ਕੌੜਾ ਫਲ

ਗੁਰਮੇਲ ਬੀਰੋਕੇ
ਫੋਨ: 604-825-8053
ਅਸੀਂ ਦੋਹਾਂ ਨੇ ਕਾਫੀ ਸਮਾਂ ਇੱਕ ਹੀ ਕੰਪਨੀ ‘ਚ ਕੰਮ ਕੀਤਾ। ਉਹ ਦੱਸਦਾ ਕਿ ਉਹ ਪੰਜਾਬ ਤੋਂ ਕੈਨੇਡਾ ਪੜ੍ਹਨ ਆਇਆ ਸੀ। ਪੜ੍ਹਾਈ ਪੂਰੀ ਕਰਕੇ ਉਹ ਜੌਬ ਕਰਨ ਲੱਗ ਪਿਆ।
ਜਦ ਪਹਿਲੇ ਦਿਨ ਉਹ ਕੰਮ ‘ਤੇ ਆਇਆ, ਮੈਨੂੰ ਉਸ ਦਾ ਚਿਹਰਾ ਮੋਹ ਭਰਿਆ ਲੱਗਾ। ਜਦੋਂ ਉਸ ਦੀ ਸ਼ਿਫਟ ਸ਼ੁਰੂ ਹੁੰਦੀ, ਉਦੋਂ ਮੇਰੀ ਖਤਮ ਹੁੰਦੀ ਸੀ। ਕਈ ਮਹੀਨੇ ਸਾਡੀ ਗੱਲਬਾਤ ‘ਹੈਲੋ, ਹਾਏ’ ਤੱਕ ਹੀ ਸੀਮਿਤ ਰਹੀ।

ਉਸ ਦੀ ਸ਼ਿਫਟ ਵਿਚੋਂ ਇੱਕ ਕੁੜੀ ਕੰਮ ਛੱਡ ਗਈ, ਸੁਪਰਵਾਈਜ਼ਰ ਨੇ ਸਾਡੀ ਦੋਹਾਂ ਦੀ ਸ਼ਿਫਟ ‘ਕੱਠੀ ਕਰ ਦਿੱਤੀ।…ਤੇ ਅਸੀਂ ਫਿਰ ਹੌਲੀ-ਹੌਲੀ ਇੱਕ ਦੂਜੇ ਦੇ ਨਾਂ ਜਾਣ ਲਏ। ਉਸ ਦਾ ਨਾਂ ਜੋਤ ਬਰਾੜ ਸੀ। ਇੱਕ ਦਿਨ ਮੈਨੂੰ ਪੁੱਛਣ ਲੱਗਾ, “ਜੇਨਕਾ, ਮੈਂ ਬੇਸਮੈਂਟ ਬਦਲਨੀ ਐ। ਜੇ ਤੇਰੀ ਨਿਗਾਹ ‘ਚ ਕੋਈ ਹੋਈ ਤਾਂ ਦੱਸਣਾ, ਪਲੀਜ਼!”
“ਠੀਕ ਐ, ਜੋਤ।” ਮੈਂ ਸਰਸਰੀ ਜਵਾਬ ਦੇ ਦਿੱਤਾ।
ਉਹ ਸਾਡੇ ਕੰਮ ਵਾਲੀ ਥਾਂ ਤੋਂ ਦੂਰ ਰਹਿੰਦਾ ਸੀ ਤੇ ਬੱਸ ‘ਤੇ ਆਉਂਦਾ ਸੀ। ਇਸੇ ਲਈ ਕੰਮ ਦੇ ਨੇੜੇ ਬੇਸਮੈਂਟ ਲੱਭਦਾ ਸੀ। ਮੇਰਾ ਘਰ ਕੰਮ ਤੋਂ ਨੇੜੇ ਸੀ। ਮੈਂ ਪੈਦਲ ਹੀ ਕੰਮ ‘ਤੇ ਆਉਂਦੀ ਸਾਂ।
ਕੁਛ ਦਿਨ ਲੰਘੇ। ਉਸ ਨੇ ਮੁੜ ਬੇਸਮੈਂਟ ਵਾਲੀ ਗੱਲ ਤੋਰ ਲਈ। ਮੈਂ ਕਿਹਾ, ਤੂੰ ਇੰਟਰਨੈਟ ‘ਤੇ ਲੱਭ ਸਕਦਾਂ। ਅੱਜ ਕੱਲ੍ਹ ਲੋਕ ਜਿਵੇਂ ਬਹੁਤੀਆਂ ਚੀਜ਼ਾਂ-ਵਸਤਾਂ ਇੰਟਰਨੈਟ ‘ਤੇ ਵੇਚ- ਖਰੀਦ ਲੈਂਦੇ ਨੇ, ਇਸੇ ਤਰ੍ਹਾਂ ਕਿਰਾਏ ਲਈ ਖਾਲੀ ਬੇਸਮੈਂਟ ਦੀ ਸੂਚਨਾ ਵੀ ਪਾ ਦਿੰਦੇ ਨੇ।
ਜੋਤ ਮੇਰੇ ਘਰ ਦੇ ਨੇੜੇ ਰਹਿਣ ਲੱਗ ਪਿਆ। ਕੰਮ ‘ਤੇ ਜਾਣ-ਆਉਣ ਵੇਲੇ ਬਹੁਤ ਵਾਰ ਅਸੀਂ ‘ਕੱਠੇ ਹੋ ਜਾਂਦੇ। ਕਈ ਵਾਰ ਗੱਲਾਂ ਵੀ ਕਰ ਲੈਂਦੇ। ਉਹ ਬਹੁਤ ਗੰਭੀਰ ਤੇ ਸਿਆਣੀਆਂ ਗੱਲਾਂ ਕਰਦਾ।
ਕਈ ਵਾਰ ਉਸ ਦੀਆਂ ਗੱਲਾਂ ਮੈਨੂੰ ਸੋਚੀਂ ਪਾ ਦਿੰਦੀਆਂ। ਇੱਕ ਦਿਨ ਕਹਿਣ ਲੱਗਾ, “ਪੰਜਾਬ ਦੇ ਅੱਕਾਂ ਨੂੰ ਤੇਲਾ ਪੈ ਗਿਐ। ਨਿੰਮ ਨੂੰ ਅਮਰੀਕਨ ਸੁੰਡੀ ਖਾ ਰਹੀ ਐ। ਬੋਹੜਾਂ ਤੋਂ ਉਡੇ ਪੰਛੀ ਮੈਪਲ ‘ਤੇ ਆਲ੍ਹਣੇ ਪਾ ਰਹੇ ਨੇ…।”
ਵਿਦਿਆਰਥੀ ਵੀਜ਼ੇ ‘ਤੇ ਆਏ ਮੁੰਡੇ-ਕੁੜੀਆਂ ਨੂੰ ਪਹਿਲਾਂ ਮੈਂ ਆਮ ਲੋਕਾਂ ਵਾਂਗ ਦੇਖਦੀ ਸਾਂ, ਪਰ ਉਸ ਦੀਆਂ ਗੱਲਾਂ ਸੁਣ-ਸੁਣ ਕੇ ਮੈਨੂੰ ਸਮਝ ਲੱਗਣ ਲੱਗੀ ਕਿ ਇਹ ਮੁੰਡੇ- ਕੁੜੀਆਂ ਬੈਗਾਂ ‘ਚ ਚਾਅ ਤੇ ਖੁਸ਼ੀਆਂ ਭਰ ਕੇ ਲਿਆਉਂਦੇ ਹਨ ਪਰ ਇੱਥੇ ਇਨ੍ਹਾਂ ਦੇ ਬੈਗ ਸੌ ਤਰ੍ਹਾਂ ਦੀਆਂ ਦੁਸ਼ਵਾਰੀਆਂ ਨਾਲ ਭਰ ਜਾਂਦੇ ਹਨ। ਪੱਕੇ ਹੋਣ ਲਈ ਇਹ ਬੜੀਆਂ ਔਖਿਆਈਆਂ ਨਾਲ ਦੋ-ਚਾਰ ਹੁੰਦੇ ਹਨ।
ਉਂਜ ਤਾਂ ਅੱਜ ਕੱਲ੍ਹ ਕਿਸੇ ਨੂੰ ਕੋਈ ਆਪਣੀ ਉਮਰ ਨਹੀਂ ਦੱਸਦਾ, ਪਰ ਉਸ ਨੇ ਮੈਨੂੰ ਆਪਣੇ ਜਨਮ ਦਾ ਸਾਲ, ਮਹੀਨਾ ਤੇ ਤਾਰੀਖ ਦੱਸ ਦਿੱਤੀ। ਪਤਾ ਨਹੀਂ ਕਿਉਂ? ਉਹ ਮੈਥੋਂ ਕੁਛ ਮਹੀਨੇ ਵੱਡਾ ਸੀ।
ਉਸ ਦਾ ਜਨਮ-ਦਿਨ ਆਇਆ ਤਾਂ ਉਸ ਨੇ ਮੈਨੂੰ ਪਾਰਟੀ ‘ਤੇ ਬੁਲਾ ਲਿਆ। ਮੈਂ ਉਸ ਦੀ ਬੇਸਮੈਂਟ ਵਿਚ ਚਲੀ ਗਈ। ਦੋ ਹੋਰ ਉਸ ਦੇ ਦੋਸਤ ਆਏ ਬੈਠੇ ਸਨ। ਚਾਰਾਂ ਨੇ ਰਲ ਕੇ ਉਸ ਦਾ ਜਨਮ-ਦਿਨ ਮਨਾਇਆ।
ਜਿਸ ਬੇਸਮੈਂਟ ‘ਚ ਉਹ ਰਹਿੰਦਾ ਸੀ, ਮਕਾਨ ਮਾਲਕ ਨੇ ਉਹ ਮਕਾਨ ਵੇਚ ਦਿੱਤਾ। ਨਵਾਂ ਆਇਆ ਪਰਿਵਾਰ ਵੱਡਾ ਸੀ। ਉਨ੍ਹਾਂ ਨੇ ਉਸ ਨੂੰ ਬੇਸਮੈਂਟ ਖਾਲੀ ਕਰਨ ਲਈ ਮਹੀਨੇ ਦਾ ਨੋਟਿਸ ਦੇ ਦਿੱਤਾ। ਉਹ ਮੁੜ ਬੇਸਮੈਂਟ ਲੱਭਣ ਲੱਗਾ। ਕੰਮ ਦੇ ਨੇੜੇ ਕੋਈ ਬੇਸਮੈਂਟ ਨਾ ਲੱਭੀ ਤੇ ਤਿੰਨ ਹਫਤੇ ਲੰਘ ਗਏ।
ਉਹ ਕੰਮ ‘ਤੇ ਆਇਆ। ਚਿਹਰਾ ਉਤਰਿਆ ਹੋਇਆ। ਮਸਾਂ ਹੀ ਬੋਲੇ। ਬੁਝੇ ਜਿਹੇ ਬੋਲਾਂ ਨਾਲ ਮੈਨੂੰ ਕਹਿਣ ਲੱਗਾ, “ਜੇਨਕਾ, ਜੇ ਥੋਡੇ ਘਰ ‘ਚ ਬੇਸਮੈਂਟ ਹੈਗੀ, ਕੁਛ ਦਿਨ ਤੁਸੀਂ ਈ ਰੱਖ ਲੋ ਪਲੀਜ਼!…ਫਿਰ ਮੈਂ ਹੋਰ ਲੱਭ ਲਊਂ।”
ਉਸ ਦੇ ਬੋਲਾਂ ‘ਚ ਲੋਹੜਿਆਂ ਦਾ ਤਰਲਾ ਸੀ। ਮੈਂ ਸੋਚਣ ਲੱਗੀ, ਮੇਰੀ ਬੇਸਮੈਂਟ ਖਾਲੀ ਹੀ ਪਈ ਹੈ, ਜੇ ਇਹ ਰਹਿ ਲਊ ਤਾਂ ਕਿਹੜਾ ਕੁਛ ਘਸਦਾ ਹੈ। ਇਨਸਾਨ ਨੂੰ ਇਨਸਾਨ ਦੇ ਕੰਮ ਆਉਣਾ ਚਾਹੀਦਾ ਹੈ।…ਤੇ ਮੈਂ ਉਸ ਨੂੰ ਬੇਸਮੈਂਟ ਵਿਚ ਰੱਖ ਲਿਆ।
ਇੱਕ ਦਿਨ ਉਹ ਮੈਨੂੰ ਪੁੱਛਣ ਲੱਗਾ, “ਜੇਨਕਾ, ਤੇਰਾ ਜਨਮ ਦਿਨ ਕਿਸ ਤਾਰੀਖ ਨੂੰ ਹੁੰਦੈ?”
“ਕਿਉਂ?”
“ਆਪਾਂ ਰਲ ਕੇ ਮਨਾਵਾਂਗੇ, ਤਾਂ ਪੁੱਛਦਾਂ।”
“ਜਦ ਤੇਰਾ ਚਿੱਤ ਕਰੇ ਆਪਾਂ ਮਨਾ ਲਵਾਂਗੇ।”
“ਇਹ ਤਾਂ ਕੋਈ ਗੱਲ ਨਾ ਬਣੀ।”
“ਗੱਲ ਬਣਨ ਨੂੰ ਕੀ ਐ। ਗੱਲ ਤਾਂ ਜਦ ਮਰਜ਼ੀ ਬਣਾ ਲੋ, ਬਣਾਉਣੀ ਆਉਂਦੀ ਹੋਵੇ।” ਉਸ ਵਕਤ ਸਾਡੀਆਂ ਨਜ਼ਰਾਂ ਟਕਰਾ ਗਈਆਂ ਤੇ ਫਿਰ ਚਾਰ ਅੱਖਾਂ ਵਿਚ ਕੁਛ ਅਜੀਬ ਜਿਹਾ ਰੰਗ ਉਤਰ ਆਇਆ। ਮੇਰੀ ਗੱਲ ਵਿਚੇ ਰਹਿ ਗਈ। ਅਸੀਂ ਇੱਕ ਦੂਜੇ ਵੱਲ ਝਾਕਦੇ ਰਹੇ ਤੇ ਫਿਰ ਪਰ੍ਹਾਂ ਦੇਖਣ ਲੱਗ ਪਏ। ਸ਼ਾਇਦ ਉਹ ਸੰਗ ਗਿਆ ਸੀ, ਜਾਂ ਪਤਾ ਨਹੀਂ ਮੈਂ ਸੰਗ ਗਈ ਸਾਂ?
ਕੁਛ ਦਿਨ ਅਸੀਂ ‘ਕੱਠੇ ਕੰਮ ‘ਤੇ ਨਾ ਗਏ। ਮੈਂ ਲੇਟ ਜਾਂਦੀ ਸਾਂ। ਉਹ ਇੱਕ ਦਿਨ ਕੰਮ ‘ਤੇ ਜਾਣ ਲੱਗਾ ਘੰਟੀ ਮਾਰ ਕੇ ਮੈਨੂੰ ਕਹਿਣ ਲੱਗਾ, “ਆ ਜਾ ਕੰਮ ‘ਤੇ ਚੱਲੀਏ।” ਮੈਂ ਛੇਤੀ-ਛੇਤੀ ਹਥਲੇ ਕੰਮ ਨਬੇੜ ਕੇ ਉਹਦੇ ਨਾਲ ਤੁਰ ਪਈ। ਅਸੀਂ ਬਰੋ-ਬਰਾਬਰ ਤੁਰੇ ਗਏ ਤੇ ਇੱਕ ਦੂਜੇ ਵੱਲ ਦੋਹਾਂ ਨੇ ਟੇਢੀ ਜਿਹੀ ਨਜ਼ਰ ਨਾਲ ਇੱਕ ਦੋ ਵਾਰ ਦੇਖਿਆ, ਕੁਛ ਬੋਲੇ ਨਾ, ਪਰ ਉਦੋਂ ਦੋਹਾਂ ਦੇ ਦਿਲਾਂ ‘ਚ ਕੁਛ ਚੱਲ ਜਰੂਰ ਰਿਹਾ ਸੀ।
ਆਥਣੇ ਘਰ ਨੂੰ ਆਉਣ ਵੇਲੇ ਉਹ ਕਹਿਣ ਲੱਗਾ, “ਮੈਂ ਤੇਰਾ ਜਨਮ ਦਿਨ ਮਨਾਉਣੈ। ਦੱਸ ਕਿਸ ਦਿਨ ਤੈਨੂੰ ਠੀਕ ਰਹੂ?” ਉਸ ਨੇ ਸੋਸ਼ਲ ਮੀਡੀਆ ਦੇ ਕਿਸੇ ਖਾਤੇ ‘ਚੋਂ ਮੇਰੀ ਜਨਮ ਤਾਰੀਖ ਲੱਭ ਲਈ ਸੀ। ਉਹ ਤਾਰੀਖ ਇੱਕ ਹਫਤੇ ਬਾਅਦ ਆਉਣ ਵਾਲੀ ਸੀ।
ਮੈਂ ਉਸ ਦੇ ਮੂੰਹ ਵੱਲ ਦੇਖਿਆ। ਉਸ ਦਾ ਚਿਹਰਾ ਨਿਰਛਲ ਜਾਪਦਾ ਸੀ ਤੇ ਮੈਂ ਕਹਿ ਦਿੱਤਾ, “ਅਗਲੇ ਵੀਕਐਂਡ ‘ਤੇ ਠੀਕ ਰਹੂ।”
ਅਗਲੇ ਸਨਿਚਰਵਾਰ ਨੂੰ ਆਥਣੇ ਉਹ ਸੱਚ-ਮੁੱਚ ਹੀ ਕੇਕ ਤੇ ਫੁੱਲਾਂ ਦਾ ਗੁਲਦਸਤਾ ਲੈ ਕੇ ਦਰਵਾਜੇ ਮੂਹਰੇ ਆ ਖੜ੍ਹਿਆ ਤੇ ਬਹੁਤ ਹੀ ਅਪਣੱਤ ਨਾਲ ਕਹਿਣ ਲੱਗਾ, “ਹੈਪੀ ਬਰਥ ਡੇ, ਜੇਨਕਾ!”
“ਬਹੁਤ ਬਹੁਤ ਸ਼ੁਕਰੀਆ, ਜੋਤ!” ਕਹਿੰਦਿਆਂ ਪਤਾ ਨਹੀਂ ਕਦੋਂ ਮੈਂ ਉਸ ਨੂੰ ਜੱਫੀ ਪਾ ਲਈ।…ਤੇ ਅਸੀਂ ਇੱਕ ਦੂਜੇ ਨਾਲ ਲਿਪਟੇ ਲਿਪਟਾਏ ਫੈਮਲੀ ਰੂਮ ਵਾਲੇ ਸੋਫੇ ਤੱਕ ਆ ਗਏ। ਉਸ ਦਾ ਸਰੀਰ ਕੰਬ ਰਿਹਾ ਸੀ ਤੇ ਦਿਲ ਦੀ ਵਧੀ ਧੜਕਣ ਸਾਫ ਸੁਣਦੀ ਸੀ। ਉਹ ਬੈਠ ਗਿਆ।…ਤੇ ਮੈਂ ਤਿਆਰ ਹੋਣ ਲੱਗ ਪਈ।
ਅਸੀਂ ਦੋਹਾਂ ਨੇ ਰਲ ਕੇ ਕੇਕ ਕੱਟਿਆ। ਇੱਕ ਦੂਜੇ ਦੇ ਮੂੰਹ ‘ਚ ਪਾਇਆ। ਮੇਰੇ ਕੋਲ ਵੋਦਕਾ ਦੀ ਬੋਤਲ ਪਈ ਸੀ। ਮੈਂ ਚੁੱਕ ਲਿਆਂਦੀ। ਉਹ ਕਹਿਣ ਲੱਗਾ, “ਮੈਂ ਤਾਂ ਸ਼ਰਾਬ ਪੀਂਦਾ ਨ੍ਹੀਂ।”
“ਸੱਚੀ ਗੱਲ ਐ?”
“ਹਾਂ, ਬਿਲਕੁਲ ਸੱਚ ਐ।…ਸਾਡਾ ਸਾਰਾ ਪਰਿਵਾਰ ਗੁਰੂਘਰ ਨਾਲ ਜੁੜਿਆ ਹੋਇਐ। ਇੱਕ ਮੈਂ ਈ ਆਂ ਜੋ ਹਾਲੇ ਤੱਕ ਅਧ ਵਿਚਾਲੇ ‘ਜ੍ਹੇ ਆਂ।” ਇਹ ਕਹਿੰਦਾ ਉਹ ਆਪਣੀ ਕੱਟੀ ਦਾੜ੍ਹੀ ‘ਤੇ ਹੱਥ ਫੇਰਨ ਲੱਗਾ।
ਮੈਂ ਬੋਤਲ ਵਾਪਸ ਰੱਖ ਦਿੱਤੀ ਤੇ ਖਾਣਾ ਬਣਾਉਣ ਲੱਗ ਪਈ। ਜਦੋਂ ਤੱਕ ਖਾਣਾ ਤਿਆਰ ਹੋਇਆ, ਉਦੋਂ ਤੱਕ ਮੈਨੂੰ ਪੂਰਾ ਲੋਰ ਆ ਚੁਕਾ ਸੀ, ਪਤਾ ਨਹੀਂ ਕਾਸ ਦਾ?
ਜਦ ਮੈਂ ਫੈਮਲੀ-ਰੂਮ ‘ਚ ਉਸ ਨੂੰ ਖਾਣੇ ਲਈ ਬੁਲਾਉਣ ਪਹੁੰਚੀ ਤਾਂ ਉਹ ਉਥੇ ਲੱਗੀਆਂ ਫੋਟੋਆਂ ਬੜੇ ਹੀ ਗਹੁ ਨਾਲ ਦੇਖ ਰਿਹਾ ਸੀ। ਤੇ ਪੁੱਛਣ ਲੱਗਾ, “ਜੇਨਕਾ, ਤੇਰੇ ਮਾਂ ਬਾਪ ਪੰਜਾਬੀ ਨੇ?”
“ਹਾਂ, ਅੱਧੇ ਕੁ।”
“ਤੂੰ ਪੰਜਾਬਣ ਬਿਲਕੁਲ ਨ੍ਹੀਂ ਲਗਦੀ।” ਉਹ ਮੈਨੂੰ ਪੈਰਾਂ ਤੋਂ ਸਿਰ ਤੱਕ ਦੇਖ ਕੇ ਬੋਲਿਆ।
“ਅੱਛਾ ਜੀ! ਕਾਹਤੋਂ ਨ੍ਹੀਂ?” ਮੈਂ ਪੰਜਾਬੀ ‘ਚ ਪੁੱਛਣ ਲੱਗੀ।
“….!” ਉਸ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਉਸ ਨਾਲ ਮੈਂ ਪਹਿਲੀ ਵਾਰ ਪੰਜਾਬੀ ਬੋਲੀ ਸੀ।
“ਕਿਸੇ ਦੀ ਬਾਹਰੀ ਦਿੱਖ ਦੇਖ ਕੇ ਉਸ ਦੇ ਅੰਦਰ ਦਾ ਪਤਾ ਨ੍ਹੀਂ ਲਗਦਾ।” ਮੈਂ ਉਸ ਦੇ ਮੋਢੇ ‘ਤੇ ਹੱਥ ਰੱਖ ਕੇ ਕਿਹਾ।
ਉਹ ਆਪਣਾ ਆਪ ਸੰਭਾਲ ਕੇ ਪੰਜਾਬੀ ‘ਚ ਕਹਿਣ ਲੱਗਾ, “ਜੇਨਕਾ, ਤੇਰਾ ਗੋਰਾ ਰੰਗ, ਨੀਲੀਆਂ ਅੱਖਾਂ ਤੇ ਸਿਉਨੇ ਰੰਗੇ ਵਾਲ।…ਤੇ ਹੋਰ ਸਭ ਕੁਛ ਗੋਰੀਆਂ ਵਰਗੈ।”
“ਤੈਨੂੰ ਬੁਰਾ ਲਗਦੈ?”
“ਨ੍ਹੀਂ, ਸਗੋਂ ਸੋਹਣਾ ਲਗਦੈ। ਹੁਣ ਤਾਂ ਸਿਆਲਾਂ ਦੀ ਹੀਰ ਤੋਂ ਵੀ ਵੱਧ ਸੋਹਣਾ।”
“ਉਏ ਹੋਏ! ਮੈਂ ਸਦਕੇ ਜਾਵਾਂ! ਦੇਖੀਂ, ਕਿਤੇ ਤੂੰ ਰਾਂਝਾ ਤਾਂ ਨ੍ਹੀਂ ਬਣਨ ਨੂੰ ਫਿਰਦਾ?”
“ਜੇ ਹੀਰ ਕਹੂਗੀ ਤਾਂ ਬਣਜੂੰਗਾ।”
“ਕੰਨ ਪੜਵਾਲੇਂਗਾ?”
“ਇੱਕ ਵਾਰੀਂ ਕਹਿ ਕੇ ਤਾਂ ਦੇਖ।”
“ਹਾਲੇ ਉਡੀਕ ਕਰ। ਸਮਾਂ ਆਉਣ ‘ਤੇ ਕਹੂੰਗੀ।”
ਫਿਰ ਥੋੜ੍ਹਾ ਚਿਰ ਨਾ ਉਹ ਕੁਛ ਬੋਲਿਆ ਤੇ ਨਾ ਮੈਂ। ਮੈਂ ਸੋਚਣ ਲੱਗੀ ਕਿ ਮੈਂ ਕੁਛ ਜਿਆਦਾ ਬੋਲ ਗਈ ਹਾਂ। ਐਨੇ ਨੂੰ ਉਹ ਬੋਲ ਪਿਆ, “ਤੇਰੇ ਮਾਂ-ਬਾਪ ਅੱਧੇ ਕੁ ਪੰਜਾਬੀ ਦਾ ਕੀ ਮਤਲਬ ਐ?” ਗੱਲ ਉਹ ਹੋਰ ਪਾਸੇ ਨੂੰ ਲੈ ਤੁਰਿਆ।
“ਇਹ ਲੰਬੀ ਕਹਾਣੀ ਐ। ਕਿਸੇ ਦਿਨ ਫੇਰ ਦੱਸੂੰ।”
ਖਾਣਾ ਖਾ ਕੇ ਉਹ ਬੇਸਮੈਂਟ ਵਿਚ ਚਲਾ ਗਿਆ।
ਫਿਰ ਦੋ-ਤਿੰਨ ਹਫਤਿਆਂ ਮਗਰੋਂ ਅਸੀਂ ਮੁੜ ‘ਕੱਠੇ ਬੈਠੇ। ਉਹ ਮੇਰੇ ਮਾਂ-ਬਾਪ ਬਾਰੇ ਪੁੱਛਣ ਲੱਗਾ। ਕੁਛ ਸਮਾਂ ਮੈਂ ਟਾਲਦੀ ਰਹੀ, ਪਰ ਉਸ ਦਾ ਭੋਲਾ ਜਿਹਾ ਚਿਹਰਾ ਦੇਖ ਕੇ ਆਪਣੀ ਜੀਵਨ-ਗਾਥਾ ਸੁਣਾਉਣ ਲੱਗ ਪਈ,
ਮੇਰੀ ਮਾਂ ਵੀ ਕਦੇ ਕੈਨੇਡਾ ਵਿਦਿਆਰਥੀ ਵੀਜ਼ੇ ‘ਤੇ ਆਈ ਸੀ। ਮੇਰੇ ਨਾਨੇ ਦੇ ਕਿਸੇ ਜਾਣੂ ਨੇ ਉਸ ਨੂੰ ਇੱਥੇ ਭੇਜਣ ‘ਚ ਮਦਦ ਕੀਤੀ ਸੀ। ਇੱਥੇ ਉਹ ਪੜ੍ਹੀ ਤੇ ਫਿਰ ਪੱਕੀ ਹੋਣ ਵਾਸਤੇ ਰੱਸੇ-ਪੈੜੇ ਵੱਟਣ ਲੱਗੀ। ਉਨ੍ਹੀਂ ਦਿਨੀਂ ਉਹ ਆਪਣੇ ਨਾਲ ਕੰਮ ਕਰਦੇ ਇੱਕ ਗੋਰੇ ਮੁੰਡੇ ਨੂੰ ਮੁਹੱਬਤ ਕਰ ਬੈਠੀ।
ਮੈਨੂੰ ਪੰਜਾਬ ਵਿਚਲੀਆਂ ਜਾਤਾਂ ਬਾਰੇ ਬਹੁਤਾ ਤਾਂ ਪਤਾ ਨਹੀਂ, ਪਰ ਸੁਣਿਆ ਸੀ ਕਿ ਮੇਰੀ ਮਾਂ ਦਾ ਦਾਦਾ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ। ਇਹ ਗੱਲ ਮੇਰੀ ਮਾਂ ਨੇ ਆਪਣੇ ਗੋਰੇ ਮਿੱਤਰ ਨੂੰ ਦੱਸੀ ਸੀ। ਉਹ ਕਹਿੰਦਾ, “ਇਹ ਤਾਂ ਬਹੁਤ ਵੱਡੀ ਗੱਲ ਐ ਕਿ ਤੇਰਾ ਦਾਦਾ ਇੱਕ ਕਰਾਫਟਸ-ਮੈਨ ਸੀ।”
ਮੇਰੀ ਮਾਂ ਆਪਣੇ ਮਾਂ-ਬਾਪ ਦੀ ਇਕਲੌਤੀ ਸੰਤਾਨ ਸੀ। ਮਾਪਿਆਂ ਨੇ ਉਸ ਦੀ ਮੁਹੱਬਤ ਦਾ ਵਿਰੋਧ ਕੀਤਾ, ਪਰ ਉਹ ਉਸ ਵੇਲੇ ਹਿੰਮਤ ਕਰ ਗਈ ਤੇ ਵਿਆਹ ਕਰਵਾ ਲਿਆ। ਫਿਰ ਮੇਰਾ ਜਨਮ ਹੋਇਆ।
ਕੁਛ ਸਮੇਂ ਪਿੱਛੋਂ ਮੇਰੇ ਨਾਨਾ-ਨਾਨੀ ਕੈਨੇਡਾ ਆ ਗਏ। ਇੱਥੇ ਆ ਕੇ ਉਹ ਮੇਰੀ ਮਾਂ ਨੂੰ ਕਹਿਣ ਲੱਗੇ, “ਅਸੀਂ ਤਾਂ ਜਿਉਂਦੇ ਰਹਾਂਗੇ ਜੇ ਤੂੰ ਏਸ ਗੋਰੇ ਨੂੰ ਤਲਾਕ ਦੇਵੇਂ।” ਮੇਰੀ ਮਾਂ ਇਸ ਵਾਸਤੇ ਨਾ ਮੰਨੀ।
ਮੇਰੇ ਨਾਨੀ-ਨਾਨੇ ਨੇ ਇੱਕ ਸਕੀਮ ਬਣਾਈ। ਉਹ ਉਨ੍ਹਾਂ ਦੇ ਫਿੱਟ ਬੈਠ ਗਈ। ਉਹ ਸਾਨੂੰ ਪੰਜਾਬ ਲੈ ਗਏ। ਉਥੇ ਲਿਜਾ ਕੇ ਪਿਆਰ ਨਾਲ ਰੱਖਿਆ। ਇੱਕ ਰਾਤ ਉਨ੍ਹਾਂ ਮੇਰੇ ਪਿਤਾ ਨੂੰ ਕਿਸੇ ਬਿਗਾਨੀ ਤੀਵੀਂ ਨਾਲ ਸੁੱਤੇ ਪਏ ਨੂੰ ਮੇਰੀ ਮਾਂ ਨੂੰ ਦਿਖਾ ਦਿੱਤਾ। ਮੇਰੀ ਮਾਂ ਅਣਭੋਲ ਸੀ। ਉਹ ਸੱਚ ਮੰਨ ਬੈਠੀ।
ਕੈਨੇਡਾ ਆ ਕੇ ਮੇਰੇ ਮਾਪਿਆਂ ਦਾ ਤਲਾਕ ਹੋ ਗਿਆ। ਉਸ ਪਿਛੋਂ ਮੇਰੇ ਨਾਨਾ-ਨਾਨੀ ਮੇਰੀ ਮਾਂ ਨੂੰ ਕਹਿਣ ਲੱਗੇ, “ਆਹ ਪੱਥਰ ਦਾ ਤੂੰ ਕੀ ਕਰੇਂਗੀ? ਸਿੱਟ ਪਰਾਂ ਇਹਨੂੰ। ਆਵਦੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ। ਤੇ ਡਾਲੇ ਕਮਾ, ਡਾਲੇ।”
ਕੁਛ ਸਮਾਂ ਮੇਰੀ ਮਾਂ ਨਾ ਮੰਨੀ। ਉਹ ਦਬਾਅ ਪਾਉਂਦੇ ਰਹੇ ਤੇ ਅਖੀਰ ਮੇਰੀ ਮਾਂ ਰੋਂਦੀ-ਕੁਰਲਾਉਂਦੀ, ਪਤਾ ਨਹੀਂ ਕਿਹੜੇ ਜਿਗਰੇ ਨਾਲ, ਮੈਨੂੰ ਡੇਢ ਕੁ ਸਾਲ ਦੀ ਨੂੰ ‘ਫੋਸਟਰ-ਹੋਮ’ ਛੱਡ ਆਈ। ਉਥੋਂ ਇੱਕ ਪੰਜਾਬੀ ਜੋੜੇ ਨੇ ਮੈਨੂੰ ਗੋਦ ਲੈ ਲਿਆ। ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ। ਇਨ੍ਹਾਂ ਗੱਲਾਂ ਦਾ ਪਤਾ ਮੈਨੂੰ ਉਸ ਜੋੜੇ ਕੋਲੋਂ ਹੀ ਲੱਗਾ। ਉਨ੍ਹਾਂ ਨੇ ਮੈਨੂੰ ਬਹੁਤ ਹੀ ਪਿਆਰ ਨਾਲ ਪਾਲਿਆ ਤੇ ਪੜ੍ਹਾਇਆ। ਉਹ ਕਈ ਵਾਰ ਮੈਨੂੰ ਪੰਜਾਬ ਵੀ ਲੈ ਕੇ ਗਏ। ਮੈਂ ਪੰਜਾਬ ਤੇ ਪੰਜਾਬੀਅਤ ਬਾਰੇ ਸਭ ਕੁਛ ਜਾਣਦੀ ਹਾਂ। ਮੈਨੂੰ ਪੰਜਾਬੀ ਲੋਕ ਬਹੁਤ ਚੰਗੇ ਲਗਦੇ ਸਨ।
ਦੋ ਕੁ ਸਾਲ ਪਹਿਲਾਂ ਮੇਰੇ ਮੰਮੀ-ਡੈਡੀ ਆਪਣੀ ਜਮੀਨ-ਜਾਇਦਾਦ ਵੇਚਣ ਲਈ ਪੰਜਾਬ ਗਏ। ਉਸ ਵੇਲੇ ਮੈਂ ਨਹੀਂ ਸਾਂ ਗਈ। ਇੱਕ ਦਿਨ ਪੰਜਾਬ ਤੋਂ ਕਿਸੇ ਦਾ ਫੋਨ ਆਇਆ, ਕਹਿਣ ਲੱਗਾ, ਤੇਰੇ ਮੰਮੀ-ਡੈਡੀ ਦੀ ਮੌਤ ਹੋ ਗਈ ਹੈ, ਉਨ੍ਹਾਂ ਦੀ ਕਾਰ ਇੱਕ ਨਹਿਰ ਵਿਚ ਡਿਗ ਪਈ ਸੀ।
ਮੈਂ ਪੰਜਾਬ ਗਈ। ਉਦੋਂ ਤੱਕ ਸ਼ਰੀਕਾਂ ਨੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਸੀ। ਮੈਂ ਜਦ ਘੋਖ ਕੀਤੀ ਤਾਂ ਪਤਾ ਲੱਗਾ ਕਿ ਮੰਮੀ-ਡੈਡੀ ਦਾ ਕਤਲ ਹੋਇਆ ਹੈ। ਮੈਂ ਪੁਲਿਸ ਕੋਲ ਗਈ। ਉਥੋਂ ਦੇ ਸਰਕਾਰੀ ਤੰਤਰ ਨੇ ਮੇਰੀ ਇੱਕ ਨਾ ਸੁਣੀ।
ਸ਼ਰੀਕਾਂ ਵਿਚੋਂ ਹੀ ਇੱਕ ਨੇ ਮੈਨੂੰ ਕਿਹਾ, “ਕੁੜੀਏ, ਇੱਥੇ ਤੇਰੇ ਪੱਲੇ ਕੁਛ ਨ੍ਹੀਂ ਪੈਣਾ। ਇਹ ਵੀ ਹੋ ਸਕਦੈ, ਤੂੰ ਵੀ ਕਿਸੇ ਗਿਣੀ-ਮਿਥੀ ਸਾਜ਼ਿਸ਼ ‘ਚ ਆਵਦੀ ਜਾਨ ਗਵਾ ਬੈਠੇਂ।”
ਮੈਂ ਆਪਣੀ ਜਾਇਦਾਦ ਦੀ ਮੰਗ ਕੀਤੀ। ਕੁਛ ਆਪਣੇ ਆਪ ਨੂੰ ‘ਸਿਆਣੇ’ ਕਹਾਉਣ ਵਾਲੇ ਬੰਦਿਆਂ ਤੇ ਔਰਤਾਂ ਨੇ ਰਲ ਕੇ ਮੈਨੂੰ ਕੁਛ ਰੁਪਈਏ ਦਿਵਾ ਦਿੱਤੇ ਤੇ ਮੈਨੂੰ ਕੈਨੇਡਾ ਵਾਪਸ ਮੋੜ ਦਿੱਤਾ। ਇਹ ਕੁਛ ਦੇਖ ਕੇ ਮੈਨੂੰ ਪੰਜਾਬੀ ਲੋਕ ਬੁਰੇ ਲੱਗਣ ਲੱਗ ਪਏ।
ਆਪਣੀ ਜੀਵਨ ਕਹਾਣੀ ਕਿਸੇ ਨਾਲ ਮੈਂ ਪਹਿਲੀ ਵਾਰ ਸਾਂਝੀ ਕੀਤੀ ਸੀ।…ਤੇ ਮੇਰਾ ਮਨ ਭਰ ਆਇਆ।
ਮੈਂ ਜੋਤ ਦੇ ਚਿਹਰੇ ਵੱਲ ਤੱਕਿਆ, ਉਸ ਦੀਆਂ ਵੀ ਅੱਖਾਂ ਗਿੱਲੀਆਂ ਸਨ। ਕਹਿਣ ਲੱਗਾ, “ਉਥੇ ਬਹੁਤੇ ਲੋਕ ਬੁਰੇ ਨੇ।”
“ਹੁਣ ਮੈਨੂੰ ਸਾਰੇ ਪੰਜਾਬੀ ਨ੍ਹੀਂ ਬੁਰੇ ਲਗਦੇ।”
“ਸਾਰੇ ਲੋਕ ਤਾਂ ਕਿਸੇ ਵੀ ਰੰਗ, ਨਸਲ ਜਾਂ ਕੌਮ ਦੇ ਬੁਰੇ ਨ੍ਹੀਂ ਹੁੰਦੇ।”
“ਮੈਨੂੰ ਇੱਕ ਪੰਜਾਬੀ ਬਹੁਤ ਚੰਗਾ ਲਗਦੈ।”
“ਉਹ ਕੌਣ?” ਉਹ ਮੇਰੇ ਵੱਲ ਤੱਕ ਕੇ ਪੁੱਛਣ ਲੱਗਾ।
“ਤੂੰ…ਤੂੰ ਮੈਨੂੰ ਅੰਤਾਂ ਦਾ ਚੰਗਾ ਲਗਦੈਂ। ਚੰਦਰਿਆ, ਤੇਰੇ ‘ਚ ਪਤਾ ਨ੍ਹੀਂ ਕੀ ਐ!” ਇਹ ਸ਼ਬਦ ਪਤਾ ਨਹੀਂ ਕਿਵੇਂ ਜਾਂ ਕਿਉਂ ਮੇਰੇ ਦਿਲ ‘ਚੋਂ ਨਿਕਲ ਕੇ ਜ਼ੁਬਾਨ ‘ਤੇ ਆ ਗਏ? ਤੇ ਮੇਰੇ ਮਨ ‘ਚ ਸੰਗ ਤੇ ਡਰ ਦਾ ਮਿਸ਼ਰਨ ਘੁਲਣ ਲੱਗ ਪਿਆ। ਮੈਂ ਖੜ੍ਹੀ ਹੋ ਕੇ ਪਰ੍ਹਾਂ ਨੂੰ ਤੁਰਨ ਲੱਗੀ ਤਾਂ ਉਸ ਨੇ ਮੇਰੇ ਹੱਥ ਫੜ ਲਏ ਤੇ ਫਿਰ ਮਲਕੜੇ ਜਿਹੇ ਚੁੰਮ ਲਏ।
ਸਾਡੀ ਦੋਸਤੀ ਗੂੜ੍ਹੀ ਹੁੰਦੀ ਗਈ। ਹੌਲੀ-ਹੌਲੀ ਅਸੀਂ ਇੱਕ ਦੂਜੇ ਬਾਰੇ ਸਭ ਕੁਛ ਜਾਣ ਲਿਆ।
ਮੈਨੂੰ ਇਹ ਸੋਚ-ਸੋਚ ਕੇ ਡਰ ਲਗਦਾ ਰਹਿੰਦਾ ਕਿ ਇਹ ਚੰਗੀ ਜਾਇਦਾਦ ਵਾਲੇ ਮਾਪਿਆਂ ਦਾ ਇਕਲੌਤਾ ਪੁੱਤ ਹੈ, ਮੈਂ ਇਨ੍ਹਾਂ ਦੇ ਪਰਿਵਾਰ ਦਾ ਜੀਅ ਬਣ ਸਕਾਂਗੀ ਕਿ ਨਹੀਂ?
“ਜੋਤ, ਤੇਰੇ ਮਾਂ-ਬਾਪ ਆਪਣੇ ਰਿਸ਼ਤੇ ਬਾਰੇ ਮੰਨ ਜਾਣਗੇ?” ਮੈਂ ਇੱਕ ਦਿਨ ਪੁੱਛ ਹੀ ਲਿਆ।
“ਲੈ, ਹੈ ਕਮਲੀ! ਮੇਰੀ ਬੇਬੇ ਤੇ ਬਾਪੂ ਨੂੰ ਐਨੀ ਸੋਹਣੀ ਨੂੰਹ ਪੂਰੇ ਬ੍ਰਹਿਮੰਡ ‘ਚੋਂ ਨ੍ਹੀਂ ਲੱਭਣੀ।” ਇਹ ਆਖ ਉਸ ਨੇ ਮੇਰਾ ਮੱਥਾ ਚੁੰਮ ਲਿਆ। ਤੇ ਮੇਰੇ ਅੰਦਰ ਕੁਛ ਪਿਘਲ ਗਿਆ, ਪਤਾ ਨਹੀਂ ਕਦ ਮੇਰੀਆਂ ਬਾਂਹਾਂ ਉਸ ਦੇ ਗਲ ਦੁਆਲੇ ਲਿਪਟ ਗਈਆਂ।
ਸਾਡੇ ਮੇਲ ਨੇ ਇੱਕ ਰਿਸ਼ਤੇ ਵਾਲੀ ਪੁਲਾਂਘ ਪੁੱਟ ਲਈ ਸੀ। ਮੈਂ ਉਸ ਦੇ ਸਾਹਾਂ ‘ਚ ਸਾਹ ਲੈਂਦੀ ਸਾਂ ਤੇ ਮੇਰੇ ਲਈ ਉਹ ਸੱਭੇ ਕੁਛ ਸੀ। ਤੇ ਕਮਲ ਦੇ ਫੁੱਲ ਦਾ ਰੰਗ ਬੰਚਬੇਰੀ ਦੇ ਫੁੱਲ ਵਿਚ ਘੁਲਣ ਲੱਗਾ। ਉਹ ਆਪਣੇ ਪੱਕਾ ਹੋਣ ਵਾਲੇ ਪੇਪਰ ਤਿਆਰ ਕਰਨ ਲੱਗਾ। ਜਿੱਥੇ ਉਹ ਕਹਿੰਦਾ, ਮੈਂ ਆਪਣਾ ਨਾਂ ਲਿਖ ਕੇ ਦਸਤਖਤ ਕਰ ਦਿੰਦੀ।
ਕੁਛ ਚਿਰ ਪਿਛੋਂ ਉਸ ਦਾ ਪੀ. ਆਰ. ਕਾਰਡ ਆ ਗਿਆ। ਮੈਨੂੰ ਅੰਤਾਂ ਦਾ ਚਾਅ ਚੜ੍ਹਿਆ। ਉਸ ਰਾਤ ਅਸੀਂ ਬੀਚ ‘ਤੇ ਚਲੇ ਗਏ। ਓਦਣ ਪੂਰਨਮਾਸੀ ਸੀ, ਸਮੁੰਦਰ ‘ਚ ਜਵਾਰ-ਭਾਟਾ ਆਇਆ ਹੋਇਆ ਸੀ ਤੇ ਅਸੀਂ ਸਾਰੀ ਰਾਤ ਛੱਲਾਂ ‘ਚ ਡੁੱਬਦੇ ਰਹੇ।
ਸਿਆਲ ਦੇ ਦਿਨ ਸਨ। ਇੱਕ ਦਿਨ ਉਹ ਕਹਿਣ ਲੱਗਾ, “ਮੈਂ ਦੋ ਕੁ ਮਹੀਨੇ ਪੰਜਾਬ ਜਾਣੈ, ਤੇ ਆਪਣੇ ਰਿਸ਼ਤੇ ਦੀ ਗੱਲ ਵੀ ਬੇਬੇ-ਬਾਪੂ ਨਾਲ ਕਰ ਕੇ ਆਊਂ।” ਉਸ ਦਿਨ ਇਹ ਸੁਣ ਕੇ ਮੇਰੇ ਪੈਰ ਧਰਤੀ ‘ਤੇ ਨਹੀਂ ਸਨ ਲੱਗ ਰਹੇ।
ਮੈਂ ਆਪ ਉਸ ਨੂੰ ਹਵਾਈ ਅੱਡੇ ਜਹਾਜ ਚੜ੍ਹਾ ਕੇ ਆਈ। ਮੇਰਾ ਮਨ ਥੋੜ੍ਹਾ ਜਿਹਾ ਦੁਖੀ ਵੀ ਸੀ, ਪਰ ਖੁਸ਼ ਜਿਆਦਾ ਸੀ, ਕਿਉਂਕਿ ਮੇਰੀਆਂ ਬਾਹਾਂ ਸ਼ਗਨਾਂ ਦਾ ਚੂੜਾ ਉਡੀਕ ਰਹੀਆਂ ਸਨ। ਮੈਂ ਉਸ ਦੇ ਮੁੜਨ ਦੀ ਉਡੀਕ ਕਰਨ ਲੱਗੀ। ਦੋ ਮਹੀਨੇ ਹੀ ਕਈ ਸਦੀਆਂ ਦਾ ਸਮਾਂ ਜਾਪਣ ਲੱਗੇ। ਪਰ ਦੋ ਮਹੀਨਿਆਂ ਪਿਛੋਂ ਉਹ ਨਾ ਆਇਆ। ਮੈਂ ਫੋਨ ਕਰਦੀ ਤਾਂ ਉਹ ਕਹਿ ਦਿੰਦਾ, “ਮੈਂ ਕਈ ਕੰਮ ਕਰਨੇ ਨੇ, ਹਾਲੇ ਥੋੜ੍ਹਾ ਹੋਰ ਟਾਈਮ ਲੱਗ’ਜੂ।”
ਅਸੀਂ ਜਦ ‘ਕੱਠੇ ਹੁੰਦੇ ਤਾਂ ਬੈਡ-ਰੂਮ ‘ਚ ਬੈਠ ਕੇ ਪੂਰਨਮਾਸੀ ਦਾ ਚੰਨ ਦੇਖਦੇ ਹੁੰਦੇ, ਉਦੋਂ ਉਹ ਮੇਰੀ ਬੁੱਕਲ ‘ਚ ਹੁੰਦਾ ਸੀ। ਹੁਣ ਮੈਂ ਜਦ ‘ਕੱਲੀ ਪੂਰਨਮਾਸੀ ਦਾ ਚੰਨ ਦੇਖਦੀ ਤਾਂ ਚੰਨ ਦੀ ਚਾਨਣੀ ਮੇਰੇ ਮਨ ਨੂੰ ਭਾਉਂਦੀ ਨਹੀਂ ਸੀ, ਹੁਣ ਮੇਰੀ ਬੁੱਕਲ ਖਾਲੀ ਸੀ।
ਦਿਨ ਤਾਂ ਲੰਘ ਜਾਂਦਾ ਸੀ, ਪਰ ਰਾਤ ਔਖੀ ਲੰਘਦੀ। ਨੀਂਦ ਚੰਗੀ ਤਰ੍ਹਾਂ ਨਾ ਆਉਂਦੀ। ਬੁਰੇ ਸੁਪਨੇ ਆਉਂਦੇ। ਇੱਕ ਸੁਪਨਾ ਤਾਂ ਬਹੁਤ ਵਾਰ ਆਇਆ, ਕੋਈ ਜੰਗਲੀ ਜਾਨਵਰ ਮੇਰੇ ਮਗਰ ਪੈ ਜਾਂਦਾ। ਮੈਂ ਬਚਣ ਲਈ ਭੱਜਦੀ, ਪਰ ਮੈਥੋਂ ਭੱਜਿਆ ਨਾ ਜਾਂਦਾ। ਜੋਤ ਕਾਫੀ ਦੂਰ ਖੜ੍ਹਾ ਹੁੰਦਾ। ਉਸ ਨੂੰ ਹਾਕਾਂ ਮਾਰਦੀ। ਉਸ ਨੂੰ ਮੇਰਾ ਬੋਲ ਨਾ ਸੁਣਦਾ। ਫਿਰ ਮੈਨੂੰ ਜਾਗ ਆ ਜਾਂਦੀ ਤੇ ਮੇਰਾ ਸਾਰਾ ਸਰੀਰ ਪਸੀਨੇ ਨਾਲ ਭਿੱਜਿਆ ਹੁੰਦਾ।
ਪੰਜ ਕੁ ਮਹੀਨਿਆਂ ਮਗਰੋਂ ਉਹ ਵਾਪਸ ਆ ਗਿਆ। ਮੈਂ ਬਹੁਤ ਖੁਸ਼ ਹੋਈ। ਮੇਰਾ ਚੰਨ ਮੇਰੇ ਕੋਲ ਆ ਗਿਆ ਸੀ।
ਮੈਨੂੰ ਇੱਕ ਆਦਤ ਸੀ। ਪਤਾ ਨਹੀਂ ਇਹ ਚੰਗੀ ਸੀ ਜਾਂ ਮਾੜੀ। ਮੈਂ ਹਰ ਰਾਤ ਉਸ ਨੂੰ ਜੱਫੀ ‘ਚ ਘੁੱਟ ਕੇ ਸੌਂਦੀ ਸਾਂ। ਜਦ ਤੋਂ ਉਹ ਪੰਜਾਬ ਤੋਂ ਵਾਪਸ ਆਇਆ, ਕਈ ਵਾਰ ਉਹ ਮੈਨੂੰ ਜੱਫੀ ਪਾਉਣ ਤੋਂ ਰੋਕ ਦਿੰਦਾ ਸੀ। ਬਿਨਾ ਜੱਫੀ ਪਾਇਆਂ ਮੈਨੂੰ ਸਾਰੀ ਸਾਰੀ ਰਾਤ ਨੀਂਦ ਨਾ ਆਉਂਦੀ।
ਉਸ ਰਾਤ ਪੂਰਨਮਾਸੀ ਸੀ। ਅਸੀਂ ਚੰਨ ਦੇਖਦੇ-ਦੇਖਦੇ ਸੌਂ ਗਏ। ਮੇਰੇ ਯਾਦ ਹੈ, ਮੈਂ ਉਸ ਨਾਲ ਲਿਪਟ ਕੇ ਸੁੱਤੀ ਸਾਂ। ਸਾਡੇ ਸਾਹਾਂ ਦੀ ਸੁਗੰਧ ਆਪਸ ਵਿਚ ਰਲਦੀ ਰਹੀ ਸੀ। ਅੱਧੀ ਕੁ ਰਾਤ ਪਿਛੋਂ ਮੈਨੂੰ ਮਹਿਸੂਸ ਹੋਇਆ ਕਿ ਮੇਰੀ ਗਲਵੱਕੜੀ ਸੱਖਣੀ ਹੈ। ਮੈਂ ‘ਕੱਲੀ ਹਾਂ। ਤੇ ਮੈਨੂੰ ਜਾਗ ਆ ਗਈ। ਸੱਚ-ਮੁੱਚ ਉਹ ਹੈ ਨਹੀਂ ਸੀ। ਮੈਂ ਉਠ ਕੇ ਬੈਠ ਗਈ। ਸੋਚਿਆ, ਬਾਥਰੂਮ ਗਿਆ ਹੋਵੇਗਾ। ਮੈਂ ਉਡੀਕਦੀ ਰਹੀ, ਪਰ ਉਹ ਨਾ ਮੁੜਿਆ। ਮੈਂ ਸਾਰਾ ਘਰ ਦੇਖਿਆ। ਉਹ ਕਿਤੇ ਨਾ ਲੱਭਾ।
ਉਹ ਆਪਣਾ ਸਮਾਨ ਬੇਸਮੈਂਟ ‘ਚ ਰੱਖਦਾ ਸੀ। ਮੈਂ ਬਹੁਤ ਵਾਰ ਕਿਹਾ ਸੀ ਕਿ ਸਭ ਕੁਛ ਉਤੇ ਚੁੱਕ ਲਿਆ, ਪਰ ਉਹ ਲਿਆਉਂਦਾ ਨਹੀਂ ਸੀ। ਮੈਂ ਬੇਸਮੈਂਟ ‘ਚ ਗਈ। ਸਭ ਕੁਛ ਪਹਿਲਾਂ ਵਾਂਗ ਪਿਆ ਸੀ ਤੇ ਉਸ ਦਾ ਬੈਗ ਵੀ ਉਥੇ ਹੀ ਸੀ। ਪਰ ਉਹ ਆਪ ਨਹੀਂ ਸੀ।
ਮੈਨੂੰ ਫਿਕਰ ਹੋਣ ਲੱਗਾ। ਫਿਰ ਮੈਂ ਸੋਚਿਆ ਕਿ ਕਿਸੇ ਦੋਸਤ ਦਾ ਫੋਨ ਨਾ ਆਇਆ ਹੋਵੇ? ਕਿਸੇ ਦੇ ਨਾਲ ਕੋਈ ਜਰੂਰੀ ਕੰਮ ਨਾ ਗਿਆ ਹੋਵੇ? ਸੋਚਦਿਆਂ-ਸੋਚਦਿਆਂ ਦਿਨ ਚੜ੍ਹ ਗਿਆ। ਮੈਂ ਉਸ ਦੇ ਦੋਸਤਾਂ ਤੇ ਜਾਣ-ਪਛਾਣ ਵਾਲਿਆਂ ਨੂੰ ਫੋਨ ਕੀਤੇ। ਸਭ ਦਾ ਜਵਾਬ ਸੀ, ਸਾਨੂੰ ਨਹੀਂ ਪਤਾ, ਉਹ ਸਾਡੇ ਕੋਲ ਨਹੀਂ ਆਇਆ।
ਮੈਂ ਪੁਲਿਸ ਕੋਲ ਗਈ। ਪੁਲਿਸ ਅਫਸਰ ਕਹਿਣ ਲੱਗਾ, ਅਸੀਂ ਉਸ ਦਾ ਛੇਤੀ ਹੀ ਪਤਾ ਕਰਾਂਗੇ।
ਰਾਤਾਂ ਦਾ ਹਨੇਰਾ ਮੇਰੇ ਲਈ ਬਹੁਤ ਬੁਰਾ ਹੁੰਦਾ। ਸੌਣ ਦੀ ਕੋਸ਼ਿਸ਼ ਕਰਦੀ, ਨੀਂਦ ਨਾ ਆਉਂਦੀ, ਜੇ ਕਿਤੇ ਆ ਜਾਂਦੀ ਤਾਂ ਸੁਪਨੇ ਬਹੁਤ ਡਰਾਉਣੇ ਆਉਂਦੇ। ਇੱਕ ਸੁਪਨਾ ਤਾਂ ਵਾਰ-ਵਾਰ ਆਉਂਦਾ, ਮੈਂ ਭੀੜ ਵਿਚੋਂ ਲੰਘ ਰਹੀ ਹਾਂ ਤੇ ਨੰਗੀ ਹਾਂ। ਲੋਕ ਹੱਸ ਰਹੇ ਨੇ। ਉਥੋਂ ਭੱਜਣ ਦੀ ਕੋਸ਼ਿਸ਼ ਕਰਦੀ, ਪਰ ਭੱਜਿਆ ਨਾ ਜਾਂਦਾ।
ਕੁਛ ਦਿਨਾਂ ਪਿਛੋਂ ਉਸ ਦਾ ਫੋਨ ਆ ਗਿਆ। ਮੈਥੋਂ ਕੁਛ ਬੋਲਿਆ ਹੀ ਨਾ ਗਿਆ। ਉਹ ਬੋਲਣ ਲੱਗਾ ਤੇ ਮੇਰਾ ਰੋਣ ਨਿਕਲ ਗਿਆ। ਉਹ ਬੋਲਦਾ ਰਿਹਾ ਤੇ ਫਿਰ ਪਤਾ ਨਹੀਂ ਕਦ ਫੋਨ ਕੱਟ ਗਿਆ।
ਮੈਂ ਬੈਠੀ ਰਹੀ। ਮੈਨੂੰ ਜਾਪਿਆ, ਮੇਰੇ ਕੰਨ ਬੰਦ ਹੋ ਗਏ ਹਨ। ਮੈਂ ਬੋਲੀ ਹੋ ਗਈ ਹਾਂ। ਫਿਰ ਮੇਰਾ ਚਿੱਤ ਭੈੜਾ ਹੋਣ ਲੱਗਾ। ਮਿਹਦਾ ਭਾਰੀ ਜਿਹਾ ਹੋ ਗਿਆ। ਉਲਟੀ ਆਉਣ ਲੱਗੀ। ਮੈਂ ਬਾਥਰੂਮ ਚਲੀ ਗਈ। ਸੁੱਕੇ ਵੱਤ ਆਏ, ਅੰਦਰੋਂ ਕੁਛ ਨਾ ਨਿਕਲਿਆ।
ਪਹਿਲਾਂ ਵੀ ਇਸ ਤਰ੍ਹਾਂ ਮਹਿਸੂਸ ਹੋਇਆ ਸੀ ਪਰ ਅੱਜ ਤਾਂ ਬੁਰਾ ਹਾਲ ਸੀ। ਕਈ ਦਿਨਾਂ ਤੋਂ ਥੱਕੀ-ਥੱਕੀ ਮਹਿਸੂਸ ਕਰ ਰਹੀ ਸਾਂ। ਸੋਚਿਆ, ਮਨ ਠੀਕ ਨਹੀਂ ਤਾਂ ਹੋ ਰਿਹਾ ਹੈ। ਤੇ ਇੱਕ ਨਵੀਂ ਗੱਲ ਮੈਂ ਹੋਰ ਮਹਿਸੂਸ ਕੀਤੀ, ਜਿਵੇਂ ਮੇਰੇ ਨੱਕ ਦੀ ਸੁੰਘਣ ਸ਼ਕਤੀ ਵਧ ਗਈ ਹੋਵੇ। ਹਰ ਚੀਜ਼ ਵਿਚੋਂ ਬਹੁਤ ਹੀ ਤੇਜ਼ ਗੰਧ ਆਉਂਦੀ ਹੋਵੇ। ਇੱਕ ਹੋਰ ਗੱਲ ਮੈਂ ਮਹਿਸੂਸ ਕਰ ਰਹੀ ਸਾਂ, ਜਿਵੇਂ ਮੇਰੀਆਂ ਛਾਤੀਆਂ ਕਦੇ ਭਾਰੀ-ਭਾਰੀ ਤੇ ਸਖਤ ਹੋ ਜਾਂਦੀਆਂ ਹਨ ਤੇ ਕਦੇ ਹੌਲੀਆਂ-ਹੌਲੀਆਂ ਤੇ ਨਰਮ ਹੋ ਜਾਂਦੀਆਂ ਹਨ। ਡਾਕਟਰ ਦੇ ਚਲੀ ਗਈ। ਉਸ ਨੇ ਮੇਰੇ ਮਨ ਦੇ ਵਹਿਮ ਨੂੰ ਸੱਚ ‘ਚ ਬਦਲ ਦਿੱਤਾ। ਘਰ ਆ ਗਈ। ਘਰ ਖਾਣ ਨੂੰ ਆਉਣ ਲੱਗਾ। ਕਿਸ ਨਾਲ ਗੱਲ ਕਰਾਂ? ਕਿਸ ਦੇ ਗਲ ਲੱਗ ਰੋਵਾਂ? ਬੈਠੀ-ਬੈਠੀ ਨੂੰ ਬਹੁਤ ਜ਼ੋਰ ਨਾਲ ਉਲਟੀ ਆਈ। ਭੱਜ ਕੇ ਬਾਥਰੂਮ ਗਈ। ਤੇ ਉਥੇ ਹੀ ਨਿਢਾਲ ਹੋ ਕੇ ਬੈਠ ਗਈ। ਜੋਤ ਦੀਆਂ ਕਹੀਆਂ ਗੱਲਾਂ ‘ਚੋਂ ਜਿਹੜੇ ਸ਼ਬਦ ਮੈਨੂੰ ਲਹੂ-ਲੁਹਾਣ ਕਰ ਗਏ ਸਨ, ਉਹ ਮੁੜ ਯਾਦ ਆ ਗਏ, “ਮੈਂ…ਤੇਰੇ ਨਾਲ ਨਹੀਂ ਰਹਿ ਸਕਦਾ, ਤੂੰ ਕੌੜੀ ਵੇਲ ਦਾ ਕੌੜਾ ਫਲ।” ਮੇਰੀਆਂ ਭੁੱਬਾਂ ਨਿਕਲ ਗਈਆਂ। ਤੇ ਹੱਥ ਢਿੱਡ ‘ਤੇ ਫਿਰਨ ਲੱਗੇ।
ਸੋਚ ਉਡਾਰੀ ਭਰ ਗਈ, ਜਾਪਣ ਲੱਗਾ, ਦੂਰ ਰੋਹੀ ਬੀਆਬਾਨ ‘ਚ ਇੱਕ ਸੁੰਨੇ ਜਿਹੇ ਬੂਟੇ ਦੀ ਟੀਸੀ ‘ਤੇ ਡੋਡੀ ਬਣੀ ਹੋਈ ਹੈ। ਉਹ ਖਿੜ ਕੇ ਫੁੱਲ ਬਣਨ ਵਾਲੀ ਹੈ। ਦੋ ਹੱਥ ਉਸ ਵੱਲ ਵਧ ਰਹੇ ਹਨ। ਉਨ੍ਹਾਂ ਦਾ ਰੰਗ ਭੂਰਾ ਜਿਹਾ ਹੈ, ਉਂਗਲਾਂ ‘ਚ ਪਾਏ ਸੋਨੇ ਦੇ ਛਾਪਾਂ-ਛੱਲੇ ਚਮਕ ਰਹੇ ਹਨ। ਦੇਖਦੇ-ਦੇਖਦੇ ਉਹ ਹੱਥ ਮੇਰੀ ਮਾਂ ਦੇ ਬਣ ਗਏ ਤੇ ਡੋਡੀ ਨੂੰ ਤੋੜਨ ਲੱਗੇ। ਮੈਨੂੰ ਬਹੁਤ ਗੁੱਸਾ ਆਇਆ, ਐਨਾ ਕਿ ਜਦ ਮੈਂ ਕਚੀਚੀ ਲਈ ਤਾਂ ਮੇਰੇ ਦੰਦ ਭੁਰ ਗਏ ਤੇ ਮੈਂ ਉਨ੍ਹਾਂ ਹੱਥਾਂ ਨੂੰ ਜ਼ੋਰ ਦਾ ਝਟਕਾ ਮਾਰ ਕੇ ਪਰ੍ਹਾਂ ਕਰ ਦਿੱਤਾ। ਥੋੜ੍ਹੇ ਚਿਰ ਮਗਰੋਂ ਫਿਰ ਦੋ ਹੋਰ ਹੱਥ ਡੋਡੀ ਵੱਲ ਵਧਣ ਲੱਗੇ, ਮੈਂ ਡਰ ਤੇ ਗੁੱਸੇ ਨਾਲ ਕੰਬਣ ਲੱਗ ਪਈ। ਉਨ੍ਹਾਂ ਹੱਥਾਂ ਦਾ ਰੰਗ ਗੋਰਾ ਸੀ ਤੇ ਖੁਰਦਰੇ ਜਿਹੇ ਸਨ, ਜਾਪਦਾ ਸੀ, ਉਹ ਹੱਥ ਕਿਸੇ ਮਰਦ ਦੇ ਹਨ। ਹੌਲੀ-ਹੌਲੀ ਉਹ ਡੋਡੀ ਕੋਲ ਗਏ, ਤੇ ਫਿਰ ਉਸ ਦੇ ਦੁਆਲੇ ਵਾੜ ਬਣ ਗਏ।
ਉਸ ਵੇਲੇ ਮੈਂ ਕਿਸੇ ਮਰਦ ਦੀ ਹਿੱਕ ਨਾਲ ਲੱਗੀ ਹੋਈ ਸਾਂ। ਸਿਸਕੀਆਂ ਭਰ ਰਹੀ ਸਾਂ ਤੇ ਉਹ ਮੇਰੀਆਂ ਅੱਖਾਂ ਪੂੰਝਦਾ ਕੋਈ ਲੋਰੀ ਵਰਗਾ ਗਾਣਾ ਗਾ ਰਿਹਾ ਸੀ। ਮੇਰੇ ਮਨ ਦੀਆਂ ਤਰੰਗਾਂ ਮੈਨੂੰ ਦੱਸਣ ਲੱਗੀਆਂ ਕਿ ਤੂੰ ਇਸੇ ਦੀ ਅੰਸ ਹੈਂ।