ਮਾਲਵਾ ਫਤਿਹ ਕਰਨ ਉਤੇ ਰਹੇਗੀ ਸਿਆਸੀ ਧਿਰਾਂ ਦੀ ਅੱਖ

ਚੰਡੀਗੜ੍ਹ: ਮਾਲਵਾ ਖੇਤਰ ਇਸ ਵਾਰ ਕਿਸ ਪਾਰਟੀ ਦਾ ਬੇੜਾ ਪਾਰ ਲਾਵੇਗਾ, ਇਹ ਵੱਡਾ ਸਵਾਲ ਹੈ। ਪੰਜਾਬ ਦੇ ਰਾਜਨੀਤਕ ਸਮੀਕਰਨਾਂ ਵਿਚ ਇਸ ਵਾਲ ਵੱਡਾ ਬਦਲਾਅ ਹੋਇਆ ਹੈ। ਸੂਬੇ ਦੀਆਂ 13 ਵਿਚੋਂ 8 ਸੀਟਾਂ ਵਾਲੇ ਮਾਲਵੇ ਖੇਤਰ ਉਤੇ ਸਾਰੀਆਂ ਧਿਰਾਂ ਦੀ ਅੱਖ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਇਥੇ ਲੋਕਾਂ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੇ ਮੁਕਾਬਲੇ ਨਵੀਂ ਬਣੀ ਆਮ ਆਦਮੀ ਪਾਰਟੀ (ਆਪ) ਦੀਆਂ ਨੀਤੀਆਂ ਅਤੇ ਇਸ ਦੇ ਨੇਤਾਵਾਂ ਨੂੰ ਪਰਖਣ ਦਾ ਫੈਸਲਾ ਕੀਤਾ ਅਤੇ ਉਸ ਨੂੰ ਚਾਰ ਸੀਟਾਂ ‘ਤੇ ਜਿੱਤ ਦਿਵਾਈ ਪਰ ਇਸ ਵਾਰ ਹਾਲਾਤ ਕਾਫੀ ਬਦਲੇ ਹੋਏ ਹਨ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਇਕ ਵਾਰ ਫਿਰ ਇਸ ਖੇਤਰ ‘ਚ ਰਵਾਇਤੀ ਪਾਰਟੀਆਂ ਅਕਾਲੀ ਅਤੇ ਕਾਂਗਰਸ ਵਿਚਕਾਰ ਹੀ ਮੁੱਖ ਮੁਕਾਬਲਾ ਹੋਵੇਗਾ।

ਮਾਲਵਾ ‘ਚ ਕੁੱਲ ਅੱਠ ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਫਤਹਿਗੜ੍ਹ ਸਾਹਿਬ, ਲੁਧਿਆਣਾ, ਸੰਗਰੂਰ, ਪਟਿਆਲਾ ਅਤੇ ਅਨੰਦਪੁਰ ਸਾਹਿਬ ਲੋਕ ਸਭਾ ਸੀਟਾਂ ਪੈਂਦੀਆਂ ਹਨ। ਪਿਛਲੀ ਵਾਰ ਅਨੰਦਪੁਰ ਸਾਹਿਬ ਤੋਂ ਅਕਾਲੀ-ਭਾਜਪਾ ਦੇ ਪ੍ਰੇਮ ਸਿੰਘ ਚੰਦੂਮਾਜਰਾ, ਫਰੀਦਕੋਟ ਤੋਂ ‘ਆਪ’ ਦੇ ਪ੍ਰੋ. ਸਾਧੂ ਸਿੰਘ, ਫਿਰੋਜ਼ਪੁਰ ਤੋਂ ਅਕਾਲੀ-ਭਾਜਪਾ ਦੇ ਸ਼ੇਰ ਸਿੰਘ ਘੁਬਾਇਆ, ਫਤਹਿਗੜ੍ਹ ਸਾਹਿਬ ਤੋਂ ‘ਆਪ’ ਦੇ ਹਰਿੰਦਰ ਸਿੰਘ ਖਾਲਸਾ, ਸੰਗਰੂਰ ਤੋਂ ‘ਆਪ’ ਦੇ ਭਗਵੰਤ ਮਾਨ, ਪਟਿਆਲਾ ਤੋਂ ‘ਆਪ’ ਦੇ ਡਾ. ਧਰਮਵੀਰ ਗਾਂਧੀ, ਬਠਿੰਡਾ ਤੋਂ ਅਕਾਲੀ-ਭਾਜਪਾ ਦੀ ਹਰਸਿਮਰਤ ਕੌਰ ਬਾਦਲ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਜਿੱਤੇ ਸਨ। ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਰਾਜਨੀਤਕ ਸਮੀਕਰਨ ਕਾਫੀ ਬਦਲ ਗਏ ਅਤੇ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਬਣੀ। ਲੋਕ ਸਭਾ ਵਿਚ ਪੱਛੜੀ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵਿਚ ਮਾਲਵਾ ਖੇਤਰ ਦੀਆਂ 69 ਸੀਟਾਂ ਵਿਚੋਂ 42 ਸੀਟਾਂ ‘ਤੇ ਜਿੱਤ ਦਰਜ ਕੀਤੀ ਜਦੋਂ ਕਿ ‘ਆਪ’ 18 ਸੀਟਾਂ ਹੀ ਜਿੱਤ ਸਕੀ। ਕਦੇ ਅਕਾਲੀ ਦਲ ਦਾ ਗੜ੍ਹ ਮੰਨੇ ਜਾਣ ਵਾਲੇ ਇਸ ਖੇਤਰ ਵਿਚ ਉਸ ਨੂੰ 6 ਸੀਟਾਂ ਹੀ ਮਿਲੀਆਂ। ‘ਆਪ’ ਦੀ ਸਹਿਯੋਗੀ ਲੋਕ ਇਨਸਾਫ ਪਾਰਟੀ ਦੋ ਅਤੇ ਭਾਜਪਾ ਇਕ ਸੀਟ ਹੀ ਜਿੱਤ ਸਕੀ। ਬਹੁਜਨ ਸਮਾਜ ਪਾਰਟੀ ਅਤੇ ਖੱਬੇ ਪੱਖੀ ਦਲਾਂ ਦਾ ਸਫਾਇਆ ਹੋ ਗਿਆ। ਅਕਾਲੀ ਦਲ ਅਤੇ ‘ਆਪ’ ਦੇ ਵੰਡੇ ਜਾਣ ਕਾਰਨ ਤਿੰਨ ਨਵੀਆਂ ਪਾਰਟੀਆਂ ਅਕਾਲੀ ਦਲ ਟਕਸਾਲੀ, ਪੰਜਾਬ ਏਕਤਾ ਪਾਰਟੀ ਅਤੇ ਨਵਾਂ ਪੰਜਾਬ ਪਾਰਟੀ ਦਾ ਜਨਮ ਹੋਇਆ। ‘ਆਪ’ ਤੋਂ ਅਲੱਗ ਹੋਏ ਧੜਿਆਂ ਨੇ ਬਸਪਾ, ਭਾਕਪਾ ਅਤੇ ਮਾਕਪਾ ਨਾਲ ਗਠਜੋੜ ਕਰ ਲਿਆ ਹੈ।
ਪੰਜਾਬ ਵਿਚ ਆਖਰੀ ਪੜਾਅ ਦੌਰਾਨ ਚੋਣਾਂ ਹੋਣਗੀਆਂ, ਇਸ ਲਈ ਸਾਰੀਆਂ ਪਾਰਟੀਆਂ ਨੇ ਅਜੇ ਤੱਕ ਉਮੀਦਵਾਰ ਨਹੀਂ ਐਲਾਨੇ। ਮਾਲਵਾ ਨੂੰ ‘ਕਪਾਹ ਬੈਲਟ’ ਵੀ ਕਿਹਾ ਜਾਂਦਾ ਹੈ। ਇਸ ਵਿਚ ਜ਼ਿਆਦਾਤਰ ਪੇਂਡੂ ਇਲਾਕੇ ਹਨ, ਜਿਸ ‘ਚ ਕਿਸਾਨ ਸਿੱਖਾਂ ਦੀ ਸਭ ਤੋਂ ਵੱਡੀ ਆਬਾਦੀ ਹੈ। ਪਹਿਲਾਂ ਪਿੰਡਾਂ ‘ਚ ਅਕਾਲੀ ਦੀ ਮਜਬੂਤ ਪਕੜ ਸੀ ਪਰ 10 ਸਾਲ ਦੇ ਅਕਾਲੀ ਸਰਕਾਰ ਦੇ ਰਾਜ ‘ਚ ਬੇਅਦਬੀ ਅਤੇ ਕੋਟਕਪੂਰਾ, ਬਹਿਬਲ ਕਲਾਂ ਗੋਲੀ ਕਾਂਡ ਹੋਏ ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਨਾਰਾਜ਼ ਲੋਕਾਂ ਨੇ ਅਕਾਲੀ ਦਲ ਨਾਲੋਂ ਰਿਸ਼ਤਾ ਤੋੜ ਲਿਆ। ਖੇਤਰ ਦੇ ਲੋਕ ਹਾਲਾਂਕਿ ਕਾਂਗਰਸ ਤੋਂ ਵੀ ਉਨੇ ਖੁਸ਼ ਨਹੀਂ ਹਨ ਪਰ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਵਿਸ਼ੇਸ਼ ਟੀਮ ਦੇ ਗਠਨ ਨਾਲ ਲੋਕਾਂ ‘ਚ ਕਾਂਗਰਸ ਪ੍ਰਤੀ ਨਾਰਾਜ਼ਗੀ ਘੱਟ ਹੋਈ ਹੈ। ‘ਆਪ’ ਦੀ ਵੰਡ ਨਾਲ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਲੋਕਾਂ ਕੋਲ ਹੋਰ ਕੋਈ ਵਿਕਲਪ ਨਹੀਂ ਹੈ।
__________________________________________

ਪੰਜਾਬ ‘ਚ ਨਵੀਆਂ ਸਿਆਸੀ ਪਾਰਟੀਆਂ ਨੇ ਰਵਾਇਤੀ ਧਿਰਾਂ ਦੀ ਗਿਣਤੀ-ਮਿਣਤੀ ਹਿਲਾਈ
ਚੰਡੀਗੜ੍ਹ: ਪੰਜਾਬ ਦੀਆਂ ਦੋ ਪ੍ਰਮੁੱਖ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਆਗਾਮੀ ਸੰਸਦੀ ਚੋਣਾਂ ਨੂੰ ਲੈ ਕੇ ਠੋਸ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਏਕਤਾ ਪਾਰਟੀ ਅਤੇ ਟਕਸਾਲੀ ਦਲ ਦੇ ਕੁਝ ਉਮੀਦਵਾਰਾਂ ਨੇ ਕਈ ਹਲਕਿਆਂ ਉਤੇ ਦੋਵਾਂ ਪਾਰਟੀਆਂ ਦੀਆਂ ਗਿਣਤੀਆਂ ਮਿਣਤੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਕਾਂਗਰਸੀ ਨੇਤਾਵਾਂ ਅਨੁਸਾਰ ਫਤਿਹਗੜ੍ਹ ਸਾਹਿਬ ਅਤੇ ਫਰੀਦਕੋਟ ਰਾਖਵੇਂ ਹਲਕਿਆਂ ਤੋਂ ਹਾਲ ਦੀ ਘੜੀ ਪਾਰਟੀ ਅੰਦਰ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਇਨ੍ਹਾਂ ਸੰਸਦੀ ਚੋਣਾਂ ਦੌਰਾਨ ਕਾਰਗੁਜ਼ਾਰੀ ਦਿਖਾਉਣ ਦੇ ਮੁੱਦੇ ‘ਤੇ ਜਿਥੇ ਬਾਦਲ ਪਰਿਵਾਰ ਨੇ ਪਾਰਟੀ ਦਾ ਵੱਕਾਰ ਬਹਾਲ ਕਰਨ ਲਈ ਕਰੋ ਜਾਂ ਮਰੋ ਦੀ ਲੜਾਈ ਬਣਾ ਲਿਆ ਹੈ, ਉਥੇ ਕਾਂਗਰਸ ਪਾਰਟੀ ਵੱਲੋਂ ਵੀ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਠੋਸ ਵਿਉਂਤਬੰਦੀ ਕੀਤੀ ਜਾਣ ਲੱਗੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਉਤੇ ਸੀਨੀਅਰ ਕਾਂਗਰਸੀ ਆਗੂਆਂ ਦੀ ਮੀਟਿੰਗ ਦੌਰਾਨ ਸੰਭਾਵੀ ਉਮੀਦਵਾਰਾਂ ਬਾਰੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੂਬੇ ਦੇ ਡੀ.ਜੀ.ਪੀ. ਦਿਨਕਰ ਗੁਪਤਾ ਸ਼ਾਮਲ ਸਨ। ਇਹ ਮੀਟਿੰਗ ਬੇਅਦਬੀ ਅਤੇ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਕੰਮਕਾਰ ਦੀ ਸਮੀਖਿਆ ਲਈ ਬੁਲਾਈ ਗਈ ਸੀ। ਇਸ ਮੀਟਿੰਗ ਦੌਰਾਨ ਸਿੱਟ ਦੀ ਕਾਰਗੁਜ਼ਾਰੀ ਉਤੇ ਚਰਚਾ ਕਰਨ ਦੀ ਥਾਂ ਸੰਸਦੀ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਬਾਰੇ ਹੀ ਚਰਚਾ ਕੀਤੀ ਗਈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਹਿੱਸੇ ਦੀਆਂ 10 ਵਿਚੋਂ 8 ਸੀਟਾਂ ਤੋਂ ਉਮੀਦਵਾਰ ਤੈਅ ਕਰਨ ਨੇ ਕਾਂਗਰਸ ਨੂੰ ਸੋਚੀਂ ਪਾ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੋਵਾਂ ਦੇ ਮੈਦਾਨ ਵਿਚ ਆਉਣ ਕਾਰਨ ਕਾਂਗਰਸ ਨਵੇਂ ਸਿਰੇ ਤੋਂ ਰਣਨੀਤੀ ਘੜਨ ਲੱਗੀ ਹੈ। ਮੀਟਿੰਗ ਵਿਚ ਸ਼ਾਮਲ ਕਾਂਗਰਸ ਨੇਤਾ ਨੇ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਬੀਬੀ ਬਾਦਲ ਦੇ ਸਾਹਮਣੇ ਮਜ਼ਬੂਤ ਉਮੀਦਵਾਰ ਵਜੋਂ ਮੰਨਿਆ ਜਾਂਦਾ ਹੈ।
ਕਾਂਗਰਸ ਨੇਤਾਵਾਂ ਮੁਤਾਬਕ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਸੰਗਰੂਰ ਤੋਂ ਕਾਂਗਰਸ ਅਤੇ ਪੁਲਿਸ ਦਾ ਖੁਫੀਆ ਵਿੰਗ ਮਜ਼ਬੂਤ ਉਮੀਦਵਾਰ ਮੰਨਦਾ ਹੈ। ਕੇਵਲ ਸਿੰਘ ਢਿੱਲੋਂ ਵੱਲੋਂ ਵੀ ਭਾਵੇਂ ਦਾਅਵੇਦਾਰੀ ਜਤਾਈ ਜਾ ਰਹੀ ਹੈ। ਅਕਾਲੀ ਦਲ ਵੱਲੋਂ ਖੜ੍ਹੇ ਕੀਤੇ ਜਾਣ ਵਾਲੇ ਸੰਭਾਵੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਵੀ ਸੰਗਰੂਰ ਵਿਚਲੇ ਉਮੀਦਵਾਰਾਂ ਵਿਚੋਂ ਮਜ਼ਬੂਤ ਉਮੀਦਵਾਰ ਹੋ ਸਕਦੇ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਡਾ. ਚੱਬੇਵਾਲ ਸਣੇ ਤਿੰਨ ਆਗੂਆਂ ਦੇ ਨਾਵਾਂ ‘ਤੇ ਵਿਚਾਰ ਕੀਤਾ ਗਿਆ। ਆਨੰਦਪੁਰ ਸਾਹਿਬ ਹਲਕੇ ਤੋਂ ਮੁਨੀਸ਼ ਤਿਵਾੜੀ ਮੋਹਰੀਆਂ ‘ਚ ਸ਼ਾਮਲ ਹਨ ਜਦੋਂਕਿ ਮੁੱਖ ਮੰਤਰੀ ਦੇ ਓ.ਐਸ਼ਡੀ. ਸੰਦੀਪ ਸੰਧੂ ਅਤੇ ਜੈਵੀਰ ਸਿੰਘ ਸ਼ੇਰਗਿੱਲ ਦੀ ਦਾਅਵੇਦਾਰਾਂ ਵਿਚ ਸ਼ਾਮਲ ਹਨ।