ਨਿਊ ਯਾਰਕ: ਧੋਖਾਧੜੀ ਦੇ ਇਕ ਮਾਮਲੇ ਵਿਚ ਅਮਰੀਕਾ ਦੀ ਅਦਾਲਤ ਵੱਲੋਂ ਦੋ ਪੰਜਾਬੀਆਂ ਨੂੰ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿਚ ਜ਼ਿਲ੍ਹਾ ਜੱਜ ਲਾਰੈਂਸ ਓ ਨੀਲ ਨੇ ਕੈਲੀਫੋਰਨੀਆ ਦੇ ਵਸਨੀਕ 47 ਸਾਲਾ ਬਲਜੀਤ ਸਿੰਘ ਤੇ 36 ਸਾਲਾ ਸ਼ਰਨਜੀਤ ਕੌਰ ਨੂੰ ਕ੍ਰਮਵਾਰ ਚਾਰ ਸਾਲ ਤੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਉਕਤ ਦੋਸ਼ੀਆਂ ‘ਤੇ ਗਲਤ ਤਰੀਕੇ ਨਾਲ ਵਾਇਰ ਫਰਾਡ (ਤਾਰ ਸੰਦੇਸ਼ ਧੋਖਾਧੜੀ) ਕਰਕੇ ਭਾਰਤ ਵਿਚ ਕੋਲਕਾਤਾ ਵਿਚ ਕਾਲ ਸੈਂਟਰ ਚਲਾਉਣ ਦਾ ਦੋਸ਼ ਸੀ ਜਿਸ ਰਾਹੀਂ ਉਨ੍ਹਾਂ ਨੇ ਕਈ ਵਿਅਕਤੀਆਂ ਨਾਲ ਧੋਖਾ ਕੀਤਾ।
ਇਸ ਤੋਂ ਇਲਾਵਾ ਜੱਜ ਵੱਲੋਂ ਨਿਊਯਾਰਕ ਵਿਚ ਸ਼ਰਨਜੀਤ ਕੌਰ ਦੀ ਇਕ ਲੱਖ ਅਮਰੀਕੀ ਡਾਲਰ ਤੋਂ ਵੱਧ ਦੀ ਜਾਇਦਾਦ ਦੀ ਕੁਰਕੀ ਤੇ ਇਨ੍ਹਾਂ ਦੋਹਾਂ ਦੇ ਨਾਂ ‘ਤੇ ਦੋ ਬੈਂਕ ਖਾਤਿਆਂ ਵਿਚ ਪਏ 26,000 ਅਮਰੀਕੀ ਡਾਲਰ ਨੂੰ ਵੀ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਦੋਵਾਂ ਦੋਸ਼ੀਆਂ ਨੇ ਧੋਖਾਧੜੀ ਦੇ ਮਕਸਦ ਨਾਲ ਕੈਲੇਫੋਰਨੀਆ ਵਿਚ ਕਈ ਕੰਪਨੀਆਂ ਬਣਾਈਆਂ ਤੇ ਅਮਰੀਕਾ ਵਿਚ ਘੱਟੋ-ਘੱਟ 180 ਜਣਿਆਂ ਨੂੰ ਠੱਗਿਆ।
ਇਨ੍ਹਾਂ ਦੋਵਾਂ ਨੇ ਲੋਕਾਂ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਕੰਪਨੀਆਂ ਕਰਜ਼ ਦਿਵਾਉਣ ਲਈ ਸੇਵਾਵਾਂ ਦਿੰਦੀਆਂ ਹਨ। ਦੋਵਾਂ ਨੇ ਘੱਟ ਵਿਆਜ ‘ਤੇ ਕਰਜ਼ੇ, ਕਰਜ਼ ਰਿਪੋਰਟਾਂ ਦੀਆਂ ਤਰੁੱਟੀਆਂ ਦੂਰ ਕਰਨ ਤੇ ਕੇਸਾਂ ਤੋਂ ਬਚਣ ਲਈ ਮਦਦ ਦੇਣ ਦਾ ਭਰੋਸਾ ਦਿੱਤਾ ਸੀ। ਖਪਤਕਾਰਾਂ ਨੂੰ ਭਰਮਾਉਣ ਤੋਂ ਬਾਅਦ ਦੋਸ਼ੀਆਂ ਤੇ ਇਨ੍ਹਾਂ ਦੇ ਏਜੰਟਾਂ ਨੇ ਖਪਤਕਾਰਾਂ ਨੂੰ ਹਰ ਮਹੀਨੇ ਪੰਜ ਸੌ ਡਾਲਰ ਦੀ ਅਦਾਇਗੀ ਕਰਨ ਲਈ ਕਿਹਾ। ਇਸ ਬਦਲੇ ਖਪਤਕਾਰਾਂ ਨੂੰ ਕਰਜ਼ ਦੀ ਪ੍ਰਵਾਨਗੀ ਦੇ ਫਰਜ਼ੀ ਪੱਤਰ ਭੇਜੇ ਗਏ। ਖਪਤਕਾਰਾਂ ਕੋਲੋਂ ਕੀਤੀ ਉਗਰਾਹੀ ਨੂੰ ਦੋਵਾਂ ਨੇ ਆਪਣੇ ਫਾਇਦੇ ਲਈ ਵਰਤਿਆ ਜਾਂ ਇਹ ਪੈਸਾ ਕੋਲਕਾਤਾ ਵਿਚ ਇਕ ਵਿਅਕਤੀ ਨੂੰ ਭੇਜ ਦਿੱਤਾ ਗਿਆ।
Leave a Reply