ਭਗਵੰਤ ਮਾਨ ਨੇ ਸੁਖਬੀਰ ਨੂੰ ਸੰਗਰੂਰ ਤੋਂ ਚੋਣ ਲੜਨ ਲਈ ਵੰਗਾਰਿਆ

ਸੰਗਰੂਰ: ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਗਰੂਰ ਸੰਸਦੀ ਸੀਟ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਸ੍ਰੀ ਮਾਨ ਕਿਹਾ ਕਿ ਉਹ ‘ਆਪ’ ਦੇ ਪ੍ਰਧਾਨ ਹਨ ਅਤੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹਨ। ਦੋਵੇਂ ਪ੍ਰਧਾਨ ਜਦੋਂ ਇਕ ਦੂਜੇ ਮੁਕਾਬਲੇ ਚੋਣ ਲੜਨਗੇ ਤਾਂ ਪਤਾ ਲੱਗ ਜਾਵੇਗਾ ਕਿ ਲੋਕ ਕਿਹੜੀ ਪਾਰਟੀ ਦੇ ਪ੍ਰਧਾਨ ਨੂੰ ਪਸੰਦ ਕਰਦੇ ਹਨ।

ਸ੍ਰੀ ਮਾਨ ਨੇ ਦੋਸ਼ ਲਾਇਆ ਕਿ ਬਾਦਲ ਹਰ ਵਾਰ ਢੀਂਡਸਿਆਂ ਦੀ ਸਿਆਸੀ ਬਲੀ ਦਿੰਦੇ ਹਨ ਪਰ ਇਸ ਵਾਰ ਸੁਖਬੀਰ ਬਾਦਲ ਨੂੰ ਖੁਦ ਉਨ੍ਹਾਂ ਦੇ ਮੁਕਾਬਲੇ ਸੰਗਰੂਰ ਸੀਟ ਤੋਂ ਚੋਣ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਆਖਦੇ ਸਨ ਕਿ ਹਸਾਉਣ ਅਤੇ ਗਾਉਣ ਵਾਲਿਆਂ ਨੂੰ ਕੋਈ ਵੋਟ ਦੇਣ ਨਹੀਂ ਆਉਂਦਾ ਪਰ ਸਭ ਤੋਂ ਵੱਧ ਵੋਟਾਂ ਦੀ ਲੀਡ ‘ਤੇ ਉਨ੍ਹਾਂ ਨੇ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ ਸੀ। ਮਾਨ ਨੇ ਵਿਅੰਗਮਈ ਲਹਿਜੇ ‘ਚ ਕਿਹਾ ‘ਪਹਿਲਾਂ ਪਿਤਾ ਹਰਾਇਆ ਅਤੇ ਹੁਣ ਪੁੱਤ ਦੀ ਵਾਰੀ ਹੈ, 2019 ਦੀ ਫੁੱਲ ਤਿਆਰੀ ਐ।’ ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਉਨ੍ਹਾਂ ਨੂੰ ਹਰਾਉਣ ਦੀ ਇੱਛਾ ਪੂਰੀ ਨਹੀਂ ਹੋਵੇਗੀ।
ਸ੍ਰੀ ਮਾਨ ਨੇ ਕਿਹਾ ਕਿ ਸ਼ਰਾਬ ਛੱਡਣ ਲਈ ਉਨ੍ਹਾਂ ਨੂੰ ਬਿਕਰਮ ਸਿੰਘ ਮਜੀਠੀਆ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਚਿੱਟੇ ਦੇ ਦੋਸ਼ ਕਿਹੜੇ ਆਗੂ ਉਪਰ ਲੱਗੇ ਸਨ। ਮਾਨ ਨੇ ਕਿਹਾ ਕਿ ਜੇਕਰ ਸੰਸਦੀ ਚੋਣਾਂ ‘ਚ ਅਕਾਲੀ ਦਲ ਨੇ ਮਜੀਠੀਆ ਨੂੰ ਸੰਗਰੂਰ ਦਾ ਇੰਚਾਰਜ ਬਣਾ ਦਿੱਤਾ ਤਾਂ ਚਿੱਟੇ ਦੇ ਵਪਾਰੀ ਪੈਦਾ ਹੋ ਜਾਣਗੇ। ਉਨ੍ਹਾਂ ਸੰਗਰੂਰ ਹਲਕੇ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਮਜੀਠੀਆ ਦੇ ਬੰਦਿਆਂ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਹੁਣ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਸੁਪਨੇ ਵਿਚ ਜਿੱਤ ਵਿਖਾਈ ਦੇਣ ਲੱਗੀ ਹੈ।
_________________________
ਮਜੀਠੀਆ ਨੇ ਜਾਖੜ ਨੂੰ ਫਿਰੋਜ਼ਪੁਰ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ
ਫਿਰੋਜ਼ਪੁਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਵੱਲੋਂ ‘ਨਵੀਂ ਜੋਸ਼, ਨਵੀਂ ਸੋਚ’ ਦੇ ਨਾਅਰੇ ਤਹਿਤ ਰੈਲੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਛਾਉਣੀ ਸਥਿਤ ਅਨਾਜ ਮੰਡੀ ਤੇ ਗੁਰੂਹਰਸਹਾਏ ਵਿਚ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੁਖਬੀਰ ਬਾਦਲ ਖਿਲਾਫ ਚੋਣ ਲੜਨ ਦੀ ਚੁਣੌਤੀ ਦਿੱਤੀ। ਹਾਲਾਂਕਿ ਅਕਾਲੀ ਦਲ ਵੱਲੋਂ ਅਜੇ ਤੱਕ ਫਿਰੋਜ਼ਪੁਰ ਹਲਕੇ ਤੋਂ ਕਿਸੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ। ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਪਿਛਲੀਆਂ ਚੋਣਾਂ ਵਿਚ ਲੋਕਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ।