ਸੰਸਾਰ ਵਿਚ ਸਭ ਤੋਂ ਵੱਧ ਸਫਾਈ ਵਾਲਾ ਮੁਲਕ ਸਿੰਘਾਪੁਰ

ਲੰਡਨ ਵੱਸਦਾ ਰਣਜੀਤ ਧੀਰ 1966 ਵਿਚ ਇੰਗਲੈਂਡ ਪੁੱਜਣ ਤੋਂ ਪਹਿਲਾਂ ਮੁਕਤਸਰ ਦੇ ਸਰਕਾਰੀ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਂਦਾ ਹੁੰਦਾ ਸੀ। ਪਿਛਲੇ 35 ਵਰ੍ਹਿਆਂ ਦੌਰਾਨ ਉਹ ਲੰਡਨ ਦੀ ਈਲਿੰਗ ਕੌਂਸਲ ਦੀ ਸਿਆਸਤ ਵਿਚ ਖੂਬ ਸਰਗਰਮ ਰਿਹਾ ਅਤੇ ਉਹ ਕੈਬਨਿਟ ਮੈਂਬਰ ਤੇ ਮੇਅਰ ਦੇ ਅਹੁਦੇ ਸੰਭਾਲ ਚੁਕਾ ਹੈ। ਘੁੰਮਣ-ਫਿਰਨ ਦਾ ਸ਼ੌਕੀਨ ਰਣਜੀਤ ਧੀਰ ‘ਵਤਨੋਂ ਦੂਰ’, ‘ਪਰਦੇਸਨਾਮਾ’ ਅਤੇ ‘ਸਾਊਥਾਲ ਦਾ ਸੂਰਜ’ ਕਿਤਾਬਾਂ ਛਪਵਾ ਚੁਕਾ ਹੈ। ਹੁਣੇ-ਹੁਣੇ ਉਸ ਦੀ ਚੌਥੀ ਕਿਤਾਬ ‘ਜੇਰੂਸੱਲਮ ਅਜੇ ਦੂਰ ਹੈ’ ਛਪੀ ਹੈ। ਇਸ ਸਫਰਨਾਮੇ ਦਾ ਇਕ ਕਾਂਡ ਅਸੀਂ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ, ਜਿਸ ਵਿਚ ਸਿੰਘਾਪੁਰ ਬਾਰੇ ਚਰਚਾ ਕੀਤੀ ਗਈ ਹੈ।

-ਸੰਪਾਦਕ

ਰਣਜੀਤ ਧੀਰ
1999 ਵਿਚ ਚੀਨ ਅਤੇ ਹਾਂਗਕਾਂਗ ਜਾਣ ਤੋਂ ਬਾਅਦ ਅਸੀਂ ਦੂਰ ਪੂਰਬੀ ਖਿੱਤੇ ਦੇ ਕਿਸੇ ਮੁਲਕ ਵਿਚ ਨਹੀਂ ਜਾ ਸਕੇ। ਜਾਪਾਨ, ਥਾਈਲੈਂਡ, ਇੰਡੋਨੇਸ਼ੀਆ ਤੋਂ ਆਸਟਰੇਲੀਆ ਤੀਕ ਬਹੁਤ ਮੁਲਕ ਹਨ, ਜਿਥੇ ਵੇਖਣ-ਸਮਝਣ ਲਈ ਪੁਰਾਤਨ ਸੰਸਕ੍ਰਿਤੀਆਂ ਅਤੇ ਇਤਿਹਾਸਕ ਥਾਂਵਾਂ ਹਨ।
ਪਹਿਲੀ ਮੁਸ਼ਕਿਲ ਤਾਂ ਇਹ ਹੈ ਕਿ ਇਹ ਮੁਲਕ ਬਰਤਾਨੀਆ ਤੋਂ ਬਹੁਤ ਦੂਰ ਹਨ। ਆਸਟਰੇਲੀਆ ਨੂੰ 26 ਘੰਟਿਆਂ ਦੀ ਫਲਾਈਟ। ਰਾਹ ਵਿਚ ਪੜਾਅ ਕਰਨਾ ਪੈਂਦਾ ਹੈ, ਲੰਡਨ ਤੋਂ ਸਿੰਘਾਪੁਰ ਜਾਂ ਬੈਂਕਾਕ ਨੂੰ ਤੇਰਾਂ ਘੰਟੇ ਦੀ ਫਲਾਈਟ। ਬੰਦਾ ਜਹਾਜ ਵਿਚ ਬੈਠਾ ਬੁੱਢਾ ਹੋ ਜਾਂਦਾ ਹੈ। ਇਸ ਤੋਂ ਬਿਨਾ ਆਸਟਰੇਲੀਆ ਬਾਰੇ ਕਈ ਸ਼ੰਕੇ ਹੋਰ ਵੀ ਸਨ ਕਿ ਗਰਮੀਆਂ ਵਿਚ ਕੀੜੇ-ਮਕੌੜੇ, ਕਿਰਲੀਆਂ ਅਤੇ ਸੱਪਾਂ ਨਾਲ ਵੀ ਚੰਗਾ ਸਾਹਮਣਾ ਹੁੰਦਾ ਹੈ। ਅਸੀਂ ਸੋਚਦੇ, ਆਸਟਰੇਲੀਆ ਦੀਆਂ ਸਰਦੀਆਂ ਵਾਲੇ ਜੂਨ ਤੋਂ ਅਗਸਤ ਮਹੀਨਿਆਂ ਵਿਚ ਜਾਵਾਂਗੇ।
ਇਸ ਤਰ੍ਹਾਂ ਦੀ ਜੱਦੋਜਹਿਦ ਵਿਚ ਹੀ ਸਾਲ ਤੁਰ ਜਾਂਦੇ, ਪਰ 2007 ਵਿਚ ਆਸਟਰੇਲੀਆ ਰਹਿੰਦੇ ਬਲਰਾਜ ਸੰਘਾ ਹੁਰੀਂ ਲੰਡਨ ਆਏ ਤਾਂ ਉਹ ਸਾਡੇ ਗਵਾਂਢੀ ਹਰਦੀਪ ਦੂਹਰੇ ਨੂੰ ਨਾਲ ਲੈ ਕੇ ਮੈਨੂੰ ਮਿਲਣ ਆਏ। ਚਾਹ ਪੀਂਦਿਆਂ ਅਸੀਂ ਬਹੁਤ ਗੱਲਾਂ ਕੀਤੀਆਂ। ਮੈਂ ਆਪਣੇ ਮਨ ਦੀ ਗੱਲ ਖੋਲ੍ਹੀ ਕਿ ਆਸਟਰੇਲੀਆ ਆਉਣ ਨੂੰ ਜੀਅ ਤਾਂ ਬਹੁਤ ਕਰਦਾ ਪਰ ਲੰਮੀਆਂ ਫਲਾਈਟਾਂ ਤੋਂ ਡਰ ਵੀ ਲਗਦੈ!
ਬਲਰਾਜ ਹੁਰੀਂ ਹੱਸ ਕੇ ਕਹਿਣ ਲੱਗੇ, “ਲਉ ਸਾਰੀ ਦੁਨੀਆਂ ਤੁਰੀ ਫਿਰਦੀ ਐ। ਡਰ ਕਾਹਦਾ! ਤੁਸੀਂ ਜ਼ਰੂਰ ਆਉ, ਤੁਹਾਨੂੰ ਅਸੀਂ ਸੈਰ ਕਰਾਵਾਂਗੇ।” ਬਲਰਾਜ ਹੁਰਾਂ ਨਾਲ ਕਿਤੇ-ਕਿਤੇ ਫੋਨ ‘ਤੇ ਗੱਲਬਾਤ ਹੁੰਦੀ ਰਹੀ ਅਤੇ ਅਖੀਰ ਅਸੀਂ ਟਰੈਵਲ ਕੰਪਨੀ ਰਾਹੀਂ ਅਗਸਤ ਦਾ ਪ੍ਰੋਗਰਾਮ ਬੁੱਕ ਕਰ ਦਿੱਤਾ। ਲੰਡਨੋਂ ਚੱਲ ਕੇ ਸਿੰਘਾਪੁਰ ਕੁਝ ਦਿਨ ਰੁਕਾਂਗੇ। ਅੱਗੇ ਆਸਟਰੇਲੀਆ, ਨਿਊਜ਼ੀਲੈਂਡ ਅਤੇ ਥਾਈਲੈਂਡ ਵੀ ਜਾਵਾਂਗੇ। ਬੁਕਿੰਗ ਛੇ ਮਹੀਨੇ ਪਹਿਲਾਂ ਹੀ ਕਰ ਲਈ ਤੇ ਮੁੜ ਕੇ ਮਸੀਂ ਛੇ ਮਹੀਨੇ ਲੰਘੇ ਤੇ ਅਗਸਤ ਦਾ ਉਹ ਦਿਨ ਵੀ ਆ ਅੱਪੜਿਆ ਜਦ ਅਸੀਂ ਤੇਰਾਂ ਘੰਟੇ ਦੀ ਫਲਾਈਟ ਮਗਰੋਂ ਸਿੰਘਾਪੁਰ ਜਾ ਪਹੁੰਚੇ। ਸਮਾਨ ਟਰਾਲੀ ਵਿਚ ਟਿਕਾਈ ਅਸੀਂ ਬਾਹਰ ਨਿਕਲੇ ਹੀ ਸਾਂ ਕਿ ਸਾਡੀ ਟਰੈਵਲ ਕੰਪਨੀ ਦੀ ਸਥਾਨਕ ਬੀਬੀ ਨੇ ਸਾਨੂੰ ਆ ਫਤਿਹ ਬੁਲਾਈ।
ਵੇਖ ਲਉ, ਲੰਡਨੋਂ ਅਸੀਂ ਪਿਛਲੀ ਰਾਤ ਤੁਰੇ ਸਾਂ, ਸਿੰਘਾਪੁਰ ਪਹੁੰਚਣ ਤੀਕ ਉਥੇ ਅਗਲੇ ਦਿਨ ਦੀ ਸ਼ਾਮ ਹੋ ਚੁਕੀ ਸੀ। ਸਫਰ ਦੇ ਭੰਨੇ। ਸਾਰੇ ਰਾਹ ਜਹਾਜ ਹਝੋਕੇ ਮਾਰਦਾ ਆਇਆ ਸੀ। ਡਰ ਵੀ ਲੱਗੇ ਕਿ ਬਾਬਾ ਭਲੀ ਕਰੇ! ਖੈਰ, ਅੱਪੜ ਗਏ।
ਸਾਡੇ ਨਾਲ ਕਈ ਹੋਰ ਮੁਸਾਫਿਰ ਵੀ ਸਨ, ਜੋ ਇਸੇ ਕੰਪਨੀ ਨਾਲ ਸਨ। ਬਾਹਰ ਅਸੀਂ ਮਿਨੀ-ਬੱਸ ਵਿਚ ਬੈਠੇ ਤਾਂ ਸਿੰਘਾਪੁਰ ਦੀ ਹੁੰਮਸ ਭਰੀ ਗਰਮੀ ਦਾ ਅਹਿਸਾਸ ਹੋਇਆ ਪਰ ਕੋਚ ਅੰਦਰ ਵੜਦਿਆਂ ਹੀ ਏਅਰ-ਕੰਡੀਸ਼ਨਿੰਗ ਦਾ ਸੁਖ ਸੀ। ਏਅਰਪੋਰਟ ਤੋਂ ਹੋਟਲ ਤੀਕ ਘੰਟੇ ਕੁ ਦੇ ਸਫਰ ‘ਚ ਪਤਾ ਲੱਗ ਗਿਆ ਕਿ ਸਿੰਘਾਪੁਰ ਕਿੰਨਾ ਖੂਬਸੂਰਤ ਸ਼ਹਿਰ ਹੈ। ਸੜਕਾਂ ਦੇ ਆਸੇ-ਪਾਸੇ ਤੇ ਵਿਚਾਲੇ ਹਰੇ-ਭਰੇ ਰੁੱਖ, ਝਾੜੀਆਂ ਤੇ ਰੰਗ-ਬਰੰਗੇ ਫੁੱਲ। ਬਾ-ਤਰਤੀਬ ਟਰੈਫਿਕ ਅਤੇ ਸੋਹਣੀਆਂ ਸੜਕਾਂ। ਕੰਪਨੀ ਦੀ ਬੀਬੀ ਨੇ ਸਭ ਨੂੰ ਜੀ ਆਇਆਂ ਆਖ ਚੰਗੇ ਗਾਈਡ ਵਾਂਗ ਸਿੰਘਾਪੁਰ ਬਾਰੇ ਮੁਢਲੀ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ।
ਸਿੰਘਾਪੁਰ 224 ਵਰਗ ਮੀਲ ਦਾ ਛੋਟਾ ਜਿਹਾ ਟਾਪੂ ਹੈ, ਜੋ ਪੁਲ ਰਾਹੀਂ ਮਲਾਇਆ ਦੀ ਧਰਤੀ ਨਾਲ ਜੁੜਦਾ ਹੈ। ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਭਾਰਤ ਵਿਚ ਹਾਕਮ, ਈਸਟ ਇੰਡੀਆ ਕੰਪਨੀ ਨੇ ਸੰਧੀ ਕਰਕੇ ਜੋਹੋਰ ਦੇ ਸੁਲਤਾਨ ਤੋਂ ਇਹ ਟਾਪੂ ਖਰੀਦ ਲਿਆ। ਇਸ ਸਮਝੌਤੇ ਮੁਤਾਬਕ ਸਟੈਮਫੋਰਡ ਰੈਫਲਜ਼ ਨਾਂ ਦਾ ਪਹਿਲਾ ਅੰਗਰੇਜ਼ ਅਧਿਕਾਰੀ ਸੀ, ਜਿਸ ਨੇ ਇਥੇ ਪਹੁੰਚ ਕੇ ਸਿੰਘਾਪੁਰ ਵਸਾਇਆ। ਸਮਝੌਤੇ ਅਨੁਸਾਰ ਸਿੰਘਾਪੁਰ ਨਾਲ ਪੈਂਦਾ ਦਸਾਂ ਮੀਲਾਂ ਦਾ ਇਲਾਕਾ ਈਸਟ ਇੰਡੀਆ ਕੰਪਨੀ ਦੀ ਮਲਕੀਅਤ ਹੋ ਗਿਆ। ਮਗਰੋਂ ਕੰਪਨੀ ਨੇ ਪੀਨਾਂਗ ਅਤੇ ਮਲਾਕਾ ਦੇ ਇਲਾਕੇ ਵੀ ਖਰੀਦ ਲਏ ਜਾਂ ਮੱਲ ਲਏ। ਉਦੋਂ ਅੰਗਰੇਜ਼ਾਂ ਦੀ ਚੜ੍ਹਤ ਸੀ। ਕੋਈ ਪੁੱਛਣ ਵਾਲਾ ਨਹੀਂ ਸੀ। ਸਥਾਨਕ ਰਾਜੇ ਨਿਕੰਮੇ ਅਤੇ ਅੱਯਾਸ਼ ਸਨ।
ਇਸ ਸਾਰੇ ਇਲਾਕੇ ਨੂੰ ‘ਸਟਰੇਟਸ ਸੈਟਲਮੈਂਟਸ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ (ਇਸ ਇਲਾਕੇ ਵਿਚ ਦੱਖਣੀ-ਪੂਰਬੀ ਏਸ਼ੀਆ ਨਾਲ ਸਬੰਧਤ ਉਹ ਸਾਰਾ ਇਲਾਕਾ ਸ਼ਾਮਿਲ ਸੀ, ਜੋ ਅੰਗਰੇਜ਼ਾਂ ਵਲੋਂ ਕੰਟਰੋਲ ਕੀਤਾ ਜਾਂਦਾ ਸੀ)। ਕੰਪਨੀ ਦਾ ਭਾਰਤ ਵਿਚਲਾ ਗਵਰਨਰ ਜਨਰਲ ਇਸ ਇਲਾਕੇ ਦਾ ਵੀ ਮੁਖੀ ਸੀ। 1869 ਵਿਚ ਭਾਰਤ ਵਾਂਗ ਇਹ ਇਲਾਕਾ ਵੀ ਕੰਪਨੀ ਕੋਲੋਂ ਲੈ ਕੇ ਬਰਤਾਨਵੀ ਸਾਮਰਾਜ ਦਾ ਹਿੱਸਾ ਬਣ ਗਿਆ।
ਸਿੰਘਾਪੁਰ ਨੂੰ ਆਜ਼ਾਦੀ ਭਾਰਤ ਤੋਂ ਬਾਅਦ ਮਿਲੀ। ਕੁਝ ਸਾਲ ਮਲਾਇਆ ਨਾਲ ਫੈਡਰੇਸ਼ਨ ਬਣਾ ਕੇ ਦੋਨੋਂ ਦੇਸ਼ ‘ਮਲੇਸ਼ੀਆ’ ਬਣ ਗਏ ਪਰ ਇਹ ਫੈਡਰੇਸ਼ਨ ਕਾਮਯਾਬ ਨਾ ਹੋਈ। 1965 ਮਗਰੋਂ ਕਰੀਬ 20 ਸਾਲ ਲੀ ਕੁਆਂ ਯੀਅ ਪ੍ਰਧਾਨ ਮੰਤਰੀ ਰਿਹਾ ਅਤੇ ਉਹਦੀਆਂ ਪਾਲਿਸੀਆਂ ਨਾਲ ਸਿੰਘਾਪੁਰ ਨੇ ਹੈਰਾਨਕੁਨ ਤਰੱਕੀ ਕੀਤੀ।
20-25 ਸਾਲ ਪਹਿਲਾਂ ਸੁਣਦੇ ਹੁੰਦੇ ਸੀ ਕਿ ਸਿੰਘਾਪੁਰ ਵਿਚ ਸੜਕਾਂ ‘ਤੇ ਥੁੱਕਣ ਵਾਲਿਆਂ ਨੂੰ ਮੌਕੇ ‘ਤੇ ਹੀ ਜੁਰਮਾਨਾ ਕੀਤਾ ਜਾਂਦਾ ਹੈ। ਸਫਾਈ, ਲੋਕਾਂ ਦਾ ਵਧੀਆ ਸਲੀਕਾ। ਟੈਕਸੀ ਵਾਲਾ ਕੋਈ ਮੀਟਰ ਦੀ ਚੋਰੀ ਨਹੀਂ ਕਰਦਾ। ਪਬਲਿਕ ਥਾਂਵਾਂ ‘ਤੇ ਕਿਤੇ ਕੂੜਾ ਨਹੀਂ। ਯੂਰਪ ਵਾਂਗ ਭੈੜੇ-ਭੈੜੇ ਰੰਗਾਂ ਵਿਚ ਭੱਦੀਆਂ ਗਾਹਲਾਂ ਕੰਧਾਂ ਜਾਂ ਬਸ ਸਟਾਪਾਂ ‘ਤੇ ਕਿਤੇ ਨਹੀਂ ਦਿਸਦੀਆਂ।
1869 ਵਿਚ ਸੁਏਜ਼ ਨਹਿਰ ਖੁੱਲ੍ਹਣ ਮਗਰੋਂ ਇਸ ਛੋਟੇ ਜਿਹੇ ਟਾਪੂ ਨੇ ਹਾਂਗਕਾਂਗ ਵਾਂਗ ਹੈਰਾਨਕੁਨ ਆਰਥਕ ਤਰੱਕੀ ਕੀਤੀ। ਹੁਣ ਹਾਂਗਕਾਂਗ ਦੇ ਕਮਿਊਨਿਸਟ ਚੀਨ ਨਾਲ ਸ਼ਾਮਲ ਹੋਣ ਬਾਅਦ ਦੂਰ ਪੂਰਬ ਵਿਚ ਕੌਮਾਂਤਰੀ ਸਰਮਾਏ ਅਤੇ ਤਿਜਾਰਤ ਦਾ ਕੇਂਦਰ ਸਿੰਘਾਪੁਰ ਬਣ ਰਿਹਾ ਹੈ। ਸੰਸਾਰ ਦੀ ਕੁਲ ਬਿਜਨਸ ਕਮਿਊਨਿਟੀ ਚੀਨ ਦੀਆਂ ਨੀਤੀਆਂ ਬਾਰੇ ਸ਼ੱਕੀ ਹੈ। ਇਸ ਨਾਲ ਹੌਲੀ-ਹੌਲੀ ਕੌਮਾਂਤਰੀ ਬਿਜਨਸ ਦਾ ਸਾਰਾ ਤਾਣਾ-ਬਾਣਾ ਇਥੇ ਤਬਦੀਲ ਹੋ ਰਿਹਾ ਹੈ।
ਗਾਈਡ ਬੀਬੀ ਦੀ ਇਸ ਮੁਢਲੀ ਕੁਮੈਂਟਰੀ ਦੌਰਾਨ ਅਸੀਂ ਹੋਟਲ ਪਹੁੰਚ ਗਏ। ਅੱਗੇ ਰਾਤ ਹੋਈ ਪਈ ਸੀ। ਅਸੀਂ ਕਮਰੇ ਵਿਚ ਸਮਾਨ ਟਿਕਾ ਕੇ ਰਾਤ ਦੇ ਖਾਣੇ ਵਾਸਤੇ ਹੇਠਾਂ ਪਹੁੰਚ ਗਏ। ਖਾਣਾ ਵੀ ਕਾਹਦਾ ਸੀ, ਬੱਸ ਸ਼ਾਹੀ ਦਾਅਵਤ ਸਮਝੋ। ਭਾਰਤੀ, ਚੀਨੀ ਅਤੇ ਪੱਛਮੀ ਮੁਲਕਾਂ ਦੇ ਪਕਵਾਨਾਂ ਦਾ ਕੋਈ ਅੰਤ ਨਹੀਂ ਸੀ।
ਖਾਣੇ ਪਿਛੋਂ ਅਸੀਂ ਹੋਟਲ ਤੋਂ ਬਾਹਰ ਨਿਕਲ ਸੈਰ ਕੀਤੀ। ਉਹੀ ਖੂਬਸੂਰਤ ਨਜ਼ਾਰੇ! ਹਰ ਪਾਸੇ ਸੋਹਣੇ ਬਾ-ਤਰਤੀਬ ਰੁੱਖ, ਫੁੱਲਾਂ ਦੀਆਂ ਕਿਆਰੀਆਂ। ਕਾਰਾਂ ਦਾ ਕਿਸੇ ਪਾਸਿਓਂ ਸ਼ੋਰ-ਸ਼ਰਾਬਾ ਨਹੀਂ। ਬਹੁਤੇ ਲੋਕ ਚੀਨੀ, ਭਾਰਤੀ ਜਾਂ ਯੂਰਪੀ। ਯੂਰਪੀ ਬੱਚਿਆਂ ਲਈ ਅੰਗਰੇਜ਼ੀ ਮਾਧਿਅਮ ਸਕੂਲਾਂ ਦੀਆਂ ਬਿਲਡਿੰਗਾਂ।
ਦਿਨ ਭਰ ਦੀ ਗਰਮੀ ਦੀ ਭੜਾਸ ਹਾਲੇ ਵੀ ਮਹਿਸੂਸ ਹੁੰਦੀ ਸੀ ਪਰ ਵੇਖਦਿਆਂ-ਵੇਖਦਿਆਂ ਬੱਦਲ ਗੱਜਣ ਲੱਗੇ ਤੇ ਬਿਜਲੀ ਚਮਕੇ। ਭਾਰਤ ਵਾਂਗ ਮੋਟੀਆਂ-ਮੋਟੀਆਂ ਕਣੀਆਂ ਵਾਲੀ ਬਰਸਾਤ ਸ਼ੁਰੂ ਹੋ ਗਈ। ਬਹੁਤ ਮੁੱਦਤ ਬਾਅਦ ਇਸ ਤਰ੍ਹਾਂ ਦਾ ਮੀਂਹ ਵੇਖਿਆ ਸੀ। ਅਸੀਂ ਹੋਟਲ ਤੋਂ ਬਹੁਤੀ ਦੂਰ ਨਹੀਂ ਸੀ। ਮੀਂਹ ਵਿਚ ਭਿੱਜਣ ਲੱਗੇ ਪਰ ਇਸ ਤੋਂ ਬਚਣ ਲਈ ਅਸੀਂ ਭੱਜ-ਦੌੜ ਨਹੀਂ ਕੀਤੀ ਸਗੋਂ ਪੂਰੇ ਸਹਿਜ ਨਾਲ ਉਸੇ ਤਰ੍ਹਾਂ ਤੁਰੇ ਆਏ। ਮੀਂਹ ਵਿਚ ਆਪਣੀਆਂ ਫੋਟੋਆਂ ਖਿੱਚੀਆਂ। ਸੁਆਦ ਆ ਗਿਆ! ਯੂਰਪ ਦੀ ਅਤਿ-ਵਿਅਸਤ ਜ਼ਿੰਦਗੀ ਵਿਚੋਂ ਨਿਕਲ ਕੇ ਇਸ ਖੁੱਲ੍ਹੇ ਦੇਸੀ ਮਾਹੌਲ ਵਿਚ ਮਨ ਪ੍ਰਸੰਨ ਹੋਇਆ ਪਿਆ ਸੀ।
ਹੋਟਲ ਵੜਦਿਆਂ ਅਸੀਂ ਚੰਗੇ-ਖਾਸੇ ਭਿੱਜੇ ਹੋਏ ਸਾਂ ਤੇ ਦਰਬਾਨ ਸਾਨੂੰ ਵੇਖ ਕੇ ਹੱਸਣ ਲੱਗੇ। ਅਸੀਂ ਭਿੱਜ ਜ਼ਰੂਰ ਗਏ ਸਾਂ ਪਰ ਖੁਸ਼ ਸਾਂ। ਮੁੱਦਤਾਂ ਬਾਅਦ ਮੋਟੀਆਂ ਕਣੀਆਂ ਦਾ ਛੜਾਕੇਦਾਰ ਮੀਂਹ ਸਾਡੇ ਉਤੇ ਪਿਆ ਸੀ। ਅਗਸਤ ਦਾ ਮਹੀਨਾ ਸੀ। ਇਸ ਕਰਕੇ ਗਰਮੀ ਸੀ ਜਿਸ ਨਾਲ ਅਸੀਂ ਗਿੱਲੇ ਤਾਂ ਜ਼ਰੂਰ ਹੋ ਗਏ ਪਰ ਠੰਢ ਲੱਗਣ ਦਾ ਕੋਈ ਖਤਰਾ ਨਹੀਂ ਸੀ ਸਗੋਂ ਇਸ ਤਰ੍ਹਾਂ ਮੌਨਸੂਨ ਦਾ ਨਜ਼ਾਰਾ ਅਸੀਂ ਲਿਆ ਅਤੇ ਕਈ ਦਹਾਕਿਆਂ ਤੋਂ ਜੁੜਿਆ-ਜੁੜਿਆ ਸਰੀਰ ਖੁੱਲ੍ਹ ਗਿਆ। ਭਾਰਤ ਸਮੇਤ ਸਾਰੇ ਪੂਰਬੀ ਮੁਲਕਾਂ ਵਿਚ ਕੁਦਰਤ ਦੀ ਇਹ ਨਿਆਮਤ ਹੈ। ਧੁੱਪ, ਮੀਂਹ, ਬੱਦਲਾਂ ਦੀ ਗਰਜ ਅਤੇ ਬਿਜਲੀਆਂ ਦੀ ਲਿਸ਼ਕ। ਬੰਦਾ ਕੁਦਰਤ ਨਾਲ ਜੁੜ ਜਾਂਦਾ ਹੈ।

ਹੁਣ ਅਸੀਂ ਸਿੰਘਾਪੁਰ ਦੇ ਸਿਟੀ ਟੂਰ ‘ਤੇ ਜਾਣਾ ਸੀ। ਪੂਰੇ ਚਾਰ ਘੰਟਿਆਂ ਦਾ ਟੂਰ। ਨਾਸ਼ਤੇ ਮਗਰੋਂ ਫਿਰ ਕੰਪਨੀ ਦੀ ਛੋਟੀ ਬੱਸ ਸਾਨੂੰ ਲੈ ਕੇ ਸੈਂਟਰਲ ਬਸ ਸਟੇਸ਼ਨ ‘ਤੇ ਪਹੁੰਚ ਗਈ। ਹਰ ਮੁਲਕ ਵਿਚ ਟੂਰਿਸਟਾਂ ਨੂੰ ਇਸੇ ਤਰ੍ਹਾਂ ਵੱਖ-ਵੱਖ ਹੋਟਲਾਂ ਤੋਂ ਇਕੱਠੇ ਕਰਕੇ ਕੇਂਦਰੀ ਜਗ੍ਹਾ ਤੋਂ ਵੱਡੀ ਕੋਚ ਵਿਚ ਬਿਠਾ ਲਿਆ ਜਾਂਦਾ ਹੈ। ਬੇਸ਼ੱਕ ਗਰਮੀ ਦੇ ਮੌਸਮ ਵਿਚ ਪੱਛਮੀ ਮੁਲਕਾਂ ਤੋਂ ਘੱਟ ਸੈਲਾਨੀ ਆਉਂਦੇ ਹਨ ਪਰ ਸਾਡੀ ਕੋਚ ਖਚਾਖਚ ਭਰੀ ਹੋਈ ਸੀ।
ਬਾਹਰ ਸੂਰਜ ਤਪ ਰਿਹਾ ਸੀ। ਸਿਰ ‘ਤੇ ਤਿੱਖੀ ਚੋਭ ਮਹਿਸੂਸ ਹੁੰਦੀ ਸੀ ਪਰ ਧੁੱਪ ਸੋਹਣੀ ਲੱਗਦੀ ਸੀ। ਯੂਰਪ ਵਿਚ ਰਹਿੰਦਿਆਂ ਇਹੋ ਜਿਹੀ ਧੁੱਪ ਮਿਲਦੀ ਨਹੀਂ ਅਤੇ ਲੋਕਾਂ ਦੇ ਹੱਡ ਗੋਡੇ ਉਮਰਾਂ ਤੋਂ ਪਹਿਲਾਂ ਹੀ ਤਿੜਕ ਜਾਂਦੇ ਹਨ।
ਸਾਡਾ ਟੂਰ ਸਿੰਘਾਪੁਰ ਦੇ ਚਿੰਨ੍ਹਕ ‘ਸ਼ੇਰਾਂ’ ਵਾਲੀ ਮੈਰੀਨਾ ਬੇਅ ਤੋਂ ਸ਼ੁਰੂ ਹੋਇਆ। ਇਥੇ ਵੀ ਲੰਡਨ ਵਰਗੀ ‘ਲੰਡਨ ਆਈ’ ਬਣ ਗਈ ਹੈ। ਇਹਦਾ ਨਾਂ ‘ਸਿੰਘਾਪੁਰ ਫਲਾਇਰ’ ਹੈ। ਇਸ ਚੱਕਰ ‘ਤੇ ਚੜ੍ਹ ਕੇ ਸਿੰਘਾਪੁਰ ਦੇ ਮੈਰੀਨਾ ਬੇਅ ਇਲਾਕੇ ਦਾ ਸ਼ਾਨਦਾਰ ਮਾਡਰਨ ਹਿੱਸਾ ਬਹੁਤ ਪ੍ਰਭਾਵਸ਼ਾਲੀ ਦਿਸਦਾ ਹੈ। ਹੇਠਾਂ ਸੱਪ ਵਾਂਗ ਮੇਲਦੀ ਮੋਟਰਵੇਅ ਦਿਸਦੀ ਹੈ, ਜਿਸ ਨੂੰ ਇਥੇ ‘ਫ੍ਰੀਵੇਅ’ ਕਹਿੰਦੇ ਹਨ। ਦੂਰ ਤੀਕ ਹਾਂਗਕਾਂਗ, ਨਿਊ ਯਾਰਕ ਅਤੇ ਟੋਰਾਂਟੋ ਵਾਂਗ ਉਚੀਆਂ ਉਚੀਆਂ ਟਾਵਰ ਬਲਾਕਾਂ ਵਰਗੀਆਂ ਇਮਾਰਤਾਂ। ਇਹੋ ਬਿਲਡਿੰਗਾਂ ਸਿੰਘਾਪੁਰ ਦੀ ਵਧਦੀ ਖੁਸ਼ਹਾਲੀ, ਤਿਜਾਰਤੀ ਚੜ੍ਹਤ ਅਤੇ ਕੌਮਾਂਤਰੀ ਬਿਜਨਸ ਕੇਂਦਰ ਹੋਣ ਦੀ ਗਵਾਹੀ ਭਰਦੀਆਂ ਹਨ।
ਸਿੰਘਾਪੁਰ ਨੂੰ ਹੁਣ ‘ਗੇਟਵੇਅ ਟੂ ਏਸ਼ੀਆ’ ਵੀ ਕਹਿੰਦੇ ਹਨ। ਸੰਸਾਰ ਦੇ ਵੱਡੇ ਬਿਜਨਸ ਅਦਾਰੇ ਇਥੇ ਬੈਠ ਆਪਣਾ ਕਾਰੋਬਾਰ ਮਲੇਸ਼ੀਆ, ਫਿਲੀਪੀਨਜ਼, ਇੰਡੋਨੇਸ਼ੀਆ ਅਤੇ ਦੂਰ ਪੂਰਬੀ ਮੁਲਕਾਂ ਵਿਚ ਚਲਾਉਂਦੇ ਹਨ। ਇਨ੍ਹਾਂ ਨੇ ਟੂਰਿਜ਼ਮ ਬਹੁਤ ਉਨਤ ਕੀਤਾ ਹੈ। ਹੋਟਲਾਂ ਦੀ ਭਰਮਾਰ ਹੈ ਅਤੇ ਹੋਟਲ ਵੀ ਵਧੀਆ। ਅਜਾਇਬ ਘਰ, ਬੋਧੀ ਮੰਦਿਰ, ਗੁਰਦੁਆਰੇ, ਮਸਜਿਦਾਂ ਅਤੇ ਹਿੰਦੂ ਮੰਦਿਰਾਂ ਦੀ ਟੂਰਿਸਟਾਂ ਵਾਸਤੇ ਆਪਣੀ ਅਹਿਮੀਅਤ ਹੈ।
ਚਾਰ ਘੰਟਿਆਂ ਦੇ ਇਸ ਟੂਰ ਵਿਚ ਕੋਚ ਸਾਨੂੰ ਰਾਸ਼ਟਰਪਤੀ ਦੇ ਮਹਿਲ ਤੋਂ ਲੈ ਕੇ ਪੁਰਾਣੀ ਸੁਪਰੀਮ ਕੋਰਟ ਦੀ ਬਿਲਡਿੰਗ ਕੋਲੋਂ ਲੰਘ ਕੇ ਸ਼ਹਿਰ ਦੇ ਓਪੇਰਾ ਹਾਊਸ, ਥੀਏਟਰ ਅਤੇ ਪ੍ਰਸਿਧ ਰੈਫਲਜ਼ ਹੋਟਲ ਲੈ ਕੇ ਗਈ। ਸੁਪਰੀਮ ਕੋਰਟ ਦੀ ਬਿਲਡਿੰਗ ਲਾਗੇ ਸੁਭਾਸ਼ ਚੰਦਰ ਦੀ ਆਜ਼ਾਦ ਹਿੰਦ ਫੌਜ (ਇੰਡੀਅਨ ਨੈਸ਼ਨਲ ਆਰਮੀ) ਦਾ ਹੈਡਕੁਆਰਟਰ ਹਾਲੇ ਵੀ ਕਾਇਮ ਹੈ। ਬੋਰਡ ਵੀ ਲੱਗਾ ਹੋਇਆ ਹੈ ਪਰ ਕਹਿਣ ਦੇ ਬਾਵਜੂਦ ਗਾਈਡ ਨੇ ਇਥੇ ਕੋਚ ਖੜ੍ਹੀ ਨਾ ਕੀਤੀ।
ਇਸੇ ਤਰ੍ਹਾਂ ਕੋਚ ਮੰਦਿਰ ਅਤੇ ਗੁਰਦੁਆਰੇ ਕੋਲੋਂ ਲੰਘੀ ਤਾਂ ਜ਼ਰੂਰ, ਪਰ ਇਥੇ ਪੜਾਅ ਕਰਨਾ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਸੀ। ਗਾਈਡ ਦਾ ਜਵਾਬ ਸੀ ਕਿ ਇਹ ਇਲਾਕਾ ਤੁਸੀਂ ਦੁਪਹਿਰ ਦੇ ਖਾਣੇ ਪਿਛੋਂ ਵੇਖ ਸਕਦੇ ਹੋ।
ਇਨ੍ਹਾਂ ਇਲਾਕਿਆਂ ਵਿਚ ਸੈਰ ਦੌਰਾਨ ਗਾਈਡ ਸਿੰਘਾਪੁਰ ਦੇ ਇਤਿਹਾਸ ਅਤੇ ਸਭਿਆਚਾਰ ਬਾਰੇ ਦੱਸਦੀ ਰਹੀ। ਮੋਤੀਆਂ ਦੀ ਫੈਕਟਰੀ ਵਿਚ ਵੀ ਲੈ ਕੇ ਗਈ ਜਿਥੇ ਲੱਖਾਂ-ਕਰੋੜਾਂ ਦੇ ਮੋਤੀਆਂ ਲੱਦੇ ਗਹਿਣੇ ਬਣਦੇ ਹਨ। ਦੂਜੀ ਵੱਡੀ ਜੰਗ ਵਿਚ ਜਪਾਨੀਆਂ ਨੇ ਸਿੰਘਾਪੁਰ ‘ਤੇ ਕਬਜ਼ਾ ਕਰ ਲਿਆ ਸੀ ਤੇ ਕਈ ਸਾਲ ਲੋਕਾਂ ਨੂੰ ਭਿਆਨਕ ਹਾਲਾਤ ਨਾਲ ਜੂਝਣਾ ਪਿਆ ਸੀ। ਸੰਸਾਰ ਦੀਆਂ ਸਾਮਰਾਜੀ ਤਾਕਤਾਂ ਦੀ ਆਪਸੀ ਟੱਕਰ ਸਦਕਾ ਹੀ ਇਨ੍ਹਾਂ ਮੁਲਕਾਂ ਵਿਚ ਆਜ਼ਾਦੀ ਦੀ ਜੰਗ ਨੇ ਜ਼ੋਰ ਫੜਿਆ। ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਇਸੇ ਚੈਪਟਰ ਦਾ ਹਿੱਸਾ ਹੈ।
ਸਿੰਘਾਪੁਰ ਵਿਚ ਚਾਰ ਵੱਡੇ ਨਸਲੀ ਗਰੁਪ ਹਨ। ਭਾਰਤੀ, ਚੀਨੀ, ਮਲੇਅ ਅਤੇ ਯੂਰਪੀਨ। ਇਨ੍ਹਾਂ ਦੇ ਆਪਣੇ ਇਲਾਕੇ ਵੀ ਹਨ। ਭਾਰਤੀ ਲੋਕਾਂ ਦੀ ਬਹੁਤੀ ਵਸੋਂ ਵਾਲੇ ਹਿੱਸੇ ਨੂੰ ‘ਟਕਾ ਮਾਰਕਿਟ’ ਕਹਿੰਦੇ ਹਨ। ਹੁਣ ‘ਲਿਟਲ ਇੰਡੀਆ’ ਨਾਂ ਚਲਦਾ ਹੈ। ਚੀਨੀਆਂ ਦਾ ‘ਚਾਈਨਾ ਟਾਊਨ’। ਮਲੇਅ ਲੋਕ ਤਕਰੀਬਨ 99 ਫੀਸਦੀ ਮੁਸਲਮਾਨ ਹਨ ਅਤੇ ਉਨ੍ਹਾਂ ਦਾ ਇਲਾਕਾ ‘ਕੈਮਪੌਂਗ ਗਲੈਮ’ ਵੱਜਦਾ ਹੈ। ਯੂਰਪੀਨ ਬਹੁਤੇ ਸ਼ਹਿਰ ਦੇ ਵਧੇਰੇ ਖੁਸ਼ਹਾਲ ਦੇ ਖੁੱਲ੍ਹੇ ਇਲਾਕਿਆਂ ਵਿਚ ਰਹਿੰਦੇ ਹਨ।
ਇਨ੍ਹਾਂ ਨਸਲੀ ਬਸਤੀਆਂ ਦੇ ਬਾਵਜੂਦ ਲੋਕ ਸਾਂਝੇ ਇਕੋ ਤਰ੍ਹਾਂ ਦੇ ਇਲਾਕਿਆਂ ਵਿਚ ਵੀ ਰਹਿੰਦੇ ਹਨ; ਮਤਲਬ ਨਸਲੀ ਤੌਰ ‘ਤੇ ਇਹ ਲਾਜ਼ਮੀ ਨਹੀਂ ਕਿ ਇਕ ਨਸਲ ਦੇ ਲੋਕ ਆਪਣੇ ਹੀ ਇਲਾਕੇ ਵਿਚ ਰਹਿਣ ਪਰ ਵੱਖ-ਵੱਖ ਇਲਾਕਿਆਂ ਵਿਚ ਤੁਰਦਿਆਂ ਇਨ੍ਹਾਂ ਇਲਾਕਿਆਂ ਵਿਚ ਵੱਖ-ਵੱਖ ਕਲਚਰਾਂ ਦਾ ਪ੍ਰਭਾਵ ਸਪਸ਼ਟ ਦਿਸਦਾ ਹੈ। ‘ਚਾਈਨਾ ਟਾਊਨ’ ਵਿਚ ਬੋਧੀ ਮੰਦਿਰਾਂ ਦੀ ਭਰਮਾਰ ਹੈ ਅਤੇ ਚੀਨੀ ਖਾਣਿਆਂ ਦੀ ਖੁਸ਼ਬੂ। ਮੱਛੀ ਦੀ ਹੁਮਕ ਹਰ ਪਾਸੇ ਖਿਲਰੀ ਰਹਿੰਦੀ ਹੈ, ਕਿਉਂਕਿ ਚੀਨੀ ਲੋਕ ਸਮੁੰਦਰੀ ਖਾਣਿਆਂ ਦੇ ਬਹੁਤ ਸ਼ੌਕੀਨ ਹਨ।
‘ਲਿਟਲ ਇੰਡੀਆ’ ਵਿਚ ਭਾਰਤੀ ਸ਼ਹਿਰਾਂ ਵਰਗੀਆਂ ਦੁਕਾਨਾਂ, ਢਾਬੇ ਹਨ। ਹਰ ਪਾਸੇ ਸਾਈਕਲ, ਟੈਕਸੀਆਂ, ਟਰੱਕ, ਥਰੀ ਵ੍ਹੀਲਰ। ਢਾਬਿਆਂ ਦੇ ਬਾਹਰ ਇੰਡੀਆ ਵਾਂਗ ਕੁਰਸੀਆਂ-ਮੇਜ਼ਾਂ ‘ਤੇ ਲੋਕ ਬੈਠੇ ਚਾਹ-ਪਾਣੀ ਪੀ ਰਹੇ ਹਨ, ਨਾਰੀਅਲ ਪਾਣੀ ਪੀ ਰਹੇ ਹਨ।
ਸਿੰਘਾਪੁਰ ਦਾ ਟ੍ਰੈਫਿਕ ਬਹੁਤ ਨਿਯਮਬੱਧ ਹੈ ਪਰ ‘ਲਿਟਲ ਇੰਡੀਆ’ ਵਿਚ ਭਾਰਤ ਵਾਂਗ ਪੁੱਠੀ-ਸਿੱਧੀ ਪਾਰਕਿੰਗ ਕੀਤੀ ਦਿਸ ਪੈਂਦੀ ਹੈ। ਦੁਕਾਨਾਂ ਮੂਹਰੇ ਮੇਜ਼ਾਂ ਦੀਆਂ ਸਟਾਲਾਂ। ਮਾਰਕਿਟਾਂ ਦੇ ਬਰਾਂਡਿਆਂ ਵਿਚ ਦੁਕਾਨਾਂ ਦਾ ਸਮਾਨ ਫੁੱਟਪਾਥਾਂ ‘ਤੇ ਪਿਆ ਦਿਸਦਾ ਹੈ ਜਿਸ ਕਰਕੇ ਚੰਗੀਆਂ ਭਲੀਆਂ ਮਾਰਕਿਟਾਂ ਭੀੜੀ ਮੋਰੀ ਵਾਲੇ ਬਾਜ਼ਾਰ ਬਣੀਆਂ ਹੋਈਆਂ ਹਨ।
ਸਾਡੀ ਪਾਰਟੀ ਵਿਚ ਇਕ ਹੋਰ ਏਸ਼ੀਅਨ ਸੀ। ਕਹਿਣ ਲੱਗਾ, ਅੰਗਰੇਜ਼ ਜਿਥੇ ਜਾਂਦਾ, ਸ਼ਹਿਰਾਂ ਦੇ ਭੀੜ-ਭੜੱਕੇ ਤੋਂ ਬਚਣ ਲਈ ਖੁੱਲ੍ਹੇ ਮਾਡਲ ਟਾਊਨ ਅਤੇ ਫੌਜੀ ਛਾਉਣੀਆਂ ਬਣਾਉਂਦਾ। ਪੁਰਾਣੀ ਦਿੱਲੀ ਦੀ ਭੀੜ ‘ਚੋਂ ਨਿਕਲਣ ਲਈ ਨਵੀਂ ਦਿੱਲੀ ਦੀਆਂ ਖੁੱਲ੍ਹੀਆਂ ਸੜਕਾਂ, ਪਾਰਕ ਅਤੇ ਪਬਲਿਕ ਬਿਲਡਿੰਗਾਂ ਪਰ ਭਾਰਤੀ ਜਿਥੇ ਜਾਂਦੇ, ਖੁੱਲ੍ਹੀ ਥਾਂ ਮਿਲਣ ਦੇ ਬਾਵਜੂਦ ਚੰਗੇ-ਭਲੇ ਇਲਾਕਿਆਂ ਨੂੰ ਭੀੜੇ ਬਾਜ਼ਾਰ ਅਤੇ ਤੰਗ ਗਲੀਆਂ ਬਣਾ ਦਿੰਦੇ ਹਨ।
ਸਿੰਘਾਪੁਰ ਦੇ ਏਸ਼ੀਅਨ ਬਹੁਤੇ ਤਾਮਿਲ ਭਾਸ਼ੀ ਹਨ। ਇਸੇ ਕਰਕੇ ਬਹੁਤ ਰੈਸਟੋਰੈਂਟਾਂ ਵਿਚ ਦੱਖਣ ਭਾਰਤੀ ਖਾਣਾ ਮਿਲਦਾ ਹੈ। ਫੁਟਪਾਥਾਂ ‘ਤੇ ਲੱਗੇ ਸਟਾਲਾਂ ਵਿਚ ਵੀ ਦੱਖਣ ਭਾਰਤੀ ਚੀਜ਼ਾਂ, ਕੱਪੜੇ, ਪੁਸ਼ਾਕਾਂ, ਸੀ. ਡੀ., ਕੈਲੰਡਰ ਅਤੇ ਸ੍ਰੀਲੰਕਾ ਦੇ ਤਾਮਿਲ ਲੀਡਰ ਪ੍ਰਭਾਕਰਨ ਦੀਆਂ ਤਸਵੀਰਾਂ ਦਿਸਦੀਆਂ ਹਨ।
ਇਸ ਇਲਾਕੇ ਵਿਚ ਪੈਂਦੇ ਮੈਟਰੋ ਸਟੇਸ਼ਨ ਦਾ ਨਾਂ ਵੀ ‘ਲਿਟਲ ਇੰਡੀਆ’ ਹੈ। ਨਾਲ ਹੀ ਇੰਡੀਆ ਆਰਟਸ ਸੈਂਟਰ ਵੀ ਹੈ। ਪੰਜਾਬੀ ਹੋਟਲ, ਢਾਬੇ ਵੀ ਹਨ। ਪੰਜਾਬੀਆਂ ਦੇ ਕਪੜੇ ਅਤੇ ਹੋਰ ਸਟੋਰ ਵੀ ਵੇਖੇ ਪਰ ਬਹੁਤਾ ਬਿਜਨਸ ਤਾਮਿਲਾਂ ਦੇ ਹੱਥ ਹੈ।
ਲੋਕਾਂ ਦੀ ਔਸਤ ਆਮਦਨ ਕਰੀਬ ਦਸ ਹਜ਼ਾਰ ਪੌਂਡ ਹੈ, ਜੋ ਇੰਗਲੈਂਡ ਨਾਲੋਂ ਅੱਧੀ ਤੋਂ ਥੋੜ੍ਹੀ ਘੱਟ ਹੈ ਪਰ ਲੋਕਾਂ ਦੇ ਰਹਿਣ-ਸਹਿਣ, ਪੁਸ਼ਾਕਾਂ ਅਤੇ ਘਰ ਵੇਖ ਕੇ ਲਗਦਾ ਹੈ ਕਿ ਇਨ੍ਹਾਂ ਦੀ ਜ਼ਿੰਦਗੀ ਦਾ ਮਿਆਰ ਸੋਹਣਾ ਹੈ। ਵੇਖਣ ਨੂੰ ਲੋਕ ਸਿਹਤਮੰਦ ਲਗਦੇ ਹਨ। ਚੀਨੀ ਔਰਤਾਂ ਬਹੁਤ ਪਤਲੇ ਜਿਸਮ ਦੀਆਂ ਹਨ। ਮੋਟੀ ਚੀਨੀ ਔਰਤ ਤਾਂ ਕੋਈ ਦਿਸਦੀ ਹੀ ਨਹੀਂ।
ਗਾਈਡ ਨੇ ਦੱਸਿਆ ਕਿ ਮੁਲਕ, ਟਾਪੂ ਹੋਣ ਕਾਰਨ ਰਹਿਣ ਦੀ ਥਾਂ ਸੀਮਤ ਹੈ। ਬੇਸ਼ੱਕ ਪਿਛਲੇ ਡੇਢ ਸੌ ਸਾਲਾਂ ਵਿਚ ਸਮੁੰਦਰ ਦੇ ਪਾਣੀਆਂ ਨੂੰ ਪਾਸੇ ਕਰਕੇ ਸਮੁੰਦਰ ਦੀ ਜਮੀਨ ਰਿਹਾਇਸ਼ ਲਈ ਬਣਾਈ ਹੋਈ ਹੈ ਪਰ ਸਮੁੰਦਰ ਨੂੰ ਬਹੁਤੇ ਬੰਨ੍ਹ ਮਾਰਨ ਨਾਲ ਇਲਾਕੇ ਵਿਚ ਸਮੁੰਦਰੀ ਪਾਣੀ ਦਾ ਲੈਵਲ ਉਚਾ ਹੋਵੇਗਾ ਜਿਸ ਨਾਲ ਸਾਰੇ ਟਾਪੂ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸੇ ਕਰਕੇ ਇਥੇ ਇਮੀਗਰੇਸ਼ਨ ਕਾਨੂੰਨ ਬਹੁਤ ਸਖਤ ਹਨ। ਬਾਹਰੋਂ ਜਿਹੜੇ ਬੰਦੇ ਮੰਗਾਏ ਜਾਂਦੇ ਹਨ, ਉਹ ਸਿਰਫ ਆਰਜ਼ੀ ਤੌਰ ‘ਤੇ, ਸੀਮਤ ਸਮੇਂ ਲਈ। ਵੀਜ਼ੇ ਦਾ ਸਮਾਂ ਖਤਮ ਹੋਣ ‘ਤ ਉਨ੍ਹਾਂ ਨੂੰ ਸਖਤੀ ਨਾਲ ਬਾਹਰ ਕੱਢਣ ਦੀ ਵਿਵਸਥਾ ਹੈ।
ਸ਼ਹਿਰ ਵਿਚ ਸੈਰ ਦੌਰਾਨ ਇਕ ਹੋਰ ਨੁਕਤੇ ਨੇ ਸਾਡਾ ਧਿਆਨ ਖਿੱਚਿਆ। ਉਹ ਸਿੰਘਾਪੁਰ ਦੇ ਮੁਲਕ ਦੇ ਤੌਰ ‘ਤੇ ਜਨਮ ਦਿਵਸ ਦਾ ਉਤਸਵ। ਥਾਂ-ਥਾਂ ਮੁਲਕ ਦੇ ਜਨਮ ਦਿਵਸ ਦੀ ਵਧਾਈ ਦੇ ਬੈਨਰ ਲੱਗੇ ਹੋਏ ਸਨ। ‘ਅਸੀਂ ਸਾਰੇ ਇਕ ਹਾਂ’ ਦੇ ਬੈਨਰ ਵੀ ਲੱਗੇ ਹੋਏ ਹਨ। ਹੇਠਾਂ ਵੱਖ-ਵੱਖ ਨਸਲਾਂ ਦੇ ਲੋਕਾਂ ਦੀ ਤਸਵੀਰ।
ਗਾਈਡ ਨੇ ਤਾਂ ਸਿਰਫ ਇਹੋ ਕਿਹਾ ਕਿ ਮੁਲਕ ਵਿਚ ਨਸਲੀ ਤੌਰ ‘ਤੇ ਸਦਭਾਵਨਾ ਹੈ। ਲੋਕ ਵੱਖ-ਵੱਖ ਹੋਣ ਦੇ ਬਾਵਜੂਦ ਇਕ ਦੂਜੇ ਨਾਲ ਪਿਆਰ-ਮੁਹੱਬਤ ਨਾਲ ਰਹਿੰਦੇ ਹਨ। ਬਹੁਤ ਹੱਦ ਤਕ ਇਹ ਠੀਕ ਵੀ ਹੈ ਪਰ ਅੰਦਰੂਨੀ ਤੌਰ ‘ਤੇ ਮਲੇਅ-ਮੁਸਲਮਾਨਾਂ ਅਤੇ ਚੀਨੀ ਬੋਧੀਆਂ ਵਿਚ ਬਹੁਤ ਤਣਾਉ ਵੀ ਹੈ।
ਮਲੇਸ਼ੀਆ ਦੇ ਮੁਸਲਮਾਨਾਂ ਵਾਂਗ ਸਿੰਘਾਪੁਰ ਦੇ ਮੁਸਲਮਾਨ ਵੀ ਪੜ੍ਹਾਈ ਤੇ ਪ੍ਰੋਫੈਸ਼ਨਲ ਯੋਗਤਾਵਾਂ ਵਿਚ ਚੀਨੀਆਂ ਅਤੇ ਭਾਰਤੀਆਂ ਤੋਂ ਬਹੁਤ ਪਿੱਛੇ ਹਨ। ਮਲੇਸ਼ੀਆ ਗੁਆਂਢੀ ਮੁਲਕ ਹੋਣ ਕਾਰਨ ਉਥੋਂ ਦੀ ਸਿਆਸਤ ਦਾ ਵੀ ਸਿੰਘਾਪੁਰ ਦੀ ਸਿਆਸਤ ਅਤੇ ਕੌਮਾਂਤਰੀ ਸਬੰਧਾਂ ‘ਤੇ ਅਸਰ ਪੈਂਦਾ ਹੈ।
ਇਹ ਹਕੀਕਤ ਹੈ ਕਿ ਸਿੰਘਾਪੁਰ ਵਿਚ ਚੀਨੀ ਬਹੁ-ਗਿਣਤੀ ਅਤੇ ਮੁਸਲਮਾਨ ਘੱਟ-ਗਿਣਤੀ ਹਨ ਪਰ ਮਲੇਸ਼ੀਆ ਵਿਚ ਇਸ ਤੋਂ ਉਲਟ ਹੈ। ਲੋਕ ਪਬਲਿਕ ਤੌਰ ‘ਤੇ ਕਹਿੰਦੇ ਨਹੀਂ ਪਰ ਮਲੇਸ਼ੀਆ ਵਿਚ ਰਹਿੰਦਿਆਂ ਅੰਦਰੋ-ਅੰਦਰੀ ਚੀਨੀ ਮਹਿਸੂਸ ਕਰਦੇ ਹਨ ਕਿ ਮੁਸਲਮਾਨ ਉਨ੍ਹਾਂ ਨਾਲ ਧੱਕਾ ਕਰਦੇ ਹਨ। ਮਿਸਾਲ ਵਜੋਂ ਮੈਰਿਟ ਪੱਖੋਂ ਬਹੁਤ ਅੱਗੇ ਹੁੰਦੇ ਹਨ ਪਰ ਉਨ੍ਹਾਂ ਨੂੰ ਯੂਨੀਵਰਸਿਟੀਆਂ ਵਿਚ ਦਾਖਲਾ ਨਹੀਂ ਮਿਲਦਾ, ਕਿਉਂਕਿ ਬਹੁਤੀਆਂ ਸੀਟਾਂ ਮੁਸਲਮਾਨ ਬੱਚਿਆਂ ਲਈ ਰਾਖਵੀਆਂ ਹੁੰਦੀਆਂ ਹਨ।
ਇਹੋ ਹਾਲਤ ਸਿੰਘਾਪੁਰ ਵਿਚ ਦੋਹਾਂ ਗਰੁਪਾਂ ਵਿਚ ਅੰਦਰੋ-ਅੰਦਰੀ ਤਣਾਉ ਪੈਦਾ ਕਰਦੇ ਹਨ। ਭਾਰਤੀ ਲੋਕ ਦੋਹਾਂ ਮੁਲਕਾਂ ਵਿਚ ਹੀ ਘੱਟ-ਗਿਣਤੀ ਵਿਚ ਹਨ ਪਰ ਆਪਣੀ ਕਾਬਲੀਅਤ ਅਤੇ ਵਪਾਰਕ ਯੋਗਤਾ ਕਾਰਨ ਆਪਣੀ ਵੱਖਰੀ ਹੋਂਦ ਬਣਾਉਣ ਵਿਚ ਸਫਲ ਹਨ।
ਸਾਡਾ ਟੂਰ ਮਰਲਿਨ ਪਾਰਕ ਤੋਂ ਸ਼ੁਰੂ ਹੋ ਕੇ ਬੌਟੈਨੀਕਲ ਗਾਰਡਨ ਤੀਕ ਪਹੁੰਚਿਆ। ਸੈਂਕੜੇ ਏਕੜਾਂ ਵਿਚ ਫੈਲਿਆ ਪਾਰਕ ਫੁੱਲਾਂ, ਪੌਦਿਆਂ ਅਤੇ ਰੁੱਖਾਂ ਦਾ ਬਾਗ ਹੈ, ਜੋ ਅੱਜ ਤੀਕ ਬਹੁਤ ਖੂਬਸੂਰਤ ਢੰਗ ਨਾਲ ਸਾਂਭਿਆ ਹੋਇਆ ਹੈ।
ਦੂਜੀ ਵੱਡੀ ਜੰਗ ਵਿਚ ਮਾਰੇ ਗਏ ਵੀਹ ਹਜ਼ਾਰ ਲੋਕਾਂ ਦੀ ਯਾਦ ਵਿਚ ਬਣਾਇਆ ਕ੍ਰਾਂਤੀ ਮੈਮੋਰੀਅਲ ਵੀ ਵੇਖਿਆ। ਚੀਨੀ ਸਭਿਅਤਾ, ਮਿਥਿਹਾਸ, ਫੋਕਲੋਰ ਦਾ ਅਜਾਇਬਘਰ ‘ਹਾਅ ਪਾਰ ਵਿਲਾ’ ਵੀ ਵੇਖਣਯੋਗ ਹੈ ਪਰ ਸਾਡੇ ਕੋਲ ਸਮਾਂ ਨਾ ਹੋਣ ਕਾਰਨ ਅਸੀਂ ਬਾਹਰੋਂ ਗੇੜਾ ਮਾਰ ਕੇ ਮੁੜ ਆਏ। ਦਰਅਸਲ ਐਨੇ ਮਿਊਜ਼ੀਅਮ, ਹੈਰੀਟੇਜ ਸੈਂਟਰ, ਥੀਏਟਰ, ਰੰਗਮੰਚ ਅਤੇ ਹੋਰ ਇਤਿਹਾਸਕ ਥਾਂਵਾਂ ਹਨ ਕਿ ਆਮ ਸੈਲਾਨੀ ਨੂੰ ਕਈ ਹਫਤੇ ਚਾਹੀਦੇ ਹਨ, ਇਨ੍ਹਾਂ ਨੂੰ ਵੇਖਣ ਲਈ।
ਸਿੰਘਾਪੁਰ ਦਾ ਮੁੱਢ ਭਾਰਤੀ ਧਰਤੀ ਤੋਂ ਹੀ ਸ਼ੁਰੂ ਹੋਇਆ। ਸਿੰਘਾਪੁਰ ਨਾਂ ਹੀ ਦਸਦਾ ਹੈ ਕਿ ਇਹ ‘ਸਿੰਘਾਂ’ ਦਾ ਸ਼ਹਿਰ ਹੈ। ਮੈਰਲਿਨ ਪਾਰਕ ਕੋਲ ਸਮੁੰਦਰ ਦੇ ਕੰਢੇ ਸ਼ੇਰਾਂ ਦੇ ਬੁੱਤ ਲੱਗੇ ਹੋਏ ਹਨ, ਜਿਨ੍ਹਾਂ ਦੇ ਮੂੰਹਾਂ ਵਿਚੋਂ ਪਾਣੀ ਦੇ ਝਰਨੇ ਨਿਕਲਦੇ ਹਨ। ਬਾਅਦ ਵਿਚ ਬੇਸ਼ੱਕ ਲੋਕ ਬੋਧੀ ਹੋ ਗਏ ਅਤੇ ਮੁਗਲਾਂ ਸਮੇਂ ਇਸਲਾਮ ਇਸ ਇਲਾਕੇ ਵਿਚ ਵੀ ਫੈਲ ਗਿਆ ਪਰ ਭਾਰਤੀ ਸਭਿਅਤਾ ਅਤੇ ਸੰਸਕ੍ਰਿਤੀ ਦਾ ਅਸਰ ਅੱਜ ਵੀ ਪ੍ਰਤੱਖ ਦਿਸਦਾ ਹੈ।
ਮੁਲਕ ਦਾ ਸਭ ਤੋਂ ਸ਼ਾਨਦਾਰ ਅਤੇ ਸ਼ਾਹੀ ਹੋਟਲ ‘ਰੈਫਲਜ਼ ਹੋਟਲ’ ਉਸ ਅੰਗਰੇਜ਼ ਸਰ ਥੋਮਸ ਸਟੈਮਫਰਡ ਰੈਫਲਜ਼ ਦੇ ਨਾਂ ‘ਤੇ ਬਣਿਆ, ਜੋ ਈਸਟ ਇੰਡੀਆ ਕੰਪਨੀ ਦਾ ਪਹਿਲਾ ਕਰਮਚਾਰੀ ਬਣ ਕੇ ਇਥੇ ਆਇਆ ਸੀ। ਸੌ ਸਾਲ ਪੁਰਾਣਾ ਹੋਟਲ ਵੀ ਬਹੁਤ ਖੁਲ੍ਹੀ ਇਮਾਰਤ ਹੈ, ਜੋ ਵੱਡੀ ਮਾਰਕੀਟ ਵੀ ਹੈ। ਚਾਰੇ ਪਾਸੇ ਚਿੱਟੇ ਰੰਗ ਦਾ ਬਰਾਮਦਾ। ਪਿਛਲੇ ਪਾਸੇ ਮਾਰਕੀਟ, ਦੁਕਾਨਾਂ, ਬੁਟੀਕ ਅਤੇ ਰੈਸਟੋਰੈਂਟ ਹਨ। ਮੂਹਰਲੇ ਪਾਸੇ ਹੋਟਲ ਦਾ ਰਿਸੈਪਸ਼ਨ ਹਾਲ ਹੈ, ਜਿਥੇ ਤਕੜਾ ਪਗੜੀਧਾਰੀ ਸਲੂਟ ਮਾਰ ਕੇ ਤੁਹਾਡਾ ਸਵਾਗਤ ਕਰਦਾ ਹੈ। ਅਸੀਂ ਜਦੋਂ ਹੋਟਲ ਪਹੁੰਚੇ ਤਾਂ ਉਹਦੇ ਨਾਲ ਹੱਥ ਵੀ ਮਿਲਾਇਆ। ਉਹਨੇ ਦੱਸਿਆ, ਉਹਦਾ ਨਾਂ ਸੁਰਜੀਤ ਸਿੰਘ ਹੈ। ਪਿੱਛਾ ਅੰਮ੍ਰਿਤਸਰ ਜ਼ਿਲ੍ਹੇ ਦਾ ਪਰ ਆਪ ਉਹ ਸਿੰਘਾਪੁਰ ਦਾ ਹੀ ਜੰਮਪਲ ਹੈ।
ਹੋਟਲ ਦੇ ਅੰਦਰ ਅੱਜ ਤੀਕ ਈਸਟ ਇੰਡੀਆ ਕੰਪਨੀ ਦੇ ਡਾਇਰੈਕਟਰਾਂ ਦੇ ਦਫਤਰ ਮੌਜੂਦ ਹਨ। ‘ਲੌਂਗ ਬਾਰ’ ਅਤੇ ਰੈਫਲ ਗਰਿਲ ਅੱਜ ਵੀ ਮਸ਼ਹੂਰ ਹਨ। ਲੌਂਗ ਬਾਰ ਵਿਚ ਬੀਅਰ, ਵਿਸਕੀ ਪੀਂਦਿਆਂ ਉਨ੍ਹਾਂ ਦਿਨਾਂ ਦੇ ਪਿਅਕੜ ਅੰਗਰੇਜ਼ ਮੂੰਗਫਲੀ ਖਾ ਕੇ ਛਿਲਕਾ ਫਰਸ਼ ‘ਤੇ ਸੁੱਟੀ ਜਾਂਦੇ ਸਨ। ਅੱਜ ਵੀ ਜਦੋਂ ਤੁਸੀਂ ਉਥੇ ਡਰਿੰਕ ਲਈ ਜਾਉ ਤਾਂ ਤੁਹਾਡੇ ਕੋਲੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਮੂੰਗਫਲੀ ਅਤੇ ਹੋਰ ਗਿਰੀਆਂ ਵਾਲੇ ਫਰੂਟ ਖਾ ਕੇ ਛਿਲਕੇ ਹੇਠਾਂ ਸੁੱਟੀ ਜਾਉ। ਬਾਅਦ ਦੁਪਹਿਰ ਦੀ ਚਾਹ ਨੂੰ ‘ਹਾਈ ਟੀ’ ਕਹਿੰਦੇ ਸਨ। ਅੱਜ ਵੀ ਤੁਸੀਂ ਇਸ ਹੋਟਲ ਵਿਚ ਜੇ ਨਹੀਂ ਵੀ ਰਹਿੰਦੇ ਤਾਂ ‘ਹਾਈ ਟੀ’ ਵਾਸਤੇ ਜਾ ਸਕਦੇ ਹੋ। ਚਿੱਟੇ ਦਸਤਾਨਿਆਂ ਵਾਲੇ ਬਾ-ਵਰਦੀ ਬਹਿਰੇ ਚੀਨੀ ਦੇ ਕੱਪਾਂ-ਪਲੇਟਾਂ ਅਤੇ ਕੇਤਲੀਆਂ ਵਿਚ ਚਾਹ ਪਿਆਉਂਦੇ ਹਨ। ਲੌਂਗ ਬਾਰ ਦੇ ਪਿੱਛੇ ਗਾਰਡਨ ਬਾਰ ਹੈ, ਜਿਥੇ ਚਾਰ-ਚੁਫੇਰੇ ਪੌਦੇ ਅਤੇ ਫੁੱਲ ਲੱਗੇ ਹੋਏ ਹਨ। ਲੱਕੜ ਦੀ ਛੱਤ ਨਾਲ ਪੱਖੇ ਲਮਕੇ ਹੋਏ ਹਨ ਅਤੇ ਬਾ-ਵਰਦੀ ਬਹਿਰੇ ਹੋਟਲ ਮਹਿਮਾਨਾਂ ਦੀ ਸੇਵਾ ਕਰਦੇ ਹਨ।
ਹੋਟਲ ਦਾ ਪੂਰਾ ਮਾਹੌਲ ਬਸਤੀਵਾਦੀ ਹੈ। ਉਨ੍ਹਾਂ ਸਮਿਆਂ ਦੀਆਂ ਵਸਤਾਂ ਅੱਜ ਵੀ ਵਿਕਦੀਆਂ ਹਨ। ਹਰ ਪਾਸੇ ਨੌਕਰ-ਸੇਵਕ। ਤੁਸੀਂ ਜੋ ਹੁਕਮ ਕਰੋ, ਹਾਜ਼ਰ ਕੀਤਾ ਜਾਂਦਾ ਹੈ। ਇਹ ਹੋਟਲ ਆਪਣੇ ਆਪ ਵਿਚ ਵੱਖਰਾ ਸੰਸਾਰ ਹੈ। ਇਸੇ ਲਈ ਇਥੇ ਲੋਕ ਕਹਿੰਦੇ ਹਨ, “ਜੀਹਨੇ ਰੈਫਲਜ਼ ਨਹੀਂ ਵੇਖਿਆ, ਉਹਨੇ ਸਿੰਘਾਪੁਰ ਨਹੀਂ ਵੇਖਿਆ।” ਪਰ ਇਸ ਹੋਟਲ ਵਿਚ ਰਹਿਣ ਦੀ ਕੀਮਤ ਨਾ ਹੀ ਪੁੱਛੋ ਤਾਂ ਚੰਗਾ ਹੈ, ਕਿਉਂਕਿ ਪਾਠਕ ਨੂੰ ਯਕੀਨ ਨਹੀਂ ਆਉਣਾ ਕਿ ਇਹ ਕਿੰਨਾ ਮਹਿੰਗਾ ਹੈ।
ਲੰਡਨ ਵਿਚ ਰਹਿੰਦੇ ਸਾਡੇ ਇਕ ਮਿੱਤਰ ਨੇ ਕਿਹਾ ਸੀ ਕਿ ਸਿੰਘਾਪੁਰ ਵਿਚ ‘ਸੰਤੋਸਾ ਪਾਰਕ’ ਜ਼ਰੂਰ ਵੇਖੀਏ। ਅਗਲੇ ਦਿਨ ਅਸੀਂ ਨਾਸ਼ਤੇ ਮਗਰੋਂ ਟੈਕਸੀ ਕੀਤੀ ਤੇ ਉਥੇ ਪਹੁੰਚ ਗਏ। ਸੰਤੋਸਾ ਅਸਲ ਵਿਚ ਸਿੰਘਾਪੁਰ ਨਾਲ ਲੱਗਦੇ ਛੋਟੇ ਜਿਹੇ ਟਾਪੂ ਦਾ ਨਾਂ ਹੈ, ਜੋ ਸਿੰਘਾਪੁਰ ਤੋਂ ਵੀ ਬਹੁਤ ਛੋਟਾ ਹੈ। ਦੋਹਾਂ ਟਾਪੂਆਂ ਵਿਚਾਲੇ ਤਿੰਨ ਕੁ ਫਰਲਾਂਗ ਦਾ ਸਮੁੰਦਰੀ ਫਾਸਲਾ ਹੈ। ਆਜ਼ਾਦੀ ਤੋਂ ਪਹਿਲਾਂ ਤਾਂ ਸਿਰਫ ਛੋਟੀਆਂ ਕਿਸ਼ਤੀਆਂ ਰਾਹੀਂ ਹੀ ਸਫਰ ਹੁੰਦਾ ਸੀ ਪਰ ਹੁਣ ਸੜਕ ਦਾ ਪੁਲ ਅਤੇ ਰੇਲ (ਸਕਾਈਟ੍ਰੇਨ) ਵੀ ਬਣ ਗਈ ਹੈ। ਇਸ ਤੋਂ ਬਿਨਾ ਸੈਲਾਨੀਆਂ ਦੀ ਮੌਜ ਵਾਸਤੇ ਕੇਬਲ ਕਾਰ ਵੀ ਹੈ।
ਇਹ ਸਾਰਾ ਟਾਪੂ ਹੀ ਮਨਪਰਚਾਵੇ ਦਾ ਪਾਰਕ ਹੈ; ਡਿਜ਼ਨੀਲੈਂਡ ਵਾਂਗ। ਅੰਦਰ ਹੋਟਲ, ਪੱਬ, ਬਾਰਾਂ ਅਤੇ ਮਨਪਰਚਾਵੇ ਦਾ ਹਰ ਸਮਾਨ। ਬੱਚਿਆਂ ਲਈ ਨਵੀਆਂ ਤੋਂ ਨਵੀਆਂ ਰਾਈਡਾਂ ਅਤੇ ਬਾਲਗਾਂ ਲਈ ਜੂਏ ਤੋਂ ਲੈ ਕੇ ਗੌਲਫ ਖੇਲ੍ਹਣ ਦੀਆਂ ਸਹੂਲਤਾਂ। ਬਸ, ਪੈਸਾ ਚਾਹੀਦਾ। ਪੱਬਾਂ ਵਿਚੋਂ ‘ਬਿਕਨੀ ਬਾਰ’ ਮਸ਼ਹੂਰ ਹੈ ਜਿਥੇ ਕੁੜੀਆਂ ਸਿਰਫ ਆਪਣੇ ਛੋਟੇ ਅੰਦਰੂਨੀ ਲਿਬਾਸ ਵਿਚ ਚਾਹ-ਪਾਣੀ ਦੀ ਸੇਵਾ ਕਰਦੀਆਂ ਹਨ।
ਪਾਰਕ ਐਨਾ ਵੱਡਾ ਹੈ ਕਿ ਤੁਰ ਕੇ ਸਾਰਾ ਨਹੀਂ ਵੇਖਿਆ ਜਾ ਸਕਦਾ। ਅੰਦਰ ਹੀ ਇਕ-ਦੋ ਡੱਬਿਆਂ ਵਾਲੀ ਟਰੈਮ ਵਰਗੀ ਗੱਡੀ ਚਲਦੀ ਹੈ, ਜੋ ਸੈਲਾਨੀਆਂ ਲਈ ਮੁਫਤ ਹੈ। ਇਸ ਟਰੈਮ ਰਾਹੀਂ ਤੁਸੀਂ ਵੱਖ-ਵੱਖ ਖੇਡਾਂ ਅਤੇ ਥਾਂਵਾਂ ‘ਤੇ ਜਾ ਸਕਦੇ ਹੋ। ਇਸੇ ਤਰ੍ਹਾਂ ਸਮੁੰਦਰੀ ਡੋਲਫਿਨਜ਼ ਨਾਲ ਤਰਨ ਦੇ ਨਜ਼ਾਰੇ ਹਨ। ਸਮੁੰਦਰ ਹੇਠਾਂ ਸ਼ੀਸ਼ੇ ਦੇ ਪਿੰਜਰੇ ਵਿਚ ਬਹਿ ਕੇ ਜਾਣ ਦਾ ਇੰਤਜ਼ਾਮ ਵੀ ਹੈ। ਇਸ ਪਾਰਕ ਵਿਚ ਰਾਤ ਸਮੇਂ ਜਾਣ ਵਾਲੇ ਦੱਸਦੇ ਹਨ ਕਿ ਸਮਝੋ, ਸਵਰਗ ਦਾ ਝਉਲਾ ਪੈਂਦਾ ਹੈ। ਰੰਗ-ਬਰੰਗੀਆਂ ਰੌਸ਼ਨੀਆਂ ਕੁਦਰਤ ਦੇ ਨਜ਼ਾਰੇ, ਆਸੇ-ਪਾਸੇ ਦਾ ਸਮੁੰਦਰ ਅਤੇ ਲੋਕਾਂ ਦੇ ਮਨ-ਪਰਚਾਵੇ ਦੀ ਹਰ ਤਰ੍ਹਾਂ ਦੀ ਖੇਡ, ਖੁਰਾਕ ਅਤੇ ਮੌਜ-ਮੇਲਾ।
ਖਾਣੇ ਦੀ ਮੇਜ਼ ‘ਤੇ ਬੈਠਿਆਂ ਸਵੇਰ-ਸ਼ਾਮ ਨਾਲ ਦੇ ਮਹਿਮਾਨਾਂ ਨਾਲ ਕਈ ਤਰ੍ਹਾਂ ਦੇ ਮਸਲਿਆਂ ‘ਤੇ ਗੱਲਬਾਤ ਚਲਦੀ ਰਹਿੰਦੀ। ਸਿੰਘਾਪੁਰ ਫਿਰਦਿਆਂ ਮਨ ਵਿਚ ਕਈ ਸੁਆਲ ਉਠੇ। ਕਿਵੇਂ 1819 ਮਗਰੋਂ ਦੇ 190 ਸਾਲਾਂ ਵਿਚ ਇਸ ਟਾਪੂ ਦੀ ਦਲਦਲੀ ਜ਼ਮੀਨ ਬਹਿਸ਼ਤ ਬਣੀ ਪਈ ਹੈ।
ਇਸ ਸੁਆਲ ਦਾ ਜਵਾਬ ਔਖਾ ਨਹੀਂ। ਇਤਿਹਾਸ ‘ਤੇ ਲੰਮੀ ਨਿਗ੍ਹਾ ਮਾਰੀਏ ਤਾਂ ਸਮਝ ਪੈਂਦਾ ਹੈ ਕਿ ਸਿੰਘਾਪੁਰ ਬਰਤਾਨੀਆ ਦੇ ਸਾਮਰਾਜੀ ਰਾਜ ਦੀ ਹੀ ਪੈਦਾਵਾਰ ਹੈ। ਦਰਅਸਲ, ਇਹੋ ਜਿਹੇ ਸ਼ਹਿਰ-ਮੁਲਕ ਵੇਖ ਕੇ ਬਰਤਾਨਵੀ ਸਾਮਰਾਜ ਦੇ ਮਾਡਲ ਦੀ ਸਮਝ ਪੈਂਦੀ ਹੈ। ਇਸ ਮਾਡਲ ਦਾ ਆਪਣਾ ਡਿਜ਼ਾਈਨ ਸੀ, ਜੋ ਅੰਗਰੇਜ਼ਾਂ ਦੇ ਨਾਲ-ਨਾਲ ਹਰ ਮੁਲਕ ਵਿਚ ਪਹੁੰਚਿਆ ਜਿਥੇ ਵੀ ਉਨ੍ਹਾਂ ਹਕੂਮਤ ਕੀਤੀ।
ਆਪਣੀ ਵਧਦੀ ਫੌਜੀ ਅਤੇ ਸਨਅਤੀ ਸ਼ਕਤੀ ਦੇ ਬਲਬੂਤੇ ਅੰਗਰੇਜ਼ 17ਵੀਂ ਸਦੀ ਮਗਰੋਂ ਨਵੀਆਂ ਮੰਡੀਆਂ ਅਤੇ ਮੁਲਕਾਂ ਦੀ ਤਲਾਸ਼ ਵਿਚ ਬਾਹਰ ਨਿਕਲੇ। ਨਵੇਂ ਮੁਲਕ ਅਤੇ ਛੋਟੇ-ਮੋਟੇ ਟਾਪੂ ਬਸ ਮੱਲ ਹੀ ਲਏ। ਫੌਜੀ ਤਾਕਤ ਐਨੀ ਸੀ ਕਿ ਯੂਰਪ ਤੋਂ ਬਾਹਰ ਬੈਠੇ ਕਮਜ਼ੋਰ ਅਤੇ ਨਿਕੰਮੇ ਨਿਜ਼ਾਮ ਉਨ੍ਹਾਂ ਸਾਹਮਣੇ ਅੜਨ ਜੋਗੇ ਨਹੀਂ ਸਨ।
ਪਹਿਲਾਂ ਨਵੀਂ ਥਾਂ ਪਹੁੰਚ ਕਿਲ੍ਹਾ ਬਣਾਉਂਦੇ। ਸਿੰਘਾਪੁਰ ਦਾ ਪੁਰਾਣਾ ‘ਫੋਰਟ ਕੈਨਿੰਗ’ ਹਾਲੇ ਵੀ ਮੌਜੂਦ ਹੈ। ਨਾਲ ਉਸਾਰਦੇ ਫੌਜੀ ਛਾਉਣੀ। ਇਸ ਫੌਜੀ ਤਾਕਤ ਦੀ ਸੁਰੱਖਿਆ ਵਿਚ ਵਪਾਰੀ ਕੰਪਨੀਆਂ ਪਹੁੰਚ ਜਾਂਦੀਆਂ। ਨਾਲ ਹੀ ਬੈਂਕਾਂ, ਇੰਸ਼ੋਰੈਂਸ ਕੰਪਨੀਆਂ, ਜਹਾਜ ਕੰਪਨੀਆਂ ਅਤੇ ਸਟਾਕ ਐਕਸਚੇਂਜ ਖੁਲ੍ਹ ਜਾਂਦਾ। ਇਸ ਧੰਦੇ ਨੂੰ ਨਿਯਮਬੱਧ ਕਰਨ ਲਈ ਸਰਕਾਰੀ ਅਦਾਰੇ, ਗਵਰਨਰ, ਹੋਰ ਅਮਲਾ-ਫੈਲਾ ਅਤੇ ਨਿਆਂਪਾਲਿਕਾ। ਸਥਾਨਕ ਪੱਧਰ ਉਤੇ ਟਾਊਨ ਹਾਲ। ਹੌਲੀ-ਹੌਲੀ ਰੇਲ ਕੰਪਨੀਆਂ ਪਹੁੰਚ ਜਾਂਦੀਆਂ।
ਸਭਿਆਚਾਰ ਪੱਖੋਂ ਪਹਿਲੇ ਗਿਰਜਾ ਬਣਦਾ। ਫਿਰ ਓਪੇਰਾ ਹਾਊਸ, ਥੀਏਟਰ, ਰੇਸ ਕੋਰਸ ਅਤੇ ਕ੍ਰਿਕਟ ਗਰਾਊਂਡ। ਅੰਗਰੇਜ਼ੀ ਜ਼ੁਬਾਨ ਅਤੇ ਭਾਸ਼ਾ ਦੇ ਵਿਕਾਸ ਲਈ ਸਕੂਲ ਅਤੇ ਕਾਲਜ ਖੁੱਲ੍ਹ ਜਾਂਦੇ।
ਇਸ ਵਿਆਪਕ ਸਾਮਰਾਜੀ ਪਸਾਰੇ ਵਿਚ ਨਵੇਂ ਮੁਲਕ ਅਤੇ ਸ਼ਹਿਰ ਦੀ ਨੁਹਾਰ ਬਦਲ ਜਾਂਦੀ। ਪਿੰਡਾਂ-ਥਾਂਵਾਂ ਅਤੇ ਸੜਕਾਂ ਦੇ ਨਾਂ ਵੀ ਸਿੰਘਾਪੁਰ ਵਿਚ ਅੰਗਰੇਜ਼ੀ ਵਿਚ ਹਨ। ਵਿਕਟੋਰੀਆ ਜੌਰਜ ਅਤੇ ਚਰਚ ਰੋਡ। ਮਲਕਾ ਵਿਕਟੋਰੀਆ ਦਾ ਜੋ ਬੁੱਤ ਮੈਂ ਮੋਗੇ ਵੇਖਿਆ ਸੀ, ਉਹੀ ਬੁੱਤ ਇੰਨ-ਬਿੰਨ ਅਸੀਂ ਕੇਪ ਟਾਊਨ, ਮਾਲਟਾ, ਸਾਈਪ੍ਰਸ, ਕੈਨੇਡਾ ਅਤੇ ਹੁਣ ਸਿੰਘਾਪੁਰ ਵਿਚ ਵੇਖਿਆ।
ਜਿਥੇ ਜਿਥੇ ਅੰਗਰੇਜ਼ ਗਏ, ਉਥੇ ਉਨ੍ਹਾਂ ਦੇ ਫੌਜੀ ਨਾਇਕਾਂ ਦੇ ਨਾਂਵਾਂ ‘ਤੇ ਸੜਕਾਂ ਅਤੇ ਪਬਲਿਕ ਥਾਂਵਾਂ ਦੇ ਨਾਂ ਜ਼ਰੂਰ ਹੋਣਗੇ। ਮਿਸਾਲ ਵਜੋਂ ਐਲਨਬੀ, ਕੈਨਿੰਗ, ਹੈਵਲੌਕ, ਨੇਪੀਅਰ, ਮੌਂਟਗੁਮਰੀ ਆਦਿ।
ਹੋਟਲਾਂ ਦੇ ਸਟਾਫ ਨਾਲ ਇੰਨੇ ਥੋੜ੍ਹੇ ਸਮੇਂ ਵਿਚ ਹੀ ਸਾਂਝਾਂ ਬਣਨ ਲੱਗ ਪੈਂਦੀਆਂ ਹਨ। ਡਾਈਨਿੰਗ ਹਾਲ ਵਿਚ ਬੈਠਦਿਆਂ ਹੀ ਬੀਬੀਆਂ ਆਪੇ ਪੁੱਛਣ ਲੱਗ ਪੈਂਦੀਆਂ ਕਿ ਫਿਰ ਉਹ ਡਰਿੰਕ ਲਉਗੇ, ਉਹੋ ਖਾਣਾ ਖਾਉਗੇ? ਇਕ ਰਾਤ ਸਾਨੂੰ ਥਕਾਵਟ ਕਾਰਨ ਘਬਰਾਹਟ ਜਿਹੀ ਹੋਈ ਤਾਂ ਅਸੀਂ ਸੋਚਿਆ ਕਿ ਹੋਟਲ ਦੇ ਬਾਹਰ ਤਾਜ਼ੀ ਹਵਾ ਵਿਚ ਗੇੜਾ ਲਾਈਏ। ਸਮਾਂ ਅੱਧੀ ਰਾਤ ਤੋਂ ਉਤੇ ਹੋ ਚੁਕਾ ਸੀ। ਅਸੀਂ ਹੇਠਾਂ ਲੌਬੀ ਵਿਚ ਆਏ ਤਾਂ ਰਿਸੈਪਸ਼ਨ ਦੇ ਕਰਮਚਾਰੀ ਨਾਲ ਆਪਣੀ ਪ੍ਰੇਸ਼ਾਨੀ ਸਾਂਝੀ ਕੀਤੀ। ਉਹ ਕਹਿਣ ਲੱਗੇ, ਜੇ ਚਾਹੋ ਤਾਂ ਡਾਕਟਰ ਮੰਗਵਾ ਦੇਈਏ। ਐਸੀ ਕੋਈ ਲੋੜ ਨਹੀਂ ਸੀ ਪਰ ਸਟਾਫ ਦੀ ਹਰ ਪੱਖੋਂ ਸੇਵਾ ਵੇਖ ਕੇ ਮਨ ਬਹੁਤ ਖੁਸ਼ ਹੋਇਆ।