ਠਾਕਰ ਸਿੰਘ ਬਸਾਤੀ, ਸ਼ਿਕਾਗੋ
ਫੋਨ: 847-736-6092
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਅਗਲੇ ਦਿਨ ਫੈਸਲਾਬਾਦ ਤੋਂ ਨਨਕਾਣਾ ਸਾਹਿਬ ਲਈ ਚਾਲੇ ਪਾ ਦਿੱਤੇ। ਰਸਤੇ ਵਿਚ ਚੂਨੇ ਦੇ ਪਹਾੜ ਨਜ਼ਰ ਆਏ। ਪਾਕਿਸਤਾਨ ਤੋਂ ਚੂਨੇ ਤੇ ਸੀਮਿੰਟ ਦੀ ਸਪਲਾਈ ਬਹੁਤ ਜ਼ਿਆਦਾ ਹੈ। ਹਿਮਾਲਿਆ ਨਮਕ ਜਾਂ ਗੁਲਾਬੀ ਲੂਣ ਵੀ ਦੂਜੇ ਮੁਲਕਾਂ ਨੂੰ ਭੇਜਿਆ ਜਾਂਦਾ ਹੈ। ਰਸਤੇ ਵਿਚ ਪਿੰਡ ਕੱਲੜ, ਕਹਾਰ ਤੇ ਚਕਵਾਲ ਆਏ। ਨੇੜੇ ਹੀ ਪਿੰਡ ਗੁਲ ਮਿਆਲ ਸੀ। ਬਹਾਦਰੀ ਲਈ ਦਿੱਤੇ ਗਏ ਕੁੱਲ 14 ਵੀਰ ਚੱਕਰਾਂ ਵਿਚੋਂ 9 ਵੀਰ ਚੱਕਰ ਇਸੇ ਪਿੰਡ ਦੇ ਫੌਜੀਆਂ ਨੇ ਪ੍ਰਾਪਤ ਕੀਤੇ ਹਨ। ਇਨਾਮ ਵਿਚ ਰਾਣੀ ਦੀ ਭੇਟ ਕੀਤੀ ਤੋਪ ਅਜੇ ਵੀ ਮੌਜੂਦ ਹੈ। ਨਨਕਾਣਾ ਸਾਹਿਬ ਦਾ ਪਹਿਲਾ ਨਾਂ ਰਾਇ ਭੋਇ ਦੀ ਤਲਵੰਡੀ ਸੀ, ਪਰ ਬਾਬੇ ਨਾਨਕ ਦੇ ਨਾਂ ‘ਤੇ ਨਨਕਾਣਾ ਸਾਹਿਬ ਪੈ ਗਿਆ। ਜਿਥੇ ਸਾਰਾ ਸ਼ਹਿਰ ਵੱਸਿਆ ਹੋਇਆ ਹੈ, ਉਹ ਰਾਏ ਬੁਲਾਰ ਨੇ 1500 ਮੁਰੱਬੇ ਜਮੀਨ ‘ਚੋਂ 750 ਮੁਰੱਬੇ ਬਾਬੇ ਨਾਨਕ ਦੇ ਨਾਂ ਭੇਟ ਕਰ ਦਿੱਤੀ ਸੀ। ਰਾਏ ਬੁਲਾਰ ਨੂੰ ਗੁਰੂ ਜੀ ਦਾ ਤੀਜਾ ਸਿੱਖ ਮੰਨਿਆ ਜਾਂਦਾ ਹੈ, ਜਿਨ੍ਹਾਂ ਨੇ ਉਨ੍ਹਾਂ ਦਾ ਰੱਬੀ ਰੂਪ ਪਛਾਣਿਆ।
ਰਾਏ ਬੁਲਾਰ ਹਾਜੀ ਸੀ, ਪਰ ਗੁਰੂ ਜੀ ਦੀ ਸੰਗਤ ਬਾਅਦ ਉਹਨੇ ਮੱਕੇ ਜਾਣਾ ਛੱਡ ਦਿੱਤਾ। ਜਦੋਂ ਪੁੱਛਿਆ ਗਿਆ ਤਾਂ ਜਵਾਬ ਦਿੱਤਾ, “ਮੱਕਾ ਤਾਂ ਮੇਰੇ ਘਰ ਰੋਜ਼ ਆਉਂਦਾ ਹੈ।” ਰਾਏ ਬੁਲਾਰ ਦੇ ਔਲਾਦ ਨਹੀਂ ਸੀ, ਪਰ ਗੁਰੂ ਜੀ ਦੀ ਅਸੀਸ ਸਦਕਾ ਸੰਤਾਨ ਪੈਦਾ ਹੋਈ। ਉਨ੍ਹਾਂ ਦੇ 19ਵੇਂ ਵਾਰਿਸ ਨਾਲ ਅਚਾਨਕ ਮੁਲਾਕਾਤ ਹੋ ਗਈ, ਜੋ ਉਚਾ ਲੰਮਾ ਗੱਭਰੂ ਹੈ। ਉਸ ਨੇ ਸਾਨੂੰ ਖਾਣੇ ਦਾ ਵੀ ਸੱਦਾ ਦਿੱਤਾ ਪਰ ਸਿਕਿਓਰਿਟੀ ਵਾਲੇ ਸਾਨੂੰ ਇਜਾਜ਼ਤ ਨਹੀਂ ਸੀ ਦਿੰਦੇ। ਉਥੇ ਸਾਰਾ ਸ਼ਹਿਰ ਟਰੱਸਟ ਨੂੰ ਕਿਰਾਏ ਵਜੋਂ ਇਵਜ਼ਾਨਾ ਦਿੰਦਾ ਹੈ। ਹੁਣ 750 ਮੁਰੱਬਿਆਂ ਵਿਚੋਂ 650 ਟਰੱਸਟ ਕੋਲ ਹਨ। 100 ਮੁਰੱਬੇ ਲੋਕਾਂ ਨੇ ਦੱਬੇ ਹੋਏ ਹਨ। ਗੁਰਦੁਆਰਾ ਜਨਮ ਅਸਥਾਨ ਅੰਦਰ ਦਰਖਤ ਅਜੇ ਵੀ ਮੌਜੂਦ ਹੈ, ਜਿਥੇ ਭਾਈ ਲਛਮਣ ਸਿੰਘ ਤੇ 200 ਸਿੱਖਾਂ ਨੂੰ ਮਸੰਦਾਂ ਨੇ ਪੁੱਠੇ ਲਟਕਾ ਕੇ ਸ਼ਹੀਦ ਕੀਤਾ ਸੀ।
ਗੁਰਪੁਰਬ ਹੋਣ ਕਰਕੇ ਪੂਰਾ ਸ਼ਹਿਰ ਸਜਾਇਆ ਹੋਇਆ ਸੀ। ਮੁਫਤ ਮੈਡੀਕਲ ਕੈਂਪ ਚਲ ਰਹੇ ਸਨ। ਬਾਹਰੋਂ ਵੀ ਸੰਗਤ ਨੇ ਲੰਗਰ ਲਾਏ ਹੋਏ ਸਨ। ਸਰੋਵਰ ਵਿਚ ਜੂਸ ਦੇ ਖਾਲੀ ਡੱਬੇ, ਖਾਲੀ ਸੋਡੇ ਦੀਆਂ ਬੋਤਲਾਂ, ਚਿਪਸ ਦੇ ਲਿਫਾਫੇ ਤੈਰ ਰਹੇ ਸਨ। ਥਾਂ-ਥਾਂ ਤੰਬੂ ਲੱਗੇ ਸਨ।
ਨੇੜੇ ਹੀ ਗੁਰਦੁਆਰਾ ਪੱਟੀ ਸਾਹਿਬ ਹੈ, ਜਿਥੇ ਗੁਰੂ ਜੀ ਨੇ ਪਾਂਧੇ ਨੂੰ ਪੱਟੀ ਪੜ੍ਹਾਈ ਸੀ। ਗੁਰਦੁਆਰਾ ਬਾਲ ਲੀਲ੍ਹਾ ਵੀ ਨੇੜੇ ਹੀ ਹੈ, ਜਿਥੇ ਬਾਬਾ ਨਾਨਕ ਬਾਲਕਾਂ ਨਾਲ ਖੇਡਿਆ ਕਰਦੇ ਸਨ। ਗੁਰਦੁਆਰਾ ਕਿਆਰਾ ਸਾਹਿਬ ਹੈ, ਜਿਥੇ ਜਿਮੀਂਦਾਰ ਦੀ ਫਸਲਾਂ ਵਿਚ ਪਸੂ ਜਾ ਵੜੇ ਸਨ। ਜਿਸ ਦਰਖਤ ਹੇਠ ਬਾਬਾ ਜੀ ਸੌਂ ਗਏ ਸਨ, ਉਹ ਦਰਖਤ ਅਜੇ ਵੀ ਮੌਜੂਦ ਹੈ। ਲੋਕ ਟਾਹਣੀਆਂ ‘ਤੇ ਧਾਗੇ ਬੰਨ੍ਹ ਬੰਨ੍ਹ ਮੰਨਤਾਂ ਮੰਗਦੇ ਹਨ।
ਨੇੜੇ ਹੀ ਇਕ ਹੋਰ ਗੁਰਦੁਆਰਾ ਹੈ, ਜਿਥੇ ਪੰਜਵੇਂ ਪਾਤਿਸ਼ਾਹ ਠਹਿਰੇ ਸਨ ਤੇ ਛੇਵੇਂ ਪਾਤਿਸ਼ਾਹ ਨੇ ਦਰਖਤ ਨਾਲ ਘੋੜਾ ਬੰਨ੍ਹਿਆ ਸੀ। ਉਪਰਲੀ ਮੰਜ਼ਿਲ ‘ਤੇ ਸੁੱਕੇ ਦਰਖਤ ਦਾ ਇਕ ਹਿੱਸਾ ਰੱਖਿਆ ਹੋਇਆ ਹੈ। ਇਕ ਹੋਰ ਗੁਰਦੁਆਰਾ ਮਾਲ ਜੀ ਸਾਹਿਬ ਹੈ, ਜਿਥੇ ਗੁਰੂ ਸਾਹਿਬ ਦੇ ਨਾਂ ‘ਤੇ ਜਮੀਨ ਭੇਟ ਕੀਤੀ ਗਈ ਸੀ, ਜਿਸ ਕਰਕੇ ਅੱਜ ਵੀ ਰਾਏ ਬੁਲਾਰ ਦਾ ਨਾਂ ਜ਼ਿੰਦਾ ਹੈ। ਥੋੜ੍ਹੀ ਵਿੱਥ ‘ਤੇ ਗੁਰਦੁਆਰਾ ਤੰਬੂ ਸਾਹਿਬ ਹੈ, ਜਿਥੇ ਤੰਬੂ ਦੀ ਸ਼ਕਲ ਦਾ ਵਣ ਦਰਖਤ ਅਜੇ ਵੀ ਹਰਿਆ-ਭਰਿਆ ਖੜ੍ਹਾ ਹੈ। ਨਵੇਂ ਗੁਰੂਘਰ ਦੀ ਉਸਾਰੀ ਚਲ ਰਹੀ ਹੈ। ਨੇੜੇ ਦੋ-ਤਿੰਨ ਸਰਾਵਾਂ ਹਨ। ਕਈ ਲੋਕ ਟੈਂਟ ਲਾ ਕੇ ਰਾਤਾਂ ਕਟਦੇ ਹਨ। ਤੰਬੂ ਸਾਹਿਬ ਉਹ ਗੁਰਦੁਆਰਾ ਹੈ, ਜਿਥੇ ਬਾਬਾ ਜੀ ਸੱਚਾ ਸੌਦਾ ਕਰਨ ਤੋਂ ਬਾਅਦ ਆ ਕੇ ਠਹਿਰੇ ਸਨ ਤੇ ਘਰੇ ਜਾਣ ‘ਤੇ ਪਿਤਾ ਕਾਲੂ ਜੀ ਨੇ ਚਪੇੜ ਮਾਰੀ ਸੀ। ਲੋਕ ਅਕਸਰ ਵਣ ਥੱਲੇ ਤਸਵੀਰਾਂ ਖਿਚਵਾਉਂਦੇ ਹਨ। ਸਰਾਵਾਂ ‘ਤੇ ਖਾਲਿਸਤਾਨ ਅਤੇ 2020 ਰੈਫਰੈਂਡਮ ਦੇ ਸਾਈਨ ਲਟਕ ਰਹੇ ਸਨ। ਇਨ੍ਹਾਂ ਬਾਰੇ ਪਾਕਿਸਤਾਨੀ ਸਰਕਾਰ ਦਾ ਕਹਿਣਾ ਹੈ ਕਿ ਸਿੱਖਾਂ ਦਾ ਆਪਣਾ ਫੈਸਲਾ ਹੈ ਕਿ ਉਹ ਗੁਰਦੁਆਰਿਆਂ ਅੰਦਰ ਕੀ ਕਰਦੇ ਹਨ, ਸਰਕਾਰ ਦਖਲ ਨਹੀਂ ਦੇਵੇਗੀ।
ਤੰਬੂ ਸਾਹਿਬ ਥੋੜ੍ਹੀ ਵਿੱਥ ‘ਤੇ ਹੀ ਸੀ, ਇਸ ਕਰਕੇ ਆਟੋ ਕਰ ਲਏ। ਉਥੇ ਆਟੋ ਬੜੇ ਰੰਗੀਨ ਅਤੇ ਮਨਮੋਹਣੇ ਹਨ। ਮੋਟਰ ਸਾਈਕਲ ਦਾ ਪਿਛਲਾ ਪਾਸਾ ਕੱਟ ਕੇ ਆਟੋ ਬਣਾਏ ਹੋਏ ਹਨ। ਇਕ ਆਟੋ ਵਾਲਾ ਸਾਥੋਂ ਵਿਛੜ ਕੇ ਸ਼ਾਰਟਕੱਟ ਰਸਤਾ ਲੈ ਗਿਆ। ਅੱਗਿਓਂ ਸਿਕਿਓਰਿਟੀ ਵਾਲਿਆਂ ਰੋਕ ਕੇ ਖੂਬ ਝਾੜਝੰਬ ਕੀਤੀ। ਵਾਪਸੀ ਵੇਲੇ ਸਾਡੇ ਵਾਲੇ ਆਟੋਆਂ ਨੇ ਵੀ ਸ਼ਾਰਟਕੱਟ ਲੈ ਲਿਆ। ਫਿਰ ਤਾਂ ਪੰਜਾਬੀ ਕਮਾਂਡਰ ਨੇ ਸਾਰੇ ਚਾਲਕਾਂ ਨੂੰ ਲਾਈਨ ‘ਚ ਲਾ ਲਿਆ ਤੇ ਕਿਹਾ, “ਤੁਸੀਂ ਆਪਣੇ ਪੈਸੇ ਖਾਤਰ ਇਨ੍ਹਾਂ ਨੂੰ ਜੋਖਮ ਵਿਚ ਪਾਉਂਦੇ ਹੋ। ਕੋਈ ਵਾਰਦਾਤ ਹੋ ਗਈ ਤਾਂ ਇਨ੍ਹਾਂ ਦੀ ਹਿਫਾਜ਼ਤ ਲਈ ਕੌਣ ਜਿੰਮੇਵਾਰ ਹੋਵੇਗਾ?”
ਅਗਲੇ ਦਿਨ ਗੁਰਪੁਰਬ ਸੀ। ਅਸੀਂ ਫਿਰ ਪਰਤ ਕੇ ਨਨਕਾਣਾ ਸਾਹਿਬ ਪਹੁੰਚੇ। ਭਾਰੀ ਗਿਣਤੀ ਵਿਚ ਜਲੂਸ ਸਜਾਇਆ ਗਿਆ। ਜਿਥੋਂ-ਜਿਥੋਂ ਜਲੂਸ ਲੰਘਿਆ, ਹੇਠਾਂ ਲਾਲ ਦਰੀ ਵਿਛਾਈ ਹੋਈ ਸੀ, ਉਤੇ ਝੰਡੀਆਂ ਲਾਈਆਂ ਹੋਈਆਂ ਸਨ। ਬਾਜ਼ਾਰ ਮੁਕੰਮਲ ਬੰਦ ਸੀ। ਲੋਕ ਕਹਿ ਰਹੇ ਸਨ, “ਤੁਹਾਡੇ ਗੁਰਪੁਰਬ ਕਰਕੇ ਅਸੀਂ ਈਦ ਵੀ ਘੱਟ ਮਨਾਈ।” ਜਲੂਸ ਵਿਚ ਖਾਲਿਸਤਾਨ ਅਤੇ 2020 ਰੈਫਰੈਂਡਮ ਦੇ ਝੰਡੇ ਵੀ ਨਜ਼ਰ ਆਏ। ਸ਼ਰਧਾ ਵਾਲੇ ਘੱਟ ਸਨ ਪਰ ਭੀੜ ਬਹੁਤ ਸੀ। ਨੰਗੇ ਸਿਰ ਲੋਕ ਬਥੇਰੇ ਸਨ। ਢੋਲ ਵੱਜ ਰਿਹਾ ਸੀ ਅਤੇ ਭੰਗੜਾ ਪੈ ਰਿਹਾ ਸੀ। ਮਠਿਆਈਆਂ, ਜੂਸ ਵਰਤਾਇਆ ਜਾ ਰਿਹਾ ਸੀ। ਕੁਝ ਲੋਕ ਤਾਂ ਗੁਰਦੁਆਰੇ ਅੰਦਰ ਵੀ ਨੰਗੇ ਸਿਰ ਤੁਰੇ ਫਿਰਦੇ ਹਨ। ਨੌਜਵਾਨ ਜ਼ਰੂਰ ਪੂਰੀ ਸ਼ਰਧਾ ਨਾਲ ਸੇਵਾ ਕਰ ਰਹੇ ਸਨ। ਗੁਰੂਘਰਾਂ ਦੇ ਅੰਦਰ ਵੀ ਤੇ ਬਾਹਰ ਵੀ, ਖਾਸ ਤੌਰ ‘ਤੇ ਸਿੰਧੀ ਅਤੇ ਪੋਠੋਹਾਰੀ ਦਿੱਖ ਵੀ ਦੇਖਿਆਂ ਹੀ ਬਣਦੀ ਸੀ। ਬਜੁਰਗ 6-6 ਫੁੱਟ ਉਚੇ ਲੰਮੇ ਅਤੇ ਜਵਾਨ ਤੇ ਬੱਚੇ ਇਕਹਿਰੀ ਹੱਡੀ ਦੇ ਪਟਿਆਲਾ ਸ਼ਾਹੀ ਪੱਗ ਤੇ ਕਰੀਬ ਹਰ ਇਕ ਦੇ ਬਾਜ (ਪੱਗ ਸੰਵਾਰਨ ਲਈ) ਟੰਗਿਆ ਹੋਇਆ ਸੀ। ਰੰਗ-ਬਰੰਗੇ ਸਲਵਾਰ-ਕਮੀਜ਼ ਪਹਿਨੇ ਹੋਏ ਸਨ।
ਇਥੋਂ ਸਾਡੀ ਵਾਪਸੀ ਫੈਸਲਾਬਾਦ ਹੋਈ ਅਤੇ ਅਗਲੇ ਦਿਨ ਲਾਹੌਰ ਰਵਾਨਾ ਹੋ ਗਏ। ਸਲਾਹ ਬਣੀ ਕਿ ਥੋੜ੍ਹਾ ਵਲ ਪਾ ਕੇ ਭਗਤ ਸਿੰਘ ਦਾ ਜੱਦੀ ਪਿੰਡ ਬੰਗਾ ਵੀ ਦੇਖਿਆ ਜਾਵੇ। ਰਸਤੇ ਵਿਚ ਖੇਤਾਂ ਦਾ ਨਜ਼ਾਰਾ ਦੇਖਣ ਹੀ ਵਾਲਾ ਸੀ। ਲਗਦਾ ਸੀ ਕਿ ਸੰਗਰੂਰ, ਹੁਸ਼ਿਆਰਪੁਰ ਵਿਚ ਘੁੰਮ ਰਹੇ ਹਾਂ। ਖੇਤਾਂ ਵਿਚ ਸੁੱਕੀ ਪਾਈ ਮੱਕੀ, ਸਰੋਂ ਦੀਆਂ ਲਹਿਰਾਉਂਦੀਆਂ ਗੰਦਲਾਂ, ਗੰਨੇ ਦੇ ਹਰੇ-ਭਰੇ ਖੇਤ, ਖਤਾਨਾਂ ਵਿਚ ਕਿੱਕਰਾਂ ਹੀ ਕਿੱਕਰਾਂ। ਅਖੀਰ ਭਗਤ ਸਿੰਘ ਦੀ ਹਵੇਲੀ ਪਹੁੰਚ ਗਏ। ਸਾਡੇ ਮਗਰ ਕੈਨੇਡਾ ਤੋਂ ਆਈ ਸੰਗਤ ਦੀ ਬੱਸ ਵੀ ਸੀ। ਉਥੇ ਹਵੇਲੀ ਦੇ ਨਵੇਂ ਮਾਲਕ ਚੌਧਰੀ ਸਾਕਿਬ ਇਕਬਾਲ ਵਿਰਕ ਵੀ ਪਹੁੰਚੇ ਹੋਏ ਸਨ। ਗੇਟ ‘ਤੇ ਵੱਡਾ ਬੋਰਡ ਲੱਗਾ ਹੈ, ਸ਼ ਭਗਤ ਸਿੰਘ ਸੰਧੂ ਦੀ ਹਵੇਲੀ। ਅੰਦਰ ਦੋ ਬੈਠਕਾਂ ਹਨ, ਜਿਨ੍ਹਾਂ ਵਿਚ ਕ੍ਰਾਂਤੀਕਾਰੀਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ। ਮੰਜੇ ‘ਤੇ ਬੈਠੇ ਹਥਕੜੀਆਂ ਵਿਚ ਜੜੇ ਭਗਤ ਸਿੰਘ ਦੀ ਤਸਵੀਰ ਦੇਖੀ। ਭਗਤ ਸਿੰਘ ਦੇ ਹੱਥਾਂ ਦੀ ਲਾਈ ਬੇਰੀ ਬਾਕਾਇਦਾ ਮੌਜੂਦ ਹੈ। ਵਿਰਕ ਸਾਹਿਬ ਦਾ ਕਹਿਣਾ ਸੀ ਕਿ ਬੇਰੀ ਇਵੇਂ ਹੀ ਰਹੇਗੀ। ਨਾਲ ਚੁਲ੍ਹੇ ਦੀ ਚਾਹ ਲਈ ਵੱਖਰੀ ਥਾਂ ਹੈ। ਜਦੋਂ ਸਾਰੇ ਜਾਣ ਲੱਗੇ ਤਾਂ ਸਭ ਨੂੰ ਚੁਲ੍ਹੇ ‘ਤੇ ਬਣਾਈ ਚਾਹ ਪਿਲਾਈ ਗਈ। ਵਿਰਕ ਸਾਹਿਬ ਪਾਸੇ ਰਹਿੰਦੇ ਹਨ ਤੇ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਯਾਤਰੀ ਹਵੇਲੀ ਦੇਖਣ ਆ ਰਹੇ ਹਨ ਤਾਂ ਉਹ ਆਪ ਸਵਾਗਤ ਲਈ ਪਹੁੰਚਦੇ ਹਨ, ਕਈ ਵਾਰ ਦਿਨ ਵਿਚ ਚਾਰ-ਚਾਰ ਵਾਰੀ। ਪਿੰਡ ਵਾਲਿਆਂ ਨੇ ਸ਼ਿਕਵਾ ਕੀਤਾ ਕਿ ਭਾਵੇਂ ਇੰਨੇ ਲੋਕ ਇਥੇ ਆਉਂਦੇ ਹਨ ਤਾਂ ਵੀ ਸੜਕ ਦੀ ਹਾਲਤ ਖਸਤਾ ਹੈ ਅਤੇ ਰਾਤ ਨੂੰ 10 ਵਜੇ ਤੋਂ ਬਾਅਦ ਲੁੱਟਾਂ-ਖੋਹਾਂ ਹੁੰਦੀਆਂ ਹਨ। ਪੁਲਿਸ ਤੋਂ ਬਿਨਾ ਪਿੰਡ ਨਹੀਂ ਪਹੁੰਚਿਆ ਜਾ ਸਕਦਾ।
ਸਾਡਾ ਅਗਲਾ ਪੜਾਅ ਪਾਕਪਟਨ ਦਾ ਸੀ ਜਿਥੇ ਬਾਬਾ ਸ਼ੇਖ ਫਰੀਦ ਦੀ ਮਜ਼ਾਰ ‘ਤੇ ਅਸੀਂ ਚਾਦਰ ਚੜ੍ਹਾਈ। ਉਹ ਦਰਵਾਜਾ ਦੇਖਣ ਨੂੰ ਮਿਲਿਆ, ਜਿਥੇ ਪਾਕ ਨਬੀ ਆਪ ਬਾਬਾ ਸ਼ੇਖ ਫਰੀਦ ਨੂੰ ਲੈ ਕੇ ਆਏ। ਔਰਤਾਂ ਉਸ ਦਰਵਾਜੇ ਤੋਂ ਆ ਸਕਦੀਆਂ ਹਨ। ਇਥੇ ਪ੍ਰਸ਼ਾਦ ਲੂਣ ਦਾ ਵੰਡਿਆ ਜਾਂਦਾ ਹੈ। ਇਥੇ ਇਕ ਬਜੁਰਗ ਆਇਆ, ਜੋ ਪੁੱਛ ਰਿਹਾ ਸੀ ਕਿ ਕੋਈ ਫਿਰੋਜ਼ਪੁਰ ਤੋਂ ਹੈ? ਰਸਤੇ ਵਿਚ ਇਕ ਥਾਂ ਰੁਕੇ ਤਾਂ ਕੁਝ ਜਿਮੀਂਦਾਰ ਮੁੰਡੇ ਆ ਗਏ। ‘ਸਤਿ ਸ੍ਰੀ ਅਕਾਲ’ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸਿੱਖ ਆ ਕੇ ਰਹਿੰਦੇ ਹਨ। ਉਨ੍ਹਾਂ ਖੇਤਾਂ ਵਿਚੋਂ ਗੁੜ ਮੰਗਵਾ ਕੇ ਸਭ ਨੂੰ ਦਿੱਤਾ।
ਲਾਹੌਰ ਸਵੇਰੇ ਨਾਸ਼ਤਾ ਕੀਤਾ। ਨਾਸ਼ਤਾ ਕਮਾਲ ਦਾ ਸੀ। ਵੱਖ-ਵੱਖ ਤਰ੍ਹਾਂ ਦੇ ਖਾਣੇ। ਚਾਟੀ ਦੀ ਲੱਸੀ, ਨਮਕੀਨ ਤੇ ਮਿੱਠੀ ਵੀ। ਫਿਰ ਭਾਵੇਂ ਸਾਰਾ ਦਿਨ ਖਾਣਾ ਨਾ ਖਾਉ ਤਾਂ ਵੀ ਚਲ ਜਾਊ। ਗੁਰਦੁਆਰਾ ਸ਼ਹੀਦਗੰਜ ਨਤਮਸਤਕ ਹੋਏ, ਜਿਥੇ ਹਰ ਅੱਖ ਆਪ ਮੁਹਾਰੇ ਨਮ ਹੋ ਜਾਂਦੀ ਹੈ। ਇਹ ਉਹ ਸਥਾਨ ਹੈ, ਜਿਥੇ ਬੱਚਿਆਂ ਦੇ ਟੋਟੇ ਕਰ ਕੇ ਗਲਾਂ ਵਿਚ ਹਾਰ ਪਾਏ ਗਏ। ਨੇੜੇ ਖੂਹ ਹੈ, ਜਿਸ ਵਿਚ ਔਰਤਾਂ ਛਾਲਾਂ ਮਾਰ ਕੇ ਸ਼ਹੀਦ ਹੋਈਆਂ। ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਜਾਂਦੇ ਸਨ ਤੇ ਬਾਅਦ ਵਿਚ ਖੂਹ ਵਿਚ ਸੁੱਟ ਦਿੰਦੇ ਸਨ। ਥੱਲੇ ਇਕ ਤੰਗ ਕਮਰੇ ਵਿਚ ਚੱਕੀ ਹੈ, ਜਿੱਥੇ ਸਿੰਘਣੀਆਂ ਚੱਪਾ ਰੋਟੀ ਦੇ ਟੁਕੜੇ ਬਦਲੇ ਸਵਾ ਸਵਾ ਮਣ ਪੀਹਣਾ ਪੀਂਹਦੀਆਂ ਸਨ। ਉਹ ਛੋਟੇ-ਛੋਟੇ ਕਮਰੇ ਹਨ, ਜਿੱਥੇ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਨੇੜੇ ਹੀ ਉਹ ਥਾਂ ਹੈ, ਜਿਥੇ ਭਾਈ ਤਾਰੂ ਜੀ ਦੀ ਖੋਪਰੀ ਲਾਹੀ ਗਈ ਸੀ। ਸਾਹਮਣੇ ਵਜੀਦ ਖਾਨ ਦੀ ਮਜ਼ਾਰ ਹੈ, ਜੋ ਬਾਬਾ ਸ਼ੇਖ ਫਰੀਦ ਦਾ ਉਸਤਾਦ ਸੀ।
ਫਿਰ ਤੰਗ ਗਲੀਆਂ ਵਿਚੋਂ ਹੋ ਕੇ ਚੂਨਾ ਮੰਡੀ ਵਿਚ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਦੇਖਿਆ, ਜਿਥੇ ਕਾਰ ਸੇਵਾ ਚਲ ਰਹੀ ਸੀ। ਇਥੇ ਗੁਰੂ ਸਾਹਿਬ ਦੇ ਘਰ ਦੀਆਂ ਕੁਝ ਇੱਟਾਂ ਸਾਂਭ ਕੇ ਰੱਖੀਆਂ ਗਈਆਂ ਹਨ। ਜਿਥੇ ਗੁਰੂ ਸਾਹਿਬ ਨੂੰ ਪਹਿਲਾਂ ਇਸ਼ਨਾਨ ਕਰਵਾਇਆ ਗਿਆ ਸੀ, ਉਹ ਚੁਬੱਚਾ ਮੌਜੂਦ ਹੈ, ਭਾਵੇਂ ਹੁਣ ਸੰਗਮਰਮਰ ‘ਚ ਲਪੇਟਿਆ ਹੋਇਆ ਹੈ। ਇਹ ਥਾਂ ਚੂਨਾ ਮੰਡੀ ਵਿਚ ਹੈ, ਜਿਸ ਦਾ ਅਸਲੀ ਨਾਂ ਚੂੰਨੀ ਮੰਡੀ ਸੀ, ਕਿਉਂਕਿ ਇਹ ਸ਼ਾਹੀ ਇਲਾਕਾ ਸੀ, ਜਿਥੇ ਹੀਰੇ-ਮੋਤੀਆਂ ਦੀ ਮੀਨਾਕਾਰੀ ਕੀਤੀ ਜਾਂਦੀ ਸੀ। ਇਥੇ ਬਹੁਤੇ ਲੋਕ ਸ਼ਾਪਿੰਗ ਕਰਨ ਵੀ ਜਾਂਦੇ ਹਨ। ਪਾਕਿਸਤਾਨ ਦਾ ਕੱਪੜਾ, ਖਾਸ ਤੌਰ ‘ਤੇ ਸੂਟ-ਦੁਪੱਟੇ, ਸਲਵਾਰ-ਕਮੀਜ਼ ਬਹੁਤ ਆਲ੍ਹਾ ਕਿਸਮ ਦੇ ਹਨ।
ਉਥੋਂ ਮਸ਼ਹੂਰ ਮੰਡੀ ਅਨਾਰਕਲੀ ਗਏ। ਦੁਕਾਨਦਾਰਾਂ ਦਾ ਪਿਆਰ ਸਤਿਕਾਰ ਦੇਖਿਆਂ ਹੀ ਬਣਦਾ ਸੀ। ਸਿੱਖਾਂ ਦਾ ਬੜਾ ਮਾਣ ਸਤਿਕਾਰ ਹੁੰਦਾ ਹੈ। ਦੁਕਾਨਾਂ ‘ਤੇ ਭਾਅ ਵੀ ਸਸਤਾ ਮਿਲਦਾ ਹੈ। ਅਸੀਂ ਏæ ਟੀæ ਐਮæ ਤੋਂ ਪੈਸੇ ਕਢਵਾਉਣ ਗਏ ਪਰ ਏæ ਟੀæ ਐਮæ ਚਲੇ ਨਾ। ਸ਼ਾਇਦ ਕੋਈ ਸਾਈਬਰ ਘਟਨਾ ਹੋ ਗਈ ਸੀ ਅਤੇ ਏæ ਟੀæ ਐਮæ ਜਾਮ ਕਰ ਦਿੱਤੇ ਗਏ ਸਨ। ਵਾਪਸ ਆ ਰਹੇ ਸਾਂ ਤਾਂ ਜੂਸ ਵਾਲੇ ਕੋਲ ਕਾਰ ਵਿਚ ਬੈਠੇ ਪਰਿਵਾਰ ਕੋਲੋਂ ਮੈਂ ਤੇ ਮੇਰੀ ਪਤਨੀ ਕੋਲੋਂ ਲੰਘਣ ਲੱਗੇ ਤਾਂ ਉਹ ਜੂਸ ਵਾਲੇ ਨੂੰ ਕਹਿੰਦੇ, “ਇਹ ਜੂਸ ਸਰਦਾਰ ਹੋਰਾਂ ਨੂੰ ਦਿਉ।” ਨਾਂਹ ਕਰਨ ‘ਤੇ ਵੀ ਪੀਣਾ ਪਿਆ। ਸਤਿ ਸ੍ਰੀ ਅਕਾਲ, ਸਲਾਮਾਂ ਹੋਈਆਂ, ਜੱਫੀਆਂ ਪਈਆਂ। ਸਾਡਾ ਇਕ ਲਿਫਾਫਾ ਦੁਕਾਨ ‘ਤੇ ਰਹਿ ਗਿਆ ਸੀ। ਪਿੱਛੇ ਪਿੱਛੇ ਆ ਕੇ ਦੁਕਾਨਦਾਰ ਨੇ ਲਿਫਾਫਾ ਸਾਡੇ ਸਾਥੀਆਂ ਨੂੰ ਫੜਾਇਆ ਅਤੇ ਤਾਕੀਦ ਕੀਤੀ ਕਿ ਜ਼ਰੂਰ ਪਹੁੰਚਾ ਦੇਣਾ।
ਲਿਬਰਟੀ ਮਾਲ ਸਾਡੇ ਹੋਟਲ ਦੇ ਸਾਹਮਣੇ ਸੀ। ਬੀਬੀਆਂ ਸ਼ਾਪਿੰਗ ਕਰਨ ਚਲੀਆਂ ਗਈਆਂ। ਅੱਗੇ ਜਾ ਕੇ ਦੁਪੱਟਾ ਬਾਜ਼ਾਰ ਹੈ। ਲਿਬਰਟੀ ਚੰਡੀਗੜ੍ਹ ਦੇ ਸੈਕਟਰ 17 ਵਾਂਗ ਹੈ। ਇਕੱਲਾ ਸੀ, ਮੈਂ ਵੀ ਸੋਚਿਆ ਕਿ ਲਿਬਰਟੀ ਦੇਖ ਆਵਾਂ। ਉਥੇ ਰਾਤ ਦੇ 11-12 ਵਜੇ ਤਕ ਔਰਤਾਂ ਇਕੱਲੀਆਂ ਸ਼ਾਪਿੰਗ ਕਰਦੀਆਂ ਰਹਿੰਦੀਆਂ ਹਨ। ਫਿਰ ਮਨ ਵਿਚ ਆਇਆ, ਵੱਡੇ ਹੋਟਲਾਂ ‘ਚ ਤਾਂ ਖਾਣੇ ਬਹੁਤ ਖਾਧੇ, ਰੇਹੜੀ ਦਾ ਰੰਗ ਵੀ ਦੇਖੀਏ। ਘੁੰਮਦਾ ਘੁੰਮਦਾ ਇਕ ਰੇਹੜੀ ‘ਤੇ ਗਿਆ, ਜਿਥੇ ਬੰਦਾ ਕੁਝ ਤਲ ਰਿਹਾ ਸੀ। ਪੁਛਿਆ ਤਾਂ ਕਹਿੰਦਾ, “ਜੀ ਪਿੱਠੀ ਟਿੱਕੀ ਹੈ। ਛੋਲਿਆਂ ਦੀ ਦਾਲ ਨੂੰ ਤਲ ਕੇ ਬਣਦੀ ਹੈ, ਆਲੂ ਦੀ ਟਿੱਕੀ ਵਾਂਗ।”
ਮੈਂ ਪਲੇਟ ਆਰਡਰ ਕੀਤੀ ਅਤੇ ਨਾਲ ਇਕ ਪਲੇਟ ਲਿਜਾਣ ਲਈ ਕਹਿ ਦਿੱਤਾ। ਇੰਨੇ ਨੂੰ ਇਕ ਭਾਈ ਸਾਹਿਬ ਨੇ ਆ ਕੇ ਅੱਠ ਪਲੇਟਾਂ ਆਰਡਰ ਕਰ ਦਿੱਤੀਆਂ ਤੇ ਨਾਲ ਕਹਿ ਦਿੱਤਾ ਕਿ ਸਰਦਾਰ ਸਾਹਿਬ ਤੋਂ ਪੈਸੇ ਨਹੀਂ ਲੈਣੇ। ਇਕ ਪਲੇਟ ਇਨ੍ਹਾਂ ਨੂੰ ਲਿਜਾਣ ਲਈ ਦੇ ਦੇਣਾ। ਜੱਫੀ ਪਾਈ, ਸ਼ੁਕਰੀਆ ਕੀਤਾ। ਥੋੜ੍ਹਾ ਅੱਗੇ ਗਿਆ ਤਾਂ ਇਕ ਜਨਾਬ ਨੇ ‘ਸਤਿ ਸ੍ਰੀ ਅਕਾਲ’ ਕੀਤੀ। ਕਹਿੰਦਾ, “ਇਸ ਮੁੰਡੇ ਦੀ ਚਾਹ ਜ਼ਰੂਰ ਪੀ ਕੇ ਜਾਇਉ, ਸਪੈਸ਼ਲ ਹੈ।” ਉਹ ਅਮਰੀਕਾ ਵਿਚ ਇੰਡੀਅਨ-ਪਾਕਿਸਤਾਨੀ ਪੰਜਾਬੀਆਂ ਦਾ ਪਿਆਰ ਦੇਖ ਚੁਕਾ ਸੀ। ਚਾਹ ਪੀਤੀ ਤਾਂ ਕਸ਼ਮੀਰ ਦੀ ਚਾਹ ਵਰਗੀ ਸੀ। ਬਦਾਮ ਜਾਫਰਾਨ ਦਾ ਸੁਆਦ ਸੀ। ਪੈਸੇ ਦੇਣ ਲੱਗਾ ਤਾਂ ਕਹਿੰਦਾ, “ਨਹੀਂ ਜੀ, ਪੈਸੇ ਤਾਂ ਉਹ ਦੇ ਗਏ।”
ਟ੍ਰਿਪ ਦੀ ਆਖਰੀ ਰਾਤ ਹੋਣ ਕਰਕੇ ਸ਼ਾਮ ਦਾ ਖਾਣਾ ਸਪੈਸ਼ਲ ਸੀ। ਇਹ ਸਦੀ ਪੁਰਾਣੀ ਹਵੇਲੀ ਵਿਚ ਸੀ, ਜੋ ਚਾਰ ਮੰਜ਼ਿਲੀ ਹੈ ਤੇ ਜੈਪੁਰ ਦੀ ਯਾਦ ਦਿਵਾਉਂਦੀ ਹੈ। ਰੰਗ-ਬਰੰਗੀਆਂ ਰੌਸ਼ਨੀਆਂ, ਹੇਠਲੀ ਮੰਜ਼ਿਲ ‘ਤੇ ਛੋਟੇ ਛੋਟੇ ਬੂਥ। ਕਿਤੇ ਖਾਣਾ, ਕਿਤੇ ਵੰਗਾਂ, ਕਿਤੇ ਤਸਵੀਰਾਂ। ਉਥੇ ਜਾਣ ਲਈ ਪੁਰਾਣੀ ਲਿਫਟ ਸੀ, ਜਿਸ ਵਿਚ ਸਿਰਫ 4-5 ਬੰਦੇ ਹੀ ਜਾ ਸਕਦੇ ਸਨ। ਪੱਥਰ ਦੀਆਂ ਭੀੜੀਆਂ ਪੌੜੀਆਂ ਸਨ। ਸਾਡੇ ਖਾਣੇ ਦਾ ਇੰਤਜ਼ਾਮ ਉਥੇ ਖੁੱਲ੍ਹੇ ਟੈਰੇਸ ‘ਤੇ ਸੀ, ਜਿਥੇ ਮੱਧਮ ਰੰਗ-ਬਰੰਗੀਆਂ ਲਾਈਟਾਂ ਵਿਚ ਖਾਣਾ ਵਰਤਾਇਆ ਜਾ ਰਿਹਾ ਸੀ। ਗਾਉਣ ਵਾਲਾ ਆਪਣੀ ਪਸੰਦ ਦੇ ਗੀਤ ਵੀ ਗਾ ਰਿਹਾ ਸੀ ਅਤੇ ਫਰਮਾਇਸ਼ਾਂ ਵੀ ਭੁਗਤਾ ਰਿਹਾ ਸੀ। ਆਲੇ-ਦੁਆਲੇ ਦਾ ਅਲੌਕਿਕ ਨਜ਼ਾਰਾ ਸੀ। ਇਕ ਪਾਸੇ ਸ਼ਾਹੀ ਮਸਜਿਦ ਦੀਆਂ ਦਿਲ ਖਿਚਵੀਂਆਂ ਰੋਸ਼ਨੀਆਂ ਸਨ ਅਤੇ ਸਾਹਮਣੇ ਗੁਰਦੁਆਰਾ ਡੇਰਾ ਸਾਹਿਬ ਦੀ ਸੀਨੇ ਠੰਢ ਪਾਉਂਦੀ ਰੋਸ਼ਨੀ ਸੀ। ਮਹਾਰਾਜਾ ਰਣਜੀਤ ਸਿੰਘ ਦਾ ਸ਼ਾਹੀ ਕਿਲ੍ਹਾ। ਮਾਹੌਲ ਚੜ੍ਹਦੇ ਪੰਜਾਬ ਦੀਆਂ ਸਾਰੀਆਂ ਹਵੇਲੀਆਂ ਨੂੰ ਮਾਤ ਪਾਉਂਦਾ ਸੀ। ਇਸ ਹਵੇਲੀ ਨੂੰ ਵਰਲਡ ਹੈਰੀਟੇਜ ਦਾ ਰੁਤਬਾ ਮਿਲ ਚੁਕਾ ਹੈ। ਪੰਜਾਬੀਅਤ ਦਾ ਮਾਣ ਸਾਂਭਿਆ ਹੋਇਆ ਹੈ।
ਸਵੇਰੇ ਜ਼ਬਰਦਸਤ ਨਾਸ਼ਤੇ ਤੋਂ ਬਾਅਦ ਵਿਦਾਇਗੀ ਸੀ। ਜੁਦਾ ਹੋਣ ਨੂੰ ਦਿਲ ਤਾਂ ਨਹੀਂ ਸੀ ਕਰਦਾ ਪਰ ਅਗਲੀ ਮੰਜ਼ਿਲ ਨਜ਼ਰ ਆਉਂਦੀ ਸੀ। ਕੁਝ ਲੋਕ ਵੱਖ-ਵੱਖ ਸਮੇਂ ਫਲਾਈਟਾਂ ਲੈ ਕੇ ਚਲੇ ਗਏ। ਕੁਝ ਵਾਹਗਾ ਬਾਰਡਰ ਲਈ ਵੈਨਾਂ ‘ਚ ਬੈਠ ਗਏ। ਵੱਖ ਹੋਣ ਲੱਗਿਆਂ ਵਾਰ-ਵਾਰ ‘ਸਤਿ ਸ੍ਰੀ ਅਕਾਲ’, ‘ਸਲਾਮ’, ‘ਧੰਨਵਾਦ’, ‘ਫਿਰ ਆਇਓ’ ਦੁਹਰਾਇਆ ਜਾ ਰਿਹਾ ਸੀ। ਹਰ ਇਕ ਦੇ ਮੂੰਹੋਂ ਇਹੀ ਨਿਕਲ ਰਿਹਾ ਸੀ, “ਜ਼ਰੂਰ ਆਵਾਂਗੇ।” ਵੈਸੇ ਵੀ ਅਸੀਂ ਸ਼ਿਕਾਗੋ 10 ਕੁ ਸਾਲ ਪਹਿਲਾਂ ਪਾਕਿਸਤਾਨ ਦੇ ਇਕ ਐਮæ ਪੀæ ਨੂੰ ਡਿਨਰ ਦਿਤਾ ਸੀ, ਉਦੋਂ ਉਸ ਨੇ ਕਿਹਾ ਸੀ, “ਸਰਦਾਰਾਂ ਨੂੰ ਪਾਕਿਸਤਾਨ ਆਉਣ ਤੋਂ ਕੌਣ ਰੋਕ ਸਕਦਾ ਹੈ!” ਤੇ ਇਹ ਅਹਿਸਾਸ ਉਥੇ ਜਾ ਕੇ ਦੁਹਰਾਇਆ ਗਿਆ।
ਵਾਹਗਾ ਬਾਰਡਰ ‘ਤੇ ਵੈਨਾਂ ਅਤੇ ਬੱਘੀ ਰਾਹੀਂ ਪੁੱਜੇ। ਉਥੇ ਪਹਿਲਾਂ ਪਾਕਿਸਤਾਨੀ ਕਸਟਮ ਵਾਲਿਆਂ ਬਿਨਾ ਰੋਕ ਟੋਕ ਲੰਘਣ ਦਿੱਤਾ, ਪਰ ਜੋ ਕੁਝ ਇਮੀਗਰੇਸ਼ਨ ‘ਤੇ ਹੋਇਆ, ਬਹੁਤ ਸ਼ਰਮਨਾਕ ਸੀ। ਪਾਕਿਸਤਾਨੀਆਂ ਨੇ ਗਲਤੀ ਕੀਤੀ ਕਿ ਯਾਤਰੂਆਂ ਦੀ ਲਾਈਨ ਨਹੀਂ ਬਣਵਾਈ। ਸੋ ਜਥੇ ਨੇ ਇਮੀਗਰੇਸ਼ਨ ਕਾਊਂਟਰ ‘ਤੇ ਧਾਵਾ ਬੋਲ ਦਿੱਤਾ। ਉਥੇ ਦੋ ਲੜਕੀਆਂ ਡਿਊਟੀ ‘ਤੇ ਸਨ ਤੇ 15-20 ਯਾਤਰੂ ਇਕ ਦੂਜੇ ਤੋਂ ਅੱਗੇ ਹੋ ਕੇ ਮੋਹਰ ਲਵਾਉਣੀ ਚਾਹੁੰਦੇ ਸਨ। ਫਿਰ ਕੀ ਸੀ- ਧੱਕਾ ਮੁੱਕੀ, ਗਾਲੀ-ਗਲੋਚ, ਤੂੰ-ਤੂੰ, ਮੈਂ-ਮੈਂ ਸ਼ੁਰੂ ਹੋ ਗਈ। ਅਸੀਂ ਹੱਕੇ ਬੱਕੇ ਰਹਿ ਗਏ।
ਜਥੇ ਵਿਚ ਸਾਰੇ ਅਮਰੀਕਨ-ਕੈਨੇਡੀਅਨ ਸਨ। ਇਕ ਕੈਨੇਡੀਅਨ ਕੁੜੀ ਨੇ ਬਹੁਤ ਅਰਜੋਈ ਕੀਤੀ ਕਿ ਸਿੱਖੀ ਦਾ ਜਲੂਸ ਨਾ ਕੱਢੋ, ਲਾਈਨਾਂ ਬਣਾ ਲਓ, ਸਭ ਦੀ ਵਾਰੀ ਆਏਗੀ, ਪਰ ਕਿੱਥੇ! ਲਗਦਾ ਸੀ, ਇਹ ਲੋਕ ਕਬਜ਼ਾ ਲੈਣ ਆਏ ਹਨ। ਥੋੜ੍ਹੀ ਵਾਲ-ਪੁਟਾਈ ਤੇ ਕੂਹਣੀ-ਖਹਿਬੜਬਾਜ਼ੀ ਵੀ ਹੋਈ। ਇਕ ਅਫਸਰ ਨੂੰ ਤਾਂ ਕੁਰਸੀ ਛੱਡ ਕੇ ਆਉਣਾ ਪਿਆ। ਫਿਰ ਪਾਕਿਸਤਾਨੀ ਪੁਲਿਸ ਵੀ ਹਰਕਤ ਵਿਚ ਆ ਗਈ।
ਜਾਹਰ ਸੀ, ਇਹ ਸਾਰੇ ਲੋਕ ਬਾਬੇ ਨਾਨਕ ਨੂੰ ਤਾਂ ਮੱਥਾ ਹੀ ਟੇਕ ਕੇ ਆਏ ਸਨ ਪਰ ਉਸ ਦੇ ਦੱਸੇ ਰਸਤੇ ਤੋਂ ਕੋਹਾਂ ਦੂਰ ਸਨ। ਉਧਰ, ਪਾਕਿਸਤਾਨੀ ਅਫਸਰ ਕਹਿ ਰਹੇ ਸਨ ਕਿ ਅਸੀਂ ਤਾਂ ਤੁਹਾਡੇ ਲਈ ਕੋਈ ਅੜਿੱਕਾ ਨਹੀਂ ਖੜ੍ਹਾ ਕਰਨਾ ਚਾਹੁੰਦੇ। ਇਹ ਤੁਹਾਡੇ ਹੀ ਲੋਕ ਹਨ ਜੋ ਖਹਿਬੜ ਰਹੇ ਹਨ।
ਅੱਗੇ ਭਾਰਤੀ ਬੀæ ਐਸ਼ ਐਫ਼ ਵਾਲੇ ਪਾਸਪੋਰਟ ਚੈਕ ਕਰਕੇ ਬੱਸਾਂ ਵਿਚ ਬੈਠਣ ਲਈ ਲਾਈਨਾਂ ਬਣਾ ਰਹੇ ਸਨ। ਫਿਰ ਉਹੀ ਧੱਕਾ-ਮੁੱਕੀ। ਬੱਸ ਇਕ ਸੀ ਅਤੇ ਲਾਈਨਾਂ ਦੋ। ਕੁਝ ਤਾਂ ਧੱਕੇ-ਧੁੱਕੇ ਖਾ ਕੇ ਜਾ ਚੜ੍ਹੇ, ਕੁਝ ਇਕ ਦੂਜੀ ਬੱਸ ਦੀ ਉਡੀਕ ਕਰਨ ਲੱਗੇ। ਹਾਲਾਤ ਬਿਹਤਰ ਨਾ ਹੁੰਦੇ ਦੇਖ ਕੇ ਕੁਝ ਨੇ ਫੈਸਲਾ ਕੀਤਾ ਕਿ ਪੈਦਲ ਹੀ ਚਲਦੇ ਹਾਂ। ਅੱਧਾ ਮੀਲ ਹੀ ਤਾਂ ਹੈ। ਸੋ ਅਟੈਚੀ, ਸੂਟਕੇਸ ਘਸੀਟ ਕੇ ਡਿਗਦੇ-ਢਹਿੰਦੇ ਬਿਲਡਿੰਗ ਤਕ ਪਹੁੰਚ ਗਏ। ਇਮੀਗਰੇਸ਼ਨ ਤੋਂ ਬਾਅਦ ਸਮਾਨ ਐਕਸਰੇ ਮਸ਼ੀਨ ‘ਤੇ ਸਕੈਨ ਹੋਇਆ। ਲੇਡੀ ਪੁਲਿਸ ਮੁਲਾਜ਼ਮ ਆ ਕੇ ਕਹਿਣ ਲੱਗੀ, “ਦੋ ਲਾਈਨਾਂ ਬਣਾ ਲਉ।” ਸਭ ਕਸਟਮ ਦੀ ਵਾਰੀ ਉਡੀਕਣ ਲੱਗੇ। ਉਥੇ ਇਕ ਹੀ ਅਫਸਰ ਸੀ। ਦੋ ਲਾਈਨਾਂ ਅਤੇ ਅਫਸਰ ਇਕ। ਫਿਰ ਜ਼ੋਰ-ਅਜ਼ਮਾਈ ਸ਼ੁਰੂ ਹੋ ਗਈ। ਉਸ ਅਫਸਰ ਨੇ ਕਿਹਾ, “ਏਕ ਲਾਈਨ ਮੇ ਆਓ।” ਪੰਜਾਬੀਆਂ ਦੀਆਂ ਦੋ ਲਾਈਨਾਂ ਦੀ ਇਕ ਬਣਾਉਣੀ ਸੌਖੀ ਨਹੀਂ ਸੀ। ਫਿਰ ਤੂੰ-ਤੂੰ, ਮੈਂ-ਮੈਂ।
ਟੈਕਸੀਆਂ ਲੈ ਕੇ ਦਰਬਾਰ ਸਾਹਿਬ ਪਹੁੰਚੇ ਤਾਂ ਸਲਾਹ ਹੋਈ ਕਿ ਸਾਰਾਗੜ੍ਹੀ ਸਰਾਂ ਵਿਚ ਕਮਰੇ ਲੈਂਦੇ ਹਾਂ। ਸਾਡੇ ਨਾਲ ਕੁਝ ਹੋਰ ਮੁਸਾਫਰ ਵੀ ਸਨ। ਜਾਂਦੇ ਵਕਤ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਭਵਨ ਵਿਚ ਠਹਿਰੇ ਸਾਂ। ਹੈ ਤਾਂ ਉਹ ਵੀ ਐਨæ ਆਰæ ਆਈæ ਸਰਾਂ, ਪਰ ਨਾ ਸਾਬਣ, ਨਾ ਤੌਲੀਆ, ਨਾ ਪਾਣੀ ਲਈ ਗਲਾਸ, ਉਤੋਂ 800 ਰੁਪਏ ਕਿਰਾਇਆ। ਸੋਚਿਆ ਸਾਰਾਗੜ੍ਹੀ ਸਰਾਂ ਦੀ ਦਿੱਖ ਬਾਹਰੋਂ ਬਹੁਤ ਅੱਛੀ ਹੈ। ਸਾਹਮਣੇ ਵੱਡਾ ਟੀæ ਵੀæ ਸਕਰੀਨ ਹੈ, ਜਿਸ ‘ਤੇ ਗਾਹੇ-ਬਗਾਹੇ ਕੀਰਤਨ ਚਲਦਾ ਹੈ। ਨੇੜੇ-ਤੇੜੇ ਅੱਛੇ ਅੱਛੇ ਰੈਸਟੋਰੈਂਟ ਹਨ। ਅੰਦਰ ਵੀ ਹਵੇਲੀ ਰੈਸਟੋਰੈਂਟ ਹੈ। ਕਾਊਂਟਰ ‘ਤੇ ਮੁਲਾਜ਼ਮ ਫਾਰਮ ਦੇ ਕੇ ਇੰਨਾ ਹੀ ਪੁਛਦੇ ਹਨ, ਕਿੰਨੇ ਲੋਕ? ਫਿਰ ਪੈਸੇ ਦੱਸ ਕੇ ਚਾਬੀ ਫੜਾ ਦਿੰਦੇ ਹਨ। ਆਉ ਭਗਤ ਵਾਲੀ ਕੋਈ ਗੱਲ ਨਹੀਂ।
ਸਾਡੇ ਅਮਰੀਕਾ ਵਾਲਿਆਂ ਦੇ ਨਾਲੋ-ਨਾਲ ਤਿੰਨ ਕਮਰੇ ਸਨ ਪਰ ਕਮਰੇ ਦੇ ਨੰਬਰ ਦਾ ਵਿਚਾਰਲਾ ਨੰਬਰ ਗਾਇਬ ਸੀ: ਭਾਵ 504 ਤੇ 506 ਸਿਰਫ 54 ਤੇ 56 ਸੀ। ਠੀਕ ਕਮਰਾ ਨੰਬਰ ਕਿਹੜਾ ਹੈ, ਅੱਗੇ ਪਿੱਛੇ ਤੁਰ ਕੇ ਅੰਦਾਜ਼ਾ ਹੀ ਲਗਦਾ ਸੀ। ਯੂਨੀਵਰਸਿਟੀ ਤੋਂ ਸਾਡਾ ਇਕ ਪ੍ਰੋਫੈਸਰ ਸਾਨੂੰ ਮਿਲਣ ਆਇਆ। ਉਹ 504 ਦੀ ਥਾਂ 514 ਨੰਬਰ ‘ਤੇ ਕਾਫੀ ਦੇਰ ਦਰਵਾਜਾ ਖੜਕਾ ਕੇ ਮੁੜ ਗਿਆ। ਉਸ ਨੇ ਸਾਨੂੰ ਕੁਝ ਸਮਾਨ ਦੇਣਾ ਸੀ। ਅਸੀਂ ਆਪਣੇ ਕਮਰੇ ਵਿਚ ਇੰਤਜ਼ਾਰ ਕਰਦੇ ਰਹੇ। ਹੋਰ ਕਿੰਨੇ ਕੁ ਲੋਕ ਇਉਂ ਖੱਜਲ ਹੁੰਦੇ ਹੋਣਗੇ, ਅੰਦਾਜ਼ਾ ਲਾਇਆ ਜਾ ਸਕਦਾ ਹੈ।
ਇਸ ਯਾਤਰਾ ਦੌਰਾਨ ਉਮੀਦ ਤੋਂ ਵੱਧ ਦੇਖਣ ਨੂੰ ਮਿਲਿਆ। ਇੰਤਜ਼ਾਮ ਕਮਾਲ ਸੀ। ਫਿਰ ਵੀ ਵਾਪਸ ਆ ਕੇ ਮਹਿਸੂਸ ਹੋਇਆ, ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ। ਉਥੋਂ ਦੋ ਕਿਤਾਬਾਂ ਲੈ ਕੇ ਆਇਆ ਹਾਂ। ਇਕ ਹੈ ਇਸ਼ਤਿਆਕ ਅਹਿਮਦ ਦੀ ‘ਫੁਨਜਅਬ ਭਲੋਦਇਦ, ਫਅਰਟਟਿਨeਦ & ਛਲeਅਨਸeਦ’ ਜੋ 1947 ਦੇ ਸਾਕੇ ਬਾਰੇ ਹੈ। ਦੂਜੀ ਕਿਤਾਬ ਹੈ, ‘æਅਹੋਰe ੂਨਦeਰ ੍ਰਅਜḔ ਕੁਲ ਮਿਲਾ ਕੇ ਸਾਡੀ ਇਹ ਯਾਤਰਾ ਵਧੀਆ ਰਹੀ।
(ਸਮਾਪਤ)