ਅਮਰੀਕਾ ਦਾ ਭਾਰਤ ਵੱਲ ਉਲਾਰਪੁਣਾ ਸੋਘੇ ਰਹਿਣ ਦਾ ਮੁੱਦਾ

-ਜਤਿੰਦਰ ਪਨੂੰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਫੈਸਲੇ ਮੁਤਾਬਕ ਉਨ੍ਹਾਂ ਦੇ ਦੂਤਾਂ ਨੇ ਯੂ. ਐਨ. ਸਿਕਿਓਰਿਟੀ ਕੌਂਸਲ ਵਿਚ ਇੱਕ ਵਾਰ ਫਿਰ ਦਹਿਸ਼ਤਗਰਦ ਮਸੂਦ ਅਜ਼ਹਰ ਦੇ ਖਿਲਾਫ ਮਤਾ ਪੇਸ਼ ਕਰ ਦਿੱਤਾ ਹੈ। ਇਹ ਮਤਾ ਭਾਰਤ ਦੇ ਪੱਖ ਵਿਚ ਜਾਣ ਵਾਲਾ ਅਤੇ ਪਾਕਿਸਤਾਨ ਦੀ ਸਰਕਾਰ ਦੇ ਨਾਲ ਉਸ ਦੇ ਹਮਾਇਤੀ ਚੀਨ ਨੂੰ ਵੀ ਕਸੂਤਾ ਫਸਾਉਣ ਵਾਲਾ ਹੋਣ ਕਾਰਨ ਭਾਰਤ ਦੇ ਲੋਕ ਖੁਸ਼ ਹੋਏ ਹਨ। ਉਨ੍ਹਾਂ ਦਾ ਖੁਸ਼ ਹੋਣਾ ਜਾਇਜ਼ ਵੀ ਹੈ। ਲੰਮੇ ਸਮੇਂ ਤੋਂ ਭਾਰਤ ਵਿਰੁਧ ਚੱਲ ਰਹੀ ਦਹਿਸ਼ਤਗਰਦੀ ਵਿਚ ਮਸੂਦ ਅਜ਼ਹਰ, ਹਾਫਿਜ਼ ਸਈਦ, ਸਲਾਹੁਦੀਨ ਤੇ ਜ਼ਕੀ-ਉਰ-ਰਹਿਮਾਨ ਵਰਗੇ ਕਈ ਲੋਕ ਚਰਚਾ ਦਾ ਕੇਂਦਰ ਰਹੇ ਹਨ।

ਪਿਛਲੇ ਫਰਵਰੀ ਮਹੀਨੇ ਵਿਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੀ. ਆਰ. ਪੀ. ਐਫ਼ ਦੇ ਕਾਫਲੇ ਉਤੇ ਜਦੋਂ ਹਮਲਾ ਕੀਤਾ ਗਿਆ ਤੇ ਚਾਲੀ ਤੋਂ ਵੱਧ ਜਵਾਨਾਂ ਦੀ ਮੌਤ ਹੋ ਗਈ ਸੀ, ਉਸ ਦੇ ਪਿੱਛੇ ਵੀ ਮਸੂਦ ਅਜ਼ਹਰ ਦਾ ਹੱਥ ਸੀ। ਖੁਦ ਮਸੂਦ ਅਜ਼ਹਰ ਨੇ ਇਸ ਦੀ ਜਿੰਮੇਵਾਰੀ ਲਈ ਸੀ ਤੇ ਜਦੋਂ ਸਾਰੇ ਸੰਸਾਰ ਵਿਚ ਪਾਕਿਸਤਾਨ ਸਰਕਾਰ ਇਸ ਜਿੰਮੇਵਾਰੀ ਨਾਲ ਕਸੂਤੀ ਫਸ ਗਈ ਤਾਂ ਮਸੂਦ ਨੇ ਇਸ ਜਿੰਮੇਵਾਰੀ ਤੋਂ ਖੁਦ ਨੂੰ ਵੱਖ ਕਰਨ ਦਾ ਯਤਨ ਕੀਤਾ ਸੀ। ਭਾਰਤ ਇਸ ਹਮਲੇ ਨਾਲ ਭੜਕਿਆ ਸੀ ਤੇ ਦੋਹਾਂ ਦੇਸ਼ਾਂ ਦੀ ਜੰਗ ਹੁੰਦੀ-ਹੁੰਦੀ ਮਸਾਂ ਬਚੀ ਸੀ। ਇਹ ਗੱਲਾਂ ਹਰ ਕੋਈ ਜਾਣਦਾ ਹੈ। ਅਮਰੀਕਾ ਨੇ ਜਦੋਂ ਮਸੂਦ ਅਜ਼ਹਰ ਦੇ ਖਿਲਾਫ ਮਤਾ ਪੇਸ਼ ਕੀਤਾ ਅਤੇ ਚੀਨ ਦੇ ਦਖਲ ਨਾਲ ਇੱਕ ਵਾਰ ਰੱਦ ਹੋਣ ਮਗਰੋਂ ਫਿਰ ਪੇਸ਼ ਕਰ ਦਿੱਤਾ ਤਾਂ ਇਸ ਨੂੰ ਭਾਰਤ ਦੇ ਪੱਖ ਵਿਚ ਇੱਕ ਬੜੀ ਵੱਡੀ ਤਬਦੀਲੀ ਵਜੋਂ ਵੇਖਿਆ ਗਿਆ ਹੈ।
ਮਸੂਦ ਅਜ਼ਹਰ ਉਸੇ ਪਾਕਿਸਤਾਨ ਵਿਚ ਹੈ, ਜਿੱਥੇ ਪਹਿਲਾਂ ਕਦੀ ਉਹ ਓਸਾਮਾ ਬਿਨ ਲਾਦੇਨ ਹੁੰਦਾ ਸੀ, ਜਿਸ ਨੇ ਨਿਊ ਯਾਰਕ ਵਿਚ ਵਰਲਡ ਟਰੇਡ ਸੈਂਟਰ ਦੇ ਟਾਵਰ ਤਬਾਹ ਕਰਵਾਏ ਸਨ। ਅਮਰੀਕਾ ਨੇ ਲਾਦੇਨ ਦੇ ਮੁੱਦੇ ਉਤੇ ਪਾਕਿਸਤਾਨ ਖਿਲਾਫ ਕਦੇ ਏਨਾ ਸਖਤ ਸਟੈਂਡ ਨਹੀਂ ਲਿਆ। ਅਫਗਾਨਿਸਤਾਨ ਤੋਂ ਤਾਲਿਬਾਨ ਦੀ ਹਕੂਮਤ ਉਖਾੜ ਦੇਣ ਪਿਛੋਂ ਉਸੇ ਅਮਰੀਕਾ ਦਾ ਇੱਕ ਹੋਰ ਵੱਡਾ ਦੁਸ਼ਮਣ ਮੁੱਲਾਂ ਉਮਰ ਉਥੋਂ ਭੱਜ ਕੇ ਪਾਕਿਸਤਾਨ ਦੀ ਫੌਜ ਦੇ ਹਸਪਤਾਲ ਵਿਚ ਇਲਾਜ ਕਰਵਾਉਂਦਾ ਤੇ ਅਮਰੀਕਾ ਵਿਰੁਧ ਹਮਲਾਵਰੀ ਕਰਦਾ ਰਿਹਾ ਸੀ। ਉਦੋਂ ਵੀ ਅਮਰੀਕੀ ਸਰਕਾਰ ਨੇ ਪਾਕਿਸਤਾਨ ਖਿਲਾਫ ਅਜਿਹਾ ਮਤਾ ਪੇਸ਼ ਕਰਨ ਦੀ ਲੋੜ ਨਹੀਂ ਸੀ ਸਮਝੀ।
ਹੱਕਾਨੀ ਨੈਟਵਰਕ ਬੜੇ ਚਿਰ ਤੋਂ ਅਮਰੀਕਾ ਨੂੰ ਲਗਾਤਾਰ ਤੰਗ ਕਰਦਾ ਆ ਰਿਹਾ ਹੈ। ਡੋਨਲਡ ਟਰੰਪ ਦੀ ਸਰਕਾਰ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸਮੇਂ ਵੀ ਇਹ ਮੁੱਦਾ ਕਈ ਵਾਰ ਉਠਾਇਆ ਅਤੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਹਮਣੇ ਵੀ ਰੱਖਿਆ ਹੈ। ਹੱਕਾਨੀ ਗਰੁਪ ਪਾਕਿਸਤਾਨ ਵਿਚੋਂ ਉਠ ਕੇ ਅਫਗਾਨਿਸਤਾਨ ਵਿਚ ਅਮਰੀਕੀ ਫੌਜਾਂ ਉਤੇ ਹਮਲੇ ਕਰਦਾ ਹੈ। ਮੁੱਖ ਨਿਸ਼ਾਨਾ ਉਹ ਲਗਾਤਾਰ ਅਮਰੀਕਾ ਵਾਲੇ ਨਾਟੋ ਬਲਾਕ ਦੀਆਂ ਫੌਜਾਂ ਨੂੰ ਬਣਾ ਰਿਹਾ ਹੈ। ਇਸ ਦੇ ਬਾਵਜੂਦ ਹੱਕਾਨੀ ਗਰੁਪ ਦੇ ਮੁੱਦੇ ‘ਤੇ ਅਮਰੀਕਾ ਅਤੇ ਉਸ ਦੇ ਗਰੁਪ ਦੇ ਦੇਸ਼ਾਂ ਨੇ ਪਾਕਿਸਤਾਨ ਵਿਰੁਧ ਯੂ. ਐਨ. ਓ. ਕੋਲ ਕਦੇ ਇਸ ਤਰ੍ਹਾਂ ਦੀ ਪਹੁੰਚ ਨਹੀਂ ਕੀਤੀ, ਜਿਹੋ ਜਿਹੀ ਭਾਰਤ ਦੇ ਹਿੱਤਾਂ ਖਾਤਰ ਉਨ੍ਹਾਂ ਨੇ ਕੀਤੀ ਹੈ।
ਮੈਂ ਭਾਰਤੀ ਹਾਂ ਤੇ ਕਿਸੇ ਵੀ ਹੋਰ ਗੱਲ ਤੋਂ ਪਹਿਲਾਂ ਭਾਰਤ ਦੇ ਹਿਤਾਂ ਬਾਰੇ ਜਦੋਂ ਸੋਚਦਾ ਹਾਂ ਤਾਂ ਇਸ ਤਰ੍ਹਾਂ ਕਿਸੇ ਉਤੇ ਅਹਿਸਾਨ ਨਹੀਂ ਕਰਦਾ। ਹਰ ਦੇਸ਼ ਦਾ ਜੋ ਵੀ ਨਾਗਰਿਕ ਆਪਣੇ ਵਤਨ ਦੀ ਮਿੱਟੀ ਨਾਲ ਪਿਆਰ ਕਰਦਾ ਹੋਵੇ, ਉਹ ਆਪਣੇ ਦੇਸ਼ ਦੇ ਹਿਤਾਂ ਨੂੰ ਪਹਿਲ ਦੇਣਾ ਆਪਣਾ ਫਰਜ਼ ਸਮਝਦਾ ਹੈ। ਮੈਂ ਵੀ ਇਹ ਫਰਜ਼ ਸਮਝਦਾ ਹਾਂ। ਫਰਜ਼ ਦੀ ਗੱਲ ਸੋਚਦਿਆਂ ਵੀ ਮੈਨੂੰ ਅਗਲੀ ਗੱਲ ਇਹ ਸੋਚਣੀ ਪੈਂਦੀ ਹੈ ਕਿ ਪੰਜਾਬੀ ਦਾ ਇੱਕ ਮੁਹਾਵਰਾ ਹੈ ਕਿ ਮਾਂ ਨਾਲੋਂ ਹੇਜਲੀ ਫੱਫੇਕੁੱਟਣੀ ਹੁੰਦੀ ਹੈ। ਅਮਰੀਕਾ ਸਾਡੇ ਦੇਸ਼ ਬਾਰੇ ਇਸ ਦੇਸ਼ ਦੇ ਹਾਕਮਾਂ ਤੋਂ ਵੀ ਅੱਗੇ ਵਧ ਕੇ ਸੋਚ ਰਿਹਾ ਹੈ। ਅੱਗੇ ਕਦੀ ਇਸ ਤਰ੍ਹਾਂ ਨਹੀਂ ਸੀ ਹੁੰਦਾ। ਜਦੋਂ ਮੁੰਬਈ ਵਿਚ ਇੱਕ ਸੌ ਛਿਆਹਠ ਲੋਕ ਮਾਰੇ ਗਏ ਸਨ ਅਤੇ ਇਨ੍ਹਾਂ ਮ੍ਰਿਤਕਾਂ ਵਿਚ ਕਈ ਅਮਰੀਕੀ ਵੀ ਸਨ, ਅਮਰੀਕੀ ਸਰਕਾਰ ਉਦੋਂ ਭਾਰਤ ਨਾਲੋਂ ਵੱਧ ਇਹ ਗੱਲ ਜਾਣਦੀ ਸੀ ਕਿ ਹਮਲਾ ਕਰਨ ਲਈ ਸਾਰੇ ਦਹਿਸ਼ਤਗਰਦ ਪਾਕਿਸਤਾਨ ਤੋਂ ਆਏ ਸਨ ਤੇ ਜ਼ਕੀ-ਉਰ-ਰਹਿਮਾਨ ਉਰਫ ਚਾਚਾ ਉਨ੍ਹਾਂ ਨੂੰ ਉਸ ਹਮਲੇ ਦੌਰਾਨ ਵੀ ਹਦਾਇਤਾਂ ਦਿੰਦਾ ਰਿਹਾ ਸੀ। ਉਹ ਆਦਮੀ ਅੱਜ ਤੱਕ ਪਾਕਿਸਤਾਨ ਵਿਚ ਬੈਠਾ ਹੈ।
ਪਾਕਿਸਤਾਨੀ ਮੂਲ ਦੇ ਇੱਕ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਨੇ ਮੁੰਬਈ ਵਿਚ ਅਗੇਤਾ ਗੇੜਾ ਲਾ ਕੇ ਦਹਿਸ਼ਤਗਰਦਾਂ ਦਾ ਕੰਮ ਸੌਖਾਲਾ ਕਰਨ ਲਈ ਕੱਚੇ ਕਾਗਜ਼ਾਂ ਉਤੇ ਨਕਸ਼ੇ ਬਣਾਏ ਸਨ ਤੇ ਅਮਰੀਕੀ ਸਰਕਾਰ ਇਹ ਵੀ ਜਾਣਦੀ ਸੀ। ਉਸ ਦਹਿਸ਼ਤਗਰਦ ਹਮਲੇ ਨਾਲ ਹਾਫਿਜ਼ ਸਈਦ ਦਾ ਜੁੜੇ ਹੋਣਾ ਵੀ ਅਮਰੀਕਾ ਨੂੰ ਮੁਢਲੇ ਦਿਨਾਂ ਤੋਂ ਪਤਾ ਸੀ। ਡੇਵਿਡ ਕੋਲਮੈਨ ਹੇਡਲੀ ਨੇ ਵਾਅਦਾ ਮੁਆਫ ਗਵਾਹ ਬਣਨ ਪਿੱਛੋਂ ਜੋ ਇਕਬਾਲੀਆ ਬਿਆਨ ਦਿੱਤਾ, ਉਸ ਬਾਰੇ ਭਾਰਤ ਤੋਂ ਪਹਿਲਾਂ ਅਮਰੀਕਾ ਨੂੰ ਪਤਾ ਸੀ ਤੇ ਉਸ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ਼ ਆਈ. ਨਾਲ ਸਬੰਧਤ ਦੋ ਵੱਡੇ ਅਫਸਰਾਂ ਦੇ ਨਾਂ ਵੀ ਦੱਸੇ ਸਨ, ਪਰ ਇਸ ਦੇ ਬਾਵਜੂਦ ਅਮਰੀਕਾ ਨੇ ਕਦੇ ਉਸ ਕਿਸਮ ਦੀ ਸਰਗਰਮੀ ਨਹੀਂ ਵਿਖਾਈ, ਜੋ ਇਸ ਵਾਰ ਵਿਖਾ ਰਿਹਾ ਹੈ। ਜ਼ਕੀ-ਉਰ-ਰਹਿਮਾਨ ਲਖਵੀ ਜਾਂ ਹਾਫਿਜ਼ ਸਈਦ ਜਾਂ ਆਈ. ਐਸ਼ ਆਈ. ਵਾਲੇ ਦੋਹਾਂ ਅਫਸਰਾਂ ਦੇ ਮੁੱਦੇ ਉਤੇ ਚੁੱਪ ਰਿਹਾ ਅਮਰੀਕਾ ਜਦੋਂ ਅਚਾਨਕ ਹੀ ਭਾਰਤ ਦਾ ਹੱਦੋਂ ਵੱਧ ਤਿੱਖਾ ਹੇਜ ਵਿਖਾਉਣ ਵਾਲਾ ਸਮਰਥਕ ਬਣ ਤੁਰਿਆ ਹੈ ਤਾਂ ਭਾਰਤੀ ਨਾਗਰਿਕ ਹੋਣ ਦੇ ਨਾਤੇ ਇਸ ਪੱਖ ਬਾਰੇ ਸੋਚਣਾ ਵੀ ਸਾਡਾ ਭਾਰਤੀਆਂ ਦਾ ਫਰਜ਼ ਹੋਣਾ ਚਾਹੀਦਾ ਹੈ।
ਅੱਜ ਵਾਲੀ ਸਥਿਤੀ ਵਿਚ ਅਮਰੀਕਾ ਜਦੋਂ ਭਾਰਤ ਦੇ ਪੱਖ ਵਿਚ ਇਸ ਹੱਦ ਤੱਕ ਉਲਾਰ ਦਿਖਾਈ ਦਿੰਦਾ ਹੈ, ਉਸ ਵਕਤ ਸਾਨੂੰ ਇਹ ਵੇਖਣਾ ਚਾਹੀਦਾ ਹੈ ਕਿ ਬੀਤੇ ਸਮੇਂ ਵਿਚ ਜਿਨ੍ਹਾਂ ਦੇਸ਼ਾਂ ਦੇ ਪੱਖ ਵਿਚ ਉਹ ਏਨਾ ਉਲਾਰ ਹੋਇਆ, ਉਨ੍ਹਾਂ ਦਾ ਬਾਅਦ ਵਿਚ ਕੀ ਬਣਿਆ ਸੀ? ਅਮਰੀਕਾ ਦਾ ਰਾਸ਼ਟਰਪਤੀ ਭਾਰਤ ਦੇ ਲੋਕਾਂ ਨੇ ਨਹੀਂ ਚੁਣਿਆ ਹੁੰਦਾ। ਉਸ ਨੂੰ ਜਿਸ ਦੇਸ਼ ਦੇ ਲੋਕਾਂ ਨੇ ਚੁਣਿਆ ਹੈ, ਉਸ ਦੇਸ਼ ਦੇ ਲੋਕਾਂ ਦੇ ਹਿਤਾਂ ਬਾਰੇ ਸੋਚਣਾ ਉਸ ਦਾ ਪਹਿਲਾ ਕੰਮ ਹੈ ਤੇ ਜੋ ਵੀ ਕਦਮ ਉਹ ਪੁੱਟਦਾ ਹੈ, ਉਨ੍ਹਾਂ ਵਿਚ ਹੋਰ ਕਿਸੇ ਧਿਰ ਤੋਂ ਪਹਿਲਾਂ ਅਮਰੀਕੀ ਲੋਕਾਂ ਦੇ ਹਿਤਾਂ ਦਾ ਖਿਆਲ ਰੱਖਣਾ ਪੈਂਦਾ ਹੈ।
ਕੁਝ ਲੋਕ ਇਸ ਵੇਲੇ ਦੀ ਅਮਰੀਕਾ ਦੀ ਨੀਤੀ ਨੂੰ ਚੀਨ ਨਾਲ ਵਪਾਰ ਦੇ ਆਢੇ ਦਾ ਸਿੱਟਾ ਆਖਦੇ ਹਨ। ਸ਼ਾਇਦ ਇੱਕ ਹੱਦ ਤੱਕ ਇਹ ਗੱਲ ਠੀਕ ਲੱਗਦੀ ਹੈ, ਪਰ ਸਿਰਫ ਇਹੋ ਨਹੀਂ ਹੋ ਸਕਦੀ। ਅਮਰੀਕੀ ਨੀਤੀ ਸਮਝ ਸਕਣਾ ਏਨਾ ਸੌਖਾ ਕਦੇ ਨਹੀਂ ਗਿਣਿਆ ਜਾਂਦਾ। ਦੂਜੀ ਸੰਸਾਰ ਜੰਗ ਵੇਲੇ ਅਮਰੀਕੀ ਨੀਤੀ ਬਾਰੇ ਅਖੀਰ ਤੱਕ ਕਿਆਫੇ ਲੱਗਦੇ ਰਹੇ ਸਨ ਤੇ ਹਿਟਲਰ ਦੀ ਧਾੜ ਨੂੰ ਹੂੰਝਾ ਵੱਜ ਜਾਣ ਤੱਕ ਉਸ ਦੀ ਨੀਤੀ ਰੂਸੀਆਂ ਨੂੰ ਕੀ, ਅਮਰੀਕੀ ਬਲਾਕ ਦੇ ਦੇਸ਼ਾਂ ਦੇ ਹਾਕਮਾਂ ਨੂੰ ਵੀ ਸਮਝ ਨਹੀਂ ਸੀ ਆਈ। ਚਰਚਿਲ ਵਰਗੇ ਵੀ ਬਾਅਦ ਵਿਚ ਇਸ ਗੱਲ ਬਾਰੇ ਮੰਨਦੇ ਸਨ।
ਇਸ ਵਕਤ ਦੀ ਅਮਰੀਕਾ ਦੀ ਨੀਤੀ ਇੱਕ ਭਾਰਤੀ ਨਾਗਰਿਕ ਹੋਣ ਦੇ ਕਾਰਨ ਸਿਰਫ ਦਹਿਸ਼ਤਗਰਦੀ ਦੇ ਵਿਰੋਧ ਦੇ ਪੱਖੋਂ ਸਾਡੇ ਦੇਸ਼ ਦੇ ਪੱਖ ਅਤੇ ਪਾਕਿਸਤਾਨ ਦੇ ਵਿਰੋਧ ਵਿਚ ਹੋਣ ਕਾਰਨ ਸਾਨੂੰ ਵੀ ਚੰਗੀ ਲੱਗਦੀ ਹੈ। ਇਸ ਦਾ ਸਵਾਗਤ ਵੀ ਹੁੰਦਾ ਹੈ। ਕੋਈ ਇਹ ਨਹੀਂ ਕਹਿ ਰਿਹਾ ਕਿ ਇਸ ਦਾ ਸਵਾਗਤ ਨਾ ਕਰੋ, ਪਰ ਇਸ ਬਾਰੇ ਓਨਾ ਉਲਾਰ ਹੋਣਾ ਵੀ ਠੀਕ ਨਹੀਂ, ਜਿਸ ਹੱਦ ਤੱਕ ਅੱਜ ਉਲਾਰਪੁਣਾ ਵਿਖਾਇਆ ਜਾ ਰਿਹਾ ਹੈ। ਦੇਸ਼ਾਂ ਦੇ ਹਿਤਾਂ ਲਈ ਸਰਕਾਰਾਂ ਦੀ ਦ੍ਰਿਸ਼ਟੀ ਚਾਰ ਕਦਮਾਂ ਜਾਂ ਚਾਰ ਪੈਂਤੜਿਆਂ ਦੀ ਨਹੀਂ, ਚਾਰ ਦਹਾਕੇ ਅਗਾਂਹ ਤੱਕ ਦੀ ਸੋਚਣੀ ਅਤੇ ਅਪਨਾਉਣੀ ਪੈਂਦੀ ਹੈ ਤੇ ਜੋ ਦੇਸ਼ ਅਜਿਹੀ ਦੂਰ ਦ੍ਰਿਸ਼ਟੀ ਅਪਨਾਉਣ ਵੱਲੋਂ ਖੁੰਝ ਜਾਇਆ ਕਰਦੇ ਹਨ, ਉਨ੍ਹਾਂ ਕੋਲ ਪਿੱਛੋਂ ਕਿਸੇ ਪਛਤਾਵੇ ਦਾ ਵਕਤ ਵੀ ਨਹੀਂ ਬਚਦਾ ਹੁੰਦਾ।