ਅਕਾਲ ਤਖਤ ਵੱਲੋਂ ‘ਸਿੱਖ ਹੈਰੀਟੇਜ ਕਮਿਸ਼ਨ’ ਬਣਾਉਣ ਦਾ ਫੈਸਲਾ

ਅੰਮ੍ਰਿਤਸਰ: ਇਤਿਹਾਸਕ ਤੇ ਪੁਰਾਤਨ ਸਿੱਖ ਇਮਾਰਤਾਂ ਦੀ ਸਾਂਭ-ਸੰਭਾਲ ਵਾਸਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ‘ਸਿੱਖ ਹੈਰੀਟੇਜ ਕਮਿਸ਼ਨ’ ਬਣਾਉਣ ਦਾ ਐਲਾਨ ਕੀਤਾ ਹੈ, ਜੋ ਦੇਸ਼-ਵਿਦੇਸ਼ਾਂ ਵਿਚ 60-70 ਸਾਲ ਤੋਂ ਵਧੇਰੇ ਪੁਰਾਣੀਆਂ ਤੇ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹੋਵੇਗਾ। ਇਹ ਫੈਸਲਾ ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਮੰਗ ‘ਤੇ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਤਰਨ ਤਾਰਨ ਸਥਿਤ ਦਰਬਾਰ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਉਢੀ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਸਿੱਖ ਸੰਗਤ ਨੇ ਸਖਤ ਵਿਰੋਧ ਕੀਤਾ ਸੀ, ਜਿਸ ਦੀ ਜਾਂਚ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈ ਗਈ। ਜਾਂਚ ਕਮੇਟੀ ਦੀ ਸਿਫਾਰਸ਼ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ। ਇਸੇ ਘਟਨਾਕ੍ਰਮ ਤੋਂ ਬਾਅਦ ਅਕਾਲ ਤਖਤ ਦੇ ਜਥੇਦਾਰ ਨੇ ਸਿੱਖ ਹੈਰੀਟੇਜ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਤਿੰਨ ਵੱਖੋ-ਵੱਖਰੇ ਵਫਦ ਅਕਾਲ ਤਖਤ ਦੇ ਜਥੇਦਾਰ ਨੂੰ ਮਿਲੇ ਅਤੇ ਮੰਗ ਪੱਤਰ ਸੌਂਪੇ। ਇਨ੍ਹਾਂ ਵਫਦਾਂ ਦੀ ਅਗਵਾਈ ਉਘੇ ਵਕੀਲ ਐਚ.ਐਸ਼ ਫੂਲਕਾ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਿੱਖ ਜਥੇਬੰਦੀਆਂ ਦਾ ਗੁੱਟ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਦੇ ਆਗੂ ਪਰਮਪਾਲ ਸਿੰਘ ਸਭਰਾ ਅਤੇ ਮੁਖਦੇਵ ਸਿੰਘ ਫਗਵਾੜਾ ਨੇ ਕੀਤੀ।
ਅਕਾਲ ਤਖਤ ਦੇ ਜਥੇਦਾਰ ਨੇ ਆਖਿਆ ਕਿ ਜਲਦੀ ਹੀ ਸਿੱਖ ਹੈਰੀਟੇਜ ਕਮਿਸ਼ਨ ਕਾਇਮ ਕੀਤਾ ਜਾਵੇਗਾ, ਜਿਸ ਵਿਚ ਦੋ ਇਤਿਹਾਸਕਾਰ, ਦੋ ਭਵਨ ਨਿਰਮਾਣਕਾਰ ਅਤੇ ਦੋ ਹੋਰ ਮਾਹਿਰ ਸ਼ਾਮਲ ਹੋਣਗੇ। 60 ਤੋਂ 70 ਸਾਲ ਤੱਕ ਪੁਰਾਣੀਆਂ ਤੇ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਮੁਰੰਮਤ ਦੇ ਮਾਮਲੇ ਵਿਚ ਸਿੱਖ ਹੈਰੀਟੇਜ ਕਮਿਸ਼ਨ ਕੋਲੋਂ ਅਗਾਊਂ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ। ਇਹ ਕਮਿਸ਼ਨ ਦੇਸ਼-ਵਿਦੇਸ਼ਾਂ ਵਿਚ ਗੁਰਦੁਆਰਿਆਂ ਦੀਆਂ ਇਮਾਰਤਾਂ ਦੇ ਰੱਖ-ਰਖਾਅ ਦੀ ਨਿਗਰਾਨੀ ਕਰੇਗਾ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਵਿਰਾਸਤੀ ਕਮੇਟੀ ਬਣਾਈ ਗਈ ਹੈ, ਜਿਸ ਬਾਰੇ ਜਥੇਦਾਰ ਨੇ ਆਖਿਆ ਕਿ ਸਿੱਖ ਹੈਰੀਟੇਜ ਕਮਿਸ਼ਨ ਵੱਖਰਾ ਹੋਵੇਗਾ ਅਤੇ ਇਹ ਅਕਾਲ ਤਖਤ ਅਧੀਨ ਕੰਮ ਕਰੇਗਾ। ਇਹ ਸੰਗਤ ਦੀ ਮੰਗ ‘ਤੇ ਬਣਾਇਆ ਗਿਆ ਹੈ।
ਤਰਨ ਤਾਰਨ ਦੇ ਗੁਰਦੁਆਰੇ ਦੀ ਦਰਸ਼ਨੀ ਡਿਉਢੀ ਮਾਮਲੇ ਵਿਚ ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਦੀ ਰਿਪੋਰਟ ਅਕਾਲ ਤਖਤ ਵਿਖੇ ਪੁੱਜ ਗਈ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਕੁਝ ਕਰਮਚਾਰੀਆਂ ਦੀ ਸ਼ਮੂਲੀਅਤ ਵੀ ਸਾਹਮਣੇ ਆਈ ਹੈ ਅਤੇ ਉਨ੍ਹਾਂ ਖਿਲਾਫ ਵੀ ਕਾਰਵਾਈ ਹੋਵੇਗੀ।
_________________________________
ਸ਼੍ਰੋਮਣੀ ਕਮੇਟੀ ਸਿੱਖ ਭਾਈਚਾਰੇ ਦੇ ਬੱਚਿਆਂ ਲਈ ਅਸਾਮ ਵਿਚ ਖੋਲ੍ਹੇਗੀ ਸਕੂਲ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਨੇ ਅਸਾਮ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਬੱਚਿਆਂ ਨੂੰ ਗੁਰਮੁਖੀ ਤੇ ਪੰਜਾਬੀ ਨਾਲ ਜੋੜਨ ਲਈ ਉਥੇ ਸਕੂਲ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਲੋੜੀਂਦੀ ਥਾਂ ਸਿੱਖ ਪ੍ਰਤੀਨਿਧੀ ਬੋਰਡ ਈਸਟਰਨ ਜ਼ੋਨ ਧੁਬੜੀ ਸਾਹਿਬ ਅਸਾਮ ਵੱਲੋਂ ਦਿੱਤੀ ਜਾਵੇਗੀ ਜਦੋਂਕਿ ਸਕੂਲ ਲਈ ਇਮਾਰਤ ਤਿਆਰ ਕਰਨ ਅਤੇ ਚਲਾਉਣ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਇਹ ਐਲਾਨ ਗੁਹਾਟੀ ਵਿਚ ਗੁਰਦੁਆਰਾ ਗੁਰੂ ਸਿੰਘ ਸਭਾ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ। ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਮਾਗਮ ਸਿੱਖ ਪ੍ਰਤੀਨਿਧੀ ਬੋਰਡ ਈਸਟਰਨ ਜ਼ੋਨ ਧੁਬੜੀ ਸਾਹਿਬ ਅਸਾਮ ਅਤੇ ਸਥਾਨਕ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਪੀਨਾਥ ਨਗਰ ਗੁਹਾਟੀ ਵਿਖੇ ਕੀਤਾ ਗਿਆ। ਲੌਂਗੋਵਾਲ ਨੇ ਸੰਗਤ ਨੂੰ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਚ ਹੋਣ ਵਾਲੇ ਸਮਾਗਮਾਂ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।