ਮੁੜ ਸੱਤਾ ਪ੍ਰਾਪਤੀ ਲਈ ਭਾਜਪਾ ਨੇ ਚੁੱਕੇ ਹਿੰਦੂਤਵੀ ਹਥਿਆਰ

ਨਵੀਂ ਦਿੱਲੀ: ਭਾਜਪਾ ਨੇ ਮੁੜ ਸੱਤਾ ਵਿਚ ਆਉਣ ਲਈ ਹਿੰਦੂਤਵੀ ਅਤੇ ਰਾਸ਼ਟਰਵਾਦ ਦੇ ਏਜੰਡੇ ਨੂੰ ਅੱਗੇ ਕੀਤਾ ਹੈ। ਇਸ ਭਗਵਾ ਧਿਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਵਿਕਾਸ ਤੇ ਹੋਰ ਲੋਕ ਮੁੱਦਿਆਂ ਦੀ ਥਾਂ ਰਾਮ ਮੰਦਰ ਦੀ ਉਸਾਰੀ, ਰਾਸ਼ਟਰਵਾਦ ਦੀ ਭਾਵਨਾ ਤਹਿਤ ਕੌਮੀ ਸੁਰੱਖਿਆ ਨੂੰ ਮਜ਼ਬੂਤ ਕਰਨ, ਜੰਮੂ ਕਸ਼ਮੀਰ ਨੂੰ ਸੰਵਿਧਾਨ ਦੀ ਧਾਰਾ 370 ਤਹਿਤ ਮਿਲੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ, ਸੰਵਿਧਾਨ ਦੀ ਧਾਰਾ 35 ਏ ਨੂੰ ਮਨਸੂਖ ਕਰਨ ਤੇ ਨਾਗਰਿਕਾਂ ਬਾਰੇ ਕੌਮੀ ਰਜਿਸਟਰ (ਐਨæਆਰæਸੀæ) ਨੂੰ ਪੜਾਅਵਾਰ ਪੂਰੇ ਮੁਲਕ ਵਿਚ ਲਾਗੂ ਕਰਨ ਦੇ ਵਾਅਦੇ ਕੀਤੇ ਹਨ।

ਇਹ ਉਹੀ ਮੁੱਦੇ ਹਨ ਜਿਨ੍ਹਾਂ ਰਾਹੀਂ ਮੋਦੀ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿਚ ਰਾਸ਼ਟਰਵਾਦ ਦੀ ਭਾਵਨਾ ਨੂੰ ਉਭਾਰਿਆ ਹੈ। ਹੁਣ ਇਨ੍ਹਾਂ ਮੁੱਦਿਆਂ ਨੂੰ ਹੋਰ ਅੱਗੇ ਲੈ ਕੇ ਜਾਣ ਦਾ ਭਰੋਸਾ ਦਿੰਦਿਆਂ ਭਾਜਪਾ ਨੇ ਇਕ ਹੋਰ ਮੌਕਾ ਮੰਗਿਆ ਹੈ। ਦਿਲਚਸਪ ਗੱਲ ਹੈ ਕਿ ਭਾਜਪਾ ਨੇ ਇਸ ਵਾਰ ਭ੍ਰਿਸ਼ਟਾਚਾਰ, ਮਹਿੰਗਾਈ ਤੇ ਰੁਜ਼ਗਾਰ ਦੇ ਮੁੱਦਿਆਂ ‘ਤੇ ਕੋਈ ਬਹੁਤਾ ਜ਼ੋਰ ਨਹੀਂ ਦਿੱਤਾ। ਇਹ ਉਹੀ ਮੁੱਦੇ ਹਨ ਜਿਨ੍ਹਾਂ ਦੇ ਸਹਾਰੇ ਭਾਜਪਾ ਨੇ 2014 ਵਿਚ ਸੱਤਾ ਹਾਸਲ ਕੀਤੀ ਸੀ। ਦੂਜੇ ਪਾਸੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਸੰਵਿਧਾਨ ਦੀਆਂ ਧਾਰਾਵਾਂ (370 ਤੇ 35 ਏ) ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਜੰਮੂ ਕਸ਼ਮੀਰ ਦੇ ਲੋਕਾਂ ਲਈ ‘ਆਜ਼ਾਦੀ’ ਦਾ ਰਾਹ ਪੱਧਰਾ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦਿਲਾਂ ਨੂੰ ਤੋੜਨ ਦੀ ਥਾਂ ਜੋੜਨ ਦੀ ਕੋਸ਼ਿਸ਼ ਕਰੇ।