ਸ਼ਹੀਦ ਊਧਮ ਸਿੰਘ ਦੀ ਵਿਲੱਖਣ ਸ਼ਹਾਦਤ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ḔਗਲਤਫਹਿਮੀḔ ਦੀ ਵਿਆਖਿਆ ਕੀਤੀ ਸੀ ਕਿ ਕਿਵੇਂ ਇਹ ਸ਼ਖਸੀਅਤ ਵਿਚ ਵਿਗਾੜ ਪੈਦਾ ਕਰਦੀ ਹੈ। ਉਨ੍ਹਾਂ ਨਸੀਹਤ ਕੀਤੀ ਸੀ, “ਗਲਤਫਹਿਮੀ ਨਾ ਪਾਲੋ। ਕਦੇ ਗੰਧਲੇ ਪਾਣੀ ਨਾ ਹੰਘਾਲੋ।

ਬੇਲੋੜੇ ਅਤੇ ਬੇਰੁੱਖੇ ਦੀ ਯਾਦ ‘ਚ ਦੀਦੇ ਨਾ ਗਾਲੋ। ਔਤਰ ਚੁੱਕੀ ਆਸ ਲਈ ਉਮੀਦਾਂ ਦੇ ਚਿਰਾਗ ਪਲਕਾਂ ‘ਚ ਨਾ ਬਾਲੋ। ਸਗੋਂ ਖੁਦ ਨੂੰ ਸੰਭਾਲੋ।” ਹਥਲੇ ਲੇਖ ਵਿਚ ਉਨ੍ਹਾਂ ਜੱਲਿਆਂ ਵਾਲੇ ਬਾਗ ਦੇ ਸਾਕੇ ਦੀ ਸੌਂਵੀਂ ਬਰਸੀ ਮੌਕੇ ਜਨਰਲ ਓਡਵਾਇਰ ਨੂੰ ਗੋਲੀ ਮਾਰ ਕੇ ਇਸ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਨੂੰ ਆਪਣੇ ਨਿਵੇਕਲੇ ਅੰਦਾਜ਼ ਵਿਚ ਸ਼ਰਧਾਂਜਲੀ ਭੇਟ ਕੀਤੀ ਹੈ। ਉਹ ਕਹਿੰਦੇ ਹਨ, “ਕੁਝ ਲੋਕ ਸਿਰਫ ਸਿੰਘ, ਰਾਮ ਜਾਂ ਮੁਹੰਮਦ ਬਣ ਕੇ ਹੀ ਸੰਤੁਸ਼ਟ ਹੁੰਦੇ, ਪਰ ਵਿਰਲੇ ਹੀ ਹੁੰਦੇ, ਜੋ ਰਾਮ ਮੁਹੰਮਦ ਸਿੰਘ ਆਜ਼ਾਦ ਬਣ ਕੇ ਆਪਣੇ ਆਪ ਨੂੰ ਸਮੁੱਚੀ ਮਨੁੱਖਤਾ ਦਾ ਪ੍ਰਤੀਨਿਧ ਸਾਬਤ ਕਰਦੇ।…ਆਮ ਤੌਰ ‘ਤੇ ਸ਼ਹੀਦ ਰਾਮ, ਸਿੰਘ ਜਾਂ ਮੁਹੰਮਦ ਹੋ ਸਕਦਾ ਏ, ਪਰ ਊਧਮ ਸਿੰਘ ਇਕੋ ਇਕ ਅਜਿਹਾ ਸ਼ਹੀਦ ਹੈ, ਜੋ ਰਾਮ ਮੁਹੰਮਦ ਸਿੰਘ ਆਜ਼ਾਦ ਬਣ ਕੇ ਇਤਿਹਾਸ ਦਾ ਮਾਣਮੱਤਾ ਹੀਰੋ ਬਣ ਕੇ ਸਦਾ ਜਿਉਂਦਾ ਹੈ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ, 216-556-2080

100 ਸਾਲ ਪਹਿਲਾਂ ਪੰਜਾਬ ਦੇ ਕਾਲੇ ਇਤਿਹਾਸ ਦਾ ਇਕ ਵਰਕਾ ਸੀ ਜੱਲਿਆਂ ਵਾਲੇ ਬਾਗ ਦਾ ਦੁਖਾਂਤ। ਇਕ ਖੌਫਨਾਕ ਤ੍ਰਾਸਦੀ, ਜਿਸ ਰਾਹੀਂ ਅੰਗਰੇਜ਼ ਹਾਕਮਾਂ ਨੇ ਪੰਜਾਬੀਆਂ ਵਿਚ ਡਰ ਤੇ ਸਹਿਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ; ਪਰ ਇਹ ਡਰ ਰੋਹ ਅਤੇ ਰੰਜਿਸ਼ ਬਣ ਕੇ ਆਜ਼ਾਦੀ ਲਈ ਸ਼ਹਾਦਤਾਂ ਦਾ ਸਫਰ ਬਣ ਗਿਆ। ਇਕ ਡਰ 21 ਸਾਲਾਂ ਬਾਅਦ ਲੰਡਨ ਵਿਚ ਪੈਦਾ ਕੀਤਾ ਗਿਆ, ਜਿਸ ਨੇ ਅੰਗਰੇਜ਼ ਹਾਕਮਾਂ ਨੂੰ ਆਜ਼ਾਦੀ ਜਲਦੀ ਦੇਣ ਲਈ ਮਜਬੂਰ ਕੀਤਾ। ਇਨ੍ਹਾਂ ਦੋਹਾਂ ਡਰਾਂ ਵਿਚਲੀ ਇਕੋ-ਇਕ ਕੜੀ ਸੀ, ਸ਼ਹੀਦ ਊਧਮ ਸਿੰਘ, ਜਿਸ ਨੇ ਇਕ ਡਰ ਨੂੰ ਹੱਡੀਂ ਹੰਢਾਇਆ ਅਤੇ ਦੂਜੇ ਡਰ ਨੂੰ ਅੰਜ਼ਾਮ ਦਿਤਾ। ਇਕ ਡਰ ਨੂੰ ਪੈਦਾ ਕਰਨ ਲਈ ਭੀੜ ਉਤੇ ਬੇਤਹਾਸ਼ਾ ਗੋਲੀਆਂ ਚਲਾਈਆਂ ਗਈਆਂ, ਜਦ ਕਿ ਦੂਜੇ ਡਰ ਲਈ ਭੀੜ ਵਿਚੋਂ ਸਿਰਫ ਇਕ ਨੂੰ ਚੁਣਿਆ ਗਿਆ। ਇਕ ਡਰ ਹਾਕਮਾਂ ਵਲੋਂ ਆਮ ਲੋਕਾਂ ਦੇ ਮਨਾਂ ਵਿਚ ਪੈਦਾ ਕਰਨ ਦੀ ਕੋਸ਼ਿਸ਼ ਸੀ, ਜਦ ਕਿ ਦੂਜਾ ਡਰ ਅਣਖੀ ਪੰਜਾਬੀ ਵਲੋਂ ਹਾਕਮਾਂ ਦੇ ਦਿਲਾਂ ‘ਚ ਪਾਇਆ ਗਿਆ। ਇਕ ਡਰ ਜ਼ੁਲਮ ਦਾ ਸੀ ਅਤੇ ਦੂਜਾ ਡਰ ਉਸ ਜੁ.ਲਮ ਦਾ ਬਦਲਾ ਸੀ। ਇਕ ਡਰ ਕਾਲਾ ਪਹਿਰ ਸੀ, ਜਦ ਕਿ ਦੂਜਾ ਡਰ ਸੁਨਹਿਰੀ ਸਫਾ। ਇਕ ਨੇ ਹੀਣਤਾ ਤੇ ਨਮੋਸ਼ੀ ਪੈਦਾ ਕੀਤੀ, ਦੂਜਾ ਸਿਰ ਉਚਾ ਕਰਕੇ ਜਿਉਣ ਦਾ ਸਬਕ ਬਣਿਆ। ਇਕ ਡਰ ਹੰਕਾਰ ਦੀ ਉਪਜ ਤੇ ਦੂਜਾ ਅਣਖ ਨਾਲ ਜਿਉਣ ਦੀ ਇਬਾਦਤ।
ਕੁਝ ਲੋਕ ਮਰਦੇ, ਕੁਝ ਲੋਕ ਸ਼ਹੀਦ ਹੁੰਦੇ, ਪਰ ਕੁਝ ਲੋਕ ਸ਼ਹਾਦਤ ਨੂੰ ਨਵੇਂ ਅਰਥ ਦਿੰਦੇ। ਕੁਝ ਲੋਕ ਇਤਿਹਾਸ ਦਾ ਵਰਕਾ ਹੁੰਦੇ, ਪਰ ਕੁਝ ਲੋਕ ਇਤਿਹਾਸ ਹੀ ਬਣ ਜਾਂਦੇ। ਕੁਝ ਲੋਕ ਕਥਾ-ਕਹਾਣੀਆਂ ਦੇ ਸਿਰਫ ਪਾਤਰ ਹੀ ਰਹਿ ਜਾਂਦੇ, ਪਰ ਕੁਝ ਅਮਰ ਕਥਾ-ਕਹਾਣੀਆਂ ਹੀ ਬਣ ਜਾਂਦੇ। ਕੁਝ ਲੋਕਾਂ ਦਾ ਮੁਹਾਂਦਰਾ ਹਰਫਾਂ ਵਿਚੋਂ ਝਲਕਦਾ, ਪਰ ਕੁਝ ਲੋਕਾਂ ਦੀਆਂ ਸ਼ਖਸੀਅਤ ਨੂੰ ਬਿਆਨ ਕਰਨ ਲੱਗਿਆਂ ਹਰਫ ਛੋਟੇ ਰਹਿ ਜਾਂਦੇ। ਕੁਝ ਲੋਕਾਂ ਕਾਰਨ ਵਕਤ ਨੂੰ ਨਵੀਂ ਤਸ਼ਬੀਹ ਮਿਲਦੀ, ਪਰ ਕੁਝ ਲੋਕਾਂ ਦੀਆਂ ਤਸ਼ਬੀਹਾਂ ਵਿਚੋਂ ਹੀ ਵਕਤ ਦੀ ਨਿਸ਼ਾਨਦੇਹੀ ਹੁੰਦੀ। ਕੁਝ ਲੋਕ ਇਕ ਫਿਰਕੇ ਦਾ ਹੀ ਮਾਣ ਹੁੰਦੇ, ਪਰ ਕੁਝ ਲੋਕਾਂ ‘ਤੇ ਸਾਰੇ ਫਿਰਕੇ ਹੀ ਮਾਣ ਕਰਦੇ। ਕੁਝ ਲੋਕ ਆਪਣੇ ਪੁਰਖਿਆਂ ਦੇ ਨਾਂ ਨਾਲ ਜਾਣੇ ਜਾਂਦੇ, ਪਰ ਕੁਝ ਲੋਕਾਂ ਨਾਲ ਹੀ ਉਨ੍ਹਾਂ ਦੇ ਪੁਰਖਿਆਂ, ਪਿਛੋਕੜ ਤੇ ਪਰਿਵਾਰ ਨੂੰ ਨਵੀਂ ਪਛਾਣ ਮਿਲਦੀ। ਕੁਝ ਲੋਕ ਨਿੱਜ ਨੂੰ ਮੁੱਖ ਰੱਖ ਕੇ ਕਿਸੇ ਮਕਸਦ ਨੂੰ ਆਪਣਾ ਅਕੀਦਾ ਬਣਾਉਂਦੇ, ਪਰ ਕੁਝ ਲੋਕ ਸਮਾਜਕ ਸਰੋਕਾਰਾਂ ਵਿਚੋਂ ਹੀ ਆਪਣੀ ਪਛਾਣ ਤੇ ਹੋਂਦ ਦੀ ਜਦੋਜਹਿਦ ਹੁੰਦੇ। ਕੁਝ ਲੋਕ ਸਿਰਫ ਸਿੰਘ, ਰਾਮ ਜਾਂ ਮੁਹੰਮਦ ਬਣ ਕੇ ਹੀ ਸੰਤੁਸ਼ਟ ਹੁੰਦੇ, ਪਰ ਵਿਰਲੇ ਹੀ ਹੁੰਦੇ, ਜੋ ਰਾਮ ਮੁਹੰਮਦ ਸਿੰਘ ਆਜ਼ਾਦ ਬਣ ਕੇ ਆਪਣੇ ਆਪ ਨੂੰ ਸਮੁੱਚੀ ਮਨੁੱਖਤਾ ਦਾ ਪ੍ਰਤੀਨਿਧ ਸਾਬਤ ਕਰਦੇ। ਵਿਰਲੇ ਹੀ ਹੁੰਦੇ, ਜੋ ਹਜ਼ੂਮ ਵਿਚੋਂ ਸੌਖਿਆਂ ਹੀ ਪਛਾਣੇ ਜਾਂਦੇ ਅਤੇ ਉਨ੍ਹਾਂ ਵਿਰਲਿਆਂ ਵਿਚੋਂ ਵੀ ਵਿਰਲਾ ਸੀ, ਸ਼ਹੀਦ ਊਧਮ ਸਿੰਘ।
ਸ਼ਹੀਦ ਊਧਮ ਸਿੰਘ ਦੀ ਜੀਵਨ-ਕਥਾ ਤੇ ਸ਼ਹਾਦਤ ਕਈ ਪੱਖਾਂ ਤੋਂ ਵਿਲੱਖਣ ਅਤੇ ਵੱਖਰੀ। ਇਸ ਵਿਲੱਖਣਤਾ ਕਾਰਨ ਹੀ ਇਕ ਅਜਿਹੇ ਸਿਰਲੱਥ ਯੋਧੇ ਦੀ ਤਸਵੀਰ ਅੱਖਾਂ ਸਾਹਵੇਂ ਉਜਾਗਰ ਹੁੰਦੀ, ਜੋ ਆਪਣੇ ਪ੍ਰਣ ਨੂੰ ਨਿਭਾਉਣ ਲਈ ਹਰ ਔਕੜ ਅਤੇ ਦੁੱਖ-ਦਰਦ ਨੂੰ ਵੀ ਬੌਣਾ ਸਮਝਦਾ ਸੀ।
ਕੁਝ ਕੁ ਵਖਰੇਵੇਂ ਹੇਠਾਂ ਦਰਜ ਹਨ,
ਪਹਿਲਾ, ਬਚਪਨ ਵਿਚ ਹੀ ਯਤੀਮ ਹੋ ਜਾਣਾ ਅਤੇ ਆਪਣੇ ਭਰਾ ਨਾਲ ਅੰਮ੍ਰਿਤਸਰ ਦੇ ਸੈਂਟਰਲ ਯਤੀਮਖਾਨੇ ਵਿਚ ਆਉਣਾ, ਇਕ ਬੱਚੇ ਦੀ ਮਾਨਸਿਕਤਾ, ਵਿਗਸਦੀ ਸੋਚ, ਲਾਡ ਪਿਆਰ ਦੀ ਵਰੇਸ ਅਤੇ ਰਿਹਾੜ ਕਰਕੇ ਮਾਪਿਆਂ ਤੋਂ ਹਰ ਗੱਲ ਮੰਨਵਾਉਣ ਵਾਲੀ ਮਾਨਸਿਕ ਬਿਰਤੀ ‘ਤੇ ਕਿਹੋ ਜਿਹੀਆਂ ਝਰੀਟਾਂ ਪਈਆਂ ਹੋਣਗੀਆਂ, ਕਿਆਸ ਕਰਕੇ ਵੀ ਮਨ ਨੂੰ ਹੌਲ ਪੈਣ ਲੱਗਦੇ। ਜਰਾ ਸੋਚਣਾ! ਆਪਣੇ ਭਰਾ ਦੀ ਬੇਵਕਤੀ ਮੌਤ ਨੂੰ ਉਸ ਗਭਰੀਟ ਨੇ ਕਿਵੇਂ ਮਹਿਸੂਸ ਕੀਤਾ ਹੋਵੇਗਾ ਅਤੇ ਸਦਮਾ ਕਿਵੇਂ ਸਹਿਆ ਹੋਵੇਗਾ? ਪਰ ਉਸ ਪੀੜ, ਇਕੱਲ ਅਤੇ ਯਤੀਮਪੁਣੇ ਵਾਲੇ ਸਮੇਂ ਵਿਚ ਹੀ ਇਕ ਅਜਿਹੀ ਸ਼ਖਸੀਅਤ ਦੀ ਨੀਂਹ ਰੱਖੀ ਗਈ, ਜਿਸ ਨੂੰ ਦੁੱਖ ਦਰਦ ਸਹਿਣ ਅਤੇ ਇਸ ‘ਚੋਂ ਉਭਰਨ ਦੀ ਜਾਚ ਵੀ ਆ ਗਈ। ਉਸ ਦੇ ਮਨ ਵਿਚ ਰੋਹ ਪੈਦਾ ਹੁੰਦਾ। ਉਹ ਖੁਦ ਨੂੰ ਸੰਭਾਲਦਾ ਏ।
ਊਧਮ ਸਿੰਘ ਦਾ ਬਚਪਨ ਬਹੁਤੇ ਕ੍ਰਾਂਤੀਕਾਰੀਆਂ ਨਾਲੋਂ ਵੱਖਰਾ ਅਤੇ ਗਰੀਬੀ ਤੇ ਗੁਰਬਤ ਨਾਲ ਭਰਿਆ ਪਿਆ ਸੀ, ਜਿਸ ਕਾਰਨ ਸੁਪਨਿਆਂ ਨੂੰ ਸੱਚ ਕਰਨ ਦੀ ਦਲੇਰੀ ਦਾ ਪੈਦਾ ਹੋਣਾ ਅਤੇ ਮਨ ਵਿਚ ਦ੍ਰਿੜਤਾ ਦੀ ਪਕਿਆਈ ਹੋਰ ਵੀ ਮਜਬੂਤ ਹੁੰਦੀ ਏ। ਹੌਲੀ ਹੌਲੀ ਉਸ ਦੀ ਸੋਚ ਵਿਚ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਬੀਜ ਪੁੰਗਰਨੇ ਸ਼ੁਰੂ ਹੁੰਦੇ।
ਦੂਸਰਾ, 20 ਸਾਲ ਦਾ ਨੌਜਵਾਨ ਊਧਮ ਸਿੰਘ ਜੱਲਿਆਂ ਵਾਲੇ ਬਾਗ ਦਾ ਚਸ਼ਮਦੀਦ ਸੀ, ਜੋ ਸੁਣਨ, ਪੜ੍ਹਨ ਜਾਂ ਦੂਜਿਆਂ ਦੇ ਦੀਦਿਆਂ ਰਾਹੀਂ ਇਸ ਦੀ ਭਿਆਨਕਤਾ ਨੂੰ ਦੇਖਣ ਨਾਲੋਂ ਬਹੁਤ ਵੱਖਰਾ ਸੀ। ਉਸ ਨੇ ਜਨਰਲ ਡਾਇਰ ਵਲੋਂ ਕੀਤੇ ਅਣਮਨੁੱਖੀ ਕਤਲੇਆਮ ਨੂੰ ਆਪਣੀ ਅੱਖੀਂ ਦੇਖਿਆ, ਉਸ ਦੇ ਕੰਨਾਂ ਨੇ ਸੁਣਿਆ ਚੀਖ-ਚਿਹਾੜਾ, ਬੱਚਿਆਂ ਦੀਆਂ ਕੁਰਲਾਹਟਾਂ, ਮਾਂਵਾਂ ਦੇ ਕੀਰਨੇ ਅਤੇ ਨਿਹੱਥੇ ਲੋਕਾਂ ਦੀ ਬੇਵਸੀ ਤੇ ਲਾਚਾਰੀ। ਅੱਖਾਂ ਸਾਹਵੇਂ ਵਾਪਰਿਆ ਮੌਤ ਦਾ ਤਾਂਡਵ ਨਾਚ। ਜਰਾ ਸੋਚਣਾ! ਇਸ ਤਾਂਡਵ ਨਾਚ ਨੇ ਗਰਮ ਖੂਨ ਨੂੰ ਕਿਵੇਂ ਉਬਾਲੇ ਖਾਣ ਅਤੇ ਕੁਝ ਕਰ ਗੁਜਰਨ ਦੀ ਤਮੰਨਾ ਗੱਭਰੂ ਊਧਮ ਸਿੰਘ ਦੇ ਵਿਚਾਰਾਂ ਵਿਚ ਪੈਦਾ ਕੀਤੀ ਹੋਵੇਗੀ? ਰੋਸ, ਰੰਜ ਅਤੇ ਰੋਹ ਵਿਚ ਵੱਟੀਆਂ ਕਚੀਚੀਆਂ ਨੇ ਮੂਕ ਚੁੱਪ ਵਿਚੋਂ ਕੁਝ ਅਜਿਹਾ ਕਰਨ ਅਤੇ ਜੁਲਮ ਦਾ ਬਦਲਾ ਲੈਣ ਦਾ ਠੋਸ ਫੈਸਲਾ ਕੀਤਾ ਹੋਵੇਗਾ। ਜਵਾਨ ਮਨ ‘ਤੇ ਪਈਆਂ ਝਰੀਟਾਂ ਕਾਰਨ ਉਸ ਦੀ ਹੋਸ਼ ਤੇ ਜੋਸ਼ ਵਿਚ ਭੁਚਾਲ ਆਇਆ ਹੋਵੇਗਾ; ਪਰ ਉਸ ਨੇ ਕਚੀਚੀ ਵੱਟ ਕੇ ਆਪਣੀਆਂ ਭਾਵਨਾਵਾਂ ਨੂੰ ਚੁੱਪ ਦੀ ਜੁ.ਬਾਨ ਦਿਤੀ ਹੋਵੇਗੀ। ਬਹੁਤ ਸਾਰੇ ਪ੍ਰਸ਼ਨ ਉਸ ਦੇ ਅੰਤਰੀਵ ਵਿਚ ਖੁਣੇ ਗਏ ਹੋਣਗੇ। ਬਹੁਤ ਘੱਟ ਯੋਧੇ ਹੋਣਗੇ ਜਿਨ੍ਹਾਂ ਨੇ ਅੱਖੀਂ ਡਿੱਠੇ ਅਤੇ ਹੱਡੀਂ ਹੰਢਾਏ ਦਰਦ ਕਾਰਨ ਮਨ ਵਿਚ ਕਸਮ ਪਾਈ ਹੋਵੇਗੀ ਅਤੇ ਇਸ ਕਤਲੇਆਮ ਦੇ ਦੋਸ਼ੀ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣ ਲਈ ਖੁਦ ਨੂੰ ਵੰਗਾਰਿਆ ਹੋਵੇਗਾ।
ਤੀਸਰਾ, ਪਰ ਇਸ ਕਤਲੇਆਮ ਨੇ ਉਸ ਦੀ ਸੋਚ ਨੂੰ ਹੋਸ਼ ਨਾਲ ਵਰਤਣ ਅਤੇ ਉਸ ਦੀ ਸੋਚ ਧਾਰਾ ਨੂੰ ਪਰਪੱਕਤਾ ਦਿੱਤੀ, ਤਾਂ ਹੀ ਉਸ ਨੇ ਕਾਹਲ ਵਿਚ ਕੋਈ ਕਦਮ ਨਹੀਂ ਚੁਕਿਆ, ਸਗੋਂ ਦੋਸ਼ੀ ਨੂੰ ਸਜ਼ਾ ਦੇਣ ਲਈ ਇੱਕੀ ਸਾਲ ਤੀਕ ਸਹੀ ਸਮਾਂ, ਸਥਾਨ ਅਤੇ ਸਥਿਤੀ ਦੀ ਉਡੀਕ ਕਰਦਾ ਰਿਹਾ। ਅਕਸਰ ਲੋਕ ਤਾਂ ਤੱਟ-ਫੱਟ ਹੀ ਬਦਲਾ ਲੈਣ ਲਈ ਤੁਰ ਪੈਂਦੇ ਨੇ; ਪਰ ਉਸ ਦੇ ਸਹਿਜ ਸੁਭਾਅ, ਸ਼ਖਸੀ ਤਵਾਜ਼ਨ, ਸੋਚ-ਸੰਜਮ ਅਤੇ ਸੰਜੀਦਗੀ ਨੇ ਬੋਲ ਪੁਗਾਉਣ ਵਿਚ ਨਰੋਇਆ ਰੋਲ ਅਦਾ ਕੀਤਾ, ਜੋ ਉਸ ਵਕਤ ਬਹੁਤ ਜਰੂਰੀ ਸੀ, ਕਿਉਂਕਿ ਉਹ ਸਮਝਦਾ ਸੀ ਕਿ ਅਜ਼ਾਈਂ ਹੀ ਆਪਣੇ ਜੋਸ਼ ਤੇ ਜਨੂਨ ਨੂੰ ਜਰਬ ਦੇਣ ਨਾਲੋਂ, ਉਡੀਕ ਕਰਕੇ ਮਕਸਦ ਨੂੰ ਪੂਰਾ ਕਰਨਾ ਵੱਧ ਅਹਿਮ ਅਤੇ ਜਰੂਰੀ ਹੁੰਦਾ ਹੈ।
ਚੌਥਾ, ਸ਼ਹੀਦ ਊਦਮ ਸਿੰਘ ਜਵਾਨੀ ਦੇ ਦਿਨਾਂ ਵਿਚ ਸਹਿਜ ਅਤੇ ਠਰੰਮਾ ਰੱਖਦਾ ਹੈ ਅਤੇ 21 ਸਾਲ ਤੀਕ ਆਪਣੇ ਮਸਕਦ ਦੀ ਪੂਰਤੀ ਲਈ ਉਡੀਕ ਤਾਂ ਕਰਦਾ ਹੈ, ਪਰ ਇਸ ਗੱਲ ਦੀ ਭਿਣਕ ਨਹੀਂ ਪੈਣ ਦਿੰਦਾ ਕਿ ਉਸ ਦੇ ਮਨ ਵਿਚ ਕੀ ਹੈ? ਬਦਲੇ ਦੀ ਭਾਵਨਾ ਨੂੰ ਹੋਰਨਾਂ ਕੋਲੋਂ ਛੁਪਾ ਕੇ ਰੱਖਣਾ, ਅਜਿਹਾ ਮੀਰੀ ਗੁਣ ਸੀ, ਜੋ ਇਸ ਕਸਮ ਦੀ ਪੂਰਤੀ ਲਈ ਅਹਿਮ ਸੀ। ਸਿਰਫ ਖੁਦ ਨਾਲ ਹੀ ਉਹ ਇਸ ਕਾਰਜ ਦੀ ਪੂਰਤੀ ਲਈ ਪ੍ਰਤੀਬੱਧ ਸੀ। ਆਪਣੇ ਆਪ ‘ਤੇ ਕਾਬੂ, ਜੋਸ਼ ਅਤੇ ਹੋਸ਼ ਵਿਚਲਾ ਸੰਤੁਲਨ, ਔਖੀਆਂ ਹਾਲਤਾਂ ਨਾਲ ਜੂਝਣਾ ਅਤੇ ਉਨ੍ਹਾਂ ਵਿਚੋਂ ਹੀ ਆਪਣੇ ਆਪ ਨੂੰ ਵਿਕਸਿਤ ਕਰਕੇ, ਆਪਣੇ ਆਪ ਨੂੰ ਨਵੇਂ ਨਿਵੇਕਲੇ ਮਾਡਲ ਦੇ ਰੂਪ ਵਿਚ ਪੇਸ਼ ਕਰਨਾ, ਉਸ ਦਾ ਸ਼ਖਸੀ ਗੁਣ ਸੀ।
ਪੰਜਵਾਂ, ਉਧਮ ਸਿੰਘ ਕ੍ਰਾਂਤੀਕਾਰੀਆਂ ਨਾਲ ਕੰਮ ਕਰਦਾ ਏ। ਗਦਰੀ ਯੋਧਿਆਂ ਦਾ ਸਾਥੀ ਏ। ਅਮਰੀਕਾ ਜਾਣ ਲਈ ਅਫਰੀਕਾ ਦੇ ਰਸਤੇ ਤੁਰਦਾ, ਪਰ ਨਾਕਾਮ ਰਹਿਣ ‘ਤੇ ਵਾਪਸ ਭਾਰਤ ਪਰਤਦਾ ਏ। ਫਿਰ ਦੂਜੀ ਵਾਰ ਅਮਰੀਕਾ ਪਹੁੰਚਦਾ ਏ। ਭਾਰਤ ਪਰਤ ਕੇ ਆਜ਼ਾਦੀ ਦੀ ਲਹਿਰ ਨਾਲ ਜੋਸ਼ੀਲੇ ਤਰੀਕੇ ਨਾਲ ਜੁੜਿਆ ਰਹਿੰਦਾ ਏ। ਜੇਲ੍ਹ ਵੀ ਕੱਟਦਾ ਹੈ, ਪਰ ਉਸ ਦੇ ਮਨ ਦੀ ਟੀਸ ਅਤੇ ਚੀਸ ਉਸ ਨੂੰ ਟਿਕਣ ਨਹੀਂ ਦਿੰਦੀ। ਮਨ ਵਿਚ ਖਲਬਲੀ ਹੈ, ਟਿਕਾਓ ਨਹੀਂ, ਤੇ ਉਹ ਆਖਰ ਨੂੰ ਆਪਣਾ ਟੀਚਾ ਪੂਰਾ ਕਰਨ ਲਈ ਇਕੱਲਾ ਹੀ ਕਸ਼ਮੀਰ ਦੇ ਰਸਤੇ ਹੁੰਦਾ, ਇੰਗਲੈਂਡ ਪਹੁੰਚਦਾ ਏ। ਯਾਦ ਰੱਖਣਾ, ਜ਼ਿਆਦਾਤਰ ਆਜ਼ਾਦੀ ਸੰਗਰਾਮੀਆਂ ਨੇ ਇਕੱਠੇ ਹੋ ਕੇ ਕਿਸੇ ਮੁਹਿੰਮ ਨੂੰ ਵਿਢਿਆ, ਸਭ ਦੀ ਇਕੱਠੀ ਸਲਾਹ ਨਾਲ ਵਿਉਂਤਬੰਦੀ ਹੋਈ ਅਤੇ ਫਿਰ ਖਾਸ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ, ਪਰ ਊਧਮ ਸਿੰਘ ਇਕੱਲਾ ਹੀ ਬਦਲੇ ਦੀ ਯੋਜਨਾ ਬਣਾਉਂਦਾ ਹੈ, 21 ਸਾਲ ਤੀਕ ਆਪਣੇ ਆਪ ਨੂੰ ਤੜਫਾਉਂਦਾ ਅਤੇ ਤਪਾਉਂਦਾ ਏ। ਫਿਰ ‘ਕੱਲਾ ਹੀ ਇੰਗਲੈਂਡ ਪਹੁੰਚਦਾ ਏ। ਕਿੰਨੇ ਕਮਾਲ ਦੀ ਗੱਲ ਹੈ ਕਿ ਉਹ ਵਿਦੇਸ਼ੀ ਧਰਤੀ ‘ਤੇ ਆਪਣੇ ਆਪ ਨੂੰ ਪੱਕੇ ਪੈਰੀਂ ਟਿਕਾਉਂਦਾ ਏ। ਆਪਣੇ ਸ਼ਿਕਾਰ ਦੀ ਭਾਲ ਕਰਦਾ, ਸਹੀ ਮੌਕੇ ਦੀ ਚੋਣ ਕਰਦਾ ਹੈ ਅਤੇ ਆਪਣੇ ਟੀਚੇ ਨੂੰ ਪੂਰਾ ਕਰਦਾ ਏ। ਇਕੱਲਿਆਂ ਅਜਿਹਾ ਕੁਝ ਬਹੁਮੁਖੀ ਅਤੇ ਬਹੁਪੱਖੀ ਸ਼ਖਸੀਅਤ ਹੀ ਕਰ ਸਕਦੀ ਏ, ਜੋ ਸਿਰਫ ਊਧਮ ਸਿੰਘ ਹੀ ਸੀ।
ਛੇਵਾਂ, ਲੰਡਨ ਦੇ ਕੈਕਸਟਨ ਹਾਲ ਵਿਚ ਪੰਜਾਬ ਦੇ ਸਾਬਕਾ ਗਵਰਨਰ ਮਾਈਕਲ ਓਡਵਾਇਰ ਦੇ ਸੀਨੇ ਵਿਚ ਗੋਲੀਆਂ ਦਾਗਦਿਆਂ ਊਧਮ ਸਿੰਘ ਨੇ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਜਰੂਰ ਝਾਕਿਆ ਹੋਣਾ। ਉਸ ਨੂੰ ਉਸ ਦੇ ਪਾਪ ਜਰੂਰ ਚੇਤੇ ਕਰਵਾਏ ਹੋਣਗੇ ਕਿ ਕਿਵੇਂ ਨਿਹੱਥੇ ਭਾਰਤੀਆਂ ਨੂੰ ਜੱਲਿਆਂ ਵਾਲੇ ਬਾਗ ਵਿਚ ਮਾਰਿਆ ਸੀ। ਇਕੱਠ ਨੂੰ ਗੋਲੀਆਂ ਨਾਲ ਭੁੰਨਣ ਦੇ ਦੋਸ਼ੀ ਨੂੰ ਵੀ ਇਕੱਠ ਵਿਚ ਹੀ ਮਾਰਿਆ ਗਿਆ। ਦੁਸ਼ਮਣ ਦੇ ਨੈਣਾਂ ਵਿਚ ਨੈਣ ਪਾ ਕੇ, ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣੀ, ਸ਼ਾਇਦ ਇਤਿਹਾਸ ਦਾ ਉਹ ਵਰਕਾ ਹੈ, ਜੋ ਊਧਮ ਸਿੰਘ ਦੇ ਹਿੱਸੇ ਆਇਆ। ਬਹੁਤੇ ਆਜ਼ਾਦੀ ਸੰਗਰਾਮੀਆਂ ਨੇ ਲੁਕਵੇਂ ਜਾਂ ਓਹਲੇ ਵਿਚ ਕੀਤੇ ਹਮਲੇ ਰਾਹੀਂ ਹੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਸੀ, ਪਰ ਇਥੇ ਤਾਂ ਬਦਲਾ ਲੈਣ ਵਾਲਾ ਅੱਖਾਂ ‘ਚ ਅੱਖਾਂ ਪਾ ਕੇ ਕਾਤਲ ਨੂੰ ਉਸ ਦੇ ਕੀਤੇ ਦੀ ਸਜ਼ਾ ਦਿੰਦਾ ਹੈ। ਉਸ ਦਾ ਮਕਸਦ ਆਮ ਲੋਕਾਂ ਨੂੰ ਕੋਈ ਨੁਕਸਾਨ ਪਹੁੰਚਾਉਣਾ ਨਹੀਂ ਸੀ, ਸਗੋਂ ਦੋਸ਼ੀ ਨੂੰ ਸਜ਼ਾ ਦੇਣਾ ਸੀ।
ਸੱਤਵਾਂ, ਉਹ ਮਾਈਕਲ ਓਡਵਾਇਰ ਨੂੰ ਮਾਰਨ ਪਿਛੋਂ ਦੌੜਦਾ ਨਹੀਂ। ਕੀਤੇ ‘ਤੇ ਕੋਈ ਪਛਤਾਵਾ ਨਹੀਂ। ਉਹ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿੰਦਾ ਹੈ। ਕਈ ਵਾਰ ਕ੍ਰਾਂਤੀਕਾਰੀ ਜਾਂ ਯੋਧੇ ਮਾਰਨ ਪਿਛੋਂ ਦੌੜ ਜਾਂਦੇ ਅਤੇ ਕਈ ਵਾਰ ਤਾਂ ਕਾਤਲ ਦਾ ਪਤਾ ਵੀ ਨਹੀਂ ਲੱਗਦਾ। ਪਰ ਇਥੇ ਤਾਂ ਊਧਮ ਸਿੰਘ ਸ਼ਹਾਦਤ ਦਾ ਜਾਮ ਪੀਣ ਲਈ ਕਾਹਲਾ ਏ। ਇਹ ਊਧਮ ਸਿੰਘ ਦੇ ਮਨ ਵਿਚਲੀ ਪਕਿਆਈ, ਜਿੰਦ ਨੂੰ ਦੇਸ਼ ਦੇ ਲੇਖੇ ਲਾਉਣ ਦੀ ਗਵਾਹੀ ਬਣਦੀ ਏ।
ਅੱਠਵਾਂ, ਇਸ ਕਤਲ ਨੇ ਲੰਡਨ ਵਿਚ ਮਹਿਫੂਜ਼ ਵੱਸਦੇ ਦਾਗੀ ਤੇ ਜਾਲਮ ਗੋਰੇ ਸ਼ਾਸ਼ਕਾਂ ਦੇ ਮਨਾਂ ਵਿਚ ਡਰ ਪੈਦਾ ਕੀਤਾ। ਆਮ ਭਾਰਤੀਆਂ ਲਈ ਊਧਮ ਸਿੰਘ ਇਕ ਨਾਇਕ ਸੀ, ਜਿਸ ਨੇ 21 ਸਾਲ ਬਾਅਦ ਜੱਲਿਆਂ ਵਾਲੇ ਬਾਗ ਵਿਚ ਹੋਏ ਕਤਲੇਆਮ ਦਾ ਬਦਲਾ ਲੈ ਕੇ ਭਾਰਤੀਆਂ ਦਾ ਸਿਰ ਮਾਣ ਨਾਲ ਇਕ ਅਣਖੀਲੀ ਕੌਮ ਵਜੋਂ ਉਚਾ ਕੀਤਾ। ਭਾਰਤ ਦੀ ਆਜ਼ਾਦੀ ਦਾ ਜਲਦੀ ਮਿਲਣਾ, ਜਿਥੇ ਦੂਜਾ ਵਿਸ਼ਵ ਯੁੱਧ ਵੀ ਇਕ ਕਾਰਨ ਸੀ, ਪਰ ਲੰਡਨ ਵਿਚ ਮਾਈਕਲ ਓਡਵਾਇਰ ਦਾ ਕਤਲ, ਅੰਗਰੇਜ਼ ਹਾਕਮਾਂ ਨੂੰ ਹਲੂਣਨ ਵਾਲੀ ਅਜਿਹੀ ਦਲੇਰਾਨਾ ਕਾਰਵਾਈ ਸੀ, ਜਿਸ ਤੋਂ ਅੰਗਰੇਜ਼ ਸ਼ਾਸ਼ਕਾਂ ਦੇ ਮਨਾਂ ਵਿਚ ਇਕ ਅਜਿਹਾ ਡਰ ਬੈਠਿਆ ਕਿ ਉਹ ਭਾਰਤ ਤੋਂ ਰੁਖਸਤ ਹੋਣ ਲਈ ਬਹਾਨਾ ਲੱਭਣ ਲੱਗੇ ਅਤੇ ਆਖਰ ਨੂੰ 1947 ਵਿਚ ਭਾਰਤ ਨੂੰ ਆਜ਼ਾਦੀ ਮਿਲ ਗਈ। ਭਾਵੇਂ ਇਹ ਆਜ਼ਾਦੀ ਹੁਣ ਤੀਕ ਵੀ ਉਹ ਆਜ਼ਾਦੀ ਨਹੀਂ, ਜਿਸ ਦੀ ਆਸ ਅਤੇ ਤਮੰਨਾ ਆਜ਼ਾਦੀ ਸੰਗਰਾਮੀਆਂ ਦੇ ਮਨ ਵਿਚ ਸੀ।
ਨੌਂਵਾਂ, ਜ਼ਿਆਦਾਤਰ ਸ਼ਹੀਦ ਆਪਣੇ ਖੂਨ ਨਾਲ ਆਪਣੀ ਮਿੱਟੀ ਨੂੰ ਸਿੰਜਦੇ, ਆਪਣੀ ਰਾਖ ਨੂੰ ਵੀ ਧਰਤੀ ਮਾਂ ਵਿਚ ਵਿਲੀਨ ਕਰ ਦਿੰਦੇ ਨੇ, ਪਰ ਸ਼ਹੀਦ ਊਧਮ ਸਿੰਘ ਨੂੰ ਮਰਨ ਪਿਛੋਂ ਆਪਣੀ ਮਾਂ ਮਿੱਟੀ ਦੀ ਗੋਦ ਵੀ ਨਸੀਬ ਨਾ ਹੋਈ ਅਤੇ ਉਸ ਦੀ ਮਿੱਟੀ ਆਪਣੇ ਵਤਨ ਨੂੰ ਪਰਤਣ ਲਈ ਤਰਸਦੀ ਰਹੀ। ਆਖਰ ਸ਼ ਸਾਧੂ ਸਿੰਘ ਐਮ. ਐਲ਼ ਏ. ਦੇ ਯਤਨਾਂ ਸਦਕਾ, ਉਹ ਅਸਥੀਆਂ ਦੇ ਰੂਪ ਵਿਚ ਆਪਣੇ ਵਤਨ ਪਰਤਿਆ। ਸ਼ਹੀਦ ਲਈ ਆਪਣੀ ਮਿੱਟੀ ਤੋਂ ਮਹਿਰੂਮਤਾ, ਅਵੇਸਲੀ ਲੋਕ-ਚੇਤਨਾ, ਦੋਗਲੇ ਕਿਰਦਾਰ ਅਤੇ ਰਾਜਸੀ ਧਿਰਾਂ ਦੇ ਦੰਭੀ ਚਰਿੱਤਰ ਨੂੰ ਉਜਾਗਰ ਕਰਦੀ ਏ। ਅਜਿਹਾ ਅਕਸਰ ਹੀ ਉਨ੍ਹਾਂ ਸ਼ਹੀਦਾਂ ਨਾਲ ਵਾਪਰਦਾ ਏ, ਜਿਨ੍ਹਾਂ ਨੇ ਕੁਝ ਵਿਲੱਖਣ ਅਤੇ ਵਿਕੋਲਿਤਰਾ ਕਰਕੇ ਆਪਣੀ ਕੌਮ ਦਾ ਨਾਂ ਚਮਕਾਇਆ ਹੋਵੇ।
ਦਸਵਾਂ, ਸ਼ਹੀਦ ਊਧਮ ਸਿੰਘ ਦੀ ਆਜ਼ਾਦੀ ਪ੍ਰਤੀ ਦੇਣ ਗੁੰਮਨਾਮ ਹੀ ਰਹੀ, ਜਦ ਕਿ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੇ ਰਾਜਸੀ ਸੱਤਾ ਦਾ ਅਨੰਦ ਵੀ ਮਾਣਿਆ ਤੇ ਸਰਕਾਰੀ ਸਹੂਲਤਾਂ ਵੀ ਮਾਣੀਆਂ। ਸ਼ਹੀਦ ਊਧਮ ਸਿੰਘ ਕੁਝ ਕੁ ਉਨ੍ਹਾਂ ਸ਼ਹੀਦਾਂ ਵਿਚ ਸ਼ਾਮਲ ਹੈ, ਜਿਸ ਦੇ ਨੇੜਲੇ ਰਿਸ਼ਤੇਦਾਰ ਹਾਲੇ ਵੀ ਦਿਹਾੜੀ ਕਰਕੇ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ। ਕੀ ਇਹੀ ਹੈ ਊਧਮ ਸਿੰਘ ਦੀ ਸ਼ਹਾਦਤ ਦਾ ਮੁਲ, ਜੋ ਸਮਾਜਕ-ਸੂਝ ਦਾ ਸਮੁੰਦਰ, ਪ੍ਰਚੰਡ ਜਵਾਲਾ, ਰੋਹ ਦਾ ਰਾਗ, ਜ਼ਾਂਬਾਜ਼ੀ ਦੀ ਸਿਖਰ ਅਤੇ ਆਪਣੀ ਧੁਨ ਦਾ ਪੱਕਾ ਤੇ ਸੱਚਾ ਸੀ।
ਗਿਆਰਵਾਂ, ਆਮ ਤੌਰ ‘ਤੇ ਸ਼ਹੀਦ ਰਾਮ, ਸਿੰਘ ਜਾਂ ਮੁਹੰਮਦ ਹੋ ਸਕਦਾ ਏ, ਪਰ ਊਧਮ ਸਿੰਘ ਇਕੋ ਇਕ ਅਜਿਹਾ ਸ਼ਹੀਦ ਹੈ, ਜੋ ਰਾਮ ਮੁਹੰਮਦ ਸਿੰਘ ਆਜ਼ਾਦ ਬਣ ਕੇ ਇਤਿਹਾਸ ਦਾ ਮਾਣਮੱਤਾ ਹੀਰੋ ਬਣ ਕੇ ਸਦਾ ਜਿਉਂਦਾ ਹੈ।
ਯਤੀਮੀ ਤੋਂ ਯਾਦਗਾਰੀ ਇਤਿਹਾਸ ਦਾ ਸਿਰਜਣਹਾਰਾ, ਅਣਹੋਏ ਤੋਂ ਹੋਣ ਦਾ ਹਾਸਲ, ਅਨਾਂਵੇਂ ਤੋਂ ਰਾਮ ਮੁਹੰਮਦ ਸਿੰਘ ਆਜ਼ਾਦ ਦਾ ਸਫਰ, ਪੰਜਾਬ ਤੋਂ ਸ਼ੁਰੂ ਕੀਤੀ ਜਦੋਜਹਿਦ ਨੂੰ ਪਰਦੇਸ ਵਿਚ ਪ੍ਰਚੰਡ ਅਤੇ ਪੁਨਰ-ਸੁਰਜੀਤ ਕਰਕੇ ਨਵੇਂ ਮਾਪਦੰਡ ਤੇ ਦਿਸ਼ਾਵਾਂ ਦੇਣੀਆਂ ਅਤੇ ਮੌਤ ਨੂੰ ਮਾਣ ਦਾ ਰੁਤਬਾ ਦੇਣਾ ਸਿਰਫ ਊਧਮ ਸਿੰਘ ਦੇ ਹਿੱਸੇ ਹੀ ਆਇਆ। ਤਾਂ ਹੀ ਸਲਮਨ ਰਸ਼ਦੀ ਆਪਣੇ ਇਕ ਨਾਵਲ ਵਿਚ ਇਕ ਪਾਤਰ ਰਾਹੀਂ ਕਹਿੰਦਾ ਹੈ, ‘ਹਰੇਕ ਮਾਈਕਲ ਓਡਵਾਇਰ ਲਈ, ਇਕ ਊਧਮ ਸਿੰਘ ਪੈਦਾ ਹੁੰਦਾ ਹੈ।’
ਸ਼ਹੀਦੀ ਲਈ ਲੋੜ ਹੈ, ਜਜ਼ਬੇ ਦੀ, ਹਿੰਮਤ ਤੇ ਹੌਸਲੇ ਦੀ, ਸੱਚੇ ਸਿਧਾਂਤ ਤੇ ਇਸ ਦੀ ਪਹਿਰੇਦਾਰੀ ਵਿਚੋਂ ਜੀਵਨ ਦੀ ਸਾਰਥਕਤਾ ਨੂੰ ਸਮਝਣ ਦੀ। ਸ਼ਹਾਦਤ ਨਿੱਜ ਲਈ ਨਹੀਂ ਹੁੰਦੀ। ਲੋਕਾਈ ਦਾ ਦਰਦ ਹੁੰਦਾ, ਜੋ ਜਿਉਂਦੇ ਇਨਸਾਨਾਂ ਲਈ ਸੂਲੀ ਦਾ ਸਬੱਬ ਬਣਦਾ। ਉਹ ਇਸ ਵਿਚੋਂ ਹੀ ਸਮਾਜ ਨੂੰ ਨਵੀਂ ਰੌਸ਼ਨੀ ਅਤੇ ਸੇਧ ਦੇ ਕੇ ਅਧੂਰੇ ਸੁਪਨਿਆਂ ਲਈ ਪੂਰਨਤਾ ਬਣਦੇ। ਬਿਖੜੇ ਰਾਹਾਂ ਦੇ ਸਿਰਨਾਂਵੇਂ ਹੁੰਦੇ। ਸ਼ਹੀਦ ਲਈ ਮੌਤ, ਇਕ ਜੀਵਨ-ਮਨੋਰਥ। ਅਜਿਹੀ ਸ਼ਹੀਦੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ,
ਸਵੈਯਾ
ਹੇ ਰਵਿ ਹੇ ਸਸਿ ਹੇ ਕਰੁਨਾਨਿੱਧ
ਮੇਰੀ ਅਬੈ ਬਿਨਤੀ ਸੁਨਿ ਲੀਜੈ॥
ਅਉਰ ਨ ਮਾਂਗਤ ਹਉ ਤੁਮ ਤੇ ਕਛੁ ਚਾਹਤ
ਹਉ ਚਿਤ ਮੇ ਸੋਈ ਕੀਜੈ॥
ਸ਼ਤ੍ਰਨ ਸਿਉ ਅਤਿ ਹੀ ਰਨ ਭੀਤਰ
ਜੂਝ ਮਰੋ ਕਹਿ ਸਾਚ ਪਤੀਜੈ॥
ਸੰਤ ਸਹਾਇ ਸਦਾ ਜਗ ਮਾਇ
ਕ੍ਰਿਪਾ ਕਰਿ ਸਯਾਮ ਇਹੈ ਬਰ ਦੀਜੈ॥
ਲੋੜ ਹੈ, ਅਜੋਕੇ ਸਮਿਆਂ ਵਿਚ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਦੇ ਸੰਦੇਸ਼ ਨੂੰ ਸੂਖਮਤਾ, ਸੰਵੇਦਨਸ਼ੀਲਤਾ ਅਤੇ ਸੰਵੇਦਨੀ ਰੂਪ ਵਿਚ ਸਮਾਜਕ ਦਾਇਰਿਆਂ ਦੇ ਨਾਂ ਕਰੀਏ। ਇਹ ਹੀ ਉਸ ਅਜ਼ੀਮ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।