ਮੈਂ ਪੰਜਾਬ ਸਿੰਹੁ! ਆਪਣੇ ਪੁੱਤਾਂ ਦੀਆਂ ਲਾਵਾਰਿਸ ਲਾਸ਼ਾਂ ਲੱਭਦਾ ਫਿਰਦਾਂ

ਪੰਜਾਬ ਵਿਚ ਇਸ ਵਕਤ ਚੋਣਾਂ ਦਾ ਪਿੜ ਭਖਿਆ ਪਿਆ ਹੈ, ਪਰ ਇਸ ਵਾਰ ਪੰਜਾਬ ਦੇ ਕੁੱਲ 13 ਹਲਕਿਆਂ ਵਿਚੋਂ ਇਕ ਹਲਕੇ ਖਡੂਰ ਸਾਹਿਬ ਵਿਚ ਮਾਹੌਲ ਕੁਝ ਵੱਖਰਾ ਬੱਝ ਰਿਹਾ ਹੈ। ਐਤਕੀਂ ਇਸ ਹਲਕੇ ਤੋਂ ਉਹ ਬੀਬੀ ਪਰਮਜੀਤ ਕੌਰ ਖਾਲੜਾ ਮੈਦਾਨ ਵਿਚ ਡਟੇ ਹੋਏ ਹਨ, ਜਿਨ੍ਹਾਂ ਨੇ ਕਾਲੇ ਦੌਰ ਦੌਰਾਨ ਖਪਾਏ ਗਏ ਨੌਜਵਾਨਾਂ ਦਾ ਖੋਜ-ਖੁਰਾ ਸਭ ਦੇ ਸਾਹਮਣੇ ਨਸ਼ਰ ਕਰਨ ਲਈ ਆਪਣੀ ਲੜਾਈ ਇਕ ਦਿਨ ਵੀ ਮੱਠੀ ਨਹੀਂ ਪੈਣ ਦਿੱਤੀ।

ਇਹ ਲੜਾਈ ਉਨ੍ਹਾਂ ਦੇ ਪਤੀ ਅਤੇ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਨੇ ਸ਼ੁਰੂ ਕੀਤੀ ਸੀ ਅਤੇ ਅੰਤਾਂ ਦੀ ਕਹਿਰਵਾਨ ਇਸ ਲੜਾਈ ਵਿਚ ਆਪਣੀ ਜਾਨ ਵੀ ਦਾਅ ਉਤੇ ਲਾ ਦਿੱਤੀ ਸੀ, ਪਰ ਉਹ ਆਪਣੇ ਮਿਸ਼ਨ ‘ਤੇ ਸਦਾ ਹੀ ਕਾਇਮ ਰਹੇ। ਇਸੇ ਮਿਸ਼ਨ ਦਾ ਧਿਆਨ ਧਰ ਕੇ ਸ਼ ਮਝੈਲ ਸਿੰਘ ਸਰਾਂ ਨੇ ਹਾਅ ਦਾ ਨਾਅਰਾ ਮਾਰਦਿਆਂ ਇਹ ਲੇਖ ‘ਪੰਜਾਬ ਟਾਈਮਜ਼’ ਲਈ ਭੇਜਿਆ ਹੈ। ਇਹ ਲੇਖ ਅਸਲ ਵਿਚ ਜ਼ਖਮੀ ਪੰਜਾਬ ਦੀ ਚੀਕ ਹੈ, ਜੋ ਬੀਬੀ ਪਰਮਜੀਤ ਕੌਰ ਖਾਲੜਾ ਦੀ ਜਿੱਤ ਬਣ ਕੇ ਭਾਰਤ ਦੀ ਪਾਰਲੀਮੈਂਟ ਵਿਚ ਬੁਲੰਦ ਆਵਾਜ਼ ਬਣ ਸਕਦੀ ਹੈ। -ਸੰਪਾਦਕ

ਮਝੈਲ ਸਿੰਘ ਸਰਾਂ

ਜ਼ਿੰਦਗੀ ਦਾ ਉਹ ਦਿਨ ਬਾਪ ਵਾਸਤੇ ਸਭ ਤੋਂ ਮੰਦਭਾਗਾ ਹੁੰਦਾ, ਜਿਸ ਦਿਨ ਉਹ ਆਪਣੇ ਹੋਣਹਾਰ ਨੌਜੁਆਨ ਪੁੱਤ ਦੀ ਅਰਥੀ ਨੂੰ ਆਪਣੇ ਮੋਢੇ ‘ਤੇ ਸਿਵਿਆਂ ਨੂੰ ਲੈ ਜਾ ਕੇ ਖੁਦ ਲਾਂਬੂ ਲਾਉਂਦਾ। ਸਿਵੇ ਦੀ ਅੱਗ ਵਿਚ ਉਹਦਾ ਸਭ ਕੁਝ ਲਟ ਲਟ ਬਲ ਜਾਂਦਾ, ਦੁਨੀਆਂ ਉਜੜ ਜਾਂਦੀ ਉਸ ਦਿਨ ਉਹਦੀ, ਸਭ ਪਾਸੇ ਨ੍ਹੇਰ ਪੈ ਜਾਂਦਾ, ਜਿਉਂਦਾ ਈ ਲਾਸ਼ ਬਣ ਜਾਂਦਾ ਬਾਪ ਪੁੱਤ ਦੀ ਮੌਤ ਪਿਛੋਂ। ਇਸ ਤੋਂ ਵੀ ਮਨਹੂਸ ਹੁੰਦਾ ਉਹ ਦਿਨ, ਜਿਸ ਦਿਨ ਉਹਦੇ ਸ਼ਿੰਦੇ ਪੁੱਤ ਦਾ ਕੋਈ ਆਪਣਾ ਹੀ ਖੁਦਗਰਜ਼ ਵਿਸਾਹਘਾਤ ਕਰਕੇ ਕਤਲ ਕਰ ਦਿੰਦਾ। ਸੁੰਨ ਹੋ ਜਾਂਦਾ ਬਾਪ ਇਸ ਕਾਰੇ ਉਪਰੰਤ ਇਕ ਵਾਰ ਤਾਂ; ਹਰ ਹੀਲਾ ਵਰਤਦਾ ਆਪਣੇ ਪੁੱਤ ਦੇ ਕਾਤਿਲ ਨੂੰ ਫਾਹੇ ਲਵਾਉਣ ਲਈ। ਭਲਾ ਜਰ ਹੁੰਦਾ ਇੱਦਾਂ ਆਪਣੇ ਹੱਥੀਂ ਲਾਡਾਂ ਨਾਲ ਪਾਲੇ ਪੁੱਤ ਦਾ ਫਰੇਬ ਨਾਲ ਕੀਤਾ ਕਤਲ!
ਪਰ ਕਦੇ ਉਸ ਬਾਪ ਬਾਰੇ ਸੋਚਿਆ ਜਿਹਦਾ ਜਿਗਰ ਦਾ ਟੁਕੜਾ ਗਿਆ ਤਾਂ ਸਵੇਰੇ ਕਾਲਜ ਪੜ੍ਹਨ ਨੂੰ ਸੀ ਤੇ ਮੁੜ ਕਦੇ ਘਰ ਨਾ ਆਇਆ। ਸ਼ਰੇਆਮ ਉਹਨੂੰ ਕਾਲਜ ਤੋਂ ਨਿਕਲਦੇ ਨੂੰ ਜਿਪਸੀ ਵਿਚ ਸੁੱਟ ਕੇ ਕੌਣ ਲੈ ਗਿਆ? ਇਹਦੀਆਂ ਕਨਸੋਆਂ ਮਿਲਦੀਆਂ ਸਨ, ਬੜਾ ਹੋਣਹਾਰ ਸੀ ਉਹ, ਬਹੁਤ ਹੀ ਸੁਨੱਖਾ ਤੇ ਅਕਲਮੰਦ ਅਤੇ ਪੜ੍ਹਾਈ ਤੇ ਖੇਡਾਂ ਵਿਚ ਅੱਵਲ ਰਹਿਣ ਵਾਲਾ; ਪਿੰਡ ਵਾਲੇ ਉਹਨੂੰ ਸਾਊ ਕਹਿ ਕੇ ਬੁਲਾਉਂਦੇ ਸਨ, ਕਿਉਂਕਿ ਉਹ ਧੀਆਂ ਭੈਣਾਂ ਦੀ ਇਜ਼ਤ ਦਾ ਸਾਂਝੀ ਜੋ ਸੀ। ਦੁਸ਼ਮਣ ਬਣ ਗਿਆ ਸੀ ਉਹਦਾ ਦਾੜ੍ਹੀ ਮੁੱਛਾਂ ਰੱਖਣਾ ਤੇ ਕੇਸਰੀ ਪੱਗ ਬੰਨ੍ਹਣਾ। ਉਸ ਬਾਪ ਦਾ ਸਦਮੇ ਨਾਲ ਭਲਾ ਕੀ ਹਾਲ ਹੋਊਗਾ, ਜਿਹਨੇ ਆਪਣੇ ਪੁੱਤ ਨੂੰ ਰਾਤ ਨੂੰ ਭੇਜਿਆ ਤਾਂ ਸੀ ਖੇਤ ਕਣਕ ਨੂੰ ਪਾਣੀ ਲਾਉਣ ਤੇ ਫਿਰ ਕਦੀ ਉਹਦੀ ਉਘ ਸੁੱਘ ਹੀ ਨਾ ਲੱਗੀ। ਕਿਹੜੇ ਪਤਾਲ ਨੇ ਨਿਗਲ ਲਿਆ ਜਾਂ ਅਸਮਾਨ ਹੜੱਪ ਗਿਆ! ਉਹਦੇ ਨਿੱਕੇ ਨਿੱਕੇ ਨਿਆਣੇ ਪੁੱਛਦੇ ਆ ਕਿ ਭਾਪਾ ਕਿੱਥੇ ਗਿਆ? ਆਪਣੀ ਭੈਣ ਨੂੰ ਮਿਲਣ ਗਿਆ ਵੀਰ ਨਾ ਭੈਣ ਦੇ ਘਰ ਪਹੁੰਚਿਆ ਤੇ ਨਾ ਮੁੜ ਕੇ ਘਰ ਵਾਪਿਸ ਆਇਆ।
ਕਿੰਨਿਆਂ ਕੁ ਬਾਰੇ ਇਥੇ ਗੱਲ ਕਰਾਂ, ਦਸ ਵੀਹ ਜਾਂ ਸੌ ਹੋਵੇ ਤਾਂ ਵੀ ਦੱਸਾਂ! ਇਥੇ ਤਾਂ ਗਿਣਤੀ ਲੱਖਾਂ ਨੂੰ ਪਹੁੰਚ ਗਈ; ਦਹਾਕਾ ਭਰ ਇਹੀ ਕੁਝ ਹੁੰਦਾ ਰਿਹਾ ਅਤੇ ਮੇਰੇ ਪੁੱਤ ਗਵਾਚੀ ਗਏ ਤੇ ਮੈਂ ਅਭਾਗਾ ਦਰ ਦਰ ‘ਤੇ ਭਟਕਦਾ ਫਿਰਦਾ ਰਿਹਾ ਆਪਣੇ ਲਾਪਤਾ ਹੋਏ ਪੁੱਤਾਂ ਨੂੰ ਲੱਭਦਾ ਪਰ ਮਜਾਲ ਆ ਕਿਤੋਂ ਮੈਨੂੰ ਸੂਹ ਮਿਲੀ ਉਨ੍ਹਾਂ ਦੀ! ਸੂਹ ਕਿਥੋਂ ਮਿਲਣੀ ਸੀ, ਜਿਨ੍ਹਾਂ ਕੋਲ ਮੈਂ ਜਾਂਦਾ ਸਾਂ, ਉਨ੍ਹਾਂ ਦੀ ਹੀ ਤਾਂ ਕਰਤੂਤ ਸੀ।
ਸਾਲਾਂ ਬੱਧੀ ਭਟਕਣ ਪਿਛੋਂ ਮੈਨੂੰ ਕੰਨੋਂ ਕੰਨੀਂ ਇਹ ਕਨਸੋਆਂ ਮਿਲਣ ਲੱਗ ਪਈਆਂ ਕਿ ਜਿਸ ਸੋਹਣੇ ਸੁਨੱਖੇ ਕਾਲਜ ਗਏ ਪੁੱਤ ਨੂੰ ਮੈਂ ਉਡੀਕਦਾ ਲੱਭਦਾ ਫਿਰਦਾ ਰਿਹਾ, ਉਹਨੂੰ ਤਾਂ ਬੇਕਿਰਕ ਜਰਵਾਣਿਆਂ ਨੇ ਬੜੀ ਦਰਿੰਦਗੀ ਨਾਲ ਤਿੰਨ ਕੁ ਦਿਨ ਅਣਮਨੁੱਖੀ ਤਸੀਹੇ ਦੇ ਕੇ ਦਰਿਆ ਦੇ ਮੰਡ ਵਿਚ ਗੋਲੀਆਂ ਨਾਲ ਭੁੰਨ ਕੇ ਲੋਥ ਉਸੇ ਦਰਿਆ ਵਿਚ ਰੋੜ੍ਹ ਦਿੱਤੀ ਸੀ ਪਰ ਮੈਨੂੰ ਯਕੀਨ ਨਾ ਆਵੇ! ਮੈਂ ਮੁੜ ਤੁਰ ਪਿਆ ਜਾਣਨ ਲਈ ਕਿ ਕੀ ਇਹ ਸੱਚ ਵੀ ਹੈ? ਫਿਰ ਜੋ ਮੈਂ ਸੁਣਿਆ, ਮੇਰੀ ਜ਼ਬਾਨ ਬੋਲ ਵੀ ਨ੍ਹੀਂ ਸਕਦੀ, ਤੁਸੀਂ ਧੀਆਂ-ਧਿਆਣੀਆਂ ਨੇ ਵੀ ਪੜ੍ਹਨਾ-ਸੁਣਨਾ; ਕਿੱਦਾਂ ਦੱਸਾਂ ਕਿ ਮੇਰੇ ਪੁੱਤ ਦੇ ਜਿਸਮ ਦੇ ਕਿਹੜੇ ਕਿਹੜੇ ਅੰਗ ਨੂੰ ਨਹੀਂ ਕੋਹਿਆ ਦੁਸ਼ਟਾਂ ਨੇ, ਕਿੱਥੇ ਕਿੱਥੇ ਬਿਜਲੀ ਦੇ ਕਰੰਟ ਨਹੀਂ ਲਾਏ, ਪੱਟ ਪਾੜ ਕੇ ਮਿਰਚਾਂ ਪਾਈਆਂ, ਅੱਖਾਂ ਵਿਚ ਗਰਮ ਕਰਕੇ ਸਰੀਏ ਦਿੱਤੇ, ਉਹਦੇ ਮਖਮਲੀ ਜਿਸਮ ਨੂੰ ਹਜ਼ਾਰ ਵਾਟ ਦੇ ਹੀਟਰ ‘ਤੇ ਬਿਠਾ ਦਿੱਤਾ। ਜਿਸ ਪੰਜਾਬ ਸਿੰਘ ਦੇ ਨਾਂ ਤੋਂ ਦੁਨੀਆਂ ਦੀਆਂ ਤਾਕਤਾਂ ਥਰ ਥਰ ਕੰਬਦੀਆਂ ਸਨ, ਇਹ ਜਾਣ ਕੇ ਉਹੀ ਪੰਜਾਬ ਸਿੰਹੁ ਆਪਣੇ ਕਹਾਉਣ ਵਾਲਿਆਂ ਤੋਂ ਖੌਫਜ਼ਦਾ ਹੋ ਕੇ ਪੱਥਰ ਹੀ ਬਣ ਗਿਆ ਸੀ।
ਜਿਸ ਖੇਤ ਗਏ ਪੁੱਤ ਦੇ ਨਿਆਣਿਆਂ ਨੂੰ ਮੈਂ ਅੱਜ ਤੱਕ ਇਹੀ ਕਹਿ ਕੇ ਦਿਲਾਸਾ ਦਿੰਦਾ ਰਿਹਾ ਕਿ ਤੁਹਾਡੇ ਭਾਪੇ ਨੂੰ ਮੈਂ ਇੱਕ ਦਿਨ ਘਰ ਲੈ ਕੇ ਜ਼ਰੂਰ ਆਊਂਗਾ, ਉਹਦੀ ਦੱਬਵੀਂ ਜਿਹੀ ਖਬਰ ਵੀ ਮੈਨੂੰ ਮਿਲੀ ਕਿ ਉਹਨੂੰ ਤਾਂ ਉਸੇ ਦਿਨ ਵੱਡੀ ਨਹਿਰ ਦੇ ਕੰਢੇ ਸੁੰਨ ਸਾਨ ਥਾਂ ‘ਤੇ ਲਿਜਾ ਕੇ ਦੋਂਹ ਜਿਪਸੀਆਂ ਵਿਚ ਬੰਨ੍ਹ ਕੇ ਦੋਫਾੜ ਕਰਕੇ ਨਹਿਰ ਵਿਚ ਸੁੱਟ ਦਿੱਤਾ ਸੀ। ਜਿਸ ਭੈਣ ਨੂੰ ਮਿਲਣ ਉਹਦਾ ਵੀਰ, ਮੇਰਾ ਪੁੱਤ ਗਿਆ ਸੀ, ਉਹ ਅੱਜ ਵੀ ਭਰਾ ਦਾ ਰਾਹ ਦੇਖਦੀ ਆ। ਉਹਦੇ ਬਾਰੇ ਇਹ ਪਤਾ ਲੱਗਾ ਕਿ ਫਰਜ਼ੀ ਮੁਕਾਬਲਾ ਬਣਾ ਕੇ ਉਹਦੀ ਲਾਸ਼ ਨੂੰ ਬਹੁਤ ਵੱਡੇ ਇਨਾਮੀ ਖਾੜਕੂ ਦੀ ਲਾਸ਼ ਦਰਸਾ ਕੇ ਲੱਖਾਂ ਦਾ ਇਨਾਮ ਵੀ ਜਰਵਾਣਿਆਂ ਨੇ ਆਪਸ ਵਿਚ ਵੰਡ ਲਿਆ ਸੀ।
ਇਸ ਪਿਛੋਂ ਮੈਨੂੰ ਖੁੜਕ ਗਈ ਕਿ ਜਿਨ੍ਹਾਂ ਆਪਣੇ ਹਜ਼ਾਰਾਂ-ਲੱਖਾਂ ਗੁੰਮ ਹੋਏ ਪੁੱਤਾਂ ਨੂੰ ਮੈਂ ਪਿਛਲੇ ਸਾਲਾਂ ਤੋਂ ਲਭਦਾ ਰਿਹਾ, ਉਹ ਤਾਂ ਉਦੋਂ ਦੇ ਹੀ ਜਰਵਾਣਿਆਂ ਨੇ ਮਾਰ ਮੁਕਾ ਦਿੱਤੇ ਸਨ। ਫਿਰ ਮੈਂ ਤੁਰ ਪਿਆ ਉਨ੍ਹਾਂ ਦੀ ਮਿੱਟੀ ਲੱਭਣ ਕਿ ਕਿਤੋਂ ਤਾਂ ਪਤਾ ਲੱਗੇ ਕਿ ਮੇਰੇ ਪੁੱਤਾਂ ਨਾਲ ਕਿਹੜੇ ਭਾਣੇ ਵਰਤੇ ਹੋਣੇ ਆ! ਉਨ੍ਹਾਂ ਨੇ ਮਰਨ ਵਕਤ ਕਿਹਨੂੰ ਹਾਕ ਮਾਰੀ ਸੀ, ਮੇਰੇ ਪੁੱਤਾਂ ਦੇ ਅਖੀਰਲੇ ਅਲਫਾਜ਼ ਕੀ ਸਨ; ਉਹਦੀ ਲਾਸ਼ ਨੂੰ ਕਿਹੜੇ ਸਿਵਿਆਂ ‘ਚ ਲਾਂਬੂ ਲਾਇਆ ਸੀ, ਉਹਦੇ ਫੁੱਲ ਕਿਤੇ ਹੈਗੇ- ਮੈਂ ਘੱਟੋ ਘੱਟ ਉਨ੍ਹਾਂ ਨੂੰ ਹੀ ਘੁੱਟ ਕੇ ਆਪਣੇ ਕਾਲਜੇ ਲਾ ਲਵਾਂ, ਉਨ੍ਹਾਂ ਦੀਆਂ ਅੰਤਿਮ ਰਸਮਾਂ ਹੀ ਨਿਭਾ ਦਿਆਂ ਤਾਂ ਕਿ ਉਨ੍ਹਾਂ ਦੀਆਂ ਰੂਹਾਂ ਨੂੰ ਕਿਤੇ ਗੁਰੂ ਚਰਨਾਂ ‘ਚ ਥਾਂ ਮਿਲ ਜਾਵੇ। ਇਥੇ ਵੀ ਮੈਂ ਅਭਾਗਾ ਹੀ ਰਿਹਾ, ਮੇਰੇ ਕੁਝ ਪੱਲੇ ਨਾ ਪਿਆ। ਮੇਰੇ ਪੁੱਤਾਂ ਦੀਆਂ ਲਾਸ਼ਾਂ ਕਿੱਥੇ, ਕਿਸ ਨੇ ਤੇ ਕਿਵੇਂ ਬਿਲੇ ਲਾਈਆਂ? ਸਾਫ ਮੁੱਕਰ ਜਾਂਦੇ ਸੀ ਕਿ ਸਾਨੂੰ ਕੀ ਪਤਾ ਤੇਰੇ ਪੁੱਤਾਂ ਦਾ। ਵਾਰ ਵਾਰ ਪੁੱਛਣ ‘ਤੇ ਧਮਕੀ ਦਿੰਦੇ ਕਿ ਜੋ ਬਚੇ ਆ, ਇਨ੍ਹਾਂ ਨੂੰ ਹੀ ਬਚਾ ਹੁੰਦਾ ਤਾਂ ਬਚਾ ਲੈ, ਨਹੀਂ ਤਾਂ ਇਨ੍ਹਾਂ ਨੂੰ ਵੀ ਪਹਿਲਿਆਂ ਕੋਲ ਛੇਤੀ ਪੁਚਾ ਦਿਆਂਗੇ!
ਸੱਚ ਜਾਣਿਓ! ਮੈਂ ਉਹ ਪੰਜਾਬ ਸਿੰਘ, ਜੋ ਬੜੇ ਤੋਂ ਬੜੇ ਧਾਕੜ ਬਾਹਰੀ ਹਾਕਮ ਅੱਗੇ ਹਿੱਕ ਡਾਹ ਕੇ ਖੜ੍ਹ ਜਾਂਦਾ ਸਾਂ ਤੇ ਮਜਬੂਰ ਕਰ ਦਿੰਦਾ ਸਾਂ ਉਹਨੂੰ ਆਪਣੀਆਂ ਬਰੂਹਾਂ ਤੋਂ ਬਾਹਰ ਨਿਕਲਣ ਲਈ, ਆਪਣਿਆਂ ਦੀ ਧਮਕੀ ਤੋਂ ਖੌਫ ਖਾ ਗਿਆ।
ਫਿਰ ਮੇਰੀ ਨਿਗਾਹ ਆਪਣੇ ਵੱਡੇ ਸਰਦਾਰ ‘ਤੇ ਪਈ। ਮੈਂ ਜਾ ਫਰਿਆਦੀ ਹੋਇਆ ਉਹਦੇ ਕੋਲ। ਉਹਦੇ ਹਮਦਰਦੀ ਭਰੇ ਬੋਲਾਂ ਨੇ ਮੈਨੂੰ ਢਾਰਸ ਬੰਨ੍ਹਾਈ, ਉਹਨੇ ਮੇਰੇ ਮੋਢੇ ‘ਤੇ ਹੱਥ ਰੱਖ ਕੇ ਕਿਹਾ, ਪੰਜਾਬ ਸਿੰਹਾਂ! ਤੇਰੇ ਨਾਲ ਵਾਕਿਆ ਹੀ ਜੱਗੋਂ ਤੇਰਵੀਂ ਹੋਈ ਆ, ਬਹੁਤ ਵੱਡਾ ਜ਼ੁਲਮ ਹੋਇਆ ਤੇਰੇ ਨਾਲ, ਮੈਂ ਤੈਨੂੰ ਤੇਰੇ ਪੁੱਤਾਂ ਦੇ ਥਹੁ ਟਿਕਾਣਿਆਂ ਬਾਰੇ ਸਾਰਾ ਕੁਝ ਪਤਾ ਲਾ ਕੇ ਦੱਸਾਂਗਾ, ਨਾਲੇ ਕਰਾਊਂਗਾ ਹੋਈਆਂ ਵਧੀਕੀਆਂ ਦਾ ਇਨਸਾਫ। ਮੈਂ ਤੇਰੇ ਨਾਲ ਆਂ, ਪੰਜਾਬ ਸਿੰਹਾਂ! ਤੂੰ ਮੈਨੂੰ ਤਖਤ ‘ਤੇ ਇੱਕ ਵਾਰ ਬਿਠਾ, ਫਿਰ ਦੇਖ। ਮੈਂ ਪੂਰਾ ਤਾਣ ਲਾ ਕੇ ਉਹਨੂੰ ਤਖਤ ‘ਤੇ ਬਿਠਾਇਆ। ਮੈਂ ਫਿਰ ਉਹਦੇ ਕੋਲ ਬੜੇ ਮਾਣ ਨਾਲ ਗਿਆ ਕਿ ਮੇਰੇ ਪੁੱਤਾਂ ਦੀਆਂ ਲਾਸ਼ਾਂ ਬਾਰੇ ਪਤਾ ਕਰਵਾ ਦੇ ਹੁਣ। ਮੈਂ ਆਪਣੇ ਪੁੱਤਾਂ ਦੀਆਂ ਬਾਤਾਂ ਪਾਵਾਂ ਤੇ ਉਹ ਗੱਲਾਂ ਆਲ ਮਟੋਲ ਕਰੇ; ਉਹ ਮੈਨੂੰ ਏਧਰ-ਓਧਰ ਦੇ ਹੋਰ ਮਸਲੇ ਦੱਸੀ ਜਾਵੇ, ਮੇਰੀ ਗੱਲ ਵੱਲ ਤਵੱਜੋ ਹੀ ਨਾ ਦੇਵੇ। ਅਖੀਰ ਵਿਚ ਦੱਬਵੀਂ ਆਵਾਜ਼ ‘ਚ ਕਹਿੰਦਾ, ਪੰਜਾਬ ਸਿਹਾਂ! ਭੁੱਲ ਜਾਹ ਪੁਰਾਣੀਆਂ ਗੱਲਾਂ ਹੁਣ।
ਮੈਂ, ਜੋ ਦੁਸ਼ਮਣ ਦੀ ਚਾਲ ਨੂੰ ਸਮਝਣ ਵਿਚ ਕਦੇ ਖਤਾ ਨਹੀਂ ਸਾਂ ਖਾਂਦਾ, ਉਹਦੇ ਢਿੱਡ ਦੀ ਬੁੱਝਣ ‘ਚ ਪਲ ਨ੍ਹੀਂ ਸਾਂ ਲਾਉਂਦਾ, ਅੱਜ ਖੁਦ ਆਪਣੇ ਹੱਥੀਂ ਬਣਾਏ ਆਪਣੇ ਹੀ ਹਾਕਮ ਦੇ ਫਰੇਬ ਨੂੰ ਨਾ ਸਮਝ ਸਕਿਆ। ਧੋਖਾ ਖਾ ਗਿਆ ਮੈਂ ਉਹਦੀਆਂ ਮੋਮੋਠਗਣੀਆਂ ਮੋਹਰੇ, ਐਨਾ ਚਾਲਬਾਜ਼! ਮੇਰਾ ਭੋਲਾਪਨ ਹੀ ਮੇਰਾ ਸਿਧਰਾਪਨ ਬਣਾ ਕੇ ਰੱਖ ਦਿੱਤਾ, ਆਪਣੀ ਹੀ ਇਸ ਕਾਂਗਿਆਰੀ ਨੇ! ਮੈਨੂੰ ਇਹ ਪਤਾ ਈ ਨਾ ਲੱਗਾ ਕਿ ਮੇਰੇ ਪੁੱਤਾਂ ਦੀਆਂ ਲਾਸ਼ਾਂ ਦਾ ਵਪਾਰੀ ਹੀ ਇਹੋ ਫੱਫੇਕੁਟਣਾ ਹੈ। ਮੇਰੇ ਮੂੰਹੋਂ ਫੇਰ ਬਸ ਇੰਨਾ ਹੀ ਨਿਕਲਿਆ, ਹੂੰਹ…! ਭੁੱਲ ਜਾਹ! ਜਾਨਵਰ ਜਨੌਰ ਵੀ ਨ੍ਹੀਂ ਭੁੱਲਦੇ ਹੁੰਦੇ ਆਪਣੇ ਬੋਟਾਂ ਨੂੰ; ਤੂੰ ਮੈਨੂੰ ਉਨ੍ਹਾਂ ਤੋਂ ਵੀ ਗਿਰਿਆ ਗੁਜ਼ਰਿਆ ਸਮਝ ਲਿਆ। ਦੁੱਖ ਮੇਰਾ ਉਦੋਂ ਹੋਰ ਵੀ ਅਸਹਿ ਹੋ ਗਿਆ, ਜਦੋਂ ਮੈਂ ਦੇਖਿਆ ਕਿ ਮੇਰੇ ਪੁੱਤਾਂ ਦੇ ਨਿਰਦਈ ਕਾਤਿਲਾਂ ਨਾਲ ਇਸ ਵੱਡੀ ਕਾਂਗਿਆਰੀ ਦੀਆਂ ਜੱਫੀਆਂ ਪਈਆਂ ਹੋਈਆਂ।
ਮੈਂ ਬੜਾ ਨਿਰਾਸ਼ ਤੇ ਬੇਆਸ ਹੋ ਗਿਆ। ਰਾਤਾਂ ਨੂੰ ਮੈਨੂੰ ਨੀਂਦ ‘ਚ ਮੇਰੇ ਪੁੱਤ ਦਿਸਣੇ, ਉਨ੍ਹਾਂ ਪੁੱਛਣਾ, ਕਾਹਦਾ ਬਾਪ ਆਂ ਤੂੰ ਦੱਸ ਭਲਾ! ਤੂੰ ਆਪਣੇ ਪੁੱਤਾਂ ਦੇ ਸਿਵੇ ਵੀ ਨ੍ਹੀਂ ਸੰਭਾਲ ਸਕਿਆ। ਇਹ ਸੋਚ ਸੋਚ ਕੇ ਮੈਂ ਗੁੰਮ ਜਿਹਾ ਰਹਿਣ ਲੱਗ ਪਿਆ; ਝੋਰਾ ਲੱਗ ਗਿਆ ਕਿ ਮੈਂ ਉਹ ਪੰਜਾਬ ਸਿੰਘ, ਆਪਣੇ ਪੈਗੰਬਰੀ ਬਾਬੇ ਦੇ ਸਰਬ ਸਾਂਝੀਵਾਲਤਾ ਦੇ ਸਿਧਾਂਤ ‘ਤੇ ਪਹਿਰਾ ਦਿੰਦਾ ਹੋਇਆ ਦੁਸ਼ਮਣ ਦੀ ਵੀ ਮਿੱਟੀ ਦਾ ਸਤਿਕਾਰ ਕਰਕੇ ਸਮੇਟਣ ਵਾਲੇ ਦੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਲਾਵਾਰਿਸ! ਹਮਦਰਦ ਨਾ ਦਿਸੇ ਕੋਈ, ਜੋ ਦੱਸੇ ਕਿ ਤੇਰਾ ਕਿਹੜਾ ਪੁੱਤ ਕਿਸ ਸ਼ਮਸ਼ਾਨਘਾਟ ਵਿਚ ਫੂਕਿਆ ਸੀ।
ਫਿਰ ਮੇਰਾ ਆਪਣਾ ਹੀ ਛੈਲ-ਛਬੀਲਾ ਪੁੱਤ ਜਸਵੰਤ ਸਿੰਘ ਖਾਲੜਾ ਉਠਿਆ, ਪਤਾ ਨਹੀਂ ਮੇਰੇ ਪੈਗੰਬਰੀ ਬਾਬੇ ਨੀਲੇ ਦੇ ਸ਼ਾਹ ਅਸਵਾਰ ਨੇ ਹੀ ਭੇਜਿਆ ਹੋਊ, ਕਿਉਂਕਿ ਆਪਣੀ ਮੌਤ ਦਾ ਕੋਈ ਖੌਫ ਹੀ ਨਹੀਂ ਸੀ ਉਹਨੂੰ। ਚਾਰ ਚੁਫੇਰਾ ਫਰੇਬੀ ਜਰਵਾਣਿਆਂ ਨਾਲ ਭਰਿਆ ਪਿਆ, ਤੇ ਉਹ ਇਕੱਲਾ ਜਨੂੰਨੀ ਮੈਨੂੰ ਹਿੱਕ ਥਾਪੜ ਕੇ ਕਹਿੰਦਾ, ਮੈਂ ਲੱਭੂੰ ਤੇਰੇ ਪੁੱਤਾਂ ਦਾ ਖੁਰਾ ਖੋਜ। ਮੈਨੂੰ ਸਮਝ ਨਾ ਲੱਗੇ ਕਿ ਇਹ ਕਿੱਦਾਂ ਲੱਭੂ? ਸ਼ੇਰ ਦੇ ਜਬਾੜੇ ‘ਚ ਹੱਥ ਪਾਉਣ ਬਰਾਬਰ ਸੀ, ਤਲਵਾਰ ਦੀ ਤਿੱਖੀ ਧਾਰ ‘ਤੇ ਤੁਰਨ ਦੀ ਗੱਲ ਸੀ ਇਹ ਤਾਂ! ਇੱਕ ਕਤਲ ਦਾ ਸੁਰਾਗ ਲੱਭਣ ਲਈ ਜਿਥੇ ਸਟੇਟ ਦੀ ਸਾਰੀ ਮਸ਼ੀਨਰੀ ਲੱਗ ਜਾਂਦੀ ਆ, ਉਥੇ ਇਹ ਇਕਹਿਰੇ ਜਿਹੇ ਜਿਸਮ ਵਾਲਾ ‘ਕੱਲਾ, ਖਾਲੀ ਹੱਥੀਂ ਹਜ਼ਾਰਾਂ ਮੇਰੇ ਪੁੱਤਾਂ ਦੇ ਕਤਲ ਦਾ ਕਿਵੇਂ ਪਤਾ ਲਾਉ? ਨਾਲੇ ਕਾਤਿਲ ਹੀ ਤਾਂ ਤਖਤ ‘ਤੇ ਬੈਠੇ ਸਨ, ਉਹ ਵੀ ਬੜੇ ਬੇਕਿਰਕੇ। ਪਰ ਉਹ ਵਾਰਿਸ ਹੀ ਬੋਤਾ ਸਿੰਘ ਤੇ ਗਰਜਾ ਸਿੰਘ ਦਾ ਸੀ, ਜਿਨ੍ਹਾਂ ਨੂੰ ਪਤਾ ਸੀ ਆਪਣੀ ਹੋਣੀ ਦਾ।
ਖਾਲੜਾ! ਪੰਜਾਬ ਸਿੰਘ ਦਾ ਸੂਰਮਾ ਪੁੱਤ! ਬੜਾ ਹੀ ਰੌਸ਼ਨ ਦਿਮਾਗ, ਤੁਰ ਪਿਆ ਸਿਵਿਆਂ ਵੱਲ ਕਿ ਐਥੋਂ ਲੱਭਣੇ ਤੇਰੇ ਪੁੱਤਾਂ ਦੇ ਸੁਰਾਗ। ਤਿੰਨ ਕੁ ਸ਼ਮਸ਼ਾਨਘਾਟਾਂ ‘ਚੋਂ ਹੀ ਜਦੋਂ ਮੇਰੇ ਤਿੰਨ ਕੁ ਹਜ਼ਾਰ ਪੁੱਤਾਂ ਦੀਆਂ ਲਾਸ਼ਾਂ ਨੂੰ ਹਾਕਮਾਂ ਨੇ ਲਾਵਾਰਿਸ ਕਰਕੇ ਫੂਕਣ ਦੇ ਅਸਲੀ ਸੁਰਾਗ ਮੈਨੂੰ ਦਿਖਾਏ ਤਾਂ ਕਦੇ ਕਿਸੇ ਤੋਂ ਭੈਅ ਨਾ ਖਾਣ ਵਾਲਾ ਮੈਂ! ਪੰਜਾਬ ਸਿੰਘ ਪੈਰਾਂ ਤੋਂ ਲੈ ਕੇ ਸਿਰ ਤੱਕ ਕੰਬ ਗਿਆ ਇੱਕ ਵਾਰ ਤਾਂ, ਕਿਉਂਕਿ ਉਹਦੇ ਵਿਚ ਮੇਰੇ ਉਨ੍ਹਾਂ ਪੁੱਤਾਂ ਦੇ ਨਾਂ ਵੀ ਸਨ, ਜੋ ਅਜੇ ਬਾਪ ਦੀ ਉਂਗਲ ਛੱਡ ਕੇ ਆਪ ਤੁਰਨ ਜੋਗੇ ਹੋਏ ਸਨ; ਤੇ ਉਨ੍ਹਾਂ ਦੇ ਵੀ, ਜੋ ਉਮਰ ਦੇ ਆਖਰੀ ਪੜਾਅ ਵਿਚ ਅੱਠੇ ਪਹਿਰ ਬੰਦਗੀ ਕਰਨ ਵਾਲੇ ਰੱਬ ਦੀ ਮੂਰਤ ਬਾਬੇ।
ਖਾਲੜਾ ਪੁੱਤ ਬੱਸ ਐਨਾ ਕਰਕੇ ਨ੍ਹੀਂ ਬੈਠ ਗਿਆ, ਉਹ ਮੇਰੇ ਪੁੱਤਾਂ ਦੀਆਂ ਲਾਵਾਰਿਸ ਲਾਸ਼ਾਂ ਦਾ ਵਾਰਿਸ ਬਣ ਕੇ ਅਦਾਲਤਾਂ ਵੱਲ ਤੁਰ ਪਿਆ ਪਰ ਉਹ ਅਦਾਲਤਾਂ ਜੋ ਜਾਬਰਾਂ ਜਰਵਾਣਿਆਂ ਹਾਕਮਾਂ ਦੇ ਪੱਖ ਵਿਚ ਭੁਗਤਣ ਵਾਲੀਆਂ ਹੋਣ, ਨਿਆਂ ਕਿਥੋਂ ਮਿਲਣਾ ਸੀ! ਪਰ ਉਹਦੇ ਇਸ ਕਦਮ ਨੇ ਹਾਕਮਾਂ ਦੀ ਨੀਂਦ ਜ਼ਰੂਰ ਉਡਾ ਦਿੱਤੀ।
ਹੋਰ ਸਿਵਿਆਂ ਦੀ ਸਵਾਹ ਫਰੋਲਣ ਤੋਂ ਪਹਿਲਾਂ ਉਹਨੇ ਇਨ੍ਹਾਂ ਤਿੰਨਾਂ ਤੋਂ ਇਕੱਠੀ ਕੀਤੀ ਰਿਪੋਰਟ ਨੂੰ ਜੱਗ ਜ਼ਾਹਰ ਕਰਨ ਵਾਸਤੇ ਦੁਨੀਆਂ ਨੂੰ ਦੱਸਣਾ ਜ਼ਰੂਰੀ ਸਮਝਿਆ, ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਜਾਣ ਗਿਆ ਸੀ ਕਿ ਜੋ ਉਹ ਦੱਸਣ ਜਾ ਰਿਹਾ, ਉਹਨੂੰ ਖੁਦ ਨੂੰ ਬੜੀ ਛੇਤੀ ਹੀ ਇਨ੍ਹਾਂ ਸਿਵਿਆਂ ਵਿਚ ਇੱਕ ਲਾਵਾਰਿਸ ਲਾਸ਼ ਬਣਾ ਕੇ ਫੂਕ ਦਿੱਤਾ ਜਾਣਾ। ਕੈਨੇਡਾ ਦੀ ਜ਼ਮੀਨ ‘ਤੇ ਆ ਕੇ ਉਹਨੇ ਜਦੋਂ ਗੰਗਾ ਜਮੁਨਾ ਸਭਿਅਤਾ ਵਾਲਿਆਂ ਦੀ ਅਸਲੀਅਤ ਨਸ਼ਰ ਕੀਤੀ ਤਾਂ ਦੁਨੀਆਂ ਵਾਲੇ ਹੈਰਾਨ ਹੋ ਗਏ ਕਿ ਸ਼ਾਂਤੀ ਦਾ ਪੈਗਾਮ ਦੇਣ ਵਾਲਿਆਂ ਦੀ ਕਰਤੂਤ ਐਨੀ ਗਿਰੀ ਹੋਈ ਆ! ਇਹ ਤਾਂ ਨਾਜ਼ੀਵਾਦ ਨੂੰ ਵੀ ਮਾਤ ਪਾ ਗਈ। ਜੱਗ ਵਾਲਿਆਂ ਨੇ ਦੇਖਿਆ ਕਿ ਆਹ ਬੰਦਾ ਉਹ, ਜੋ ਪਰਦਾਫਾਸ਼ ਕਰ ਰਿਹਾ ਤਾਂ ਖਾਲੜੇ ਪੁੱਤ ਨੂੰ ਸਲਾਹ ਦਿੱਤੀ ਕਿ ਹੁਣ ਉਥੇ ਵਾਪਿਸ ਨਾ ਜਾਹ, ਤੈਨੂੰ ਜਿਉਂਦਾ ਨਹੀਂ ਛੱਡਣਾ ਜਰਵਾਣਿਆਂ ਨੇ। ਆਪਣੀ ਤਕਦੀਰ ਦਾ ਉਹਨੂੰ ਪਤਾ ਸੀ ਪਰ ਜੋ ਜਨੂੰਨ ਉਹਦੇ ਸਿਰ ‘ਤੇ ਸਵਾਰ ਸੀ, ਉਹ ਕਿਥੇ ਰੋਕ ਸਕਦਾ ਸੀ ਅਜਿਹੇ ਮਰਜੀਵੜਿਆਂ ਨੂੰ, ਜਿਨ੍ਹਾਂ ਨੇ ਦੂਜੇ ਦੇ ਦੁੱਖ ਨੂੰ ਆਪਣੇ ਸਿਰ ‘ਤੇ ਲੈ ਲਿਆ ਹੋਵੇ।
ਅਜਿਹੇ ਵਿਰਲੇ ਹੀ ਹੁੰਦੇ ਆ, ਲੱਖਾਂ-ਕਰੋੜਾਂ ਵਿਚੋਂ ਇੱਕ, ਤੇ ਮੇਰਾ ਖਾਲੜਾ ਪੁੱਤ ਉਨ੍ਹਾਂ ਵਿਰਲਿਆਂ ਵਿਚੋਂ ਇੱਕ ਸੀ। ਮੁੜ ਆਇਆ ਉਹ, ਮੇਰੇ ਨਾਲ ਕੀਤਾ ਵਾਅਦਾ ਪੂਰਾ ਕਰਨ ਤੇ ਰਹਿੰਦੇ ਸਿਵਿਆਂ ਦੀ ਸਵਾਹ ਫਰੋਲਣ, ਤਾਂ ਜੋ ਮੇਰੇ ਬਾਕੀ ਪੁੱਤਰਾਂ ਦੀਆਂ ਲਾਵਾਰਿਸ ਲਾਸ਼ਾਂ ਦੇ ਸੁਰਾਗ ਲੱਭ ਕੇ ਮੈਨੂੰ ਦੇ ਸਕੇ। ਜਰਵਾਣੇ ਹਾਕਮ, ਜੋ ਪਹਿਲਾਂ ਹੀ ਤਾਕ ਵਿਚ ਬੈਠੇ ਸਨ, ਬਣਾ ਦਿੱਤਾ ਮੇਰਾ ਯੋਧਾ ਪੁੱਤ ਖਾਲੜਾ ਵੀ ਲਾਵਾਰਿਸ ਲਾਸ਼। ਮੈਂ! ਪੰਜਾਬ ਸਿੰਘ ਇੱਕ ਵਾਰ ਫਿਰ ਲਾਚਾਰ ਬਣ ਕੇ ਬਹਿ ਗਿਆ ਉਹਦੇ ਵਿਛੋੜੇ ਨਾਲ ਕਿ ਕਦੋਂ ਤੇ ਕੌਣ ਹੁਣ ਮੈਨੂੰ ਮੇਰੇ ਬਾਕੀ ਪੁੱਤਾਂ ਦੀਆਂ ਲਾਸ਼ਾਂ ਲੱਭ ਕੇ ਦੇਊਗਾ?
ਪਿਛਲੇ ਸੱਤਰ ਸਾਲਾਂ ਤੋਂ ਮੈਂ ਵੋਟਾਂ ਵਾਲੀ ਸਿਆਸਤ ਨੂੰ ਬੜੇ ਨੇੜੇ ਤੋਂ ਦੇਖਦਾ ਰਿਹਾ, ਬੜੀਆਂ ਖੇਡਾਂ ਖੇਡੀਆਂ ਇਨ੍ਹਾਂ ਸਿਆਸਤਦਾਨਾਂ ਨੇ ਮੇਰੇ ਨਾਲ। ਮੈਨੂੰ ਪੰਜਾਬ ਸਿੰਘ ਤੋਂ ਮਸਲਾ ਸਿੰਘ ਬਣਾ ਕੇ ਰੱਖ ਦਿੱਤਾ ਇਨ੍ਹਾਂ ਨੀਲੀਆਂ, ਚਿੱਟੀਆਂ, ਲਾਲ, ਹਰੀਆਂ ਪੱਗਾਂ ਨੇ ਆਪਸ ਵਿਚ ਰਲ ਕੇ। ਕਿਸੇ ਨੇ ਮੇਰੇ ਪੁੱਤਾਂ ਬਾਰੇ ਸੁਹਿਰਦਤਾ ਨਹੀਂ ਦਿਖਾਈ ਅੱਜ ਤੱਕ। ਸੱਚ ਦੱਸਾਂ! ਜੋ ਵੱਧ ਹੱਥ ਜੋੜ ਕੇ ਕਹਿੰਦਾ, ਮੈਂ ਸੇਵਾ ਕਰਨ ਆਇਆਂ ਸਿਆਸਤ ਵਿਚ, ਓਨਾ ਹੀ ਵੱਡਾ ਘੁਮੰਡੀ ਆ ਉਹ। ਸੱਚ ਤਾਂ ਇਹ ਆ ਕਿ ਹੁਣ ਮੈਨੂੰ ਇਨ੍ਹਾਂ ਸਿਆਸਤੀਆਂ ‘ਤੇ ਯਕੀਨ ਹੈ ਨ੍ਹੀਂ। ਸਿਰੇ ਦੇ ਚਾਲਬਾਜ਼, ਮੱਕਾਰ, ਲੋਭੀ, ਵਿਸਾਹਘਾਤੀ। ਲੋਹੜਾ ਤਾਂ ਇਸ ਗੱਲ ਦਾ ਕਿ ਮੇਰੇ ਹੀ ਪੁੱਤਾਂ ਨੂੰ ਚੁੱਕ ਕੇ ਤੇ ਕਤਲ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਫੂਕਣ ਵਾਲੇ ਉਨ੍ਹਾਂ ਮੇਰੇ ਪੁੱਤਾਂ ਦੀਆਂ ਲਾਸ਼ਾਂ ‘ਤੇ ਦਹਾਕਿਆਂ ਬੱਧੀ ਸਿਆਸਤ ਕਰਕੇ ਆਪਣੇ ਪੁੱਤਾਂ ਨੂੰ ਤਖਤ ‘ਤੇ ਬਠਾਲਣ ਦੇ ਬਾਨ੍ਹਣੂ ਬੰਨ੍ਹ ਗਏ, ਤੇ ਮੈਂ ਲਾਚਾਰ ਅੱਜ ਵੀ ਸਿਵਿਆਂ ਦੀ ਸਵਾਹ ਫਰੋਲਦਾਂ ਕਿ ਕਿਹੜੀ ਮੇਰੇ ਪੁੱਤ ਦੀ ਆ।
ਅੱਜ ਮੇਰੀ ਇੱਕ ਧੀਅ ਜਿਹਨੇ ਲਾਵਾਰਿਸ ਲਾਸ਼ ਦੇ ਸੇਕ ਨੂੰ ਆਪਣੇ ਪਿੰਡੇ ‘ਤੇ ਹੰਢਾਇਆ, ਉਹਨੇ ਫਿਰ ਮੇਰੀ ਧਿਰ ਬਣ ਕੇ ਖੜ੍ਹਨ ਦਾ ਵਾਅਦਾ ਕੀਤਾ ਕਿ ਬਾਬਲਾ ਜੋ ਕੰਮ ਤੇਰਾ ਪੁੱਤ ਖਾਲੜਾ ਬੇਵਕਤ ਲਾਵਾਰਿਸ ਲਾਸ਼ ਬਣਨ ਕਰਕੇ ਵਿਚੇ ਹੀ ਛੱਡ ਗਿਆ, ਉਹ ਮੈਂ ਪੂਰਾ ਕਰਨ ਦੀ ਕੋਸ਼ਿਸ਼ ਕਰੂੰ। ਮੇਰੀ ਧੀ ਪਰਮਜੀਤ ਕੌਰ ਖਾਲੜਾ, ਮੇਰੇ ਪੁੱਤ ਜਸਵੰਤ ਸਿੰਘ ਖਾਲੜਾ ਦੀ ਜੀਵਨ ਸਾਥਣ ਨੇ ਸਿਵਿਆਂ ਦੀ ਸਵਾਹ ਫਰੋਲਣ ਨਾਲੋਂ ਹੁਣ ਲਾਵਾਰਿਸ ਲਾਸ਼ਾਂ ਦੀ ਆਵਾਜ਼ ਬਣਨ ਦਾ ਰਸਤਾ ਅਖਤਿਆਰ ਕੀਤਾ। ਹੁਣ ਉਹ ਉਸੇ ਇਮਾਰਤ ਜਿਹਨੂੰ ਪਾਰਲੀਮੈਂਟ ਕਹਿ ਕੇ ਗੰਗਾ-ਜਮਨਾ ਤਹਿਜ਼ੀਬ ਵਾਲੇ ਬੜਾ ਪਵਿੱਤਰ ਕਹਿ ਕੇ ਵਡਿਆਉਂਦੇ ਨਹੀਂ ਥੱਕਦੇ, ਉਹ ਉਸੇ ਇਮਾਰਤ ਵਿਚ ਜਾ ਕੇ ਉਥੇ ਬੈਠਣ ਵਾਲਿਆਂ ਦੀ ਪਵਿੱਤਰਤਾ ਦਾ ਮੁਖੌਟਾ ਉਨ੍ਹਾਂ ਦੇ ਸਾਹਮਣੇ ਲਾਹ ਦੇਣਾ ਚਾਹੁੰਦੀ ਹੈ ਕਿ ਏਹਨੂੰ ਕਹਿੰਦੇ ਆ ਪਵਿੱਤਰਤਾ! ਜਿਥੇ ਹਜ਼ਾਰਾਂ ਲਾਸ਼ਾਂ, ਇੱਕ ਸਾਲ ਦੀ ਉਮਰ ਦੇ ਬੱਚੇ ਤੋਂ ਲੈ ਕੇ ਸੱਤਰ-ਅੱਸੀ ਸਾਲ ਦੇ ਬਜ਼ੁਰਗਾਂ ਨੂੰ ਇਸੇ ਇਮਾਰਤ ਵਿਚ ਬੈਠਣ ਵਾਲਿਆਂ ਦੀ ਸਹਿਮਤੀ ਨਾਲ ਲਾਵਾਰਿਸ ਕਹਿ ਕੇ ਫੂਕ ਦਿੱਤਾ; ਸਿਰਫ ਇਸ ਕਰਕੇ ਕਿ ਉਹ ਸਾਰੇ ਦੇ ਸਾਰੇ ਇਸ ਮੁਲਕ ਦੀ ਇੱਜ਼ਤ ਆਬਰੂ ਬਚਾਉਣ ਵਾਲਿਆਂ ਦੇ ਵਾਰਿਸ ਆਪਣੀ ਵੱਖਰੀ ਤੇ ਸਾਂਝੀਵਾਲਤਾ ਵਾਲੀ ਸੋਚ ਰੱਖ ਕੇ ਇਸ ਆਜ਼ਾਦ ਕਰਵਾਏ ਮੁਲਕ ਵਿਚ ਬਰਾਬਰ ਤੇ ਸਤਿਕਾਰ ਵਾਲੇ ਨਾਗਰਿਕ ਬਣ ਕੇ ਜਿਉਣਾ ਚਾਹੁੰਦੇ ਸਨ? ਅੱਜ ਵੀ ਉਨ੍ਹਾਂ ਦੀਆਂ ਰੂਹਾਂ ਮੰਗ ਕਰਦੀਆਂ ਕਿ ਕੋਈ ਗੁਨਾਹ ਤਾਂ ਦੱਸੋ, ਜਿਸ ਕਰਕੇ ਸਾਡੇ ਜਿਸਮ ਨੂੰ ਕੋਹ ਕੋਹ ਕੇ ਖਤਮ ਕੀਤਾ।
ਉਸ ਕਾਲੇ ਦੌਰ ਵਿਚ ਪੰਜਾਬ ਦੇ ਕਿੰਨੇ ਪੁੱਤ ਲਾਵਾਰਿਸ ਲਾਸ਼ਾਂ ਬਣਾਏ, ਕੋਈ ਤਾਂ ਹਿਸਾਬ ਰਖਿਆ ਹੋਵੇਗਾ ਈ, ਕਿਉਂਕਿ ਹੁਣ ਤਾਂ ਸਾਰਾ ਕੁਸ਼ ਡਿਜੀਟਲ ਕਰ ਲਿਆ ਹੋਇਆ। ਆਹ ਜੋ ਅੱਜ ਚੋਰ-ਚੌਕੀਦਾਰ ਆਲਾ ਬਾਂਦਰ ਕਿੱਲਾ ਖੇਲਦੇ ਫਿਰਦੇ ਆ, ਸਭ ਢਕੋਂਜੀ ਆ, ਮੁੱਢ ਕਦੀਮੀ ਦਵੈਖ ਰੱਖਣ ਵਾਲੇ ਪੰਜਾਬ ਸਿੰਘ ਦੀ ਪੱਗ ਨਾਲ; ਰਲ ਮਿਲ ਕੇ ਰੋਲਣ ਵਾਲੇ। ਆਹ ਜੋ ਅੱਜ ਕੱਲ੍ਹ ਵੋਟਾਂ ਆ ਗਈਆਂ, ਭਾਵੇਂ ਜਿਹਨੂੰ ਮਰਜ਼ੀ ਪਾ ਕੇ ਦੇਖ ਲਿਓ, ਤੁਹਾਡਾ ਚੰਗਾ ਨਸੀਬ ਬਣਾਉਣਾ ਇਨ੍ਹਾਂ ਦੇ ਏਜੰਡੇ ਵਿਚ ਹੈ ਈ ਨ੍ਹੀਂ। ਪਿਛਲੇ ਸੱਤਰ ਸਾਲ ਵਾਲਾ ਇਤਿਹਾਸ ਹੀ ਦੋਹਰਾ ਹੋਣਾ ਹੁਣ ਵੀ।
ਪਰ ਮੈਂ ਪੰਜਾਬ ਸਿੰਘ! ਜੋ ਪਿਛਲੇ ਤਿੰਨ ਦਹਾਕਿਆਂ ਤੋਂ ਆਪਣੇ ਪੁੱਤਾਂ ਦੀਆਂ ਲਾਵਾਰਿਸ ਲਾਸ਼ਾਂ ਲੱਭਦਾ ਫਿਰਦਾਂ, ਆਪਣੇ ਪੁੱਤਾਂ-ਧੀਆਂ ਨੂੰ ਆਪਣਾ ਹੱਕ ਜਾਣ ਕੇ ਗੁਜ਼ਾਰਿਸ਼ ਕਰਦਾਂ ਕਿ ਮੈਨੂੰ ਤੁਹਾਡਾ ਸਾਥ ਚਾਹੀਦਾ ਅੱਜ; ਮੇਰੀ ਮਦਦ ਕਰੋ, ਉਹ ਤੁਹਾਡੇ ਵੀ ਕੁਝ ਆਪਣੇ ਸਕੇ ਸਬੰਧੀ ਹੀ ਤਾਂ ਸਨ। ਤੁਸੀਂ ਮੇਰੀ ਧੀ ਪਰਮਜੀਤ ਕੌਰ ਖਾਲੜਾ ਦੀਆਂ ਬਾਹਾਂ ਬਣੋ ਤੇ ਉਹ ਬਣੇ ਮੇਰੀ ਆਵਾਜ਼, ਤੇ ਫਿਰ ਸਾਰੇ ਜਗਤ ਨੂੰ ਪਤਾ ਲੱਗੂ ਕਿ ਮੇਰੇ ਪੁੱਤਾਂ ਨੂੰ ਲਾਵਾਰਿਸ ਲਾਸ਼ਾਂ ਕੀਹਨੇ ਤੇ ਕਿਹੜੇ ਹਾਲਾਤ ਨੇ ਬਣਾਇਆ, ਕਿਉਂਕਿ ਬਗੈਰ ਤੁਹਾਡੇ ਚੁਣੇ ਨੁਮਾਇੰਦੇ ਤੋਂ ਬਾਹਰਲੇ ਮੁਲਕ ਵਾਲੇ ਸੱਚ ਨਹੀਂ ਮੰਨਦੇ। ਅੱਜ ਤੱਕ ਅਸੀਂ ਬਥੇਰਾ ਗੁਰਦੁਆਰਿਆਂ ਵਿਚ ਚੀਕ ਚੀਕ ਕੇ ਕਹਿ ਚੁਕੇ ਆਂ ਲਾਵਾਰਿਸ ਲਾਸ਼ਾਂ ਬਾਰੇ, ਕਿਸੇ ਦਾ ਧਿਆਨ ਗਿਆ ਇਸ ਪਾਸੇ? ਬੱਸ ਗੁਰਦੁਆਰਿਆਂ ਅੰਦਰ ਹੀ ਰਿਹਾ। ਮੇਰੇ ਆਪਣੇ ਕੁਝ ਦਾਨੇ ਇਹ ਵੀ ਸਲਾਹ ਦਿੰਦੇ ਆ ਕਿ ਮੇਰੀ ਧੀ ਪਰਮਜੀਤ ਕੌਰ ਖਾਲੜਾ ਨੂੰ ਇਸ ਗੰਦੀ ਸਿਆਸਤ ਵਿਚ ਨਹੀਂ ਸੀ ਪੈਣਾ ਚਾਹੀਦਾ, ਨਹੀਂ ਸੀ ਖੜਨਾ ਚਾਹੀਦਾ ਖਡੂਰ ਸਾਹਿਬ ਤੋਂ! ਮੈਨੂੰ ਫਖਰ ਆ ਇਨ੍ਹਾਂ ਦਾਨੇ ਸੱਜਣਾਂ ਦੀ ਸੋਚ ‘ਤੇ ਕਿ ਉਹ ਇਹ ਦਿਲੋਂ ਮੰਨਦੇ ਆ ਕਿ ਖਾਲੜਾ ਪਰਿਵਾਰ ਵਰਗਾ ਸਾਫ ਸਵੱਛ ਇਮਾਨਦਾਰ ਤੇ ਬੇਦਾਗ ਹੋਰ ਕੋਈ ਹੈ ਈ ਨਹੀਂ।
ਜਿਥੋਂ ਤੱਕ ਗੱਲ ਹੈ ਗੰਦੀ ਸਿਆਸਤ ਦੀ, ਮੈਥੋਂ ਵੱਧ ਹੋਰ ਕੌਣ ਜਾਣਦਾ ਇਸ ਬਾਰੇ; ਅਖੌਤੀ ਆਜ਼ਾਦੀ ਦੀ ਦੇਵੀ ਦੇ ਪ੍ਰਗਟ ਹੋਣ ਸਾਰ, ਮੇਰੇ ਨਾਲ ਜੋ ਗੰਦੀ ਸਿਆਸਤ ਖੇਡੀ, ਸ਼ਾਇਦ ਹੀ ਦੁਨੀਆਂ ਵਿਚ ਕਿਸੇ ਨਾਲ ਖੇਡੀ ਗਈ ਹੋਵੇ। ਮੇਰੇ ਜਿਸਮ ਦੇ ਹੀ ਦੋ ਟੋਟੇ ਕਰ ਦਿੱਤੇ ਇਨ੍ਹਾਂ ਨੇ! ਆਹ ਮੇਰੇ ਪੁੱਤਾਂ ਦੀਆਂ ਲਾਵਾਰਿਸ ਲਾਸ਼ਾਂ ਇਸੇ ਗੰਦੀ ਸਿਆਸਤ ਨੇ ਹੀ ਤਾਂ ਮੇਰੀ ਝੋਲੀ ਪਾਈਆਂ। ਮੇਰਾ ਹੀਰਾ ਪੁੱਤ ਜਸਵੰਤ ਸਿੰਘ ਖਾਲੜਾ ਇਸ ਗੰਦੀ ਸਿਆਸਤ ਨੇ ਹੀ ਖੋਹ ਲਿਆ, ਫਿਰ ਮੇਰਾ ਕਿਉਂ ਨਹੀਂ ਇਸ ਗੰਦੀ ਸਿਆਸਤ ਤੇ ਗੰਦੇ ਸਿਆਸਤਦਾਨਾਂ ਤੋਂ ਛੁਟਕਾਰਾ ਦੁਆਉਂਦੇ ਤੁਸੀਂ? ਜਦੋਂ ਤੁਸੀਂ ਮੰਨਦੇ ਹੋ, ਮੇਰੀ ਧੀ ਖਾਲੜਾ ਵਰਗਾ ਹੋਰ ਕੋਈ ਹੈ ਨਹੀਂ, ਫਿਰ ਆਪਣਾ ਫਰਜ਼ ਕਿਉਂ ਨਹੀਂ ਪਛਾਣਦੇ ਭਲਾ! ਬਣੋ ਮੇਰੀਆਂ ਤੇ ਮੇਰੀ ਧੀ ਦੀਆਂ ਬਾਹਾਂ ਤੇ ਸਿਰਜੋ ਵੱਖਰਾ ਇਤਿਹਾਸ! ਜਿਹੜਾ ਵੀ ਖਾਲੜਾ ਦੇ ਵਿਰੁਧ ਵੋਟ ਦਾ ਦਾਅਵਾ ਕਰੂ, ਉਹ ਅਸਲ ਵਿਚ ਮੇਰੇ ਪੁੱਤਾਂ ਦੀਆਂ ਲਾਵਾਰਿਸ ਲਾਸ਼ਾਂ ਦੇ ਗੁਨਾਹ ਦਾ ਸਾਂਝੀਦਾਰ ਹੋਊ। ਇਨ੍ਹਾਂ ਨੂੰ ਇਤਿਹਾਸ ਨੇ ਮਹੰਤ ਨਰਾਇਣ ਦਾਸ ਦੇ ਵਾਰਿਸ ਕਹਿਣਾ।
ਦੁਨੀਆਂ ਨੇ ਤੁਹਾਨੂੰ ਸਿਜਦਾ ਕਰਨਾ ਜਦੋਂ ਮੇਰੇ ਪੁੱਤਾਂ ਦੀਆਂ ਲਾਵਾਰਿਸ ਲਾਸ਼ਾਂ ਦੀ ਆਵਾਜ਼ ਕੁਲ ਜਹਾਨ ਵਿਚ ਸੁਣੀ ਗਈ। ਇਨ੍ਹਾਂ ਲਾਸ਼ਾਂ ਦੇ ਵਪਾਰੀਆਂ ਨੇ ਬਥੇਰਾ ਰੌਲਾ ਪਾਉਣਾ, ਇਨ੍ਹਾਂ ਵੋਟਾਂ ਵਿਚ ਕਿ ਪੰਜਾਬ ਸਿੰਘ ਜਜ਼ਬਾਤੀ ਹੋਇਆ ਬੋਲੀ ਜਾਂਦਾ, ਐਦਾਂ ਥੋੜ੍ਹੋ ਸਿਆਸਤਾਂ ਚਲਦੀਆਂ ਹੁੰਦੀਆਂ! ਇਨ੍ਹਾਂ ਬੇਕਦਰਾਂ ਨੂੰ ਜਜ਼ਬਾਤ ਦਾ ਕੀ ਪਤਾ; ਉਹ ਮੇਰੇ ਜਜ਼ਬਾਤ ਹੀ ਸਨ, ਜਦੋਂ ਪਰਾਏ ਦੀ ਇੱਜ਼ਤ ਆਬਰੂ ਖਾਤਿਰ ਮੈਂ ਬੜੇ ਤੋਂ ਬੜੇ ਜਾਬਰ ਨਾਲ ਭਿੜ ਜਾਂਦਾ ਸਾਂ। ਉਦੋਂ ਮੇਰੇ ਸੋਹਲੇ ਗਾਏ ਜਾਂਦੇ ਸਨ, ਹੁਣ ਜਦੋਂ ਆਪਣੇ ਲਈ ਇਨਸਾਫ ਦੀ ਗੱਲ ਕੀਤੀ ਤਾਂ ਮੈਂ ਕੰਡਾ ਬਣ ਕੇ ਚੁੱਭਣ ਲੱਗ ਪਿਆ। ਇਨ੍ਹਾਂ ਬੇਕਦਰਾਂ ਨੇ ਤਾਂ ਮੇਰੇ ਜਜ਼ਬਾਤ ਮੇਰੇ ਪੁੱਤਾਂ ਦੀਆਂ ਲਾਸ਼ਾਂ ਨਾਲ ਈ ਸਾੜ ਦਿੱਤੇ ਸਨ।
ਅੰਤ ਵਿਚ ਮੈਂ ਇਹੀ ਕਹੂੰ, ਤੁਸੀਂ ਮੇਰੇ ਪੈਗੰਬਰੀ ਬਾਬੇ ਦੀ ਬਾਣੀ ਪੜ੍ਹਨ ਵਾਲੇ ਹੋ, ਜਿਹਦੇ ਪੈਗੰਬਰੀ ਬੋਲ ‘ਗੁਰਮੁਖਿ ਜਾਗਿ ਰਹੇ ਚੂਕੀ ਅਭਿਮਾਨੀ ਰਾਮੁ’ ਉਤੇ ਪਹਿਰਾ ਦਿੰਦਿਆਂ ਹੱਕ-ਸੱਚ ‘ਤੇ ਖੜ੍ਹਨ ਵਾਲੇ ਹੋ; ਚੰਗੇ ਮਾੜੇ ਦੀ ਤੁਹਾਨੂੰ ਪੂਰੀ ਪਛਾਣ ਹੈ ਤਾਂ ਫਿਰ ਕਿਤੇ ਇਸ ਵਾਰ ਖੁੰਝ ਨਾ ਜਾਇਓ ਤੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੋਟ ਜ਼ਰੂਰ ਪਾ ਕੇ ਆਪਣਾ ਗੁਰਮੁਖ ਹੋਣ ਦਾ ਫਰਜ਼ ਨਿਭਾਇਓ, ਨਹੀਂ ਤਾਂ ਮੈਂ ਪੰਜਾਬ ਸਿੰਘ ਅਜੇ ਹੋਰ ਪਤਾ ਨਹੀਂ ਕਿੰਨਾ ਵਕਤ ਆਪਣੇ ਪੁੱਤਾਂ ਦੀਆਂ ਲਾਵਾਰਿਸ ਲਾਸ਼ਾਂ ਲੱਭਦਾ ਰੁਲਦਾ ਫਿਰੂੰ। ਇਹ ਤੁਹਾਡੇ ‘ਤੇ ਆ ਹੁਣ!