ਮੁੱਕਿਆ ਚੇਤ ਵਿਸਾਖੀ ਆਈ

ਡਾ. ਲਖਵੀਰ ਸਿੰਘ ਨਾਮਧਾਰੀ
ਪੰਜਾਬ ਦੀ ਧਰਤੀ ਮੇਲਿਆਂ ਦਾ ਦੇਸ਼ ਹੈ। ਇਨ੍ਹਾਂ ਵਿਚੋਂ ਵਿਸਾਖੀ ਮੇਲਾ ਆਪਣਾ ਮੁੱਖ ਸਥਾਨ ਰੱਖਦਾ ਹੈ। ਵਿਸਾਖ ਚੜ੍ਹਦੇ ਹੀ ਹਾੜ੍ਹੀ ਦੀਆਂ ਫਸਲਾਂ ਦੀ ਕਟਾਈ ਸ਼ੁਰੂ ਹੋ ਜਾਂਦੀ ਹੈ, ਇਸ ਲਈ ਵਿਸਾਖੀ ਦਾ ਤਿਉਹਾਰ ਹੋਰਾਂ ਖੁਸ਼ੀਆਂ ਦੇ ਨਾਲ ਆਰਥਿਕ ਖੁਸ਼ਹਾਲੀਆਂ ਵੀ ਲੈ ਕੇ ਆਉਂਦਾ ਹੈ। ਮਹਾਨ ਕੋਸ਼ ਅਨੁਸਾਰ ਵਿਸਾਖੀ ਦਾ ਪੁਰਬ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦਾਸ ਦੀ ਆਗਿਆ ਨਾਲ ਸ਼ੁਰੂ ਕੀਤਾ।
ਵਿਸਾਖੀ ਦੇ ਦਿਹਾੜੇ ‘ਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ 1699 ਈਸਵੀ ਨੂੰ ਕੇਸਗੜ੍ਹ ਵਿਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ।

ਮਿਆਨ ਵਿਚੋਂ ਤਲਵਾਰ ਧੂਹ ਕੇ ਲੱਖਾਂ ਸੰਗਤ ਦੇ ਭਾਰੀ ਇਕੱਠ ਵਿਚੋਂ ਗੁਰੂ ਸਾਹਿਬ ਨੇ ਇਕ ਸੀਸ ਦੀ ਮੰਗ ਕੀਤੀ। ਗੁਰੂ ਸਾਹਿਬ ਦੀ ਮੰਗ ਮੁਤਾਬਕ ਇਕ-ਇਕ ਕਰਕੇ ਪੰਜ ਪਿਆਰਿਆਂ ਨੇ ਆਪਣੇ ਸੀਸ ਅਰਪਣ ਕੀਤੇ। ਗੁਰੂ ਗੋਬਿੰਦ ਸਿੰਘ ਨੇ ਇਨ੍ਹਾਂ ਪੰਜ ਪਿਆਰਿਆਂ ਦੀ ਸਮਰਪਣ ਭਾਵਨਾ ਨੂੰ ਪਰਖ ਕੇ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਪੰਜ ਪਿਆਰਿਆਂ ਤੋਂ ਖੁਦ ਅੰਮ੍ਰਿਤ ਛਕ ਕੇ ‘ਆਪੇ ਗੁਰ ਚੇਲਾ’ ਦੇ ਨਾਂ ਨਾਲ ਖ਼ਾਲਸੇ ਨੂੰ ਨਿਵੇਕਲੀ ਪਛਾਣ ਦਿੱਤੀ। ਦਸਮੇਸ਼ ਪਿਤਾ ਨੇ ਵਿਸਾਖੀ ਵਾਲੇ ਦਿਨ ਇਨ੍ਹਾਂ ਕਿਰਤੀ ਸਿੰਘਾਂ ਦੇ ਸਿਰਾਂ ‘ਤੇ ਆਪਣੇ ਹੱਥੀਂ ਕਲ਼ਗੀਆਂ ਸਜਾਈਆਂ ਅੇ ਪੰਜ ਪਿਆਰਿਆਂ ਨੂੰ ਆਪਣਾ ਹੀ ਰੂਪ ਮੰਨਿਆ।
ਵਿਸਾਖੀ ਦੇ ਇਸ ਸ਼ੁਭ ਦਿਹਾੜੇ ‘ਤੇ ਪੰਜਾਬ ਵਿਚ ਥਾਂ-ਥਾਂ ਮੇਲੇ ਭਰਦੇ ਹਨ। ਭਾਵੇਂ ਹੁਣ ਪੁਰਾਤਨਤਾ ਦਾ ਗੂੜ੍ਹਾ ਰੂਪ ਤਾਂ ਮੇਲਿਆਂ ਵਿਚ ਨਹੀਂ ਮਿਲਦਾ ਪਰ ਫਿਰ ਵੀ ਕਿਤੇ-ਕਿਤੇ ਘੋਲ ਅਤੇ ਕੁਸ਼ਤੀਆਂ ਹੁੰਦੀਆਂ ਹਨ। ਅਖਾੜੇ, ਗਵੰਤਰੀਆਂ ਦੇ ਗੌਣ, ਕਵੀਸ਼ਰੀ ਅਤੇ ਢੱਡ ਸਾਰੰਗੀ ਨਾਲ ਸੂਰਮਗਤੀ ਦੀਆਂ ਵਾਰਾਂ ਲੱਗਦੀਆਂ ਹਨ। ਭੰਗੜੇ ਪੈਂਦੇ ਹਨ, ਗੱਤਕੇ ਬਾਜ਼ੀ ਹੁੰਦੀ ਹੈ, ਮਾਲਵੇ ਵਿਚ ਮਰਦਾਂ ਦੇ ਗਿੱਧਿਆਂ ਵਿਚ ਧਮਾਲਾਂ ਵੀ ਕਿਧਰੇ-ਕਿਧਰੇ ਨਜ਼ਰੀਂ ਪੈਂਦੀਆਂ ਹਨ ਅਤੇ ਬਾਜ਼ੀਗਰ ਆਪਣੀਆਂ ਕਲਾਬਾਜ਼ੀਆਂ ਦਿਖਾਉਂਦੇ ਹਨ।
ਵਿਸਾਖ ਵਿਚ ਪੀਲੇ ਫੁੱਲਾਂ ਵਾਲੀ ਸਰੋਂ ਦੀ ਫ਼ਸਲ ਦੀਆਂ ਫਲੀਆਂ ਦਾਣਿਆਂ ਨਾਲ ਭਰ ਜਾਂਦੀਆਂ ਹਨ। ਹਰੀਆਂ ਕਚਾਰ ਕਣਕਾਂ ਰੰਗ ਵਟਾ ਕੇ ਸੋਨੇ ਰੰਗੀ ਭਾਅ ਮਾਰਨ ਲੱਗ ਜਾਂਦੀਆਂ ਹਨ। ਜਦ ਕਿਸਾਨ ਹਵਾਵਾਂ ਨਾਲ ਲਹਿਰਾਉਂਦੀਆਂ ਫਸਲਾਂ ਦੇ ਖੇਤ ਵੇਖਦਾ ਹੈ ਤਾਂ ਉਸ ਅੰਦਰ ਖੁਸ਼ੀਆਂ ਦੇ ਬੇਰ ਪੱਕ ਜਾਂਦੇ ਹਨ। ਗੁਲਾਬ ਅਤੇ ਡੇਲੀਆ ਮਹਿਕਾਂ ਵੰਡਣ ਲੱਗ ਜਾਂਦਾ ਹੈ। ਬੋਹੜ, ਪਿੱਪਲ, ਟਾਹਲੀਆਂ, ਤੂਤ ਅਤੇ ਸਮੁੱਚੀ ਬਨਸਪਤੀ ਹਰੇ ਕਚੂਰ ਲਵੇ-ਲਵੇ ਚਮਕੀਲੇ ਨਵੇਂ ਪੱਤਿਆਂ ਨਾਲ ਲਹਿਰਾਉਣ ਲੱਗ ਜਾਂਦੀ ਹੈ। ਅੰਬਾਂ ਨੂੰ ਬੂਰ ਪੈ ਜਾਂਦਾ ਹੈ। ਵਿਸਾਖ ਮਹੀਨੇ ਦੇ ਇਸ ਸੁਹੱਪਣ ਪ੍ਰਤੀ ਧਨੀ ਰਾਮ ਚਾਤ੍ਰਿਕ ਬਹੁਤ ਹੀ ਖ਼ੂਬਸੂਰਤ ਸ਼ਬਦਾਂ ਵਿਚ ਇੰਝ ਲਿਖਦੇ ਹਨ:
ਪੱਕ ਗਈਆਂ ਕਣਕਾਂ ਲੁਕਾਠ ਰਸਿਆ।
ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ।
ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ।
ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ।
ਸਾਈਂ ਦੀ ਨਿਗਾਅ ਜੱਗ ‘ਤੇ ਸਵੱਲੀ ਏ।
ਚੱਲ ਨੀ ਪ੍ਰੇਮੀਏ, ਵਿਸਾਖੀ ਚੱਲੀਏ।
ਭਾਵੇਂ ਅੱਜ ਕੱਲ੍ਹ ਕੰਬਾਈਨਾਂ ਅਤੇ ਨਵੀਨ ਤਕਨਾਲੋਜੀ ਦੇ ਅਨੇਕਾਂ ਉਪਕਰਨ ਆ ਗਏ ਹਨ, ਪਰ ਪੁਰਾਤਨ ਸਮੇਂ ਵਿਚ ਹਾੜ੍ਹੀ ਦੀ ਫਸਲ ਮੰਗ ਪਾਕੇ ਵੱਡਦੇ ਸਨ। ਮੰਗ ਪਾਉਣ ਵੇਲੇ ਸਾਰੇ ਯਾਰ-ਬੇਲੀ, ਰਿਸ਼ਤੇਦਾਰ ਇਕੱਠੇ ਹੋ ਕੇ ਪਹਿਲਾਂ ਇਕ ਘਰ ਦੀ ਹਾੜ੍ਹੀ ਵੱਢਦੇ ਅਤੇ ਫਿਰ ਵਾਰੋ-ਵਾਰੀ ਇਕੱਠੇ ਹੋਕੇ ਇਕ-ਦੂਜੇ ਘਰ ਦਾ ਕੰਮ ਵਾਰੀ ਨਾਲ ਨਿਬੇੜੀ ਜਾਂਦੇ। ਮੰਗ ਪਾਉਣ ਵੇਲੇ ਹਾੜ੍ਹੀ ਵੱਢਣ ਵਾਲਿਆਂ ਵਿਚ ਜੋਸ਼ ਭਰਨ ਲਈ ਖੇਤਾਂ ਵਿਚ ਸਾਰਾ-ਸਾਰਾ ਦਿਨ ਢੋਲ ਵੱਜਦਾ। ਇਕ ਦੂਸਰੇ ਨਾਲ ਜ਼ਿੱਦ-ਜ਼ਿੱਦ ਕੇ ਲੋਕ ਦਾਤੀਆਂ ਨਾਲ ਹਾੜ੍ਹੀ ਵੱਢਦੇ। ਲੋਕ ਬੋਲੀਆਂ ਰਾਹੀਂ ਪਤਨੀ ਆਪਣੇ ਪਤੀ ਨੂੰ ਇਹੋ ਕਹਿੰਦੀ ਨਜ਼ਰ ਆਉਂਦੀ ਹੈ:
ਦਾਤੀ ਨੂੰ ਲਵਾਦੇ ਘੁੰਗਰੂ,
ਹਾੜੀ ਵੱਢੂੰਗੀ ਬਰਾਬਰ ਤੇਰੇ।
ਦਾਤੀਆਂ ਨਾਲ ਹਾੜੀ ਵੱਢਣਾ ਸੌਖਾ ਕੰਮ ਨਹੀਂ ਸੀ। ਸਾਰਾ ਦਿਨ ਉਪਰੋਂ ਸੂਰਜ ਅੱਗ ਵਰ੍ਹਾਉਂਦਾ ਤੇ ਹੇਠੋਂ ਧਰਤੀ ਸੇਕ ਮਾਰਦੀ। ਅਜਿਹੇ ਦ੍ਰਿਸ਼ ਨੂੰ ਸਾਡਾ ਸਭਿਆਚਾਰ ਲੋਕ ਬੋਲੀਆਂ ਰਾਹੀਂ ਇੰਜ ਪ੍ਰਗਟ ਹੁੰਦਾ ਹੈ:
ਵਾਢੀ ਕਰਦੀ ਮੁਰੱਬਿਆਂ ਵਾਲੀ,
ਤਿੱਪ-ਤਿੱਪ ਚੋਵੇ ਮੁੜ੍ਹਕਾ।
ਪੁਰਾਤਨ ਕਹਾਵਤਾਂ ਬਣੀਆਂ ਹੋਈਆਂ ਹਨ ਕਿ ਪੰਜਾਬੀ ਲੋਕ ਤਾਂ ਦੁਨੀਆਂ ਵਿਚ ਆਉਂਦੇ ਹੀ ਮੇਲਾ ਮਨਾਉਣ ਲਈ ਹਨ। ਇਨ੍ਹਾਂ ਮੇਲਿਆਂ ਵਿਚ ਲੱਖਾਂ ਦੀ ਤਾਦਾਦ ਵਿਚ ਲੋਕ ਪਹੁੰਚਦੇ ਹਨ। ਵਿਸਾਖੀ ਦੇ ਮੇਲੇ ‘ਤੇ ਜਾਣ ਦਾ ਸਭ ਨੂੰ ਚਾਅ ਹੁੰਦਾ ਹੈ। ਮੁਟਿਆਰਾਂ ਤੋਂ ਤਾਂ ਮੇਲੇ ਜਾਣ ਦੀਆਂ ਖੁਸ਼ੀਆਂ ਸਾਂਭੀਆਂ ਨਹੀਂ ਜਾਂਦੀਆਂ। ਅਜਿਹੇ ਚਾਵਾਂ ਨੂੰ ਲੋਕ ਬੋਲੀਆਂ ਇੰਜ ਸਪਸ਼ਟ ਕਰਦੀਆਂ ਹਨ:
ਚਿੱਟਿਆ ਕਬੂਤਰਾ ਚਿੱਟੀਆਂ ਵੇ ਅੱਖੀਆਂ,
ਵਿਚ ਕਜਲੇ ਦੀ ਧਾਰੀ ਵੇ ਕਬੂਤਰਾ,
ਸਾਡੀ ਹੋਈ ਐ ਵਿਸਾਖੀ ਦੀ ਤਿਆਰੀ ਵੇ ਕਬੂਤਰਾ।
ਜੇ ਕੋਈ ਮੁਟਿਆਰ ਕਿਸੇ ਕਾਰਨ ਮੇਲੇ ਵਿਚ ਜਾ ਨਹੀਂ ਸਕਦੀ ਤਾਂ ਉਹ ਮੇਲੇ ਜਾਂਦੇ ਆਪਣੇ ਪਤੀ ਨੂੰ ਆਖਦੀ ਹੈ:
ਮੈਨੂੰ ਨੱਤੀਆਂ ਭਾਬੋ ਨੂੰ ਪਿੱਪਲ ਪੱਤੀਆਂ,
ਵਿਸਾਖੀ ਤੋਂ ਲਿਆਂਦੀ ਹਾਣੀਆਂ।
ਵਿਸਾਖੀ ਦੇ ਮੇਲੇ ਦੀ ਰੌਣਕ ਮਨ ਨੂੰ ਮੋਹ ਲੈਂਦੀ ਹੈ। ਹਰ ਪਾਸੇ ਸਜੇ ਤਿਆਰ-ਬਰ-ਤਿਆਰ ਲੋਕਾਂ ਦੀ ਭੀੜ ਨਜ਼ਰ ਆਉਂਦੀ ਹੈ। ਖਾਣ ਪੀਣ ਦੇ ਸ਼ੌਕੀਨ ਹਲਵਾਈਆਂ ਤੋਂ ਪਕੌੜੇ, ਮਠਿਆਈਆਂ ਅਤੇ ਗਰਮਾ-ਗਰਮ ਜਲੇਬੀਆਂ ਖਾਂਦੇ ਹਨ। ਬੱਚੇ ਖਿਡੌਣੇ ਅਤੇ ਨਵੀਆਂ ਤੋਂ ਨਵੀਆਂ ਕਲਾਤਮਿਕ ਢੰਗ ਨਾਲ ਤਿਆਰ ਕੀਤੀਆਂ ਮਨ ਭਾਉਂਦੀਆਂ ਵਸਤਾਂ ਖਰੀਦਦੇ ਹਨ। ਔਰਤਾਂ ਹਾਰ ਸ਼ਿੰਗਾਰ ਦਾ ਸਾਮਾਨ ਵਿਸਾਖੀ ਮੇਲੇ ਤੋਂ ਖਰੀਦਦੀਆਂ ਹਨ। ਸਰਕਸਾਂ, ਚੰਡੋਲਾਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਕਲਾਬਾਜ਼ੀਆਂ ਨਾਲ ਚੁਫੇਰੇ ਖੇੜਾ ਹੁੰਦਾ ਹੈ। ਹਰ ਚਿਹਰਾ ਮੁਸਕਰਾਉਂਦਾ ਹੈ। ਵਿਸਾਖੀ ਮੇਲੇ ਦੀ ਰੌਣਕ ਨੂੰ ਦੇਖ ਕੇ ਕਿਸੇ ਗਭਰੇਟ ਮਨ ਵਿਚੋਂ ਨਿਕਲੇ ਇਹ ਸ਼ਬਦ ਮਸ਼ਹੂਰ ਲੋਕ ਬੋਲੀ ਦਾ ਰੂਪ ਧਾਰਨ ਕਰ ਗਏ ਹਨ :
ਲੋਕਾਂ ਦੇਖਣਾ ਵਿਸਾਖੀ ਵਾਲਾ ਮੇਲਾ,
ਤੇ ਅਸਾਂ ਤੇਰੀ ਤੋਰ ਵੇਖਣੀ।
ਪਹਿਲਾਂ ਵਰਗੀਆਂ ਖੁਸ਼ੀਆਂ ਖੇੜਿਆ ਵਾਲੇ ਰੂਹ ਨੂੰ ਅਨੰਦ ਦੇਣ ਵਾਲੇ ਵਿਸਾਖੀ ਮੇਲੇ ਮੁੜ ਦੇਖਣ ਲਈ ਸਾਨੂੰ ਸਾਡੇ ਸਭਿਆਚਾਰ, ਮਾਂ ਬੋਲੀ, ਪਿਤਾ ਪੁਰਖੀ ਜੜ੍ਹਾਂ ਨਾਲ ਜੁੜ ਕੇ ਕੁਦਰਤ ਨਾਲ ਇਕ ਸੁਰ ਹੋ ਕੇ ਚੱਲਣਾ ਪਵੇਗਾ।