ਬਲਜੀਤ ਬਾਸੀ
ਗੱਲ ਮੋਦੀ ਵਲੋਂ ਆਪਣੇ ਆਪ ਨੂੰ ਦੇਸ਼ ਦਾ ਚੌਕੀਦਾਰ ਕਹੇ ਜਾਣ ਤੋਂ ਸ਼ੁਰੂ ਹੋਈ ਸੀ। ਭਾਰਤ ਵਿਚ ਅੱਜ ਕਲ੍ਹ ਚੋਣਾਂ ਦੇ ਦਿਨ ਹਨ ਤੇ ਹਰ ਪਾਸੇ ਚੌਕੀਦਾਰ ਦਾ ਹੀ ਬੋਲਬਾਲਾ ਹੈ। ਚਾਏਵਾਲਾ ਦੇ ਨਾਲ ਨਾਲ ਚੌਕੀਦਾਰ ਦੇ ਭਾਗ ਵੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਸਾਰ ਹੀ ਜਾਗ ਪਏ ਸਨ। ਵਿਚ ਜਿਹੇ ਪਕੌੜੇ ਬਣਾਉਣ ਵਾਲਿਆਂ ਦੀ ਵੀ ਗੁੱਡੀ ਉਚੀ ਹੋਈ ਸੀ। ਮੋਦੀ ਦੀ ਸਾਡੀਆਂ ਭਾਸ਼ਾਵਾਂ ਨੂੰ ਬਹੁਤ ਦੇਣ ਹੈ। ਇਸ ਨੇ ਸਾਡੀ ਭਾਸ਼ਾਈ ਸਮੱਗਰੀ ਨੂੰ ਅਜਿਹਾ ਹੁਲਾਰਾ ਦਿੱਤਾ ਹੈ ਕਿ ਇਸ ਨੂੰ ਜਮੀਨ ਤੋਂ ਉਠਾ ਕੇ ਅਸਮਾਨ ਦੀਆਂ ਬੁਲੰਦੀਆਂ ਤੱਕ ਪਹੁੰਚਾ ਦਿੱਤਾ ਹੈ।
ਖੈਰ, ਅਸੀਂ ਮੋਦੀ ਦੀ ਭਾਸ਼ਾਈ ਦੇਣ ਬਾਰੇ ਬਥੇਰਾ ਲਿਖ ਚੁਕੇ ਹਾਂ। ਚੌਕੀਦਾਰ ਦੀ ਗੱਲ ਤੋਰੀਏ। ਇਹ ਤਾਂ ਹੋਰ ਕੋਈ ਦੱਸ ਦੇਵੇਗਾ ਕਿ ਇਹ ਸ਼ਬਦ ਚੌਕੀ+ਦਾਰ ਤੋਂ ਬਣਿਆ ਹੈ। ਦਾਰ ਪਿਛੇਤਰ ਕਿਸੇ ਸ਼ਬਦ ਦੇ ਪਿਛੇ ਲੱਗ ਕੇ ‘ਰੱਖਣ ਵਾਲਾ, ਮਾਲਕ, ਸਵਾਮੀ, ਧਾਰਕ’ ਆਦਿ ਜਿਹੇ ਅਰਥ ਦਿੰਦਾ ਹੈ, ਜਿਵੇਂ ਪਹਿਰੇਦਾਰ ਪਹਿਰਾ ਦੇਣ ਵਾਲਾ, ਜਿਮੀਂਦਾਰ ਜਮੀਨ ਦਾ ਮਾਲਕ ਆਦਿ। ਸੋ, ਚੌਕੀਦਾਰ ਦਾ ਮਤਲਬ ਚੌਕੀ ਦਾ ਮਾਲਕ, ਕਰਤਾ ਧਰਤਾ ਆਦਿ ਹੈ। ਦੇਖਣ ਵਾਲੀ ਗੱਲ ਹੈ ਕਿ ਚੌਕੀ ਕੀ ਚੀਜ਼ ਹੈ। ਇਥੇ ਸਾਡੇ ਸਾਹਮਣੇ ਮੋਟੇ ਤੌਰ ‘ਤੇ ਤਿੰਨ ਸਬੰਧਤ ਸ਼ਬਦ ਆਉਂਦੇ ਹਨ: ਚੌਕ, ਚੌਕਾ, ਚੌਕੀ ਅਤੇ ਇਨ੍ਹਾਂ ਤਿੰਨਾਂ ਸ਼ਬਦਾਂ ਵਿਚ ‘ਚਾਰ’ ਦਾ ਭਾਵ ਸਮਾਇਆ ਹੋਇਆ ਹੈ, ਜਿਸ ਦੀ ਵਿਆਖਿਆ ਬਾਅਦ ਵਿਚ ਕਰਾਂਗੇ। ਚੌਕ ਮੁਢਲੇ ਤੌਰ ‘ਤੇ ਉਹ ਥਾਂ ਹੈ, ਜਿਥੇ ਚਾਰ ਰਾਹ ਮਿਲਦੇ ਹਨ। ਇਸ ਨੂੰ ਚੁਰਾਹਾ ਜਾਂ ਚੁਰਸਤਾ ਵੀ ਕਿਹਾ ਜਾਂਦਾ ਹੈ, ਪਰ ਚੁਰਾਹਾ/ਚੁਰਸਤਾ ਸ਼ਬਦਾਂ ਦਾ ਬਹੁਤਾ ਅਰਥ ਵਿਸਤਾਰ ਨਹੀਂ ਹੋਇਆ। ਜਿਥੇ ਚਾਰ ਰਾਹ ਮਿਲਦੇ ਹੋਣ, ਉਹ ਰੌਣਕ ਵਾਲਾ, ਖੁੱਲ੍ਹਾ ਡੁੱਲ੍ਹਾ ਥਾਂ ਹੈ, ਉਹ ਕਿਸੇ ਸ਼ਹਿਰ ਦਾ ਗਭ ਵੀ ਹੋ ਸਕਦਾ ਹੈ। ਇਥੇ ਹੱਟ ਬਾਜ਼ਾਰ ਹੁੰਦੇ ਹਨ, ਕਿਉਂਕਿ ਚੌਹਾਂ ਦਿਸ਼ਾਵਾਂ ਤੋਂ ਲੋਕ ਆਏ ਹੁੰਦੇ ਹਨ। ਹਾਸ਼ਮ ਸ਼ਾਹ ਦੀ ਸੱਸੀ ਵਿਚ ਸ਼ਹਿਰ ਭੰਬੋਰ ਦੇ ਚੌਕ ਦੇ ਦਰਸ਼ਨ ਕਰ ਲਵੋ,
ਨਹਿਰਾਂ ਹੌਜ਼, ਫੱਵਾਰੇ ਬਰਸਣ, ਹਰ ਹਰ ਚੌਕ ਬਹਾਰਾਂ।
ਹਾਸ਼ਮ ਸ਼ੋਰ ਜਨਾਵਰ ਕਰਦੇ, ਮੋਰ ਚਕੋਰ ਹਜ਼ਾਰਾਂ।
ਚੌਕ ਵਿਚ ਹੌਲੀ ਹੌਲੀ ਕੋਈ ਨਵਾਂ ਕਸਬਾ ਆਦਿ ਵੀ ਵਿਕਸਿਤ ਹੋ ਸਕਦਾ ਹੈ। ਆਵਾਜਾਈ ਸੁਰੱਖਿਅਤ ਬਣਾਉਣ ਲਈ ਚੌਕ ਦੇ ਗਭ ਨੂੰ ਗੋਲ ਕਰ ਲਿਆ ਜਾਂਦਾ ਹੈ, ਇਸ ਲਈ ਇਸ ਗੱਭ ਨੂੰ ਵੀ ਚੌਕ ਹੀ ਕਿਹਾ ਜਾਂਦਾ ਹੈ। ਕਈ ਸ਼ਹਿਰਾਂ ਵਿਚ ਅਜਿਹੇ ਚੌਕਾਂ ਦਾ ਨਾਂ ਹੀ ਗੋਲ ਚੌਕ ਹੈ। ਦਿੱਲੀ ਦਾ ਚਾਂਦਨੀ ਚੌਕ ਮੁਗਲਾਂ ਦੇ ਵੇਲੇ ਸਭ ਤੋਂ ਵਧ ਰੌਣਕੀਲਾ, ਖੁੱਲ੍ਹਾ ਤੇ ਦੁਕਾਨਾਂ ਨਾਲ ਭਰਿਆ ਹੁੰਦਾ ਸੀ। ਇਹ ਚੌਕ ਸ਼ਾਹ ਜਹਾਨ ਵੇਲੇ ਬਣਾਇਆ ਗਿਆ ਸੀ ਤੇ ਇਸ ਦਾ ਖਾਕਾ ਉਸ ਦੀ ਧੀ ਜਹਾਂਆਰਾ ਨੇ ਉਲੀਕਿਆ ਸੀ। ਉਸ ਵੇਲੇ ਚੰਦ ਦੀ ਰੋਸ਼ਨੀ ਪ੍ਰਤਿਬਿੰਬਤ ਕਰਨ ਲਈ ਇਸ ਦੇ ਵਿਚਕਾਰੋਂ ਨਹਿਰਾਂ ਲੰਘਾਈਆਂ ਗਈਆਂ ਸਨ। ਇਸ ਲਈ ਇਸ ਨੂੰ ‘ਚਾਂਦਨੀ ਚੌਕ’ ਕਿਹਾ ਜਾਂਦਾ ਹੈ। ਸਬੱਬ ਹੈ ਕਿ ਚਾਨਣੇ ਪੱਖ ਵਿਚ ਭਾਦੋਂ ਦੇ ਚੌਥੇ ਨੂੰ ਮਨਾਏ ਜਾਂਦੇ ਇਕ ਉਤਸਵ ਨੂੰ ਚੌਕ-ਚਾਂਦਨੀ ਕਿਹਾ ਜਾਂਦਾ ਹੈ। ਪਾਕਿਸਤਾਨ ਦੇ ਇੱਕ ਸ਼ਹਿਰ ਦਾ ਨਾਂ ਚੌਕ ਆਜ਼ਮ ਹੈ; ਪੰਜਾਬ ਵਿਚ ਮਹਿਤਾ ਚੌਕ ਇਤਿਹਾਸਕ ਮਹੱਤਤਾ ਧਾਰਨ ਕਰ ਚੁਕਾ ਹੈ। ਸ਼ਹਿਰ ਦੇ ਕੇਂਦਰੀ ਸਥਾਨ ‘ਤੇ ਸਥਿਤ ਹੋਣ ਕਾਰਨ ਚੌਕ ਵੇਸਵਾਵਾਂ ਦਾ ਅੱਡਾ ਵੀ ਹੁੰਦਾ ਹੈ। ਇਸ ਲਈ ਵੇਸਵਾਗਿਰੀ ਦੇ ਧੰਦੇ ਨੂੰ ‘ਚੌਕ ਵਿਚ ਬੈਠਣਾ’ ਕਿਹਾ ਜਾਂਦਾ ਹੈ। ਇਸ ਤਰ੍ਹਾਂ ਚੌਕ ਵਿਚ ਸ਼ੱਰੇਆਮ ਦਾ ਭਾਵ ਵੀ ਆ ਗਿਆ, ਜਿਵੇਂ ਕੋਈ ਕਹੇਗਾ, ‘ਮੈਂ ਚੌਕ ‘ਚ ਖੜ੍ਹ ਕੇ ਤੇਰੇ ਪਰਦੇ ਫਾਸ਼ ਕਰਾਂਗਾ।Ḕ ਚੌਰਸ ਦੀ ਸ਼ਕਲ ਹੋਣ ਕਾਰਨ ਬਿਸਾਤੀ ਨੂੰ ਚੌਕ ਵੀ ਕਹਿ ਦਿੱਤਾ ਜਾਂਦਾ ਹੈ।
ਘਰ ਦੇ ਵਿਹੜੇ ਲਈ ਵੀ ਚੌਕ ਸ਼ਬਦ ਵਰਤਿਆ ਜਾਂਦਾ ਹੈ। ਦੇਵਤਿਆਂ ਆਦਿ ਦੀ ਪੂਜਾ ਲਈ ਕਿਸੇ ਮੰਗਲ ਅਵਸਰ ਤੇ ਘਰ ਆਦਿ ਵਿਚ ਚੋਕੋਰ ਸ਼ਕਲ ਦੇ ਭਰੇ ਰੰਗ ਬਰੰਗੇ ਖਾਨੇ ਨੂੰ ਵੀ ਚੌਕ ਕਿਹਾ ਜਾਂਦਾ ਹੈ। ਕਈ ਹਿੰਦੂਆਂ ਦੇ ਵਿਆਹਾਂ ਸਮੇਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਚੌਕ ਬਣਾਏ ਜਾਂਦੇ ਹਨ। ਲਾੜਾ ਲਾੜੀ ਇਸ ਦੁਆਲੇ ਬੈਠਦੇ ਹਨ। ਚੌਕ ਦਾ ਖਾਨਾ ਬਣਾਉਣ ਨੂੰ ਚੌਕ ਭਰਨਾ ਜਾਂ ਪੂਰਨਾ ਕਿਹਾ ਜਾਂਦਾ ਹੈ। ਸਿਰ ਦੇ ਇੱਕ ਗਹਿਣੇ ਦਾ ਨਾਂ ਚੌਕ ਹੈ, ਇਸ ਨੂੰ ਚੋਟੀ ਫੁੱਲ ਵੀ ਆਖਦੇ ਹਨ। ਚੌਕ ਸ਼ਬਦ ਫਾਰਸੀ ਵਿਚ ਵੀ ਗਿਆ ਤੇ ਉਥੋਂ ਅਰਬੀ ਵਿਚ ਸੁਕ ਵਜੋਂ ਦਾਖਲ ਹੋ ਕੇ ਮੁੜ ਇਸ ਰੂਪ ਵਿਚ ਫਾਰਸੀ ਵਿਚ ਆ ਗਿਆ। ਫਾਰਸੀ ‘ਚਹਾਰ ਸੁੱਕ’ ਸ਼ਬਦ-ਜੁੱਟ ਮਾਰਕਿਟ, ਬਾਜ਼ਾਰ, ਮੰਡੀ ਦਾ ਸੂਚਕ ਹੈ। ਇਸ ਸ਼ਬਦ ਵਿਚ ਚਾਰ ਦੇ ਭਾਵ ਦੀ ਦੂਹਰ ਪੈ ਗਈ ਹੈ! ਅੰਗਰੇਜ਼ੀ ਛਅਰਾਅਣ ਦਾ ਮੁਢਲਾ ਅਰਥ ਚੌਕ ਹੀ ਹੈ, ਪਰ ਅੱਜ ਇਸ ਨੂੰ ਕਿਸੇ ਖਰੀਦੀ ਜਾਂ ਵੇਚੀ ਜਾ ਰਹੀ ਕਾਰ ਦੇ ਇਤਿਹਾਸ ਵਜੋਂ ਜਾਣਿਆ ਜਾਂਦਾ ਹੈ। ਅੰਗਰੇਜ਼ੀ ੰਤੁਅਰe ਵੀ ਚੌਕ ਹੀ ਹੁੰਦਾ ਹੈ।
ਪੰਜਾਬੀ ਵਿਚ ਮੁੱਖ ਤੌਰ ‘ਤੇ ਕੱਚੇ ਘਰਾਂ ਵਿਚ ਚੁਫੇਰਿਓਂ ਘੇਰੇ ਉਸ ਸਥਾਨ ਨੂੰ ਚੌਕਾ ਕਿਹਾ ਜਾਂਦਾ ਹੈ, ਜਿੱਥੇ ਰੋਟੀ-ਟੁੱਕ ਕੀਤਾ ਜਾਂਦਾ ਤੇ ਖਾਧਾ ਜਾਂਦਾ ਹੈ। ਘਰ ਦੀਆਂ ਸੁਆਣੀਆਂ ਇਸ ਨੂੰ ਲਿਪ ਪੋਚ ਕੇ ਤੇ ਸ਼ਿੰਗਾਰ ਕੇ ਰੱਖਦੀਆਂ ਹਨ। ਇਹ ਥਾਂ ਸੁੱਚਾ ਮੰਨਿਆ ਜਾਂਦਾ ਹੈ, ‘ਮੈਲਾ ਚਉਕਾ ਮੈਲੈ ਥਾਇ’ (ਗੁਰੂ ਅਮਰ ਦਾਸ); ‘ਗੋਬਰੁ ਜੂਠਾ ਚਉਕਾ ਜੂਠਾ’ (ਭਗਤ ਕਬੀਰ)। ਕਿਸੇ ਸਥਾਨ ਨੂੰ ਪੂਜਾ ਕਰਨ ਦੇ ਇਰਾਦੇ ਨਾਲ ਲਿੱਪ ਪੋਚ ਕੇ ਤੇ ਆਟੇ ਆਦਿ ਰੇਖਾਵਾਂ ਵਿਚ ਘੇਰੇ ਆਕਾਰ ਨੂੰ ਚੌਕਾ ਕਿਹਾ ਜਾਂਦਾ ਹੈ। ਗੁਰੂ ਨਾਨਕ ਨੇ ਪੁਜਾਰੀਆਂ ਦੇ ਅਜਿਹੇ ਪਖੰਡ ਦਾ ਪਰਦਾ ਫਾਸ਼ ਕੀਤਾ ਸੀ, ‘ਦੇਕੈ ਚਉਕਾ ਕਢੀ ਕਾਰ॥ ਉਪਰ ਆਇ ਬੈਠੇ ਕੂੜਿਆਰ॥’ ਅਤੇ ‘ਚਉਕਾ ਦੇ ਕੈ ਸੁਚਾ ਹੋਇ॥ ਐਸਾ ਹਿੰਦੂ ਵੇਖਹੁ ਕੋਇ॥’ ਉਂਜ ਕਿਸੇ ਵੀ ਚਾਰ ਚੀਜ਼ਾਂ ਦੇ ਸਮੂਹ ਨੂੰ ਵੀ ਚੌਕਾ ਕਿਹਾ ਜਾਂਦਾ ਹੈ, ਤਾਸ਼ ਦੇ ਚਾਰ ਬੂਟੀਆਂ ਵਾਲਾ ਪੱਤਾ ਵੀ ਤੇ ਕ੍ਰਿਕਟ ਵਿਚ ਇਕੱਠੇ ਲਏ ਚਾਰ ਰੰਨ ਵੀ ਚੌਕਾ ਕਹਾਉਂਦੇ ਹਨ।
ਬੈਠਣ ਲਈ ਅਤੇ ਭਾਂਡੇ ਆਦਿ ਟਿਕਾਉਣ ਲਈ ਵਰਤੇ ਜਾਂਦੇ ਲੱਕੜੀ ਦੇ ਢਾਂਚੇ ਅਤੇ ਪਟੜੇ ਨੂੰ ਚੌਂਕੀ ਆਖਿਆ ਜਾਂਦਾ ਹੈ। ਸਪੱਸ਼ਟ ਹੈ ਕਿ ਚਾਰ ਸਿਰਿਆਂ ਜਾਂ ਪਾਵਿਆਂ ਵਾਲੇ ਹੋਣ ਕਰਕੇ ਇਸ ਫਰਨੀਚਰ ਦੇ ਟੁਕੜੇ ਦਾ ਇਹ ਨਾਂ ਪਿਆ। ਚੌਕੀ ਦਾ ਇੱਕ ਅਰਥ ਪੜਾਅ ਜਾਂ ਠਹਿਰਨ ਦੀ ਥਾਂ ਜਾਂ ਅੱਡਾ, ਟਿਕਾਣਾ ਹੈ। ਜਾਪਦਾ ਹੈ, ਚੌਕੀ ਸ਼ਬਦ ਵਿਚ ਬੈਠਣ ਦੇ ਭਾਵ ਤੋਂ ਪੜਾਅ, ਠਹਿਰਾਅ ਦੇ ਭਾਵ ਜੁੜੇ। ਧਰਮ ਕਰਮ ਵਿਚ ਚੌਂਕੀਆਂ ਦਾ ਆਪਣਾ ਮਹੱਤਵ ਹੈ। ਦੁਆਬੇ ਵਿਚ ਚੌਂਕੀਆਂ ਦਾ ਮੇਲਾ ਲੱਗਦਾ ਹੈ, ਜੋ ਪਾਕਿਸਤਾਨ ਤੋਂ ਚੱਲ ਕੇ ਪੰਜਾਬ ਵੱਲ ਆਉਂਦਾ ਹੈ ਤੇ ਹਰ ਰੋਜ਼ ਇਕ ਪਿੰਡ ਵਿਚ ਪੜਾਅ ਕਰਦਾ ਹੈ। ਬਾਬੇ ਮਾਲੜੀ ਵਾਲੇ ਦੇ ਸ਼ਰਧਾਲੂ ਚੌਂਕੀਆਂ ਭਰਨ ਆਉਂਦੇ ਹਨ। ਇੱਕ ਪ੍ਰਥਾ ਹੈ, ਜਿਸ ਅਨੁਸਾਰ ਦਰਬਾਰ ਸਾਹਿਬ ਵਿਚ ਚਾਰ ਵਾਰੀ ਚੌਂਕੀਆਂ ਦਾ ਅਨੁਸ਼ਠਾਨ ਸੰਪਨ ਕੀਤਾ ਜਾਂਦਾ ਹੈ। ਇਹ ਹਰਿਮੰਦਰ ਸਾਹਿਬ ਵਿਚ ਪ੍ਰਭਾਤ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਣ ਤੋਂ ਲੈ ਕੇ ਰਾਤ ਨੌਂ-ਦਸ ਵਜੇ ਤੱਕ ਨਿਭਾਈਆਂ ਜਾਂਦੀਆਂ ਹਨ। ਇਸ ਦੌਰਾਨ ਭਜਨ ਮੰਡਲੀਆਂ ਗੁਰੂ ਗ੍ਰੰਥ ਸਾਹਿਬ ਵਿਚੋਂ ਅਲੱਗ ਅਲੱਗ ਸ਼ਬਦਾਂ ਦਾ ਕੀਰਤਨ ਕਰਦੀਆਂ ਹਨ। ਦੱਸਿਆ ਜਾਂਦਾ ਹੈ ਕਿ ਇਹ ਵਿਧਾਨ ਖੁਦ ਗੁਰੂ ਅਰਜਨ ਦੇਵ ਨੇ ਸ਼ੁਰੂ ਕੀਤਾ ਸੀ। ਮਾਤਾ ਦੇ ਜਗਰਾਤੇ ਵੇਲੇ ਵੀ ਚੌਂਕੀਆਂ ਭਰੀਆਂ ਜਾਂਦੀਆਂ ਹਨ ਤੇ ਕੀਰਤਨ ਹੁੰਦਾ ਹੈ।
ਚੌਕੀ ਦਾ ਇੱਕ ਅਰਥ ਪਹਿਰਾ ਜਾਂ ਰਖਵਾਲੀ ਵੀ ਹੈ, ਜਿਵੇਂ ਗੁਰੂ ਸਾਹਿਬ ਦੇ ਇਨ੍ਹਾਂ ਸ਼ਬਦਾਂ ਤੋਂ ਪ੍ਰਗਟ ਹੁੰਦਾ ਹੈ, ‘ਗੁਰ ਕਾ ਸਬਦੁ ਰਖਵਾਰੇ॥ ਚਉਕੀ ਚਉਗਿਰਦ ਹਮਾਰੇ॥’ ਇਉਂ ਲਗਦਾ ਹੈ ਕਿ ਚੌਕ ਦੀ ਰਾਖੀ ਲਈ ਬਣਾਏ ਸਥਾਨ ਅਤੇ ਫਿਰ ਉਸ ਵਿਚ ਬਿਠਾਏ ਰਖਵਾਲਿਆਂ ਜਾਂ ਸਿਪਾਹੀਆਂ ਅਤੇ ਅੰਤ ਵਿਚ ਇਸ ਪੂਰੀ ਕਾਰਵਾਈ ਅਰਥਾਤ ਪਹਿਰੇਦਾਰੀ ਨੂੰ ਚੌਕੀ ਕਿਹਾ ਗਿਆ। ਇਸ ਚੌਕੀ ਦੇ ਅੱਗੇ ਫਾਰਸੀ ਪਿਛੇਤਰ ḔਦਾਰḔ ਲੱਗ ਕੇ ਚੌਕੀਦਾਰ ਬਣਿਆ। ਇਹ ਸ਼ਬਦ ਮੁਗਲਾਂ ਦੇ ਜ਼ਮਾਨੇ, ਜਦੋਂ ਫਾਰਸੀ ਪ੍ਰਧਾਨ ਸੀ, ਘੜਿਆ ਗਿਆ। ਖਬਰਦਾਰੀ ਲਈ ਸਰਹੱਦ ‘ਤੇ ਬਿਠਾਈ ਗਈ ਫੌਜ ਦੀ ਛੋਟੀ ਟੁਕੜੀ ਜਾਂ ਅਸਥਾਈ ਛੋਟੇ ਥਾਣੇ ਨੂੰ ਵੀ ਚੌਕੀ ਕਿਹਾ ਜਾਣ ਲੱਗਾ। ਫਿਰ ਪਿੰਡਾਂ, ਕਸਬਿਆਂ, ਸ਼ਹਿਰਾਂ ਅਤੇ ਹੋਰ ਵਿਅਕਤੀਗਤ ਘਰਾਂ ਜਾਇਦਾਦਾਂ ਦੀ ਰਾਖੀ ਕਰਨ ਵਾਲੇ ਪਹਿਰੇਦਾਰ ਨੂੰ ਚੌਕੀਦਾਰ ਕਿਹਾ ਜਾਣ ਲੱਗਾ।
ਇਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਕੁਝ ਸੂਤਰਾਂ ਅਨੁਸਾਰ ਚੌਕੀ ਸ਼ਬਦ ਚੌਕਸ ਨਾਲ ਸਬੰਧਤ ਹੈ ਅਤੇ ਚੌਕਸ ਸ਼ਬਦ ਨੂੰ ਚੌ+ਕੱਸ ਤੋਂ ਬਣਿਆ ਦੱਸਿਆ ਗਿਆ ਹੈ, ਜਿਸ ਦਾ ਭਾਵ ਹੈ, ਜੋ ਚਾਰੇ ਪਾਸੇ ਆਪਣੇ ਆਪ ਨੂੰ ਕੱਸ ਕੇ ਅਰਥਾਤ ਖਬਰਦਾਰ ਰੱਖਦਾ ਹੈ। ਪਰ ਚੌਕਸ/ਚੌਕਸੀ ਸ਼ਬਦ ਸੰਸਕ੍ਰਿਤ ਮੂਲ Ḕਚਕਸ਼Ḕ ਨਾਲ ਸਬੰਧਤ ਹੈ, ਜਿਸ ਵਿਚ ਦੇਖਣ, ਧਿਆਨ ਦੇਣ ਦਾ ਭਾਵ ਹੈ। ਚੱਖਣਾ ਸ਼ਬਦ ਇਸੇ ਤੋਂ ਬਣਿਆ ਹੈ। ‘ਮਹਾਨ ਕੋਸ਼’ ਨੇ ਚੌਕੀ ਦਾ ਮੂਲ ਅਰਥ ‘ਚਾਰ ਪਹਿਰੇਦਾਰਾਂ ਦੀ ਟੋਲੀ’ ਦੱਸਿਆ ਹੈ, ਜੋ ਸਹੀ ਨਹੀਂ ਹੈ।
ਚੌਕ ਸ਼ਬਦ ਸੰਸਕ੍ਰਿਤ ‘ਚਤੁਸ਼ਕੰ’ ਤੋਂ ਵਿਉਤਪਤ ਹੋਇਆ ਹੈ, ਜਿਸ ਕਰਕੇ ਚੌਕ ਆਦਿ ਸ਼ਬਦ ਵਿਚ ਚੌਂਕ ਵਜੋਂ ਲਿਖੇ-ਬੋਲੇ ਜਾਣ ਦੀ ਅਨੁਨਾਸਿਕਤਾ ਸਮਝ ਪੈਂਦੀ ਹੈ। ਸੰਸਕ੍ਰਿਤ ਵਿਚ ਇਸ ਦੇ ਅਰਥ ਚਾਰ ਦਾ ਸਮੂਹ; (ਮਹਿਮਾਨਾਂ ਲਈ) ਚੌਕੋਰ ਵਿਹੜਾ; ਚੌਕ, ਚੁਰਾਹਾ: ਚਾਰ ਲੜੀਆਂ ਵਾਲਾ ਹਾਰ; ਚਾਰ ਪਾਸਿਆਂ ਵਾਲਾ ਛੱਪੜ; ਚੌਕੀ, ਪਟੜਾ: ਚਾਰ ਥੰਮੀਆਂ ਵਾਲਾ ਕਮਰਾ; ਮੱਛਰਦਾਨੀ ਆਦਿ ਹੈ। ਚਤੁਸ਼ਕੰ ਅੱਗੇ ਚਤੁਸ਼ ਤੋਂ ਬਣਿਆ, ਜਿਸ ਵਿਚ ਚਾਰ ਦਾ ਭਾਵ ਹੈ। ਇਸ ਦੇ ਹੋਰ ਪਿਛੇ ਚਤੁਰ ਸ਼ਬਦ ਹੈ, ਜਿਸ ਦਾ ਅਰਥ ਚਾਰ ਹੈ। ਸਾਡੀਆਂ ਭਾਸ਼ਾਵਾਂ ਵਿਚ ਇਸ ਤੋਂ ਬਣੇ ਬੇਸ਼ੁਮਾਰ ਸ਼ਬਦ ਹਨ। ਇਹ ਸ਼ਬਦ ਭਾਰੋਪੀ ਖਾਸੇ ਦਾ ਹੈ, ਇਸ ਬਾਰੇ ਹੋਰ ਚਰਚਾ ਹੁੰਦੀ ਰਹੇਗੀ। ਹਾਲ ਦੀ ਘੜੀ ਏਨਾ ਦੱਸਣਾ ਕਾਫੀ ਹੈ ਕਿ ਪੰਜਾਬੀ ਚਾਰ, ਫਾਰਸੀ ਚਹਾਰ ਅਤੇ ਅੰਗਰੇਜ਼ੀ ਫੋਰ ਇਸ ਦੇ ਸਕੇ ਹਨ।