ਭਾਰਤ ਵਿਚ ਸੰਤੁਲਿਤ ਭੋਜਨ ਦੀ ਕਮੀ ਨਾਲ ਹੁੰਦੀਆਂ ਨੇ ਸੈਂਕੜੇ ਮੌਤਾਂ

ਵਾਸ਼ਿੰਗਟਨ: ਭਾਰਤ ਵਿਚ ਸੰਤੁਲਿਤ ਭੋਜਨ ਦੀ ਕਮੀ ਕਾਰਨ ਹਰ ਵਰ੍ਹੇ ਸੈਂਕੜੇ ਮੌਤਾਂ ਹੁੰਦੀਆਂ ਹਨ। ਵਿਸ਼ਵ ਪੱਧਰ ‘ਤੇ ਇਹ ਅੰਕੜਾ ਪੰਜ ਵਿਚੋਂ ਇਕ ਵਿਅਕਤੀ ਦੀ ਮੌਤ ਦਾ ਹੈ। ਇਹ ਖੁਲਾਸਾ ਲੈਂਸੇਟ ਪੱਤ੍ਰਿਕਾ ਨੇ ਇਕ ਸਰਵੇਖਣ ਵਿਚ ਕੀਤਾ ਹੈ। ਰਿਪੋਰਟ ਅਨੁਸਾਰ 195 ਮੁਲਕਾਂ ਦੇ 1990 ਤੋਂ 2017 ਤੱਕ ਦੇ 15 ਭੋਜਨ ਤੱਤਾਂ ਨੂੰ ਦੇਖਿਆ ਗਿਆ। ਇਸ ਤੋਂ ਪਤਾ ਲੱਗਿਆ ਕਿ ਵਿਸ਼ਵ ਦੇ ਲਗਭਗ ਹਰ ਹਿੱਸੇ ਦੇ ਲੋਕ ਆਪਣੇ ਖਾਣ-ਪੀਣ ਨੂੰ ਸੰਤੁਲਿਤ ਕਰਕੇ ਲਾਭ ਉਠਾ ਸਕਦੇ ਹਨ। ਇਸ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਭਰ ਵਿਚ ਅੰਦਾਜ਼ਨ ਪੰਜ ਵਿਚੋਂ ਇਕ ਵਿਅਕਤੀ ਦੀ ਮੌਤ ਸੰਤੁਲਿਤ ਭੋਜਨ ਅਤੇ ਪੌਸ਼ਟਿਕ ਤੱਤਾਂ ਦੀ ਘਾਟ ਨਾਲ ਜੁੜੀ ਹੈ ਅਤੇ ਇਹ ਅੰਕੜਾ ਲਗਭਗ ਇਕ ਕਰੋੜ ਦਸ ਲੱਖ ਮੌਤਾਂ ਦੇ ਬਰਾਬਰ ਹੈ।

ਸੰਤੁਲਿਤ ਭੋਜਨ ਦੀ ਘਾਟ ਕਈ ਭਿਆਨਕ ਰੋਗਾਂ ਦਾ ਕਾਰਨ ਬਣਦੀ ਹੈ। ਭੋਜਨ ਸਬੰਧੀ ਮਾਮਲਿਆਂ ਵਿਚ ਸਾਲ 2017 ਵਿਚ ਸਾਬਤ ਅਨਾਜ, ਫਲ, ਮੇਵੇ ਜਿਹੇ ਭੋਜਨ ਦੀ ਕਾਫੀ ਘੱਟ ਖੁਰਾਕ ਜ਼ਿਆਦਾਤਰ ਮੌਤਾਂ ਦਾ ਕਾਰਨ ਬਣੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਬਤ ਅਨਾਜ ਦੀ ਘੱਟ ਖੁਰਾਕ- ਪ੍ਰਤੀ ਦਿਨ 125 ਗ੍ਰਾਮ ਤੋਂ ਘੱਟ-ਭਾਰਤ, ਅਮਰੀਕਾ, ਬ੍ਰਾਜ਼ੀਲ, ਪਾਕਿਸਤਾਨ, ਨਾਇਜੀਰੀਆ, ਰੂਸ, ਮਿਸਰ, ਜਰਮਨੀ, ਇਰਾਨ ਅਤੇ ਤੁਰਕੀ ਵਿਚ ਮੌਤਾਂ ਅਤੇ ਬਿਮਾਰੀਆਂ ਦਾ ਕਾਰਨ ਬਣੀ। ਬੰਗਲਾਦੇਸ਼ ਵਿਚ ਫਲਾਂ ਦੀ ਘੱਟ ਖੁਰਾਕ ਪ੍ਰਤੀਦਿਨ 250 ਗ੍ਰਾਮ ਤੋਂ ਘੱਟ ਭੋਜਨ ਸਬੰਧੀ ਮੌਤਾਂ ਦਾ ਪ੍ਰਮੁੱਖ ਕਾਰਨ ਬਣੀ। ਰਿਪੋਰਟ ਵਿਚ ਕਿਹਾ ਗਿਆ ਕਿ 2017 ਵਿਚ ਭੋਜਨ ਸਬੰਧੀ ਮੌਤਾਂ ਦੀ ਸਭ ਤੋਂ ਘੱਟ ਦਰ ਇਜ਼ਰਾਈਲ, ਫਰਾਂਸ, ਸਪੇਨ, ਜਾਪਾਨ ਅਤੇ ਅੰਡੋਰਾ ਵਿਚ ਰਹੀ। ਭਾਰਤ ਇਨ੍ਹਾਂ ਵਿਚੋਂ 118ਵੇਂ ਸਥਾਨ ‘ਤੇ ਰਿਹਾ, ਜਿਥੇ ਔਸਤਨ ਇਕ ਲੱਖ ਲੋਕਾਂ ਪਿੱਛੇ 310 ਮੌਤਾਂ ਸੰਤੁਲਿਤ ਭੋਜਨ ਦੀ ਕਮੀ ਕਾਰਨ ਹੋਈਆਂ।
ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐਫ਼ਏ.ਓ.) ਨੇ ਆਪਣੀ ਭੋਜਨ ਸੰਕਟ ਬਾਰੇ 2019 ਦੀ ਰਿਪੋਰਟ ਵਿਚ ਕਿਹਾ ਹੈ ਕਿ ਯਮਨ, ਕਾਂਗੋ ਲੋਕਤੰਤਰ ਗਣਰਾਜ, ਅਫਗਾਨਿਸਤਾਨ ਅਤੇ ਸੀਰੀਆ ਉਨ੍ਹਾਂ ਅੱਠ ਮੁਲਕਾਂ ਵਿਚ ਸ਼ਾਮਲ ਹਨ, ਜਿਥੇ ਭੁੱਖਮਰੀ ਦੇ ਸ਼ਿਕਾਰ ਲੋਕਾਂ ਦਾ ਦੋ-ਤਿਹਾਈ ਹਿੱਸਾ ਹੈ। ਤਿੰਨ ਸਾਲ ਪਹਿਲਾਂ ਸ਼ੁਰੂ ਹੋਏ ਇਸ ਸਾਲਾਨਾ ਅਧਿਐਨ ਦੌਰਾਨ ਇਸ ਭਿਆਨਕ ਸੰਕਟ ਨਾਲ ਜੂਝ ਰਹੇ ਦੇਸ਼ਾਂ ਦਾ ਜਾਇਜ਼ਾ ਲਿਆ ਜਾਂਦਾ ਹੈ। ਐਫ਼ਏ.ਓ. ਦੇ ਆਫਤਾਂ ਬਾਰੇ ਨਿਰਦੇਸ਼ਕ ਡੋਮਨਿਕ ਬੋਰਜੁਆ ਨੇ ਦੱਸਿਆ ਕਿ ਇਸ ਸੰਕਟ ਦੀ ਸਭ ਤੋਂ ਵੱਧ ਮਾਰ ਅਫਰੀਕੀ ਦੇਸ਼ਾਂ ਨੂੰ ਪਈ ਹੈ, ਜਿਥੇ 7.2 ਕਰੋੜ ਲੋਕ ਭੋਜਨ ਦੀ ਕਮੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਹਨ। ਰਿਪੋਰਟ ਅਨੁਸਾਰ ਇਸ ਲਈ ਆਰਥਿਕ ਉਥਲ-ਪੁਥਲ ਅਤੇ ਵਾਤਾਵਰਣ ਆਫਤਾਂ ਜਿਵੇਂ ਸੋਕਾ, ਹੜ੍ਹ ਤੋਂ ਇਲਾਵਾ ਸੰਘਰਸ਼ ਅਤੇ ਅਸੁਰੱਖਿਆ ਅਹਿਮ ਕਾਰਨ ਹਨ। ਉਨ੍ਹਾਂ ਕਿਹਾ ਕਿ ਭੁੱਖਮਰੀ ਦੀ ਕਗਾਰ ‘ਤੇ ਖੜ੍ਹੇ ਦੇਸ਼ਾਂ ਵਿਚ 80 ਫੀਸਦੀ ਲੋਕ ਖੇਤੀਬਾੜੀ ‘ਤੇ ਨਿਰਭਰ ਹਨ। ਉਨ੍ਹਾਂ ਨੂੰ ਭੋਜਨ ਲਈ ਵੱਡੇ ਪੱਧਰ ਉਤੇ ਸਹਾਇਤਾ ਦਿੱਤੇ ਜਾਣ ਦੀ ਲੋੜ ਹੈ ਅਤੇ ਖੇਤੀਬਾੜੀ ਵਿਚ ਸੁਧਾਰ ਲਈ ਕਦਮ ਚੁੱਕੇ ਜਾਣ ਦੀ ਵੀ ਜ਼ਰੂਰਤ ਹੈ। ਇਸ ਰਿਪੋਰਟ ਵਿਚ ਵੱਡੀ ਗਿਣਤੀ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਵਾਲੇ ਮੁਲਕਾਂ, ਜੰਗ ਪ੍ਰਭਾਵਿਤ ਸੀਰੀਆ ਦੇ ਗੁਆਂਢੀ ਮੁਲਕਾਂ ‘ਤੇ ਪੈਣ ਵਾਲੇ ਦਬਾਵਾਂ ਨੂੰ ਵੀ ਉਭਾਰਿਆ ਗਿਆ ਹੈ। ਇਨ੍ਹਾਂ ਮੁਲਕਾਂ ਵਿਚ ਬੰਗਲਾਦੇਸ਼ ਵੀ ਸ਼ਾਮਲ ਹੈ, ਜਿਥੇ ਮੀਆਂਮਾਰ ਦੇ ਲੱਖਾਂ ਰੋਹਿੰਗਾ ਸ਼ਰਨਾਰਥੀ ਹਨ।