ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਗਰੀਬੀ ਵਾਲੇ ਘਰ ਦੀ ਬੇਵਸੀ ਵਾਲੀ ਦਹਿਲੀਜ਼ ਤੋਂ ਕਦਮ ਚੁੱਕ ਕੇ ਜਦੋਂ ਮੈਂ ਪਰਦੇਸਾਂ ਦੇ ਰਾਹ ‘ਤੇ ਰੱਖਣ ਲੱਗਿਆ ਤਾਂ ਮਾਂ ਨੇ ਅੱਖਾਂ ਵਿਚੋਂ ਹੰਝੂਆਂ ਦਾ ਤੇਲ ਚੋਂਦਿਆਂ ਕਿਹਾ ਸੀ, “ਪੁੱਤਰ, ਆਪਣਾ ਖਿਆਲ ਰੱਖੀਂ। ਮਾਂ ਨੂੰ ਭੁੱਲ ਨਾ ਜਾਈਂ।” ਮਾਂ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ ਭਲਾ? ਮੈਂ ਵੀ ਅੱਜ ਤੱਕ ਨਹੀਂ ਭੁੱਲਿਆ। ਮਾਂ ਨਾਲ ਜੁੜੀ ਹਰ ਯਾਦ ਚੇਤਿਆਂ ‘ਚ ਵੱਸੀ ਹੋਈ ਹੈ। ਰਾਗੀ ਅਤੇ ਵਾਜਾ ਤਾਂ ਉਹੀ ਹੁੰਦਾ ਹੈ ਪਰ ਜਦੋਂ ਜਨਮ ਤੇ ਮਰਨ ਦੀ ਖੁਸ਼ੀ ਤੇ ਗਮੀ ਦੇ ਸ਼ਬਦ ਪੜ੍ਹੇ ਜਾਂਦੇ ਹੋਣ ਤਾਂ ਰਾਗ ਤੇ ਸ਼ਬਦ ਬਦਲ ਜਾਂਦੇ ਨੇ। ਘਰ ਦੇ ਵਿਹੜੇ ਵਿਚ ਦੁੱਖਾਂ ਅਤੇ ਗਰੀਬੀ ਨੇ ਜਦੋਂ ਵੀ ਆ ਕੇ ਝੰਡੇ ਗੱਡੇ ਤਾਂ ਘਰ ਦੇ ਜੇਠੇ ਪੁੱਤ ਨੂੰ ਸੱਤ ਸਮੁੰਦਰੋਂ ਪਾਰ ਜਾ ਕੇ ਵਿਛੋੜੇ ਦੀ ਕੁਰਬਾਨੀ ਦੇਣੀ ਪੈਂਦੀ ਹੈ।
ਮੇਰੇ ਦਾਦਾ ਜੀ ਗੱਜਣ ਸਿੰਘ ਦੇ ਛੇ ਪੁੱਤ ਸਨ ਜਿਨ੍ਹਾਂ ਵਿਚੋਂ ਇਕ ਨਿਹੰਗ ਸਿੰਘ ਸਜ ਗਿਆ। ਇਕ ਫੌਜ ਵਿਚ ਚਲਿਆ ਗਿਆ। ਬਾਕੀ ਚਾਰ ਖੇਤੀ ਕਰਨ ਲੱਗ ਗਏ। ਮੇਰਾ ਪਿਤਾ ਕੋਰਾ ਅਨਪੜ੍ਹ ਸੀ ਪਰ ਖੇਤੀਬਾੜੀ ਦਾ ਪੂਰਾ ਮਾਹਿਰ ਸੀ। ਮੇਰੇ ਪਿਤਾ ਜੀ ਅਤੇ ਦੋ ਚਾਚੇ ਹੀ ਵਿਆਹੇ ਗਏ, ਬਾਕੀ ਤਿੰਨ ਛੜੇ ਰਹਿ ਗਏ। ਪਰਿਵਾਰ ਵਧਦਾ ਗਿਆ। ਵਿਹੜੇ ਵਿਚ ਬਟਵਾਰੇ ਦੀ ਕੰਧ ਸਰਹੱਦ ਵਾਂਗ ਖੜ੍ਹ ਗਈ। ਜਿਥੇ ਘਰ ਦੇ ਤਿੰਨ ਟੁਕੜੇ ਹੋ ਗਏ, ਉਥੇ ਖੇਤਾਂ ਦੇ ਵੀ ਤਿੰਨ ਟੋਟੇ ਬਣ ਗਏ। ਦਾਦਾ-ਦਾਦੀ ਅੱਖਾਂ ਮੀਟ ਗਏ। ਫਿਰ ਇਕ ਛੜਾ ਚਾਚਾ ਜਹਾਨੋਂ ਤੁਰ ਗਿਆ। ਉਸ ਦੇ ਹਿੱਸੇ ਦੀ ਜ਼ਮੀਨ ਨੇ ਪਿਤਾ ਜੀ ਹੋਰਾਂ ਦੇ ਪਿਆਰ ਵਿਚ ਜ਼ਹਿਰ ਘੋਲ ਦਿੱਤੀ। ਫਿਰ ਕੇਸ ਚੱਲਿਆ ਤੇ ਰਾਜ਼ੀਨਾਮਾ ਹੋਇਆ। ਛੜੇ ਚਾਚੇ ਵਾਲੀ ਜ਼ਮੀਨ ਦਾ ਹਿੱਸਾ ਪੰਜਾਂ ਦੇ ਹਿੱਸੇ ਆ ਗਿਆ। ਖੇਤ ਦੇ ਵੱਟ-ਬੰਨ੍ਹੇ ਫਿਰ ਹਿੱਲ ਗਏ।
ਚਾਚੇ ਦੀ ਜ਼ਮੀਨ ਨੇ ਬਾਪੂ ਹੋਰੀਂ ਨੇੜੇ ਲੈ ਆਂਦੇ। ਇਕ-ਦੂਜੇ ਦੇ ਘਰ ਫਿਰ ਆਉਣੀ-ਜਾਣੀ ਹੋ ਗਈ। ਅਜੇ ਚਾਰ-ਪੰਜ ਫਸਲਾਂ ਦੀ ਬਿਜਾਈ-ਕਢਾਈ ਕੀਤੀ ਸੀ ਕਿ ਸਾਡਾ ਨਿਹੰਗ ਚਾਚਾ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਛੱਡ ਗਿਆ। ਫਿਰ ਉਸ ਦੀ ਜ਼ਮੀਨ ਲਈ ਪਿਤਾ ਜੀ ਹੋਰੀਂ ਪੱਬਾਂ ਭਾਰ ਹੋ ਗਏ। ਪਿਤਾ ਜੀ ਹੋਰੀਂ ਕੋਰਟ-ਕਚਹਿਰੀਆਂ ਨੂੰ ਇਉਂ ਬੱਸ ਚੜ੍ਹ ਜਾਂਦੇ ਜਿਵੇਂ ਨਵਾਂ ਵਿਆਹਿਆ ਪੇਕਿਆਂ ਨੂੰ ਗਈ ਵਹੁਟੀ ਨੂੰ ਲੈਣ ਲਈ ਸਹੁਰਿਆਂ ਨੂੰ ਜਾਂਦੀ ਬੱਸ ਭੱਜ ਕੇ ਫੜਦਾ ਹੈ। ਤਿੰਨੇ ਛੜੇ ਚਾਚਿਆਂ ਦਾ ਘਰ ਵਿਚੋਂ ਕੁਰਸੀਨਾਮਾ ਬੇਸ਼ੱਕ ਪਹਿਲਾਂ ਹੀ ਖ਼ਤਮ ਕਰ ਦਿੱਤਾ ਗਿਆ ਸੀ, ਪਰ ਜ਼ਮੀਨ ਦੀ ਜਮਾਂਬੰਦੀ ਵਿਚ ਉਹ ਪਿਤਾ ਜੀ ਦੇ ਬਰਾਬਰ ਵਾਲੇ ਖਾਨੇ ਵਿਚੋਂ ਬੋਲਦੇ ਸਨ। ਤਿੰਨਾਂ ਭਰਾਵਾਂ ਦੇ ਬੋਲ ਫਿਰ ਸਾਂਝੇ ਹੋਣੋਂ ਹਟ ਗਏ। ਤਿੰਨਾਂ ਦੇ ਬੁੱਲ੍ਹਾਂ ‘ਤੇ ਲਾਲਚ ਦਾ ਜਿੰਦਰਾ ਲੱਗ ਗਿਆ। ਜ਼ਮੀਨ ਦਾ ਕੇਸ ਲੰਮਾ ਹੋ ਗਿਆ। ਸਾਡੀ ਜ਼ਮੀਨ ਦੀ ਪੈਦਾਵਾਰ ਵੀ ਭਾੜਿਆਂ ਅਤੇ ਫੀਸਾਂ ਦੀ ਭੇਟਾ ਚੜ੍ਹਦੀ ਗਈ ਅਤੇ ਅਸੀਂ ਤਰੱਕੀ ਦਾ ਕੋਈ ਅਗਲਾ ਟੰਬਾ ਨਾ ਚੜ੍ਹ ਸਕੇ।
ਅਖੀਰ ਸਮਝੌਤੇ ਦੀ ਕੁੰਜੀ ਨੇ ਪਿਤਾ ਜੀ ਹੋਰਾਂ ਦੇ ਬੁੱਲ੍ਹਾਂ ਵਾਲੇ ਜਿੰਦਰੇ ਖੋਲ੍ਹੇ। ਫਿਰ ਇਕੱਠਿਆਂ ਨੇ ਨਿਹੰਗ ਚਾਚੇ ਨਮਿਤ ਅਖੰਡ ਪਾਠ ਕਰਵਾਇਆ। ਫਿਰ ਜ਼ਮੀਨਾਂ ਦੇ ਵੱਟ-ਬੰਨ੍ਹੇ ਹਿੱਲ ਗਏ। ਚਾਚੇ ਦਾ ਜਮਾਂਬੰਦੀ ਵਿਚੋਂ ਨਾਮ ਕੱਟਿਆ ਗਿਆ। ਪਿਤਾ ਜੀ ਹੋਰੀਂ ਆਪਣੇ ਭਰਾਵਾਂ ਦਾ ਹੱਕ ਖਾਣ ਲਈ ਕਿਸੇ ਗੱਲੋਂ ਪਟਵਾਰੀ ਤੋਂ ਘੱਟ ਨਹੀਂ ਸੀ ਰਹਿਣਾ ਚਾਹੁੰਦੇ। ਮੇਰੀ ਮਾਂ ਜੇ ਕੁਝ ਕਹਿੰਦੀ ਤਾਂ ਪਿਤਾ ਜੀ ਕਹਿ ਦਿੰਦੇ, “ਮੈਂ ਜ਼ਮੀਨ ਹਿੱਕ ‘ਤੇ ਰੱਖ ਕੇ ਲਿਜਾਣੀ ਐ? ਆਹ ਜਿਹੜੇ ਤਿੰਨ ਫਿਰਦੇ ਨੇ ਸ਼ਤੀਰਾਂ ਵਰਗੇ, ਇਨ੍ਹਾਂ ਦੀ ਖਾਤਰ ਤੁਰਿਆ ਫਿਰਦਾਂ।” ਮਾਂ ਸੁਣ ਕੇ ਚੁੱਪ ਕਰ ਜਾਂਦੀ ਤੇ ਮੈਂ ਡਰ ਜਾਂਦਾ ਕਿ ਸਾਡੇ ਤਿੰਨਾਂ ਭਰਾਵਾਂ ਵਿਚ ਵੀ ਕੱਲ੍ਹ ਨੂੰ ਆਹੀ ਕਾਟੋ-ਕਲੇਸ਼ ਹੋਵੇਗਾ!
ਹੁਣ ਪਿਤਾ ਜੀ, ਛੋਟਾ ਚਾਚਾ, ਫੌਜੀ ਚਾਚਾ ਤੇ ਇਕ ਛੜਾ ਚਾਚਾ ਰਹਿ ਗਏ। ਮੇਰਾ ਪਿਤਾ ਤੇ ਛੋਟਾ ਚਾਚਾ ਕਈ ਵਾਰ ਇਹ ਕਹਿੰਦੇ ਸੁਣੇ ਕਿ ਆਹ ਵੀ ਮਰੇ ਪਰਾਂ, ਫਿਰ ਪੱਕੀ ਵੰਡ ਕਰ ਲਈਏ। ਉਨ੍ਹਾਂ ਦੀਆਂ ਗੱਲਾਂ ਦਾ ਇਸ਼ਾਰਾ ਮੇਰੇ ਛੜੇ ਚਾਚੇ ਵੱਲ ਹੁੰਦਾ। ਸਾਡਾ ਇਹ ਚਾਚਾ ਗੁਣਾਂ ਦੀ ਗੁੱਥਲੀ ਸੀ। ਇਸ ਚਾਚੇ ਦਾ ਪਿਆਰ ਫੌਜੀ ਚਾਚੇ ਵੱਲ ਜ਼ਿਆਦਾ ਸੀ। ਉਹ ਸਾਡੇ ਘਰਾਂ ਵਿਚ ਵੀ ਬੇਸ਼ੱਕ ਗੇੜਾ ਕੱਢ ਜਾਂਦਾ ਸੀ, ਪਰ ਰਹਿੰਦਾ ਫੌਜੀ ਵੱਲ ਹੀ ਸੀ। ਮੈਂ ਆਪਣੇ ਦੋਵਾਂ ਭਰਾਵਾਂ ਤੋਂ ਵੱਡਾ ਸੀ। ਪਿੰਡ ਵਿਚ ਲੋਕ ਸਾਨੂੰ ‘ਹੱਕ ਮਾਰ’ ਕਹਿਣੋਂ ਵੀ ਗੁਰੇਜ਼ ਨਹੀਂ ਕਰਦੇ ਸਨ। ਹੁਣ ਮੈਂ ਵੀ ਬਾਈਆਂ ਸਾਲਾਂ ਨੂੰ ਟੱਪ ਗਿਆ। ਮਾਂ ਮੇਰੀ ਆਂਢ-ਗੁਆਂਢ ਵਿਚ ਮੈਨੂੰ ਰਿਸ਼ਤਾ ਕਰਵਾਉਣ ਲਈ ਮਿੱਠੀਆਂ-ਮਿੱਠੀਆਂ ਗੱਲਾਂ ਮਾਰਦੀ ਰਹਿੰਦੀ। ਐਵੇਂ ਹੀ ਕਿਸੇ ਦੀ ਨੂੰਹ ਦੀਆਂ ਤਰੀਫਾਂ ਦੇ ਪੁਲ ਬੰਨ੍ਹੀ ਜਾਂਦੀ ਕਿ ਕੋਈ ਮੇਰੇ ਪੁੱਤ ਨੂੰ ਰਿਸ਼ਤਾ ਕਰਵਾ ਦੇਵੇ। ਮੇਰੇ ਸਿਹਰੇ ਬੰਨ੍ਹਣ ਤੋਂ ਪਹਿਲਾਂ ਮੇਰਾ ਪਿਤਾ ਕਫਨ ਵਿਚ ਲਪੇਟਿਆ ਗਿਆ। ਪਿਤਾ ਜੀ ਦੇ ਤੁਰ ਜਾਣ ਤੋਂ ਬਾਅਦ ਛੜਾ ਚਾਚਾ ਸਾਡੇ ਵੱਲ ਆ ਗਿਆ। ਅਸੀਂ ਚਾਰੇ ਜਣੇ ਜ਼ਮੀਨ ਮਾਮਲੇ ਤੇ ਲੈ ਕੇ ਖੇਤੀਬਾੜੀ ਕਰਦੇ। ਅਸੀਂ ਤਿੰਨੇ ਭਰਾ ਹੀ ਬਾਹਰ ਆਉਣ ਲਈ ਹੱਥ-ਪੈਰ ਮਾਰਨ ਲੱਗੇ। ਪਰਦੇਸਾਂ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਨੂੰ ਲੰਮੇ-ਲੰਮੇ ਖਤ ਲਿਖ ਕੇ ਬਾਂਹ ਫੜਨ ਦੀ ਅਰਜੋਈ ਕਰਦੇ ਰਹੇ। ਸਭ ਨੇ ਪਖੰਡੀ ਸਾਧ ਵਾਂਗ ਲੱਕੜ ਦਾ ਪੁੱਤ ਝੋਲੀ ਪਾਉਂਦਿਆਂ ਪਾਸਾ ਵੱਟਿਆ। ਖੇਤੀਬਾੜੀ ਅਤੇ ਕੀਤੀ ਮਿਹਨਤ ਸਭ ਸੋਕੇ-ਡੋਬੇ ਵਿਚ ਰੁੜ੍ਹ ਜਾਂਦੀ, ਸਿਰ ਕਰਜ਼ਾ ਟੁੱਟ ਜਾਂਦਾ। ਮਾਂ ਕਹਿ ਦਿੰਦੀ, “ਕੋਈ ਨਾ ਪੁੱਤ, ਸਬਰ ਦਾ ਫਲ ਮਿੱਠਾ ਹੁੰਦਾ ਹੈ।” ਫਿਰ ਸਾਡੀ ਮਾਮੀ ਨੇ ਮੈਨੂੰ ਰਿਸ਼ਤਾ ਕਰਵਾ ਦਿੱਤਾ। ਸਾਦਾ ਜਿਹਾ ਵਿਆਹ ਹੋ ਗਿਆ।
ਅਸੀਂ ਕੋਹਲੂ ਵਾਲੇ ਬਲਦ ਵਾਂਗ ਘੁੰਮਦੇ ਰਹਿੰਦੇ। ਆੜ੍ਹਤੀਆ ਪੈਸੇ ਨਾਲ ਨਿਹਾਲ ਹੋ ਜਾਂਦਾ ਤੇ ਅਸੀਂ ਕੰਗਾਲ ਹੋ ਜਾਂਦੇ। ਹਾੜ੍ਹੀ-ਸਾਉਣੀ ਬੀਜਦਿਆਂ-ਵੱਢਦਿਆਂ ਮੇਰੇ ਵੀ ਦੋ ਬੱਚੇ ਹੋ ਗਏ। ਖਰਚੇ ਵੱਲੋਂ ਝੱਗਾ ਮੇਚ ਆਉਣੋਂ ਹਟ ਗਿਆ। ਅਖੀਰ ਅਸੀਂ ਤਿੰਨਾਂ ਭਰਾਵਾਂ ਨੇ ਸਲਾਹ ਕੀਤੀ ਕਿ ਜ਼ਮੀਨ ਵੇਚ ਕੇ ਇਕ ਨੂੰ ਬਾਹਰ ਭੇਜਿਆ ਜਾਵੇ। ਅਸੀਂ ਜ਼ਮੀਨ ਵੇਚੀ ਤੇ ਏਜੰਟ ਨੂੰ ਪੈਸੇ ਦੇ ਦਿੱਤੇ। ਏਜੰਟ ਧੋਖਾ ਕਰ ਗਿਆ ਅਤੇ ਰਕਮ ਡੁੱਬ ਗਈ। ‘ਬਹੁਤੀ ਖਾਂਦੀ ਥੋੜ੍ਹੀ ਤੋਂ ਵੀ ਗਈ’ ਵਾਲੀ ਗੱਲ ਸਾਡੇ ਨਾਲ ਹੋਈ। ਘਰੇ ਕੋਈ ਕਮਾਈ ਤਾਂ ਵਧੀ ਨਹੀਂ, ਪਰ ਲੜਾਈ ਕੁੱਕੜਾਂ ਵਾਂਗ ਹੁੰਦੀ। ਹੁਣ ਸਾਡੇ ਕੋਲ ਵੇਚਣ ਨੂੰ ਕੁੱਝ ਨਹੀਂ ਸੀ। ਸਿਰਫ਼ ਘਰ ਸੀ ਜਾਂ ਛੜੇ ਚਾਚੇ ਵਾਲੀ ਜ਼ਮੀਨ। ਉਂਜ ਚਾਚਾ ਸਾਡਾ ਦੁੱਖ-ਦਰਦ ਜਾਣਦਾ ਸੀ ਪਰ ਕੁਝ ਕਹਿਣ ਤੋਂ ਜਿਵੇਂ ਘਬਰਾਉਂਦਾ ਹੋਵੇ।
ਫਿਰ ਇਕ ਦਿਨ ਚਾਚੇ ਨੇ ਅੰਦਰਲੀ ਹਮਦਰਦੀ ਬੱਲ੍ਹਾਂ ‘ਤੇ ਲੈ ਆਂਦੀ। ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਮੈਨੂੰ ਬਾਹਰ ਭੇਜਣ ਲਈ ਤਿਆਰ ਹੋ ਗਿਆ। ਮੇਰੇ ਭਰਾ ਇਹ ਖੇਡ ਦੁਬਾਰਾ ਨਹੀਂ ਖੇਡਣੀ ਚਾਹੁੰਦੇ ਸੀ, ਪਰ ਮੇਰੀ ਜ਼ਿਦ ਤੇ ਚਾਚੇ ਦੀ ਹੱਲਾਸ਼ੇਰੀ ਨੇ ਫਿਰ ਸਾਨੂੰ ਤਿਆਰ ਕਰ ਲਿਆ। ਦੂਜੇ ਪਾਸੇ ਫੌਜੀ ਚਾਚਾ ਤੇ ਛੋਟਾ ਚਾਚਾ ਲਾਲਚ ਦੀਆਂ ਬੋਰੀਆਂ ਚੁੱਕ ਲਿਆਏ ਕਿ ਜ਼ਮੀਨ ਵਿਚੋਂ ਸਾਨੂੰ ਵੀ ਹਿੱਸਾ ਆਉਂਦਾ ਸੀ। ਚਾਚਾ ਸਾਡਾ ਪੂਰਾ ਜੁਗਤੀ ਸੀ। ਉਹ ਕਹਿੰਦਾ, ‘ਮੈਂ ਆਪਣੀ ਜ਼ਮੀਨ ਵੇਚਾਂ, ਚਾਹੇ ਰੱਖਾਂ; ਚਾਹੇ ਦਾਨ ਕਰ ਜਾਵਾਂ। ਤੁਹਾਨੂੰ ਕੀ?’ ਉਹ ਦੋਵੇਂ ਜਣੇ ਰੌਲਾ ਪਾ ਕੇ ਇੰਜ ਬੈਠ ਗਏ ਜਿਵੇਂ ਕੁੜੀ ਦੱਬ ਕੇ ਆਏ ਹੋਣ। ਬਾਹਰ ਆਉਣ ਦੀ ਮੇਰੀ ਵਾਰੀ ਨਿਕਲ ਆਈ। ਏਜੰਟ ਨਾਲ ਗੱਲ ਕੀਤੀ। ਉਹ ਦੇਖਣ ਨੂੰ ਤਾਂ ਅੜਬ ਜਿਹਾ ਲੱਗਦਾ ਸੀ ਪਰ ਵਾਅਦੇ ਦਾ ਖਰਾ ਨਿਕਲਿਆ ਤੇ ਮੈਨੂੰ ਅਮਰੀਕਾ ਲੈ ਆਇਆ। ਇਥੇ ਆ ਕੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ। ਉਨ੍ਹਾਂ ਨੇ ਸਲਾਹਾਂ ਤਾਂ ਵਕੀਲਾਂ ਵਾਂਗ ਦਿੱਤੀਆਂ ਪਰ ਕਿਸੇ ਨੇ ਕੋਰਟ-ਕਚਹਿਰੀਆਂ ਵਿਚ ਜਾਣ ਲਈ ਹੁੰਗਾਰਾ ਨਾ ਭਰਿਆ। ਫਿਰ ਇਕ ਗੁਰਦੁਆਰੇ ਟਿਕ ਗਿਆ। ਉਥੇ ਇਕ ਗੁਰਸਿੱਖ ਵੀਰ ਨੇ ਬਾਂਹ ਫੜੀ ਤੇ ਮੈਨੂੰ ਵਕੀਲ ਕੋਲ ਲੈ ਗਿਆ। ਕੰਮ ਵਾਲੇ ਪੇਪਰ ਮਿਲ ਗਏ। ਉਸ ਵੀਰ ਨੇ ਟਰੱਕ ਦਾ ਲਾਇਸੰਸ ਬਣਵਾ ਦਿੱਤਾ ਤੇ ਆਪਣੇ ਨਾਲ ਹੀ ਟਰੱਕ ‘ਤੇ ਚਾੜ੍ਹ ਲਿਆ ਤੇ ਟਰੱਕ ਸਿਖਾ ਕੇ ਮੈਨੂੰ ਉਹ ਆਪਣਾ ਟਰੱਕ ਦੇ ਕੇ ਇੰਡੀਆ ਚਲਿਆ ਗਿਆ। ਪਿੱਛੋਂ ਮੈਂ ਚੰਗੀ ਕਮਾਈ ਕੀਤੀ। ਫਿਰ ਉਸ ਵੀਰ ਨੇ ਆ ਕੇ ਮੈਨੂੰ ਟਰੱਕ ਲੈ ਕੇ ਦੇ ਦਿੱਤਾ। ਮੈਂ ਸਭ ਤੋਂ ਪਹਿਲਾਂ ਦੋ ਕਿੱਲੇ ਜ਼ਮੀਨ ਖਰੀਦ ਕੇ ਛੜੇ ਚਾਚੇ ਦੇ ਨਾਂ ਕਰਵਾਈ। ਫਿਰ ਦੋ-ਦੋ ਕਿੱਲੇ ਦੋਵਾਂ ਭਰਾਵਾਂ ਦੇ ਨਾਂ ਕਰਵਾ ਦਿੱਤੀ। ਫਿਰ ਬਾਹਰ ਫਿਰਨੀ ‘ਤੇ ਪਲਾਟ ਲੈ ਕੇ ਕੋਠੀ ਪਾਈ। ਦੋਵੇਂ ਭਰਾ ਵਿਆਹ ਦਿੱਤੇ। ਮਾਂ ਬਾਗੋ-ਬਾਗ ਹੋ ਗਈ। ਮੇਰਾ ਸਾਰਾ ਪਰਿਵਾਰ ਬਹਾਰਾਂ ਤੋਂ ਬਿਨਾਂ ਪੱਤਝੜ ਹੰਢਾਉਂਦਾ ਰਿਹਾ ਸੀ। ਕਈ ਸਾਲ ਪੇਪਰਾਂ ਦੀ ਉਡੀਕ ਕਰਦਾ ਰਿਹਾ। ਘਰਵਾਲੀ ਤੇ ਬੱਚਿਆਂ ਨੂੰ ਲਾਰੇ ਤੇ ਵਾਅਦੇ ਲਾਉਂਦਾ ਰਿਹਾ। ਇਥੇ ਆਏ ਨੂੰ ਅਠਾਰਾਂ ਸਾਲ ਹੋ ਗਏ ਸੀ। ਬੇਬੇ ਕਹਿ ਦਿੰਦੀ, “ਪੁੱਤ, ਤੂੰ ਮੇਰੇ ਜੈਤੋ ਵਾਲੇ ਭੂਆ ਦੇ ਪੋਤੇ ਕੋਲ ਜਾਹ, ਉਹ ਤੈਨੂੰ ਪੱਕਾ ਕਰਵਾ ਦੇਵੇਗਾ। ਮੇਰਾ ਨਾਂ ਲੈ ਦੇਈਂ।” ਕਦੇ ਬੇਬੇ ਕਹਿੰਦੀ, “ਤੂੰ ਬਰਨਾਲੇ ਵਾਲੇ ਮੇਰੇ ਮਾਮੇ ਦੇ ਪੁੱਤ ਕੋਲ ਜਾਹ। ਉਸ ਦੀ ਬਥੇਰੀ ਬਣੀ ਹੋਈ ਹੈ। ਇਥੇ ਉਹ ਤੈਨੂੰ ਪੱਕਾ ਕਰਵਾ ਦਊ।” ਬੇਬੇ ਵਿਚਾਰੀ ਨੂੰ ਕੀ ਪਤਾ ਸੀ ਕਿ ਇਥੇ ਭਾਈ ਨੂੰ ਭਾਈ ਨਹੀਂ ਸਿਆਣਦਾ। ਧੀ ਮਾਪਿਆਂ ਤੋਂ ਮਕਾਨ ਦਾ ਕਿਰਾਇਆ ਲੈ ਲੈਂਦੀ ਹੈ। ਮਾਪਿਆਂ ਦੀ ਪੈਨਸ਼ਨ ਪਿੱਛੇ ਲੜਾਈਆਂ ਹੁੰਦੀਆਂ ਨੇ।
ਬੇਬੇ ਵਿਚਾਰੀ ਇਥੇ ਜੈਤੋ ਵਾਲਿਆਂ ਤੋਂ ਗਰੀਨ ਕਾਰਡ ਦਿਵਾਉਣ ਲੱਗੀ ਸੀ। ਮੈਂ ਜਾਂਦਾ-ਆਉਂਦਾ ਤਾਂ ਬਹੁਤ ਰਿਹਾ, ਪਰ ਉਹ ਵਿਚਾਰੇ ਕਰ ਵੀ ਕੀ ਸਕਦੇ ਸਨ? ਖੈਰ! ਮੇਰੇ ਇਥੇ ਆਉਣ ਨਾਲ ਘਰ ਦਾ ਮੂੰਹ-ਮੱਥਾ ਸੰਵਾਰਿਆ ਗਿਆ। ਹੁਣ ਬੇਬੇ ਕਹਿਣ ਲੱਗੀ, “ਪੁੱਤ, ਮੁੜ ਆ ਹੁਣ। ਨਹੀਂ ਤਾਂ ਫਿਰ ਮਰੀ ਦਾ ਮੂੰਹ ਦੇਖਣ ਆਵੇਂਗਾ।” ਭਰਾ ਕਹਿ ਦਿੰਦੇ, “ਇਕ ਸਾਲ ਹੋਰ ਦੇਖ ਲੈ।”
ਚਾਚਾ ਕਹਿੰਦਾ, “ਆ ਜਾ, ਤੇਰਾ ਮੂੰਹ ਦੇਖ ਲਈਏ। ਫਿਰ ਮਰਿਆਂ ਤੋਂ ਆ ਕੇ ਨਲੀਆਂ ਕੰਧਾਂ ਨੂੰ ਲਾਈ ਜਾਵੇਂਗਾ।” ਮੈਂ ਵੀ ਦੋਚਿਤੀ ਵਿਚ ਪੈ ਜਾਂਦਾ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ? ਫਿਰ ਇਕ ਦਿਨ ਉਹ ਟਰੱਕ ਵਾਲਾ ਵੀਰ ਮਿਲਿਆ। ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਉਸ ਵੀਰ ਨੇ ਕਿਹਾ ਕਿ ਹੁਣ ਤੂੰ ਅੰਮ੍ਰਿਤ ਛਕ ਕੇ ਸਿੰਘ ਸਜ ਜਾ। ਪਰਮਾਤਮਾ ਨੇ ਤੈਨੂੰ ਸਭ ਕੁਝ ਦਿੱਤਾ ਹੈ। ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰ, ਤੇਰੇ ਰਹਿੰਦੇ ਕਾਰਜ ਵੀ ਸੰਵਾਰ ਦੇਵੇਗਾ। ਫਿਰ ਮੈਂ ਪੂਰਾ ਇਕ ਸਾਲ ਪੰਜ ਕੱਕਿਆਂ ਦਾ ਧਾਰਨੀ ਬਣਿਆ ਰਿਹਾ। ਬਗੈਰ ਅੰਮ੍ਰਿਤ ਛਕਣ ਤੋਂ ਮੈਂ ਦੇਖਣਾ ਚਾਹੁੰਦਾ ਸੀ ਕਿ ਮੈਂ ਕਿਤੇ ਡੋਲ ਤਾਂ ਨਹੀਂ ਜਾਂਵਗਾ, ਪਰ ਪਰਮਾਤਮਾ ਨੇ ਸਿਰ ‘ਤੇ ਮਿਹਰਾਂ ਭਰਿਆ ਹੱਥ ਰੱਖਿਆ। ਪੂਰੇ ਸਾਲ ਬਾਅਦ ਅੰਮ੍ਰਿਤ ਛਕ ਲਿਆ ਤੇ ਅਗਲੇ ਮਹੀਨੇ ਗਰੀਨ ਕਾਰਡ ਮਨਜ਼ੂਰ ਹੋ ਗਿਆ।
ਅਮਰੀਕਾ ਆਉਣ ਤੋਂ ਵੀਹ ਸਾਲ ਤਿੰਨ ਮਹੀਨੇ ਤੇ ਨੌ ਦਿਨਾਂ ਬਾਅਦ ਮੈਨੂੰ ਮੇਰੀ ਘਰਵਾਲੀ ਤੇ ਦੋਵੇਂ ਬੱਚੇ ਮਿਲੇ ਸਨ। ਜ਼ਿੰਦਗੀ ਦਾ ਜਿਵੇਂ ਉਜੜਿਆ ਬਾਗ ਹਰਿਆ ਹੋ ਗਿਆ ਹੋਵੇ। ਜਿਨ੍ਹਾਂ ਬੱਚਿਆਂ ਨੂੰ ਗੋਦੀ ਵਿਚੋਂ ਉਤਾਰ ਕੇ ਆਇਆ ਸਾਂ, ਉਹ ਹੁਣ ਮੇਰੇ ਮੋਢੇ ਤੋਂ ਉਚੇ ਲੰਘ ਚੁੱਕੇ ਸੀ। ਪਰਾਮਤਮਾ ਨੇ ਮੇਰੀ ਨੀਵਿਆਂ ਹੋ ਕੇ ਅਰਦਾਸ ਸੁਣ ਲਈ ਸੀ। ਬੱਚੇ ਕਾਲਜ ਪੜ੍ਹਨ ਲੱਗ ਪਏ। ਘਰ ਖਰੀਦ ਲਿਆ। ਬੀਤਿਆ ਵੇਲਾ ਫਿਲਮ ਵਾਂਗ ਅੱਖਾਂ ਅੱਗਿਓਂ ਲੰਘ ਗਿਆ। ਚੇਤੇ ਆਇਆ, ਅਗਲੇ ਸਾਲ ਗਰੀਨ ਕਾਰਡ ਮਿਲਣ ਵਾਲਾ ਸੀ। ਪਿੰਡ ਬੇਬੇ ਅੱਖਾਂ ਮੀਚ ਗਈ। ਮੇਰਾ ਜਿਵੇਂ ਸਾਰਾ ਕੁਝ ਲੁੱਟਿਆ ਗਿਆ ਹੋਵੇ। ਕਦੇ ਪੇਪਰਾਂ ਵਾਲਿਆਂ ‘ਤੇ ਗਿਲਾ ਕਰਦਾ, ਕਦੇ ਆਪਣੇ ‘ਤੇ। ਫਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਨੂੰ ਮੈਂ ਪਿਛਲੇ ਬਾਈ ਸਾਲਾਂ ਤੋਂ ਉਡੀਕਦਾ ਸੀ। ਮੇਰਾ ਪਿੰਡ ਜਾਣ ਦਾ ਸੁਪਨਾ ਪੂਰਾ ਹੋਇਆ। ਇਕੱਲੇ-ਇਕੱਲੇ ਘਰ ਜਾ ਕੇ ਸਭ ਨੂੰ ਮਿਲ ਕੇ ਆਇਆ। ਕਿਸੇ ਨੇ ਮੱਥੇ ਵੱਟ ਨਹੀਂ ਪਾਇਆ। ਚਾਚੇ ਤਿੰਨੇ ਬਜ਼ੁਰਗ ਹੋ ਚੁੱਕੇ ਸਨ। ਤਿੰਨਾਂ ਘਰਾਂ ਨੂੰ ਸੱਦ ਕੇ ਪੱਕੀਆਂ ਵੰਡਾਂ ਪਾ ਦਿੱਤੀਆਂ। ਆਪਣਾ ਹਿੱਸਾ ਆਪਣੇ ਭਰਾਵਾਂ ਨੂੰ ਦੇ ਆਇਆ। ਧਰਮ ਸਥਾਨਾਂ ਦੀ ਯਾਤਰਾ ਕੀਤੀ ਪਰ ਬੇਬੇ ਨੂੰ ਮਿਲਣ ਤੋਂ ਬਿਨਾਂ ਇੰਜ ਲੱਗਿਆ ਜਿਵੇਂ ਮੇਰੀ ਯਾਤਰਾ ਅਧੂਰੀ ਰਹਿ ਗਈ ਹੋਵੇ। ਅੱਜ ਜੈਤੋ ਤੇ ਬਰਨਾਲੇ ਵਾਲਿਆਂ ਦੇ ਫੋਨ ਆਉਂਦੇ ਨੇ ਕਿ ਜਦੋਂ ਬੱਚਿਆਂ ਦਾ ਕਾਰਜ ਕਰਨਾ ਹੋਇਆ, ਦੱਸੀਂ, ਅਸੀਂ ਵਧੀਆ ਰਿਸ਼ਤੇ ਕਰਵਾਵਾਂਗੇ। ਹੋ ਸਭ ਕੁਝ ਜਾਂਦਾ ਹੈ, ਸਮਾਂ ਲੱਗਦਾ ਹੈ ਪਰ ਜ਼ਖ਼ਮਾਂ ‘ਤੇ ਪਾਇਆ ਲੂਣ ਕਦੇ ਵੀ ਨਹੀਂ ਭੁੱਲਦਾ। ਚਲੋæææ।
Leave a Reply