ਵਿਛੋੜੇ ਦਾ ਦਰਦ

ਪਿਆਰੇ ਸੰਪਾਦਕ ਜੀਓ,
ਆਪ ਜੀ ਦੇ ਸੁ-ਪ੍ਰਸਿੱਧ ਅਖਬਾਰ Ḕਪੰਜਾਬ ਟਾਈਮਜ਼Ḕ ਵਿਚ ਸਭ ਸਮਗਰੀ ਸਾਹਿਤਕ ਤੌਰ ‘ਤੇ ਉਤਮ ਤਾਂ ਹੁੰਦੀ ਹੀ ਹੈ, ਪਰ ਕੁਝ ਸਮਗਰੀ ਅਤਿ ਉਤਮ ਹੁੰਦੀ ਹੈ। ਜੇ ਨਾ ਜਾਣੋ ਤਾਂ ਪਤਾ ਨਹੀਂ ਚਲਦਾ, ਪਰ ਜੇ ਜਾਣ ਜਾਓ ਤਾਂ ਅਨੁਭਵ ਹੁੰਦਾ ਹੈ ਕਿ ਕਈ ਛਪਣ ਵਾਲੀਆਂ ਸ਼ਖਸੀਅਤਾਂ ਆਲਮੀ ਮਿਆਰ ਦੇ ਕਿਰਦਾਰ ਵਾਲੀਆਂ ਹੁੰਦੀਆਂ ਹਨ।

ਮੇਰਾ ਇਸ਼ਾਰਾ ਪ੍ਰਿੰਸੀਪਲ ਬ੍ਰਿਜਿੰਦਰ ਸਿੰਘ ਸਿੱਧੂ ਦੇ ਹਾਲੀਆ (30 ਮਾਰਚ 2019) ਪਰਚੇ ਵਿਚ ਛਪੇ ਲੇਖ Ḕਵਿਛੋੜੇ ਦਾ ਦਰਦḔ ਵਲ ਹੈ। ਸਿੱਧੂ ਸਾਹਿਬ ਨੇ ਵਿਛੋੜੇ ਦੇ ਵਿਸ਼ੇ ਨੂੰ ਲੈ ਕੇ ਇਸ ਦੇ ਵੱਖ ਵੱਖ ਰੂਪਾਂ ਤੇ ਦਰਦਾਂ ‘ਤੇ ਭਰਵਾਂ ਲੇਖ ਲਿਖਿਆ ਹੈ। ਇੰਜ ਲਗਦਾ ਹੈ ਕਿ ਉਹ ਵਿਛੋੜੇ ਦੀ ਸਰਾਹਨਾ ਕਰ ਕੇ ਇਸ ‘ਤੇ ਰਵਾਜ਼ਨੀ ਕੋਈ ਯਾਦਗਾਰੀ ਸਾਹਿਤਕ ਲੇਖ ਲਿਖ ਰਹੇ ਹੋਣ। ਪਰ ਬਹੁਤਿਆਂ ਨੂੰ ਸ਼ਾਇਦ ਪਤਾ ਨਹੀਂ ਕਿ ਹਾਲ ਹੀ ਵਿਚ ਉਨ੍ਹਾਂ ਦਾ ਛੋਟਾ ਭਰਾ ਗੁਜ਼ਰ ਗਿਆ ਸੀ, ਜੋ ਉਨ੍ਹਾਂ ਨੂੰ ਬਹੁਤ ਅਜ਼ੀਜ਼ ਸੀ। ਉਹ ਆਪਣੇ ਪਿਆਰੇ ਭਰਾ ਦੇ ਗਮ ਵਿਚ ਗੰਭੀਰ ਰੂਪ ਨਾਲ ਸਦਮਾ ਗ੍ਰਸਤ ਹਨ ਤੇ ਪਿਛਲੇ ਕੁਝ ਦਿਨਾਂ ਤੋਂ ਕਾਫੀ ਉਦਾਸ ਰਹੇ ਹਨ। ਇਹ ਲੇਖ ਉਨ੍ਹਾਂ ਦਾ ਆਪਣੇ ਗਮ ਨੂੰ ਬਿਆਨ ਕਰਨ ਦਾ ਇਕ ਸਾਧਨ ਹੈ।
ਪਰ ਸਿਫਤ ਦੀ ਗੱਲ ਇਹ ਹੈ ਕਿ ਇੱਦਾਂ ਕਰਦਿਆਂ ਉਨ੍ਹਾਂ ਨੇ ਇਕ ਵਾਰੀ ਵੀ ਆਪਣੇ ਨਿਜੀ ਨੁਕਸਾਨ ਦਾ ਵੇਰਵਾ ਨਹੀਂ ਪਾਇਆ। ਇਹ ਉਨ੍ਹਾਂ ਦਾ ਪ੍ਰੌੜ ਗੁਣ ਹੈ ਕਿ ਉਨ੍ਹਾਂ ਨੇ ਆਪਣੇ ਝੋਰੇ ਦਾ ਜ਼ਿਕਰ ਨਾ ਕਰ ਕੇ ਆਪਣੇ ਦਰਦ ਨੂੰ ਦਿਲ ਵਿਚ ਹੀ ਲੁਕਾਈ ਰਖਿਆ ਤੇ ਲੋਕਾਂ ਦੇ ਦਰਦ ਦੀ ਦਾਸਤਾਂ ਕਰਦਿਆਂ ਆਪਣਾ ਦੁਖ ਜਰਨ ਦਾ ਰਾਹ ਚੁਣਿਆ। ਉਨ੍ਹਾਂ ਦੇ ਕਿਰਦਾਰ ਦੇ ਇਸ ਪੱਖ ਨੂੰ ਦੇਖਦਿਆਂ ਕੁਲਵੰਤ ਸਿੰਘ ਵਿਰਕ ਦਾ Ḕਧਰਤੀ ਹੇਠਲਾ ਬਲਦḔ ਮੁੜ ਯਾਦ ਆਉਂਦਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਆਪਣੇ ਦੁਖਾਂ ਨੂੰ ਨਿੱਜ ਦੇ ਪ੍ਰਚਾਰ ਤੋਂ ਦੂਰ ਰੱਖ ਕੇ ਭੋਗਣ ਵਾਲੇ ਮਨੁਖ ਚਾਹੇ ਅੱਜ ਦੇ ਸਮਾਜ ਵਿਚ ਬਹੁਤ ਘੱਟ ਹਨ ਪਰ ਉਹ ਹਾਲੇ ਵੀ ਮੌਜੂਦ ਹਨ।
ਸਾਨੂੰ ਜਿਥੇ ਪ੍ਰਿੰਸੀਪਲ ਸਾਹਿਬ ਦੇ ਭਰਾ ਦੇ ਵਿਛੋੜੇ ਦਾ ਦੁਖ ਹੈ, ਉਥੇ ਉਨ੍ਹਾਂ ਦੀ ਪ੍ਰਤਿਭਾ ‘ਤੇ ਮਾਣ ਵੀ ਹੈ, ਜੋ ਉਨ੍ਹਾਂ ਨੇ ਆਪਣੇ ਗਮ ਨੂੰ ਅੰਦਰ ਹੀ ਸਮੋਦਿਆਂ ਇਕ ਉਚ ਕੋਟੀ ਦੇ ਸਾਹਿਤਕ ਲੇਖ ਰਾਹੀਂ ਆਪਣੇ ਮਨ ਨੂੰ ਹੌਲਾ ਕੀਤਾ ਹੈ ਤੇ ਇੰਜ ਕਰਦਿਆਂ ਪਾਠਕਾਂ ਦੀ ਸਾਂਝ ਵਿਛੋੜੇ ਦੇ ਦਰਦ ਨਾਲ ਪੁਆਈ ਹੈ।
ਸ਼ੁਭਚਿੰਤਕ
-ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310