ਨਹਿਰੂ ਤੇ ਅੰਮ੍ਰਿਤਾ ਸ਼ੇਰਗਿੱਲ ਵਿਚਾਲੇ ਸੀ ‘ਖਾਸ’ ਰਿਸ਼ਤਾ

ਨਵੀਂ ਦਿੱਲੀ: ਪੰਡਤ ਜਵਾਹਰ ਲਾਲ ਨਹਿਰੂ, ਚਿੱਤਰਕਾਰਾ ਅੰਮ੍ਰਿਤਾ ਸ਼ੇਰਗਿੱਲ ਦੀ ਪ੍ਰਤਿਭਾ ਤੇ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਸਨ ਤੇ ਦੋਵੇਂ ਚੰਗੇ ਦੋਸਤ ਵੀ ਸਨ। ਇਸ ਦੇ ਬਾਵਜੂਦ ਪੰਡਤ ਨਹਿਰੂ ਨੂੰ ਅੰਮ੍ਰਿਤਾ ਦੀਆਂ ਤਸਵੀਰਾਂ ਵਿਚ ਥਾਂ ਨਹੀਂ ਮਿਲੀ ਕਿਉਂਕਿ ਅੰਮ੍ਰਿਤਾ ਦਾ ਖਿਆਲ ਸੀ ਕਿ ਪੰਡਤ ਨਹਿਰੂ ‘ਬਹੁਤ ਖੂਬਸੂਰਤ’ ਸਨ। ਅੰਮ੍ਰਿਤਾ ਦੀ ਜੀਵਨੀ ਦੀ ਲੇਖਕਾ ਯਸ਼ੋਧਰਾ ਡਾਲਮੀਆ ਨੇ ਉਸ ਦੇ ਪੰਡਤ ਜਵਾਹਰ ਲਾਲ ਨਹਿਰੂ ਨਾਲ ਸਬੰਧਾਂ ਦੇ ਜ਼ਿਕਰ ਕਰਦਿਆਂ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਦੋਵਾਂ ਦਰਮਿਆਨ ਪਿਆਰ ਸਬੰਧ ਸਨ। ਜੇ ਹਾਂ ਤਾਂ ਕੀ ਸੰਜੀਦਗੀ ਵਾਲੇ ਸਨ ਜਾਂ ਮਹਿਜ਼ ਚਲਵੀਂ ਕਿਸਮ ਦੇ ਤੇ ਦਿਲਲਗੀ ਵਾਲੇ।
ਅੰਮ੍ਰਿਤਾ ਨੇ ਇਕ ਵਾਰ ਕਿਸੇ ਨੂੰ ਲਿਖੀ ਚਿੱਠੀ ਵਿਚ ਪੰਡਤ ਨਹਿਰੂ ਬਾਰੇ ਲਿਖਿਆ ਸੀ, ‘ਮੇਰੇ ਖਿਆਲ ਵਿਚ ਉਹ ਵੀ ਮੈਨੂੰ ਪਸੰਦ ਕਰਦੇ ਹਨ ਜਿਵੇਂ ਮੈਂ ਉਨ੍ਹਾਂ ਨੂੰ ਪਸੰਦ ਕਰਦੀ ਹਾਂ। ਉਹ ਮੇਰੀ ਕਲਾ ਪ੍ਰਦਰਸ਼ਨੀ ਵਿਚ ਆਏ ਤੇ ਅਸੀਂ ਕਾਫੀ ਚਿਰ ਗੱਲਾਂ ਕਰਦੇ ਰਹੇ।’ ਦੂਜੇ ਪਾਸੇ ਪੰਡਤ ਨਹਿਰੂ ਵੱਲੋਂ ਲਿਖੀਆਂ ਚਿੱਠੀਆਂ ਉਸ ਦੇ ਮਾਪਿਆਂ ਨੇ ਉਦੋਂ ਸਾੜ ਦਿੱਤੀਆਂ ਸਨ ਜਦੋਂ ਉਹ ਆਪਣੇ ਕਜ਼ਨ ਕਾਰਲ ਨਾਲ ਵਿਆਹ ਕਰਵਾਉਣ ਬੁਡਾਪੇਸਟ ਗਈ ਹੋਈ ਸੀ। ਇਸ ਬਾਰੇ ਪਤਾ ਲੱਗਣ ਉਤੇ ਉਹ ਬਹੁਤ ਦੁਖੀ ਹੋਈ ਸੀ।
ਅੰਮ੍ਰਿਤਾ ਨੇ ਆਪਣੀ ਜ਼ਿੰਦਗੀ ਆਪਣੀਆਂ ਸ਼ਰਤਾਂ ਉਤੇ ਜੀਵੀ। ਉਹ ਆਪਣੇ ਪਿਆਰ ਸਬੰਧਾਂ ਤੇ ਬੇਬਾਕੀ ਰਾਹੀਂ ਉਸ ਵੇਲੇ ਦੇ ਸ਼ਾਂਤ ਸਮਾਜ ਵਿਚ ਹਲਚਲ ਪੈਦਾ ਕਰਦੀ ਰਹੀ। ਉਸ ਦੀ ਕ੍ਰਿਸ਼ਮਾਈ ਹੋਂਦ ਤੇ ਖਿੱਚ ਤੇ ਨਿਵੇਕਲੀ ਜ਼ਿੰਦਗੀ ਸਭ ਨੂੰ ਹੈਰਾਨ ਕਰਦੀ ਸੀ। ਇਸ ਦੇ ਬਾਵਜੂਦ ਉਸ ਨੂੰ ਅਨੇਕਾਂ ਮੁਸ਼ਕਲਾਂ ਤੇ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ। ਇਹ ਉਹ ਜ਼ਮਾਨਾ ਸੀ ਜਦੋਂ ਬੜੀਆਂ ਘੱਟ ਔਰਤਾਂ ਜਨਤਕ ਜ਼ਿੰਦਗੀ ਵਿਚ ਆਉਂਦੀਆਂ ਸਨ। ਉਸ ਦੀਆਂ ਇਹ ਵਿਲੱਖਣਤਾਵਾਂ ਹੀ ਉਸ ਨੂੰ ਮਹਾਨਤਾ ਬਖਸ਼ਦੀਆਂ ਹਨ। ਹੁਣ ਕਲਾ ਇਤਿਹਾਸਕਾਰਾਂ ਯਸ਼ੋਧਰਾ ਡਾਲਮੀਆ ਨੇ ਉਸ ਦੀ ਜੀਵਨੀ ਲਿਖੀ ਹੈ ਜਿਸ ਨੂੰ ‘ਅੰਮ੍ਰਿਤਾ ਸ਼ੇਰਗਿੱਲ: ਅ ਲਾਈਫ਼’ ਦਾ ਸਿਰਲੇਖ ਦਿੱਤਾ ਗਿਆ ਹੈ।
ਜਦੋਂ 28 ਸਾਲ ਦੀ ਉਮਰ ਵਿਚ 1941 ਵਿਚ ਉਹ ਇਸ ਸੰਸਾਰ ਨੂੰ ਅਲਵਿਦਾ ਆਖ ਗਈ ਤਾਂ ਅਜਿਹੀਆਂ ਕਲਾਕ੍ਰਿਤੀਆਂ ਦਾ ਬੇਸ਼ਕੀਮਤੀ ਖਜ਼ਾਨਾ ਛੱਡ ਗਈ ਜਿਹੜੀਆਂ ਉਸ ਨੂੰ ਸਦੀ ਦੇ ਸਭ ਤੋਂ ਵੱਡੇ ਚਿੱਤਰਕਾਰਾਂ ਵਿਚ ਸ਼ੁਮਾਰ ਕਰਦੀ ਹੈ। ਇਸ ਜੀਵਨੀ ਵਿਚ ਉਸ ਦੀ ਵਿਲੱਖਣ ਜ਼ਿੰਦਗੀ ਦੀ ਸ਼ਬਦ-ਰੂਪੀ ਤਸਵੀਰ ਸਿਰਜੀ ਗਈ ਹੈ। ਅੰਮ੍ਰਿਤਾ ਤੇ ਪੰਡਤ ਨਹਿਰੂ ਦੀ ਪਹਿਲੀ ਮੁਲਾਕਾਤ ਦਿੱਲੀ ਵਿਚ ਹੋਈ ਸੀ। ਲੇਖਕਾ ਦਾ ਖਿਆਲ ਹੈ ਕਿ ਸ਼ਾਇਦ ਇਹੋ ਇਕ ਅਹਿਮ ਘਟਨਾ ਸੀ ਜੋ ਅੰਮ੍ਰਿਤਾ ਦੀ ਜ਼ਿੰਦਗੀ ਵਿਚ ਉਸ ਵੇਲੇ ਵਾਪਰੀ ਸੀ ਜਦੋਂ ਉਹ ਉਥੋਂ ਦੇ ਮਾਹੌਲ ਨੂੰ ਚਿੱਤਰਕਾਰੀ ਲਈ ਬਹੁਤਾ ਵਧੀਆ ਨਹੀਂ ਸੀ ਮੰਨਦੀ।
ਰਾਜਧਾਨੀ ਦੀ ਅੰਗਰੇਜ਼ ਹਕੂਮਤ ਵੇਲੇ ਦੇ ਜ਼ਿੰਦਗੀ ਵਿਚ ਪੰਡਤ ਨਹਿਰੂ ਉਸ ਨੂੰ ਕੁਝ ਵੱਖਰੇ ਜਾਪੇ ਸਨ। ਉਨ੍ਹਾਂ ਇਕ-ਦੂਜੇ ਨੂੰ ਅਨੇਕਾਂ ਖ਼ਤ ਲਿਖੇ, ਕਈ ਵਾਰ ਮਿਲੇ ਵੀ ਪਰ ਅੰਮ੍ਰਿਤਾ ਨੇ ਪੰਡਤ ਨਹਿਰੂ ਦੀ ਤਸਵੀਰ ਨਹੀਂ ਵਾਹੀ। ਇਸੇ ਕਾਰਨ ਜਦੋਂ ਇਕਬਾਲ ਸਿੰਘ ਜਿਨ੍ਹਾਂ ਨੂੰ ਉਹ 1937 ਦੀਆਂ ਗਰਮੀਆਂ ਵਿਚ ਸ਼ਿਮਲੇ ਮਿਲੀ ਸੀ ਤੇ ਦੋਵੇਂ ਗੂੜ੍ਹੇ ਦੋਸਤ ਵੀ ਬਣ ਗਏ ਸਨ, ਨੇ ਜਦੋਂ ਇਸ ਬਾਰੇ ਪੁੱਛਿਆ ਤਾਂ ਅੰਮ੍ਰਿਤਾ ਨੇ ਕਿਹਾ ਸੀ, ‘ਉਹ ਬਹੁਤ ਜ਼ਿਆਦਾ ਸੋਹਣਾ ਹੈ।’ ਅੰਮ੍ਰਿਤਾ ਦਾ ਜਨਮ 1913 ਵਿਚ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਵਿਚ ਹੰਗੇਰੀਅਨ ਮਾਂ ਤੋਂ ਹੋਇਆ ਸੀ ਤੇ ਉਸ ਦੇ ਪਿਤਾ ਸਿੱਖ ਸਨ।

Be the first to comment

Leave a Reply

Your email address will not be published.