ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪਰਦੇਸਾਂ ‘ਚ ਵਸਦੇ ਕਈ ਪਾਠਕ ਮੇਰੀਆਂ ਲਿਖਤਾਂ ਵਿਚ ਆਪਣੇ ਇਲਾਕੇ ਦੇ ਕਿਸੇ ਪਿੰਡ ਜਾਂ ਕਿਸੇ ਖਾਸ ਵਿਅਕਤੀ ਦਾ ਜ਼ਿਕਰ ਪੜ੍ਹ ਕੇ ਫੋਨ ਮਿਲਾ ਲੈਂਦੇ ਹਨ। ਉਦੋਂ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਅਜਿਹੇ ਪਾਠਕ ਅਕਸਰ ਆਪਣੀ ਗੱਲਬਾਤ ਵਿਚ ਸਬੰਧਤ ਲਿਖਤ ਦੇ ਵਿਸ਼ੇ ਬਾਰੇ ਕੋਈ ਚਰਚਾ ਨਹੀਂ ਕਰਦੇ। ਨਾ ਹੀ ਉਹ ਮੇਰੇ ਵਿਚਾਰਾਂ ਨਾਲ ਸਹਿਮਤੀ ਜਾਂ ਅਸਹਿਮਤੀ ਹੀ ਪ੍ਰਗਟਾਉਂਦੇ ਹਨ। ਬੱਸ, ਉਹ ਹੁੱਬ-ਹੁੱਬ ਕੇ ਬੜੇ ਉਲਾਸ ਵਿਚ ਮੇਰਾ ਸ਼ੁਕਰੀਆ ਅਦਾ ਕਰਨ ਲੱਗ ਜਾਂਦੇ ਹਨ ਕਿ ਮੈਂ ਉਨ੍ਹਾਂ ਨੂੰ, ਪਰਦੇਸੀਂ ਬੈਠਿਆਂ ਨੂੰ ਆਪਣਾ ਪਿੰਡ ਯਾਦ ਕਰਵਾ ਦਿੱਤਾ ਹੈ, ਜਾਂ ਕਹਿਣਗੇ ਕਿ ਤੁਸੀਂ ਜਿਹੜਾ ਫਲਾਣੇ ਸਿੰਹੁ ਬਾਰੇ ਲਿਖਿਆ ਐ, ਬਿਲਕੁਲ ਸਹੀ ਲਿਖਿਆ ਹੈ। ਮੇਰਾ ਵੀ ‘ਉਸ ਨਾਲ’ ਇਕ-ਦੋ ਵਾਰ ਵਾਹ ਪਿਆ ਸੀ!
ਨੀਝ ਨਾਲ ਪੜ੍ਹਨ ਮਗਰੋਂ ਮੇਰੇ ਨਾਲ ਨਿੱਠ ਕੇ ਵਿਚਾਰ-ਵਟਾਂਦਰਾ ਕਰਨ ਵਾਲੇ ਵਿਰਲਿਆਂ ਪਾਠਕਾਂ ਦੀ ਗੱਲ ਹੋਰ ਹੈ, ਪਰ ਜ਼ਿਆਦਾਤਰ ਪਾਠਕ ਆਪਣੇ ਪਿਛੋਕੜ ਦਾ ਜ਼ਿਕਰ ਪੜ੍ਹ ਕੇ ਹੀ ਮਖ਼ਮੂਰ ਹੋ ਜਾਂਦੇ ਨੇ। ਉਨ੍ਹਾਂ ਦੀ ਬੋਲਬਾਣੀ ਵਿਚੋਂ ਡੁੱਲ੍ਹ-ਡੁੱਲ੍ਹ ਪੈਂਦੀ ਹੁੱਬਲੇ-ਵਤਨੀ ਦੇਖਿਆਂ ਜਾਂ ਸੁਣਿਆਂ ਹੀ ਮਹਿਸੂਸ ਕੀਤੀ ਜਾ ਸਕਦੀ ਹੈ।
ਇਥੇ ਮੈਂ ਅਪਣੱਤ ਭਰੀ ਇਸ ਭਾਵਨਾ ਨੂੰ ਮਾੜੀ ਜਾਂ ਚੰਗੀ ਨਹੀਂ ਕਹਿ ਰਿਹਾ, ਸਗੋਂ ਇਹ ਹਕੀਕਤ ਬਿਆਨ ਕਰਨ ਜਾ ਰਿਹਾਂ ਕਿ ਐਤਕੀਂ ਮੈਂ ਖੁਦ ਇਸ ‘ਮਰਜ਼’ ਦਾ ਸ਼ਿਕਾਰ ਬਣ ਗਿਆ। ਇਕ ਲਿਖਤ ਵਿਚ ਆਪਣੇ ਇਲਾਕੇ ਦੇ ਕਈ ਪਿੰਡਾਂ ਦੇ ਨਾਂ ਪੜ੍ਹ ਕੇ ਮੇਰੀ ਰੂਹ ਨਸ਼ਿਆਈ ਗਈ; ਜਿਵੇਂ ਸੁਹਾਗਾ ਫੇਰੇ ਖੇਤ ਵਿਚ ਸੱਪ ਮੇਲ੍ਹਦਾ ਜਾਂਦਾ ਹੈ, ਐਨ ਇਸੇ ਤਰ੍ਹਾਂ ਅਨੰਦਪੁਰ ਸਾਹਿਬ ਦਾ ਪਾਵਨ ਨਾਮ ਪੜ੍ਹਦਿਆਂ ਸਾਰ ਲਿਖਤ ਨੂੰ ਭੁੱਖਿਆਂ ਵਾਂਗ ਟੁੱਟ ਕੇ ਪੈ ਗਿਆ ਕਿਉਂਕਿ ਮੈਂ ਹਾਲੇ ਤੱਕ ‘ਵਿਰਾਸਤ-ਏ-ਖਾਲਸਾ’ ਕੰਪਲੈਕਸ ਦੇਖਿਆ ਨਹੀਂ। ਇਸ ਲਿਖਤ ਵਿਚ ਕੰਪਲੈਕਸ ਦੀ ਛਪੀ ਹੋਈ ਫੋਟੋ ਦੇਖ ਕੇ ਮਨ ਵਿਚ ਰੀਝ ਉਠੀ ਕਿ ਇਸ ਬਾਰੇ ਲੇਖਕ ਦੇ ਵਿਚਾਰ ਛੇਤੀ-ਛੇਤੀ ਪੜ੍ਹਾਂ!
ਭਰਾਵਾਂ ਵਰਗਾ ਦੋਸਤ ਇਕਬਾਲ ਸਿੰਘ ਜੱਬੋਵਾਲੀਆ ਮੇਰੇ ਆਪਣੇ ਜ਼ਿਲ੍ਹੇ ਨਵਾਂ ਸ਼ਹਿਰ ਨਾਲ ਸਬੰਧਤ ਹੈ। ਉਹ ਬਹੁਤਾ ਕਰ ਕੇ ਖੇਡ-ਖਿਡਾਰੀਆਂ ਬਾਰੇ ਬੜੀਆਂ ਰੌਚਕ ਲਿਖਤਾਂ ਲਿਖਦਾ ਹੈ। ਮੇਰੀ ਖੇਡਾਂ-ਖੂਡਾਂ ‘ਚ ਭਾਵੇਂ ਕੋਈ ਦਿਲਚਸਪੀ ਨਹੀਂ, ਪਰ ਮੈਂ ਸਰਵਣ ਸਿੰਘ ਤੇ ਵੀਰ ਜੱਬੋਵਾਲੀਆ ਨੂੰ ਜ਼ਰੂਰ ਪੜ੍ਹਦਾ ਹਾਂ। ‘ਪੰਜਾਬ ਟਾਈਮਜ਼’ ਦੇ ਬੀਤੇ ਹਫ਼ਤੇ ਵਾਲੇ ਅੰਕ ਵਿਚ ਇਕਬਾਲ ਸਿੰਘ ਦਾ ਲੇਖ ‘ਗੜ੍ਹਸ਼ੰਕਰ ਤੋਂ ਅਨੰਦਪੁਰ ਸਾਹਿਬ ਤੱਕ ਦਾ ਮਿੱਟੀ ਘੱਟਾ’ ਪੜ੍ਹ ਕੇ ਮੇਰੇ ਜਜ਼ਬਾਤ ਵੀ ਅੰਗੜਾਈਆਂ ਭਰਨ ਲੱਗ ਪਏ। ਜੱਬੋਵਾਲ, ਭੀਣ, ਚੌਹੜਾ, ਬਲਾਚੌਰ, ਪੱਲੀ ਝਿੱਕੀ ਆਦਿਕ ਪਿੰਡਾਂ ਦੇ ਨਾਂ ਪੜ੍ਹ ਕੇ ਇਲਾਕੇ ਦੀ ਸੈਰ ਕਰਦਿਆਂ ਮੈਂ ਵੀ ਗੜ੍ਹਸ਼ੰਕਰ ਤੋਂ ਅੱਗੇ ਜਾਂਦੀ ਸੜਕ ‘ਤੇ ਪਏ ਹੋਏ ਟੋਇਆਂ ‘ਚ ਜਾ ਖੁੱਭਿਆ। ਮਲਾਈ ਵਰਗੀਆਂ ਅਮਰੀਕਨ ਸੜਕਾਂ ‘ਤੇ ਗੱਡੀ ਚਲਾਉਂਦਾ ਪੰਜਾਬ ਗਿਆ। ਇਕਬਾਲ ਅਨੰਦਪੁਰ ਸਾਹਿਬ ਦੀ ਯਾਤਰਾ ਵਾਲੇ ਲੇਖ ‘ਚ ਲਿਖਦਾ ਹੈ, ‘ਥੋੜ੍ਹਾ ਅੱਗੇ ਗਏ ਤਾਂ ਸੜਕ ਦਾ ਮਾੜਾ ਹਾਲ ਦੇਖ ਕੇ ਸਾਹ ਉਤਾਂਹ ਚੜ੍ਹ ਗਿਆ। ਰੱਬ-ਰੱਬ ਕਰਦੇ ਜਾਈਏ, ਰੱਬਾ! ਠੀਕ-ਠਾਕ ਮੱਥਾ ਟੇਕ ਆਈਏ!’
ਥਾਂ-ਥਾਂ ਤੋਂ ਟੁੱਟੀ ਹੋਈ ਸੜਕ, ਪਏ ਹੋਏ ਖੱਡੇ, ਟੋਇਆਂ ਅਤੇ ਮਿੱਟੀ-ਘੱਟੇ ਦੇ ਉਡਦੇ ਵਾ-ਵਰੋਲਿਆਂ ਤੋਂ ਡਾਢਾ ਪ੍ਰੇਸ਼ਾਨ ਹੋਇਆ ਜੱਬੋਵਾਲੀਆ ਵੀਰ, ਪੰਜਾਬ ਸਰਕਾਰ ‘ਤੇ ਹਿਰਖ ਝਾੜਦਾ ਹੈ, ‘ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਰਾਗ ਅਲਾਪਣ ਵਾਲੇ, ਇਸ ਪਾਸੇ ਅਵੇਸਲੇ ਕਿਉਂ ਹਨ? ਕੀ ਪੰਜਾਬ ਦੇ ਮੰਤਰੀ ਕਦੇ ਇਸ ਰਾਹ ਨਹੀਂ ਲੰਘੇ ਹੋਣਗੇ? ਉਨ੍ਹਾਂ ਦੇ ਕਾਫ਼ਲੇ ਦਾ ਕਦੇ ਇਸ ਮਿੱਟੀ ਨਾਲ ਵਾਹ ਨਹੀਂ ਪਿਆ ਹੋਵੇਗਾ?’
ਜਿਸ ਸੜਕ ਦਾ ਰੋਣਾ ਇਹ ਲੇਖਕ ਰੋ ਰਿਹਾ ਹੈ, ਹੋਲੇ-ਮਹੱਲੇ ਤੋਂ ਤਕਰੀਬਨ ਮਹੀਨਾ ਕੁ ਪਹਿਲਾਂ ਵੀ ਅਖ਼ਬਾਰਾਂ ਵਿਚ ਇਸ ਖਸਤਾ ਹਾਲ ਸੜਕ ਦਾ ਰੌਲਾ ਪਿਆ ਸੀ। ਹੋਰ ਐਰੇ-ਗੈਰੇ ਨੱਥੂ-ਖੈਰੇ ਦੀ ਤਾਂ ਗੱਲ ਛੱਡੋ, ਪੰਥ ਦੀ ਸਿਰਮੌਰ ਪਦਵੀ ‘ਤੇ ਬੈਠੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਅਨੰਦਪੁਰ ਸਾਹਿਬ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਾਂ ਕਰਦਿਆਂ ਹੈਰਾਨੀ ਜਤਾਈ ਕਿ ਹੋਰ ਮਹੀਨੇ ਕੁ ਤਾਈਂ ਮਾਝੇ, ਮਾਲਵੇ, ਦੁਆਬੇ ਦੀਆਂ ਸੰਗਤਾਂ ਨੇ ਹੋਲਾ-ਮਹੱਲਾ ਮਨਾਉਣ ਵਹੀਰਾਂ ਘੱਤ ਕੇ ਇਥੇ ਪਹੁੰਚਣਾ ਹੈ, ਪਰ ਸੜਕ ਦਾ ਇੰਨਾ ਬੁਰਾ ਹਾਲ ਹੈ ਕਿ ਪੁੱਛੋ ਕੁਝ ਨਾ! ਮੈਂ ਉਹ ਖ਼ਬਰ ਪੂਰੇ ਗਹੁ ਨਾਲ ਪੜ੍ਹੀ ਸੀ। ਉਸ ਵਿਚ ਜਥੇਦਾਰ ਸਾਹਿਬ ਨੇ ਦੱਸਿਆ ਸੀ ਕਿ ਟੋਏ ਤੇ ਮਿੱਟੀ-ਘੱਟਾ ਹੀ ਦਿਖਾਈ ਦੇ ਰਿਹਾ ਐ, ਸੜਕ ਦਾ ਤਾਂ ਕਿਤੇ ਨਾਮ ਨਿਸ਼ਾਨ ਈ ਹੈ ਨੀ! ਉਨ੍ਹਾਂ ਸੜਕਾਂ ਬਣਾਉਣ ਵਾਲੇ ਮਹਿਕਮੇ ਦੇ ਮੰਤਰੀ ਦਾ ਨਾਂ ਲੈ ਕੇ ਆਖਿਆ ਸੀ ਕਿ ਸ਼ ਸ਼ਰਨਜੀਤ ਸਿੰਘ ਢਿੱਲੋਂ ਨੌਜਵਾਨ ਵਜ਼ੀਰ ਹੈ, ਉਹ ਜ਼ਰੂਰ ਹੋਲੇ-ਮਹੱਲੇ ਤੋਂ ਪਹਿਲਾਂ-ਪਹਿਲਾਂ ਸੜਕ ਨਵੀਂ ਬਣਵਾ ਦਏਗਾ। ਖ਼ਬਰ ਅਨੁਸਾਰ ਉਨ੍ਹਾਂ ਉਸੇ ਵੇਲੇ ਆਪਣੇ ਪੀæਏæ ਨੂੰ ਨੋਟ ਕਰਾਇਆ ਕਿ ਇਸ ਸੜਕ ਦਾ ਕੰਮ ਪਹਿਲ ਦੇ ਆਧਾਰ ‘ਤੇ ਕਰਵਾਉਣਾ ਹੈ।
ਲਉ ਜੀ, ਨਵੀਂ ਸੜਕ ਤਾਂ ਕੀ ਬਣਨੀ ਸੀ, ਕਿਸੇ ਨੇ ਪੁਰਾਣੀ ਦੀ ਮੁਰੰਮਤ ਵੀ ਨਾ ਕਰਵਾਈ। ਹੋਲੇ-ਮੁਹੱਲੇ ‘ਤੇ ਲੱਖਾਂ ਦੀ ਗਿਣਤੀ ਵਿਚ ਪਹੁੰਚੇ ਸ਼ਰਧਾਲੂ ਜੱਬੋਵਾਲੀਏ ਵਾਂਗੂੰ ਉਸ ਸੜਕ ਤੋਂ ਰੱਬ-ਰੱਬ ਕਰਦੇ ਲੰਘੇ ਹੋਣਗੇ, ਜਾਂ ਫਿਰ ਸਰਕਾਰ ਨੂੰ ਮੰਦਾ-ਚੰਗਾ ਬੋਲਦੇ।
ਇਥੇ ਇਹ ਗੱਲ ਧਿਆਨ ਗੋਚਰੇ ਰਹੇ ਕਿ ਜਦੋਂ ਤੋਂ ਸ਼੍ਰੋਮਣੀ ਕਮੇਟੀ ਉਤੇ ਬਾਦਲਸ਼ਾਹੀ ਦਾ ਮੁਕੰਮਲ ਕਬਜ਼ਾ ਹੋਇਆ ਹੈ, ਉਦੋਂ ਤੋਂ ਲੈ ਕੇ ਅੱਜ ਦੀ ਤਰੀਕ ਤੱਕ, ਛੋਟਾ ਜਾਂ ਵੱਡਾ ਹਰ ਬਾਦਲ ਦਲੀਆ ਆਗੂ ਇਹ ਨਸੀਹਤ ਦੇਣੀ ਨਹੀਂ ਭੁੱਲਦਾ ਕਿ ਅਕਾਲ ਤਖ਼ਤ ਸਾਹਿਬ ਸਰਬ-ਉਚ ਹੈ ਅਤੇ ਉਥੋਂ ਦੇ ਜਥੇਦਾਰ ਦਾ ਹਰ ਹੁਕਮ ‘ਇਲਾਹੀ ਹੁਕਮ’ ਵਾਂਗ ਮੰਨੋ। ਬਾਦਲ ਦਲੀਆਂ ਵੱਲੋਂ ਦੂਜਿਆਂ ਨੂੰ ਦਿੱਤੀ ਜਾਂਦੀ ਇਸ ਨਸੀਹਤ ਦੀ ਰੌਸ਼ਨੀ ਵਿਚ ਇਹ ਗੱਲ ਵਿਚਾਰੀਏ ਕਿ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਸਾਹਿਬ ਵੱਲੋਂ ਗੜ੍ਹਸ਼ੰਕਰ ਵਾਲੀ ਸੜਕ ਬਣਾਉਣ ਦਾ ਦਿੱਤਾ ਗਿਆ ਆਦੇਸ਼, ਕੀ ਇਲਾਹੀ ਹੁਕਮਾਂ ਦੇ ਦਾਇਰੇ ‘ਚ ਨਹੀਂ ਆਉਂਦਾ? ਜਦੋਂ ਸਿੰਘ ਸਾਹਿਬ ਕਿਸੇ ਬਾਦਲ ਦਲੀਏ ਦੀ ਕੋਈ ਜ਼ਿੰਮੇਵਾਰੀ ਲਾਉਂਦੇ ਹਨ, ਤਾਂ ਕੀ ਉਦੋਂ ਉਨ੍ਹਾਂ (ਜਥੇਦਾਰ ਸਾਹਿਬ) ਦੀ ਪਦਵੀ ਸਰਬ-ਉਚ ਨਹੀਂ ਹੁੰਦੀ? ਅਜਿਹੇ ਮੌਕਿਆਂ ‘ਤੇ ਜਥੇਦਾਰ ਸਾਹਿਬ ਵੱਲੋਂ ਵੀ ਜਦੋਂ ਬਾਦਲ ਦਲੀਆਂ ਪ੍ਰਤੀ ‘ਨਰਮ ਗੋਸ਼ਾ’ ਅਪਨਾ ਲਿਆ ਜਾਂਦਾ ਹੈ, ਤਦ ਦੇਸ਼-ਵਿਦੇਸ਼ ਦੀ ਸੰਗਤ ਦਾ ਸ਼ੰਕਾ ਵਿਚ ਘਿਰ ਜਾਣਾ ਸੁਭਾਵਿਕ ਹੀ ਹੈ।
ਚਲੋ ਖ਼ੈਰ, ਹੋਲਾ-ਮਹੱਲਾ ਲੰਘਣ ਮਗਰੋਂ ਦੋ ਕੁ ਹਫ਼ਤੇ ਬਾਅਦ ਪੰਜਾਬ ਦੇ ਪੀæਡਬਲਯੂæਡੀæ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਮਰੀਕਾ ਦੇ ਦੌਰੇ ‘ਤੇ ਆ ਪਹੁੰਚੇ। ਆਏ ਮਹਿਮਾਨ ਦੀ ਰੱਜ ਕੇ ਆਉ-ਭਗਤ ਕਰਨ ਵਾਲੇ ਪੰਜਾਬੀਆਂ ਦੇ ਸਭਿਆਚਾਰ ਮੁਤਾਬਕ ਸ਼ ਢਿੱਲੋਂ ਨੂੰ ਕਈ ਥਾਂਈਂ ਮਾਣ-ਸਨਮਾਨ ਤਾਂ ਦਿੱਤੇ ਗਏ ਅਤੇ ਉਨ੍ਹਾਂ ਨੇ ਵੀ ਉਹੀ ਮੁਹਾਰਨੀ ਅਲਾਪੀ ਕਿ ਪਰਵਾਸੀਆਂ ਦੇ ਮਸਲੇ ਅਸੀਂ ਪਹਿਲ ਦੇ ਆਧਾਰ ‘ਤੇ ਹੱਲ ਕਰਾਂਗੇ, ਪਰ ਮੇਰੇ ਵਰਗੇ ਉਹ ਪਰਵਾਸੀ ਜਿਨ੍ਹਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਵਾਲੀ ਉਕਤ ਸੜਕ ਵਾਲੀ ਖ਼ਬਰ ਪੜ੍ਹੀ ਹੋਈ ਸੀ, ਸੋਚਦੇ ਰਹੇ ਕਿ ਕੋਈ ਤਾਂ ਮਾਈ ਭਾਈ ਅਕਾਲੀ ਮੰਤਰੀ ਪਾਸੋਂ ਇਹ ਸਵਾਲ ਪੁੱਛੇਗਾ ਹੀ ਕਿ ਭਾਈ ਸਿੱਖਾ, ਹੋਲੇ-ਮਹੱਲੇ ਦਾ ਮੋਹਰਾ ਹੋਵੇ, ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੀ ਸਾਰੀ ਸੜਕ ਟੁੱਟੀ ਪਈ ਹੋਵੇ ਤੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕਹੇ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਸੜਕ ਜਲਦੀ ਤੋਂ ਜਲਦੀ ਬਣਾਈ ਜਾਵੇ, ਪਰ ਕਿਸੇ ਮੰਤਰੀ-ਸੰਤਰੀ ਦੇ ਕੰਨਾਂ ‘ਤੇ ਜੂੰ ਵੀ ਨਾ ਸਰਕੇ?
ਫਿਰ ਆਹ ਜਿਹੜੇ ਦਿਨ-ਰਾਤ ‘ਵਿਕਾਸ ਕਰਨ’ ਦੇ ਦਮਗਜੇ ਮਾਰੇ ਜਾ ਰਹੇ ਨੇ, ਕੀ ਇਹ ਸਾਰਾ ਕੁਝ ਕਾਗਜ਼ੀਂ-ਪੱਤਰੀਂ ਹੀ ਹੋ ਰਿਹਾ ਹੈ? ਹੂੰਝਾ ਫੇਰੂ ਜਿੱਤ ‘ਤੇ ਵਧਾਈਆਂ ਦੇਣ ਵਾਲਿਆਂ ਵਿਚੋਂ ਕੋਈ ਇਕ ਵੀ ਮਾਈ ਦਾ ਲਾਲ ਨਾ ਨਿੱਤਰਿਆ ਜੋ ਮਾਣਯੋਗ ਮੰਤਰੀ ਨੂੰ ਇਹ ਸਵਾਲ ਪੁੱਛ ਸਕਦਾ।æææਤੇ ਸ਼ ਸ਼ਰਨਜੀਤ ਸਿੰਘ ਢਿੱਲੋਂ ਦੀ ਕਾਰਗੁਜ਼ਾਰੀ ਬਾਰੇ ਜਾਂਦੇ-ਜਾਂਦੇ ਇਕ ਹੋਰ ਜਾਣਕਾਰੀ ਵੀ ਸੁਣ ਲਉ ਜੋ ਕਾਫ਼ੀ ਦਿਲਚਸਪ ਹੈ। ਅੰਗਰੇਜ਼ੀ ਅਖ਼ਬਾਰ ‘ਹਿੰਦੁਸਤਾਨ ਟਾਈਮਜ਼’ ਨੇ ਅੰਕੜੇ ਛਾਪੇ ਸਨ ਕਿ ਜਦੋਂ ਸ਼ ਢਿੱਲੋਂ ਲੋਕ ਸਭਾ ਦੇ ਮੈਂਬਰ ਹੁੰਦੇ ਸਨ ਤਾਂ ਪੂਰੇ ਪੰਜ ਸਾਲ ਉਨ੍ਹਾਂ ਲੋਕ ਸਭਾ ਵਿਚ ਕੋਈ ਇਕ ਸਵਾਲ ਵੀ ਨਹੀਂ ਸੀ ਪੁੱਛਿਆ। ਉਹ ਪੰਜੀਂ ਸਾਲੀਂ ‘ਸੁੱਚੇ ਮੂੰਹ’ ਹੀ ਦਿੱਲੀਉਂ ਵਾਪਸ ਆ ਗਏ ਸਨ।
ਪੱਤਰਕਾਰੀ ਦੀ ਜੁਗਤ ਅਨੁਸਾਰ ਗੱਲ ‘ਚੋਂ ਗੱਲ ਤਾਂ ਕੋਈ ਹੋਰ ਵੀ ਕੱਢੀ ਜਾ ਸਕਦੀ ਹੈ, ਪਰ ਇਨ੍ਹਾਂ ਗੱਲਾਂ ਦਾ ਹੱਲ ਕੌਣ ਕਰੇ?
Leave a Reply