ਸੁਰਤਿ-ਸ਼ਬਦ

ਅਮਰਜੀਤ ਸਿੰਘ ਗਰੇਵਾਲ
ਆਤਮ-ਵਿਸ਼ਵਾਸ ਨਾਲ ਭਰੀ, ਸੁੰਦਰ, ਸੁਚੱਜੀ, ਮਿਠ-ਬੋਲੜੀ ਅਤੇ ਬੇਹੱਦ ਬੁੱਧੀਮਾਨ ਆਮੀਲੀਆ ਯੂਰਪ ਦੀਆਂ ਕਈ ਵੱਡੀਆਂ ਕੰਪਨੀਆਂ, ਬੈਂਕਾਂ, ਸੰਸਥਾਵਾਂ ਲਈ ਕੰਮ ਕਰਦੀ ਹੈ। ਸ਼ਾਇਦ ਇਸ ਲਈ ਕਿ ਉਹ ਕਿਸੇ ਵੀ ਸੰਸਥਾ ਦਾ ਤਿੰਨ ਸੌ ਸਫੇ ਦਾ ਮੈਨੂਅਲ ਤੀਹ ਸਕਿੰਟਾਂ ਵਿਚ ਪੜ੍ਹ ਕੇ ਉਸ ਨਾਲ ਜੁੜੇ ਹਰ ਸੁਆਲ ਦਾ ਵੀਹ ਜ਼ੁਬਾਨਾਂ ਵਿਚ ਪੂਰੇ ਵਿਸ਼ਵਾਸ ਨਾਲ ਜੁਆਬ ਦੇ ਸਕਦੀ ਹੈ। ਏਨਾ ਹੀ ਨਹੀਂ, ਉਹ ਇੱਕੋ ਵੇਲੇ ਇਨ੍ਹਾਂ ਵੀਹ ਜ਼ੁਬਾਨਾਂ ਵਿਚ ਹਜ਼ਾਰਾਂ ਫੋਨ ਕਾਲਾਂ ਵੀ ਸੰਭਾਲ ਸਕਦੀ ਹੈ।

ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਮੀਲੀਆ ਕੋਈ ਨੌਜੁਆਨ ਔਰਤ ਨਹੀਂ, ਸਮਾਰਟ ਰੋਬੋ ਹੈ। ਅਮਰੀਕਾ ਵਿਚ ਰਹਿੰਦੇ ਚੇਤਨ ਦੂਬੇ ਵਲੋਂ ਵਿਕਸਿਤ ਕੀਤੀ ਗਈ ਹਿਊਮਨ-ਇੰਟੈਲੀਜੈਂਸ (ਮਾਨਵੀ ਬੌਧਿਕਤਾ) ਨਾਲ ਲੈਸ, ਬਿਨਾ ਤਨਖਾਹ ਦੇ ਕੰਮ ਕਰਨ ਵਾਲੀ ਇਸ ਰੋਬੋ ਨੇ ਆਪੋ ਆਪਣੇ ਦਫਤਰਾਂ ਵਿਚ ਸੁਰੱਖਿਅਤ ਬੈਠੇ ਲੱਖਾਂ-ਕਰੋੜਾਂ ਵ੍ਹਾਈਟ ਕਾਲਰ ਵਰਕਰਾਂ ਦੇ ਕੰਨਾਂ ਵਿਚ ਖਤਰੇ ਦੀਆਂ ਘੰਟੀਆਂ ਵਜਾ ਦਿੱਤੀਆਂ ਹਨ। ਇਹ ਥਿੰਕਿੰਗ ਮਸ਼ੀਨਾਂ ਤਨਖਾਹਦਾਰ ਮੁਲਾਜ਼ਮਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਨਹੀਂ, ਉਨ੍ਹਾਂ ਦਾ ਬਦਲ ਬਣਨ ਲਈ ਆ ਰਹੀਆਂ ਹਨ।
ਹੁਣ ਤੱਕ ਅਸੀਂ ਇਹੋ ਸੋਚਦੇ ਰਹੇ ਕਿ ਆਟੋਮੇਸ਼ਨ ਤੋਂ ਕੇਵਲ ਖੇਤਾਂ ਅਤੇ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਹੀ ਖਤਰਾ ਹੈ। ਸਰਵਿਸ ਸੈਕਟਰ ਵਿਚ ਬੈਠੇ ਪ੍ਰੋਫੈਸ਼ਨਲ ਲੋਕ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਰਹੇ। ਉਨ੍ਹਾਂ ਨੂੰ ਵਹਿਮ ਸੀ ਕਿ ਸੋਚ ਵਿਚਾਰ ਵਾਲਾ ਪੜ੍ਹਨ-ਲਿਖਣ ਦਾ ਕੰਮ ਮਸ਼ੀਨਾਂ ਨਹੀਂ ਕਰ ਸਕਦੀਆਂ, ਮਨੁੱਖ ਹੀ ਕਰ ਸਕਦੇ ਹਨ। ਕੰਪਿਊਟਰ ਜਾਂ ਡੈਟਾ-ਬੇਸ ਵਾਂਗ ਇਹ ਕੇਵਲ ਮਨੁੱਖ ਦੀ ਕਾਰਜ ਕੁਸ਼ਲਤਾ ਹੀ ਵਧਾ ਸਕਦੀਆਂ ਹਨ, ਉਸ ਦੀ ਥਾਂ ਨਹੀਂ ਲੈ ਸਕਦੀਆਂ। ਮਸ਼ੀਨ ਲਰਨਿੰਗ (ਪੜ੍ਹਨ ਸਮਰੱਥਾ) ਨੇ ਇਨ੍ਹਾਂ ਮਸ਼ੀਨਾਂ ਨੂੰ ਪੜ੍ਹਨ, ਲਿਖਣ, ਬੋਲਣ, ਪਛਾਣਨ ਅਤੇ ਖੁਦ ਫੈਸਲੇ ਲੈਣ ਦੀ ਸਮਰੱਥਾ ਵੀ ਦੇ ਦਿੱਤੀ ਹੈ। ਮਾਨਵਜਾਤੀ ਦੀ ਕੌਗਨੇਟਿਵ ਮਨੌਪਲੀ (ਬੌਧਿਕ ਏਕਾਧਿਕਾਰ) ਟੁੱਟ ਰਹੀ ਹੈ।
ਕੇਵਲ ਵਿਕਸਿਤ ਮੁਲਕਾਂ ਵਿਚ ਹੀ ਨਹੀਂ, ਇਹ ਭਾਣਾ ਤਾਂ ਹੁਣ ਸਾਰੀ ਦੁਨੀਆਂ ਵਿਚ ਵਾਪਰੇਗਾ। ਤਨਖਾਹਦਾਰ ਮੁਲਾਜ਼ਮ ਭਲਾ ਇਨ੍ਹਾਂ ਡਿਜੀਟਲ ਕਾਮਿਆਂ ਦਾ ਕੀ ਮੁਕਾਬਲਾ ਕਰਨਗੇ! ਨਾ ਇਨ੍ਹਾਂ ਨੂੰ ਕਿਸੇ ਛੁਟੀ ਦੀ ਲੋੜ ਹੈ, ਨਾ ਇਨ੍ਹਾਂ ਦੇ ਕੋਈ ਕੰਮ ਦੇ ਘੰਟੇ ਹੋਣਗੇ। ਮੈਡੀਕਲ, ਹਾਊਸਿੰਗ, ਟਰਾਂਸਪੋਰਟ, ਮੈਟਰਨਿਟੀ ਲੀਵ, ਲੇਬਰ ਕਾਨੂੰਨਾਂ, ਯੂਨੀਅਨਵਾਦ ਆਦਿ ਦਾ ਵੀ ਕੋਈ ਝੰਜਟ ਨਹੀਂ।
ਵਿਸ਼ਵ ਪੱਧਰ ‘ਤੇ ਵਾਪਰ ਰਹੀ ਇਹ ਡਿਸਰਪਟਿਵ (ਵਿਘਨਕਾਰੀ) ਤਬਦੀਲੀ ਸਾਡੇ ਸਾਹਮਣੇ ਕਈ ਸੁਆਲ ਖੜ੍ਹੇ ਕਰਦੀ ਹੈ, ਜਿਨ੍ਹਾਂ ਦੇ ਜੁਆਬ ਲੱਭਣੇ ਅਤਿ ਜਰੂਰੀ ਹੋ ਗਏ ਹਨ। ਉਨੀਵੀਂ ਸਦੀ ਸਨਅਤੀ ਉਤਪਾਦਨ ਦੀ ਸਦੀ ਸੀ। ਹੱਥ ਪ੍ਰਧਾਨ ਸੀ। ਕੰਪਿਊਟਰ, ਡੈਟਾ-ਬੇਸ ਅਤੇ ਗਿਆਨ ਤੇ ਸੰਚਾਰ ਤਕਨਾਲੋਜੀ ਦੇ ਆਉਣ ਨਾਲ ਸਨਅਤੀ ਉਤਪਾਦਨ ਦੀ ਥਾਂ ਸਰਵਿਸ ਸੈਕਟਰ ਪ੍ਰਧਾਨ ਹੋ ਗਿਆ। ਸਨਅਤੀ ਸੈਕਟਰ ਦੀਆਂ ਜਿੰਨੀਆਂ ਜੌਬਾਂ ਜਾ ਰਹੀਆਂ ਸਨ, ਉਸ ਤੋਂ ਕਿਤੇ ਵੱਧ ਸਰਵਿਸ ਸੈਕਟਰ ਵਿਚ ਆ ਰਹੀਆਂ ਸਨ। ਨਤੀਜੇ ਵਜੋਂ ਵੀਹਵੀਂ ਸਦੀ ਵਿਚ ਆ ਕੇ ਹੱਥ ਦੀ ਥਾਂ ਦਿਮਾਗ ਪ੍ਰਧਾਨ ਹੋ ਗਿਆ। ਕੇਵਲ ਉਹੋ ਨੌਕਰੀਆਂ ਸੁਰੱਖਿਅਤ ਰਹਿ ਗਈਆਂ, ਜੋ ਦਿਮਾਗ ਨਾਲ ਜੁੜੀਆਂ ਹੋਈਆਂ ਸਨ।
ਹੁਣ ਜਦੋਂ ਦਿਮਾਗੀ ਨੌਕਰੀਆਂ ਵੀ ਜਾ ਰਹੀਆਂ ਹਨ ਅਤੇ ਡਿਜੀਟਲ ਕਾਮੇ ਇਨ੍ਹਾਂ ਦੀ ਥਾਂ ਲੈ ਰਹੇ ਹਨ, ਤਾਂ ਕੀ ਇਹ ਸਮਝ ਲਿਆ ਜਾਵੇ ਕਿ ਹੁਣ ਇਕੀਵੀਂ ਸਦੀ ਵਿਚ ਮਨੁੱਖਾਂ ਦੀ ਥਾਂ ਮਸ਼ੀਨਾਂ ਪ੍ਰਧਾਨ ਹੋਣਗੀਆਂ? ਜਾਂ ਦਿਮਾਗੀ ਸਮਰੱਥਾ ਤੋਂ ਅਗਾਂਹ ਮਨੁੱਖ ਅੰਦਰ ਕੋਈ ਅਜਿਹੀ ਸਮਰੱਥਾ ਵੀ ਮੌਜੂਦ ਹੈ, ਜੋ ਅਮੀਲੀਆ ਦੇ ਅਤਿ ਵਿਕਸਿਤ ਰੂਪ ਵਿਚ ਆਉਣ ਵਾਲੇ ਡਿਜੀਟਲ ਕਾਮਿਆਂ ਨੂੰ ਵੀ ਆਪਣੀ ਸੇਵਾ ਵਿਚ ਲਾ ਕੇ ਆਪਣੇ ਆਪ ਨੂੰ ਵਡੇਰੇ ਕੰਮਾਂ ਲਈ ਤਿਆਰ ਕਰੇਗੀ? ਇਹ ਵੱਡਾ ਸੁਆਲ ਹੈ ਕਿ ਡਿਜੀਟਲ ਕਾਮੇ ਆ ਕੇ ਮਨੁੱਖ ਦੀ ਕਿਹੜੀ ਸਮਰੱਥਾ ਦੇ ਵਿਗਾਸ ਲਈ ਉਸ ਨੂੰ ਜਿਸਮਾਨੀ ਅਤੇ ਦਿਮਾਗੀ ਕੰਮਾਂ ਤੋਂ ਆਜ਼ਾਦ ਕਰਵਾਉਣਗੇ? ਜਿਸਮਾਨੀ ਅਤੇ ਦਿਮਾਗੀ ਸਮਰੱਥਾ ਪਿਛੋਂ ਕਿਹੜੀ ਮਨੁੱਖੀ ਸਮਰੱਥਾ ਪ੍ਰਧਾਨ ਹੋਵੇਗੀ? ਹੱਥ ਅਤੇ ਦਿਮਾਗ ਪਿਛੋਂ ਕੌਣ ਪ੍ਰਧਾਨ ਹੋਵੇਗਾ?
ਸੁਆਲ ਵੱਡਾ ਹੈ, ਜੋ ਮਨੁੱਖ ਦੀ ਹੋਂਦ ਨਾਲ ਜੁੜਿਆ ਹੋਇਆ ਹੈ। ਮਹਿਸੂਸ ਕੀਤਾ ਜਾ ਰਿਹਾ ਹੈ ਕਿ ਉਹ ਦਿਨ ਆਉਣ ਵਾਲਾ ਹੈ, ਜਦੋਂ ਮਸਨੂਈ ਬੌਧਿਕਤਾ, ਬਿਗ ਡੈਟਾ ਐਨਾਲਿਸਟਕ ਅਤੇ ਬਲੌਕ ਚੇਨ ਵਰਗੀਆਂ ਤਕਨੀਕਾਂ ਮਨੁੱਖੀ ਸਮਰੱਥਾ ਨੂੰ ਪਾਰ ਕਰ ਜਾਣਗੀਆਂ। ਰੇਅ ਕੁਰਜ਼ਵੇਲ ਨੇ ਇਸ ਨੂੰ ਸਿੰਗੂਲੈਰਿਟੀ ਦਾ ਨਾਂ ਦਿੱਤਾ ਹੈ, ਭਾਵ ਇਕ ਅਜਿਹਾ ਯੁਗ ਆਉਣ ਵਾਲਾ ਹੈ, ਜਦੋਂ ਮਸ਼ੀਨ ਇੰਟੈਲੀਜੈਂਸ, ਡੈਟਾ ਸਟੋਰੇਜ ਅਤੇ ਕੰਪਿਊਟੇਸ਼ਨਲ ਪਾਵਰ ਵਿਚ ਐਕਸਪੋਨੈਂਸ਼ੀਅਲ (ਘਾਟੇ) ਵਾਧੇ ਰਾਹੀਂ ਮਾਨਵੀ ਬੌਧਿਕਤਾ ਨੂੰ ਪਛਾੜ ਦੇਵੇਗੀ।
ਕੀ ਸੱਚਮੁੱਚ ਹੀ ਉਹ ਵਕਤ ਆਉਣ ਵਾਲਾ ਹੈ, ਜਦੋਂ ਮਸ਼ੀਨਾਂ ਬੰਦਿਆਂ ਨੂੰ ਕੰਟਰੋਲ ਕਰਨਗੀਆਂ? ਕੀ ਇਨ੍ਹਾਂ ਮਸ਼ੀਨਾਂ ਸਾਹਮਣੇ ਮਨੁੱਖ ਦਾ ਉਹੋ ਰੁਤਬਾ ਹੋਵੇਗਾ, ਜੋ ਮਨੁੱਖ ਸਾਹਮਣੇ ਪਾਲਤੂ ਜਾਨਵਰਾਂ ਦਾ ਹੈ? ਜਾਂ ਏਪਸ ਅਤੇ ਚਿੰਪੈਂਜ਼ੀ ਵਰਗੇ ਆਪਣੇ ਪੂਰਵਜਾਂ ਦਾ ਹੈ? ਇਹ ਸੁਆਲ ਅੱਜ ਸਾਨੂੰ ਸਭ ਤੋਂ ਵੱਧ ਪ੍ਰੇਸ਼ਾਨ ਕਰ ਰਿਹਾ ਹੈ।
ਸੁਪਰਇੰਟੈਲੀਜੈਂਟ (ਮਹਾਬੌਧਿਕ) ਮਸ਼ੀਨਾਂ ਦੀ ਆਮਦ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਜਿਵੇਂ ਮਨੁੱਖ ਦੀ ਤੁਰਨ ਦੀ ਸਪੀਡ ਨੂੰ ਕਾਰਾਂ, ਹਵਾਈ ਜਹਾਜਾਂ ਅਤੇ ਰਾਕਟਾਂ ਨੇ ਵਧਾਇਆ ਹੈ, ਉਵੇਂ ਮਨੁੱਖ ਦੀ ਬੌਧਿਕਤਾ ਨੂੰ ਵੀ ਇਹ ਸੁਪਰਇੰਟੈਲੀਜੈਂਟ ਮਸ਼ੀਨਾਂ ਲੱਖਾਂ-ਕਰੋੜਾਂ ਗੁਣਾ ਵਧਾ ਦੇਣਗੀਆਂ। ਇਹ ਹਕੀਕਤ ਸਾਡੇ ਸਾਹਮਣੇ ਵਾਪਰ ਰਹੀ ਹੈ।
ਸੁਆਲ ਤਾਂ ਇਹ ਹੈ ਕਿ ਕੀ ਇਹ ਮਸ਼ੀਨਾਂ ਸੁਪਰਇੰਟੈਲੀਜੈਂਟ ਹੋਣ ਦੇ ਨਾਲ ਨਾਲ ਮਹਾਂ ਸਵੈ-ਚੇਤੰਨ ਅਤੇ ਸੁਰਤਵਾਨ ਵੀ ਹੋ ਸਕਦੀਆਂ ਹਨ? ਕੀ ਆਉਣ ਵਾਲੇ ਸਮਿਆਂ ਵਿਚ ਇਹ ਮਸ਼ੀਨਾਂ ਰਾਜ ਕਰਨਗੀਆਂ ਜਾਂ ਮਾਨਵ-ਸੁਰਤੀ? ਇਹੀ ਉਹ ਸੁਆਲ ਹੈ, ਜੋ ਮਾਨਵਜਾਤੀ ਦਾ ਭਵਿਖ ਤੈਅ ਕਰੇਗਾ। ਇਸੇ ਲਈ ‘ਕਾਨਸ਼ੀਅਸਨੈਸ’ ਭਾਵ ਮਾਨਵ ਚੇਤਨਾ, ਜਿਸ ਨੂੰ ਗੁਰੂ ਸਾਹਿਬਾਨ ਨੇ ‘ਸੁਰਤਿ’ ਆਖਿਆ ਹੈ, ਅੱਜ ਦੁਨੀਆਂ ਭਰ ਦੇ ਗਿਆਨੀਆਂ, ਵਿਗਿਆਨੀਆਂ ਅਤੇ ਤਕਨੀਕੀ ਮਾਹਿਰਾਂ, ਖਾਸ ਕਰਕੇ ਮਸਨੂਈ ਚੇਤਨਾ ਤੇ ਨਿਊਰੋ ਸਾਇੰਸ ਦੇ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਵਿਚਾਰ-ਚਰਚਾ ਦਾ ਪ੍ਰਮੁਖ ਵਿਸ਼ਾ ਬਣੀ ਹੋਈ ਹੈ।
ਮਾਨਵ ਚੇਤਨਾ ਕੀ ਹੈ? ਕੀ ਇਹ ਕੋਈ ਦਿਮਾਗੀ ਪ੍ਰਕ੍ਰਿਆ ਹੈ? ਇਸ ਦੀ ਬਣਤਰ ਕਿਹੋ ਜਿਹੀ ਹੈ? ਇਹ ਜੀਵ ਮਾਨਵ ਵਿਕਾਸ ਦੀ ਪ੍ਰਕ੍ਰਿਆ ਵਿਚ ਕੀ ਰੋਲ ਅਦਾ ਕਰਦੀ ਹੈ? ਚੇਤਨਾ ਨਾਲ ਜੁੜੇ ਅਜਿਹੇ ਅਨੇਕਾਂ ਸੁਆਲ ਹਨ, ਜਿਨ੍ਹਾਂ ਦਾ ਸਾਡੇ ਦਾਰਸ਼ਨਿਕ ਚਿੰਤਕ, ਵਿਗਿਆਨੀ ਅਤੇ ਤਕਨੀਕੀ ਮਾਹਿਰ ਹਾਲੇ ਤੱਕ ਕੋਈ ਤਸੱਲੀਬਖਸ਼ ਜੁਆਬ ਨਹੀਂ ਲੱਭ ਸਕੇ। ਚੇਤਨਾ ਸਾਡੇ ਲਈ ਇਕ ਗੁੰਝਲਦਾਰ ਰਹੱਸ ਬਣੀ ਹੋਈ ਹੈ।
ਮਸਨੂਈ ਚੇਤਨਾ ਦੀਆਂ ਲਾਈਨਾਂ ‘ਤੇ ਆਰਟੀਫੀਸ਼ਲ ਕਾਨਸ਼ੀਅਸਨੈਸ (ਮਸਨੂਈ) ਦਾ ਨਿਰਮਾਣ ਕਰਨ ਦੀ ਇੱਛਾ ਅਧੀਨ ਕੰਪਿਊਟਰ ਸਾਇੰਸ, ਗਣਿਤ ਵਿਗਿਆਨ, ਕੁਆਂਟਮ ਫਿਜ਼ਿਕਸ, ਨੈਨੋਤਕਨਾਲੋਜੀ, ਨਿਊਰੋ ਸਾਇੰਸ ਅਤੇ ਸਿੰਥੈਟਿਕ ਬਾਇਆਲੋਜੀ ਆਦਿ ਖੇਤਰਾਂ ਵਿਚ ਕੰਮ ਕਰਨ ਵਾਲੇ ਵਿਗਿਆਨੀ ਵੀ ਚੇਤਨਾ-ਅਧਿਐਨ ਦੇ ਵਿਸ਼ੇ ‘ਤੇ ਬੜੀ ਸ਼ਿੱਦਤ ਨਾਲ ਕੰਮ ਕਰ ਰਹੇ ਹਨ।
ਦੂਜੇ ਪਾਸੇ ਮਾਨਵ ਜਾਤੀ ਆਪਣੀ ਪੱਧਰ ‘ਤੇ ਇਹ ਧਾਰਨਾ ਬਣਾਈ ਬੈਠੀ ਹੈ ਕਿ ਸਮੁੱਚੇ ਜੀਵ ਸੰਸਾਰ ਵਿਚੋਂ ਕੇਵਲ ਉਸ (ਹੋਮੋਸੈਪੀਅਨ) ਕੋਲ ਹੀ ਚੇਤੰਨ ਮਨ ਹੈ। ਕੇਵਲ ਉਹ ਇਕੱਲਾ ਹੀ ਆਪਣੇ ਆਪ ਅਤੇ ਆਪਣੇ ਆਲੇ ਦੁਆਲੇ ਦੀ ਚੇਤੰਨ ਸੋਝੀ ਰੱਖਦਾ ਹੈ। ਜੇ ਇਹ ਗੱਲ ਸੱਚ ਹੈ, ਤਾਂ ਸਾਨੂੰ ਸਮਝਣਾ ਪਵੇਗਾ ਕਿ ਮਾਨਵ ਚੇਤਨਾ ਜੀਵ ਜੰਤੂਆਂ ਦੀ ਸੋਝੀ ਅਤੇ ਮਸਨੂਈ ਚੇਤਨਾ ਤੋਂ ਕਿਵੇਂ ਵੱਖਰੀ ਹੈ? ਵਿਸ਼ਵ ਅਤੇ ਬ੍ਰਹਿਮੰਡੀ ਚੇਤਨਾ ਨੂੰ ਵੀ ਧਿਆਨ ਵਿਚ ਰੱਖਣਾ ਹੋਵੇਗਾ।
ਜੇ ਜੀਵ ਵਿਗਿਆਨੀਆਂ ਦੀ ਗੱਲ ਕਰੀਏ, ਨਾ ਤਾਂ ਇਹ ਮਨ ਅਤੇ ਚੇਤਨਾ ਨੂੰ ਸਰੀਰ ਤੋਂ ਅਲਹਿਦਾ ਕੋਈ ਦੈਵੀ ਵਸਤ ਮੰਨਦੇ ਹਨ ਅਤੇ ਨਾ ਹੀ ਦਿਮਾਗ ਜਾਂ ਦਿਮਾਗ ਵਰਗਾ ਕੋਈ ਹੋਰ ਸਰੀਰਕ ਅੰਗ। ਫਿਰ ਇਹ ਹੈ ਕੀ? ਇਨ੍ਹਾਂ ਦੇ ਮੰਨਣ ਅਨੁਸਾਰ ਇਹ ਦੁੱਖ, ਸੁੱਖ, ਗੁੱਸਾ, ਮੁਹੱਬਤ ਆਦਿ ਅੰਤਰਮੁਖੀ ਅਨੁਭਵਾਂ ਅਤੇ ਚਾਹਤਾਂ ਦਾ ਵਹਾ ਹੈ, ਜੋ ਜੀਵ ਦੀਆਂ ਸਰੀਰਕ ਲੋੜਾਂ ਦੀ ਪੂਰਤੀ ਹਿਤ ਦਿਮਾਗ ਦੇ ਅੱਸੀ ਅਰਬ ਨਿਊਰੋਨ ਸੈਲਾਂ ਵਿਚ ਚੱਲਣ ਵਾਲੇ ਇਲੈਕਟਰੋਕੈਮੀਕਲ ਰੀਐਕਸ਼ਨਾਂ ਦੀ ਉਪਜ ਹੈ।
ਬਹੁਤਿਆਂ ਦਾ ਮੰਨਣਾ ਹੈ ਕਿ ਜੀਵ ਵਿਗਿਆਨੀਆਂ ਦੀ ਇਹ ਧਾਰਨਾ ਬਾਕੀ ਜੀਵਾਂ ਬਾਰੇ ਤਾਂ ਸੱਚ ਹੋ ਸਕਦੀ ਹੈ, ਪਰ ਮਾਨਵ ਚੇਤਨਾ ਬਾਰੇ ਨਹੀਂ। ਮਾਨਵ ਚੇਤਨਾ ਦੂਜੇ ਜੀਵਾਂ ਦੀ ਚੇਤਨਾ ਨਾਲੋਂ ਭਿੰਨ ਹੈ। ਦੂਜੇ ਜੀਵਾਂ ਵਿਚ ਸ਼ਾਇਦ ਚੇਤਨਾ ਤਾਂ ਹੈ, ਪਰ ਸਵੈਚੇਤਨਾ-ਸੁਰਤਿ ਬਿਲਕੁਲ ਨਹੀਂ। ਇਨ੍ਹਾਂ ਦੇ ਕਹਿਣ ਅਨੁਸਾਰ ਇਹ ਸਵੈਚੇਤਨਾ-ਸੁਰਤਿ ਹੀ ਹੈ, ਜੋ ਮਨੁੱਖ ਨੂੰ ਦੂਜੇ ਜੀਵਾਂ ਤੋਂ ਵਖਰਿਆਉਂਦੀ ਹੈ; ਪਰ ਇਹ ਜੀਵ ਚੇਤਨਾ ਮਨੁੱਖ ਵਿਚ ਪਹੁੰਚ ਕੇ ਸਵੈਚੇਤਨਾ-ਸੁਰਤਿ ਕਿਵੇਂ ਬਣ ਜਾਂਦੀ ਹੈ? ਸੋਚਣ ਵਾਲੀ ਗੱਲ ਹੈ।
ਚੇਤਨਾ, ਜਿਸ ਨੂੰ ਜੀਵ ਅੰਤਰਮੁਖੀ ਅਨੁਭਵਾਂ (ਸਬਜੈਕਟਿਵ ਐਕਸਪੀਰੀਐਂਸਿਜ਼) ਦੇ ਰੂਪ ਵਿਚ ਅਨੁਭਵ ਕਰਦੇ ਹਨ, ਉਹ ਬਾਇਆਲੋਜੀਕਲ ਐਲਗਾਰਿਦਮਜ਼ ਹਨ, ਜੋ ਜੀਵਾਂ ਦੀ ਹੋਂਦ ਅਤੇ ਵਾਧੇ ਵਿਚ ਅਹਿਮ ਰੋਲ ਨਿਭਾਉਂਦੇ ਹਨ। ਜੇ ਜੀਵ ਨੂੰ ਭੁੱਖ ਦੀ ਖੋਹ ਨਹੀਂ ਪਏਗੀ, ਤਾਂ ਉਹ ਭੋਜਨ ਦੀ ਤਲਾਸ਼ ਵਿਚ ਕਿਉਂ ਭਟਕੇਗਾ? ਕਾਮ ਉਤੇਜਨਾ ਨਹੀਂ ਜਾਗੇਗੀ ਤਾਂ ਨਸਲ ਅੱਗੇ ਕਿਵੇਂ ਵਧੇਗੀ? ਭਾਵ ਇਹ ਐਲਗਾਰਿਦਮਜ਼ ਜੀਵ ਦੀਆਂ ਸਰਵਾਈਵਲ ਅਤੇ ਰੈਪਲੀਕੇਸ਼ਨ ਲੋੜਾਂ ਦੀ ਪੂਰਤੀ ਲਈ ਜਰੂਰੀ ਸਨ।
ਕੀ ਸਵੈਚੇਤਨਾ ਵੀ ਜੀਵ ਚੇਤਨਾ ਵਾਂਗ ਬਾਇਓਕੈਮੀਕਲ ਐਲਗਾਰਿਦਮ ਹੀ ਹੈ? ਕੀ ਇਸ ਨੂੰ ਵੀ ਚੇਤਨਾ ਵਾਂਗ ਦਿਮਾਗ ਦਾ ਐਪੀਫਿਨਾਮਨਾ ਹੀ ਮੰਨ ਲਿਆ ਜਾਵੇ? ਜੋ ਲੋਕ ਨਿਜੀ ਤਜ਼ਰਬੇ ਨੂੰ ਬਾਇਓਕੈਮੀਕਲ ਉਤੇਜਨਾਵਾਂ ਦੇ ਰੂਪ ਵਿਚ ਦੇਖਦੇ ਹਨ, ਉਹ ਡਰੱਗ ਦੀਆਂ ਮਿਸਾਲਾਂ ਲੈ ਕੇ ਆਪਣੀ ਧਾਰਨਾ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਖੁਸ਼ੀ ਜਾਂ ਚੜ੍ਹਦੀ ਕਲਾ ਵਿਚ ਰਹਿਣ ਲਈ ਡਰੱਗ ਦੀ ਵਰਤੋ ਇੱਕ ਆਮ ਗੱਲ ਹੈ। ਅਨੇਕਾਂ ਡਰੱਗ ਅਤੇ ਡਿਵਾਈਸਿਜ਼ ਦੀ ਗੱਲ ਕੀਤੀ ਜਾ ਸਕਦੀ ਹੈ, ਜੋ ਮਨੁੱਖ ਅੰਦਰ ਅੰਤਰਮੁਖੀ ਸੰਵੇਦਨਾਵਾਂ ਪੈਦਾ ਕਰਨ ਲਈ ਵਰਤ ਹੋ ਰਹੀਆਂ ਹਨ।
1. ਜੇ ਸਾਇੰਸ ਅਤੇ ਤਕਨਾਲੋਜੀ ਸਮਝਦੇ ਹਨ ਕਿ ਮਨ ਤੇ ਚੇਤਨਾ ਦਾ ਹੋਰ ਕੋਈ ਕੰਮ ਹੀ ਨਹੀਂ, ਤਾਂ ਫੇਰ ਇਨ੍ਹਾਂ ਨੂੰ ਨਕਾਰ ਕਿਉਂ ਨਹੀਂ ਦਿੱਤਾ ਜਾਂਦਾ? ਮਨੁੱਖੀ ਸਰੀਰ ਵਿਚ ਅਜਿਹੇ ਕਈ ਅੰਗ (ਵੈਸਟੀਜੀਅਸ ਆਰਗਨ) ਹਨ, ਜਿਨ੍ਹਾਂ ਦੀ ਕੋਈ ਲੋੜ ਨਹੀਂ ਰਹੀ। ਬੱਸ ਜੀਵ ਸੰਸਾਰ ਦੀ ਰਹਿੰਦ-ਖੂੰਹਦ ਵਜੋਂ ਮਨੁੱਖੀ ਸਰੀਰ ਵਿਚ ਪਏ ਰਹਿੰਦੇ ਹਨ। ਚਿੰਤਨ ਦੇ ਇਤਿਹਾਸ ਵਿਚ ਵੀ ਅਜਿਹੇ ਅਨੇਕਾਂ ਸੰਕਲਪ ਅਤੇ ਸਿਧਾਂਤ ਮਿਲ ਜਾਣਗੇ, ਜਿਨ੍ਹਾਂ ਦੀ ਹੁਣ ਕੋਈ ਲੋੜ ਨਹੀਂ ਰਹੀ, ਜੋ ਸਾਡਾ ਕੋਈ ਮਨੋਰਥ ਹੱਲ ਨਹੀਂ ਕਰਦੇ।
2. ਸਾਇੰਸ ਕਦੇ ਵੀ ਮਨ ਅਤੇ ਚੇਤਨਾ ਦੀ ਹੋਂਦ ਤੋਂ ਮੁਨਕਰ ਨਹੀਂ ਹੋਈ। ਜੇ ਉਹ ਮੁਨਕਰ ਹੈ ਤਾਂ ਉਹ ਇਨ੍ਹਾਂ ਦੀ ਪ੍ਰਸੰਗਿਕਤਾ ਤੋਂ ਮੁਨਕਰ ਹੈ। ਬਹੁਤ ਸਾਰੇ ਵਿਗਿਆਨੀਆਂ ਦਾ ਯਕੀਨ ਹੈ ਕਿ ਅੰਤਰਮੁਖੀ ਅਨੁਭਵਾਂ ਦੇ ਦਖਲ ਤੋਂ ਬਿਨਾ ਹੀ ਦਿਮਾਗ ਉਹ ਸਾਰੇ ਕੰਮ ਕਰੀ ਜਾ ਰਿਹਾ ਹੈ, ਜੋ ਅਸੀਂ ਸਮਝਦੇ ਸਾਂ ਕਿ ਮਨ ਅਤੇ ਚੇਤਨਾ ਤੋਂ ਬਿਨਾ ਸੰਭਵ ਨਹੀਂ ਹਨ। ਸੋ, ਮਨ ਅਤੇ ਚੇਤਨਾ ਨੂੰ ਬੜੇ ਆਰਾਮ ਨਾਲ ਵਿਗਿਆਨ ਦੇ ਸ਼ਬਦ-ਕੋਸ਼ ਵਿਚੋਂ ਮਿਟਾਇਆ ਜਾ ਸਕਦਾ ਹੈ। ਇਸ ਧਾਰਨਾ ‘ਤੇ ਵਿਸ਼ਵਾਸ ਕਰਨ ਵਾਲੇ ਕਈ ਲੋਕ ਤਾਂ ਚੇਤਨਾ ਦੀ ਜਹਾਜ ਦੇ ਸ਼ੋਰ ਨਾਲ ਤੁਲਨਾ ਕਰਦਿਆਂ ਇਸ ਨੂੰ ਮਾਨਸਿਕ ਪ੍ਰਦੂਸ਼ਣ ਤੱਕ ਆਖ ਦਿੰਦੇ ਹਨ। ਜਿਵੇਂ ਜਹਾਜ ਦੇ ਸ਼ੋਰ ਦਾ ਕੋਈ ਰੋਲ ਨਹੀਂ, ਬਿਲਕੁਲ ਉਸੇ ਤਰ੍ਹਾਂ ਸਵੈ-ਚੇਤਨਾ ਦਾ ਵੀ ਕੋਈ ਰੋਲ ਨਹੀਂ, ਪਰ ਇਹ ਦਲੀਲਾਂ ਦੇਣ ਵਾਲੇ ਲੋਕਾਂ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਕਈ ਵਿਗਿਆਨੀ ਸੁਆਲ ਕਰਦੇ ਹਨ ਕਿ ਜੇ ਅੰਤਰਮੁਖੀ ਅਨੁਭਵਾਂ ਦਾ ਕੋਈ ਮੁੱਲ ਨਹੀਂ ਤਾਂ ਕਤਲ, ਬਲਾਤਕਾਰ ਅਤੇ ਚੋਰੀ ਮਾੜੇ ਕਿਉਂ ਮੰਨੇ ਜਾਂਦੇ ਹਨ? ਇਸ ਸੁਆਲ ਦਾ ਕਿਸੇ ਕੋਲ ਕੋਈ ਜੁਆਬ ਨਹੀਂ। ਇਸ ਲਈ ਉਹ ਇਸ ਗੱਲ ‘ਤੇ ਸਹਿਮਤ ਹੋ ਜਾਂਦੇ ਹਨ ਕਿ ਚੇਤਨਾ ਦਾ ਨਿਸ਼ਚੇ ਹੀ ਇਖਲਾਕੀ ਸਿਆਸੀ ਫੈਸਲੇ ਲੈਣ (ਐਥੀਕੋ-ਪੁਲੀਟੀਕਲ ਡਿਸਿਜ਼ਨ ਮੇਕਿੰਗ) ਵਿਚ ਤਾਂ ਬਹੁਤ ਵੱਡਾ ਰੋਲ ਹੈ, ਪਰ ਜੀਵ ਵਿਗਿਆਨਕ ਫੈਸਲੇ ਲੈਣ (ਬਾਇਆਲੋਜੀਕਲ ਡਿਸਿਜ਼ਨ ਮੇਕਿੰਗ) ਵਿਚ ਕੋਈ ਰੋਲ ਨਹੀਂ ਹੈ।
3. ਵਿਗਿਆਨੀ ਮੰਨਦੇ ਹਨ ਕਿ ਚੇਤਨਾ ਦੀ ਹੋਂਦ ਅਤੇ ਇਸ ਦੇ ਮਹੱਤਵ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ, ਕਿਉਂਕਿ ਇਹ ਇਖਲਾਕੀ ਸਿਆਸੀ ਫੈਸਲੇ ਲੈਣ ਵਿਚ ਕੇਂਦਰੀ ਰੋਲ ਅਦਾ ਕਰਦੀ ਹੈ।
4. ਮਨੁੱਖ ਵਿਚ ਪਹੁੰਚ ਕੇ ਜੈਵਿਕ ਚੇਤਨਾ ਦੇ ਬਹੁਤ ਸਾਰੇ ਬਾਇਆਲੋਜੀਕਲ ਐਲਗਾਰਿਦਮਜ਼ ਬਿਨਾ ਸ਼ੱਕ ਇਰਰੈਲੇਵੈਂਟ ਹੋ ਜਾਂਦੇ ਹਨ। ਇਸ ਲਈ ਕਿ ਇਨ੍ਹਾਂ ਦਾ ਕੰਮ ਚੇਤਨਾ ਸੰਭਾਲ ਲੈਂਦੀ ਹੈ। ਚੇਤਨਾ ਇਹ ਕੰਮ ਕਿਵੇਂ ਕਰਦੀ ਹੈ? ਚੇਤਨਾ ਜੀਵ ਵਿਗਿਆਨਕ ਲੋੜਾਂ ਨੂੰ ਚੇਤੰਨ ਇੱਛਾਵਾਂ ਵਿਚ ਰੁਪਾਂਤ੍ਰਿਤ ਕਰ ਦਿੰਦੀ ਹੈ। ਉਹ ਇਹ ਕੰਮ ਡਿਸਕੋਰਸ (ਸ਼ਬਦ) ਰਾਹੀਂ ਕਰਦੀ ਹੈ। ਸ਼ਬਦ ਵਿਚ ਬੱਝ ਕੇ ਜੀਵ ਵਿਗਿਆਨਕ ਲੋੜ ਅਸੀਮ ਇੱਛਾ ਵਿਚ ਰੁਪਾਂਤ੍ਰਿਤ ਹੋ ਜਾਂਦੀ ਹੈ। ਬਿਨਾ ਸ਼ੱਕ ਚੇਤਨਾ ਇਹ ਕੰਮ ਸ਼ਬਦ ਦੀ ਮਦਦ ਨਾਲ ਕਰਦੀ ਹੈ, ਪਰ ਇਸ ਸੁਆਲ ਦਾ ਜੁਆਬ ਤਾਂ ਲੱਭਣਾ ਹੀ ਹੋਵੇਗਾ ਕਿ ਇਹ ਸ਼ਬਦ ਅਚਾਨਕ ਕਿਧਰੋਂ ਅਤੇ ਕਿਵੇਂ ਪ੍ਰਗਟ ਹੋ ਗਿਆ? ਇਸ ਦਾ ਕੀ ਸਰੂਪ ਹੈ? ਇਸ ਦਾ ਕਿਥੇ ਵਾਸਾ ਹੈ? ਦਿਮਾਗ ਨਾਲ ਇਸ ਦਾ ਕੀ ਰਿਸ਼ਤਾ ਹੈ?
ਸੋ, ਆਪਾਂ ਘੁੰਮ-ਫਿਰ ਕੇ ਮੁੜ ਉਨ੍ਹਾਂ ਸੁਆਲਾਂ ‘ਤੇ ਹੀ ਆ ਗਏ, ਜਿਥੋਂ ਅਸੀਂ ਸੁ.ਰੂ ਹੋਏ ਸੀ ਅਤੇ ਜਿਨ੍ਹਾਂ ਸੁਆਲਾਂ ਦਾ ਕਿਸੇ ਵੀ ਗਿਆਨੀ-ਵਿਗਿਆਨੀ ਕੋਲ ਕੋਈ ਜੁਆਬ ਨਹੀਂ ਹੈ। ਜੇ ਕੋਈ ਜੁਆਬ ਹੈ ਤਾਂ ਉਹ ਕੇਵਲ ਗੁਰੂ ਨਾਨਕ ਕੋਲ ਹੈ, ਜੋ ਉਨ੍ਹਾਂ ਨੇ ਸਿਧ ਗੋਸ਼ਟਿ ਵਿਚ ਦਰਜ ਕਰ ਦਿੱਤਾ ਹੈ।
ਅਸਲ ‘ਚ ਇਹੀ ਤਾਂ ਉਹ ਸੁਆਲ ਹਨ, ਜੋ ਅੱਜ ਤੋਂ ਸਾਢੇ ਪੰਜ ਸੌ ਸਾਲ ਪਹਿਲਾਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਕੀਤੇ ਸਨ, “ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸਕਾ ਤੂ ਚੇਲਾ॥ ਕਵਣ ਕਥਾ ਲੇ ਰਹਹੁ ਨਿਰਾਲੇ॥ ਬੋਲੈ ਨਾਨਕੁ ਸੁਣਹੁ ਤੁਮ ਬਾਲੇ॥ ਏਸ ਕਥਾ ਕਾ ਦੇਇ ਬੀਚਾਰੁ॥ ਭਵਜਲੁ ਸਬਦਿ ਲੰਘਾਵਣਹਾਰੁ॥”
ਜਦੋਂ ਸਿਧ ਗੁਰੂ ਸਾਹਿਬ ਨੂੰ ਪੁਛਦੇ ਹਨ ਕਿ ਤੇਰਾ ਗੁਰੂ ਕੌਣ ਹੈ, ਤਾਂ ਗੁਰੂ ਸਾਹਿਬ ਜੁਆਬ ਦਿੰਦੇ ਹਨ, “ਸਬਦੁ ਗੁਰੁ ਸੁਰਤਿ ਧੁਨਿ ਚੇਲਾ॥” ਇਸ ਜੁਆਬ ਨਾਲ ਕਈ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ। ਪਹਿਲੀ, ਸ਼ਬਦ ਸੁਰਤਿ ਦਾ ਕਰਤਾ ਹੈ। ਸੁਰਤਿ, ਸਰੀਰਕ ਸੰਰਚਨਾ ਦੇ ਰੂਪ ਵਿਚ, ਜੋ ਜੀਵ ਜੰਤੂਆਂ ‘ਚ ਵੀ ਮੌਜੂਦ ਹੈ, ਸ਼ਬਦ ਦੀ ਕਰਤਾ ਨਹੀਂ ਹੋ ਸਕਦੀ। ਸ਼ਬਦ ਸੁਰਤਿ ਵਿਚੋਂ ਪੈਦਾ ਨਹੀਂ ਹੁੰਦਾ, ਸੁਰਤਿ ਸ਼ਬਦ ਵਿਚੋਂ ਪੈਦਾ ਹੁੰਦੀ ਹੈ। ਭਾਵ ਸ਼ਬਦ (ਡਿਸਕੋਰਸ) ਹੀ ਸੁਰਤਿ (ਕਾਂਸ਼ੀਅਸਨੈਸ) ਦਾ ਨਿਰਮਾਤਾ ਹੈ, ਸੁਰਤਿ ਸ਼ਬਦ ਦੀ ਨਹੀਂ।
ਸ਼ਤਪਥ ਬ੍ਰਹਮਣ ਵਿਚ ਸ਼ਬਦ (ਡਿਸਕੋਰਸ) ਅਤੇ ਮਨ (ਸੁਰਤਿ) ਦੇ ਜਿਸ ਝਗੜੇ ਦਾ ਕੋਈ ਨਿਪਟਾਰਾ ਨਹੀਂ ਹੁੰਦਾ ਕਿ ਸ਼ਬਦ ਸੁਰਤਿ ਵਿਚੋਂ ਜਨਮ ਲੈਂਦਾ ਹੈ ਜਾਂ ਸੁਰਤਿ ਸ਼ਬਦ ਵਿਚੋਂ? ਗੁਰੂ ਸਾਹਿਬ ਸਦੀਆਂ ਤੋਂ ਚੱਲੇ ਆ ਰਹੇ ਇਸ ਝਗੜੇ ਨੂੰ ਹਮੇਸ਼ਾ ਲਈ ਹੱਲ ਕਰ ਦਿੰਦੇ ਹਨ ਕਿ ਸ਼ਬਦ ਹੀ ਸੁਰਤਿ ਦਾ ਸਿਰਜਣਹਾਰ ਹੈ। ਅਜੋਕੇ ਸਮਿਆਂ ਵਿਚ ਆ ਕੇ ਵਿਗਿਆਨਕ ਲੱਭਤਾਂ ਵੀ ਗੁਰੂ ਸਾਹਿਬ ਦੇ ਇਸ ਨਿਰਣੇ ‘ਤੇ ਮੋਹਰ ਲਾ ਦਿੰਦੀਆਂ ਹਨ।
ਸੋ, ਇਸ ਸੁਆਲ ਦਾ ਤਸੱਲੀਬਖਸ਼ ਜੁਆਬ ਮਿਲ ਜਾਂਦਾ ਹੈ ਕਿ ਅਚਾਨਕ ਹੀ ਚੇਤਨਾ ਕਿਥੋਂ ਪ੍ਰਗਟ ਹੋ ਗਈ? ਚੇਤਨਾ ਸ਼ਬਦ ਦੀ ਕਰਾਮਾਤ ਵਿਚੋਂ ਪ੍ਰਗਟ ਹੋਈ ਹੈ। ਸ਼ਾਇਦ ਇਹ ਕਹਿਣਾ ਵਧੇਰੇ ਉਚਿਤ ਹੋਵੇਗਾ ਕਿ ਸੁਰਤਿ, ਮਾਨਵ-ਚੇਤਨਾ, ਮਾਨਵ-ਸੋਝੀ, ਮਾਨਵ-ਬੁਧਿ ਸ਼ਬਦ (ਗੁਰੂ) ਅਤੇ ਸੁਰਤਿ (ਚੇਲੇ) ਦੇ ਮਿਲਨ ਵਿਚੋਂ ਪੈਦਾ ਹੁੰਦੀ ਹੈ। ਸ਼ਾਇਦ ਇਸੇ ਲਈ ਗੁਰੂ ਸਾਹਿਬ ਸ਼ਬਦ ਦੁਆਰਾ ਸੁਰਤੀ ਅੰਦਰ ਪੈਦਾ ਕੀਤੀ ਜਾਣ ਵਾਲੀ ਸੁਰਤਿ ਭਾਵ ਸੋਝੀ ਨੂੰ ਸ਼ਬਦ ਜਾਂ ਸੁਰਤਿ ਨਹੀਂ, ਸਗੋਂ ਸੁਰਤਿ-ਸ਼ਬਦ ਆਖਦਿਆਂ ਸਪਸ਼ਟ ਕਰਦੇ ਹਨ ਕਿ ਸ਼ਬਦ-ਸੁਰਤਿ ਹੀ ਉਹ ਮਾਰਗ ਹੈ, ਜੋ ਸਾਨੂੰ ਦਿਮਾਗੀ ਸਮਰੱਥਾ ਤੋਂ ਪਾਰ ਨਵੇਂ ਦਿਸਹੱਦਿਆਂ ਵੱਲ ਲੈ ਕੇ ਜਾਵੇਗਾ।
ਸੁਰਤਿ-ਸ਼ਬਦ ਦੇ ਰਿਸ਼ਤੇ ਨੂੰ ਸੌਖੀ ਤਰ੍ਹਾਂ ਸਮਝਣਾ ਹੋਵੇ ਤਾਂ ਸਾਸੂਰ ਦੀ ਮਦਦ ਲਈ ਜਾ ਸਕਦੀ ਹੈ। ਭਾਵੇਂ ਸਾਸੂਰ ਨੇ ਗੁਰੂ ਸਾਹਿਬ ਦਾ ਨਾਂ ਤਾਂ ਨਹੀਂ ਲਿਆ, ਪਰ ਵਿਆਖਿਆ ਬਹੁਤ ਖੂਬਸੂਰਤ ਕੀਤੀ ਹੈ ਕਿ ਸ਼ਬਦ ਸਿਗਨੀਫਾਇਰ ਹੈ ਅਤੇ ਸੁਰਤਿ ਸਿਗਨੀਫਾਇਡ। ਕਿਉਂਕਿ ਸ਼ਬਦ ਸੁਰਤਿ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ, ਇਸ ਲਈ ਗੁਰੂ ਸਾਹਿਬ ਆਖਦੇ ਹਨ, “ਸੁਰਤਿ ਸਬਦੁ ਧੁਨਿ ਅੰਤਰਿ ਜਾਗੀ॥” ਸੁਰਤਿ-ਸ਼ਬਦ ਉਹ ਸੈਂਸ (ਅਰਥ) ਹੈ, ਜੋ ਸ਼ਬਦ ਮਨੁੱਖ ਦੀ ਸੁਰਤਿ ਅੰਦਰ ਸਵੈ-ਚੇਤਨਾ ਦੇ ਰੂਪ ਵਿਚ ਜਗਾਉਂਦਾ ਹੈ।
ਮਸਲਾ ਸੁਰਤਿ-ਸ਼ਬਦ ਦੇ ਅਮਲ ਨੂੰ ਸਮਝਣ ਦਾ ਵੀ ਹੈ। ਸਿਧ ਗੁਰੂ ਸਾਹਿਬ ਨੂੰ ਸੁਆਲ ਕਰਦੇ ਹਨ ਕਿ ਗੁਰੂ ਦਾ ਵਾਸੁ ਕਿਥੇ ਹੈ, ਜਿਸ ਨਾਲ ਭਵਜਲ ਸੰਸਾਰ ਨੂੰ ਤਰ ਕੇ ਪਾਰ ਜਾਣਾ ਹੈ? “ਸੁ ਸਬਦੁ ਕਾ ਕਹਾ ਵਾਸੁ ਕਾਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ॥” ਗੁਰੂ ਸਾਹਿਬ ਜੁਆਬ ਦਿੰਦੇ ਹਨ, “ਸੁ ਸਬਦੁ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ॥” ਸਬਦ ਹਰ ਥਾਂ ਮੌਜੂਦ ਰਹਿੰਦਾ ਹੈ। ਮਨੁੱਖਾਂ ਦੇ ਆਪਸੀ ਅਤੇ ਉਸ ਹਰ ਕਾਸੇ ਨਾਲ ਜੋ ਵੀ ਹੈ, ਕਦੀ ਸੀ ਜਾਂ ਹੋਵੇਗਾ ਨਾਲ ਸਬੰਧਾਂ ਦੇ ਵਿਗਾਸਮਈ ਨਿਰਮਾਣ ਦਾ ਆਧਾਰ ਹੈ। ਕਿਸੇ ਵਿਅਕਤੀ ਵਿਸ਼ੇਸ਼ ਦੀ ਮਲਕੀਅਤ ਨਹੀਂ।
ਸੋ, ਸੁਰਤਿ-ਸ਼ਬਦ, ਜਿਸ ਨੇ ਇਕੀਵੀਂ ਸਦੀ ਦੇ ਵਿਕਾਸਮਈ ਖੇੜੇ ਦਾ ਨਿਰਮਾਣ ਕਰਨਾ ਹੈ, ਉਹ ਨਾ ਤਾਂ ਦਿਮਾਗੀ ਪ੍ਰਕ੍ਰਿਆਵਾਂ ਦਾ ਐਪੀਫਿਨਾਮਿਨਾ ਹੈ ਅਤੇ ਨਾ ਹੀ ਕੋਈ ਪਰਾਭੌਤਿਕ ਕ੍ਰਿਸ਼ਮਾ; ਸਗੋਂ ਸ਼ਬਦ ਦੁਆਰਾ ਸੁਰਤਿ (ਮਨ) ਵਿਚ ਜਾਗੀ ਬੁਧਿ ਹੈ, ਜਿਸ ਨਾਲ ਸਾਰੇ ਭਵਨਾਂ ਦੀ ਸੋਝੀ ਹੁੰਦੀ ਹੈ, “ਮੰਨੈ ਸੁਰਤਿ ਹੋਵੈ ਮਨਿ ਬੁਧਿ॥ ਮੰਨੇ ਸਗਲ ਭਵਣ ਕੀ ਸੁਧਿ॥”
ਵੱਡੇ ਸੁਆਲ ਦਾ ਵੱਡਾ ਜੁਆਬ ਮਿਲ ਜਾਂਦਾ ਹੈ ਕਿ ਜਿਵੇਂ ਉਨੀਵੀਂ ਸਦੀ ਹੱਥ ਦੀ ਸਦੀ ਸੀ ਅਤੇ ਵੀਹਵੀਂ ਸਦੀ ਦਿਮਾਗ ਦੀ ਸਦੀ ਸੀ, ਉਵੇਂ ਇਕੀਵੀਂ ਸਦੀ ਸੁਰਤਿ-ਸ਼ਬਦ ਦੀ ਸਦੀ ਹੋਵੇਗੀ। ਇਕੀਵੀਂ ਸਦੀ ਵਿਚ ਡਿਜੀਟਲ ਇੰਟੈਲੀਜੈਂਸ ਜਾਂ ਡਿਜੀਟਲ ਕਾਂਸ਼ੀਅਸਨੈਸ ਨਹੀਂ, ਸਗੋਂ ਸੁਰਤਿ-ਸ਼ਬਦ ਹੀ ਵਿਕਾਸਮਈ ਖੇੜੇ (ਵਿਗਾਸ) ਦਾ ਮਾਰਗ ਹੋਵੇਗੀ। ਮਸ਼ੀਨਾਂ ਦਾ ਕੰਮ ਤਾਂ ਮਾਨਵ ਜਾਤੀ ਨੂੰ ਉਸ ਦੇ ਚੌਗਿਰਦੇ ਦੀ ਸਮੁਚਤਾ ਸਮੇਤ ਸੁਰਤਿ-ਸ਼ਬਦ ਦੇ ਅਗਾਊਂ ਮਾਰਗ ‘ਤੇ ਤੋਰਨ ਲਈ ਜਿਸਮਾਨੀ ਅਤੇ ਦਿਮਾਗੀ (ਕੰਪਿਊਟੇਸ਼ਨਲ) ਮੁਸ਼ੱਕਤ (ਦੁਨੀਆਂਦਾਰ) ਤੋਂ ਆਜ਼ਾਦ ਕਰਵਾਉਣਾ ਹੀ ਹੈ, “ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਸਾਣੇ॥ ਸੁਰਤਿ-ਸਬਦਿ ਭਵਸਾਗਰੁ ਤਰੀਐ ਨਾਨਕ ਨਾਮ ਵਖਾਣੇ॥ ਰਹਹਿ ਇਕਾਂਤ ਏਕੋ ਮਨਿ ਵਸਿਆ ਆਸਾ ਮਹਿ ਨਿਰਾਸੋ॥ ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕ ਤਾਕਾ ਦਾਸਾ॥”
ਕੀ ਉਨੀਂਵੀਂ ਸਦੀ ਵਿਚ ਲੋਕ ਸੋਚ ਸਕਦੇ ਸਨ ਕਿ ਉਹ ਵੈਬ ਡਿਜ਼ਾਈਨਿੰਗ ਵੀ ਕਰਿਆ ਕਰਨਗੇ? ਮਨੁੱਖ ਲਈ ਕੰਮਾਂ-ਕਾਰਾਂ ਦੀ ਕੋਈ ਘਾਟ ਨਹੀਂ, ਨਾ ਹੀ ਨਵੇਂ ਸੁਆਲਾਂ ਦੀ ਘਾਟ ਹੋਵੇਗੀ। ਇਹ ਠੀਕ ਹੈ ਕਿ ਸੁਆਲ ਬਹੁਤ ਜਟਿਲ ਅਤੇ ਵੱਡੇ ਹੋ ਜਾਣਗੇ, ਜਿਨ੍ਹਾਂ ਦੇ ਹੱਲ ਲਈ ਨਿਸ਼ਚੇ ਹੀ ਆਰਟੀਫੀਸ਼ਲ ਇੰਟੈਲੀਜੈਂਸ (ਮਸਨੂਈ ਬੌਧਿਕਤਾ) ਅਤੇ ਬਿਗ-ਡੈਟਾ-ਐਨਾਲਿਸਟਿਕ ਵਰਗੇ ਸ਼ਕਤੀਸ਼ਾਲੀ ਟੂਲਾਂ ਦੀ ਲੋੜ ਤਾਂ ਰਹੇਗੀ ਹੀ, ਪਰ ਮਨੁੱਖ ਦੀ ਸਿਰਜਣਾਤਮਕਤਾ (ਕ੍ਰੀਏਟਿਵਿਟੀ) ਅਤੇ ਇਨੋਵੇਸ਼ਨ (ਖੋਜ ਬਿਰਤੀ) ਦੀ ਸਮਰੱਥਾ ਸਾਹਮਣੇ ਇਹ ਟੂਲ ਵੀ ਛੇਤੀ ਹੀ ਨਿਗੂਣੇ ਜਾਪਣ ਲੱਗ ਪੈਣਗੇ। ਅਸੀਂ ਉਸੇ ਦਿਸ਼ਾ ਵੱਲ ਚੱਲ ਰਹੇ ਹਾਂ। ਹੁਣ ਨਾਲੋਂ ਕਿਤੇ ਖੂਬਸੂਰਤ ਭਵਿਖ ਦੀ ਸਿਰਜਣਾ ਵੱਲ।