ਸੱਤਾਧਾਰੀ ਧਿਰ ਖਿਲਾਫ ਭੁਗਤਦੇ ਨੇ ਪੰਜਾਬ ਦੇ ਵੋਟਰ

ਚੰਡੀਗੜ੍ਹ: ਪੰਜਾਬ ਦੇ ਵੋਟਰਾਂ ਨੇ ਸੰਸਦੀ ਚੋਣਾਂ ਦੌਰਾਨ ਅਕਸਰ ਸੂਬੇ ਵਿਚਲੀ ਹਾਕਮ ਧਿਰ ਨੂੰ ਸਿਆਸੀ ਝਟਕਾ ਹੀ ਦਿੱਤਾ ਹੈ। ਪੰਜਾਬੀਆਂ ਦਾ ਸੰਸਦੀ ਚੋਣਾਂ ਦੌਰਾਨ ਫਤਵਾ ਹਮੇਸ਼ਾ ਹੈਰਾਨ ਕਰਨ ਵਾਲਾ ਰਿਹਾ ਹੈ ਤੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਨਤੀਜੇ ਦੇ ਉਲਟ ਵੀ ਰਿਹਾ ਹੈ। ਸਭ ਤੋਂ ਵੱਡੀ ਉਦਾਹਰਨ ਪੰਜ ਸਾਲ ਪਹਿਲਾਂ ਹੋਈਆਂ ਸੰਸਦੀ ਚੋਣਾਂ ਹਨ ਜਦੋਂ ‘ਆਪ’ ਨੂੰ ਸਮੁੱਚੇ ਦੇਸ਼ ਨੇ ਨਾਕਾਰ ਦਿੱਤਾ ਪਰ ਪੰਜਾਬ ਵਿਚੋਂ ਚਾਰ ਉਮੀਦਵਾਰ ਜਿੱਤ ਗਏ ਸਨ।

ਸੂਬੇ ਵਿਚ ਪਿਛਲੇ ਢਾਈ ਦਹਾਕਿਆਂ ਦੌਰਾਨ ਹੋਈਆਂ ਚੋਣਾਂ ਦਾ ਅਧਿਐਨ ਕਰਦਿਆਂ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਸਿਰਫ 1998 ਦੀਆਂ ਸੰਸਦੀ ਚੋਣਾਂ ਦੌਰਾਨ ਉਸ ਸਮੇਂ ਦੀ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਪੱਖ ਵਿਚ ਬਹੁ ਗਿਣਤੀ ਸੀਟਾਂ ਆਈਆਂ ਸਨ। ਉਸ ਤੋਂ ਇਕ ਸਾਲ ਬਾਅਦ ਹੀ 1999 ਦੀਆਂ ਚੋਣਾਂ ਦੌਰਾਨ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਫਰੀਦਕੋਟ ਹਲਕੇ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਰੌਚਕ ਤੱਥ ਇਹ ਹੈ ਕਿ ਇਸ ਵਾਰੀ ਸਥਿਤੀ ਵਿਚ ਕੁਝ ਅੰਤਰ ਦਿਖਾਈ ਦੇ ਰਿਹਾ ਹੈ। ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਜੇ ਸੂਬੇ ਦੇ ਲੋਕ ਖੁਸ਼ ਦਿਖਾਈ ਨਹੀਂ ਦੇ ਰਹੇ ਤਾਂ ਇਕ ਦਹਾਕਾ ਸੱਤਾ ਦਾ ਸੁੱਖ ਭੋਗਣ ਵਾਲੇ ਅਕਾਲੀਆਂ ਖਿਲਾਫ ਵੀ ਲੋਕਾਂ ਦਾ ਰੋਹ ਹਾਲ ਦੀ ਘੜੀ ਠੰਢਾ ਹੋਇਆ ਦਿਖਾਈ ਨਹੀਂ ਦੇ ਰਿਹਾ। ਇਹੀ ਕਾਰਨ ਹੈ ਕਿ ਕਾਂਗਰਸ ਨੂੰ ਇਨ੍ਹਾਂ ਚੋਣਾਂ ਦੌਰਾਨ ਚੰਗੀ ਕਾਰਗੁਜ਼ਾਰੀ ਦੀ ਉਮੀਦ ਹੈ।
ਪੰਜਾਬ ਵਿਚ ਅਤਿਵਾਦ ਦੇ ਕਾਲੇ ਦੌਰ ਦੌਰਾਨ ਗਵਰਨਰੀ ਰਾਜ ਤੋਂ ਬਾਅਦ 1992 ਦੀਆਂ ਵਿਧਾਨ ਸਭਾ ਤੇ ਸੰਸਦੀ ਚੋਣਾਂ ਤਾਂ ਭਾਵੇਂ ਬਹੁਤ ਘੱਟ ਵੋਟ ਫੀਸਦੀ ਨਾਲ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ ਪਰ ਕਾਂਗਰਸ ਦੇ ਹੀ ਇਸੇ ਸ਼ਾਸਨ ਦੌਰਾਨ ਜਦੋਂ 1996 ਵਿਚ ਸੰਸਦੀ ਚੋਣਾਂ ਦਾ ਇਮਤਿਹਾਨ ਹੋਇਆ ਤਾਂ ਕਾਂਗਰਸ ਨੂੰ ਇਕ ਵੀ ਸੀਟ ਨਹੀਂ ਸੀ ਮਿਲੀ। ਉਸ ਤੋਂ ਬਾਅਦ 1997 ਵਿਚ ਪੰਜਾਬ ਅੰਦਰ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੀ।
ਸਰਕਾਰ ਬਣਨ ਤੋਂ ਇਕ ਸਾਲ ਬਾਅਦ ਹੀ 1998 ‘ਚ ਹੋਈਆਂ ਸੰਸਦੀ ਚੋਣਾਂ ਦੌਰਾਨ ਤਾਂ ਗੱਠਜੋੜ ਦੀ ਕਾਰਗੁਜ਼ਾਰੀ ਠੀਕ ਰਹੀ ਪਰ ਜਿਵੇਂ ਹੀ 1999 ਦੀਆਂ ਚੋਣਾਂ ਦਾ ਇਮਤਿਹਾਨ ਸਿਰ ‘ਤੇ ਆਇਆ ਤਾਂ ਅਕਾਲੀਆਂ ਦੇ ਪੱਲੇ ਦੋ ਸੀਟਾਂ ਪਈਆਂ ਤੇ ਭਾਜਪਾ ਨੇ ਸਿਰਫ ਇਕ ਸੀਟ ਹੀ ਜਿੱਤੀ ਸੀ। ਬਾਦਲ ਪਰਿਵਾਰ ਨੇ ਫਰੀਦਕੋਟ ਦੀ ਸੀਟ ਵੱਕਾਰ ਦਾ ਸਵਾਲ ਬਣਾ ਕੇ ਲੜੀ ਸੀ ਤੇ ਸੂਬੇ ਵਿਚ ਸਰਕਾਰ ਹੋਣ ਦੇ ਬਾਵਜੂਦ ਜਿੱਤ ਨਹੀਂ ਸਨ ਸਕੇ। ਸਾਲ 2002 ਵਿਚ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਵੀ ਸਵਾ ਦੋ ਸਾਲਾਂ ਤੋਂ ਬਾਅਦ 2004 ਦੀਆਂ ਸੰਸਦੀ ਚੋਣਾਂ ਆ ਗਈਆਂ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਸਿਰਫ ਜਲੰਧਰ ਤੇ ਪਟਿਆਲਾ ਦੀਆਂ ਦੋ ਸੀਟਾਂ ਹੀ ਜਿੱਤ ਸਕੀ ਸੀ। ਦੂਜੇ ਪਾਸੇ, ਅਕਾਲੀ-ਭਾਜਪਾ ਗੱਠਜੋੜ ਨੇ 11 ਸੀਟਾਂ ਜਿੱਤੀਆਂ ਸਨ। ਪੰਜਾਬ ਵਿਚ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਤਬਦੀਲੀ ਆਈ ਤੇ ਅਕਾਲੀ-ਭਾਜਪਾ ਸਰਕਾਰ ਹੋਂਦ ਵਿਚ ਆ ਗਈ। ਗੱਠਜੋੜ ਸਰਕਾਰ ਦੇ ਇਸ ਸ਼ਾਸਨ ਦੌਰਾਨ ਜਦੋਂ 2009 ਦੀਆਂ ਸੰਸਦੀ ਚੋਣਾਂ ਆਈਆਂ ਤਾਂ ਕਾਂਗਰਸ ਨੇ ਵੀ 6 ਸੀਟਾਂ ਜਿੱਤ ਲਈਆਂ ਸਨ। ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹੀ ਸਥਾਪਤ ਧਿਰਾਂ ਕਾਂਗਰਸ ਤੇ ਅਕਾਲੀ ਦਲ ਲਈ ਸਭ ਤੋਂ ਚੁਣੌਤੀ ਪੂਰਨ 2014 ਦੀਆਂ ਸੰਸਦੀ ਚੋਣਾਂ ਰਹੀਆਂ।
____________________________
ਕਾਂਗਰਸ ਨੇ ਪੰਜਾਬ ਲਈ ਤਿੰਨ ਹੋਰ ਉਮੀਦਵਾਰ ਐਲਾਨੇ
ਚੰਡੀਗੜ੍ਹ: ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਦੇ ਤਿੰਨ ਹੋਰ ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਐਲਾਨੇ ਗਏ ਉਮੀਦਵਾਰਾਂ ਦੀ ਕੁੱਲ ਗਿਣਤੀ ਨੌਂ ਹੋ ਗਈ ਹੈ। ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਤੋਂ ਸਾਬਕਾ ਆਈ.ਏ.ਐਸ਼ ਅਧਿਕਾਰੀ ਡਾ. ਅਮਰ ਸਿੰਘ, ਫਰੀਦਕੋਟ ਤੋਂ ਗਾਇਕ ਮੁਹੰਮਦ ਸਦੀਕ ਅਤੇ ਖਡੂਰ ਸਾਹਿਬ ਤੋਂ ਸੀਨੀਅਰ ਕਾਂਗਰਸ ਆਗੂ ਜਸਬੀਰ ਸਿੰਘ ਡਿੰਪਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਫਤਿਹਗੜ੍ਹ ਸਾਹਿਬ ਤੋਂ ਟਿਕਟ ਦੇ ਕਈ ਦਾਅਵੇਦਾਰ ਸਨ ਪਰ ਉਨ੍ਹਾਂ ਸਾਰਿਆਂ ਉਪਰ ਡਾ. ਅਮਰ ਸਿੰਘ ਭਾਰੂ ਪਏ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਟਿਕਟ ਦਿੱਤੇ ਜਾਣ ਦਾ ਇਸ਼ਾਰਾ ਮਿਲ ਗਿਆ ਸੀ, ਜਿਸ ਕਰਕੇ ਉਨ੍ਹਾਂ ਨੇ ਹਲਕੇ ਵਿਚ ਵਰਕਰ ਮੀਟਿੰਗਾਂ ਸ਼ੁਰੂ ਕਰਕੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਬਾਕਾਇਦਾ ਉਨ੍ਹਾਂ ਦੇ ਨਾਂ ‘ਤੇ ਮੋਹਰ ਲਾ ਦਿੱਤੀ ਹੈ। ਖਡੂਰ ਸਾਹਿਬ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਤਿੰਨ ਤਕੜੇ ਦਾਅਵੇਦਾਰ ਸਨ, ਜਿਨ੍ਹਾਂ ਵਿਚੋਂ ਜਸਬੀਰ ਸਿੰਘ ਡਿੰਪਾ ਟਿਕਟ ਲੈਣ ਵਿਚ ਸਫਲ ਹੋ ਗਏ। ਇਸ ਹਲਕੇ ਤੋਂ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਨੇ ਟਿਕਟ ਹਾਸਲ ਕਰਨ ਲਈ ਕਾਫੀ ਯਤਨ ਕੀਤੇ ਸਨ। ਇਸ ਹਲਕੇ ਤੋਂ ਦਿਲਚਸਪ ਮੁਕਾਬਲਾ ਹੋਣ ਦੇ ਆਸਾਰ ਹਨ ਕਿਉਂਕਿ ਹਲਕੇ ਤੋਂ ਬੀਬੀ ਜਗੀਰ ਕੌਰ ਅਤੇ ਮਨੁੱਖੀ ਅਧਿਕਾਰ ਕਾਰਕੁਨ ਖਾਲੜਾ ਦੀ ਪਤਨੀ ਚੋਣ ਮੈਦਾਨ ਵਿਚ ਹਨ। ਫਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਲੀਡਰਸ਼ਿਪ ਵਾਲਮੀਕ ਭਾਈਚਾਰੇ ਦੇ ਕਿਸੇ ਆਗੂ ਨੂੰ ਟਿਕਟ ਦੇਣਾ ਚਾਹੁੰਦੀ ਸੀ ਪਰ ਹਲਕੇ ਵਿਚ ਕੋਈ ਵੀ ਕੱਦਵਾਰ ਨੇਤਾ ਨਾ ਹੋਣ ਕਰਕੇ ਪੰਜਾਬੀ ਗਾਇਕ ਮੁਹੰਮਦ ਸਦੀਕ ਨੂੰ ਟਿਕਟ ਦਿੱਤੀ ਗਈ।
_____________________________
‘ਆਪ’ ਨੇ ਪਟਿਆਲਾ ਤੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨੇ
ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਪਟਿਆਲਾ ਅਤੇ ਫਿਰੋਜ਼ਪੁਰ ਤੋਂ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਨੀਨਾ ਮਿੱਤਲ ਨੂੰ ਪਟਿਆਲਾ ਅਤੇ ਹਰਜਿੰਦਰ ਸਿੰਘ ਕਾਕਾ ਸਰਾਂ ਨੂੰ ਫਿਰੋਜ਼ਪੁਰ ਤੋਂ ਲੋਕ ਸਭਾ ਉਮੀਦਵਾਰ ਬਣਾਇਆ ਗਿਆ ਹੈ। ਰਾਜਪੁਰਾ ਨਾਲ ਸਬੰਧਤ ਨੀਨਾ ਮਿੱਤਲ ਪਾਰਟੀ ਦੇ ਟਰੇਡ ਵਿੰਗ ਪੰਜਾਬ ਦੀ ਪ੍ਰਧਾਨ ਹੈ। ਨੀਨਾ ਮਿੱਤਲ (47) ਇਕ ਸਫਲ ਕਾਰੋਬਾਰੀ ਔਰਤ ਹੋਣ ਦੇ ਨਾਲ ਸਮਾਜ ਸੇਵਕਾ ਵਜੋਂ ਵੀ ਸਰਗਰਮ ਹੈ। ਪਾਰਟੀ ਦੇ ਪੁਰਾਣੇ ਵਾਲੰਟੀਅਰ ਹਰਜਿੰਦਰ ਸਿੰਘ ਕਾਕਾ ਸਰਾਂ (48) ਫਿਰੋਜ਼ਪੁਰ ਦੇ ਤਲਵੰਡੀ ਭਾਈ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਹਨ।