1989 ਵਿਚ ਗਰਮਦਲੀਆਂ ਦੇ ਸਾਂਝੇ ਮੰਚ ਨੇ ਬਦਲਿਆ ਸੀ ਪੰਜਾਬ ਦੀ ਸਿਆਸਤ ਦਾ ਮੁਹਾਣ

ਪਟਿਆਲਾ: ਸਾਲ 1989 ਦੀਆਂ ਲੋਕ ਸਭਾ ਚੋਣਾਂ ਦੇ ਹੈਰਾਨੀਜਨਕ ਨਤੀਜੇ ਪੰਜਾਬ ਦੇ ਲੋਕਾਂ ਦੇ ਚੇਤਿਆਂ ਵਿਚ ਹਾਲੇ ਵੀ ਵਸੇ ਹੋਏ ਹਨ। ਇਸ ਚੋਣ ਪਿੜ ਵਿਚ ਅਕਾਲੀ ਦਲ (ਅ) ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਆਦਿ ਗਰਮਦਲੀਆਂ ਦੇ ਸਾਂਝੇ ਪਲੇਟਫਾਰਮ ਨੇ ਸੂਬੇ ਦੀਆਂ ਰਵਾਇਤੀ ਧਿਰਾਂ ਕਾਂਗਰਸ ਤੇ ਅਕਾਲੀ ਦਲ ਦੇ ਸਾਹ ਸੁਕਾ ਦਿੱਤੇ ਸਨ। ਉਦੋਂ ਕਾਂਗਰਸ ਨੂੰ ਮਹਿਜ਼ ਦੋ ਸੀਟਾਂ ਜੁੜੀਆਂ ਸਨ ਤੇ ਰਵਾਇਤੀ ਅਕਾਲੀ ਦਲ ਦਾ ਖੀਸਾ ਖਾਲੀ ਰਹਿ ਗਿਆ ਸੀ। ਇਨ੍ਹਾਂ ਚੋਣਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜਰਾਲ ਨੂੰ ਜਿਥੇ ਲੋਕ ਸਭਾ ਵਿਚ ਭੇਜਿਆ, ਉਥੇ ਹੀ ਨੂੰਹ ਤੇ ਸਹੁਰਾ ਕ੍ਰਮਵਾਰ ਬਿਮਲ ਕੌਰ ਖਾਲਸਾ ਤੇ ਸੁੱਚਾ ਸਿੰਘ ਮਲੋਆ ਆਪੋ ਆਪਣੀਆਂ ਸੀਟਾਂ ਜਿੱਤਣ ‘ਚ ਕਾਮਯਾਬ ਹੋਏ ਸਨ।

ਪੰਜਾਬ ਵਿਚ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਹੱਕ ‘ਚ ਵਗੀ ਸਿਆਸੀ ਹਵਾ ਵਾਂਗ ਹੀ 1989 ਦਾ ਚੋਣ ਪਿੜ ਉਸ ਸਮੇਂ ਦੇ ਕਥਿਤ ਗਰਮਦਲੀਆਂ ਦੇ ਹੱਕ ਵਿਚ ਭੁਗਤਿਆ ਸੀ। ਸਿਮਰਨਜੀਤ ਸਿੰਘ ਮਾਨ ਭਾਵੇਂ ਉਦੋਂ ਜੇਲ੍ਹ ਵਿਚ ਸਨ, ਪਰ ਅਕਾਲੀ ਦਲ (ਅ) ਨੇ ਲੋਕ ਸਭਾ ਪਿੜ ਨੂੰ ਅਜਿਹਾ ਮਘਾਇਆ ਕਿ ਨਤੀਜੇ ਦੌਰਾਨ ਸਿਆਸੀ ਚਿੰਤਕ ਦੰਗ ਰਹਿ ਗਏ ਸਨ। ਇਸ ਚੋਣ ਮਿਸ਼ਨ ਦੀ ਅਗਵਾਈ ਬਾਬਾ ਜੋਗਿੰਦਰ ਸਿੰਘ ਤੇ ਭਾਈ ਮਨਜੀਤ ਸਿੰਘ ਦੇ ਹੱਥਾਂ ਵਿਚ ਸੀ। ਐਤਕੀਂ ਸੰਗਰੂਰ ਤੋਂ ਮੁੜ ਮੈਦਾਨ ਵਿਚ ਨਿੱਤਰੇ ਸਿਮਰਨਜੀਤ ਸਿੰਘ ਮਾਨ ਨੇ 1989 ਦੀਆਂ ਚੋਣਾਂ ਦੌਰਾਨ ਤਰਨ ਤਾਰਨ ਹਲਕੇ ਤੋਂ ਰਿਕਾਰਡ ਤੋੜ ਵੋਟਾਂ ਨਾਲ ਬਾਜ਼ੀ ਮਾਰੀ ਸੀ। ਉਸ ਸਮੇਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ‘ਤੇ ਕੀਤੇ ਗਏ ਕਾਤਲਾਨਾ ਹਮਲੇ ਵਿਚ ਸ਼ਾਮਲ ਭਾਈ ਬੇਅੰਤ ਦੀ ਪਤਨੀ ਬੀਬੀ ਬਿਮਲ ਕੌਰ ਖਾਲਸਾ ਵੀ ਅਕਾਲੀ ਦਲ (ਅ) ਵੱਲੋਂ ਰੋਪੜ ਹਲਕੇ ਤੋਂ ਜੇਤੂ ਰਹੇ ਸਨ ਤੇ ਉਨ੍ਹਾਂ ਦੇ ਸਹੁਰਾ ਸੁੱਚਾ ਸਿੰਘ ਮਲੋਆ ਬਠਿੰਡਾ ਸੀਟ ਤੋਂ ਜਿੱਤੇ ਸਨ। ਉਦੋਂ ਚੋਣ ਪਿੜ ਦੀ ਸਿਆਸੀ ਹਵਾ ਨੇ ਅਕਾਲੀ ਦਲ (ਅ) ਨੂੰ ਪੰਜਾਬ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਵਜੋਂ ਪੇਸ਼ ਕੀਤਾ ਸੀ। ਇਸ ਪਾਰਟੀ ਵੱਲੋਂ ਹੋਰ ਜੇਤੂ ਉਮੀਦਵਾਰਾਂ ਵਿਚ ਲੁਧਿਆਣਾ ਤੋਂ ਰਾਜਿੰਦਰ ਕੌਰ ਬੁਲਾਰਾ, ਸੰਗਰੂਰ ਤੋਂ ਰਾਜਦੇਵ ਸਿੰਘ ਐਡਵੋਕੇਟ, ਫਰੀਦਕੋਟ ਤੋਂ ਜਗਦੇਵ ਸਿੰਘ ਦੇ ਨਾਂ ਸ਼ਾਮਲ ਹਨ। ਇਸ ਧਿਰ ਦੀ ਹਮਾਇਤ ‘ਤੇ ਖੜ੍ਹੇ ਹੋਏ ਆਜ਼ਾਦ ਉਮੀਦਵਾਰਾਂ ਵਿਚ ਪਟਿਆਲਾ ਤੋਂ ਅਤਿੰਦਰਪਾਲ ਸਿੰਘ ‘ਜਿੰਦਾ ਕੁੰਜੀ’, ਫਿਰੋਜ਼ਪੁਰ ਤੋਂ ਧਿਆਨ ਸਿੰਘ ਮੰਡ ਤੇ ਅੰਮ੍ਰਿਤਸਰ ਤੋਂ ਕਿਰਪਾਲ ਸਿੰਘ ‘ਚੀਫ ਖਾਲਸਾ ਦੀਵਾਨ’ ਜੇਤੂ ਬਣੇ ਸਨ।
ਉਸ ਵੇਲੇ ਝੁੱਲੀ ਹਨੇਰੀ ਵਿਚ ਅਕਾਲੀ ਦਲ ਦੇ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਬਲਵੰਤ ਸਿੰਘ ਰਾਮੂਵਾਲੀਆ ਆਦਿ ਚਿੱਤ ਹੋ ਗਏ ਸਨ। ਕਈ ਰਵਾਇਤੀ ਅਕਾਲੀ ਤੇ ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ ਸਨ। ਕਾਂਗਰਸ ਵੱਲੋਂ ਕਈ ਵਾਰ ਜੇਤੂ ਰਹੇ ਸੁਖਬੰਸ ਕੌਰ ਭਿੰਡਰ ਗੁਰਦਾਸਪੁਰ ਤੇ ਕਮਲ ਚੌਧਰੀ ਹੁਸ਼ਿਆਰਪੁਰ ਹਲਕੇ ਤੋਂ ਹੀ ਜਿੱਤ ਸਕੇ ਸਨ। ਬਸਪਾ ਵੀ ਖਾਤਾ ਖੋਲ੍ਹਣ ਵਿਚ ਸਫਲ ਰਹੀ ਸੀ ਤੇ ਬਸਪਾ ਦੇ ਉਮੀਦਵਾਰ ਹਰਭਜਨ ਲਾਖਾ ਫਿਲੌਰ ਤੋਂ ਜਿੱਤੇ ਸਨ, ਜਦਕਿ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜਰਾਲ ਜਲੰਧਰ ਸੀਟ ਤੋਂ ਜਨਤਾ ਦਲ ਵੱਲੋਂ ਚੋਣ ਪਿੜ ਸਰ ਕਰ ਗਏ ਸਨ।