ਦੁਆਬੇ ਦੀ ਦਲਿਤ ਵੱਸੋਂ ਉਲਝਾਏਗੀ ਸਿਆਸੀ ਧਿਰਾਂ ਦੀ ਤਾਣੀ

ਚੰਡੀਗੜ੍ਹ: ਵਧੇਰੇ ਦਲਿਤ ਵਸੋਂ ਵਾਲਾ ਦੁਆਬਾ ਖੇਤਰ ਚਾਰ ਦਹਾਕੇ ਤੋਂ ਵੱਧ ਸਮਾਂ ਕਾਂਗਰਸ ਦਾ ਗੜ੍ਹ ਸਮਝਿਆ ਜਾਂਦਾ ਰਿਹਾ ਹੈ। ਪਿਛਲੀ ਸਦੀ ਦੇ ਆਖਰੀ ਦਹਾਕੇ ਵਿਚ ਬਸਪਾ ਦੇ ਉਭਾਰ ਨੇ ਕਾਂਗਰਸ ਨੂੰ ਵੱਡੀ ਚੁਣੌਤੀ ਦਿੱਤੀ ਸੀ ਤੇ ਪਹਿਲੀ ਵਾਰ 1996 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨਾਲ ਬਸਪਾ ਦਾ ਗੱਠਜੋੜ ਹੋਇਆ ਤਾਂ ਦੁਆਬੇ ਦੀਆਂ ਤਿੰਨ ਸੀਟਾਂ ਵਿਚੋਂ ਦੋ ਹੁਸ਼ਿਆਰਪੁਰ ਤੇ ਫਿਲੌਰ ਤੋਂ ਬਸਪਾ ਉਮੀਦਵਾਰ ਜੇਤੂ ਰਹੇ ਸਨ ਤੇ ਤੀਜਾ ਜਲੰਧਰ ਹਲਕੇ ਤੋਂ ਅਕਾਲੀ ਉਮੀਦਵਾਰ ਜਿੱਤੇ ਸਨ।

ਇਸ ਤਰ੍ਹਾਂ ਪਹਿਲੀ ਵਾਰ ਕਾਂਗਰਸ ਨੂੰ ਦੁਆਬਾ ਖੇਤਰ ਵਿਚ ਇੰਨੀ ਵੱਡੀ ਮਾਰ ਝੱਲਣੀ ਪਈ ਸੀ। ਬਸਪਾ ਦੀ ਚੜ੍ਹਤ ਸਮੇਂ ਨੌਜਵਾਨ ਦਲਿਤ ਆਗੂਆਂ ਦਾ ਇਕ ਵੱਡਾ ਪੂਰ ਵੀ ਪੈਦਾ ਹੋਇਆ। ਦੁਆਬਾ ਖੇਤਰ ‘ਚ ਬਸਪਾ ਦੀ ਲਹਿਰ ਦੇ ਕਮਜ਼ੋਰ ਹੋਣ ਨਾਲ ਅਕਾਲੀ ਦਲ ਨੂੰ ਵੱਡਾ ਲਾਭ ਹੋਇਆ ਨਜ਼ਰ ਆ ਰਿਹਾ ਹੈ। ਕਾਂਗਰਸ ਵਿਰੋਧ ‘ਚ ਉਭਰੀ ਬਸਪਾ ‘ਚ ਪੈਦਾ ਹੋਈ ਨਵੀਂ ਨੌਜਵਾਨ ਲੀਡਰਸ਼ਿਪ ਦਾ ਕਾਫੀ ਅਹਿਮ ਹਿੱਸਾ ਅਕਾਲੀ ਦਲ ‘ਚ ਜਾ ਸ਼ਾਮਲ ਹੋਇਆ। ਆਦਮਪੁਰ ਤੋਂ ਵਿਧਾਇਕ ਪਵਨ ਟੀਨੂੰ, ਫਿਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਤੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਬਸਪਾ ਦੀ ਹੀ ਪੈਦਾਵਾਰ ਹਨ। ਦੋ ਵਾਰ ਵਿਧਾਇਕ ਬਣੇ ਮੋਹਨ ਲਾਲ ਬੰਗਾ, ਸਾਬਕਾ ਵਿਧਾਇਕ ਅਵਿਨਾਸ਼ ਚੰਦਰ, ਦਰਸ਼ਨ ਲਾਲ ਜੇਠੂ ਮਜਾਰਾ ਤੋਂ ਇਲਾਵਾ ਦਰਜਨ ਦੇ ਕਰੀਬ ਹੋਰ ਅਜਿਹੇ ਆਗੂ ਹਨ ਜਿਹੜੇ ਬਸਪਾ ਤੋਂ ਅਕਾਲੀ ਦਲ ‘ਚ ਆਏ। ਦੂਜੇ ਪਾਸੇ ਕਾਂਗਰਸ ਦੁਆਬਾ ਖੇਤਰ ਵਿਚ ਨਵੀਂ ਦਲਿਤ ਲੀਡਰਸ਼ਿਪ ਪੈਦਾ ਕਰਨ ਜਾਂ ਉਭਾਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ।
ਦੁਆਬੇ ਦੀ ਕਾਂਗਰਸ ਵਿਚ ਬਹੁਤ ਪਹਿਲਾਂ ਤੋਂ ਮਾਸਟਰ ਗੁਰਬੰਤਾ ਸਿੰਘ, ਦਰਸ਼ਨ ਸਿੰਘ ਕੇ.ਪੀ., ਫਗਵਾੜਾ ਦੇ ਜੋਗਿੰਦਰ ਸਿੰਘ ਮਾਨ ਤੇ ਚੌਧਰੀ ਜਗਤ ਰਾਮ ਦੇ ਪਰਿਵਾਰਾਂ ਦੀ ਚੜ੍ਹਤ ਰਹੀ ਹੈ। ਪਿਛਲੇ ਦੋ ਦਹਾਕੇ ਤੋਂ ਤਾਂ ਸਿਰਫ ਚੌਧਰੀ ਤੇ ਕੇ.ਪੀ. ਪਰਿਵਾਰ ਦਾ ਹੀ ਦਬਦਬਾ ਰਹਿ ਗਿਆ ਸੀ। ਪੂਰੇ ਦੁਆਬੇ ਵਿਚ ਸਿਰਫ ਜਲੰਧਰ ਪੱਛਮੀ ਦੇ ਸੁਸ਼ੀਲ ਰਿੰਕੂ ਤੇ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਹੀ ਹਨ ਜੋ ਕਾਂਗਰਸ ਵਿਚ ਨਵੇਂ ਆਗੂ ਬਣੇ ਹਨ। ਬਸਪਾ ਦੇ ਉਭਾਰ ਨੇ ਕਾਂਗਰਸ ਦੇ ਮਜ਼ਬੂਤ ਕਿਲ੍ਹੇ ਨੂੰ ਅਜਿਹੀ ਵੱਡੀ ਸੰਨ੍ਹ ਲਗਾਈ ਕਿ ਉਹ ਮੁੜ ਪੈਰ ਨਹੀਂ ਲਗਾ ਸਕੇ, ਸਗੋਂ ਬਸਪਾ ਦੇ ਖਲਾਅ ਨੂੰ ਅਕਾਲੀਆਂ ਨੇ ਭਰ ਲਿਆ ਹੈ। ਕਿਸੇ ਵੇਲੇ ਦਲਿਤ ਰਾਖਵੀਆਂ ਸੀਟਾਂ ਅਸਲ ਵਿਚ ਕਾਂਗਰਸ ਦੀਆਂ ਰਾਖਵੀਆਂ ਸੀਟਾਂ ਹੀ ਸਮਝੀਆਂ ਜਾਂਦੀਆਂ ਰਹੀਆਂ ਹਨ, ਪਰ ਹੁਣ ਹਾਲਾਤ ਬਦਲ ਗਏ ਹਨ। ਦੁਆਬੇ ਦੀਆਂ ਕੁੱਲ 23 ਸੀਟਾਂ ਵਿਚੋਂ 8 ਰਾਖਵੀਆਂ ਹਨ। ਫਰਵਰੀ 2017 ਦੀ ਵਿਧਾਨ ਸਭਾ ਚੋਣ ਵਿਚ ਪੂਰੇ ਪੰਜਾਬ ਵਿਚ ਅਕਾਲੀ ਦਲ ਦੀ ਸਥਿਤੀ ਬੇਹੱਦ ਕਮਜ਼ੋਰ ਸੀ, ਪਰ ਦੁਆਬੇ ਦੀਆਂ 8 ਰਾਖਵੀਆਂ ਸੀਟਾਂ ‘ਚੋਂ ਚਾਰ ਅਕਾਲੀ-ਭਾਜਪਾ ਗੱਠਜੋੜ ਦੇ ਹਿੱਸੇ ਆਈਆਂ ਹਨ। ਫਗਵਾੜਾ ਤੋਂ ਭਾਜਪਾ ਦੇ ਸੋਮ ਪ੍ਰਕਾਸ਼ ਅਤੇ ਆਦਮਪੁਰ, ਫਿਲੌਰ ਤੇ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਹਨ। ਲੋਕ ਸਭਾ ਦੀ ਉਮੀਦਵਾਰੀ ਨੂੰ ਲੈ ਕੇ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਸ੍ਰੀ ਮਹਿੰਦਰ ਸਿੰਘ ਕੇ.ਪੀ. ਵੱਲੋਂ ਬਗਾਵਤ ਦੇ ਰਾਹ ਤੁਰ ਪੈਣ ਨਾਲ ਦੁਆਬੇ ‘ਚ ਕਾਂਗਰਸ ਦਾ ਥੰਮ੍ਹ ਰਿਹਾ ਦਲਿਤ ਪਰਿਵਾਰ ਉਨ੍ਹਾਂ ਦੇ ਹੱਥੋਂ ਕਿਰਦਾ ਨਜ਼ਰ ਆ ਰਿਹਾ ਹੈ। ਕਾਂਗਰਸ ਹਲਕੇ ਕੇ.ਪੀ. ਦੀ ਬਗਾਵਤ ਨੂੰ ਦੁਆਬੇ ‘ਚ ਪਾਰਟੀ ਲਈ ਵੱਡਾ ਝਟਕਾ ਮੰਨ ਰਹੇ ਹਨ।