ਵਿਰਾਸਤੀ ਯਾਦਗਾਰਾਂ ਦੀ ਸੰਭਾਲ ਬਨਾਮ ਪੰਥ ਦੀ ਅਪਰਾਧਿਕ ਲਾਪ੍ਰਵਾਹੀ

ਹਰਪਾਲ ਸਿੰਘ ਪੰਨੂ
ਫੋਨ: 91-94642-51454
ਕਿਹੜੀ ਇਮਾਰਤ ਵਿਰਾਸਤੀ ਯਾਦਗਾਰ ਹੋ ਸਕਦੀ ਹੈ, ਇਸ ਨੂੰ ਕਿਵੇਂ ਪਰਿਭਾਸ਼ਿਤ ਕਰੀਏ? ਇਸ ਨੂੰ ਸੰਭਾਲਣ ਦੀ ਕੀ ਲੋੜ ਹੋ ਸਕਦੀ ਹੈ? ਕਿਸ ਵਿਰਾਸਤੀ ਖਜਾਨੇ ਨੂੰ ਕੌਣ ਸੰਭਾਲੇ, ਇਹ ਜਿੰਮੇਵਾਰੀ ਕਿਸ ਦੀ ਹੈ? ਇਸ ਸਾਰੇ ਮਸਲੇ ਬਾਰੇ ਯੂ. ਐਨ. ਓ. ਨੇ ਦੁਨੀਆਂ ਦੀ ਸਲਾਹ ਨਾਲ ਕੁਝ ਨਿਯਮ ਤੈਅ ਕੀਤੇ ਹਨ।

ਹਰ ਉਹ ਦਰਖਤ, ਵਸਤ ਜਾਂ ਇਮਾਰਤ, ਜਿਸ ਦੀ ਉਮਰ ਇਕ ਸਦੀ ਤੋਂ ਵਧੀਕ ਹੋ ਗਈ ਹੈ, ਉਸ ਨੂੰ ਜਾਣ-ਬੁੱਝ ਕੇ ਨਸ਼ਟ ਕਰਨਾ ਮਨ੍ਹਾਂ ਹੈ, ਉਲੰਘਣਾ ਕਰਨੀ ਅਪਰਾਧ ਹੈ। ਆਸਟਰੇਲੀਆ ਵਿਚ ਇਸ ਕਾਨੂੰਨ ਦੀ ਸਖਤੀ ਨਾਲ ਪਾਲਣਾ ਹੁੰਦੀ ਮੈਂ ਦੇਖ ਆਇਆ ਹਾਂ। ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਰੇਕ ਪੁਰਾਣੀ ਇਮਾਰਤ ਖੜ੍ਹੀ ਰਹਿਣ ਦਿੱਤੀ ਤਾਂ ਫਿਰ ਧਰਤੀ ਉਤੇ ਖੰਡਰਾਤ ਹੀ ਖੰਡਰਾਤ ਦਿੱਸਣਗੇ, ਨਵੀਆਂ ਉਸਾਰੀਆਂ ਲਈ ਥਾਂ ਬਚੇਗੀ ਹੀ ਨਹੀਂ। ਅਜਿਹੀ ਗੱਲ ਨਹੀਂ। ਜਿਹੜਾ ਮਕਾਨ-ਹਵੇਲੀ ਮੇਰੇ ਬਾਬਾ ਨੇ ਸੌ ਸਾਲ ਪਹਿਲਾਂ ਬਣਾਈ ਸੀ, ਜੇ ਮੈਂ ਉਹ ਗਿਰਾ ਕੇ ਉਸ ਦੀ ਥਾਂ ਕੁਝ ਹੋਰ ਕਰਨਾ ਚਾਹੁੰਦਾ ਹਾਂ ਤਾਂ ਮੈਨੂੰ ਸਰਕਾਰ ਪਾਸ ਅਰਜ਼ੀ ਦੇਣੀ ਪਵੇਗੀ ਕਿ ਗਿਰਾਣ ਦੀ ਆਗਿਆ ਦਿੱਤੀ ਜਾਵੇ। ਪੁਰਾ ਵਿਭਾਗ ਦਾ ਅਫਸਰ ਮੁਆਇਨਾ ਕਰੇਗਾ ਕਿ ਇਮਾਰਤ ਵਿਚ ਕੋਈ ਸੰਭਾਂਲਣ ਯੋਗ ਮਿਨੀਏਚਰ, ਹੁਨਰੀ ਡਿਜ਼ਾਇਨ, ਕੋਈ ਕੀਮਤੀ ਨਿਸ਼ਾਨੀ ਤਾਂ ਨਹੀਂ, ਜਿਸ ਨੂੰ ਗਿਰਾਣ ਨਾਲ ਭਵਿੱਖ ਦੀਆਂ ਪੀੜ੍ਹੀਆਂ ਵੰਚਿਤ ਹੋ ਜਾਣਗੀਆਂ? ਜੇ ਅਜਿਹੀਆਂ ਕੀਮਤੀ ਨਿਸ਼ਾਨੀਆਂ ਹਨ ਤਾਂ ਸਰਕਾਰ ਉਸ ਨੂੰ ਵਿਰਾਸਤੀ ਜਾਇਦਾਦ ਐਲਾਨ ਕੇ ਮਾਲਕ ਨੂੰ ਮੁਆਵਜ਼ਾ ਦੇਏਗੀ ਅਤੇ ਇਮਾਰਤ ਵਿਰਾਸਤੀ ਜਾਇਦਾਦ ਬਣ ਜਾਏਗੀ, ਮਾਲਕੀ ਅਤੇ ਸਾਂਭ ਸੰਭਾਲ ਸਰਕਾਰ ਦੀ ਹੋਵੇਗੀ।
ਹੋ ਸਕਦਾ ਹੈ, ਸਰਕਾਰ ਨੂੰ ਪਤਾ ਨਾ ਹੋਵੇ, ਕੁਝ ਸਿਆਣੇ ਲੋਕ ਜੇ ਪੈਸੇ ਵੱਲੋਂ ਤੰਗ ਹਨ, ਆਪ ਸੰਭਾਲ ਕਰਨਯੋਗ ਨਹੀਂ, ਜਾਂ ਕੋਈ ਮਾਲਕ ਮਰ ਗਿਆ ਹੈ, ਉਸ ਦਾ ਵਾਰਸ ਕੋਈ ਨਹੀਂ, ਉਸ ਦੀ ਦੁਰਲੱਭ ਇਮਾਰਤ ਦੀ ਸੰਭਾਲ ਬਾਰੇ ਵੀ ਸਰਕਾਰ ਪਾਸ ਪਹੁੰਚ ਕੀਤੀ ਜਾ ਸਕਦੀ ਹੈ। ਪਾਠਕਾਂ ਨੂੰ ਯਾਦ ਹੋਵੇਗਾ, 15 ਕੁ ਸਾਲ ਪਹਿਲਾਂ ਇਕ ਵਾਰ ਦਰਬਾਰ ਸਾਹਿਬ, ਅੰਮ੍ਰਿਤਸਰ ਨੂੰ ਸੰਭਾਲਣ ਵਾਸਤੇ ਵਿਸ਼ਵ ਵਿਰਾਸਤ ਸੰਸਥਾ ਆ ਗਈ ਸੀ, ਜਿਸ ਦਾ ਇਨ੍ਹਾ ਸਤਰਾਂ ਦੇ ਲੇਖਕ ਨੇ ਡਟ ਕੇ ਵਿਰੋਧ ਕਰਦਿਆਂ ਕਿਹਾ ਸੀ ਕਿ ਦਰਬਾਰ ਸਾਹਿਬ ਲਾਵਾਰਸਾਂ ਦੀ ਜਾਇਦਾਦ ਨਹੀਂ ਹੈ ਕਿ ਪੰਥ ਸੰਭਾਲ ਨਹੀਂ ਸਕਦਾ। ਉਹ ਮਸਲਾ ਠੱਸ ਹੋ ਗਿਆ ਸੀ। ਹੁਣ ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਉਢੀ ਕਾਰ ਸੇਵਾ ਵਾਲਿਆਂ ਨੇ ਅੱਧੀ ਰਾਤ ਢਾਹ ਦੇਣ ਦੀ ਖਬਰ ਮਿਲੀ ਤਾਂ ਮਹਿਸੂਸ ਹੋਣ ਲੱਗਾ ਕਿ ਸਾਰੇ ਇਤਿਹਾਸਕ ਗੁਰਦੁਆਰੇ ਵਿਸ਼ਵ ਵਿਰਾਸਤ ਸੰਸਥਾ ਨੂੰ ਸੌਂਪ ਦੇਣੇ ਚਾਹੀਦੇ ਹਨ, ਕਿਉਂਕਿ ਪੰਥ ਉਨ੍ਹਾਂ ਦੀ ਸੰਭਾਲ ਕਰਨ ਦੇ ਸਮਰੱਥ ਨਹੀਂ।
ਮੈਂ ਸਮਝਦਾ ਹੁੰਦਾ ਸਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸਾਰੇ ਪੈਸੇ ਦੇ ਕੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਮਨਾਉਂਦੀ ਹੋਏਗੀ ਕਿ ਉਸਾਰੀ ਦਾ ਸਾਮਾਨ ਅਤੇ ਮਜ਼ਦੂਰੀ ਕਮੇਟੀ ਦਏਗੀ ਤੇ ਬਾਬਿਆਂ ਦੀ ਕੇਵਲ ਨਿਗਰਾਨੀ ਹੋਏਗੀ, ਜਿਸ ਦੇ ਵੱਖਰੇ ਪੈਸੇ ਦੇਣੇ ਪੈਂਦੇ ਹੋਣਗੇ। ਇਹ ਤਾਂ ਬੜੀ ਦੇਰ ਬਾਅਦ ਪਤਾ ਲੱਗਾ ਕਿ ਅਜਿਹਾ ਕੁਝ ਨਹੀਂ, ਬਾਬੇ ਭਾਰੀ ਰਕਮਾਂ ਕਮੇਟੀ ਦੇ ਪ੍ਰਬੰਧਕਾਂ ਨੂੰ ਤਾਰ ਕੇ ਇਹ ‘ਸੇਵਾ’ ਲੈਂਦੇ ਹਨ। ਅਜਿਹਾ ਕਿਉਂ? ਕਿਉਂਕਿ ਸੰਗਤਾਂ ਕਾਰ ਸੇਵਾ ਦੇ ਨਾਂ ‘ਤੇ ਸਾਲਾਂ ਬੱਧੀ ਦਾਨ ਭੇਟਾ ਤਾਰਦੀਆਂ ਰਹਿੰਦੀਆਂ ਹਨ। ਇਸ ਦਾਨ ਵਿਚੋਂ ਕੁਝ ਹਿੱਸਾ ਉਸਾਰੀ ਉਪਰ ਖਰਚ, ਕੁਝ ਸੇਵਾ ਕਰਨ ਵਾਲੀਆਂ ਸੰਸਥਾਵਾਂ ਦੀ ਜੇਬ ਵਿਚ ਚਲਾ ਜਾਂਦਾ ਹੈ। ਅਜਿਹਾ ਖਤਰਨਾਕ ਮਾਫੀਆ ਪੈਦਾ ਹੋ ਗਿਆ ਹੈ ਕਿ ਕਾਰ ਸੇਵਾ ਦੇ ਨਾਂ ਹੇਠ ਫਸਲਾਂ ਦੀ ਵਾਢੀ ਵਕਤ ਕਿਸਾਨਾਂ ਪਾਸੋਂ ਜਬਰੀ ਅੰਨ ਉਗਰਾਹੁਣ ਦੀਆਂ ਖਬਰਾਂ ਵੀ ਆਈਆਂ ਹਨ।
ਦੋ ਸੌ ਸਾਲ ਪੁਰਾਣੀ ਤਰਨਤਾਰਨ ਸਾਹਿਬ ਦੀ ਦਰਸ਼ਣੀ ਡਿਉਢੀ ਢਾਹੁਣ ਲਈ ਅੱਧੀ ਰਾਤ ਚਾਰ ਸੌ ਕਾਰ ਸੇਵਕ ਗੈਂਤੀਆਂ ਲੈ ਕੇ ਟੁੱਟ ਪਏ। ਸਿਲਸਿਲਾ ਖਤਮ। ਸਵਾਲ, ਅੱਧੀ ਰਾਤ ਨੂੰ ਕਿਉਂ? ਕਿਉਂਕਿ ਸ਼੍ਰੋਮਣੀ ਕਮੇਟੀ ਨੇ ਕਿਹਾ ਸੀ, ਨਹੀਂ ਢਾਹੁਣੀ, ਕਮੇਟੀ ਮੁਲਾਜ਼ਮ ਜਾਂ ਸੰਗਤ ਸ਼ਾਇਦ ਰੋਕ ਦਿੰਦੀ। ਅੱਧੀ ਅੱਧੀ ਰਾਤ ਜਦੋਂ ਪੁਲਿਸ ਸੌਂ ਜਾਂਦੀ ਹੈ, ਸਮੱਗਲਰ ਜੀਪਾਂ ਵਿਚ ਮਾਲ ਲੱਦ ਕੇ ਪ੍ਰਾਂਤਾਂ ਦੇ, ਦੇਸ਼ਾਂ ਦੇ ਬਾਰਡਰ ਪਾਰ ਕਰਦੇ ਸੁਣੇ ਹਨ, ਅੱਧੀ ਰਾਤ ਇਤਿਹਾਸਕ ਇਮਾਰਤ ਕਿਉਂ ਢਾਹੀ? ਇਸ ਸਵਾਲ ਦਾ ਜਵਾਬ ਕਾਰ ਸੇਵਾ ਵਾਲੇ ਬਾਬੇ ਦੇਣ ਜਾਂ ਸ਼ੋਮਣੀ ਕਮੇਟੀ ਦਾ ਪ੍ਰਧਾਨ ਦਏ। ਮੈਨੇਜਰ ਨੂੰ ਮੁਅੱਤਲ ਕਰਨਾ ਕੋਈ ਇਲਾਜ ਨਹੀਂ, ਜੇ ਗੱਲ ਕੇਵਲ ਇਥੇ ਮੁੱਕ ਗਈ, ਫਿਰ ਖਤਰੇ ਦੀ ਘੰਟੀ ਵੱਜ ਗਈ ਸਮਝੋ।
ਅੱਜ ਤੋਂ ਸੌ ਸਾਲ ਪਹਿਲਾਂ ਤਰਨਤਾਰਨ ਤਹਿਸੀਲ ਵਿਚ ਪਿੰਡ ਝੱਬਰ ਦੇ ਕਰਤਾਰ ਸਿੰਘ ਨਾਂ ਦੇ ਇਕ ਅਨਪੜ੍ਹ ਜੁਆਨ ਨੂੰ ਪਤਾ ਲੱਗਾ ਕਿ ਮਹੰਤ ਗੁਰੂਘਰਾਂ ਦੀ ਬੇਅਦਬੀ ਕਰ ਰਹੇ ਹਨ। ਉਸ ਨੇ ਸੁਣੀ ਸੁਣਾਈ ਗੱਲ ਮੰਨਣ ਦੀ ਥਾਂ ਘੋੜੀ ‘ਤੇ ਸਵਾਰ ਹੋ ਕੇ ਸਰਵੇਖਣ ਸ਼ੁਰੂ ਕੀਤਾ, ਸਨਸਨੀਖੇਜ਼ ਤੱਥ/ਅੰਕੜੇ ਸਾਹਮਣੇ ਆਏ। ਇਹ ਵੀ ਇਤਫਾਕ ਸਮਝੋ ਕਿ ਤਰਨਤਾਰਨ ਦੇ ਗੁਰਦੁਆਰੇ ਲੰਗਰ ਵਿਚ ਉਸ ਨੇ ਦੇਖਿਆ ਲੰਗਰ ਦਾ ਠੇਕੇਦਾਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰ ਰਿਹਾ ਸੀ, ਉਸ ਦੇ ਇਕ ਹੱਥ ਵਿਚ ਬੀੜੀ ਸੀ, ਦੂਜੇ ਹੱਥ ਨਾਲ ਕੜਾਹੇ ਵਿਚ ਖੁਰਚਣਾ ਫੇਰ ਰਿਹਾ ਸੀ। ਲੰਗਰ ਠੇਕੇ ‘ਤੇ ਚੜ੍ਹਦੇ ਸਨ। ਇਹ ਦ੍ਰਿਸ਼ ਜਥੇਦਾਰ ਕਰਤਾਰ ਸਿੰਘ ਝੱਬਰ ਲਈ ਇਤਿਹਾਸਕ ਹੋ ਗਿਆ। ਉਸ ਨੇ ਅਖਬਾਰਾਂ ਵਿਚ ਬਿਆਨ ਅਤੇ ਇਸ਼ਤਿਹਾਰ ਦੇ ਕੇ ਕਿਹਾ, “ਹੁਣ ਹੋਰ ਨਹੀਂ, ਪੁਰਾਣਾ ਸਿਲਸਿਲਾ ਖਤਮ, ਮੈਂ ਨਵੀਂ ਜਥੇਬੰਦੀ ਬਣਾਉਣ ਲਈ ਫਲਾਂ ਤਰੀਕ ਪੰਥ ਦਰਦੀਆਂ ਨੂੰ ਸੱਦਦਾ ਹਾਂ, ਸ਼ਾਇਦ ਕੋਈ ਆ ਜਾਏ।”
ਉਸ ਦੇ ਸੱਦੇ ‘ਤੇ ਨਾਮਵਰ ਹਸਤੀਆਂ ਪੁੱਜੀਆਂ, ਜਿਨ੍ਹਾਂ ਵਿਚ ਪ੍ਰਿੰ. ਤੇਜਾ ਸਿੰਘ ਅਤੇ ਪ੍ਰੋ. ਜੋਧ ਸਿੰਘ ਤੋਂ ਇਲਾਵਾ ਤੇਜਾ ਸਿੰਘ ਸਮੁੰਦਰੀ ਜਿਹੇ ਦਾਨਸ਼ਵਰ ਤੇ ਰਈਸ ਪੁੱਜੇ। ਸ਼੍ਰੋਮਣੀ ਅਕਾਲੀ ਦਲ ਪ੍ਰਗਟ ਹੋਇਆ, ਜਿਸ ਨੇ ਇਤਿਹਾਸ ਵਿਚ ਆਪਣੀ ਹਾਜ਼ਰੀ ਲਵਾਈ, ਮਹੰਤ ਲੋਪ ਹੋ ਗਏ। ਅੱਜ ਉਸੇ ਅਕਾਲੀ ਦਲ ਦੇ ਵਾਰਸਾਂ ਨੇ ਕਾਰ ਸੇਵਾ ਵਾਲਿਆਂ ਪਾਸੋਂ ਵਿਰਸਤੀ ਇਮਾਰਤਾਂ ਢੁਹਾਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਜਦੋਂ ਪੱਤਰਕਾਰ ਕਾਰ ਸੇਵਾ ਵਾਲੇ ਬਾਬੇ ਕੋਲ ਗਏ, ਬਾਬੇ ਨੇ ਸ਼੍ਰੋਮਣੀ ਕਮੇਟੀ ਦਾ ਪੱਤਰ ਪੇਸ਼ ਕਰ ਦਿੱਤਾ, ਜਿਸ ਵਿਚ ਕਮੇਟੀ ਨੇ ਇਮਾਰਤ ਢਾਹੁਣ ਦਾ ਹੁਕਮ ਦਿੱਤਾ ਲਿਖਿਆ ਹੈ। ਦੋਹਾਂ ਧਿਰਾਂ ਵਿਚੋਂ ਕੌਣ ਝੂਠਾ ਹੈ, ਕੌਣ ਸੱਚਾ? ਜਾਂ ਦੋਵੇਂ ਝੂਠ ਮਾਰ ਰਹੇ ਹਨ, ਜਲਦੀ ਪਤਾ ਲੱਗ ਜਾਏਗਾ। ਇੰਨਾ ਪਕਾ ਪਤਾ ਹੈ ਕਿ ਦੋਵੇਂ ਸੱਚੇ ਨਹੀਂ ਹੋ ਸਕਦੇ।
ਕਰਤਾਰ ਸਿੰਘ ਝੱਬਰ ਦੀ ਰਹਿਨੁਮਾਈ ਹੇਠ 1920 ਵਿਚ ਅਕਾਲੀ ਦਲ ਦਾ ਜਨਮ ਹੋਇਆ, ਜੋ ਇਕ ਸਦੀ ਬਾਅਦ ਮਹੰਤਾਂ ਦਾ ਗਰੋਹ ਹੋ ਗਿਆ। ਜਥੇਦਾਰ ਝੱਬਰ ਦੀ ਭੂਮਿਕਾ 2020 ਵਿਚ ਕੌਣ ਨਿਭਾਏਗਾ? ਕੁੰਜੀਆਂ ਦਾ ਮੋਰਚਾ ਜਿੱਤ ਕੇ ਸ਼ੁਕਰਾਨੇ ਦੀ ਅਰਦਾਸ ਕਰਵਾਉਣ ਉਸ ਵੇਲੇ ਦਾ ਅਕਾਲੀ ਦਲ ਸੰਤ ਅਤਰ ਸਿੰਘ ਪਾਸ ਮਸਤੁਆਣੇ ਆਇਆ। ਸੰਤ ਜੀ ਨੇ ਪੁਛਿਆ, ਕਿਸ ਗੱਲ ਦਾ ਸ਼ੁਕਰਾਨਾ? ਧੱਸਿਆ, ਮਹੰਤ ਗੁਰਦੁਆਰਿਆਂ ਵਿਚੋਂ ਨਿਕਲ ਗਏ ਹਨ। ਸੰਤ ਜੀ ਬੋਲੇ, ਮਾੜੀ ਮੋਟੀ ਨੇਕੀ ਬਚੀ ਰਹੀ ਹੋਇਗੀ ਮਹੰਤਾਂ ਵਿਚ, ਜੋ ਗੁਰੂਘਰ ਖਾਲੀ ਕਰ ਗਏ, ਤੁਹਾਨੂੰ ਕੱਢਣ ਵਿਚ ਬੜੀ ਮੁਸ਼ਕਿਲ ਆਏਗੀ।