ਰੇੜੂਆ ਸੁਣਨ ਦਾ ਝੱਲ

ਜਦੋਂ ਰੇਡੀਓ ਵਾਲਿਆਂ ਦੀ ਹੁੰਦੀ ਸੀ ਟੌਹਰ
ਰਾਕੇਸ਼ ਰਮਨ
ਫੋਨ: +91-98785-31166
ਰਾਰਾ ਰੇਡੀਓ। ਮੁਢਲੀ ਜਮਾਤ ਵਿਚ ਮਾਤ-ਭਾਸ਼ਾ ਸਿੱਖਣ ਦਾ ਇਹ ਗੁਰ ਅਜੇ ਵੀ ਕਦੇ-ਕਦੇ ਮਨ ਮਸਤਕ ਵਿਚ ਗੂੰਜ ਉਠਦਾ ਹੈ। ਰੇਡੀਓ ਮੇਰੀ ਮਾਤ-ਭਾਸ਼ਾ ਦਾ ਸ਼ਬਦ ਨਹੀਂ ਪਰ ਪਹਿਲੀ ਜਮਾਤ ਦੇ ਕੈਦੇ ਵਿਚ ਜੋ ਤਸਵੀਰਾਂ ਵਾਲੀ ਵਰਣਮਾਲਾ ਛਪੀ ਹੋਈ ਸੀ, ਉਸ ਵਿਚ ਰੇਡੀਓ ਦੀ ਤਸਵੀਰ ਦੇ ਨਾਲ ‘ਰ’ (ਰਾਰਾ) ਰੇਡੀਓ ਸੀ। ਹੋਰ ਅੱਖਰਾਂ ਦੇ ਨਾਲ-ਨਾਲ ਅਸੀਂ ਇਸ ਨੂੰ ਵੀ ਉਚੀ ਆਵਾਜ਼ ਵਿਚ ਬੋਲਦੇ। ‘ਰਾਰਾ’ ਰੇਡੀਓ ਸ਼ਾਇਦ ਸਾਡੇ ਸਾਰਿਆਂ ਲਈ ਪੰਜਾਬੀ ਸ਼ਬਦ ਹੀ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਰੇਡੀਓ ਨਾਲ ਸਾਡਾ ਵਾਹ ਪੰਜਾਬੀ ਸ਼ਬਦ ਵਜੋਂ ਹੀ ਪਿਆ।

ਬਚਪਨ ਵਿਚ ਇਹ ਸ਼ਬਦ ਮੈਨੂੰ ਸਭ ਤੋਂ ਚੰਗੇ ਲੱਗਣ ਵਾਲੇ ਸ਼ਬਦਾਂ ਵਿਚੋਂ ਇਕ ਸੀ। ਇਸ ਰਾਹੀਂ ਮੈਨੂੰ ਵਿਚਾਰਾਂ ਅਤੇ ਕਲਾਵਾਂ ਦੇ ਵਿਸ਼ਾਲ ਸੰਸਾਰ ਨਾਲ ਜੁੜਨ ਦਾ ਮੌਕਾ ਮਿਲਿਆ। ਉਂਜ ਸਾਡੇ ਘਰ ਵਿਚ ਰੇਡੀਓ ਨਹੀਂ ਸੀ। ਸ਼ਹਿਰੀਏ ਪਿੰਡਾਂ ਵਾਲਿਆਂ ਤੋਂ ਪਹਿਲਾਂ ਰੇਡੀਓ ਲੈ ਆਏ ਸਨ। ਸ਼ਹਿਰਾਂ ਵਿਚਲੇ ਰਿਸ਼ਤੇਦਾਰ ਦੇ ਜਾਂਦੇ ਸੀ ਤਾਂ ਉਨ੍ਹਾਂ ਦੀਆਂ ਪੜਛੱਤੀਆਂ ‘ਤੇ ਸਜਾ ਕੇ ਰੱਖੇ ਹੋਏ ਰੇਡੀਓ ਤੋਂ ਫਿਲਮੀ ਗਾਣੇ ਸੁਣ ਆਉਂਦੇ ਸੀ। ਚੰਗਾ ਲੱਗਦਾ ਸੀ, ਫਿਰ ਵੀ ਰੇਡੀਓ ਅਤੇ ਮੇਰੇ ਦਰਮਿਆਨ ਜੋ ਦੂਰੀ ਬਣੀ ਰਹਿੰਦੀ ਸੀ, ਉਹ ਸਦਾ ਰੜਕਦੀ ਰਹਿੰਦੀ ਸੀ। ਇਸੇ ਦੌਰਾਨ ਮਰਫੀ ਅਤੇ ਫਿਲਿਪਸ ਦੇ ਛੋਟੇ ਰੇਡੀਓ (ਟਰਾਂਜਿਸਟਰ) ਪਿੰਡਾਂ ਵਿਚ ਆ ਗਏ ਤੇ ਆਂਢ-ਗੁਆਂਢ ਵਿਚ ਰੇਡੀਓ ਸੁਣਨ ਦੀ ਸਹੂਲਤ ਹੋ ਗਈ। ਮੈਨੂੰ ਯਾਦ ਹੈ ਕਿ ਮੇਰੀ ਤਾਈ ਰੇਡੀਓ ਸੁਣਨ ਦਾ ਲਾਲਚ ਦੇ ਕੇ ਮੈਥੋਂ ਕਈ ਘਰੇਲੂ ਕੰਮ ਕਰਵਾ ਲੈਂਦੀ ਸੀ। ਮੈਨੂੰ ਇਹ ਸੌਦਾ ਖਰਾ ਲੱਗਦਾ ਸੀ, ਕਿਉਂਕਿ ਕੰਮ ਮਗਰੋਂ ਮੈਨੂੰ ਆਪਣਾ ਮਨ-ਪਸੰਦ ਸਟੇਸ਼ਨ ਲਾਉਣ ਦੀ ਖੁੱਲ੍ਹ ਮਿਲ ਜਾਂਦੀ ਸੀ।
ਉਦੋਂ ਸਟੇਸ਼ਨ ਵੀ ਗਿਣੇ-ਚੁਣੇ ਹੁੰਦੇ ਸਨ। ਇਕ ਸਟੇਸ਼ਨ ਨੂੰ ਜਲੰਧਰ ਕਹੀਦਾ ਸੀ, ਇਕ ਨੂੰ ਵਿੱਧ (ਵਿਵਿਧ) ਭਾਰਤੀ, ਇਕ ਆਲ ਇੰਡੀਆ ਰੇਡੀਓ ਸੀ। ਇਹ ਰੇਡੀਓ ਲਾਹੌਰ ਵੀ ਖਿੱਚਦੇ ਸਨ। ਸਿਲੋਨ (ਸ੍ਰੀਲੰਕਾ) ਤੋਂ ਆਉਂਦੀ ਆਵਾਜ਼ ਕਦੇ ਉਚੀ ਹੋ ਜਾਂਦੀ ਸੀ ਅਤੇ ਕਦੇ ਹੌਲੀ। ਸਾਨੂੰ ਦੱਸਿਆ ਜਾਂਦਾ ਸੀ ਕਿ ਇਹ ਸਟੇਸ਼ਨ ਸਮੁੰਦਰ ‘ਤੇ ਬਣਿਆ ਹੋਇਆ ਹੈ ਤੇ ਉਥੋਂ ਆਵਾਜ਼ ਉਵੇਂ ਹੀ ਆਉਂਦੀ ਹੈ, ਜਿਵੇਂ ਸਮੁੰਦਰ ਵਿਚੋਂ ਲਹਿਰਾਂ ਜ਼ੋਰ ਨਾਲ ਉਠਦੀਆਂ ਤੇ ਫਿਰ ਪਿੱਛੇ ਮੁੜਦੀਆਂ ਹਨ। ਮਨ ਅੰਦਰ ਇਹ ਜਗਿਆਸਾ ਵੀ ਉਸਲਵੱਟੇ ਲੈਂਦੀ ਰਹਿੰਦੀ ਸੀ ਕਿ ਆਖਰ ਕਿਹੋ ਜਿਹੇ ਹੋਣਗੇ ਇਹ ਰੇਡੀਓ ਸਟੇਸ਼ਨ। ਨਾਨਕਿਆਂ ਨੂੰ ਰੇਲਗੱਡੀ ਰਾਹੀਂ ਜਾਂਦੇ ਸੀ, ਇਸ ਲਈ ਰੇਲਵੇ ਸਟੇਸ਼ਨ ਦੇਖਣ ਦਾ ਮੌਕਾ ਤਾਂ ਮਿਲਦਾ ਰਹਿੰਦਾ ਸੀ। ਬਚਪਨ ਵਿਚ ਇਹ ਰੀਝ ਸੀ ਕਿ ਕਾਸ਼! ਕਿਤੇ ਰੇਡੀਓ ਸਟੇਸ਼ਨ ਦੇਖਣ ਦਾ ਸਬੱਬ ਬਣ ਜਾਵੇ।
ਮੇਰਾ ਰੇਡੀਓ ਸੁਣਨ ਦਾ ‘ਝੱਲ’ ਘਰ ਵਿਚ ਕਿਸੇ ਨੂੰ ਵੀ ਪਸੰਦ ਨਹੀਂ ਸੀ। ਮੇਰੀ ਮਾਂ ਅਕਸਰ ਮੈਨੂੰ ਰੇਡੀਓ ਸੁਣਨ ਤੋਂ ਵਰਜਦੀ ਤੇ ਜਣੇ-ਖਣੇ ਕੋਲ ਮੇਰੀਆਂ ਸ਼ਿਕਾਇਤਾਂ ਕਰਨ ਲੱਗ ਪੈਂਦੀ। “ਕੀ ਕੰਮ ਫੜ ਰੱਖਿਆ ਇਹਨੇ, ਢਹਿ ਜਾਣਾ ਰੇੜੂਆ ਸੁਣਨ ਖਾਤਰ ਲੋਕਾਂ ਦਾ ਗੋਲਪੁਣਾ ਕਰੀ ਜਾਂਦਾ। ਆ ਲੈਣ ਦੇ ਘਰੇ, ਸੰਵਾਰਦੀ ਆਂ ਭੁਗਤ ਇਹਦੀ।” ਉਸ ਦੇ ਝਿੜਕਣ ਦੀ ਆਵਾਜ਼ ਗੁਆਂਢੀਆਂ ਦੇ ਘਰ ਮੇਰੇ ਕੰਨੀਂ ਪੈ ਜਾਂਦੀ ਸੀ ਪਰ ਮੈਂ ਰੇਡੀਓ ਦੇ ਮਾਮਲੇ ਵਿਚ ਪੂਰਾ ‘ਢੀਠ’ ਬਣਿਆ ਹੋਇਆ ਸੀ। ਅੱਜਕੱਲ੍ਹ ਦੇ ਜ਼ਮਾਨੇ ਮੁਤਾਬਕ ਕਹਿਣਾ ਹੋਵੇ ਤਾਂ ਕਹਿ ਸਕਦਾ ਹਾਂ ਕਿ ਰੇਡੀਓ ਦੇ ਮਾਮਲੇ ਵਿਚ ਮੈਂ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਸਾਂ।
ਮੈਂ ਮਿਥਿਆ ਹੋਇਆ ਸੀ ਕਿ ਜੋ ਮਰਜ਼ੀ ਹੋ ਜਾਵੇ, ਮਾਂ ਜੋ ਮਰਜ਼ੀ ਕਹੀ ਜਾਵੇ, ਰੇਡੀਓ ਤਾਂ ਮੈਂ ਸੁਣਾਂਗਾ ਹੀ। ਦੂਜੇ ਪਾਸੇ ਮੇਰੇ ਰੇਡੀਓ ਸੁਣਨ ਦੇ ਸ਼ੌਕ ਨੂੰ ਪਰਿਵਾਰ ਵਾਲਿਆਂ ਨੇ ਮੇਰਾ ਐਬ ਐਲਾਨ ਦਿੱਤਾ ਸੀ। ਹੁਣ ਘਰ ਵਾਲਿਆਂ ਦੀ ਨਜ਼ਰ ਵਿਚ ਮੈਂ ਕੋਈ ਐਬੀ ਸਾਂ। ਉਨ੍ਹਾਂ ਦੇ ਹਿਸਾਬ ਨਾਲ ਮੈਂ ਵਿਗੜ ਰਿਹਾ ਸਾਂ ਪਰ ਆਪਣੀ ਨਜ਼ਰ ਵਿਚ ਮੈਂ ਸੁਧਰ ਰਿਹਾ ਸਾਂ। ਮੇਰੀ ਜਾਣਕਾਰੀ ਵਿਚ ਵਾਧਾ ਹੋ ਰਿਹਾ ਸੀ ਤੇ ਜਾਣਕਾਰੀਆਂ ਹਾਸਲ ਕਰਨ ਦੇ ਮਾਮਲੇ ਵਿਚ ਸ਼ਰੀਫ ਅਤੇ ਜ਼ਿੰਮੇਦਾਰ ਭੈਣ-ਭਰਾਵਾਂ ਨੂੰ ਪਛਾੜ ਰਿਹਾ ਸਾਂ। ਇਹ ਵੀ ਸ਼ਾਇਦ ਰੇਡੀਓ ਪ੍ਰੋਗਰਾਮਾਂ ਨੂੰ ਸ਼ਿੱਦਤ ਨਾਲ ਸੁਣਨ ਦਾ ਹੀ ਨਤੀਜਾ ਸੀ ਕਿ ਬਾਅਦ ਵਿਚ ਮੈਂ ਵੱਡੀਆਂ ਜਮਾਤਾਂ ਦੀ ਪੜ੍ਹਾਈ ਦੌਰਾਨ ਰੇਡੀਓ ਵਿਚ ਕੰਮ ਕਰਦੀ ਆਵਾਜ਼ ਦੀ ਗਤੀ ਦੇ ਵਿਗਿਆਨਕ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝਣ ਦੇ ਸਮਰੱਥ ਹੋ ਗਿਆ। ਖੈਰ! ਬਚਪਨ ਵਿਚ ਅਜਿਹੀਆਂ ਚੀਜ਼ਾਂ ਦੀ ਸੋਝੀ ਆ ਸਕਣਾ ਸੰਭਵ ਨਹੀਂ ਸੀ। ਉਦੋਂ ਤਾਂ ਬਸ ਇਹ ਲੱਗਣਾ ਹੀ ਕਾਫੀ ਹੁੰਦਾ ਸੀ ਕਿ ਕਿਹੜੇ ਰੇਡੀਓ ਸਟੇਸ਼ਨ ‘ਤੇ ਕਿਹੜੇ-ਕਿਹੜੇ ਪ੍ਰੋਗਰਾਮ ਚਲਦੇ ਹਨ। ਸੁਣਨ ਵਾਲੇ ਆਪਣੇ ਮਨਪਸੰਦ ਪ੍ਰੋਗਰਾਮਾਂ ਵਿਚ ਮੈਂ ਖਬਰਾਂ ਨੂੰ ਵੀ ਥਾਂ ਦੇ ਰੱਖੀ ਸੀ।
ਪਿੰਡ ਦੇ ਬੋਹੜ ਹੇਠਾਂ ਗਰਮੀਆਂ ਦੀ ਦੁਪਹਿਰ ਕੱਟਣ ਲਈ ਰੋਜ਼ਾਨਾ ਆਉਂਦਾ ਇਕ ਬਜ਼ੁਰਗ ਨਾਲ ਰੇਡੀਓ ਵੀ ਲੈ ਕੇ ਆਉਂਦਾ। ਰੇਡੀਓ ਸਿਰਹਾਣੇ ਰੱਖ ਕੇ ਉਹ ਅਕਸਰ ਗਾਣੇ ਸੁਣਦਾ ਰਹਿੰਦਾ। ਜਦੋਂ ਖਬਰਾਂ ਆਉਣ ਲੱਗਦੀਆਂ, ਉਹ ਝੱਟ ਸਟੇਸ਼ਨ ਬਦਲ ਲੈਂਦਾ। ਇਕ ਵਾਰ ਮੈਂ ਸੁਭਾਵਿਕੀ ਉਸ ਤੋਂ ਪੁੱਛ ਬੈਠਾ, “ਬਾਬਾ ਤੂੰ ਖਬਰਾਂ ਨੀਂ ਸੁਣਦਾ ਹੁੰਦਾ?” ਉਹ ਮੁਸਕਣੀਆਂ ਹੱਸਦਾ ਉਠ ਬੈਠਾ ਤੇ ਸਿਰ ਹੇਠ ਰੱਖਿਆ ਡੱਬੀਦਾਰ ਸਾਫਾ ਸਿਰ ‘ਤੇ ਵਲੇਟਦਿਆਂ ਬੋਲਿਆ, “ਕਿਉਂ, ਖਬਰਾਂ ਕਿਉਂ ਸੁਣਾਂ? ਭਲਾ ਕੋਈ ਪਾਕਿਸਤਾਨ ਨਾਲ ਲੜਾਈ ਲੱਗੀ ਹੋਈ ਆ?” ਫਿਰ ਉਸ ਨੇ ‘ਵਾਜੇ’ ਦਾ ਕੰਨ ਮਰੋੜਿਆ, ਗਾਣਾ ਵੱਜ ਉਠਿਆ- ‘ਮੇਰੀ ਐਸੀ ਝਾਂਜਰ ਛਣਕੇ।’ ਸੁਣ ਕੇ ਬਜ਼ੁਰਗ ਦੀਆਂ ਵਾਛਾਂ ਖਿੜ ਗਈਆਂ ਤੇ ਉਸ ਨੇ ਮੈਨੂੰ ਵੀ ਇਹੋ ਸਲਾਹ ਦਿੱਤੀ ਕਿ ਮੈਂ ਵੀ ਗਾਣੇ ਸੁਣਿਆ ਕਰਾਂ। ਖਬਰਾਂ ਉਹੀ ਲੋਕ ਸੁਣਦੇ ਸਨ, ਜਿਨ੍ਹਾਂ ਅੰਦਰ ਦੇਸ਼ ਦੁਨੀਆਂ ਨੂੰ ਜਾਣਨ ਦੀ ਵਧੇਰੇ ਉਤਸੁਕਤਾ ਹੁੰਦੀ ਸੀ। ਜ਼ਿਆਦਾ ਲੋਕ ਗਾਣੇ ਸੁਣ ਕੇ ਮਨ ਪਰਚਾਉਂਦੇ ਅਤੇ ਜੀਵਨ ਦੇ ਕਈ ਖੇਤਰਾਂ ਨਾਲ ਸਬੰਧਤ ਪ੍ਰੋਗਰਾਮ ਸੁਣ ਕੇ ਆਪਣੀ ਜਾਣਕਾਰੀ ਵਿਚ ਵਾਧਾ ਕਰਦੇ।
ਇਸ ਤੋਂ ਅੱਗੇ ਜਾ ਕੇ ਇਕ ਸਮੇਂ ਰੇਡੀਓ ਸ਼ੌਕੀਨੀ ਦਾ ਪ੍ਰਤੀਕ ਬਣ ਗਿਆ। ਪਿੰਡਾਂ ‘ਚ ਨੱਤੀਆਂ ਵਾਲੇ ਕਈ ਗੱਭਰੂ ਆਪਣੇ ਲਾਇਸੈਂਸੀ ਸਾਈਕਲਾਂ ‘ਤੇ ਸਵਾਰ ਹੋ ਕੇ ਜਦੋਂ ਵਾਂਢੇ ਜਾਂਦੇ ਤਾਂ ਮੋਢੇ ‘ਤੇ ਟਰਾਂਜਿਸਟਰ ਵੀ ਲਟਕਾ ਲੈਦੇ। ਟਰਾਂਜਿਸਟਰ ਉਪਰ ਵੱਧਰੀ ਵਾਲਾ ਚਮੜੇ ਦਾ ਕਵਰ ਚੜ੍ਹਿਆ ਹੁੰਦਾ। ਵੱਧਰੀ ਰਾਹੀਂ ਟਰਾਂਜਿਸਟਰ ਨੂੰ ਆਸਾਨੀ ਨਾਲ ਮੋਢੇ ‘ਤੇ ਟੰਗਿਆ ਜਾ ਸਕਦਾ ਸੀ। ਜਦੋਂ ਸਾਡੇ ਘਰ ਪਹਿਲਾ ਟਰਾਂਜਿਸਟਰ ਆਇਆ ਅਤੇ ਜਦੋਂ ਮੈਂ ਤੇ ਮੇਰਾ ਵੱਡਾ ਭਰਾ ਸਾਈਕਲ ਚਲਾਉਣ ਜੋਗੇ ਹੋਏ, ਆਪਣੇ ਪਿੰਡ ਤੋਂ ਤਿੰਨ ਕੁ ਮੀਲ ਦੂਰ ਆਪਣੀ ਰਿਸ਼ਤੇਦਾਰੀ ਵਿਚ ਅਸੀਂ ਵੀ ਇਸੇ ਅੰਦਾਜ਼ ਵਿਚ ਟਰਾਂਜਿਸਟਰ ਲੈ ਕੇ ਗਏ। ਸਾਰੇ ਰਾਹ ਡਰਦੇ ਹੀ ਗਏ ਤੇ ਡਰਦੇ ਹੀ ਮੁੜੇ ਕਿ ਕਿਤੇ ਕੋਈ ਰੇਡੀਓ ਹੀ ਨਾ ਖੋਹ ਲਵੇ। ਜਦੋਂ ਰਿਸ਼ਤੇਦਾਰਾਂ ਨੇ ਵਿਹੜੇ ‘ਚ ਸਾਡੇ ਲਈ ਮੰਜਾ ਡਾਹਿਆ ਤਾਂ ਅਸੀਂ ਟੌਹਰ ਨਾਲ ਬੈਠੇ। ਸਾਡੇ ਕੋਲ ਰੇਡੀਓ ਜੋ ਸੀ।
ਰੇਡੀਓ ‘ਤੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮ ਸਮਾਜ ਦੇ ਹਰ ਵਰਗ ਨਾਲ ਸਬੰਧ ਰੱਖਣ ਵਾਲੇ ਹੁੰਦੇ। ਹਰ ਵਰਗ ਦੀ ਹਾਲਤ ਨੂੰ ਧਿਆਨ ਵਿਚ ਰੱਖ ਕੇ ਬਣਾਏ ਪ੍ਰੋਗਰਾਮ। ਜਾਣਕਾਰੀ ਵਿਚ ਵਾਧਾ ਕਰਨ ਵਾਲੇ। ਸੇਧ ਦੇਣ ਵਾਲੇ ਅਤੇ ਵੰਨ-ਸੁਵੰਨੇ ਪ੍ਰੋਗਰਾਮ। ਰੇਡੀਓ ਸਟੇਸ਼ਨ ਉਪਰ ਇਹ ਸੌਖਿਆਂ ਹੀ ਉਪਲੱਬਧ ਹੁੰਦੇ; ਜਿਵੇਂ ਅੱਜ ਕੱਲ੍ਹ ਟੀ.ਵੀ. ਉਪਰ ਚੰਗੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਪਰ ਉਹ ਅਕਸਰ ਚੈਨਲਾਂ ਦੀ ਭੀੜ ਵਿਚ ਗੁਆਚੇ ਹੋਏ ਹੁੰਦੇ ਹਨ। ਰੇਡੀਓ ਦੇ ਜ਼ਮਾਨੇ ਵਿਚ ਚੰਗਿਆਈ ਦੀ ਇਹੋ ਜਿਹੀ ਦੁਰਦਸ਼ਾ ਨਹੀਂ ਸੀ ਹੁੰਦੀ। ਪ੍ਰੋਗਰਾਮ ਦੀ ਪੇਸ਼ਕਾਰੀ ਬੜੀ ਜ਼ਬਰਦਸਤ ਹੁੰਦੀ। ਪ੍ਰੋਗਰਾਮ ਦਾ ਸ਼ੁਰੂਆਤੀ ਸੰਗੀਤ ਹੀ ਮਨ ਨੂੰ ਮੋਹ ਲੈਂਦਾ ਸੀ ਤੇ ਸੁਤੇ-ਸਿੱਧ ਹੀ ਮਨ ਦੀ ਇਕਾਗਰਤਾ ਕਾਇਮ ਹੋ ਜਾਂਦੀ ਸੀ।
ਮਿਸਾਲ ਵਜੋਂ ‘ਜ਼ਰਾਇਤੀ ਪ੍ਰੋਗਰਾਮ’ ਦੇ ਆਰੰਭ ਵਿਚ ਅਲਗੋਜ਼ਿਆਂ ਦਾ ਸੰਗੀਤ ਹੁੰਦਾ ਸੀ। ਅਲਗੋਜ਼ਿਆਂ ਦਾ ਜਾਦੂ ਤਾਂ ਉਂਜ ਹੀ ਦਿਹਾਤੀ ਸਰੋਤੇ ਦੇ ਸਿਰ ਚੜ੍ਹ ਕੇ ਬੋਲਦਾ ਹੈ। ਦਹਾਕਿਆਂ ਤਕ ‘ਜ਼ਰਾਇਤੀ’ ਤੇ ‘ਦਿਹਾਤੀ ਪ੍ਰੋਗਰਾਮ’ ਪੰਜਾਬੀ ਸਰੋਤਿਆਂ ਦੇ ਮਨਭਾਉਂਦੇ ਪ੍ਰੋਗਰਾਮ ਰਹੇ। ਇਹ ਪ੍ਰੋਗਰਾਮ ਪੰਜਾਬ ਦੇ ਹਰੇ ਇਨਕਲਾਬ ਨੂੰ ਵੱਡਾ ਹੁਲਾਰਾ ਵੀ ਦਿੰਦੇ ਰਹੇ ਤੇ ਕਈ ਸਾਰੀਆਂ ਹੋਰ ਨਵੀਆਂ ਸਮਾਜਿਕ ਤਬਦੀਲੀਆਂ ਦੇ ਵਾਹਕ ਵੀ ਬਣੇ। ਇਸ ਬਾਰੇ ਕੋਈ ਵੀ ਦੋ ਰਾਵਾਂ ਨਹੀਂ ਕਿ ਰੇਡੀਓ ਵਾਲਿਆਂ ਕੋਲ ਬੜੇ ਪ੍ਰਤਿਭਾਸ਼ਾਲੀ ਪੇਸ਼ਕਾਰ ਸਨ ਜਿਨ੍ਹਾਂ ਦੀ ਕਲਾਤਮਕ ਪੇਸ਼ਕਾਰੀ ਬੇਜੋੜ ਸੀ। ਇਹ ਨਿਰੇ ਪੇਸ਼ਕਾਰ ਵੀ ਨਹੀਂ ਸਨ ਸਗੋਂ ਨਾਟਕਾਂ ਵਿਚ ਆਵਾਜ਼ ਵੀ ਦਿੰਦੇ ਸਨ, ਵਾਰਤਾ ਪੇਸ਼ ਕਰਨ ਦੇ ਮਾਹਿਰ ਵੀ ਸਨ, ਪ੍ਰੋਗਰਾਮਾਂ ਵਿਚ ਵਾਰਤਾਲਾਪ ਵੀ ਕਰਦੇ ਸਨ। ਗੱਲ ਕੀ, ਸੋਲਾਂ ਕਲਾਂ ਸੰਪੂਰਨ ਹੁੰਦੇ ਸਨ। ਰੇਡੀਓ ਪ੍ਰੋਗਰਾਮਾਂ ਵਿਚ ਉਨ੍ਹਾਂ ਦੇ ਨਾਮ ਕੁਝ ਹੋਰ ਹੁੰਦੇ ਸਨ ਜਿਵੇਂ: ਭਾਈਆ ਜੀ, ਠੰਢੂ ਰਾਮ, ਰੌਣਕੀ ਰਾਮ, ਫੌਜਾ ਸਿੰਘ, ਮਾਸਟਰ ਜੀ ਆਦਿ। ਮੈਨੂੰ ਇਸ ਗੱਲ ਦੀ ਅੰਦਰੋ-ਅੰਦਰੀ ਬੜੀ ਖੁਸ਼ੀ ਹੁੰਦੀ ਸੀ ਕਿ ਮੈਂ ਉਨ੍ਹਾਂ ਦੇ ਅਸਲੀ ਨਾਂ ਜਾਣਦਾ ਹਾਂ।
ਵਿਸ਼ੇਸ਼ ਪ੍ਰੋਗਰਾਮਾਂ ਦੇ ਪੇਸ਼ਕਾਰ ਪ੍ਰੋਗਰਾਮ ਨੂੰ ਬੜੇ ਸਹਿਜ ਢੰਗ ਨਾਲ ਸ਼ੁਰੂ ਕਰਦੇ ਸਨ। ਦਿਹਾਤੀ ਪ੍ਰੋਗਰਾਮ ਇਉਂ ਪੇਸ਼ ਕੀਤਾ ਜਾਂਦਾ ਸੀ, ਜਿਵੇਂ ਤ੍ਰਿਕਾਲਾਂ ਵੇਲੇ ਕਿਸੇ ਦੇ ਘਰ ਗੱਲਾਂ-ਬਾਤਾਂ ਕਰਨ ਲਈ ਕੁਝ ਗਿਣੇ-ਚੁਣੇ ਲੋਕ ਇਕੱਠੇ ਹੋ ਰਹੇ ਹੋਣ। ਦੋ ਤਿੰਨ ਬੰਦੇ ਪੱਕੇ ਅਤੇ ਬਾਕੀ ਹਿੱਸਾ ਲੈਣ ਵਾਲੇ ਮਾਹਿਰ ਤੇ ਹੁਨਰਮੰਦ। ਇਹ ਪੱਕੇ ਬੰਦੇ ਬਾਹਰੋਂ ਆਉਣ ਵਾਲੇ ਮਾਸਟਰ ਜੀ ਜਾਂ ਭਾਈਆ ਜੀ ਨੂੰ ਦਰਵਾਜ਼ਾ ਲੰਘ ਆਉਣ ਦਾ ਸੱਦਾ ਦਿੰਦੇ ਤੇ ਕੋਈ ਵੀ ਗੱਲ ਸਵਾਲ ਰੂਪ ਵਿਚ ਪੁੱਛ ਲੈਂਦੇ, ਜਿਵੇਂ ‘ਕੀ ਗੱਲ ਭਾਈਆ ਜੀ ਬੜੇ ਘਬਰਾਏ ਹੋਏ ਹੋ?’ ਉਹ ਅੱਗਿਓਂ ਗਲੀ ਵਿਚ ਅਵਾਰਾ ਕੁੱਤਿਆਂ ਦੀ ਭਰਮਾਰ ਦਾ ਵੇਰਵਾ ਪਾਉਂਦਾ ਤੇ ਇਉਂ ਗੱਲਬਾਤ ਸੁਭਾਵਿਕ ਜਿਹੇ ਢੰਗ ਨਾਲ ਹਲਕਾਅ ਦੀ ਬਿਮਾਰੀ ਬਾਰੇ ਹੋਣ ਲੱਗਦੀ ਅਤੇ ਗੱਲਬਾਤ ਦੀ ਅਗਲੀ ਕੜੀ ਵਿਚ ਕੋਈ ਮਾਹਿਰ ਹਲਕਾਅ ਦੀ ਬਿਮਾਰੀ ਬਾਰੇ ਵਾਰਤਾ ਪੇਸ਼ ਕਰ ਦਿੰਦਾ। ਕਦੇ ਕੋਈ ਸਮਾਜਿਕ ਕੁਰੀਤੀਆਂ ਬਾਰੇ, ਕਦੇ ਫਸਲਾਂ ਦੇ ਰੋਗਾਂ ਬਾਰੇ, ਫਸਲਾਂ ਬਾਰੇ, ਉਨਤ ਕਿਸਮਾਂ ਬਾਰੇ, ਅਣਮੁੱਕ ਵਿਸ਼ੇ ਹੁੰਦੇ ਸਨ। ਇਸ ਪ੍ਰੋਗਰਾਮ ‘ਤੇ ਸਿਰਫ ਵਾਰਤਾਲਾਪ ਰਾਹੀਂ ਪੇਸ਼ਕਾਰ ਕਦੇ ਸੰਜੀਦਾ ਤੇ ਕਦੇ ਰੰਗਾ-ਰੰਗ ਮਾਹੌਲ ਉਸਾਰ ਦਿੰਦੇ ਸਨ। ਸਰੋਤੇ ਨੂੰ ਅਕਸਰ ਹੀ ਮਹਿਸੂਸ ਹੋਣ ਲੱਗਦਾ ਸੀ ਕਿ ਪ੍ਰੋਗਰਾਮ ਦਾ ਸਮਾਂ ਬਹੁਤ ਘੱਟ ਹੈ।
ਹਰ ਪ੍ਰੋਗਰਾਮ ਦੀ ਵੀ ਆਪਣੀ ਵੱਖਰੀ ਮੌਲਿਕ ਪਛਾਣ ਹੁੰਦੀ ਸੀ। ‘ਜਵਾਂ ਤਰੰਗ’ ‘ਤ੍ਰਿੰਝਣ’, ‘ਗੁਰਬਾਣੀ ਵਿਚਾਰ’, ‘ਫੌਜੀ ਭਾਈਆਂ ਦਾ ਪ੍ਰੋਗਰਾਮ’, ‘ਫਿਲਮੀ ਗੀਤਾਂ ਦਾ ਫਰਮਾਇਸ਼ੀ ਪ੍ਰੋਗਰਾਮ’। ਮਤਲਬ ਹਰ ਵਰਗ ਦੀ ਲੋੜ ਤੇ ਰੰਗ ਵਿਚ ਰੰਗਿਆ ਪ੍ਰੋਗਰਾਮ ਰੇਡੀਓ ‘ਤੇ ਹੁੰਦਾ ਸੀ। ਖਬਰਾਂ ਨਵੀਆਂ ਤੇ ਤਾਜ਼ਾ ਹੁੰਦੀਆਂ ਸਨ ਜੋ ਨਾਮਵਰ ਏਜੰਸੀਆਂ ਦੇ ਹਵਾਲੇ ਨਾਲ ਪੇਸ਼ ਹੁੰਦੀਆਂ ਸਨ। ਹੁਣ ਵਾਂਗ ਚੌਵੀ ਘੰਟੇ ਇਕੋ ਖਬਰ ਨਹੀਂ ਸੀ ਦੁਹਰਾਈ ਜਾਂਦੀ। ਲੋਕਾਂ ਨੇ ਇਹ ਮੁਹਾਵਰਾ ਵੀ ਬਣਾ ਲਿਆ ਸੀ: ‘ਰੇਡੀਓ ਦੂਜੀ ਵਾਰ ਖਬਰ ਨਹੀਂ ਦਿੰਦਾ।’
ਆਖਰ ਰੇਡੀਓ ਸਟੇਸ਼ਨ ਨੂੰ ਅੰਦਰੋਂ ਦੇਖਣ ਦੀ ਮੇਰੀ ਚਿਰੋਕਣੀ ਰੀਝ ਪੂਰੀ ਹੋ ਗਈ। ਬਾਰਾਂ ਕੁ ਸਾਲ ਪਹਿਲਾਂ ਜਲੰਧਰ ਰੇਡੀਓ ਸਟੇਸ਼ਨ ਦੇ ਇਕ ਪ੍ਰੋਗਰਾਮ ਪ੍ਰੋਡਿਊਸਰ ਦਾ ਸੱਦਾ ਆਇਆ। ਬੁਲਾਵੇ ਅਨੁਸਾਰ, ਮੈਂ ਸ਼ਾਇਰ ਸੁਰਜੀਤ ਪਾਤਰ ਦੀ ਇੰਟਰਵਿਊ ਕਰਨੀ ਸੀ। ਉਹ ਦਿਨ ਮੇਰੇ ਲਈ ਯਾਦਗਾਰੀ ਹੋ ਨਿਬੜਿਆ, ਦੋ ਖੁਸ਼ੀਆਂ ਇਕੱਠੀਆਂ ਹਾਸਲ ਹੋਈਆਂ। ਮੈਂ ਰੇਡੀਓ ਸਟੇਸ਼ਨ ਦੀ ਅੰਦਰਲੀ ਦੁਨੀਆਂ ਵੀ ਦੇਖ ਸਕਿਆ ਤੇ ਇੰਟਰਵਿਊ ਮਗਰੋਂ ਸੁਰਜੀਤ ਪਾਤਰ ਨੇ ਮੇਰੇ ਅੰਦਾਜ਼ ਦੀ ਭਰਵੀਂ ਤਾਰੀਫ ਵੀ ਕੀਤੀ।