂ ਨੂੰ ਨਾਪਣ ਵਾਲਾ ਨਿਯਮ ਸੂਰਜ ਅਤੇ ਚੰਦਰਮਾ ਨੂੰ ਮੇਲ ਕੇ ਬਣਾਇਆ ਹੈ। ਬਾਣੀ ਵਿਚ ਅਨੇਕ ਥਾਂਵਾਂ ‘ਤੇ ਆਇਆ ਹੈ, “ਸਸੀਅਰ ਕੈ ਘਰਿ ਸੂਰੁ ਸਮਾਵੈ॥”
ਹੋਰ ਦੇਖੋ, “ਪਸਰੀ ਕਿਰਣਿ ਰਸ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ॥” ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਦੇ ਪਸਾਰੇ ਨਾਲ ਕੰਵਲ ਫੁੱਲ ਖਿੜ ਗਏ ਹਨ, ਉਵੇਂ ਹੀ ਮੇਰਾ ਸ਼ਾਂਤ ਚਿੱਤ ਮਸਤਕ ਦੇ ਪ੍ਰਕਾਸ਼ ਨਾਲ ਬਿਗਸ ਗਿਆ ਹੈ। ਭਾਰਤੀ ਪਰੰਪਰਾ ਵਿਚ ਚੰਦਰਮਾ ਮਨ ਦਾ ਪ੍ਰਤੀਕ ਹੈ ਤੇ ਸੂਰਜ ਮਸਤਕ ਦਾ। ਸਾਡੀ ਪਰੰਪਰਾ ਵਿਚ ਮਨ ਅਤੇ ਮਸਤਕ ਦਾ ਮਿਲਾਪ ਹੈ।
ਸੂਰਜ ਅੱਗ ਦਾ ਗੋਲਾ ਹੈ, ਜਿਸ ਦੀ ਧੁੱਪ ਤਿਖੇਰੀ ਤੇ ਸਾੜਨ ਵਾਲੀ ਹੁੰਦੀ ਹੈ। ਇਸ ਦੇ ਵਿਪਰੀਤ ਚੰਦਰਮਾ ਮਿੱਟੀ ਹੈ, ਪਰ ਸੂਰਜ ਦੀ ਰੋਸ਼ਨੀ ਜਦ ਚੰਦਰਮਾ ਨਾਲ ਟਕਰਾ ਕੇ, ਧਰਤੀ ਵੱਲ ਮੁੜਦੀ ਹੈ ਤਾਂ ਉਹ ਚਾਨਣੀ ਹੁੰਦੀ ਹੈ, ਜਿਸ ਦੀ ਤਾਸੀਰ ਸੀਤਲ ਹੁੰਦੀ ਹੈ। ‘ਸਸਿ ਘਰਿ ਸੂਰੁ ਸਮਾਇਆ’ ਦਾ ਏਹੋ ਭਾਵ ਹੈ। ਇਵੇਂ ਹੀ ਮਸਤਕ ਦਾ ਗਿਆਨ ਜਦ ਹਿਰਦੇ ‘ਚੋਂ ਲੰਘਦਾ ਹੈ ਤਾਂ ਉਸ ਦੀ ਪ੍ਰਕਿਰਤੀ ਨਿਰਮਲ ਅਤੇ ਸੀਤਲ ਹੋ ਜਾਂਦੀ ਹੈ।
ਇਸੇ ਪਰੰਪਰਾ ਅਨੁਸਾਰ ਭਾਰਤੀ ਕੈਲੰਡਰ ਵਿਚ ਵੀ ਸੂਰਜ ਅਤੇ ਚੰਦਰਮਾ ਦਾ ਮਿਲਾਪ ਕਰਵਾਇਆ ਗਿਆ ਹੈ। ਸੂਰਜ ਦੀ ਜਿਸ ਰਾਸ਼ੀ ਦੌਰਾਨ ਆਉਣ ਵਾਲੀ ਪੂਰਨਮਾਸ਼ੀ ਨੂੰ, ਚੰਦਰਮਾ ਜਿਸ ਨਕਸ਼ੱਤਰ ਵਿਚ ਹੁੰਦਾ ਹੈ, ਉਸ ਮਹੀਨੇ ਦਾ ਨਾਂ ਵੀ ਉਸੇ ਨਕਸ਼ੱਤਰ ਵਾਲਾ ਹੁੰਦਾ ਹੈ। ਇਸ ਮਹੀਨੇ ਦੀ ਪੂਰਨਮਾਸ਼ੀ ਨੂੰ ਚੰਦਰਮਾ ਵੈਸਾਖ ਨਕਸ਼ੱਤਰ ਵਿਚ ਹੁੰਦਾ ਹੈ, ਇਸ ਲਈ ਇਸ ਮਹੀਨੇ ਦਾ ਨਾਂ ਵੈਸਾਖ ਹੈ।
ਵੈਸਾਖ ਦਾ ਅਰਥ ਹੈ, ਮਧਾਣੀ, ਜਿਸ ਤੋਂ ਸਾਡੇ ਮਨ ਵਿਚ ਰਿੜਕਣ ਦਾ ਦ੍ਰਿਸ਼ ਸਾਕਾਰ ਹੁੰਦਾ ਹੈ। ਰਿੜਕਣ ਨਾਲ ਕਿਸੇ ਵੀ ਸ਼ੈ ਦਾ ਤੱਤ ਸਾਰ ਜਾਂ ਤਸੱਵਰ ਸਾਡੇ ਸਨਮੁਖ ਹੋ ਜਾਂਦਾ ਹੈ। ਕਿਸੇ ਵੇਲੇ ਦੇਵਤਿਆਂ ਤੇ ਰਾਕਸ਼ਾਂ ਨੇ ਮਿਲ ਕੇ ਖੀਰ ਸਾਗਰ ਨੂੰ ਰਿੜਕ ਲਿਆ ਸੀ, ਜਿਸ ਵਿਚੋਂ ਚੌਦਾਂ ਰਤਨ ਨਿਕਲੇ ਸਨ, ਜਿਨ੍ਹਾਂ ਵਿਚ ਸ਼ਿਰੋਮਣੀ ਰਤਨ ਅੰਮ੍ਰਿਤ ਸੀ।
ਵੈਸਾਖੀ ਜਾਂ ਵਸੋਆ ਰਿੜਕਣ ਦਾ ਪੁਰਬ ਹੈ। ਇਸ ਦਿਨ ਦਸ਼ਮੇਸ਼ ਪਿਤਾ ਨੇ ਸਰਬਲੋਹ ਦੇ ਬਾਟੇ ਵਿਚ ਸਤਿਲੁਜ ਦਾ ਸੀਤਲ ਜਲ ਖੰਡੇ ਨਾਲ ਰਿੜਕਿਆ ਸੀ ਤੇ ਆਪਣੇ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਦਿੱਤੀ ਸੀ।
ਅੰਮ੍ਰਿਤ ਦੀ ਦਾਤ ਦਰਅਸਲ ਅਮਰਪਦ ਦਾ ਸੂਤਰ ਹੈ, ਜਿਸ ਦਾ ਸਿੱਧਾ ਸਬੰਧ ਰਿੜਕਣ ਅਰਥਾਤ ਮੰਥਨ ਨਾਲ ਹੈ। ਮਧਾਣੀ ਸ਼ਬਦ ਵੀ ਮੰਥਨੀ ਤੋਂ ਹੀ ਬਣਿਆ ਹੈ, ਮੰਥਨੀ ਅਰਥਾਤ ਮੰਥਨ ਕਰਨ ਵਾਲੀ।
ਅੱਜ ਸਾਡੇ ਅੱਗੇ ਵੰਨ ਸੁਵੰਨੇ ਵਿਚਾਰਾਂ ਦਾ ਅਥਾਹ ਸਾਗਰ ਹੈ, ਜਿਨ੍ਹਾਂ ਨੂੰ ਰਿੜਕਣਾ ਸਾਡਾ ਸ਼ਿਰੋਮਣੀ ਮਨੋਰਥ ਹੈ। ਜਿਸ ਤਰ੍ਹਾਂ ਮੰਥਨ ਸੰਸਕ੍ਰਿਤ ਦਾ ਸ਼ਬਦ ਹੈ, ਉਸੇ ਤਰ੍ਹਾਂ ਅਰਬੀ ਦਾ ਸ਼ਬਦ ਹੈ, ਮਤਨ, ਜਿਸ ਦਾ ਅਰਥ ਪੜ੍ਹਨਾ ਹੈ। ਮਤਨ ਅਸਲ ਵਿਚ ਮੰਥਨ ਦੀ ਮੁਢਲੀ ਪ੍ਰਕ੍ਰਿਆ ਹੈ।
ਪੰਚਮ ਪਾਤਸ਼ਾਹ ਨੇ ਸਾਨੂੰ ਅਹਿਲੇ ਕਿਤਾਬ ਹੋਣ ਦਾ ਮਾਣ ਬਖਸ਼ ਕੇ ਸਦਾ ਸਦਾ ਲਈ ਕਿਤਾਬ ਦੇ ਮਤਨ ਅਰਥਾਤ ਪਾਠ ਨਾਲ ਜੋੜ ਦਿੱਤਾ। ਦਸ਼ਮੇਸ਼ ਪਿਤਾ ਨੇ ਸਾਨੂੰ ‘ਮਤਨ’ ਦੇ ਅਗਲੇਰੇ ਕਦਮ ‘ਮੰਥਨ’ ਨਾਲ ਹਮਕਦਮ ਕਰ ਦਿੱਤਾ। ਅੰਮ੍ਰਿਤ ਤਿਆਰ ਕਰਨ ਸਮੇਂ ਬਾਣੀ ਦਾ ਜਾਪ ਵੀ ਕੀਤਾ ਗਿਆ ਸੀ, ਜੋ ਮਤਨ ਅਤੇ ਮੰਥਨ ਦੀ ਉਤਮ ਮਿਸਾਲ ਹੈ।
ਅਸੀਂ ‘ਮਤਨ’ ਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਪਾਠ ਤੱਕ ਸੀਮਤ ਕਰ ਲਿਆ ਅਤੇ ‘ਮੰਥਨ’ ਨੂੰ ਅਸੀਂ ਸਿਰਫ ਗਾਤਰੇ ਦਾ ਪਰਿਆਇ ਬਣਾ ਲਿਆ। ਨੀਝ ਨਾਲ ਦੇਖੇ ਬਗੈਰ ਹੀ ਕਿਹਾ ਜਾ ਸਕਦਾ ਹੈ ਕਿ ਸਿੱਖ ਹੁਣ ‘ਮਤਨ’ ਅਤੇ ‘ਮੰਥਨ’ ਦੋਹਾਂ ਤੋਂ ਟੁੱਟ ਚੁੱਕੇ ਹਨ। ਨਾ ਅਸੀਂ ਹੁਣ ਕੁਝ ਪੜ੍ਹਨਯੋਗ ਪੜ੍ਹਦੇ ਹਾਂ ਤੇ ਨਾ ਹੀ ਕੁਝ ਵਿਚਾਰਨਯੋਗ ਸੋਚਦੇ, ਵਿਚਾਰਦੇ ਹਾਂ।
ਵੈਸਾਖੀ ਸਾਡੇ ਲਈ ਮਤਨ ਅਤੇ ਮੰਥਨ ਦਾ ਪੁਰਬ ਹੈ, ਪਰ ਅਸੀਂ ਇਸ ਨੂੰ ਹੱਲੇ ਗੁੱਲੇ ਦਾ ਅਵਸਰ ਬਣਾ ਲਿਆ ਹੈ। ਆਉ, ਇਸ ਸ਼ੁਭ ਅਵਸਰ ‘ਤੇ ਮੁੜ ਮਤਨ ਅਤੇ ਮੰਥਨ ਵੱਲ ਪਰਤੀਏ।