ਅਵਤਾਰ ਸਿੰਘ
ਫੋਨ: 91-94175-18384
ਚੋਣਾਂ ਸਿਰ ‘ਤੇ ਹਨ ਤੇ ਚੋਣਾਂ ਦੇ ਰੰਗ ਵਿਚ ਰੰਗੇ ਹੋਏ ਚੌਣੇ ਦੇ ਸੰਗਲ ਖੁੱਲ੍ਹ ਗਏ ਹਨ ਜਾਂ ਖੋਲ੍ਹ ਦਿੱਤੇ ਗਏ ਹਨ। ਹੁਣ ਦੋ ਮਹੀਨੇ ਚੋਣਾਂ ਦੇ ਵੱਗ, ਅਰਥਾਤ ਚੌਣੇ ਹਰਲ ਹਰਲ ਕਰਨਗੇ, ਰਸਤੇ ਮਿੱਧਣਗੇ, ਅਮਨ ਦੀ ਫਸਲ ਲਤਾੜਨਗੇ-ਉਜਾੜਨਗੇ; ਭੈਣ ਭਾਈ ਨੂੰ ਲੜਾਉਣਗੇ ਤੇ ਆਪੋ ਆਪਣਾ ਉਲੂ ਸਿੱਧਾ ਕਰਨਗੇ; ਲੜਨਗੇ-ਭਿੜਨਗੇ ਤੇ ਖੜਦੁੰਮ ਮਚਾਉਣਗੇ; ਇੱਕ ਦੂਜੇ ਦੇ ਪੋਤੜੇ ਫਰੋਲਣਗੇ; ਆਪਣੀ ਇੱਜਤ ਰੋਲਣਗੇ ਤੇ ਦੂਜਿਆਂ ਦੀ ਫਰੋਲਣਗੇ। ਕੋਈ ਕਿਸੇ ਦਾ ਸਕਾ ਸੋਧਰਾ ਨਹੀਂ ਰਹੇਗਾ; ਆਪਣੇ ਪਰਾਏ ਹੋਣਗੇ ਤੇ ਪਰਾਏ ਆਪਣੇ; ਤੀਏ ਤਰਾਫੂ ਸੈਲਫੀਆਂ ਲੈਣਗੇ ਤੇ ‘ਆਪਣੇ’ ਕੋਲ ਜਾਣੋਂ ਵੀ ਕੰਨੀ ਕਤਰਾਉਣਗੇ। ਅਜਿਹਾ ਸੱਚ ਅਸੀਂ ਹਰੇਕ ਚੋਣਾਂ ‘ਚ ਦੇਖਦੇ ਹਾਂ; ਪਰ ਯਕੀਨ ਨਹੀਂ ਕਰਦੇ।
ਸਾਡੇ ਆਸ-ਪਾਸ ਧੜਾਧੜ ਅਟਕਲਾਂ ਲੱਗ ਰਹੀਆਂ ਹਨ; ਅਫਵਾਹਾਂ ਦਾ ਬਾਜ਼ਾਰ ਗਰਮ ਹੈ; ਹਵਾਵਾਂ ਵਗਣ ਦੀ ਉਡੀਕ ਹੈ; ਝੂਠ ਦੀਆਂ ਪੰਡਾਂ ਬੰਨੀਆਂ ਜਾ ਰਹੀਆਂ ਹਨ; ਗੱਪਾਂ ਦੇ ਕੁੱਪ ਖੜ੍ਹੇ ਕੀਤੇ ਜਾ ਰਹੇ ਹਨ; ਲੋਕਤੰਤਰ ਦੀ ਮੰਡੀ ਵਿਚ ਲਾਰਿਆਂ ਦੀਆਂ ਟਰਾਲੀਆਂ ਭਰ ਭਰ ਸੁੱਟੀਆਂ ਜਾ ਰਹੀਆਂ ਹਨ; ਚੋਣ-ਮੰਡੀ ਦੇ ਪੱਲੇਦਾਰ ਮੁਫਤੋ ਮੁਫਤ ਮੌਰ ਭੰਨਾਉਣ ਲਈ ਤਿਆਰ ਹਨ; ਵੋਟਾਂ ਦੀ ਸ਼ਤਰੰਜ ਦੇ ਪਿਆਦੇ ਮੱਲੋ ਮੱਲੀ ਬਲੀ ਦੇ ਬੱਕਰੇ ਬਣਨ ਲਈ ਤਿਆਰ-ਬਰ-ਤਿਆਰ ਖੜ੍ਹੇ ਹਨ; ਕਈ ਅਲਕ ਵਹਿੜਕੇ ਆਪਣੇ ਫੋਤੇ ਕਢਾਉਣ ਜਾਂ ਖਸੀਏ ਮਰਾਉਣ ਲਈ ਲੂਹਰੀਆਂ ਲੈ ਰਹੇ ਹਨ; ਪੰਜਾਲੀਆਂ ਤਿਆਰ ਹਨ; ਬਸ ਸਿਰ ਘੁਸਾਉਣੇ ਤੇ ਮੌਰ ਭੰਨਾਉਣੇ ਬਾਕੀ ਹਨ।
ਹੁਣ ਆਰਾਂ ਲੱਗਣੀਆਂ, ਡੰਗ ਵੱਜਣਗੇ ਤੇ ਚੋਭਾਂ ਦੇ ਮੀਂਹ ਵਰਸਣਗੇ; ਸੰਘ ਪਾਟਣਗੇ, ਗਲੇ ਬੈਠਣਗੇ ਤੇ ਰਗਾਂ ਫੁਲਣਗੀਆਂ; ਚਿੱਟੇ ਕੁੜਤੇ ਪਜਾਮੇ ਚਮਕਣਗੇ ਤੇ ਨੀਲੀਆਂ, ਚਿੱਟੀਆਂ ਤੇ ਖੱਟੀਆਂ ਪੱਗਾਂ ਸਜਣਗੀਆਂ; ਤਾਅਨੇ, ਮਿਹਣੇ ਤੇ ਜੁਮਲੇਬਾਜੀ ਦੇ ਨਵੇਂ ਅੰਦਾਜ਼ ਦੇਖਣ-ਸੁਣਨ ਨੂੰ ਮਿਲਣਗੇ; ਖੇਖਣ ਹੋਣਗੇ, ਸ਼ਗੂਫੇ ਖਿੜਨਗੇ ਤੇ ਨਵੇਂ ਨਵੇਂ ਚੰਦ ਚੜ੍ਹਨਗੇ।
ਅਸੀਂ ਜਾਣਦੇ ਹਾਂ, ਕੋਈ ਸਰਕਾਰ ਬਣੇਗੀ; ‘ਕੱਲੀ ਜਾਂ ਕੁਲੀਸ਼ਨ। ਕੋਈ ਮੰਤਰੀ, ਕੋਈ ਪ੍ਰਧਾਨ ਮੰਤਰੀ ਬਣੇਗਾ। ਕੁਰੱਪਸ਼ਨ ਨਾ ਹਟੇਗੀ, ਨਾ ਘਟੇਗੀ ਤੇ ਨਾ ਹੀ ਕੋਈ ਇਸ ਨੂੰ ਹਟਾਉਣ ਜਾਂ ਘਟਾਉਣ ਬਾਬਤ ਸੋਚੇਗਾ, ਕਿਉਂਕਿ ਕੁਰੱਪਸ਼ਨ ਇੱਕ ਅਜਿਹਾ ਹਮਾਮ ਹੈ, ਜਿਸ ਵਿਚ ਅਸੀਂ ਸਾਰੇ ਹੀ ਨਿਰਵਸਤਰ ਹਾਂ। ਹੁਣ ਅਸੀਂ ਇਸ ਦਾ ਕੋਈ ਉਹਲਾ ਵੀ ਨਹੀਂ ਰੱਖਦੇ। ਕੁਰੱਪਸ਼ਨ ਨੂੰ ਅਸੀਂ ਆਪਣਾ ਜਮਾਂਦਰੂ ਹੱਕ ਸਮਝਦੇ ਹਾਂ। ਸਾਨੂੰ ਲੱਗਦਾ ਹੈ ਕਿ ਕੁਰੱਪਸ਼ਨ ਬਿਨਾ ਅਸੀਂ ਦੂਸਰਿਆਂ ਤੋਂ ਅੱਗੇ ਨਹੀਂ ਲੰਘ ਸਕਦੇ। ਅਸੀਂ ਰਲ-ਮਿਲ ਕੇ ਜੀਣਾ-ਥੀਣਾ ਭੁੱਲ ਗਏ ਹਾਂ ਤੇ ਦੂਜਿਆਂ ਨੂੰ ਨੀਂਵਾਂ ਦਿਖਾਉਣਾ ਸਾਡਾ ਮਕਸਦ ਬਣ ਗਿਆ ਹੈ।
ਚੋਣਾਂ ਵਿਚ ਵੀ ਸਾਡਾ ਮੰਤਵ ਦੂਸਰੇ ਨੂੰ ਹਰਾਉਣਾ ਹੈ। ਦੇਸ਼ ਨੇ ਖਾਧੀ ਕੜ੍ਹੀ। ਦੇਸ਼ ਦਾ ਕੀ ਹੈ! ਇਸ ਨੇ ਤਾਂ ਰਿੜ੍ਹ ਖਿੜ੍ਹ ਕੇ ਚੱਲੀ ਹੀ ਜਾਣਾ ਹੈ। ਸਿਰਫ ਸਾਡੀ ਆਪਣੀ ਗੱਡੀ ਸਰਪੱਟ ਦੌੜਨੀ ਚਾਹੀਦੀ ਹੈ। ਅਸੀਂ ਕਿਸੇ ਤੋਂ ਕੀ ਲੈਣਾ! ਉਂਜ ਅਸੀਂ ਰੋਜ਼ਾਨਾ ਦੋ-ਤਿੰਨ ਵਾਰ ਸਰਬੱਤ ਦੇ ਭਲੇ ਦੀ ਜਾਚਨਾ ਕਰਦੇ ਹਾਂ। ਕਹਿਣ ਨੂੰ ਸਰਵੋਦਯ ਸਾਡਾ ਮਕਸਦ ਹੈ, ਪਰ ਨਿੱਜਵਾਦ ਸਾਡਾ ਅਸਲ ਅਧਿਆਤਮ ਬਣਿਆ ਹੋਇਆ ਹੈ।
ਆਉ, ਆਪਣੇ ਇਸ ਘਿਨਾਉਣੇ ਨਿੱਜਵਾਦੀ ਅਧਿਆਤਮ ਦਾ ਪੱਲਾ ਘੁੱਟ ਕੇ ਫੜ ਲਈਏ ਤੇ ਕਿਸੇ ਤਰ੍ਹਾਂ ਦੇ ਸੁਧਾਰ ਦੇ ਬੂਹੇ ਬੰਦ ਕਰ ਦੇਈਏ ਅਤੇ ਕੁਰੱਪਸ਼ਨ ਦੇ ਨਰਕ ਵਿਚ ਰਹਿਣ ਨੂੰ ਤਰਜੀਹ ਦੇਈਏ। ਅਸੀਂ ਭਾਰਤੀ ਕਿਸੇ ਤਰ੍ਹਾਂ ਦੇ ਵੀ ਬਦਲਾਓ ਦੇ ਹੱਕਦਾਰ ਨਹੀਂ ਹਾਂ ਕਿਉਂਕਿ ਅਸੀਂ ਬਦਲਾਓ ਦੇ ਹੱਕ ਵਿਚ ਹੀ ਨਹੀਂ ਹਾਂ।
ਬੇਸ਼ੱਕ ਚੋਣਾਂ ਦੇ ਚੌਣੇ ਦਾ ਮੰਜ਼ਰ ਉਦਾਸ ਕਰਨ ਵਾਲਾ ਹੈ, ਪਰ ਇਸ ਉਦਾਸੀ ਵਿਚ ਇਜ਼ਾਫਾ ਕਰਨਾ ਕੋਈ ਨੇਕ ਮਕਸਦ ਨਹੀਂ ਹੈ। ਇਸ ਲਿਖਤ ਦਾ ਮਕਸਦ ਚੋਣਾਂ ਦੇ ਸੱਚ ਵੱਲ ਸੰਕੇਤ ਕਰਨਾ ਹੈ। ਇਹ ਸੰਕੇਤ ਸਾਡੀ ਲਿਆਕਤ ਨੂੰ ਝੰਜੋੜਨ ਵਾਲਾ ਅਤੇ ਜ਼ਮੀਰ ਨੂੰ ਜਗਾਉਣ ਵਾਲਾ ਹੈ।
ਇਸ ਲਈ ਸਾਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣਨੀ ਚਾਹੀਦੀ ਹੈ, ਲਿਆਕਤ ਹੰਘਾਲਣੀ ਚਾਹੀਦੀ ਹੈ ਤੇ ਸੂਝਵਾਨ ਫੈਸਲੇ ਕਰਨੇ ਚਾਹੀਦੇ ਹਨ। ਚੋਣਾਂ ਇੱਕ ਅਜਿਹਾ ਹੀ ਮੌਕਾ ਹੈ, ਜਿੱਥੋਂ ਅਸੀਂ ਤਬਦੀਲੀ ਦੀ ਆਸ ਰੱਖ ਸਕਦੇ ਹਾਂ।
ਸਾਨੂੰ ਬੜੇ ਹੀ ਲੁਭਾਉਣੇ ਜਿਹੇ ਵਿਚਾਰ ਸੁਣਨ ਨੂੰ ਮਿਲਦੇ ਹਨ; ਜੇ ਕੋਈ ਘੱਟ ਉਮਰ ਦਾ ਹੈ ਤਾਂ ਉਹ ਨੌਜਵਾਨ ਦਿਲਾਂ ਦੀ ਧੜਕਣ ਕਹਾਉਂਦਾ ਹੈ। ਕੋਈ ਆਪਣੇ ਕਿਸੇ ਨਜ਼ਦੀਕੀ ਕਰਕੇ ਕੁਰਬਾਨੀ ਵਾਲਾ ਸਦਾਉਂਦਾ ਹੈ। ਹਰ ਕੋਈ ਇਹੀ ਕਹੇਗਾ, ‘ਮੇਰੀ ਕਾਮਯਾਬੀ, ਤੁਹਾਡੀ ਆਪਣੀ ਕਾਮਯਾਬੀ ਹੈ।’
ਪਰ ਆਪਾਂ ਇਸ ਵਾਰ ਭਾਵੁਕਤਾ ਵਿਚ ਆ ਕੇ ਫੈਸਲਾ ਨਾ ਕਰੀਏ; ਕਾਬਲੀਅਤ ਜਰੂਰ ਦੇਖੀਏ। ਕਾਬਲੀਅਤ ਦੇਖਣ ਲਈ ਉਮੀਦਵਾਰ ਨੂੰ ਬਹੁਤ ਸਾਰੇ ਸਵਾਲਾਂ ਦੇ ਸਨਮੁਖ ਕਰਨਾ ਚਾਹੀਦਾ ਹੈ।