ਗੁਰੂ ਨਾਨਕ ਦੇਵ ਜੀ ਅਤੇ ਸੁਲਤਾਨਪੁਰ ਲੋਧੀ

ਡਾ. ਆਸਾ ਸਿੰਘ ਘੁੰਮਣ*
ਨਡਾਲਾ, ਕਪੂਰਥਲਾ।
ਫੋਨ: 91-98152-53245
ਪੰਜਾਬ ਦੇ ਰਿਆਸਤੀ ਸ਼ਹਿਰ ਕਪੂਰਥਲਾ ਤੋਂ ਦੱਖਣ ਵੱਲ ਜਲੰਧਰ-ਫਿਰੋਜ਼ਪੁਰ ਰੇਲ ਮਾਰਗ ‘ਤੇ ਸਥਿਤ ਕਰੀਬ 17000 ਦੀ ਆਬਾਦੀ ਵਾਲਾ, ਕਾਲੀ ਵੇਈਂ ਦੇ ਕੰਢੇ ‘ਤੇ ਵੱਸਿਆ ਕਸਬਾ ਸੁਲਤਾਨਪੁਰ ਲੋਧੀ ਸਿੱਖ ਜਗਤ ਵਿਚ ਭਾਵੇਂ ਗੁਰੂ ਨਾਨਕ ਦੇਵ ਜੀ ਕਰਕੇ ਹੀ ਜਾਣਿਆ ਜਾਂਦਾ ਹੈ, ਪਰ ਇਹ ਕਸਬਾ ਆਪਣੀ ਬੁੱਕਲ ਵਿਚ ਕਈ ਸਦੀਆਂ ਦਾ ਇਤਿਹਾਸ ਸਮੋਈ ਬੈਠਾ ਹੈ। ਇਸ ਦੀ ਮੌਜੂਦਾ ਖਸਤਾ ਹਾਲਤ ਦੇ ਮੁਕਾਬਲੇ ਇਸ ਦਾ ਇਤਿਹਾਸਕ ਅਤੀਤ ਬੜਾ ਮਾਣਮੱਤਾ ਅਤੇ ਸਭਿਆਚਾਰਕ ਵੰਨ-ਸੁਵੰਨਤਾ ਭਰਪੂਰ ਰਿਹਾ ਹੈ। ਇਸ ਨੇ ਖਾਕਸਾਰੀ ਵੀ ਭੋਗੀ ਹੈ ਤੇ ਨਵਾਬਪ੍ਰਸਤੀ ਵੀ। ਇਹ ਪੀਰਾਂ ਪੁਰੀ ਵੀ ਅਖਵਾਇਆ ਹੈ ਤੇ ਇਸ ਦੀ ਅਪਸ਼ਗਨੀ ਬਾਰੇ ਇਹ ਵੀ ਕਿਹਾ ਜਾਂਦਾ ਰਿਹਾ ਹੈ,

ਫਜ਼ਰੇ ਨਾਂ ਸੁਲਤਾਨਪੁਰ, ਢਾਵੇ ਕਈ ਕਹਿਰ।
ਚੰਗਾ ਇਸ ਨੂੰ ਆਖਣਾ, ਛੀਟਾਂ ਵਾਲਾ ਸ਼ਹਿਰ।
ਇਹ ਕਈ ਵਾਰ ਢਾਹਿਆ ਤੇ ਕਈ ਵਾਰ ਬਣਾਇਆ ਗਿਆ, ਕਈ ਵਾਰ ਸਾੜਿਆ-ਫੂਕਿਆ ਗਿਆ, ਪਰ ਇਹ ਮੁੜ ਮੁੜ ਕੁਕਨੂਸ ਵਾਂਗ ਆਪਣੀ ਰਾਖ ਵਿਚੋਂ ਜ਼ੁੰਬਸ਼ ਵਿਚ ਆਉਂਦਾ ਰਿਹਾ।
ਕੋਈ ਜ਼ਮਾਨਾ ਸੀ, ਉਸਤਾਦ ਮੁੱਲਾ ਅਬਦੁਲ ਲਤੀਫ ਦੇ ਮੁਸਲਿਮ ਮਦਰੱਸੇ ਵਿਚ ਦਾਰਾ ਸ਼ਿਕੋਹ ਜਿਹੇ ਸ਼ਹਿਜ਼ਾਦੇ ਵਿਦਿਆ ਪ੍ਰਾਪਤੀ ਲਈ ਦਿੱਲੀ ਤੋਂ ਸੁਲਤਾਨਪੁਰ ਲੋਧੀ ਜਾਂਦੇ ਸਨ। ਇਹ ਲਾਹੌਰ-ਆਗਰਾ ਸ਼ਾਹ ਮਾਰਗ ‘ਤੇ ਮੁਗਲਾਂ ਦੀ ਅਹਿਮ ਆਰਾਮਗਾਹ ਸੀ। ਅਲੈਗਜ਼ੈਂਡਰ ਕਨਿੰਘਮ ਦੇ 1878-79 ਵਿਚ ਕੀਤੇ ਸਰਵੇ ਮੁਤਾਬਕ ਇਸ ਦੀ ਹੋਂਦ ਦੀ ਸੰਭਾਵਨਾ ਪਹਿਲੀ ਈਸਵੀ ਤੋਂ ਪਹਿਲਾਂ ਦੀ ਬਣਦੀ ਹੈ।
ਗੁਰੂ ਨਾਨਕ ਦੇਵ ਜੀ, ਜਦੋਂ ਲੋੜ ਤੋਂ ਵੱਧ ਦੁਨਿਆਵੀ ਸੁਭਾਅ ਦੇ ਮਾਲਕ ਆਪਣੇ ਪਿਤਾ ਕਲਿਆਣ ਦਾਸ ਚੰਦ ਬੇਦੀ (ਮਹਿਤਾ ਕਾਲੂ) ਤੋਂ ਉਕਤਾ ਕੇ ਸੁਲਤਾਨਪੁਰ ਲੋਧੀ ਆਪਣੀ ਭੈਣ ਨਾਨਕੀ ਕੋਲ ਆਏ, ਜਿੱਥੇ ਉਨ੍ਹਾਂ ਦਾ ਭਣਵੱਈਆ ਦੀਵਾਨ ਜੈ ਰਾਮ ਉਪਲ, ਨਵਾਬ ਦੌਲਤ ਖਾਨ ਲੋਧੀ ਕੋਲ ਬਤੌਰ ਜਾਇਦਾਦ-ਮੁਖਤਾਰ ਕੰਮ ਕਰਦਾ ਸੀ। ਉਸ ਸਮੇਂ ਗੁਰੂ ਜੀ ਦੀ ਉਮਰ 15 ਸਾਲ ਸੀ ਜਾਂ 25 ਸਾਲ, ਉਹ ਗ੍ਰਹਿਸਥ-ਪਰਵੇਸ਼ ਪਿਛੋਂ ਪਰਿਵਾਰ ਸਮੇਤ ਇੱਥੇ ਆਏ ਜਾਂ ਸ਼ਾਦੀ ਤੋਂ ਪਹਿਲਾਂ, ਯਕੀਨੀ ਤੌਰ ‘ਤੇ ਜਾਣਨਾ ਬਹੁਤ ਔਖਾ ਹੈ, ਪਰ ਇਹ ਗੱਲ ਨਿਸ਼ਚਿਤ ਹੈ ਕਿ ਉਸ ਵੇਲੇ ਦਾ ਸੁਲਤਾਨਪੁਰ ਲੋਧੀ ਆਪਣੇ ਜਾਹੋ-ਜਲੌ ਦੀ ਸਿਖਰ ‘ਤੇ ਸੀ। ਨਵਾਬ ਦੌਲਤ ਖਾਨ, ਜੋ ਉਸ ਵੇਲੇ ਇਸ ਰਿਆਸਤ ਦਾ ਪ੍ਰਸ਼ਾਸਕ ਸੀ, ਚੰਗੇ ਸੁਹਜ ਸੁਆਦ ਦਾ ਮਾਲਕ ਸੀ। ਉਸ ਨੇ ਆਪਣੀ ਰਿਆਸਤ ਦੇ ਇਸ ਮਰਕਜ਼ੀ ਸ਼ਹਿਰ ਨੂੰ ਸੁੰਦਰਤਾ ਅਤੇ ਰਮਣੀਕਤਾ ਪ੍ਰਦਾਨ ਕਰਨ ਵਾਸਤੇ ਇਸ ਦੇ ਇਰਦ-ਗਿਰਦ ਵਿਉਂਤਬੱਧ ਤਰੀਕੇ ਨਾਲ ਹਰਿਆਵਲ ਭਰੇ ਮੈਦਾਨ ਵਿਕਸਿਤ ਕੀਤੇ ਅਤੇ ਆਪਣੇ ਹਿਫਾਜ਼ਤੀ ਤੰਤਰ ਨੂੰ ਵੀ ਮਜ਼ਬੂਤ ਕੀਤਾ। ਇਸ ਦੇ ਕੋਲ ਵਗਦੀ ਕਾਲੀ ਵੇਈਂ ਵੀ ਉਸ ਸਮੇਂ ਜ਼ਰੂਰ ਹੀ ਕਾਫੀ ਵਿਸ਼ਾਲ ਹੋਵੇਗੀ, ਕਿਉਂਕਿ ਸਾਰੇ ਹੀ ਸਾਖੀਕਾਰ ਇਸ ਨੂੰ ਦਰਿਆ ਸੱਦਦੇ ਹਨ।
ਇਕ ਪਰੰਪਰਾ ਅਨੁਸਾਰ ਦੌਲਤ ਖਾਨ ਲੌਧੀ ਨੇ ਹੀ ਇਸ ਦਾ ਨਾਮਕਰਣ ਸੁਲਤਾਨ ਇਬਰਾਹੀਮ ਲੋਧੀ ਦੇ ਨਾਂ ‘ਤੇ ਕੀਤਾ। ਹਾਲਾਂਕਿ ਕਪੂਰਥਲਾ ਸਟੇਟ ਗਜ਼ਟੀਅਰ (1904) ਅਨੁਸਾਰ ਇਹ ਕਸਬਾ ਮਹਿਮੂਦ ਗਜ਼ਨਵੀ ਦੇ ਜਰਨੈਲ ਸੁਲਤਾਨ ਖਾਨ ਲੋਧੀ ਨੇ ਵਸਾਇਆ ਸੀ। ਉਂਜ 19ਵੀਂ ਸਦੀ ਦਾ ਇਤਿਹਾਸਕਾਰ ਰਾਮ ਜੱਸ ਸਮਝਦਾ ਹੈ ਕਿ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਇਸ ਥਾਂ ‘ਤੇ ਸਰਬਮਾਨਪੁਰ ਨਾਂ ਦਾ ਸ਼ਹਿਰ ਆਬਾਦ ਸੀ।
ਉਸ ਵੇਲੇ ਦੇ ਸੁਲਤਾਨਪੁਰ ਲੋਧੀ ਨੇ ਗੁਰੂ ਨਾਨਕ ਦੇਵ ਜੀ ਨੂੰ ਉਹ ਮਾਹੌਲ ਦਿੱਤਾ, ਜੋ ਉਨ੍ਹਾਂ ਦੀ ਫਿਤਰਤ ਦੇ ਅਨੁਕੂਲ ਸੀ। ਸੁਲਤਾਨਪੁਰ ਲੋਧੀ ਬਾਰੇ ਇਹ ਅਖਾਣ ਸੱਚ ਸੀ, “ਸੁਲਤਾਨਪੁਰ ਤੇ ਮੁਲਤਾਨ, ਜਿਥੇ ਪੀਰਾਂ ਨੂੰ ਵਰਦਾਨ।” ਵੇਈਂ ਦੇ ਕੰਢੇ ‘ਤੇ ਰੱਬੀ ਰਮਜ਼ਾਂ ਦੀਆਂ ਬਾਤਾਂ ਪਾਉਣ ਵਾਲੇ ਕਈ ਪੀਰ-ਫਕੀਰ ਇਥੇ ਡੇਰੇ ਲਾਈ ਬੈਠੇ ਸਨ। ਖਰਬੂਜੇ ਸ਼ਾਹ ਅਤੇ ਗੈਬੀ ਗਾਜ਼ੀ ਦੀਆਂ ਸਮਾਧਾਂ ਅਜੋਕੇ ਗੁਰਦੁਆਰਾ ਬੇਰ ਸਾਹਿਬ ਦੇ ਨਜ਼ਦੀਕ ਅੱਜ ਵੀ ਮੌਜੂਦ ਹਨ। ਗੁਰਦੁਆਰਾ ਬੇਰ ਸਾਹਿਬ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਮੌਜੂਦਾ ਇਮਾਰਤ 1937 ਵਿਚ ਕਪੂਰਥਲਾ ਰਿਆਸਤ ਦੇ ਮਹਾਰਾਜਾ ਜਗਤਜੀਤ ਸਿੰਘ ਨੇ ਉਸ ਅਸਥਾਨ ‘ਤੇ ਬਣਵਾਈ, ਜਿੱਥੇ ਸਮਝਿਆ ਜਾਂਦਾ ਹੈ, ਗੁਰੂ ਜੀ ਰੋਜ਼ ਸਵੇਰੇ ਇਸ਼ਨਾਨ ਕਰਨ ਪਹੁੰਚਦੇ ਸਨ ਤੇ ਰੁੱਖ ਥੱਲੇ ਬੈਠ ਅੰਤਰ-ਧਿਆਨ ਹੁੰਦੇ ਸਨ। ਇਹ ਗੱਲ ਕਾਫੀ ਵਾਜਬ ਲੱਗਦੀ ਹੈ, ਕਿਉਂਕਿ ਬੇਰ ਸਾਹਿਬ ਵਾਲੀ ਇਹ ਥਾਂ ਉਸ ਸਮੇਂ ਬੜੀ ਸ਼ਾਂਤਮਈ ਤੇ ਇਕਾਂਤਨੁਮਾ ਸੀ। ਇੱਥੇ ‘ਚਿੜੀ ਚੌਂਕੀ ਪਹੁ ਫੁਟੀ ਵਗਣ ਬਹੁ ਤਰੰਗ’ ਵਾਲਾ ਪੂਰਾ ਮਾਹੌਲ ਸਿਰਜਿਆ ਜਾਂਦਾ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਅਸਥਾਨ ਦੇ ਵੇਈਂ ਪਾਰ ਦੂਜੇ ਪਾਸੇ ਸੌ ਕੁ ਗਜ ‘ਤੇ ਸਥਿਤ ਹਦੀਰਾ, ਜੋ ਨਵਾਬਾਂ ਦੀ ਐਸ਼ਗਾਹ ਜਾਂ ਨਾਚ ਘਰ ਸੀ, ਗੁਰੂ ਜੀ ਦੇ ਸਮੇਂ ਨਹੀਂ ਸੀ ਹੁੰਦਾ। ਮਾਹਿਰ ਮੰਨਦੇ ਹਨ ਕਿ ਹਦੀਰੇ ਦੀ ਉਸਾਰੀ 1555 ਤੋਂ ਬਾਅਦ ਹੀ ਸੰਭਵ ਹੋ ਸਕਦੀ ਹੈ, ਕਿਉਂਕਿ ਇਸ ਸ਼ੈਲੀ ਵਿਚ ਬਣਨ ਵਾਲੀਆਂ ਇਮਾਰਤਾਂ ਵਿਚੋਂ ਸਭ ਤੋਂ ਪਹਿਲੀ ਇਮਾਰਤ ਦਿੱਲੀ ਦੇ ਪੁਰਾਣੇ ਕਿਲੇ ਵਿਚ ਸਥਿੱਤ ਸ਼ੇਰ-ਮੰਡਲ (ਸੌਰ-ਮੰਡਲ) ਨਾਂ ਦੀ ਇਮਾਰਤ ਹੈ, ਜਿਸ ਦੀ ਉਸਾਰੀ ਬਾਦਸ਼ਾਹ ਹਮਾਯੂੰ ਨੇ 1555 ਵਿਚ ਕਰਵਾਈ ਸੀ। ਇਸ ਦੇ ਨਜ਼ਦੀਕ ਹੀ ਕਹੇ ਜਾਂਦੇ ਕੰਜਰੀ ਪੁਲ ਦੇ ਬਣਨ ਦੀ ਸੰਭਾਵਨਾ ਵੀ ਗੁਰੂ ਜੀ ਤੋਂ ਬਹੁਤ ਦੇਰ ਬਾਅਦ ਦੀ ਬਣਦੀ ਹੈ।
ਆਪਣੇ ਪਿਤਾ ਦੇ ਮਾਇਆਵਾਦੀ ਸਾਏ ਤੋਂ ਦੂਰ ਗੁਰੂ ਜੀ ਮੋਦੀਖਾਨੇ ਦੀਆਂ ਸੇਵਾਵਾਂ ਵੀ ਨਿਭਾ ਰਹੇ ਸਨ, ਗਰੀਬ ਗੁਰਬੇ ਦੀ ਮਦਦ ਵੀ ਕਰ ਰਹੇ ਸਨ ਅਤੇ ਆਪਣੇ ਵੱਖਰੇ ਘਰ ਵਿਚ ਰਹਿੰਦਿਆਂ ਆਪਣੇ ਪਰਿਵਾਰ ਪ੍ਰਤੀ ਆਪਣੇ ਫਰਜ਼ ਵੀ ਪੂਰੇ ਕਰ ਰਹੇ ਸਨ। ਉਨ੍ਹਾਂ ਦਾ ਗਰਾਈਂ ਅਤੇ ਕਰੀਬੀ ਦੋਸਤ ਭਾਈ ਮਰਦਾਨਾ, ਜੋ ਤਲਵੰਡੀ ਵਿਖੇ ਭਗਤ ਨਾਮਦੇਵ ਜੀ ਦੇ ਦੋਹੜੇ ਗਾਉਂਦਾ ਰਹਿੰਦਾ ਸੀ, ਵੀ ਹੁਣ ਇਥੇ ਪਹੁੰਚ ਚੁਕਾ ਸੀ। ਭਾਵੇਂ ਦੋਖੀਆਂ ਨੇ ਮੋਦੀਖਾਨੇ ਬਾਰੇ ਦੂਸ਼ਣਬਾਜ਼ੀਆਂ ਵੀ ਲਾਈਆਂ ਅਤੇ ਪੜਤਾਲਾਂ ਵੀ ਕਰਵਾਈਆਂ ਪਰ ਇਥੇ ਵੀ ਰਾਏ ਬੁਲਾਰ ਵਰਗੇ ਕਦਰਦਾਨ ਨਵਾਬ ਦੌਲਤ ਖਾਨ ਨੇ ਉਨ੍ਹਾਂ ਦੀ ਅਜ਼ਮਤ ਦੀ ਪਛਾਣ ਕਰ ਲਈ ਸੀ। ਆਪਣਾ ਕਾਰੋਬਾਰ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਨਿਭਾਉਣ ਦੇ ਨਾਲ ਨਾਲ ਉਨ੍ਹਾਂ ਦੀ ਇਸ ਸੰਸਾਰ ਦਾ ਅੰਤਰੀਵ ਸੱਚ ਜਾਣਨ ਦੀ ਜਿਗਿਆਸਾ ਵੀ ਬਾਕਾਇਦਾ ਕਾਇਮ ਰਹੀ। ਸ਼ਾਮ ਨੂੰ ਸਿਮਰਨ ਤੇ ਕੀਰਤਨ ਕਰਦੇ ਅਤੇ ਦੇਰ ਰਾਤ ਤੱਕ ਜਾਂ ਸਵੇਰੇ ਉਠ ਕੇ ਗਹਿਰਾ ਚਿੰਤਨ ਕਰਦੇ, ਜਿਸ ਲਈ ਸੁਲਤਾਨਪੁਰ ਦਾ ਆਲਾ ਦੁਆਲਾ ‘ਬਲਹਾਰੀ ਕੁਦਰਤ ਵਸਿਆ’ ਦੀ ਵਧੀਆ ਮਿਸਾਲ ਸੀ।
ਸਾਖੀਕਾਰਾਂ ਦੀ ਇਹ ਹਾਇਓਗ੍ਰਾਫਿਕ ਵਰਣਨ (ਹਅਗਿਗਰਅਪਹਚਿ ਦeਸਚਰਪਿਟਿਨ) ਕਿ ਇਕ ਦਿਨ ਗੁਰੂ ਜੀ ਇਸ਼ਨਾਨ ਕਰਨ ਗਿਆਂ ਵੇਈਂ ਵਿਚ ਤਿੰਨ ਦਿਨ ਲਈ ਅਲੋਪ ਹੋ ਗਏ ਤੇ ਇਸ ਦੌਰਾਨ ਉਨ੍ਹਾਂ ਦਾ ਪਰਮਾਤਮਾ ਨਾਲ ਮਿਲਾਪ ਹੋਇਆ, ਨੂੰ ਜੇ ਪਾਸੇ ਰੱਖ ਕੇ ਵੀ ਵੇਖਿਆ ਜਾਵੇ ਤਾਂ ਵੀ ਲੱਗਦਾ ਹੈ ਕਿ ਸੁਲਤਾਨਪੁਰ ਲੋਧੀ ਰਹਿੰਦਿਆਂ ਕਿਸੇ ਇਕ ਵਿਸ਼ੇਸ਼ ਦਿਨ ਗੁਰੂ ਨਾਨਕ ਦੇਵ ਜੀ ਨੂੰ ਕੋਈ ਚਮਤਕਾਰੀ ਜਾਂ ਅਲੌਕਿਕ ਅਨੁਭਵ ਜ਼ਰੂਰ ਹੋਇਆ ਹੋਵੇਗਾ। ਇਸ ਬਾਰੇ ਐਫ਼ ਐਚ, ਮੈਕਲੌਡ, ਜਿਸ ਨੇ ਸਾਖੀਆਂ ਦਾ ਬੜਾ ਭਾਵਪੂਰਤ ਵਿਸ਼ਲੇਸ਼ਣ ਕੀਤਾ ਹੈ, ਬੜੇ ਭਾਵਪੂਰਤ ਅਤੇ ਪ੍ਰਭਾਵਸ਼ਾਲੀ ਲਫਜ਼ਾਂ ਵਿਚ ਵਿਖਿਆਨ ਕਰਦਾ ਹੈ:
“ੀਟ ੱੁਲਦ ਬe eਨਟਰਿeਲੇ ਰeਅਸੋਨਅਬਲe ਟੋ ਰeਗਅਰਦ ਟਹe ਝਅਨਅਮਸਅਕਹ ਿਅਚਚੁਨਟਸ ਅਸ ਟਹe ਦeਸਚeਨਦeਨਟਸ ਾ ਅਨ ਅੁਟਹeਨਟਚਿ ਟਰਅਦਟਿਨ ਚੋਨਚeਰਨਨਿਗ ਅ ਪeਰਸੋਨਅਲਲੇ ਦeਚਸਿਵਿe ਅਨਦ ਪeਰਹਅਪਸ eਚਸਟਅਟਚਿ eਣਪeਰਇਨਚe, ਅ ਚਲਮਿਅਚਟਚਿ ਚੁਲਮਨਿਅਟਿਨ ਾ ੇeਅਰਸ ਾ ਸeਅਰਚਹਨਿਗ, ਸਿਸੁਨਿਗ ਨਿ ਲਿਲੁਮਨਿਅਟਿਨ ਅਨਦ ਨਿ ਟਹe ਚੋਨਵਚਿਟਿਨ ਟਹਅਟ ਹe ਹਅਦ ਬeeਨ ਚਅਲਲeਦ ਟੋ ਪਰੋਚਲਅਮਿ ਦਵਿਨਿe ਟਰੁਟਹ ਟੋ ਟਹe ੱੋਰਲਦ।”
ਇਹ ਅਲੌਕਿਕ ਅਨੁਭਵ ਕਈ ਸਾਲਾਂ ਦੀ ਭਗਤੀ, ਚਿੰਤਨ ਅਤੇ ਨਿਰੰਤਰ ਜਿਗਿਆਸਾ ਦਾ ਫਲ ਸੀ, ਜਿਸ ਦੀ ਸ਼ੁਰੂਆਤ ਤਲਵੰਡੀ ਵਿਚ ਉਸਤਾਦਾਂ ਤੋਂ ਵਿਦਿਆ ਪ੍ਰਾਪਤੀ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਇਸ ਨੂੰ ਪ੍ਰਕਾਸ਼ (ੀਲਲੁਮਨਿਅਟਿਨ) ਦਾ ਜਾਂ ਗਿਆਨ (ਓਨਲਗਿਹਟeਨਮeਨਟ) ਦਾ ਨਾਂ ਵੀ ਦਿੱਤਾ ਜਾ ਸਕਦਾ ਹੈ। ਉਵੇਂ ਹੀ ਜਿਵੇਂ ਮਹਾਤਮਾ ਬੁੱਧ ਨੂੰ ਲੰਬੀ ਤਪੱਸਿਆ ਪਿਛੋਂ ਬੋ-ਬਿਰਖ ਦੇ ਥੱਲੇ ਬੈਠਿਆਂ ਅਹਿਸਾਸ ਹੋਇਆ ਸੀ।
ਇਥੇ ਇਹ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਸੁਲਤਾਨਪੁਰ ਲੋਧੀ ਕਿਸੇ ਜ਼ਮਾਨੇ ਵਿਚ ਬੁੱਧ ਮਤ ਦਾ ਵੀ ਅਧਿਐਨ ਕੇਂਦਰ ਰਿਹਾ ਹੈ। ਚੀਨੀ ਯਾਤਰੀ ਹਿਊਨ ਸਾਂਗ 629 ਵਿਚ ਪੰਜਾਬ ਦੇ ਯਾਤਰਾ ਬਿਰਤਾਂਤ ਵਿਚ ਜਲੰਧਰ ਤੋਂ 25 ਕੁ ਮੀਲ ਦੂਰ ਦੱਖਣ-ਪੱਛਮ ਵਿਚ ਇਕ ਬੋਧ ਮੱਠ “ਤਾ-ਮੋ-ਸੁ-ਫਾ-ਨਾ” (ਤਾਮਸਵਨ ਭਾਵ ਕਾਲਾ ਜੰਗਲ) ਦਾ ਜ਼ਿਕਰ ਕਰਦਾ ਹੈ, ਜਿਸ ਵਿਚ ਉਸ ਸਮੇਂ ਕਰੀਬ 300 ਭਿਕਸ਼ੂ ਬੁੱਧ ਧਰਮ ਦੇ ਸਿਧਾਤਾਂ ਦਾ ਅਧਿਐਨ ਕਰ ਰਹੇ ਸਨ। ਹਿਊਨ ਸਾਂਗ ਅਨੁਸਾਰ ਅਸ਼ੋਕ ਨੇ ਆਪਣੇ ਰਾਜ ਕਾਲ ਵਿਚ ਇਥੇ ਇੱਕ ਸਤੂਪ ਦੀ ਉਸਾਰੀ ਵੀ ਕਰਵਾਈ ਸੀ, ਜੋ ਲਗਭਗ 200 ਫੁੱਟ ਉਚਾ ਸੀ।
ਅਲੈਗਜ਼ੈਂਡਰ ਕਨਿੰਘਮ ਦਾ ਯਕੀਨ ਹੈ ਕਿ ਇਹ ਤਾਮਸਵਨ ਸੁਲਤਾਨਪੁਰ ਲੋਧੀ ਹੀ ਹੋ ਸਕਦਾ ਹੈ, ਹੋਰ ਕੋਈ ਨਹੀਂ। ਉਸੇ ਧਰਤੀ ਤੋਂ ‘ਏਕੋ ਸਿਮਰੋ ਨਾਨਕਾ, ਦੂਜਾ ਨਾਹੀ ਕੋਇ’ ਦਾ ਨਾਅਰਾ ਗੂੰਜਿਆ। ਦੂਜਿਆਂ ਦਾ ਧਰਮ ਬਦਲਣ ਦਾ ਸੋਚਣ ਤੋਂ ਪਹਿਲਾਂ ਆਪ ਸੱਚੇ ਧਰਮੀ ਹੋਣ ਦਾ ਹੋਕਾ ਬੁਲੰਦ ਹੋਇਆ। ‘ਚੜਿਆ ਸੋਧਿਣ ਧਰਤ ਲੋਕਾਈ’ ਦਾ ਮੁੱਢ ਬੱਝਾ।
‘ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ’ ਦਾ ਸਬੱਬ ਵੀ ਸੁਲਤਾਨਪੁਰ ਲੋਧੀ ਤੋਂ ਹੀ ਬਣਦਾ ਹੈ। ਉਹ ਰਬਾਬ, ਜਿਸ ਬਾਰੇ ਗੁਰੂ ਜੀ ਕਹਿੰਦੇ ਹਨ, “ਰਬਾਬ ਪਖਾਵਜ ਤਾਲ ਘੁੰਘਰੂ ਅਨਹਦ ਸਬਦ ਵਜਾਵੈ।” ਅਤੇ 1534 ਵਿਚ ਮਰਦਾਨੇ ਦੀ ਮੌਤ ‘ਤੇ ਉਚਾਰਦੇ ਹਨ, “ਤੂਟੀ ਤੰਤ ਰਬਾਬ ਕੀ ਵਾਜੈ ਨਹੀ ਵਿਜੋਗਿ॥ ਵਿਛੁੜਿਆ ਮੇਲੈ ਪ੍ਰਭੂ ਨਾਨਕ ਕਰ ਸੰਜੋਗਿ॥” ਦਾ ਸਬੰਧ ਸੁਲਤਾਨਪੁਰ ਦੇ ਲਾਗੇ ਪੈਂਦੇ ਪਿੰਡ ਭਰੋਆਣਾ ਨਾਲ ਜੁੜਦਾ ਹੈ। ਇੱਕ ਵਿਸ਼ੇਸ਼ ਰਬਾਬ ਇਥੇ ਰਹਿੰਦੇ ਭਾਈ ਫਰਿੰਦੇ ਨੇ ਵਿਸ਼ੇਸ਼ ਤੌਰ ‘ਤੇ ਭਾਈ ਮਰਦਾਨੇ ਲਈ ਬਣਾਈ ਸੀ। (ਇਸੇ ਖਾਨਦਾਨ ਵਿਚੋਂ ਬਾਅਦ ਵਿਚ ਪ੍ਰਸਿੱਧ ਰਬਾਬੀ ਭਾਈ ਅਮੀਰ ਬਖਸ਼ ਹੋਏ ਅਤੇ ਅੱਗੋਂ ਉਨ੍ਹਾਂ ਦੇ ਪੁੱਤਰ ਭਾਈ ਮਹਿਬੂਬ ਅਲੀ 19ਵੀਂ ਸਦੀ ਦੇ ਪ੍ਰਸਿੱਧ ਸਿਤਾਰਵਾਦਕ ਹੋਏ)
ਗੁਰੂ ਜੀ ਦੀ ਨਵ-ਪ੍ਰਾਪਤ ਪ੍ਰਬੁੱਧਤਾ, ਅਲੌਕਿਕ ਅਨੁਭਵ ਅਤੇ ਰੱਬੀ ਅਹਿਸਾਸ ਵਾਲਾ ਵਾਕਿਆ 1499-1500 ਦੇ ਕਰੀਬ ਵਾਪਰੇ ਹੋਣ ਦੀ ਸੰਭਾਵਨਾ ਹੈ, ਕਿਉਂਕਿ ਉਸ ਸਮਂੇ ਨਵਾਬ ਦੌਲਤ ਖਾਨ ਸੁਲਤਾਨਪੁਰ ਵਿਚ ਹੀ ਸੀ। 1501-02 ਦੇ ਕਰੀਬ ਉਹ ਗਵਰਨਰ ਬਣ ਕੇ ਲਾਹੌਰ ਚਲਾ ਗਿਆ।
ਗੁਰੂ ਜੀ ਸੁਲਤਾਨਪੁਰ ਲੋਧੀ ਤੋਂ ਕਿਸ ਸਾਲ ਉਦਾਸੀਆਂ ‘ਤੇ ਤੁਰੇ, ਕੁਝ ਪੱਕਾ ਨਹੀਂ ਕਿਹਾ ਜਾ ਸਕਦਾ, ਪਰ ਇਹ ਸੱਚ ਹੈ ਕਿ ਉਹ ਹਰ ਉਦਾਸੀ ਪਿਛੋਂ ਭੈਣ ਨਾਨਕੀ ਨੂੰ ਮਿਲਣ ਸੁਲਤਾਨਪੁਰ ਲੋਧੀ ਆਉਂਦੇ ਰਹੇ। ਹਾਲਾਂਕਿ ਇਹ ਵੀ ਸੱਚ ਹੈ ਕਿ ਨਵਾਬ ਦੌਲਤ ਖਾਨ ਦੇ ਲਾਹੌਰ ਚਲੇ ਜਾਣ ਪਿਛੋਂ ਭਾਈਏ ਜੈ ਰਾਮ ਦੇ ਪਰਿਵਾਰ ਨੂੰ ਵੀ ਜ਼ਰੂਰ ਮੁਸ਼ਕਿਲਾਂ ਆਈਆਂ ਹੋਣਗੀਆਂ। ਸੰਨ 1515 ਵਿਚ ਰਾਏ ਬੁਲਾਰ ਦੇ ਫੌਤ ਹੋ ਜਾਣ ਪਿਛੋਂ ਗੁਰੂ ਜੀ ਦਾ ਤਲਵੰਡੀ ਨਾਲ ਮੋਹ ਹੋਰ ਵੀ ਘਟ ਗਿਆ ਹੋਵੇਗਾ। ਉਨ੍ਹਾਂ ਦਾ ਸਹੁਰਾ ਮੂਲ ਚੰਦ ਚੋਨਾ ਰਹਿੰਦਾ ਭਾਵੇਂ ਬਟਾਲੇ ਸੀ, ਪਰ ਉਹ ਪੱਖੋਕੇ ਰੰਧਾਵੇ ਪਟਵਾਰੀ ਸਨ ਜਾਂ ਸ਼ਾਇਦ ਉਨ੍ਹਾਂ ਦਾ ਪਿਛੋਕੜ ਇਸ ਇਲਾਕੇ ਨਾਲ ਸੀ। ਉਮਰ ਦੇ ਆਖਰੀ ਸਾਲਾਂ ਵਿਚ ਅਜਿੱਤੇ ਰੰਧਾਵੇ, ਸੇਖ ਕਰੋੜੀ ਮੱਲ ਅਤੇ ਬਾਬਾ ਬੁੱਢਾ ਰੰਧਾਵਾ ਵਰਗਿਆਂ ਦੇ ਪਿਆਰ ਸਦਕਾ ਉਨ੍ਹਾਂ ਕਰਤਾਰਪੁਰ ਵਸਾਇਆ ਜਾਂ ਇਨ੍ਹਾਂ ਗੁਰਮੁਖਾਂ ਲਈ ਇਹ ਨਗਰ ਵਸਾਇਆ ਗਿਆ, ਨਿਸ਼ਚੈ ਨਾਲ ਕਹਿਣਾ ਔਖਾ ਹੈ। ‘ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ’ ਵਾਲਾ ਵਾਕਿਆ 1516 ਵਿਚ ਵਾਪਰਦਾ ਹੈ ਜਾਂ ਮਰਦਾਨੇ ਦੀ ਮੌਤ ਪਿਛੋਂ 1534 ਵਿਚ, ਕੁਝ ਵੀ ਕਹਿਣਾ ਔਖਾ ਹੈ।
ਜੋ ਵੀ ਹੋਵੇ ਗੁਰੂ ਜੀ ਦੀ ਜ਼ਿੰਦਗੀ ਦਾ ਸਭ ਤੋਂ ਵੱਧ ਅਹਿਮ ਸਥਾਨ ਸੁਲਤਾਨਪੁਰ ਲੋਧੀ ਹੀ ਕਿਹਾ ਜਾ ਸਕਦਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ‘ਸੁਲਤਾਨਪੁਰਿ ਭਗਤਿ ਭੰਡਾਰਾ’ ਕਹਿ ਕੇ ਵਡਿਆਉਂਦੇ ਹਨ।