ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮਨੁੱਖੀ ਸ਼ਖਸੀਅਤ ਦੇ ਤਿੰਨ ਗਹਿਣਿਆਂ-ਇਤਬਾਰ, ਇੱਜਤ ਤੇ ਇਖਲਾਕ ਦੀ ਇਬਾਦਤ ਕੀਤੀ ਸੀ ਤੇ ਕਿਹਾ ਸੀ, “ਇਤਬਾਰ ਵਿਚੋਂ ਹੀ ਇੱਜਤ ਪਨਪਦੀ…ਇੱਜਤਦਾਰ ਲੋਕ ਹੀ ਇੱਜਤ ਦਾ ਮੁੱਲ ਜਾਣਦੇ। ਮਨੁੱਖ, ਸੁੱਖ-ਸਹੂਲਤਾਂ, ਰੁਤਬਾ, ਕੁਰਸੀ ਜਾਂ ਅਹੁਦਾ ਤਾਂ ਧਨ ਨਾਲ ਖਰੀਦ ਸਕਦਾ, ਪਰ ਇੱਜਤ, ਇਤਬਾਰ ਅਤੇ ਇਖਲਾਕ ਕਦੇ ਨਹੀਂ ਖਰੀਦਿਆ ਜਾ ਸਕਦਾ।”
ਹਥਲੇ ਲੇਖ ਵਿਚ ਉਨ੍ਹਾਂ ਗਲਤਫਹਿਮੀ ਦੀ ਵਿਆਖਿਆ ਕੀਤੀ ਹੈ ਕਿ ਕਿਵੇਂ ਇਹ ਸ਼ਖਸੀਅਤ ਵਿਚ ਵਿਗਾੜ ਪੈਦਾ ਕਰਦੀ ਹੈ। ਉਹ ਕਹਿੰਦੇ ਹਨ, “ਗਲਤਫਹਿਮੀ, ਕਿਸੇ ਨੂੰ ਧਨ ਦੀ, ਕਿਸੇ ਨੂੰ ਰੁਤਬੇ ਦੀ ਜਾਂ ਕਿਸੇ ਨੂੰ ਪਰਿਵਾਰਕ ਪਿਛੋਕੜ ਦੀ। ਕਿਸੇ ਨੂੰ ਜਾਤ ਦੀ, ਕਿਸੇ ਨੂੰ ਆਪਣੀ ਔਕਾਤ ਦੀ। ਕਿਸੇ ਨੂੰ ਪੜ੍ਹਾਈ, ਕਿਸੇ ਨੂੰ ਖੁਦਾਈ ਦੀ। ਕਿਸੇ ਨੂੰ ਰਾਜਸੀ ਧੌਂਸ ਦੀ, ਕਿਸੇ ਨੂੰ ਉਪਰ ਤੀਕ ਪਹੁੰਚ ਦੀ। ਕਿਸੇ ਨੂੰ ਦੌਲਤ ਦੀ, ਕਿਸੇ ਨੂੰ ਸ਼ੁਹਰਤ ਦੀ। ਪਰ ਇਹ ਗਲਤਫਹਿਮੀ ਪਲ ਭਰ ਵਿਚ ਦੂਰ ਹੋ ਜਾਂਦੀ, ਜਦ ਨਿੱਕੀ ਜਿਹੀ ਕੋਤਾਹੀ, ਕਮੀਨਗੀ, ਕਰੂਰਤਾ, ਕੋਹਝ, ਕੁੜਿੱਤਣ ਜਾਂ ਕੁਚੱਜ ਰੇਤ ਦੀਆਂ ਕੰਧਾਂ ਵਾਂਗ ਢਹਿ ਸਭ ਕੁਝ ਤਹਿਸ਼-ਨਹਿਸ਼ ਕਰ ਜਾਂਦੀ।” ਉਨ੍ਹਾਂ ਦੀ ਨਸੀਹਤ ਹੈ, “ਗਲਤਫਹਿਮੀ ਨਾ ਪਾਲੋ। ਕਦੇ ਗੰਧਲੇ ਪਾਣੀ ਨਾ ਹੰਘਾਲੋ। ਬੇਲੋੜੇ ਅਤੇ ਬੇਰੁੱਖੇ ਦੀ ਯਾਦ ‘ਚ ਦੀਦੇ ਨਾ ਗਾਲੋ। ਔਤਰ ਚੁੱਕੀ ਆਸ ਲਈ ਉਮੀਦਾਂ ਦੇ ਚਿਰਾਗ ਪਲਕਾਂ ‘ਚ ਨਾ ਬਾਲੋ। ਸਗੋਂ ਖੁਦ ਨੂੰ ਸੰਭਾਲੋ।” ਕਿਉਂਕਿ ਗਲਤਫਹਿਮੀ ਕਾਰਨ ਭਾਈਆਂ ਵਿਚ ਦੁਫਾੜ, ਮੀਆਂ-ਬੀਵੀ ਵਿਚ ਪਾੜ, ਯਾਰਾਂ ਵਿਚ ਰੱਫੜ, ਮਿੱਤਰ ਪਿਆਰਿਆਂ ਵਿਚ ਦੁਸ਼ਮਣੀ ਦਾ ਸੁਲਗਣਾ ਅਤੇ ਨਿੱਘੀਆਂ ਬੁੱਕਲਾਂ ਵਿਚ ਠੰਢ ਦਾ ਤਰੌਂਕਾ। -ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਗਲਤਫਹਿਮੀ, ਸ਼ਾਬਦਿਕ ਭੁੱਲਭੁਲਈਆਂ, ਅਰਥ-ਡੁੰਘਾਈ ਨੂੰ ਨਾਪਣ ਦੀ ਨਾਕਾਮੀ ਅਤੇ ਵਾਕ-ਬਣਤਰ ਦੀ ਉਲਝਣ ਤੇ ਤੱਥਾਂ ਦੀ ਹੇਰਾਫੇਰੀ ਵਿਚ ਖੁਦ ਨੂੰ ਭਟਕਾਉਣਾ।
ਗਲਤਫਹਿਮੀ, ਬੋਲਾਂ ਦੀ ਰੂਹ ਨੂੰ ਵਸਾਉਣ ਅਤੇ ਇਨ੍ਹਾਂ ਦੀ ਹਾਥ ਪਾਉਣ ‘ਚ ਨਾਕਾਮੀ, ਆਪਣੀ ਉਚਤਮਤਾ ਲਈ ਕਿਸੇ ਦੀ ਨਾਕਾਮੀ ਨੂੰ ਨਿਹਾਰਨ ਦੀ ਆਦਤ ਅਤੇ ਅੰਤਰੀਵ ਵਿਚਲਾ ਵਿਗਾੜ।
ਗਲਤਫਹਿਮੀ ਸਦਕਾ ਹੀ ਇਕ ਰਾਹ ਗੁਨਾਹ ਨੂੰ ਜਾਂਦਾ। ਗੁਨਾਹਾਂ ਦੀ ਦਲਦਲ ਵਿਚ ਖੁੱਭ ਕੇ ਇਨਸਾਨ ਆਪਣੀਆਂ ਰਾਹਾਂ ਤੋਂ ਬੇਪਛਾਣ ਹੋ, ਆਪਣੇ ਸਫਰ ਨੂੰ ਵੀ ਇਕ ਬਿੰਦੂ ‘ਤੇ ਕੇਂਦ੍ਰਿਤ ਕਰਦਾ।
ਗਲਤਫਹਿਮੀ ਨਾਲ ਇਕ ਰਾਹ ਗੁਰਬਤ ਵੰਨੀਂ ਮੁਹਾਰ ਮੋੜਦਾ, ਜਦ ਅਸੀਂ ਸਫਲਤਾ ਦੀਆਂ ਮੰਜ਼ਿਲਾਂ ਨੂੰ ਗਲਤਫਹਿਮੀ ਦਾ ਝੌਲਾ ਬਣਾ ਖੁਦ ਹੀ ਖੁਦ ਦੀ ਕਤਲਗਾਹ ਸਿਰਜ ਬਹਿੰਦੇ।
ਗਲਤਫਹਿਮੀ ਕਾਰਨ ਇਕ ਮਾਰਗ ਗਰੂਰ ਦਾ ਆਧਾਰ ਵੀ ਬਣਦਾ, ਜਦ ਹਉਮੈ ਗਲਤਫਹਿਮੀਆਂ ਦਾ ਅਡੰਬਰ ਬਣ, ਨਫਰਤ ਦਾ ਪਾਤਰ ਬਣ ਜਾਂਦੀ। ਗਲਤਫਹਿਮੀ ਕਰਕੇ ਰਿਸ਼ਤਿਆਂ ਵਿਚ ਤਰੇੜ, ਸਬੰਧਾਂ ਵਿਚ ਗੰਧਲਾਪਣ, ਆਪਸੀ ਇਕਸਾਰਤਾ ਵਿਚ ਅਸਾਵਾਂਪਣ, ਮਾਹੌਲ ਵਿਚ ਕੁੜਿੱਤਣ ਅਤੇ ਸੰਗਤ ਵਿਚ ਕੁਸੰਗਤ ਦਾ ਵਾਸ ਹੁੰਦਾ।
ਗਲਤਫਹਿਮੀ, ਬਹੁਤ ਸਾਰੇ ਲੜਾਈ-ਝਗੜੇ ਅਤੇ ਕਲੇਸ਼ ਦਾ ਕਾਰਨ। ਸੱਚ ਨੂੰ ਪੂਰੀ ਤਰ੍ਹਾਂ ਜਾਣੇ ਬਿਨਾ ਗਲਤਫਹਿਮੀ ਵਿਚ ਅਸੀਂ ਕਈ ਵਾਰ ਅਜਿਹਾ ਕਦਮ ਚੁੱਕਦੇ, ਜੋ ਸਦਾ ਰਸਾਤਲ ਵੱਲ ਜਾਂਦਾ।
ਗਲਤਫਹਿਮੀ ਕਾਰਨ ਜੰਗ, ਤਬਾਹੀ ਅਤੇ ਤ੍ਰਾਸਦੀ ਮਨੁੱਖਤਾ ਦੀ ਝੋਲੀ ਪੈਂਦੀ। ਇਸ ਤ੍ਰਾਸਦੀ ਵਿਚੋਂ ਉਭਰਨ ਲਈ ਕਈ ਸਦੀਆਂ ਲੱਗ ਜਾਂਦੀਆਂ।
ਕਈ ਵਾਰ ਮਨੁੱਖ ਕੁਦਰਤਨ ਹੀ ਗਲਤਫਹਿਮੀ ਦਾ ਸ਼ਿਕਾਰ ਹੁੰਦਾ। ਪਰ ਕਈ ਵਾਰ ਗਲਤਫਹਿਮੀ ਜਾਣ ਬੁਝ ਕੇ ਪੈਦਾ ਕੀਤੀ ਜਾਂਦੀ, ਤਾਂ ਕਿ ਕਿਸੇ ਦੀ ਤਰੱਕੀ ਜਾਂ ਆਨ-ਸ਼ਾਨ ਨੂੰ ਢਾਹ ਲਾਈ ਜਾ ਸਕੇ। ਨਿੱਜਪ੍ਰਸਤ ਲੋਕ ਦੂਸਰੇ ਨੂੰ ਹੀਣਾ ਸਾਬਤ ਕਰਨ ਲਈ ਕੋਝੀਆਂ ਚਾਲਾਂ ਚੱਲਦੇ, ਜਿਸ ਵਿਚ ਅਕਸਰ ਹੀ ਭੋਲੇ-ਭਾਲੇ ਲੋਕ ਫਸ ਕੇ ਮਾਨਸਿਕ ਬੇਚੈਨੀ, ਸਰੀਰਕ ਵਿਗਾੜ ਅਤੇ ਆਰਥਕ ਨੁਕਸਾਨ ਉਠਾਉਂਦੇ। ਕਿਸੇ ਦੇ ਨੁਕਸਾਨ ਵਿਚੋਂ ਹਾਸਲ ਭਾਲਣ ਵਾਲੇ ਲੋਕ, ਆਪਣੀ ਬਰਬਾਦੀ ਦਾ ਪੜੁੱਲ ਖੁਦ ਹੀ ਸਿਰਜ ਬਹਿੰਦੇ।
ਦੁਨੀਆਂ ਵਿਚ ਬਹੁਤ ਸਾਰੇ ਘਰੇਲੂ ਯੁੱਧ, ਸਿਸਟਮ ਜਾਂ ਸ਼ਾਸ਼ਕ ਪ੍ਰਤੀ ਗਲਤਫਹਿਮੀਆਂ ਨੂੰ ਆਧਾਰ ਬਣਾ ਕੇ ਹੋਏ। ਇਹ ਵਿਦੇਸ਼ੀ ਹਮਲੇ ਦਾ ਕਾਰਨ ਵੀ ਬਣੀਆਂ, ਜਿਸ ਨਾਲ ਸਾਮਰਾਜੀ ਤਾਕਤਾਂ ਨੇ ਇਸ ਨੂੰ ਤਬਾਹ ਹੋਈਆਂ ਸਲਤਨਤਾਂ ‘ਤੇ ਜਿੱਤ ਗਰਦਾਨਿਆ। ਪਰ ਲੋਕ ਹਾਰ ਜਾਂਦੇ ਅਤੇ ਨਾਲ ਹੀ ਹਾਰ ਜਾਂਦੀਆਂ ਮਨੁੱਖੀ ਕਦਰਾਂ ਕੀਮਤਾਂ। ਜ਼ਖਮੀ ਹੋਈ ਮਨੁੱਖਤਾ ਜ਼ਾਰੋਜ਼ਾਰ ਰੋਣ ਜੋਗੀ ਰਹਿ ਜਾਂਦੀ।
ਗਲਤਫਹਿਮੀ, ਗਰੂਰ ਦਾ ਲਿਬਾਸ ਜਦ ਪਾਵੇ ਤਾਂ ਆਪਣੇ ਜੜ੍ਹੀਂ ਤੇਲ ਦੇ ਜਾਵੇ। ਰੱਬੀ ਰੂਹਾਂ ਨੂੰ ਅੱਖਾਂ ਸਾਹਵੇਂ ਕੁਹਾਵੇ ਤੇ ਆਖਰ ਨੂੰ ਰਾਖ ਬਣ ਕੇ ਰਾਹਾਂ ਦੀ ਧੂੜ ਫੱਕਣ ਜੋਗੀ ਰਹਿ ਜਾਵੇ।
ਗਲਤਫਹਿਮੀ ਜਦ ਗਮ ਦਾ ਜ਼ਜ਼ੀਰਾ, ਪੀੜਾਂ ਦੀ ਪੂੰਜੀ, ਦਰਦ ਦਾ ਦਰਿਆ ਅਤੇ ਵੇਦਨਾ ਦਾ ਵੇਗ ਬਣ ਕੇ ਮਸਤਕ ਵਿਚ ਰੀਂਗਦੀ ਤਾਂ ਮਨੁੱਖਤਾ ਦੇ ਵਿਹੜੇ ਵਿਚ ਹੈਵਾਨੀਅਤ ਦਨਦਨਾਉਂਦੀ। ਗਲੀਆਂ ਵਿਚ ਗੂੰਜਦੀ ਹਾਕ ਦੇ ਗਲ ‘ਚ ਲੇਰ ਦਾ ਹਾਰ ਪਾਉਂਦੀ।
ਗਲਤਫਹਿਮੀ, ਮਰਨ ਰੁੱਤ ਦਾ ਆਗਾਜ਼, ਬੇਸੁਰਾ ਜੀਵਨ-ਸਾਜ਼, ਲੀਹੋਂ ਉਖੜਿਆ ਜਿਉਣ-ਅੰਦਾਜ਼ ਅਤੇ ਮਨ ਦਾ ਬੇ-ਸ਼ਗਨਾ ਰਾਜ਼।
ਗਲਤਫਹਿਮੀ, ਗਲੀਆਂ ਦਾ ਹੋਕਰਾ ਬਣ ਕੇ ਜਦ ਹਰ ਜ਼ੁਬਾਨ ‘ਤੇ ਆਵੇ ਤਾਂ ਇਹ ਸੱਚਾਈ ਦਾ ਮਖੌਟਾ ਪਾ, ਆਪਣੀ ਹੈਸੀਅਤ ਨੂੰ ਭੁੱਲ ਜਾਵੇ। ਫਿਰ ਖਾਰੇ ਪਾਣੀਆਂ ਦੀ ਅਉਧ, ਹਰ ਅੱਖ ਦੇ ਨਾਮ ਲਾਵੇ ਅਤੇ ਹੋਰਨਾਂ ਨੂੰ ਖੋਰਦਾ ਬੰਦਾ ਖੁਦ ਹੀ ਖੁਰ ਜਾਵੇ।
ਗਲਤਫਹਿਮੀ, ਕੁਝ ਲੋਕਾਂ ਦਾ ਸ਼ੂਗਲ, ਰੋਜ਼ੀ-ਰੋਟੀ ਦਾ ਹਰਬਾ, ਜੁਗਤਾਂ ਲਈ ਜੁਗਾੜ, ਮਨ ਦੀ ਮੂਕ-ਰਿਹਾੜ ਅਤੇ ਇਸ ਕਾਰਨ ਜੀਵਨ-ਲਰਜ਼ ਵਿਚ ਪੈਂਦਾ ਅਜਿਹਾ ਵਿਗਾੜ, ਕਿ ਜੀਵਨ ਹੋ ਜਾਂਦਾ ਨਿਰ-ਆਧਾਰ।
ਗਲਤਫਹਿਮੀ, ਮਾਸੂਮ ਲੋਕਾਂ ਤੋਂ ਕੋਹਾਂ ਦੂਰ, ਪਾਕ ਲੋਕਾਂ ਦੀ ਪਾਕੀਜ਼ਗੀ ਤੋਂ ਤ੍ਰਹਿੰਦੀ ਅਤੇ ਸਰਬੱਤ ਦਾ ਭਲਾ ਲੋਚਦੀ ਸੋਚ ‘ਚੋਂ ਮਨਫੀ।
ਗਲਤਫਹਿਮੀ ਚਾਪਲੂਸ ਲੋਕਾਂ ਦਾ ਖਾਜਾ, ਚਲਾਕ ਲੋਕਾਂ ਦੀ ਚਤੁਰਾਈ ਦਾ ਗੇੜ ਅਤੇ ਨਾਪਾਕ ਇਰਾਦਿਆਂ ਨੂੰ ਪੂਰੇ ਕਰਨ ਦਾ ਫਰੇਬ, ਮਨਹੂਸ ਸੋਚ ਦਾ ਪ੍ਰਗਟਾਅ ਅਤੇ ਕਮੀਨਗੀ ਦੀ ਪੀਲੱਤਣਾਂ ਭਰਪੂਰ ਅਦਾ।
ਗਲਤਫਹਿਮੀ, ਰਿਸ਼ਤਿਆਂ ਲਈ ਰਸਾਤਲ, ਮੋਹ-ਮੁਹੱਬਤ ਲਈ ਮੌਤ, ਸੁਘੜ-ਸਬੰਧਾਂ ‘ਚ ਸੇਹ ਦਾ ਤੱਕਲਾ ਅਤੇ ਉਮਰਾਂ ਵਰਗੀਆਂ ਯਾਰੀਆਂ ਲਈ ਯਮਰਾਜ਼ਤਾ।
ਗਲਤਫਹਿਮੀ ਦਾ ਸ਼ਿਕਾਰ ਅਕਸਰ ਹੀ ਲੋਕ ਹੋ ਜਾਂਦੇ, ਪਰ ਚੇਤੰਨ ਲੋਕ ਗਲਤਫਹਿਮੀ ਤੋਂ ਬਚ, ਇਸ ਦੀਆਂ ਮਾਰੂ ਨਜ਼ਰਾਂ ਤੋਂ ਉਪਰ ਉਠ, ਸੁਖਾਵੀਂ ਅਤੇ ਸੰਤੁਲਿਤ ਸੋਚ ਸੰਗ ਸਮਿਆਂ ਨੂੰ ਸੁੱਚੀ ਤਸ਼ਬੀਹ ਦਿੰਦੇ।
ਗਲਤਫਹਿਮੀ, ਕਿਸੇ ਨੂੰ ਧਨ ਦੀ, ਕਿਸੇ ਨੂੰ ਰੁਤਬੇ ਦੀ ਜਾਂ ਕਿਸੇ ਨੂੰ ਪਰਿਵਾਰਕ ਪਿਛੋਕੜ ਦੀ। ਕਿਸੇ ਨੂੰ ਜਾਤ ਦੀ, ਕਿਸੇ ਨੂੰ ਆਪਣੀ ਔਕਾਤ ਦੀ। ਕਿਸੇ ਨੂੰ ਪੜ੍ਹਾਈ, ਕਿਸੇ ਨੂੰ ਖੁਦਾਈ ਦੀ। ਕਿਸੇ ਨੂੰ ਰਾਜਸੀ ਧੌਂਸ ਦੀ, ਕਿਸੇ ਨੂੰ ਉਪਰ ਤੀਕ ਪਹੁੰਚ ਦੀ। ਕਿਸੇ ਨੂੰ ਦੌਲਤ ਦੀ, ਕਿਸੇ ਨੂੰ ਸ਼ੁਹਰਤ ਦੀ। ਪਰ ਇਹ ਗਲਤਫਹਿਮੀ ਪਲ ਭਰ ਵਿਚ ਦੂਰ ਹੋ ਜਾਂਦੀ, ਜਦ ਨਿੱਕੀ ਜਿਹੀ ਕੋਤਾਹੀ, ਕਮੀਨਗੀ, ਕਰੂਰਤਾ, ਕੋਹਝ, ਕੁੜਿੱਤਣ ਜਾਂ ਕੁਚੱਜ ਰੇਤ ਦੀਆਂ ਕੰਧਾਂ ਵਾਂਗ ਢਹਿ ਸਭ ਕੁਝ ਤਹਿਸ਼-ਨਹਿਸ਼ ਕਰ ਜਾਂਦੀ। ਮਨੁੱਖ ਨੂੰ ਆਪਣੀ ਅਸਲੀਅਤ ਦਾ ਪਤਾ ਲੱਗਦਾ।
ਗਲਤਫਹਿਮੀ ਵਿਚ ਕਈ ਰਾਜਿਆਂ ਨੇ ਰਾਜ ਗਵਾਏ। ਕਈ ਸਲਤਨਤਾਂ ਤਬਾਹ ਹੋਈਆਂ। ਕਈ ਪਰਿਵਾਰ ਉਜੜ ਗਏ ਅਤੇ ਕਈ ਪੀੜ੍ਹੀਆਂ ਤੀਕ ਚੱਲੀ ਦੁਸ਼ਮਣੀ ਨੇ ਮਨੁੱਖੀ ਸੋਚ ਨੂੰ ਕੰਗਾਲ ਕਰ ਅਤੇ ਜੰਗਾਲ ਲਾ ਦਿਤਾ।
ਗਲਤਫਹਿਮੀ ਦਾ ਸ਼ਿਕਾਰ ਨੇ ਅਦਬੀ ਲੋਕ, ਉਚਤਮ ਸਾਹਿਤਕਾਰ, ਧਾਰਮਕ ਰਹਿਬਰ, ਰਾਜਨੀਤਕ ਆਗੂ, ਵੱਡੇ ਅਫਸਰ ਅਤੇ ਸਮਾਜਕ ਧਰਾਤਲ ਦੇ ਹਰ ਪੌਡੇ ‘ਤੇ ਬੈਠੇ ਲੋਕ। ਜਰਾ ਕੁ ਤਿਲਕਣ ‘ਤੇ ਸਿਰਫ ਜਮੀਂ ਹੀ ਉਨ੍ਹਾਂ ਨੂੰ ਝੱਲਦੀ ਅਤੇ ਅੰਬਰਾਂ ਨੂੰ ਹੇਠਾਂ ਲਾਉਣ ਦੀ ਚਾਹਤ ਦਮ ਤੋੜ ਦਿੰਦੀ।
ਗਲਤਫਹਿਮੀ, ਕੁਝ ਕੁ ਸਮੇਂ ਲਈ ਕੁਝ ਖਾਸ ਹਾਲਤਾਂ ਵਿਚ ਸਹੀ ਹੁੰਦੀ। ਜਦ ਅਸੀਂ ਕਿਸੇ ਅਤਿ ਪਿਆਰੇ ਨੂੰ ਕੁਝ ਸਮੇਂ ਲਈ ਸਦਮੇ, ਘਾਟੇ ਜਾਂ ਅਣਹੋਣੀ ਬਾਰੇ ਟਾਲਦੇ ਹਾਂ ਤਾਂ ਕਿ ਉਹ ਮਾਨਸਿਕ ਤੌਰ ‘ਤੇ ਅਣਹੋਈ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਵੇ।
ਗਲਤਫਹਿਮੀ ਕਾਰਨ ਲੱਗ ਜਾਂਦੇ ਵਖਤਾਂ ਨਾਲ ਵਕਤਾਂ ਦੇ ਆਢੇ, ਪਰ ਕਰਦੇ ਨੇ ਜੋਰ ਦੇ ਮੁਕਾਬਲੇ ਜਦ ਲੇਖ ਡਾਢੇ ਤਾਂ ਵਫਾ ਹੋ ਜਾਂਦੇ ਜੀਵਨ ‘ਚ ਕੀਤੇ ਹੋਏ ਵਾਅਦੇ। ਪਰਾਏ ਵੀ ਕਹਿਣ ਲੱਗਦੇ ਨੇ ‘ਸਾਡੇ’ ਅਤੇ ਢੁੱਕਣ ਨੂੰ ਕਰਦੇ ਹਾਰਾਂ ਦੇ ਕਾਫਲੇ ਰਹਿ ਜਾਂਦੇ ਨੇ ਦੁਰਾਡੇ।
ਗਲਤਫਹਿਮੀ ਨਾ ਪਾਲੋ। ਕਦੇ ਗੰਧਲੇ ਪਾਣੀ ਨਾ ਹੰਘਾਲੋ। ਬੇਲੋੜੇ ਅਤੇ ਬੇਰੁੱਖੇ ਦੀ ਯਾਦ ‘ਚ ਦੀਦੇ ਨਾ ਗਾਲੋ। ਔਤਰ ਚੁੱਕੀ ਆਸ ਲਈ ਉਮੀਦਾਂ ਦੇ ਚਿਰਾਗ ਪਲਕਾਂ ‘ਚ ਨਾ ਬਾਲੋ। ਸਗੋਂ ਖੁਦ ਨੂੰ ਸੰਭਾਲੋ। ਖੁਦ ਵਿਚੋਂ ਖੁਦਦਾਰੀ ਨੂੰ ਕੱਦਾਵਰ ਬਣਾਓ, ਜੀਵਨ-ਧਾਰਾ ਨੂੰ ਨਵਾਂ ਵਹਾ ਤੇ ਅਦਾ ਮਿਲੇਗੀ।
ਗਲਤਫਹਿਮੀ ਭਰੀ ਗਤੀਸ਼ੀਲਤਾ ਵਿਚ ਗੁਨਾਹਾਂ, ਗਲਤੀਆਂ, ਗੁਮਾਨਾਂ, ਗੰਦਲੀ ਸੋਚ ਹੀਣਤਾ ਅਤੇ ਕੋਹਜ ਦਾ ਪਖੰਡ। ਇਸ ਦੀ ਜੱਦ ਵਿਚ ਆ ਕੇ ਹੋ ਜਾਂਦੀਆਂ ਨੇ ਸੁਹਾਗਣਾਂ ਵੀ ਰੰਡੀਆਂ। ਉਜੜੇ ਘਰਾਂ, ਤਿੜਕੇ ਤਸੱਵਰਾਂ ਅਤੇ ਤਰਸਮਈ ਤਦਬੀਰਾਂ ਨੂੰ ਤਕਦੀਰ ਬਣਨ ਲਈ ਅੱਕ ਚੱਬਣਾ ਪੈਂਦਾ। ਜੀਵਨ ਵਿਚ ਭਰ ਜਾਂਦੀ ਸਦੀਵੀ ਕੁਸੈਲਤਾ।
ਗਲਤਫਹਿਮੀ ਤੋਂ ਨਿਜ਼ਾਤ, ਗਰੂਰ ਨੂੰ ਗਰੀਬੀ, ਸ਼ੇਖਚਿੱਲੀ ਤੋਂ ਸਾਦਗੀ, ਬਤੰਗੜ ਤੋਂ ਬਾਤੀਸੀ, ਬਹਾਨਿਆਂ ਨੂੰ ਬਰਕਤਾਂ, ਬੇਕਦਰੀ ਨੂੰ ਬਖਸਿੰ.ਦਗੀ ਅਤੇ ਬੇਗਾਨਗੀ ਨੂੰ ਬਾਦਸ਼ਾਹਤ ਬਖਸ਼ਣ ਵੱਲ ਤੋਰਦੀ। ਉਸ ਵੇਲੇ ਗਲਤਫਹਿਮੀ ਉਪਜਣ ਦਾ ਵਿਚਾਰ ਵੀ ਖੁਦਕੁਸ਼ੀ ਕਰ ਲੈਂਦਾ।
ਗਲਤਫਹਿਮੀ ਕਾਰਨ ਭਾਈਆਂ ਵਿਚ ਦੁਫਾੜ, ਮੀਆਂ-ਬੀਵੀ ਵਿਚ ਪਾੜ, ਯਾਰਾਂ ਵਿਚ ਰੱਫੜ, ਮਿੱਤਰ ਪਿਆਰਿਆਂ ਵਿਚ ਦੁਸ਼ਮਣੀ ਦਾ ਸੁਲਗਣਾ ਅਤੇ ਨਿੱਘੀਆਂ ਬੁੱਕਲਾਂ ਵਿਚ ਠੰਢ ਦਾ ਤਰੌਂਕਾ।
ਗਲਤਫਹਿਮੀ ਕਰਕੇ ਹੀ ਚਾਵਾਂ ਨੂੰ ਲੱਗਦਾ ਗ੍ਰਹਿਣ, ਭਾਵਾਂ ਨੂੰ ਲੱਗਦੀ ਨਜ਼ਰ, ਸੂਹੀਆਂ ਸੱਧਰਾਂ ਦੀ ਡੋਲ ਜਾਂਦੀ ਡਗਰ ਅਤੇ ਸਮਿਆਂ ਦੀ ਬੀਹੀ ਵਿਚ ਡਿੱਗਦਾ ਛੱਜਰ।
ਗਲਤਫਹਿਮੀ ਵਿਚ ਬੰਦਾ ਗੁੰਮਦਾ ਤਾਂ ਰੋਵੇ ਚਾਅ ਦੀ ਲੋਰ, ਅੰਬਰ ਦੇ ਵਿਚ ਉਡਦੀ ਪਤੰਗ, ਕਟਵਾ ਬਹਿੰਦੀ ਡੋਰ। ਇਸ ਦੀ ਮਾਰ ਵਿਚ ਆਇਆ ਬੰਦਾ ਬੌਣੀ ਸੋਚ ਦਾ ਜਾਇਆ। ਸਾਰੀ ਉਮਰਾ ਰਹੇ ਗਵਾਉਂਦਾ, ਨਾ ਖੱਟਿਆ, ਨਾ ਪਾਇਆ। ਗਲਤਫਹਿਮੀ ‘ਚ ਉਜੜੇ ਘਰਾਂ ਦੀ ਥੇਹਾਂ ਜਿਹੀ ਨਿਸ਼ਾਨੀ। ਕੀ ਤੋਂ ਕੀ ਕਰਵਾ ਦਿੰਦੀ ਏ ਨਿੱਕੀ ਜਿਹੀ ਨਾਦਾਨੀ। ਗਲਤਫਹਿਮੀ ਦੇ ਜਖਮਾਂ ਨੂੰ ਨਹੀਂ ਲੱਗਦੀ ਕੋਈ ਦਵਾ। ਸੋਚ-ਸਮਝ ਦਾ ਫੇਹਾ ਧਰਿਆ, ਉਹੀਓ ਬਣੇ ਦੁਆ। ਹਰ ਪੱਖ ਨੂੰ ਗਹਿਰਾ ਵਿਚਾਰ ਕੇ ਬਣਦੀਆਂ ਰਾਹ ਤੋਂ ਪੈੜਾਂ। ਉਨ੍ਹਾਂ ਦੇ ਹਰ ਕਦਮ ਦੀ ਧੂੜ ਮਨਾਉਂਦੀ ਖੈਰਾਂ। ਗਲਤਫਹਿਮੀ ਦੀ ਗਹਿਰ ਗਵਾਚੇ, ਲੱਖ ਪੱਤਣਾਂ ਦੇ ਤਾਰੂ। ਖੁਦ ਹੀ ਆਪਣੀ ਸਲੀਬ ਬਣ ਗਿਆ, ਕੋਈ ਕੀ ਵਿਗਾੜੂ? ਗਲਤਫਹਿਮੀ ਨੂੰ ਮਨ ‘ਚੋਂ ਕੱਢ ਕੇ ਸੁਪਨੇ ਦੀ ਅੱਖ ਹੱਸੇ। ਤਦ ਸੰਦਲੀ ਰੰਗਾਂ ਇਕ ਸ਼ਗੂਫਾ, ਮਨ ਮੰਦਿਰ ਵਿਚ ਵੱਸੇ। ਦਿਲ ਨੂੰ ਕੋਲ ਬਹਾ ਕੇ, ਕੁਝ ਪੁਛੇ ਕੁਝ ਦੱਸੇ। ਉਹ ਤਾਅ ਉਮਰਾ ਹੀ, ਖੁਦ ਦੇ ਕੋਲ ਹੀ ਵੱਸੇ ਅਤੇ ਸਾਹ-ਸੰਗੀਤ ਦੀ ਤਾਜ਼ੀ ਧੁਨ ਨੂੰ, ਜ਼ਿੰਦ ਦੀ ਜੁਲਫੀਂ ਝੱਸੇ।
ਗਲਤਫਹਿਮੀ, ਕਹਿਣ ਤੇ ਸਮਝਣ ਵਿਚ ਅੰਤਰ, ਬੋਲਣ ਤੇ ਇਸ ਨੂੰ ਸੁਣਨ ਵਿਚ ਫਰਕ, ਪੜ੍ਹਨ ਤੇ ਇਸ ਦੇ ਅਰਥਾਂ ਤੀਕ ਪਹੁੰਚਣ ਵਿਚਲਾ ਫਾਸਲਾ ਅਤੇ ਖੁਦ ਦੇ ਮੁਖੌਟੇ ‘ਤੇ ਅਸਲੀਅਤ ਵਿਚਲੀ ਦੂਰੀ।
ਗਲਤਫਹਿਮੀ, ਕਈ ਵਾਰ ਅਜਾਈਂ ਹੀ ਪੈਦਾ ਕਰ ਦਿਤੀ ਜਾਂਦੀ। ਤੁਸੀਂ ਕਿੰਨੇ ਵੀ ਧਿਆਨ ਨਾਲ ਅਤੇ ਸੋਚ ਕੇ ਦਿਆਨਤਦਾਰੀ ਨਾਲ ਬੋਲੋ, ਚਾਲਬਾਜ਼ ਲੋਕ ਇਸ ਵਿਚੋਂ ਵੀ ਗਲਤਫਹਿਮੀ ਨੂੰ ਕਿਆਸਣ ਅਤੇ ਆਪਣੇ ਹੀ ਅਰਥ ਕੱਢਣ ਵਿਚ ਦੇਰ ਨਹੀਂ ਲਾਉਂਦੇ।
ਰਿਸ਼ਤਿਆਂ ਵਿਚ ਪੈਦਾ ਹੋਈ ਗਲਤਫਹਿਮੀ ਨੂੰ ਦੂਰ ਕਰਨ ਲਈ ਹਉਮੈ ਨੂੰ ਤਿਆਗੋ, ਨਾ ਕਿ ਰਿਸ਼ਤੇ ਦੀ ਪਾਕੀਜ਼ਗੀ ਅਤੇ ਇਸ ਦੀ ਸਥਿਰਤਾ ਨੂੰ ਪ੍ਰਸ਼ਨ ਹੀ ਬਣਾ ਦਿਓ।
ਗਲਤਫਹਿਮੀ, ਉਮਰ ਭਰ ਮਿਲ ਕੇ ਗੁਜਾਰੇ ਪਿਆਰੇ ਪਲਾਂ ਨੂੰ ਪਲ ਵਿਚ ਰਾਖ ਕਰ ਦਿੰਦੀ। ਮਨ ਦੀ ਮਿਠਾਸ ਵਿਚ ਕੁੜਿੱਤਣ ਭਰਦੀ ਅਤੇ ਅੰਮ੍ਰਿਤ ਰੂਪੀ ਸਾਂਝ ਵਿਚ ਜ਼ਹਿਰ ਭਰਦੀ। ਪਲ ਭਰ ਵਿਚ ਕੁਝ ਦਾ ਕੁਝ ਹੋ ਜਾਂਦਾ ਅਤੇ ਬੰਦਾ ਦੇਖਦਾ ਹੀ ਰਹਿ ਜਾਂਦਾ।
ਗਲਤਫਹਿਮੀ, ਵਿਚਾਰਾਂ ਦਾ ਤਕਰਾਰ, ਤਰਕਾਂ ਦੀ ਖਿਚੋਤਾਣ ਜਾਂ ਦਲੀਲਾਂ ਦੇ ਘੜਮੱਸ ਵਿਚ ਪੈਦਾ ਨਹੀਂ ਹੁੰਦੀ, ਪਰ ਜਦ ਬੇ-ਦਲੀਲ ਅਤੇ ਤਰਕਹੀਣਤਾ ਆਪਣੀ ਹੋਂਦ ਪ੍ਰਗਟਾਉਂਦੀ ਤਾਂ ਗਲਤਫਹਿਮੀ ਆਪਣਾ ਰੰਗ ਦਿਖਾਉਂਦੀ ਅਤੇ ਰੰਗ ‘ਚ ਭੰਗ ਪਾਉਂਦੀ।
ਗਲਤਫਹਿਮੀ ਕੁਝ ਲਈ ਗਨੀਮਤ ਵੀ ਤੇ ਗਲੀਜ਼ਤ ਵੀ, ਗਤੀ ਵੀ ਤੇ ਗੜਬੜੀ ਵੀ, ਗੈਰਤ ਵੀ ਤੇ ਗਰਕਣੀ ਵੀ, ਗਰੂਰ ਵੀ ਤੇ ਗੁੰਮਸ਼ੁਦਗੀ ਵੀ, ਗੀਤ ਵੀ ਤੇ ਗੁਹਾਰ ਵੀ, ਗੰਦਮੀ ਵੀ ਤੇ ਗੰਦਗੀ ਵੀ, ਗੁਮਾਨ ਵੀ ਅਤੇ ਗੁੰਮਨਾਮੀ ਵੀ, ਗੁਫਤਾਰ ਵੀ ਤੇ ਗੁੰਮਸੁੰਮਤਾ ਵੀ, ਗੁਲਜ਼ਾਰ ਵੀ ਤੇ ਗੁਲਖਾਰ ਵੀ, ਗੁਰਤਾ ਵੀ ਅਤੇ ਗੋਰਖਧੰਦਾ ਵੀ, ਗਮ ਵੀ ਤੇ ਗਰਦਿਸ਼ ਵੀ, ਗਹਿਰ ਵੀ ਤੇ ਗੁਬਾਰ ਵੀ, ਗੁਰਬਤ ਵੀ ਤੇ ਗਰੀਬੀ ਵੀ ਅਤੇ ਗੁਰਦੱਖਣਾ ਵੀ ਤੇ ਗੰਧਲਾਪਣ ਵੀ।
ਗਲਤਫਹਿਮੀ ਜਦ ਵੱਸ ਜਾਵੇ ਮਨ-ਵਿਹੜੇ ਤਾਂ ਪੈਦਾ ਹੁੰਦੇ ਝਗੜੇ-ਝੇੜੇ। ਵਕਤ ਦੇ ਪਿੰਡੇ ‘ਤੇ ਵਕਤਾਂ ਦੇ ਥਪੇੜੇ ਅਤੇ ਪਲ ਪਲ ਜ਼ਹਿਨੀਅਤ ਨੂੰ ਲਬੇੜੇ।
ਗਲਤਫਹਿਮੀ ਮਨ ਦੇ ਨਿਰਮਲ ਪਾਣੀਆਂ ‘ਚ ਗਾਰ, ਸਫਾਫ ਸੋਚ ਵਿਚ ਕੂੜ-ਪਾਸਾਰ, ਕਮੀਨਗੀ ਦੀ ਲਟਕਦੀ ਤਲਵਾਰ ਅਤੇ ਪੌਣ-ਪਾਕੀਜ਼ਗੀ ਵਿਚ ਬਦਬੂ-ਬੁਛਾਰ।
ਗਲਤਫਹਿਮੀ ਅਤੇ ਖੁਸ਼ਫਹਿਮੀ ਦੇ ਰਿਸ਼ਤੇ ਵਿਚ ਅਸਾਵਾਂਪਣ। ਇਕ ਦੂਜੇ ਤੋਂ ਬੇਗਾਨਗੀ ਅਤੇ ਫਾਸਲਾ। ਗਲਤਫਹਿਮੀ ਹਮੇਸ਼ਾ ਨਾਕਾਰਾਤਮਕ ਜਦ ਕਿ ਖੁਸ਼ਫਹਿਮੀ ਕੁਝ ਪਲ ਲਈ ਪੈਦਾ ਕਰਦੀ ਸੁਖਾਵੇਂਪਣ ਦਾ ਅਹਿਸਾਸ। ਗਲਤਫਹਿਮੀ ਪਾਲਣ ਵਾਲੇ ਕਾਲਖਾਂ ਦੇ ਵਣਜਾਰੇ ਜਦ ਕਿ ਖੁਸ਼ਫਹਿਮੀ ਵਾਲੇ ਮਨ ਪ੍ਰਚਾਉਣ ਲਈ ਨਰੋਇਆ ਭਰਮ-ਭੁਲੇਖਾ। ਨੰਨੇ-ਮੁੰਨੇ ਬੱਚਿਆਂ ਦੀ ਚੱਪਲ ਨਾਲ ਲਈ ਸੈਲਫੀ, ਇਕ ਖੁਸ਼ਫਹਿਮੀ। ਇਸ ਨਾਲ ਫੈਲਿਆ ਉਨ੍ਹਾਂ ਦੇ ਚਿਹਰੇ ‘ਤੇ ਨੂਰ ਅਤੇ ਡੁੱਲ ਡੁੱਲ ਪੈਂਦੀ ਮੁਸਕਰਾਹਟ। ਮਨਮੋਹਕ ਬਾਲਪਣ। ਚਾਵਾਂ ਦਾ ਭਰਮ। ਫੋਨ ਦੀ ਅਣਹੋਂਦ ਨੂੰ ਚੱਪਲ ਨਾਲ ਪੂਰਾ ਕਰਨ ਦੀ ਖੁਸ਼ਫਹਿਮੀ। ਉਨ੍ਹਾਂ ਨੂੰ ਕੋਈ ਗਲਤਫਹਿਮੀ ਨਹੀਂ, ਆਪਣੀ ਔਕਾਤ ਤੇ ਥੁੜਾਂ ਮਾਰੀ ਜ਼ਿੰਦਗੀ ਬਾਰੇ। ਇਸ ਖੁਸ਼ਫਹਿਮੀ ਵਿਚੋਂ ਪੈਦਾ ਹੋਈ ਆਤਮਿਕ ਖੁਸ਼ੀ, ਫੋਨਾਂ ਵਾਲਿਆਂ ਦੇ ਭਾਗਾਂ ਵਿਚ ਨਹੀਂ ਹੁੰਦੀ।
ਗਲਤਫਹਿਮੀ, ਖੁਸ਼ੀਆਂ ਤੇ ਖੇੜਿਆਂ ‘ਤੇ ਪੈਣ ਵਾਲੀ ਬਿੱਜ। ਅਛੋਪਲੇ ਜਿਹੇ ਤੁਹਾਡੀਆਂ ਗਿਣਤੀਆਂ-ਮਿਣਤੀਆਂ ਨੂੰ ਉਲਝਾਅ, ਜੀਵਨ ਵਿਚ ਉਲਝਣ ਪੈਦਾ ਕਰਦੀ।
ਗਲਤਫਹਿਮੀ, ਗੂੜ-ਗਿਆਨ ਤੋਂ ਕੋਰੀ, ਸੱਚ-ਸੰਵੇਦਨਾ ਤੋਂ ਵਿਰਵੀ, ਕਿਰਤ-ਬੰਦਨਾ ਤੋਂ ਬੇਦਾਵਾ, ਸੂਖਮ-ਸਬੰਧਾਂ ਤੋਂ ਤੌਬਾ ਅਤੇ ਸਹਿਜ-ਸੰਤੋਖ ਤੋਂ ਦੂਰੀ।
ਗਲਤਫਹਿਮੀ ਬੰਦ ਕਰਦੀ ਮਨ ਦੇ ਕਿਵਾੜ। ਪੈਦਾ ਕਰਦੀ ਸਮਾਜਕ ਵਿਗਾੜ। ਪੈਂਡਿਆਂ ‘ਚ ਉਗੇ ਦਰਦ-ਪਹਾੜ ਦੀ ਪੈਂਦੀ ਦਹਾੜ ਅਤੇ ਮਨ-ਬਗੀਚੀ ਵਿਚ ਪਸਰਦੀ ਉਜਾੜ।
ਰਿਸ਼ਤੇ ਨੂੰ ਖਤਮ ਕਰਨ ਵਿਚ ਜਿਥੇ ਹਉਮੈ, ਸ਼ੱਕ, ਧੋਖਾ, ਆਪਸੀ ਸੂਝ ਦੀ ਘਾਟ, ਸਹਿਨਸ਼ੀਲਤਾ ਦੀ ਅਣਹੋਂਦ ਅਤੇ ਹੋਈਆਂ ਗਲਤੀਆਂ ਨੂੰ ਚੇਤਾ ਕਰਵਾਉਣ ਆਦਿ ਕੁਝ ਕੁ ਕਾਰਨ ਹੁੰਦੇ, ਉਥੇ ਗਲਤਫਹਿਮੀ ਸਭ ਤੋਂ ਖਤਰਨਾਕ ਹੁੰਦੀ ਹੈ, ਸਬੰਧਾਂ ਵਿਚ ਸੋਕਾ ਪੈਦਾ ਕਰਨ ਲਈ।
ਗਲਤਫਹਿਮੀ ਦੀ ਦੂਰੀ ਪੈਣ ‘ਤੇ ਮਿੱਤਰ ਵੀ ਮਰਨ-ਮਾਰਨ ‘ਤੇ ਉਤਾਰੂ। ਯੁੱਗਾਂ ਵਰਗੀਆਂ ਯਾਰੀਆਂ ਵੀ ਜ਼ਰਜ਼ਰੀ ਹੋ ਜਾਂਦੀਆਂ। ਲੋੜ ਹੈ, ਇਸ ਦੂਰੀ ਨੂੰ ਮਿਟਾਓ, ਨਾ ਕਿ ਵਧਾਓ।
ਗਲਤਫਹਿਮੀ-ਰਹਿਤ ਰਿਸ਼ਤਿਆਂ ਨੂੰ ਕੋਈ ਵੀ ਨਾਮ ਦਿਓ, ਇਨ੍ਹਾਂ ਦਾ ਅੰਜ਼ਾਮ ਬਿਹਤਰੀਨ ਹੁੰਦਾ। ਜਦ ਮਨ ਵਿਚ ਕਿਸੇ ਰਿਸ਼ਤੇ ਨੂੰ ਨਿਭਾਉਣ ਦੀ ਭਾਵਨਾ ਪ੍ਰਬਲ ਹੋਵੇ ਤਾਂ ਪਾਕ-ਰਿਸ਼ਤਾ ਕਦੇ ਵੀ ਬਦਨਾਮ ਨਹੀਂ ਹੁੰਦਾ। ਗਲਤਫਹਿਮੀ ਤਾਂ ਪਾਕ-ਰਿਸ਼ਤਿਆਂ ਨੂੰ ਵੀ ਦਾਗੋ ਦਾਗ ਕਰ ਦਿੰਦੀ।
ਬੇਲੋੜੀਆਂ ਗਲਤਫਹਿਮੀਆਂ ਵਿਹਲੇ ਅਤੇ ਅਫਲਾਤੂਨ ਮਨ ਦੀ ਉਪਜ। ਮਨ ਦੀਆਂ ਵਸੀਹ ਪਰਤਾਂ ਅਤੇ ਉਹ ਇਨ੍ਹਾਂ ਪਰਤਾਂ ਨੂੰ ਗਲਤਫਹਿਮੀਆਂ ਨਾਲ ਰੰਗ ਕੇ, ਮਨ ਦੀ ਸੂਹੀ ਭਾਅ ਨੂੰ ਗੰਧਲੀ ਕਰਨ ਤੋਂ ਬਾਜ ਨਹੀਂ ਆਉਂਦੇ।
ਕਦੇ ਗਲਤਫਹਿਮੀ ਤੋਂ ਨਿਰਲੇਪ ਰਹਿ ਕੇ ਬੰਦਿਆਈ, ਬੰਦਗੀ ਅਤੇ ਬਿਹਤਰੀ ਦੇ ਮਾਰਗ ਨੂੰ ਅਪਨਾਉਣਾ, ਗਲਤਫਹਿਮੀ ਦੇ ਕੌੜੇ ਪੌਦੇ ਨੂੰ ਮਿੱਠੇ ਫਲਾਂ ਦੀ ਪਿਉਂਦ ਜਰੂਰ ਲੱਗ ਜਾਵੇਗੀ, ਜੋ ਤੁਹਾਡੀ ਜਿੰ.ਦਗੀ ਦੀ ਮਿਠਾਸ ਹੋਵੇਗੀ।