ਵਿਸਾਖੀ ਨਗਰ ਕੀਰਤਨ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਅੱਜ ਖਾਲਸਾ ਸਾਜਨਾ ਦਿਵਸ, ਵਿਸਾਖੀ ਸਾਰੇ ਸੰਸਾਰ ‘ਚ, ਜਿੱਥੇ ਵੀ ਸਿੱਖ ਵਸਦੇ ਹਨ, ਇਕ ਪ੍ਰਮੁੱਖ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਵੱਖ ਵੱਖ ਦੇਸ਼ਾਂ ‘ਚ ਇਸ ਨੇ ਪਿਛਲੇ ਚਾਲੀ ਕੁ ਸਾਲਾਂ ਤੋਂ ਆਪਣਾ ਸਥਾਨ ਤੇ ਪਕੜ ਬਣਾ ਲਈ ਹੈ। ਪੱਛਮੀ ਮੁਲਕਾਂ ‘ਚ ਇਹ ‘ਵਿਸਾਖੀ ਨਗਰ ਕੀਰਤਨ’ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਦੀ ਪਛਾਣ ਇਕੱਲੇ ਸਿੱਖਾਂ ਤੱਕ ਹੀ ਮਹਿਦੂਦ ਨਹੀਂ, ਸਗੋਂ ਸਮੁੱਚੇ ਭਾਈਚਾਰੇ ‘ਚ ਇਸ ਦੀ ਮਕਬੂਲੀਅਤ ਬਣ ਗਈ ਹੈ।

1699 ਈਸਵੀ ਵਿਚ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਸਾਜਿਆ। ਉਸ ਵੇਲੇ ਇਹ ਵੱਡਾ ਇਨਕਲਾਬੀ ਕਦਮ ਸੀ। ਹਕੂਮਤ ਨੂੰ ਸਿੱਧੀ ਚੁਣੌਤੀ ਸੀ ਗੁਰੂ ਸਾਹਿਬ ਵਲੋਂ ਕਿ ਜਿਨ੍ਹਾਂ ਦੱਬੇ-ਕੁਚਲੇ ਲੋਕਾਂ ਨੂੰ ਤੁਸੀਂ ਟਿੱਚ ਤੇ ਨਿਗੂਣੇ ਸਮਝਦੇ ਹੋ, ਮੈਂ ਉਨ੍ਹਾਂ ਨੂੰ ਬਰਾਬਰੀ ਦਾ ਦਰਜਾ ਦਿੰਦਾ ਹਾਂ। ਸਾਜੇ ਪੰਜ ਪਿਆਰਿਆਂ ਵਲ ਨਿਗ੍ਹਾ ਮਾਰੀਏ ਤਾਂ ਉਹ ਪੰਜੇ ਹੀ-ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਕਥਿਤ ਨੀਵੀਂਆਂ ਸਮਝੀਆਂ ਜਾਂਦੀਆਂ ਜਾਤਾਂ ਵਿਚੋਂ ਸਨ। ਗੁਰੂ ਜੀ ਨੇ ਉਨ੍ਹਾਂ ਦੇ ਨਾਂਵਾਂ ਨਾਲ ‘ਸਿੰਘ’ ਲਾ ਕੇ ਉਨ੍ਹਾਂ ਨੂੰ ਸ਼ੇਰਾਂ, ਸੂਰਮਿਆਂ ਦਾ ਦਰਜਾ ਦਿੱਤਾ। ਉਨ੍ਹਾਂ ਦੇ ਦਸਤਾਰਾਂ ਸਜਾ ਕੇ ਨਾ ਸਿਰਫ ਔਰੰਗਜ਼ੇਬ ਦੀ ਜ਼ਾਲਮ ਸਰਕਾਰ ਨੂੰ ਸਿੱਧੀ ਚੁਣੌਤੀ ਦਿੱਤੀ, ਸਗੋਂ ਜਿਨ੍ਹਾਂ ਜਾਤਾਂ ਦੇ ਲੋਕਾਂ ਨੂੰ ਪੱਗ ਬੰਨਣ ਦੀ ਮਨਾਹੀ ਸੀ, ਉਨ੍ਹਾਂ ਸਭ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਾਜ ਕੇ, ਬਰਾਬਰੀ ਦੀ ਨਵੀਂ ਪਿਰਤ ਪਾਈ ਅਤੇ ਸਮੇਂ ਦੀ ਸਰਕਾਰ ਦੇ ਵਿਤਕਰੇ ਭਰੇ ਤੇ ਜ਼ਾਲਮ ਵਤੀਰੇ ਨੂੰ ਸ਼ੱਰੇਆਮ ਵੰਗਾਰਿਆ।
ਖਾਲਸਾ ਸਾਜ ਕੇ ਗੁਰੂ ਜੀ ਨੇ ਮਰ ਚੁਕੀ ਜ਼ਮੀਰ ਤੇ ਦੱਬੀਆਂ ਕੁਚਲੀਆਂ ਜਾ ਚੁਕੀਆਂ ਮਨੁੱਖਤਾ ਦੀਆਂ ਭਾਵਨਾਵਾਂ ਨੂੰ ਖਾਲਸੇ ਦੇ ਰੂਪ ‘ਚ ਸੁਰਜੀਤ ਕੀਤਾ। ਖਾਸ ਕਿਸਮ ਦਾ ਪਹਿਰਾਵਾ ਪੁਆ ਕੇ ਖਾਲਸੇ ਨੂੰ ਵਿਲੱਖਣ ਰੂਪ ਦਿੱਤਾ। ਖਾਲਸੇ ਦੀ ਮਰਿਆਦਾ ਵੀ ਉਲੀਕੀ ਤੇ ਖਾਲਸੇ ਨੂੰ ਉਸ ਦੀ ਪਾਲਣਾ ਕਰਨ ਦਾ ਹੁਕਮ ਵੀ ਦਿੱਤਾ। ਪੰਜ ਕੱਕਾਰਾਂ-ਕਛਹਿਰਾ, ਕੰਘਾ, ਕੜਾ, ਕੇਸ ਤੇ ਕਿਰਪਾਨ ਸਿੱਖ ਦੀ ਪਛਾਣ ਬਣਾਏ। ਗੁਰੂ ਜੀ ਦੀ ਲੜਾਈ ਕਿਸੇ ਦਾ ਰਾਜ ਭਾਗ ਖੋਹ ਕੇ ਉਸ ‘ਤੇ ਕਬਜਾ ਕਰਨਾ ਬਿਲਕੁਲ ਨਹੀਂ ਸੀ, ਸਗੋਂ ਸਮਾਜ ‘ਚ ਹੋ ਰਹੇ ਜ਼ੁਲਮ ਤੇ ਧੱਕੇ ਦੇ ਖਿਲਾਫ ਖਾਲਸੇ ਦੇ ਰੂਪ ‘ਚ ਇਕ ਐਸਾ ਵਿਲੱਖਣ ਬਦਲ ਖੜਾ ਕਰ ਕੇ ਜ਼ਾਲਮ ਮੁਗਲ ਹਾਕਮਾਂ ਨੂੰ ਵੰਗਾਰਨਾ ਤੇ ਜੜ੍ਹਾਂ ਤੋਂ ਝੰਜੋੜ ਦੇਣਾ ਸੀ। ਸਿੱਖ ਮਰਦਾਂ ਨੂੰ ‘ਸਿੰਘ’ ਅਤੇ ਔਰਤਾਂ ਨੂੰ ‘ਕੌਰ’ ਦਾ ਨਾਂ ਦੇ ਕੇ ਉਨ੍ਹਾਂ ਨੂੰ ਜਾਤਾਂ-ਪਾਤਾਂ ਤੋਂ ਉਚਾ ਚੁੱਕ ਕੇ ਨਾ ਸਿਰਫ ਮੁਗਲ ਸ਼ਾਸਕਾਂ ਨੂੰ ਹੀ ਕੰਬਣੀ ਛੇੜੀ, ਸਗੋਂ ਸਦੀਆਂ ਤੋਂ ਚਲੀਆਂ ਆ ਰਹੀਆਂ ਹਿੰਦੂ ਰਹੁ-ਰੀਤਾਂ ਤੇ ਜਾਤਾਂ-ਪਾਤਾਂ ਦੇ ਆਧਾਰ ਨੂੰ ਵੀ ਨਕਾਰ ਦਿੱਤਾ।
ਗੁਰੂ ਜੀ ਨੇ ਚਾਲੀ ਸਾਲ ਦੀ ਉਮਰ ਦੇ ਅਰਸੇ ‘ਚ ਜਿਨ੍ਹਾਂ ਪ੍ਰਾਪਤੀਆਂ ਅਤੇ ਸਿਖਰਾਂ ‘ਤੇ ਖਾਲਸੇ ਨੂੰ ਪਹੁੰਚਾ ਕੇ ਅਜਿਹੀਆਂ ਰੂਹਾਨੀ, ਸਾਹਿਤਕ, ਧਾਰਮਕ ਤੇ ਸਮਾਜਕ ਤਬਦੀਲੀਆਂ ਲਿਆਂਦੀਆਂ, ਉਨ੍ਹਾਂ ਦੀ ਮਿਸਾਲ ਦੁਨੀਆਂ ‘ਚ ਕਿਧਰੇ ਨਹੀਂ ਮਿਲਦੀ। ਸੀਮਤ ਸਾਧਨਾਂ, ਚਾਰ-ਚੁਫੇਰੇ ਵੈਰੀ ਦਾ ਬੋਲਬਾਲਾ ਤੇ ਪੱਤਾ ਪੱਤਾ ਖਾਲਸੇ ਦਾ ਵੈਰੀ ਵਾਲੀ ਸਥਿਤੀ ‘ਚ ਵੀ ਗੁਰੂ ਗੋਬਿੰਦ ਸਿੰਘ ਇਕ ਅਕਾਲ ਪੁਰਖ ‘ਤੇ ਟੇਕ ਰੱਖ ਕੇ ਅਡੋਲ ਤੇ ਅਟੱਲ ਰਹੇ, ਕਿਸੇ ਦੀ ਈਨ ਨਹੀਂ ਮੰਨੀ।
ਅੱਜ ਸਿੱਖਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਦਰਸਾਏ ਰਾਹ ‘ਤੇ ਤੁਰ ਕੇ ਉਸ ਮਾਰਗ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ। ਖਾਲਸਾ ਸਾਜੇ ਜਾਣ ਨੂੰ ਤਿੰਨ ਸੌ ਸਾਲ ਤੋਂ ਉਪਰ ਹੋ ਚੱਲੇ ਹਨ; ਗੁਰੂ ਜੀ ਦੀਆਂ ਸਿਖਿਆਵਾਂ ਅਤੇ ਸੇਧਾਂ ‘ਤੇ ਅਸੀਂ ਕਿੰਨਾਂ ਕੁ ਪੂਰਾ ਉਤਰੇ ਹਾਂ? ਜਾਤਾਂ-ਪਾਤਾਂ ਤੋਂ ਕਿੰਨਾ ਕੁ ਉਪਰ ਉਠੇ ਹਾਂ? ਕਿੰਨਾ ਕੁ ਜ਼ੁਲਮ ਦੇ ਖਿਲਾਫ ਖੜ੍ਹਦੇ ਹਾਂ? ਸਰਬ ਸਾਂਝੀਵਾਲਤਾ ਤੇ ਬਰਾਬਰੀ ‘ਤੇ ਪਹਿਰਾ ਦੇਣ ਦੇ ਅਸੂਲ ‘ਤੇ ਕਿੰਨਾ ਕੁ ਪੂਰਾ ਉਤਰੇ ਹਾਂ? ਇਹ ਖਾਲਸਾ ਅਤੇ ਸਮੁੱਚੇ ਸਿੱਖਾਂ ਲਈ ਸਵੈ ਪੜਚੋਲ ਦਾ ਵਿਸ਼ਾ ਹੈ, ਇਸ ਬਾਰੇ ਆਪਣੀ ਪੜਚੋਲ ਕਰ, ਕਿੱਥੇ ਤਰੁੱਟੀਆਂ ਰਹਿ ਗਈਆਂ ਹਨ, ਕਿਥੇ ਅਸੀਂ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਭਟਕ ਗਏ ਹਾਂ? ਇਨ੍ਹਾਂ ਵਿਚਾਰਾਂ ‘ਤੇ ਗੰਭੀਰਤਾ ਨਾਲ ਗੌਰ ਕਰਨਾ ਚਾਹੀਦਾ ਹੈ।
ਗੁਰੂ ਸਾਹਿਬ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ, ਕਿਸੇ ‘ਤੇ ਪਹਿਲਾਂ ਹਮਲਾ ਨਹੀਂ ਕੀਤਾ ਸਗੋਂ ਆਪਣੇ ਬਚਾਓ ਲਈ ਲੜਾਈ ਲੜੀ, ਜ਼ਾਲਮ ਦੁਸ਼ਮਣ ਨੂੰ ਵਿਤੋਂ ਵਾਧੂ ਟੱਕਰ ਦਿੱਤੀ। ਖਾਲਸਾ ਸਾਜਨਾ ਦਿਵਸ ‘ਤੇ ਵਿਸ਼ਾਲ ਨਗਰ ਕੀਰਤਨ ਕੱਢ ਕੇ ਸਿੱਖਾਂ ਦੀ ਪਛਾਣ ਬਣਾਉਣੀ ਆਪਣੇ ਆਪ ‘ਚ ਬਹੁਤ ਵੱਡੀ ਗੱਲ ਹੈ। ਇੰਜ ਸਾਰੇ ਦੇਸ਼ਾਂ ‘ਚ, ਜਿੱਥੇ ਕਿਤੇ ਵੀ ਅਸੀਂ ਵਿਸਾਖੀ ਮਨਾਉਦੇ ਹਾਂ, ਉਥੇ ਸਿੱਖਾਂ ਬਾਰੇ ਪਛਾਣ ਬਣਦੀ ਹੈ। ਵਿਸਾਖੀ ਨਗਰ ਕੀਰਤਨਾਂ ‘ਚ ਹਜਾਰਾਂ ਦੀ ਤਾਦਾਦ ‘ਚ ਸੰਗਤਾਂ ਇਕੱਤਰ ਹੁੰਦੀਆਂ ਹਨ। ਹਰ ਇੱਕ ਲਈ ਲੰਗਰ ਦੀ ਮਰਿਆਦਾ ਅਨੁਸਾਰ ਖਾਣ ਪੀਣ ਲਈ ਬੇਅੰਤ ਕਿਸਮ ਦੇ ਪੰਡਾਲ ਸੰਗਤਾਂ ਸ਼ਰਧਾ ਨਾਲ ਲਾਉਂਦੀਆਂ ਹਨ। ਇੰਨੇ ਵੱਡੇ ਵੱਡੇ ਇਕੱਠਾਂ ‘ਚ ਕੋਈ ਭੁੱਖਾ ਨਹੀਂ ਰਹਿੰਦਾ, ਇਹ ਵੀ ਗੁਰੂ ਸਾਹਿਬ ਦੇ ਦਰਸਾਏ ਲੰਗਰ ਦੇ ਸੰਕਲਪ ਦੀ ਹੀ ਕਿਰਪਾ ਹੈ; ਅਜਿਹੀਆਂ ਮਿਸਾਲਾਂ ਹੋਰ ਧਰਮਾਂ ‘ਚ ਨਹੀਂ ਮਿਲਦੀਆਂ।
ਪਰਦੇਸਾਂ ‘ਚ ਬੈਠਿਆਂ ਸਿੱਖਾਂ ਕੋਲ ਬੇਅੰਤ ਸੁੱਖ-ਸਹੂਲਤਾਂ ਤੇ ਸਾਧਨ ਹਨ, ਕਿਤੇ ਇਹ ਨਾ ਹੋਵੇ ਕਿ ਇਨ੍ਹਾਂ ‘ਚ ਖੁੱਭ ਵਿਸਾਖੀ ਨਗਰ ਕੀਰਤਨ ਇਕ ਮੇਲਾ ਬਣ ਕੇ ਰਹਿ ਜਾਵੇ ਤੇ ਸਾਡੀ ਸੋਚ ਸਿਰਫ ਲੰਗਰ ਛਕ ਘਰਾਂ ਨੂੰ ਪਰਤਣ ਤੱਕ ਹੀ ਸੀਮਤ ਹੋ ਜਾਵੇ। ਗੈਰਤ, ਅਣਖ, ਸੂਰਬੀਰਤਾ ਤੇ ਦੂਰਦਰਸ਼ੀ ਸਿਆਸਤਦਾਨਾਂ ਵਾਲੀ ਬੁੱਧੀ, ਜੋ ਗੁਰੂ ਸਾਹਿਬ ਨੇ ਖਾਲਸੇ ਨੂੰ ਬਖਸ਼ੀ, ਉਸ ‘ਤੇ ਵੀ ਅਸੀਂ ਪਹਿਰਾ ਦਿੰਦੇ ਹਾਂ ਜਾਂ ਨਹੀਂ? ਕੀ ਉਨ੍ਹਾਂ ਦੀ ਦਿੱਤੀ ਸਿੱਖਿਆ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਪ੍ਰਮੁੱਖ ਨੇਮ ਸਮਝਦੇ ਹਾਂ? ਇਨ੍ਹਾਂ ਵਿਚਾਰਾਂ ਵੱਲ ਸਾਨੂੰ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।
ਗੁਰੂ ਗੋਬਿੰਦ ਸਿੰਘ ਨੇ 1699 ਈਸਵੀ ਦੀ ਵਿਸਾਖੀ ਮੌਕੇ ਜਦੋਂ ਸੰਗਤਾਂ ਨੂੰ ਪਹੁੰਚਣ ਲਈ ਕਿਹਾ ਤਾਂ ਨਾਲ ਇਹ ਵੀ ਸੁਨੇਹਾ ਦਿੱਤਾ ਕਿ ਇਸ ਵਾਰ ਅਨੰਦਪੁਰ ਸਾਹਿਬ ਮਨਾਈ ਜਾ ਰਹੀ ਵਿਸਾਖੀ ਵਿਲੱਖਣ ਹੋਏਗੀ, ਤੇ ਸਭ ਸੰਗਤਾਂ ਨੂੰ ਦੂਰੋਂ ਨੇੜਿਓਂ ਪਹੁੰਚਣ ਲਈ ਪ੍ਰੇਰਨਾ ਕੀਤੀ। ਸੱਚੀਂ ਮੁੱਚੀਂ 1699 ਦੀ ਵਿਸਾਖੀ ਖਾਲਸਾ ਸਾਜਨਾ ਦਿਵਸ ਦੇ ਰੂਪ ‘ਚ ਵਿਲੱਖਣ ਹੋ ਨਿੱਬੜੀ।
ਪੱਛਮੀ ਤੇ ਵਿਕਸਿਤ ਮੁਲਕਾਂ ‘ਚ ਬੈਠੇ ਸਿੱਖਾਂ ਦੀ ਹੋਰ ਵੀ ਸ਼ਿੱਦਤ ਨਾਲ ਜਿੰਮੇਵਾਰੀ ਬਣ ਜਾਂਦੀ ਹੈ ਕਿ ਗੁਰੂ ਜੀ ਦੇ ਦਰਸਾਏ ਮਾਰਗ ਕਿਰਤ ਕਰੋ, ਵੰਡ ਛਕੋ, ਨਾਮ ਜਪੋ; ਅਣਖ ਨਾਲ ਜੀਓ, ਕਿਸੇ ਦਾ ਹੱਕ ਨਾ ਮਾਰੋ; ਗਰੀਬ ਤੇ ਮਾੜੇ ‘ਤੇ ਜ਼ੁਲਮ ਨਾ ਕਰੋ, ਸਗੋਂ ਉਸ ਦੇ ਬਚਾਓ ਲਈ ਖੜ੍ਹੇ ਹੋਵੋ, ਕੁਝ ਖਾਸ ਗੱਲਾਂ ਹਨ, ਜਿਨ੍ਹਾਂ ਪ੍ਰਤੀ ਗੁਰੂ ਜੀ ਨੇ ਸਾਨੂੰ ਪ੍ਰੇਰਨਾ ਕੀਤੀ, ਤੇ ਅਜਿਹੇ ਮਹਾਨ ਦਿਹਾੜਿਆਂ ਨੂੰ ਮਨਾਉਂਦਿਆਂ ਸਾਨੂੰ ਆਪਣੇ ਮਨ ਨਾਲ ਅਹਿਦ ਕਰਨਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ ‘ਤੇ ਪਹਿਰਾ ਦੇਈਏ ਤੇ ਜਿੱਥੇ ਤਰੁੱਟੀਆਂ ਹਨ, ਉਥੇ ਉਨ੍ਹਾਂ ਨੂੰ ਦੂਰ ਕਰਨ ਦੇ ਯਤਨ ਵਿੱਢੀਏ। ਨਿੱਕੀਆਂ ਗੱਲਾਂ ਤੋਂ ਉਪਰ ਉਠ ਕੇ ਗੁਰੂ ਦੇ ਸੱਚੇ ਸਿੱਖ ਬਣਨ ਵਲ ਨੂੰ ਤੁਰੀਏ, ਇਹ ਹਨ ਕੁੱਝ ਗੱਲਾਂ ਜਿਨ੍ਹਾਂ ਵਾਸਤੇ ਸਾਨੂੰ ਅਹਿਦ ਲੈਣਾ ਚਾਹੀਦਾ ਹੈ। ਜੇ ਅਸੀਂ ਸਾਰੇ ਸਿੱਖ ਇੱਧਰ ਧਿਆਨ ਦੇਈਏ ਤਾਂ ਇਹੀ ਮਹਾਨ ਨਗਰ ਕੀਰਤਨ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਣ ਵਲ ਪ੍ਰੇਰਿਤ ਕਰਦੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਨਮੂਨੇ ਦੇ ਰੂਪ ‘ਚ ਉਭਾਰ; ਸਭ ਸਿੱਖਾਂ ਨੂੰ ਗੁਰੂ ਜੀ ਦੇ ਪਾਏ ਪੂਰਨਿਆਂ ‘ਤੇ ਚੱਲਣ ਲਈ ਰਾਹ ਪੱਧਰਾ ਕਰਨਗੇ। ਇੰਜ ਖਾਲਸਾ ਕਿਸੇ ਦਾ ਮੁਥਾਜ ਨਾ ਹੁੰਦਾ ਹੋਇਆ, ਗੁਰੂ ਜੀ ਵਲੋਂ ਸਿੱਖਾਂ ਨੂੰ ਬਖਸ਼ੀ ਵਿਲੱਖਣ ਦਿੱਖ ਅਤੇ ਕੁੱਟ ਕੁੱਟ ਭਰੀ ਆਪਾ ਕੁਰਬਾਨੀ ਦੀ ਮੰਜ਼ਿਲੇ ਤੋਰਦਾ; ਬਿਨਾ ਕਿਸੇ ਭਿੰਨ ਭੇਦ ਮਨੁੱਖਤਾ ਦੇ ਭਲੇ ਲਈ ਆਪਾ ਵਾਰਦਾ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦਾ ਤਰੱਕੀਆਂ ਦੀਆਂ ਸਿਖਰਾਂ ਛੂੰਹਦਾ ਜਾਏਗਾ। ਨਗਰ ਕੀਰਤਨਾਂ ‘ਤੇ ਹਰ ਸਿੱਖ ਨੂੰ ਆਪਾ ਪੜਚੋਲ ਕਰ, ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਤੁਰਨ ਅਤੇ ਪਹਿਰਾ ਦੇਣ ਦਾ ਅਹਿਦ ਸੱਚੇ ਦਿਲੋਂ ਕਰਨਾ ਚਾਹੀਦਾ ਹੈ, ਤਦੇ ਅਸੀਂ ਗੁਰੂ ਦੇ ਸੱਚੇ ਸਿੱਖ ਕਹਾਉਣ ਦੇ ਅਧਿਕਾਰੀ ਹੋਵਾਂਗੇ।