ਡੇਰਾ ਪ੍ਰੇਮੀਆਂ ਦੀਆਂ ਵੋਟਾਂ ਤੋਂ ਤ੍ਰਹਿਣ ਲੱਗੀਆਂ ਸਿਆਸੀ ਧਿਰਾਂ

ਸੰਗਰੂਰ: ਤਕਰੀਬਨ ਡੇਢ ਵਰ੍ਹੇ ਪਹਿਲਾਂ 25 ਅਗਸਤ 2017 ਨੂੰ ਸੀ.ਬੀ.ਆਈ. ਦੀ ਪੰਚਕੂਲਾ ਵਿਸ਼ੇਸ਼ ਅਦਾਲਤ ਵੱਲੋਂ ਵੱਖ-ਵੱਖ ਕੇਸਾਂ ‘ਚ ਦੋਸ਼ੀ ਐਲਾਨੇ ਡੇਰਾ ਸਿਰਸਾ ਮੁਖੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਤੱਕ ਪੰਜਾਬ, ਹਰਿਆਣਾ ਤੇ ਰਾਜਸਥਾਨ ਸਮੇਤ ਕਈ ਰਾਜਾਂ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਡੇਰਾ ਪ੍ਰੇਮੀ ਐਤਕੀਂ ਕਿਸੇ ਵੀ ਸਿਆਸੀ ਪਾਰਟੀ ਦੇ ਚੋਣ ਏਜੰਡੇ ‘ਤੇ ਵਿਖਾਈ ਨਹੀਂ ਦੇ ਰਹੇ।

ਪੰਚਕੂਲਾ ਕਾਂਡ ਤੋਂ ਪਹਿਲਾਂ ਤੱਕ ਇਨ੍ਹਾਂ ਰਾਜਾਂ ਦੀ ਰਾਜਨੀਤੀ ਨੂੰ ਆਪਣੀ ਮੁੱਠੀ ‘ਚ ਸਮਝਣ ਵਾਲੇ ਡੇਰਾ ਪ੍ਰੇਮੀਆਂ ਦਾ ਐਤਕੀਂ ਲੋਕ ਸਭਾ ਚੋਣਾਂ ‘ਚ ਮਨ ਬੁਝਿਆ-ਬੁਝਿਆ ਜਾਪ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਬਹੁਤੀਆਂ ਸਿਆਸੀ ਪਾਰਟੀਆਂ ਵੋਟਾਂ ਲਈ ਡੇਰੇ ਤੱਕ ਪਹੁੰਚ ਕਰਨ ਤੋਂ ਸਾਫ ਇਨਕਾਰ ਕਰ ਚੁੱਕੀਆਂ ਹਨ। ਜਾਣਕਾਰੀ ਮੁਤਾਬਕ ਡੇਰਾ ਪ੍ਰੇਮੀ ਪੰਚਕੂਲਾ ਹਿੰਸਾ ਮਾਮਲੇ ਕਾਰਨ ਜਿਥੇ ਹਰਿਆਣਾ ਦੀ ਭਾਜਪਾ ਸਰਕਾਰ ਤੋਂ ਡਾਢੇ ਖਫਾ ਵਿਖਾਈ ਦੇ ਰਹੇ ਹਨ, ਉਥੇ ਪੰਜਾਬ ‘ਚ ਬੇਅਦਬੀ ਕਾਂਡ ਦੀ ਪੜਤਾਲ ਕਰ ਰਹੀ ਐਸ਼ਆਈ.ਟੀ. ਵੱਲੋਂ ਬੇਅਦਬੀ ਕਾਂਡ ਦੀਆਂ ਤਾਰਾਂ ਡੇਰੇ ਨਾਲ ਜੋੜਨ ਦੇ ਦਿੱਤੇ ਜਾ ਰਹੇ ਸੰਕੇਤਾਂ ਕਾਰਨ ਪ੍ਰੇਮੀਆਂ ਦਾ ਕੈਪਟਨ ਸਰਕਾਰ ਤੋਂ ਵੀ ਮੋਹ ਭੰਗ ਹੁੰਦਾ ਜਾਪ ਰਿਹਾ ਹੈ। ਸੂਤਰਾਂ ਮੁਤਾਬਕ ਡੇਰਾ ਮੁਖੀ ਦੀ ਗ੍ਰਿਫਤਾਰੀ ਤੋਂ ਬਾਅਦ ਭਾਵੇਂ ਡੇਰੇ ਦੇ ਸ਼ਰਧਾਲੂਆਂ ਦੀ ਗਿਣਤੀ ‘ਚ ਭਾਰੀ ਗਿਰਾਵਟ ਆਈ ਹੈ ਅਤੇ ਡੇਰੇ ਨਾਲ ਨਵੇਂ ਸ਼ਰਧਾਲੂ ਵੀ ਨਹੀਂ ਜੁੜ ਰਹੇ ਹਨ ਪਰ ਫਿਰ ਵੀ ਪੰਜਾਬ ਦੇ ਕਰੀਬ 13 ਜ਼ਿਲ੍ਹਿਆਂ ਅੰਦਰ 35 ਲੱਖ ਤੋਂ ਵੱਧ ਡੇਰਾ ਪ੍ਰੇਮੀ ਹਾਲੇ ਵੀ ਡੇਰੇ ਦੇ ਇਸ਼ਾਰੇ ‘ਤੇ ਮਾਲਵੇ ਦੀਆਂ ਸੱਤ ਲੋਕ ਸਭਾ ਸੀਟਾਂ ਫਰੀਦਕੋਟ, ਫਿਰੋਜਪੁਰ, ਬਠਿੰਡਾ, ਸੰਗਰੂਰ, ਲੁਧਿਆਣਾ, ਫਤਹਿਗੜ੍ਹ ਸਾਹਿਬ ਤੇ ਪਟਿਆਲਾ ਦੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ।
ਉਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਦੌਰਾਨ ਡੇਰਾ ਮੁਖੀ ਤੋਂ ਪੁੱਛ ਪੜਤਾਲ ਕਰਨ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚੀ ਐਸ਼ਆਈ.ਟੀ. ਨੂੰ ਜੇਲ੍ਹ ਅਧਿਕਾਰੀਆਂ ਵੱਲੋਂ ਮੁਲਾਕਾਤ ਕਰਨ ਦੀ ਇਜਾਜ਼ਤ ਨਾ ਦੇਣ ਨੂੰ ਵੀ ਸਿਆਸੀ ਨੁਕਤਾ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਸਮਝਿਆ ਜਾ ਰਿਹਾ ਹੈ ਕਿ ਹਰਿਆਣਾ ਦੀ ਭਾਜਪਾ ਸਰਕਾਰ ਲੋਕ ਸਭਾ ਚੋਣਾਂ ਤੱਕ ਐਸ਼ਆਈ.ਟੀ. ਅਧਿਕਾਰੀਆਂ ਦੀ ਡੇਰਾ ਮੁਖੀ ਨਾਲ ਪੜਤਾਲੀਆ ਮੁਲਾਕਾਤ ਨੂੰ ਟਾਲ ਸਕਦੀ ਹੈ ਤਾਂ ਜੋ ਲੋਕ ਸਭਾ ਚੋਣਾਂ ‘ਚ ਡੇਰੇ ਦੇ ਗੁੱਸੇ ਨੂੰ ਘਟਾਇਆ ਜਾ ਸਕੇ। ਜਾਣਕਾਰੀ ਮੁਤਾਬਕ ਐਸ਼ਆਈ.ਟੀ. ਨੇ ਡੇਰਾ ਮੁਖੀ ਤੋਂ ਪੜਤਾਲ ਕਰਨ ਲਈ ਫਰੀਦਕੋਟ ਦੇ ਇਲਾਕਾ ਮੈਜਿਸਟ੍ਰੇਟ ਏਕਤਾ ਉਪਲ ਤੋਂ 20 ਮਾਰਚ ਨੂੰ ਬਾਕਾਇਦਾ ਲੋੜੀਂਦੀ ਪ੍ਰਵਾਨਗੀ ਹਾਸਲ ਕਰ ਲਈ ਸੀ ਅਤੇ ਜਾਂਚ ਟੀਮ ਨੇ ਪੜਤਾਲ ਲਈ ਪੰਜਾਬ ਸਰਕਾਰ ਰਾਹੀਂ ਹਰਿਆਣਾ ਸਰਕਾਰ ਦੇ ਜੇਲ੍ਹ ਵਿਭਾਗ ਨਾਲ 22 ਮਾਰਚ ਤੋਂ ਰਾਬਤਾ ਬਣਾਇਆ ਹੋਇਆ ਸੀ ਪਰ ਜੇਲ੍ਹ ਅਧਿਕਾਰੀਆਂ ਨੇ ਡੇਰਾ ਮੁਖੀ ਨਾਲ ਮੁਲਾਕਾਤ ਕਰਵਾਉਣ ਤੋਂ ਸਾਫ ਇਨਕਾਰ ਕਰਦਿਆਂ ਜਾਂਚ ਟੀਮ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਪ੍ਰਵਾਨਗੀ ਲਿਆਉਣ ਲਈ ਆਖ ਕੇ ਬੇਰੰਗ ਮੋੜ ਦਿੱਤਾ। ਸੂਤਰਾਂ ਮੁਤਾਬਕ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਲੋਕ ਸਭਾ ਚੋਣਾਂ ਦੀ ਮਾਈਕਰੋ ਮੈਨੇਜਮੈਂਟ ‘ਚ ਲੱਗੀਆਂ ਟੀਮਾਂ ਬੇਸ਼ੱਕ ਪ੍ਰਤੱਖ ਤੌਰ ‘ਤੇ ਡੇਰੇ ਦਾ ਨਾਂ ਤੱਕ ਲੈਣ ਤੋਂ ਵੀ ਟਾਲਾ ਵੱਟ ਰਹੀਆਂ ਹਨ ਪਰ ਉਹ ਡੇਰੇ ਦੇ ਬੱਝਵੇਂ ਵੋਟ ਬੈਂਕ ਨੂੰ ਕਿਸੇ ਵੀ ਕੀਮਤ ‘ਤੇ ਛੱਡਣਾ ਵੀ ਨਹੀਂ ਚਾਹੁੰਦੀਆਂ।
_____________________________
ਡੇਰਾ ਸਿਰਸਾ ਵੱਲੋਂ ਪੈਰੋਕਾਰਾਂ ਦੀ ਸਿਆਸੀ ਨਬਜ਼ ਟੋਹਣੀ ਸ਼ੁਰੂ
ਬਠਿੰਡਾ: ਡੇਰਾ ਸਿਰਸਾ ਨੇ ਲੋਕ ਸਭਾ ਚੋਣਾਂ ਮੌਕੇ ਪੈਰੋਕਾਰਾਂ ਦੀ ਨਬਜ਼ ਟੋਹਣੀ ਸ਼ੁਰੂ ਕਰ ਦਿੱਤੀ ਹੈ। ਡੇਰਾ ਮੁਖੀ ਦੇ ਰੋਹਤਕ ਜੇਲ੍ਹ ਜਾਣ ਮਗਰੋਂ ਡੇਰਾ ਆਗੂ ਹੁਣ ਪੈਰੋਕਾਰਾਂ ਦਾ ਸਿਆਸੀ ਰੌਂਅ ਜਾਣਨ ਦੇ ਰਾਹ ਤੁਰੇ ਹਨ। ਡੇਰੇ ਵੱਲੋਂ ਸਿਆਸੀ ਤੌਰ ‘ਤੇ ਨਵਾਂ ਫੈਸਲਾ ਲਿਆ ਜਾਣਾ ਹੈ ਤੇ ਨਾਲ ਹੀ ਡੇਰਾ ਆਗੂ ਹੁਣ ਆਪਣਾ ਸਿਆਸੀ ਵਜ਼ਨ ਵੀ ਮਾਪਣਗੇ। ਡੇਰਾ ਸਿਰਸਾ ਦਾ ਆਧਾਰ ਪਹਿਲਾਂ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਰਿਹਾ ਹੈ ਜਿਸ ਨੂੰ ਵੱਡੀ ਸੱਟ ਡੇਰਾ ਮੁਖੀ ਨੂੰ ਸਜ਼ਾ ਹੋਣ ਮਗਰੋਂ ਵੱਜੀ ਹੈ। ਡੇਰਾ ਸਿਰਸਾ ਹੁਣ ਰੂਹਾਨੀ ਸਥਾਪਨਾ ਮਹੀਨਾ ਮਨਾ ਰਿਹਾ ਹੈ। ਵੇਰਵਿਆਂ ਅਨੁਸਾਰ ਡੇਰਾ ਸਿਰਸਾ ਨੇ ਰੂਹਾਨੀ ਸਥਾਪਨਾ ਮਹੀਨਾ ਮਨਾਉਣ ਦੇ ਬਹਾਨੇ ਸਿਆਸੀ ਪਕੜ ਵੇਖਣੀ ਸ਼ੁਰੂ ਕੀਤੀ ਹੈ। ਆਖਿਆ ਇਹੋ ਜਾ ਰਿਹਾ ਹੈ ਕਿ ਇਸ ਮਹੀਨੇ ਵਿਚ ਮਾਨਵਤਾ ਦੀ ਭਲਾਈ ਜਿਵੇਂ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਤੇ ਕਿਤਾਬਾਂ ਕਾਪੀਆਂ ਦੀ ਵੰਡ ਕੀਤੀ ਜਾਣੀ ਹੈ।