ਪਰਮਿੰਦਰ ਢੀਂਡਸਾ ਨੂੰ ਮਹਿੰਗੀ ਪੈ ਸਕਦੀ ਹੈ ਪਿਤਾ ਦੀ ਹੁਕਮ ਅਦੂਲੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਐਲਾਨੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਸਲਾਹ ਨਾ ਮੰਨਣੀ ਮਹਿੰਗੀ ਪੈ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦੇ ਤਿਆਗ ਚੁੱਕੇ ਸੁਖਦੇਵ ਸਿੰਘ ਢੀਂਡਸਾ ਨੇ ਪਰਮਿੰਦਰ ਨੂੰ ਸਲਾਹ ਦਿੱਤੀ ਸੀ ਕਿ ਉਹ ਲੋਕ ਸਭਾ ਚੋਣ ਨਾ ਲੜੇ। ਹੁਣ ਬੇਸ਼ੱਕ ਵੱਡੇ ਢੀਂਡਸਾ ਨੇ ਪਰਮਿੰਦਰ ਨੂੰ ਅਸ਼ੀਰਵਾਦ ਦਿੱਤਾ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਹੈ ਕਿ ਉਹ ਪਰਮਿੰਦਰ ਲਈ ਚੋਣ ਪ੍ਰਚਾਰ ਨਹੀਂ ਕਰਨਗੇ।

ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਖਿਲਾਫ ਤੇਵਰਾਂ ਤੋਂ ਵੋਟਰਾਂ ਵਿਚ ਸੰਕੇਤ ਜਾ ਰਿਹਾ ਹੈ ਕਿ ਪਰਮਿੰਦਰ ਢੀਂਡਸਾ ਨੇ ਪਿਤਾ ਤੋਂ ਬਾਹਰ ਹੋ ਕੇ ਸੁਖਬੀਰ ਬਾਦਲ ਦਾ ਹੁਕਮ ਮੰਨਿਆ ਹੈ। ਢੀਂਡਸਾ ਕਾਫੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ‘ਤੇ ਬਾਦਲ ਪਰਿਵਾਰ ਦੇ ਕਬਜ਼ੇ ਖਿਲਾਫ ਬੋਲ ਚੁੱਕੇ ਹਨ। ਉਨ੍ਹਾਂ ਨੇ ਕਈ ਮੰਚਾਂ ਤੋਂ ਅਕਾਲੀ ਦਲ ਤੇ ਪੰਥਕ ਸੰਕਟ ਲਈ ਵੀ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਅਜਿਹੇ ਵਿਚ ਪੰਥਕ ਵੋਟਰਾਂ ਅੰਦਰ ਸੁਖਦੇਵ ਸਿੰਘ ਢੀਂਡਸਾ ਦਾ ਸਤਿਕਾਰ ਵਧਿਆ ਹੈ ਪਰ ਹੁਣ ਦੂਜੇ ਪਾਸੇ ਪਿਤਾ ਦੀ ਸਲਾਹ ਨਾ ਮੰਨ ਕੇ ਮੈਦਾਨ ਵਿਚ ਡਟੇ ਪਰਮਿੰਦਰ ਢੀਂਡਸਾ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਪਿੰਡਾਂ ਦੇ ਵੋਟਰਾਂ ਵਿਚ ਚਰਚਾ ਹੈ ਕਿ ਪਿਤਾ ਵੱਲੋਂ ਲੋਕ ਸਭਾ ਚੋਣ ਨਾ ਲੜਨ ਦੀ ਦਿੱਤੀ ਸਲਾਹ ਨਾਲੋਂ ਪਰਮਿੰਦਰ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਫੈਸਲੇ ਨੂੰ ਤਰਜੀਹ ਦਿੱਤੀ ਹੈ। ਵਿਰੋਧੀ ਧਿਰਾਂ ਵੀ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੀਆਂ ਹਨ ਕਿ ਬਾਦਲਾਂ ਨੇ ਢੀਂਡਸਾ ਪਰਿਵਾਰ ਵਿਚ ਪਾੜਾ ਪਾ ਦਿੱਤਾ ਹੈ। ਬੇਸ਼ੱਕ ਸੁਖਦੇਵ ਸਿੰਘ ਢੀਂਡਸਾ ਸਪਸ਼ਟ ਕਰ ਚੁੱਕੇ ਹਨ ਕਿ ਚੋਣ ਲੜਨ ਜਾਂ ਨਾ ਲੜਨ ਦਾ ਉਨ੍ਹਾਂ ਦੇ ਰਿਸ਼ਤੇ ‘ਤੇ ਕੋਈ ਅਸਰ ਨਹੀਂ ਪਾਏਗਾ ਪਰ ਲੋਕਾਂ ਵਿਚ ਪਿਉ-ਪੁੱਤ ‘ਚ ਤਰੇੜਾਂ ਦੀ ਚਰਚਾ ਹੈ। ਇਸ ਕਰਕੇ ਵੋਟਰ ਵੀ ਪਰਮਿੰਦਰ ਢੀਂਡਸਾ ਤੋਂ ਦੂਰੀ ਬਣਾ ਸਕਦੇ ਹਨ। ਯਾਦ ਰਹੇ ਢੀਂਡਸਾ ਪਰਿਵਾਰ ਦੇ ਹੁਣ ਤੱਕ ਦੇ ਸਿਆਸੀ ਸਫਰ ਦੌਰਾਨ ਇਹ ਪਹਿਲਾ ਮੌਕਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਵਿਚ ਹੋਣ ਦੇ ਬਾਵਜੂਦ ਪਿਤਾ-ਪੁੱਤਰ ਦੇ ਸਿਆਸੀ ਫੈਸਲਿਆਂ ਵਿਚ ਵਖਰੇਵੇਂ ਖੜ੍ਹੇ ਹੋਏ ਹਨ। ਦਿਲਚਸਪ ਹੈ ਕਿ ਪਿਤਾ ਦੀ ਸਲਾਹ ਨੂੰ ਥੋੜ੍ਹਾ ਗੰਭੀਰਤਾ ਨਾਲ ਲੈਂਦਿਆਂ ਭਾਵੇਂ ਪਰਮਿੰਦਰ ਢੀਂਡਸਾ ਵੱਲੋਂ ਪਹਿਲਾਂ ਚੋਣ ਲੜਨ ਤੋਂ ਨਾਂਹ-ਨੁੱਕਰ ਵੀ ਕੀਤੀ ਪਰ ਬਾਅਦ ਵਿਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਕਹਿਣ ‘ਤੇ ਉਹ ਚੋਣ ਲੜਨ ਲਈ ਤਿਆਰ ਹੋ ਗਏ।
ਦਰਅਸਲ, ਢੀਂਡਸਾ ਦੀ ਬਗਾਵਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਰੀ ਬਣ ਗਈ ਸੀ ਕਿ ਇਥੋਂ ਪਰਮਿੰਦਰ ਨੂੰ ਹੀ ਉਮੀਦਵਾਰ ਬਣਾਇਆ ਜਾਵੇ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਵਿਚ ਮੀਟਿੰਗਾਂ ਕਰਕੇ ਵਰਕਰਾਂ ਦੀ ਨਬਜ਼ ਟੋਹੀ ਸੀ। ਕੁਝ ਦਿਨ ਪਹਿਲਾਂ ਹੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵੱਲੋਂ ਵੀ ਸੰਗਰੂਰ ‘ਚ ਯੂਥ ਰੈਲੀ ਦੌਰਾਨ ਬੋਲਦਿਆਂ ਪਾਰਟੀ ਵਰਕਰਾਂ ਤੋਂ ਪੁੱਛਿਆ ਸੀ ਕਿ ਲੋਕ ਸਭਾ ਚੋਣ ਲਈ ਤੁਹਾਨੂੰ ‘ਵੱਡੇ ਢੀਂਡਸਾ ਸਾਹਿਬ ਜਾਂ ਛੋਟੇ ਢੀਂਡਸਾ ਸਾਹਿਬ’ ਵਿਚੋਂ ਕਿਹੜਾ ਉਮੀਦਵਾਰ ਚਾਹੀਦਾ ਹੈ ਪਰ ਨੌਜਵਾਨ ਵਰਕਰਾਂ ਵੱਲੋਂ ਹੱਥ ਖੜ੍ਹੇ ਕਰਕੇ ਪਰਮਿੰਦਰ ਢੀਂਡਸਾ ਦੇ ਹੱਕ ਵਿਚ ਨਾਅਰਾ ਮਾਰਿਆ ਗਿਆ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸੁਖਬੀਰ ਬਾਦਲ ਵੱਲੋਂ ਸੰਗਰੂਰ ਹਲਕੇ ਦੀ ਅਕਾਲੀ ਸਿਆਸਤ ਨੂੰ ਭਾਂਪ ਲਿਆ ਸੀ ਕਿ ਹੁਣ ਪਰਮਿੰਦਰ ਢੀਂਡਸਾ ਦੀ ਉਮੀਦਵਾਰੀ ਤੋਂ ਬਗੈਰ ਹੋਰ ਕੋਈ ਚਾਰਾ ਨਹੀਂ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਵੋਟਰਾਂ ਵਿਚ ਸੰਕੇਤ ਗਿਆ ਹੈ ਕਿ ਪਰਮਿੰਦਰ ਨੇ ਪਿਤਾ ਨਾਲ ਬਗਾਵਤ ਕਰਕੇ ਸੁਖਬੀਰ ਬਾਦਲ ਦੀ ਗੱਲ ਮੰਨੀ ਹੈ। ਇਸ ਲਈ ਵੋਟਰਾਂ ਦੀ ਹਮਦਰਦੀ ਸੁਖਦੇਵ ਸਿੰਘ ਢੀਂਡਸਾ ਨਾਲ ਹੋਰ ਵਧੀ ਤੇ ਪਰਮਿੰਦਰ ਨਾਲ ਨਾਰਾਜ਼ਗੀ। ਸੁਖਦੇਵ ਸਿੰਘ ਢੀਂਡਸਾ ਵੱਲੋਂ ਚੋਣ ਪ੍ਰਚਾਰ ਤੋਂ ਪਿੱਛੇ ਹਟਣ ਕਰਕੇ ਉਨ੍ਹਾਂ ਦੀ ਹਮਦਰਦ ਵੋਟ ਵੀ ਅਕਾਲੀ ਦਲ ਨੂੰ ਨਹੀਂ ਪਏਗੀ।
_____________________
ਖਹਿਰਾ ਵੱਲੋਂ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਟਿਕਟ ਦੀ ਪੇਸ਼ਕਸ਼
ਮੋਗਾ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਵਜ਼ਾਰਤ ‘ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਡੈਮੋਕਰੈਟਿਕ ਅਲਾਇੰਸ ਵੱਲੋਂ ਚੰਡੀਗੜ੍ਹ ਸੰਸਦੀ ਸੀਟ ਤੋਂ ਟਿਕਟ ਦੀ ਪੇਸ਼ਕਸ਼ ਕੀਤੀ ਹੈ।
ਫਰੀਦਕੋਟ (ਰਾਖਵਾਂ) ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਤੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੇ ਹੱਕ ‘ਚ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਖੇਤਰ ‘ਚ ਚੋਣ ਪ੍ਰਚਾਰ ਲਈ ਪੁੱਜੇ ਸ਼ ਖਹਿਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਬੀਬੀ ਨਵਜੋਤ ਕੌਰ ਸਿੱਧੂ ਚਾਹੁਣ ਤਾਂ ਪੰਜਾਬ ਡੈਮੋਕਰੈਟਿਕ ਅਲਾਇੰਸ ਉਨ੍ਹਾਂ ਨੂੰ ਚੰਡੀਗੜ੍ਹ ਸੰਸਦੀ ਸੀਟ ਤੋਂ ਟਿਕਟ ਦੇਣ ਲਈ ਤਿਆਰ ਹੈ ਅਤੇ ਉਹ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਚੋਣਾਂ ਵਿਚ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗੀ।