ਮਾਇਆਵਤੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਉਭਾਰੇਗੀ ਪੀ.ਡੀ.ਏ.

ਚੰਡੀਗੜ੍ਹ: ਪੰਜਾਬ ਜਮਹੂਰੀ ਗੱਠਜੋੜ (ਪੀ.ਡੀ.ਏ.) ਨੇ ਬਹੁਜਨ ਸਮਾਜ ਪਾਰਟੀ ਸੁਪਰੀਮੋ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਲੋਕ ਸਭਾ ਚੋਣਾਂ ਲਈ ਗੱਠਜੋੜ ਵੱਲੋਂ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਇਸ ਤੋਂ ਇਲਾਵਾ ਪੀ.ਡੀ.ਏ. ਨੇ ‘ਆਪ’ ਤੋਂ ਅਸਤੀਫਾ ਦੇ ਚੁੱਕੇ ਗਾਇਕ ਜੱਸੀ ਜਸਰਾਜ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ‘ਆਪ’ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਖਿਲਾਫ ਉਮੀਦਵਾਰ ਵਜੋਂ ਉਤਾਰਨ ਦਾ ਫੈਸਲਾ ਕੀਤਾ ਹੈ।

ਪੀ.ਡੀ.ਏ. ਵਿਚਲੀਆਂ 7 ਧਿਰਾਂ ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਬਸਪਾ ਪੰਜਾਬ ਦੇ ਪ੍ਰਧਾਨ ਰਛਪਾਲ ਸਿੰਘ ਰਾਜੂ, ਨਵਾਂ ਪੰਜਾਬ ਪਾਰਟੀ ਦੇ ਮੀਤ ਪ੍ਰਧਾਨ ਡਾ. ਜਗਜੀਤ ਸਿੰਘ ਚੀਮਾ, ਸੀ.ਪੀ.ਆਈ. ਦੇ ਸਕੱਤਰ ਬੰਤ ਬਰਾੜ, ਹਰਦੇਵ ਅਰਸ਼ੀ ਤੇ ਨਿਰਮਲ ਧਾਲੀਵਾਲ, ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਅਤੇ ਐਮ.ਸੀ.ਪੀ.ਆਈ. (ਯੂ) ਦੇ ਸਕੱਤਰ ਕਿਰਨਜੀਤ ਸੇਖੋਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਗੱਠਜੋੜ ਦਾ ਘੱਟੋ-ਘੱਟ ਸਾਂਝਾ ਪ੍ਰੋਗਰਾਮ ਰਿਲੀਜ਼ ਕੀਤਾ। ਇਸ ਮੌਕੇ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਆਵਾਜ਼ ਉਠਾਉਣ ਸਮੇਤ ਪੰਜਾਬ ਦੇ ਕਿਸਾਨਾਂ, ਡਰੱਗ ਸਮੱਸਿਆ, ਧਾਰਮਿਕ ਬੇਅਦਬੀਆਂ, ਪਾਣੀ ਦੇ ਮਸਲੇ, ਦਲਿਤਾਂ ਦੇ ਮੁੱਦੇ ਉਠਾਉਣ ਦਾ ਫੈਸਲਾ ਵੀ ਕੀਤਾ ਗਿਆ।
ਖਹਿਰਾ ਤੇ ਬੈਂਸ ਨੇ ਐਲਾਨ ਕੀਤਾ ਕਿ ਪੀ.ਡੀ.ਏ. ਮਾਇਆਵਤੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਉਭਾਰੇਗਾ। ਸੀ.ਪੀ.ਆਈ. ਦੇ ਸਕੱਤਰ ਬੰਤ ਬਰਾੜ ਅਤੇ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਮੌਕੇ ‘ਤੇ ਹੀ ਮਾਇਆਵਤੀ ਨੂੰ ਪੀ.ਡੀ.ਏ. ਵੱਲੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਮੰਨਣ ਦੇ ਫੈਸਲੇ ਤੋਂ ਆਪਣੇ-ਆਪ ਨੂੰ ਵੱਖ ਕਰਦਿਆਂ ਕਿਹਾ ਕਿ ਭਾਵੇਂ ਉਹ ਉਨ੍ਹਾਂ ਦਾ ਸਨਮਾਨ ਕਰਦੇ ਹਨ ਪਰ ਚੋਣਾਂ ਹੋਣ ਤੋਂ ਪਹਿਲਾਂ ਕਿਸੇ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਮੰਨਣਾ ਉਨ੍ਹਾਂ ਲਈ ਸੰਭਵ ਨਹੀਂ। ਉਨ੍ਹਾਂ ਤਰਕ ਦਿੱਤਾ ਕਿ ਉਹ ਕੌਮੀ ਪਾਰਟੀਆਂ ਨਾਲ ਸਬੰਧਤ ਹਨ ਅਤੇ ਅਜਿਹੇ ਫੈਸਲੇ ਇਸ ਮੌਕੇ ਨਹੀਂ ਲਏ ਜਾ ਸਕਦੇ। ਸੂਤਰਾਂ ਅਨੁਸਾਰ ਪੀ.ਡੀ.ਏ. ਵਿਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਬਸਪਾ ਪੰਜਾਬ ਦੇ ਪ੍ਰਧਾਨ ਰਛਪਾਲ ਰਾਜੂ ਨੇ ਸ਼ਰਤ ਰੱਖ ਦਿੱਤੀ ਸੀ ਕਿ ਮਾਇਆਵਤੀ ਨੂੰ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਦਾ ਉਮੀਦਵਾਰ ਮੰਨਣ ਦੀ ਸੂਰਤ ਵਿਚ ਹੀ ਉਹ ਗੱਠਜੋੜ ਦਾ ਹਿੱਸਾ ਬਣਨਗੇ। ਸ੍ਰੀ ਬੈਂਸ ਨੇ ਦੱਸਿਆ ਕਿ ਜੱਸੀ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋ ਗਿਆ ਹੈ। ਜੱਸੀ ‘ਆਪ’ ਦਾ ਪੂਰਾ ਭੇਤੀ ਹੈ ਅਤੇ ਉਹ ਪਹਿਲਾਂ ਹੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵਿਰੁੱਧ ਗੀਤਾਂ ਰਾਹੀਂ ਭੜਾਸ ਕੱਢਦਾ ਰਿਹਾ ਹੈ।
_________________________
ਵਿਧਾਨ ਸਭਾ ਚੋਣਾਂ ‘ਚ 5 ਟਿਕਟਾਂ ਐਨ.ਆਰ.ਆਈਜ਼. ਨੂੰ ਦੇਵਾਂਗੇ: ਖਹਿਰਾ
ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਐਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਯੂਕੇ ਦੇ ਪਹਿਲੇ ਓਵਰਸੀਜ਼ ਐਨ.ਆਰ.ਆਈ. ਢਾਂਚੇ ਦਾ ਐਲਾਨ ਕਰਦਿਆਂ ਸਾਲ 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਪਰਵਾਸੀ ਪੰਜਾਬੀਆਂ ਨੂੰ ਟਿਕਟਾਂ ਵੰਡਣ ਦਾ ਸਿਲਸਲਾ ਸ਼ੁਰੂ ਕਰ ਦਿੱਤਾ ਹੈ। ਸ੍ਰੀ ਖਹਿਰਾ ਨੇ ਐਨ.ਆਰ.ਆਈਜ਼. ਨੂੰ ਯਕੀਨ ਦਿਵਾਇਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੀਆਂ 3-5 ਵਿਧਾਨ ਸਭਾ ਦੀਆਂ ਸੀਟਾਂ ਪਰਵਾਸੀਆਂ ਨੂੰ ਦੇ ਕੇ ਉਨ੍ਹਾਂ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ। ਉਨ੍ਹਾਂ ਯੂ.ਕੇ ਟੀਮ ਦੀ 11 ਮੈਂਬਰੀ ਕਾਰਜਕਾਰਨੀ ਕਮੇਟੀ ਬਣਾਈ ਗਈ ਹੈ ਅਤੇ ਅਜਿਹੀਆਂ ਕਮੇਟੀਆਂ ਪੰਜਾਬੀਆਂ ਦੀ ਵਧੇਰੇ ਵਸੋਂ ਵਾਲੇ ਪੰਜ ਅਹਿਮ ਸ਼ਹਿਰਾਂ/ਕਸਬਿਆਂ ਦੀਆਂ ਬਣਾਈਆਂ ਗਈਆਂ ਹਨ।