ਸਿੱਖ ਇਤਿਹਾਸ, ਦਸਮ ਗ੍ਰੰਥ ਅਤੇ ਵਿਦਵਾਨ

ਸੰਪਾਦਕ ਜੀ,
‘ਪੰਜਾਬ ਟਾਈਮਜ਼’ ਦੇ 23 ਮਾਰਚ 2019 ਦੇ ਅੰਕ ਵਿਚ ਛਪੇ ਸ਼ ਕਸ਼ਮੀਰਾ ਸਿੰਘ ਦੇ ਲੇਖ ਸਬੰਧੀ ਕੁਝ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ। ਪਹਿਲੀ ਗੱਲ, ਗੁਰੂ ਦੇ ਸਬੰਧ ਵਿਚ ਕਿ ਗੁਰੂ ਕੌਣ ਹੈ ਅਤੇ ਉਸ ਦੀ ਹਸਤੀ ਕੀ ਹੈ? ਸੰਨ 1539 ਵਿਚ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਚੋਲਾ ਬਦਲਿਆ, ਉਸ ਵੇਲੇ ਗੁਰੂ ਅੰਗਦ ਦੇਵ ਦੀ ਉਮਰ 35 ਸਾਲ, ਗੁਰੂ ਅਮਰ ਦਾਸ ਦੀ 60 ਸਾਲ ਅਤੇ ਗੁਰੂ ਰਾਮ ਦਾਸ ਦੀ ਉਮਰ 5 ਸਾਲ ਸੀ।

ਸੰਨ 1552 ਵਿਚ ਗੁਰੂ ਅਮਰ ਦਾਸ 73 ਸਾਲ ਅਤੇ ਗੁਰੂ ਰਾਮ ਦਾਸ ਜੀ 18 ਸਾਲ ਦੇ ਸਨ। 1574 ਵਿਚ ਗੁਰੂ ਰਾਮ ਦਾਸ 40 ਸਾਲ ਅਤੇ ਗੁਰੂ ਅਰਜਨ ਦੇਵ 11 ਸਾਲ ਦੇ ਸਨ। 1644 ਵਿਚ ਗੁਰੂ ਹਰਿ ਰਾਏ 14 ਸਾਲ ਅਤੇ ਗੁਰੂ ਤੇਗ ਬਹਾਦਰ 23 ਸਾਲ ਦੇ ਸਨ। 1661 ਵਿਚ ਗੁਰੂ ਹਰਿ ਕ੍ਰਿਸ਼ਨ 5 ਸਾਲ ਅਤੇ ਗੁਰੂ ਤੇਗ ਬਹਾਦਰ 40 ਸਾਲ ਦੇ ਸਨ।
ਸੋ, ਜਿਸ ਵਿਚ ਗੁਰੂ ਜੋਤ ਪ੍ਰਗਟ ਹੋਈ, ਸੋ ਗੁਰੂ ਹੋਇਆ, ਸਰੀਰ ਗੁਰੂ ਨਹੀਂ, ਜੋਤ ਗੁਰੂ ਹੈ।
ਦੂਜੀ ਗੱਲ, ਜਪੁ ਜੀ ਵਿਚ ਕਿਹਾ ਗਿਆ ਹੈ, ਏਕਾ ਮਾਰੀ ਜੁਗਤਿ ਬਿਆਈ ਤਿਨਿ ਚੇਲੇ ਪਰਵਾਣ॥
ਅਤੇ ਅਨੰਦ ਸਾਹਿਬ ਵਿਚ ਲਿਖਿਆ ਹੈ,
ਸ਼ਿਵ ਸਕਤਿ ਆਪਿ ਉਪਾਇਕੈ
ਕਰਤਾ ਆਪ ਹੁਕਮਨ ਵਰਤਾਏ॥
ਸੋ ਸ਼ਿਵ, ਸ਼ਕਤੀ, ਬਰਮਾ ਅਤੇ ਵਿਸ਼ਨੂ ਕੋਈ ਸਾਧਾਰਨ ਹਸਤੀ ਨਾ ਹੋ ਕੇ, ਨਿਰੰਕਾਰ ਦੇ ਪੈਦਾ ਕੀਤੇ ਅਤੇ ਉਸ ਦੇ ਜਿੰਮੇਵਾਰ ਪ੍ਰਤੀਨਿਧ ਹਨ। ਜੇ ਇਕ ਸਾਧਾਰਨ ਅਫਸਰ ਦੀ ਕੋਈ ਹਸਤੀ ਹੈ, ਤਾਕਤ ਹੈ ਤਾਂ ਉਨ੍ਹਾਂ ਦੀ ਵੀ ਬਹੁਤ ਵੱਡੀ ਹਸਤੀ ਅਤੇ ਸਮਰੱਥਾ ਹੈ। ਅਸੀਂ ਮਾਇਆ ਅਧੀਨ ਵਿਅਕਤੀ ਉਨ੍ਹਾਂ ਦੇ ਸਾਹਮਣੇ ਕੀ ਹਸਤੀ ਰੱਖਦੇ ਹਾਂ? ਜੇ ਅਸੀਂ ਮਾਤਾ-ਪਿਤਾ ਦਾ ਸਤਿਕਾਰ ਕਰਦੇ ਹਾਂ ਅਤੇ ਸ਼ਰਮ ਨਹੀਂ ਮੰਨਦੇ, ਤੇ ਇਹ ਤਾਂ ਉਨ੍ਹਾਂ ਨੂੰ ਪੈਦਾ ਕਰਨ ਵਾਲੇ ਅਤੇ ਪਾਲਣ ਵਾਲੇ ਹਨ। ਕੀ ਸਾਨੂੰ ਉਨ੍ਹਾਂ ਦਾ ਸਤਿਕਾਰ ਅਤੇ ਉਸਤਤ ਨਹੀਂ ਕਰਨੀ ਚਾਹੀਦੀ ਜਾਂ ਸ਼ਰਮ ਕਿਉਂ?
ਤੀਜੀ ਗੱਲ, ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ਕੀ ਅਜਿਹਾ ਸਿਰਫ 500-600 ਸਾਲ ਤੋਂ ਹੀ ਹੈ, ਉਸ ਤੋਂ ਪਹਿਲਾਂ ਨਹੀਂ ਸੀ? ਕੁਝ ਤਾਂ ਵਿਚਾਰ ਲੈਣਾ ਚਾਹੀਦਾ ਸੀ। ਕੀ ਸੱਚ ਸਿਰਫ ਸਿੱਖ ਮਤ ਵਿਚ ਹੀ ਹੈ, ਬਾਕੀ ਸਬ ਝੂਠ ਹੈ। ਜੇ ਐਸਾ ਹੈ ਤਾਂ ਬਾਕੀ 6 ਅਰਬ ਲੋਕਾਂ ਦਾ ਕੀ ਬਣੂੰ? ਉਨ੍ਹਾਂ ਨੂੰ ਤਾਂ ਸਿੱਖ ਧਰਮ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੈ। ਇਕ ਪਾਸੇ ਤਾਂ ਕਹਿੰਦੇ ਹੋ ਕਿ ਸਿੱਖ ਧਰਮ ਸੰਸਾਰ ਲਈ ਹੈ, ਤੇ ਦੂਜੇ ਪਾਸੇ ਇਸ ਨੂੰ ਕੱਟੜ ਅਤੇ ਸੀਮਤ ਬਣਾ ਰਹੇ ਹੋ। ਸੱਚ ਕੀ ਹੈ?
ਅਗਲੀ ਗੱਲ ਦਸਮ ਗ੍ਰੰਥ ਬਾਰੇ। ਜੋ ਵੀ ਪ੍ਰਾਣੀ ਅੰਮ੍ਰਿਤ ਛਕਦਾ ਹੈ, ਪੰਜ ਬਾਣੀਆਂ ਦੇ ਜਾਪ ਨਾਲ ਤਿਆਰ ਹੁੰਦਾ ਹੈ ਤੇ ਇਸ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ। ਸੋ, ਜੇ ਦਸਮ ਗ੍ਰੰਥ ਝੂਠਾ ਹੈ ਤਾਂ ਜਾਪ, ਸਵਈਏ ਅਤੇ ਚੌਪਈ ਵੀ ਝੂਠੇ ਹੋ ਗਏ ਅਤੇ ਅੰਮ੍ਰਿਤ ਵੀ ਝੂਠਾ! ਫਿਰ ਸਿੱਖਾਂ ਦੇ ਪੱਲੇ ਕੀ ਰਹਿ ਗਿਆ? ਸੋ, ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਵਿਦਵਾਨਾਂ ਨੂੰ ਖੋਜ ਕਰਕੇ ਹੀ ਬੋਲਣਾ ਚਾਹੀਦਾ ਹੈ। ਜੇ ਸਿਰਫ 500 ਸਾਲ ਦੇ ਇਤਿਹਾਸ ਵਿਚੋਂ ਹਜ਼ਾਰਾਂ ਵਿਦਵਾਨ ਖੋਜ ਨਹੀਂ ਕਰ ਸਕਦੇ ਤਾਂ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਆਖਰੀ ਗੱਲ, ਗੁਰੂ ਦੇ ਹੱਕ ਵਿਚ ਭੁਗਤਣਾ ਚਾਹੀਦਾ ਹੈ, ਨਾ ਕਿ ਗੁਰੂ ਨੂੰ ਆਪਣੇ ਹੱਕ ਵਿਚ ਭੁਗਤਾਉਣ ਦਾ ਜਤਨ ਕਰਨਾ ਚਾਹੀਦਾ ਹੈ।
-ਸੇਵਕ ਸਿੰਘ ਕੋਟਕਪੂਰਾ
ਫੋਨ: 661-444-3657