ਵਿਸਾਖੀ ਦੀ ਸਿਧਾਂਤਕ ਤੇ ਇਤਿਹਾਸਕ ਮਹੱਤਤਾ

ਗੁਰਤੇਜ ਸਿੰਘ ਠੀਕਰੀਵਾਲਾ
ਸਿੱਖ ਧਰਮ ਵਿਚ ਵਿਸਾਖੀ ਸਿਧਾਂਤਕ ਤੇ ਇਤਿਹਾਸਕ ਮਹੱਤਤਾ ਵਾਲਾ ਗੌਰਵਮਈ ਤਿਉਹਾਰ ਹੈ। ਸਿੱਖ ਧਰਮ ਵਿਚ ਇਸ ਦਾ ਸਥਾਨ ਮੌਸਮੀ ਤੇ ਭਾਰਤੀ ਤਿਉਹਾਰ ਵਜੋਂ ਨਾ ਹੋ ਕੇ ਖ਼ਾਲਸਾ ਪੰਥ ਦੀ ਸਿਰਜਣਾ ਦੇ ਦਿਵਸ ਵਜੋਂ ਮਹੱਤਵਪੂਰਨ ਹੈ। ਵਿਸਾਖੀ ਦੇ ਤਿਉਹਾਰ ਨੂੰ ਗੁਰਦਰਸ਼ਨ ਲਈ ਇਕੱਤਰ ਹੋਣ ਦੀ ਰਵਾਇਤ, ਭਾਵ ਵਿਸਾਖੀ ਦਾ ਮੇਲਾ ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦਾਸ ਦੀ ਆਗਿਆ ਨਾਲ ਮਨਾਇਆ ਸੀ।

1699 ਦੀ ਵਿਸਾਖੀ ਨੇ ਇਸ ਤਿਉਹਾਰ ਨੂੰ ਸਿਖਰਲਾ ਰੂਪ ਪ੍ਰਦਾਨ ਕੀਤਾ। ਇਸ ਦਿਨ ਦਸਮ ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਦੇਵ ਦੁਆਰਾ ਸਥਾਪਿਤ ਨਿਰਮਲ ਪੰਥ ਨੂੰ ‘ਖ਼ਾਲਸਾ ਪੰਥ’ ਦਾ ਅੰਤਿਮ ਅਤੇ ਮੁਕੰਮਲ ਸਰੂਪ ਦੇ ਕੇ ਜਿੱਥੇ ਸਿਖ ਧਰਮ ਵਿਚ ‘ਗੁਰੂ ਗ੍ਰੰਥ ਤੇ ਪੰਥ’ ਦਾ ਅਨੂਠਾ ਸਿਧਾਂਤ ਸਿਰਜਿਆ, ਖ਼ਾਲਸਈ ਪਛਾਣ ਤੇ ਸਰੂਪ ਨਿਸ਼ਚਿਤ ਕੀਤਾ, ਸੰਤ-ਸਿਪਾਹੀ ਦੇ ਸੁਮੇਲ ‘ਤੇ ਆਧਾਰਿਤ ਧਰਮ ਤੇ ਰਾਜਨੀਤੀ ਨੂੰ ਇਕੱਠਿਆਂ ਕੀਤਾ, ਉਥੇ ਹੀ ਮਨੁੱਖੀ ਏਕਤਾ ਦੇ ਲਾਸਾਨੀ ਆਦਰਸ਼ ਨੂੰ ਐਲਾਨੀਆ ਤੌਰ ‘ਤੇ ਰੂਪਮਾਨ ਕੀਤਾ। ਖ਼ਾਲਸਾ ਪੰਥ ਦੀ ਸਾਜਨਾ ਗੁਰੂ ਨਾਨਕ ਦੇਵ ਜੀ ਦੁਆਰਾ ਭੇਦ-ਭਾਵ, ਊਚ-ਨੀਚ ਦੀ ਕੰਧ ਤੋੜਨ ਹਿੱਤ ਸਥਾਪਿਤ ਸਿੱਖ ਸਿਧਾਂਤ ਦੀ ਸਿਖ਼ਰ ਸੀ। ਇਸ ਮੌਕੇ ‘ਇਕੋ ਪੰਗਤ ਵਿਚ ਵੰਡ ਛਕਣ’ ਤੋਂ ਵੀ ਅੱਗੇ ‘ਇਕੋ ਬਾਟੇ’ (ਬਰਤਨ) ਵਿਚ ਖੰਡੇ ਦੀ ਪਾਹੁਲ ਛਕਾਈ ਗਈ। ਦੁਨੀਆਂ ਵਿਚ ਅਜਿਹੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਪ੍ਰੋ. ਪੂਰਨ ਸਿੰਘ ਅਨੁਸਾਰ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਨੂੰ ਇਕੋ ਲੋਹੇ ਦੇ ਬਾਟੇ ਵਿਚੋਂ ਅੰਮ੍ਰਿਤ ਛਕਣ ਲਈ ਕਿਹਾ ਤਾਂ ਜੋ ਡੂੰਘੇ ਘੁੱਟਾਂ ਰਾਹੀਂ ਉਹ ਭਰਾਤਰੀਅਤ ਦਾ ਪ੍ਰੇਮ ਪੀ ਸਕਣ।
ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਚ ਖ਼ਾਲਸਾ ਸਿਰਜਣਾ ਇਤਿਹਾਸ ਦੀ ਲਾਮਿਸਾਲ ਘਟਨਾ ਹੈ। ਧਾਰਮਿਕ ਜਗਤ ਵਿਚ ਪਹਿਲੀ ਵਾਰ ‘ਆਪੇ ਗੁਰ ਚੇਲਾ’ ਦੇ ਸਿਧਾਂਤ ‘ਤੇ ਅਮਲ ਦਾ ਵਰਤਾਰਾ, ਗੁਰੂ ਸਾਹਿਬ ਦੁਆਰਾ ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਛਕਾ ਕੇ ਫਿਰ ਆਪ ਉਨ੍ਹਾਂ ਕੋਲੋਂ ਖੰਡੇ ਦੀ ਪਾਹੁਲ ਪ੍ਰਾਪਤ ਕਰਨ ਨਾਲ ਵਰਤਿਆ।
ਅਜੋਕੇ ਦੌਰ ਵਿਚ ਵਿਸ਼ਵੀਕਰਨ ਦੀ ਧਾਰਨਾ ਦਾ ਮੁੱਖ ਵਾਸਤਾ ਇਹ ਹੈ ਕਿ ਵਿਭਿੰਨ ਧਰਮਾਂ, ਜਾਤਾਂ, ਸੱਭਿਆਚਾਰਾਂ, ਰਾਸ਼ਟਰਾਂ ਤੇ ਸਮਾਜਾਂ ਦੀ ਪਕੜ ਢਿੱਲੀ ਕਰ ਕੇ ਵਿਸ਼ਵ ਦੇ ਏਕੀਕਰਨ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕੀਤਾ ਜਾਵੇ। ਏਕੀਕਰਨ ਦੀ ਇਸ ਪ੍ਰਕਿਰਿਆ ਦੇ ਮੂਲ ਆਧਾਰ ਤਾਰਕਿਕ, ਵਿਗਿਆਨਕ ਜ਼ਿਆਦਾ ਤੇ ਧਾਰਮਿਕ ਘੱਟ ਹਨ। ਇਸ ਪ੍ਰਸੰਗ ਵਿਚ ਦੋ ਗੱਲਾਂ ਮਹੱਤਵਪੂਰਨ ਹਨ। ਇਕ ਤਾਂ ਇਹ ਕਿ ਘੱਟ ਗਿਣਤੀ ਦੇ ਧਰਮਾਂ, ਜਾਤਾਂ ਤੇ ਵਿਕਾਸਸ਼ੀਲ ਰਾਸ਼ਟਰਾਂ ਦਾ ਵਿਸ਼ਵੀਕਰਨ ਦੀ ਧਾਰਨਾ ਤੇ ਇਸ ਦੇ ਸਰੂਪ ਨੂੰ ਨਿਰਧਾਰਿਤ ਤੇ ਪ੍ਰਭਾਵਿਤ ਕਰਨ ਵਿਚ ਕੋਈ ਵਿਸ਼ੇਸ਼ ਯੋਗਦਾਨ ਨਹੀਂ। ਇਥੇ ਵੀ ‘ਤਕੜੇ ਦਾ ਸੱਤੀ ਵੀਹੀਂ ਸੌ’ ਦੀ ਕਹਾਵਤ ਢੁਕਦੀ ਹੈ। ਦੂਜੀ ਗੱਲ ਇਹ ਕਿ ਸਮੁੱਚੇ ਵਿਸ਼ਵ ਨੂੰ ਇਕ ਇਕਾਈ ਦੇ ਰੂਪ ਵਿਚ ਵਿਵਸਥਿਤ ਕਰਨ ਦੇ ਇਨ੍ਹਾਂ ਤਾਰਕਿਕ ਯਤਨਾਂ ਵਿਚੋਂ ਧਾਰਮਿਕ ਤੇ ਸੱਭਿਆਚਾਰਕ ਵਖਰੇਵਿਆਂ ਤੇ ਪਛਾਣਾਂ ਦੀ ਅਣਦੇਖੀ ਹੋਣ ਦੀ ਸੰਭਾਵਨਾ ਲਗਾਤਾਰ ਬਣੀ ਰਹਿੰਦੀ ਹੈ।
ਕੁਦਰਤ ਦਾ ਨਿਯਮ ਏਕਤਾ ਹੈ, ਇਕਮਿਕਤਾ ਨਹੀਂ, ਇਕਸੁਰਤਾ ਹੈ, ਇਕਸਾਰਤਾ ਨਹੀਂ। ਇਸ ਨਿਯਮ ਅਨੁਸਾਰ ਸਿੱਖ ਧਰਮ ਬਹੁਮੁਖੀ ਕੇਂਦਰਵਾਦ ਦਾ ਧਾਰਨੀ ਹੈ। ਇਸ ਦਾ ਉਦੇਸ਼ ਏਕਤਾ ਹੈ ਨਾ ਕਿ ਇਕਮਿਕਤਾ, ਇਹ ਸਾਂਝੀਵਾਲਤਾ ਤੇ ਵਿਸ਼ਵ ਭਾਈਚਾਰੇ ਦਾ ਸੁਨੇਹਾ ਦਿੰਦਾ ਹੈ, ਨਾ ਕਿ ਸਾਂਝ ਖ਼ਤਮ ਕਰ ਕੇ ਸੁਆਰਥਮਈ ਏਕੀਕਰਨ ਦਾ ਮੁੱਦਈ ਹੈ। ਗੁਰੂ ਸਾਹਿਬਾਨ ਅਨੁਸਾਰ ਧਰਮਾਂ, ਸੱਭਿਆਚਾਰਾਂ, ਸਭਿਆਤਾਵਾਂ ਤੇ ਰਾਸ਼ਟਰਾਂ ਦੀ ਵਿਲੱਖਣ ਪਛਾਣ ਸਹਿਹੋਂਦ ਤੇ ਵਿਸ਼ਵ ਭਾਈਚਾਰੇ ਲਈ ਕੋਈ ਰੁਕਾਵਟ ਨਹੀਂ ਹੈ। ਸੱਚਾ ਮੁਸਲਮਾਨ, ਸੱਚਾ ਹਿੰਦੂ ਤੇ ਧੁਰ ਆਪੇ ਨਾਲ ਜੁੜਿਆ ਯੋਗੀ ਗੁਰੂ ਸਾਹਿਬ ਲਈ ਉਨ੍ਹਾਂ ਦੀ ਬਾਹਰੀ ਰਹਿਤ ਦੇ ਵਖਰੇਵੇਂ ਸਹਿਤ ਵੀ ਪ੍ਰਵਾਨ ਹਨ। ਇਹ ਮਨੌਤ ਧਾਰਮਿਕ ਸਹਿਹੋਂਦ ਤੇ ਮਨੁੱਖੀ ਭਾਈਚਾਰੇ ਲਈ ਬੇਹੱਦ ਮਹੱਤਵ ਰੱਖਦੀ ਹੈ।
ਖ਼ਾਲਸਾ ਪੰਥ ਦੇ ਰਹਿਬਰਾਂ ਦੁਆਰਾ ਜਾਰੀ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ’ ਦਾ ਨਾਅਰਾ ਅਜੋਕੀ ਵਿਸ਼ਵ ਏਕੀਕਰਨ ਦੀ ਧਾਰਨਾ ਦੇ ਪ੍ਰਸੰਗ ਵਿਚ ਵਧੇਰੇ ਧਿਆਨ ਦੀ ਮੰਗ ਕਰਦਾ ਹੈ। ਗੁਰੂ ਸਾਹਿਬਾਨ ਦੁਆਰਾ ਸੁਝਾਏ ਗਏ ਏਕਤਾ ਦੇ ਇਸ ਸੰਦੇਸ਼ ਪਿੱਛੇ ਧਾਰਮਿਕ ਤੇ ਰਾਜਨੀਤਕ ਸੱਤਾ ਦੁਆਰਾ ਲਤਾੜੇ ਤੇ ਪਛਾੜੇ ਲੋਕਾਂ ਨੂੰ ਸਮਾਨਤਾ ਦਿਵਾਉਣ ਦੀ ਭਾਵਨਾ ਵਿਦਮਾਨ ਹੈ। ਵਰਤਮਾਨ ਸਮੇਂ ਘੱੱਟ ਗਿਣਤੀ ਧਰਮਾਂ, ਸਮਾਜਾਂ ਤੇ ਵਰਗਾਂ ਨੂੰ ਇਸ ਸ਼੍ਰੇਣੀ ਵਿਚ ਰੱਖ ਸਕਦੇ ਹਾਂ। ਧਰਮ-ਦਰਸ਼ਨ ਦੇ ਖੇਤਰ ਵਿਚ ਸਿੱਖ ਧਰਮ ਦੀ ਵਿਲੱਖਣ ਵਿਸ਼ੇਸ਼ਤਾ ‘ਰੱਬ ਦੀ ਏਕਤਾ’ ਦੇ ਸੰਕਲਪ ਦੀ ਹੈ।
ਇਥੇ ਵਿਸ਼ਾ ‘ਏਕ ਓਂਕਾਰ ਦਰਸ਼ਨ’ ਦੇ ਧਾਰਨੀ ਖ਼ਾਲਸਾ ਪੰਥ ਦੀ ਮਾਨਵੀ ਏਕਤਾ ਦੇ ਆਦਰਸ਼ ਸਬੰਧੀ ਅਦਾ ਕੀਤੀ ਭੂਮਿਕਾ ਬਾਰੇ ਹੈ। ਪਹਿਲਾਂ ਇਹ ਵਿਚਾਰ ਜ਼ਰੂਰੀ ਹੈ ਕਿ ਏਕਤਾ ਤੇ ਇਕਸੁਰਤਾ, ਇਕਮਿਕਤਾ ਤੇ ਇਕਸਾਰਤਾ ਦੇ ਉਲਟ ਕੁਦਰਤ ਦਾ ਨਿਯਮ ਹੈ। ਪੂਰਵ ਸਿੱਖ ਧਰਮ ਮਨੁੱਖੀ ਸਭਿਆਚਾਰ ਵਿਚ ਇਸ ਨਿਯਮ ਬਾਰੇ ਖੁੱਲ੍ਹ ਕੇ ਸਿਧਾਂਤਕ ਚਰਚਾ ਨਹੀਂ ਹੋਈ ਤੇ ਨਾ ਹੀ ਇਸ ਨੂੰ ਰੂਪਮਾਨ ਕਰਦਾ ਕੋਈ ਵਿਹਾਰਕ ਪੈਂਤੜਾ ਅਪਣਾਇਆ ਗਿਆ, ਸਗੋਂ ਬਹੁ-ਪੱਖੀ ਇਕਮਿਕਤਾ ਤੇ ਮਜ਼੍ਹਬੀ ਇਕਸਾਰਤਾ ਕਰਨ ਦੇ ਕੁਝ ਦੋਸ਼ਪੂਰਨ ਯਤਨ ਜ਼ਰੂਰ ਹੋਏ। ਸਿੱਟੇ ਵਜੋਂ ਵਿਭਿੰਨ ਸਮਾਜਾਂ ਦੀ ਸਮਾਜਿਕ ਏਕਤਾ ਤੇ ਰਾਜਸੀ ਇਕਸਾਰਤਾ ਦਾ ਕੋਈ ਠੋਸ ਬਾਨਣੂੰ ਸੁਲਝਾਉਂਦਾ ਵਿਚਾਰ ਨਾਕਾਫ਼ੀ ਰਿਹਾ। ਗੁਰੂ ਨਾਨਕ ਦੇਵ ਦੇ ਆਗਮਨ ਵੇਲੇ ਸਿਖਰ ਨੂੰ ਪੁੱਜੀ ਸਮਾਜਿਕ, ਧਾਰਮਿਕ ਅਸਮਾਨਤਾ ਤੇ ਤਤਕਾਲੀ ਸ਼ਾਸਕਾਂ ਵੱਲੋਂ ਭਾਰਤੀ ਲੋਕਾਂ ਨਾਲ ਧੱਕੇਸ਼ਾਹੀ ਦਾ ਮੁਕੰਮਲ ਦੌਰ ਚੱਲ ਰਿਹਾ ਸੀ। ਗੁਰੂ ਸਾਹਿਬਾਨ ਧਾਰਮਿਕ ਅਨੇਕਤਾ ਤੇ ਬਹੁਕੇਂਦ੍ਰਿਤ ਸਮਾਜ ਦੇ ਪੱਕੇ ਸਮਰਥਕ ਸਨ। ਮਹਾਂਕਵੀ ਭਾਈ ਸੰਤੋਖ ਸਿੰਘ ਨੇ ਧਾਰਮਿਕ ਏਕੀਕਰਨ ਦੇ ਪ੍ਰਸੰਗ ਵਿਚ ਗੁਰੂ ਗੋਬਿੰਦ ਸਿੰਘ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਉਨ੍ਹਾਂ ਦੀ ਗ਼ੈਰਹਾਜ਼ਰੀ ਵਿਚ ਧਾਰਮਿਕ ਅਨੇਕਤਾ ਖ਼ਤਮ ਹੋ ਜਾਣੀ ਸੀ। ਇਸ ਪ੍ਰਸੰਗ ਵਿਚ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦਾ ਦੂਜਾ ਪਹਿਲੂ ਸਮਾਜਿਕ ਏਕਤਾ ਤੇ ਭਾਈਚਾਰਾ ਸਥਾਪਿਤ ਕਰਨਾ ਸੀ।
ਗੁਰੂ ਸਾਹਿਬਾਨ ਸਾਹਮਣੇ ਸਮਾਜਿਕ ਤੇ ਮਨੁੱਖੀ ਏਕਤਾ ਦੇ ਆਦਰਸ਼ ਦੀ ਸਥਾਪਤੀ ਹਿਤ ਵਰਣ ਆਸ਼ਰਮ ‘ਤੇ ਆਧਾਰਿਤ ਜਾਤੀ-ਪਾਤੀ ਪ੍ਰਬੰਧ ਨੂੰ ਵੰਗਾਰਨਾ ਤੇ ਖਦੇੜਨਾ ਪ੍ਰਮੁੱਖ ਕਾਰਜ ਸੀ। ਖ਼ਾਲਸੇ ਦੀ ਸਾਜਨਾ ਜਾਤੀਵਾਦੀ ਸਮਾਜ ਨਾਲੋਂ ਮੁਕੰਮਲ ਤੋੜ-ਵਿਛੋੜਾ ਸਾਬਤ ਹੋਈ। ਜਾਤ-ਪਾਤ ਵਿਚ ਵਿਸ਼ਵਾਸ ਨਾ ਰੱਖਣ ਦਾ ਨਿਯਮ ਖ਼ਾਲਸਾਈ ਵਿਧਾਨ ਦਾ ਮੁੱਖ ਹਿੱਸਾ ਬਣਿਆ। ਗੁਰੂ ਨਾਨਕ ਦੇਵ ਨੇ ਮਨੁੱਖੀ ਏਕਤਾ ਦੇ ਇਸ ਕਾਰਜ ਲਈ ਲੰਗਰ ਪ੍ਰਥਾ ਦਾ ਆਰੰਭ ਕਰ ਕੇ ਸਿੱਖ ਧਰਮ ਦੇ ਬੁਨਿਆਦੀ ਅਸੂਲ ‘ਵੰਡ ਛਕੋ’ ਨੂੰ ਅਮਲੀ ਜਾਮਾ ਪਹਿਨਾਇਆ। ਗੁਰੂ ਅਮਰਦਾਸ ਨੇ ਇਸੇ ਅਸੂਲ ਤਹਿਤ ਮਨੁੱਖੀ ਨਾ ਬਰਾਬਰੀ ਤੋੜਨ ਦਾ ਹੋਕਾ ਦੇ ਕੇ ‘ਸੰਗਤ ਤੇ ਪੰਗਤ’ ਦੀ ਸੁਮੇਲਤਾ ਪ੍ਰਦਾਨ ਕਰਦਿਆਂ ਆਪਣੇ ਹਰ ਦਰਸ਼ਨ ਅਭਿਲਾਸ਼ੀ ਨੂੰ ‘ਪਹਿਲਾਂ ਪੰਗਤ ਪਾਛੈ ਸੰਗਤ’ ਕਰਨ ਦਾ ਹੁਕਮ ਜਾਰੀ ਕੀਤਾ। ਭੇਦ-ਭਾਵ ਤੇ ਊਚ-ਨੀਚ ਦੀ ਕੰਧ ਤੋੜਨ ਦਾ ਇਹ ਅਭਿਆਸ ਖ਼ਾਲਸਾ ਪੰਥ ਦੀ ਸਾਜਨਾ ਵੇਲੇ ਸਿਖਰ ‘ਤੇ ਪੁੱਜ ਗਿਆ ਜਦੋਂ ‘ਇਕੋ ਪੰਗਤ ਵਿਚ ਵੰਡ ਛਕਣ’ ਤੋਂ ਵੀ ਅੱਗੇ ‘ਇਕੋ ਬਾਟੇ’ (ਬਰਤਨ) ਵਿਚ ਖੰਡੇ ਦੀ ਪਾਹੁਲ ਛਕਾਈ ਗਈ।
ਖ਼ਾਲਸਾ ਪੰਥ ਦੇ ਮਨੁੱਖੀ ਏਕਤਾ ਵਾਲੇ ਅਮਲ ਦੇ ਖ਼ਾਲਸਈ ਬੋਲਿਆਂ, ਨਾਅਰਿਆਂ ਵਿਚੋਂ ਵੀ ਦਰਸ਼ਨ ਹੁੰਦੇ ਹਨ। ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਦੇ ਸਮੇਂ ਤੇ ਸਥਾਨ ਤੋਂ ਪਰ੍ਹੇ ਬ੍ਰਹਿਮੰਡੀ ਬੋਲੇ ਦਾ ਮਤਲਬ ਹੈ ਖ਼ਾਲਸਾ ਵਾਹਿਗੁਰੂ ਦਾ ਹੈ ਤੇ ਫ਼ਤਹਿ ਵੀ ਵਾਹਿਗੁਰੂ ਦੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਨੇ ਪੰਥ ਦੀ ਅਗਵਾਈ ਖ਼ਾਲਸੇ ਨੂੰ ਸੌਂਪੀ ਤਾਂ ਆਪਣੇ ਭਾਸ਼ਣ ਦੇ ਅਖ਼ੀਰ ਵਿਚ ਇਹ ਸ਼ਬਦ ਵਰਤੇ ਸਨ, ਜੋ ਖ਼ਾਲਸੇ ਦਾ ਨਾਅਰਾ ਬਣ ਗਏ। ਵਿਹਾਰਕ ਦ੍ਰਿਸ਼ਟੀ ਤੋਂ ਰੋਜ਼ਾਨਾ ਦੇ ਜੀਵਨ ਵਿਚ ਵਰਤਿਆ ਜਾਂਦਾ ਇਹ ਬੋਲਾ ਖ਼ਾਲਸੇ ਦੇ ਮਨੁੱਖੀ ਏਕਤਾ ਦੇ ਆਦਰਸ਼ ਨੂੰ ਮਾਨਸਿਕ ਤੌਰ ‘ਤੇ ਡੂੰਘਾ ਉਕਾਰਦਾ ਹੈ। ਖ਼ਾਲਸਾ ਪੰਥ ਦੀ ਸਾਜਨਾ ਦੀ ਲਾਸਾਨੀ ਘਟਨਾ ਕਾਰਨ ਵਿਸਾਖੀ ਦੇ ਤਿਉਹਾਰ ਦੀ ਪ੍ਰਾਸੰਗਿਕਤਾ ਬਹੁਭਾਂਤੀ ਤੇ ਬਹੁਪਾਸਾਰੀ ਹੈ। ਇਹ ਮਨੁੱਖੀ ਸਮਾਨਤਾ ਤੇ ਸੁਤੰਤਰਤਾ ਦੇ ਬ੍ਰਹਿਮੰਡੀ ਸਰੋਕਾਰਾਂ ਨੂੰ ਧਰਤੀ ‘ਤੇ ਅਮਲ ਵਿਚ ਲਿਆਉਣ ਦਾ ਸ਼ੁੱਭ ਦਿਹਾੜਾ ਹੈ।