ਮੁਹੰਮਦ ਅੱਬਾਸ ਧਾਲੀਵਾਲ
ਫੋਨ: 91-98552-59650
ਭਾਰਤੀ ਸਿਆਸਤ ਦੇ ਧੁਰੰਧਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਜੋ ਪਿਛਲੇ ਪੰਜ ਸਾਲਾਂ ਤੋਂ ਦੇਸ਼ ਦੀ ਸਰਗਰਮ ਸਿਆਸਤ ਦੇ ਹਾਸ਼ੀਏ ‘ਤੇ ਚਲੇ ਆ ਰਹੇ ਸਨ, ਦਾ ਪਾਰਟੀ ਨੇ ਗਾਂਧੀਨਗਰ ਤੋਂ ਟਿਕਟ ਕੱਟ ਕੇ ਲਗਦਾ ਹੈ, ਉਨ੍ਹਾਂ ਨੂੰ ਭਾਰਤ ਦੀ ਸਿਆਸੀ ਪਿਚ ਤੋਂ ਹਮੇਸ਼ਾ ਲਈ ਆਊਟ ਕਰ ਦਿੱਤਾ ਹੈ।
ਇਹ ਉਹੀਓ ਅਡਵਾਨੀ ਹਨ, ਜਿਨ੍ਹਾਂ ਨੇ ਕਦੀ ਆਪਣੇ ਸਾਥੀਆਂ ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮੁਰਲੀ ਮਨੋਹਰ ਜੋਸ਼ੀ ਨਾਲ ਮਿਲ ਕੇ ਦੋ ਸੀਟਾਂ ਵਾਲੀ ਭਾਜਪਾ ਨੂੰ ਦੇਸ਼ ਦੀ ਸੱਤਾ ਦੇ ਸਿੰਘਾਸਣ ‘ਤੇ ਪਹਿਲੀ ਵਾਰ ਬਿਰਾਜਮਾਨ ਕੀਤਾ ਸੀ, ਪਰ ਅੱਜ ਉਨ੍ਹਾਂ ਹੀ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਜਿਹੇ ਸਿਰਕੱਢ ਨੇਤਾਵਾਂ ਨਾਲ ਉਨ੍ਹਾਂ ਦੀ ਆਪਣੀ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਨੇ ਜੋ ਸਲੂਕ ਕੀਤਾ ਹੈ, ਉਸ ਦੀ ਮਿਸਾਲ ਚੜ੍ਹਦੇ ਤੋਂ ਲਹਿੰਦੇ ਪਾਸੇ ਤੱਕ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ।
ਵੈਸੇ ਅੱਜ ਕਲ ਦੇ ਨਾ-ਫਰਮਾਬਰਦਾਰ ਬੱਚੇ ਆਪਣੇ ਬੁੱਢੇ ਮਾਂ-ਪਿਉ ਨਾਲ ਜੋ ਵਿਹਾਰ ਕਰਦੇ ਨੇ, ਉਸ ਤੋਂ ਅਸੀਂ ਸਾਰੇ ਹੀ ਭਲੀਭਾਂਤ ਜਾਣੂੰ ਹਾਂ ਤੇ ਉਹੀਓ ਸਲੂਕ ਅੱਜ ਅਡਵਾਨੀ ਤੇ ਜੋਸ਼ੀ ਨਾਲ ਹੋਇਆ ਜਾਪਦਾ ਹੈ। ਵੈਸੇ ਇਹ ਸੱਚ ਹੈ ਕਿ ਮਾਂ-ਪਿਉ ਨਾਲ ਮਾੜਾ ਵਿਹਾਰ ਅਕਸਰ ਉਹੀਓ ਬੱਚੇ ਕਰਦੇ ਨੇ, ਜਿਨ੍ਹਾਂ ਦੇ ਮਾਪੇ ਤਾਉਮਰ ਖੁਦ ਕੁਚੱਜੇ ਤੇ ਗਲਤ ਰਸਤਿਆਂ ਦੇ ਪਾਂਧੀ ਰਹੇ ਹੋਣ ਜਾਂ ਆਪਣੀ ਔਲਾਦ ਦੇ ਮਾੜੇ ਕਾਰਨਾਮਿਆਂ ‘ਤੇ ਵੀ ਹੱਲਾਸ਼ੇਰੀ ਦਿੰਦੇ ਰਹੇ ਹੋਣ, ਉਨ੍ਹਾਂ ਦੀਆਂ ਕੁਤਾਹੀਆਂ ‘ਤੇ ਪਰਦਾ ਪਾਉਂਦੇ ਰਹੇ ਹੋਣ। ਅਜਿਹੇ ਹਾਲਾਤ ਦੇ ਨਤੀਜੇ ਵਜੋਂ ਜੋ ਬੱਚੇ ਪਰਵਰਿਸ਼ ਪਾਉਂਦੇ ਹਨ, ਫੇਰ ਜੇ ਉਹ ਮਾਂ-ਬਾਪ ਨਾਲ ਮਾੜਾ ਵਿਹਾਰ ਕਰਨ ਤਾਂ ਇਸ ਵਿਚ ਕਿਸੇ ਨੂੰ ਕੋਈ ਅਸਚਰਜ ਨਹੀਂ ਹੋਣਾ ਚਾਹੀਦਾ। ਕੁਦਰਤ ਦਾ ਵੀ ਇਹੋ ਅਸੂਲ ਹੈ ਕਿ ਜਿਹਾ ਬੀਜੋਗੇ, ਉਹੋ ਜਿਹਾ ਵੱਢੋਗੋ। ਜੇ ਅਸੀਂ ਇਸ ਦੁਨੀਆਂ ਵਿਚ ਨਫਰਤ ਦਾ ਬੀਜ ਬੀਜ ਕੇ ਸੋਚੀਏ ਕਿ ਸਾਨੂੰ ਪਿਆਰ ਰੂਪੀ ਫਲਾਂ ਦੀ ਪ੍ਰਾਪਤੀ ਹੋਵੇਗੀ ਤਾਂ ਯਕੀਨਨ ਇਹ ਸਾਡੀ ਖਾਮ ਖਿਆਲੀ ਵੀ ਹੋਵੇਗੀ ਤੇ ਬੇਵਕੂਫੀ ਵੀ। ਬਾਬਾ ਫਰੀਦ ਜੀ ਨੇ ਅਜਿਹੀ ਮਾਨਸਿਕਤਾ ਨੂੰ ਇੱਕ ਸ਼ਲੋਕ ਵਿਚ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ,
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ॥
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ॥
ਅਸੀਂ ਸਮਝਦੇ ਹਾਂ ਕਿ ਜੋ ਅੱਜ ਅਡਵਾਨੀ ਨਾਲ ਹੋਇਆ ਹੈ, ਯਕੀਨਨ ਅੱਜ ਤੋਂ ਤਿੰਨ ਦਹਾਕੇ ਪਹਿਲਾਂ, ਜੋ ਉਨ੍ਹਾਂ ਨੇ ਬੀਜਿਆ ਸੀ, ਇਹ ਸਭ ਉਸੇ ਦਾ ਫਲ ਹੈ। ਭਾਵ ਉਨ੍ਹਾਂ ਜਿਸ ਰਸਤੇ ਦੀ ਚੋਣ ਕੀਤੀ ਸੀ, ਉਸ ਦਾ ਅੰਜਾਮ ਇਹੋ ਹੋਣਾ ਸੀ।
ਅਡਵਾਨੀ-ਜੋਸ਼ੀ ਦੇ ਸਿਆਸੀ ਪਿਛੋਕੜ ‘ਤੇ ਨਜ਼ਰ ਮਾਰਿਆਂ ਸਾਡੇ ਸਾਹਮਣੇ ਨੱਬੇ ਦੇ ਦਹਾਕਿਆਂ ਦੇ ਉਹ ਹੌਲਨਾਕ ਦ੍ਰਿਸ਼ ਇੱਕ-ਇੱਕ ਕਰਕੇ ਸਾਹਮਣੇ ਆ ਜਾਂਦੇ ਹਨ, ਜਦੋਂ ਇਨ੍ਹਾਂ ਨੇਤਾਵਾਂ ਨੇ ਰਾਮ ਮੰਦਿਰ ਲਈ ਰੱਥ ਯਾਤਰਾਵਾਂ ਕੱਢੀਆਂ ਤੇ ਦੇਸ਼ ਨੂੰ ਫਿਰਕਾਪ੍ਰਸਤੀ ਦੇ ਹਨੇਰੇ ਵਲ ਧੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ। ਫਿਰ ਕਾਰ ਸੇਵਕਾਂ ਰਾਹੀਂ ਬਾਬਰੀ ਮਸਜਿਦ ਢੁਹਾਈ ਗਈ ਤੇ ਉਸ ਪਿਛੋਂ ਜਿਸ ਤਰ੍ਹਾਂ ਦੇਸ਼ ਅੰਦਰ ਵੱਡੇ ਪੱਧਰ ‘ਤੇ ਫਿਰਕੂ ਹਿੰਸਾਤਮਕ ਘਟਨਾਵਾਂ ਵਾਪਰੀਆਂ ਅਤੇ ਹਜਾਰਾਂ ਬੇਗੁਨਾਹ ਮਾਰੇ ਗਏ, ਕਿੰਨੇ ਘਰ ਉਜੜੇ ਤੇ ਕਿੰਨੇ ਹੀ ਮਾਂਵਾਂ ਦੇ ਧੀ-ਪੁੱਤ, ਭੈਣ-ਭਰਾ ਤੇ ਔਰਤਾਂ ਦੇ ਸੁਹਾਗ ਮੌਤ ਦੇ ਘਾਟ ਉਤਾਰ ਦਿੱਤੇ ਗਏ। ਇਸ ਦੌਰਾਨ ਦੇਸ਼ ਦਾ ਜੋ ਜਾਨੀ ਤੇ ਮਾਲੀ ਨੁਕਸਾਨ ਹੋਇਆ, ਉਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਸ ਪੂਰੇ ਘਟਨਾਕ੍ਰਮ ਦੌਰਾਨ ਦੇਸ਼ ਦੀ ਦੁਨੀਆਂ ਵਿਚ ਜੋ ਬਦਨਾਮੀ ਹੋਈ, ਉਹ ਵੱਖਰੀ।
ਸਮਾਂ ਆਪਣੀ ਰਫਤਾਰ ਚਲਦਾ ਰਿਹਾ ਤੇ ਇਤਿਹਾਸ ਨੂੰ ਆਪਣੀ ਬੁੱਕਲ ਹੇਠ ਸਮੇਟਦਾ ਰਿਹਾ। ਫਿਰ ਨਰਿੰਦਰ ਮੋਦੀ ਨੇ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ‘ਤੇ ਗੁਜਰਾਤ ਦੀ ਵਾਗਡੋਰ ਬਤੌਰ ਮੁੱਖ ਮੰਤਰੀ ਅਡਵਾਨੀ ਦਾ ਅਸ਼ੀਰਵਾਦ ਲੈਂਦਿਆ ਸੰਭਾਲੀ। 2002 ਵਿਚ ਗੁਜਰਾਤ ਅੰਦਰ ਵੱਡੇ ਪੱਧਰ ‘ਤੇ ਫਿਰਕੂ ਹਿੰਸਾ ਦੀ ਅੱਗ ਭੜਕੀ ਅਤੇ ਘੱਟ ਗਿਣਤੀਆਂ ਦੀ ਵੱਡੀ ਗਿਣਤੀ ‘ਚ ਵੱਢ-ਟੁੱਕ ਹੋਈ। ਇਸ ਹਿੰਸਾ ਦੌਰਾਨ ਗੁਜਰਾਤ ਵਿਚ ਜਿਉਂਦਿਆਂ ਸਾੜਿਆ ਗਿਆ ਤੇ ਔਰਤਾਂ ਨਾਲ ਸਮੂਹਕ ਬਲਾਤਕਾਰ ਹੋਏ, ਜਿਸ ਨੂੰ ਚੇਤੇ ਕਰਦਿਆਂ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਗੁਜਰਾਤ ਦੀ ਫਿਰਕੂ ਹਿੰਸਾ ਨੇ ਇਕ ਵਾਰ ਫਿਰ ਦੇਸ਼ ਦੀ ਪੂਰੀ ਦੁਨੀਆਂ ਵਿਚ ਫਜੀਹਤ ਕਰਵਾਈ। ਇਨਸਾਨੀਅਤ ਦਾ ਜਜ਼ਬਾ ਰੱਖਣ ਵਾਲੇ ਹਰ ਇਨਸਾਨ ਨੇ ਇਸ ਹਿੰਸਾ ਦੀ ਨਿੰਦਾ ਕੀਤੀ। ਇਥੋਂ ਤਕ ਕਿ ਉਸ ਵਕਤ ਦੇ ਪ੍ਰਧਾਨ ਮੰਤਰੀ ਨੇ ਵੀ ਸੂਬੇ ਦੇ ਮੁੱਖ ਮੰਤਰੀ (ਨਰਿੰਦਰ ਮੋਦੀ) ਨੂੰ ਰਾਜ ਧਰਮ ਨਿਭਾਉਣ ਦੀ ਗੁਹਾਰ ਲਾਈ। ਗੱਲ ਤਾਂ ਇਹ ਵੀ ਸੁਣਨ ‘ਚ ਆਈ ਕਿ ਉਸ ਸਮੇਂ ਅਟਲ ਬਿਹਾਰੀ ਵਾਜਪਾਈ ਨੇ ਮੋਦੀ ਤੋਂ ਅਸਤੀਫਾ ਲੈਣ ਦਾ ਪੱਕਾ ਮਨ ਬਣਾ ਲਿਆ ਸੀ ਤੇ ਉਹ ਚਾਹੁੰਦੇ ਸਨ ਕਿ ਮੋਦੀ ਖੁਦ ਹੀ ਅਸਤੀਫਾ ਦੇਵੇ, ਪਰ ਉਸ ਮੌਕੇ ਅਡਵਾਨੀ, ਮੋਦੀ ਲਈ ਇਕ ਸੰਕਟ ਮੋਚਕ ਬਣ ਕੇ ਸਾਹਮਣੇ ਆਏ। ਪਾਰਟੀ ਦੇ ਗੋਆ ਸਮਾਗਮ ਵਿਚ ਤੈਅ ਹੋਇਆ ਕਿ ਮੋਦੀ ਤੋਂ ਅਸਤੀਫਾ ਨਾ ਲਿਆ ਜਾਵੇ ਤੇ ਇਸ ਪਿਛੋਂ ਵੋਟਾਂ ਦੇ ਧਰੁਵੀਕਰਨ ਜ਼ਰੀਏ ਗੁਜਰਾਤ ਵਿਚ ਮੋਦੀ ਆਪਣੀ ਸਰਕਾਰ ਬਣਾਉਣ ਵਿਚ ਇੱਕ ਵਾਰ ਫਿਰ ਕਾਮਯਾਬ ਹੋਇਆ।
2004 ਦੀਆਂ ਲੋਕ ਸਭਾ ਚੋਣਾਂ ਵਿਚ ਵਾਜਪਾਈ ਦੇ Ḕਸ਼ਾਈਨਿੰਗ ਇੰਡੀਆḔ ਦਾ ਜੋ ਹਸ਼ਰ ਹੋਇਆ, ਉਸ ਤੋਂ ਸਭ ਜਾਣੂ ਹਨ। 2009 ਦੀਆਂ ਚੋਣਾਂ ਵਿਚ ਭਾਜਪਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਐਲ਼ ਕੇæ ਅਡਵਾਨੀ ਨੂੰ ਉਤਾਰਿਆ। ਅਡਵਾਨੀ ਦੀ ਬਦਕਿਸਮਤੀ ਕਿ ਉਹ ਉਦੋਂ ਭਾਜਪਾ ਨੂੰ ਜਿੱਤ ਦਿਵਾਉਣ ‘ਚ ਨਾਕਾਮ ਰਹੇ। ਇਸ ਦੇ ਉਲਟ ਮੋਦੀ ਗੁਜਰਾਤ ਦੀਆਂ ਸੂਬਾਈ ਚੋਣਾਂ ਵਿਚ ਲਗਾਤਾਰ ਜਿੱਤ ‘ਤੇ ਜਿੱਤ ਦਰਜ ਕਰਦਿਆਂ ਭਾਜਪਾ ਤੇ ਜਨਸੰਘ ‘ਚ ਆਪਣੀ ਸਥਿਤੀ ਮਜ਼ਬੂਤ ਕਰਦੇ ਰਹੇ। ਇਕ ਸਮਾਂ ਅਜਿਹਾ ਆਇਆ ਕਿ ਭਾਜਪਾ ਦੇ ਵੱਡੇ ਤੋਂ ਵੱਡੇ ਨੇਤਾ ਵੀ ਮੋਦੀ ਦੇ ਸਿਆਸੀ ਕੱਦ ਸਾਹਮਣੇ ਬੌਣੇ ਜਾਪਣ ਲੱਗੇ।
2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਨਸੰਘ ਅਤੇ ਭਾਜਪਾ ਦੇ ਲੀਡਰਾਂ ਵਿਚ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਚਰਚਾ ਚੱਲੀ ਤੇ ਪਾਰਟੀ ਲੀਡਰਸ਼ਿਪ ਨੇ ਇਹ ਪ੍ਰਬਲ ਇੱਛਾ ਪ੍ਰਗਟਾਈ ਕਿ ਇਸ ਵਾਰ ਭਾਜਪਾ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਨਰਿੰਦਰ ਮੋਦੀ ਨੂੰ ਉਤਾਰਿਆ ਜਾਏ, ਪਰ ਜਦੋਂ ਅਡਵਾਨੀ ਨੇ ਆਪਣੀ ਜ਼ਿੰਦਗੀ ਭਰ ਦੇ ਕਮਾਏ ਸਰਮਾਏ ਨੂੰ ਆਪਣੇ ਅੱਖੀਂ ਲੁਟਦਿਆਂ ਵੇਖਿਆ ਤਾਂ ਉਨ੍ਹਾਂ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਏ ਜਾਣ ਦਾ ਅੰਦਰਖਾਤੇ ਖਾਸਾ ਵਿਰੋਧ ਕੀਤਾ। ਅਡਵਾਨੀ ਸ਼ਾਇਦ ਇਹ ਭੁੱਲ ਗਏ ਕਿ ਹਰ ਕੋਈ ਆਪਣਾ ਦਾਅ ਹਮੇਸ਼ਾ ਜਿੱਤਣ ਵਾਲੇ ਘੋੜੇ ‘ਤੇ ਹੀ ਲਾਉਂਦਾ ਹੈ। ਜਿਵੇਂ ਕਿਵੇਂ ਮਨ-ਮਨੌਤੀ ਹੋਈ ਤੇ ਭਾਜਪਾ ਨੇ ਨਰਿੰਦਰ ਮੋਦੀ ਨੂੰ 2014 ਵਿਚ ਬਤੌਰ ਪ੍ਰਧਾਨ ਮੰਤਰੀ ਵਜੋਂ ਪੇਸ਼ ਕੀਤਾ। ਲੋਕ ਸਭਾ ਚੋਣਾਂ ਵਿਚ ਨਾ ਸਿਰਫ ਮੋਦੀ ਕਾਮਯਾਬ ਹੋਏ ਸਗੋਂ ਭਾਜਪਾ ਪਹਿਲੀ ਵਾਰ ਬਹੁਮਤ ਲੈ ਕੇ ਆਪਣੇ ਬਲਬੂਤੇ ‘ਤੇ ਕੇਂਦਰੀ ਸੱਤਾ ‘ਤੇ ਕਾਬਜ਼ ਹੋਈ।
ਮੋਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਸਮੇਂ ਅਟਲ ਬਿਹਾਰੀ ਵਾਜਪਾਈ ਦੇ ਦੋਹਾਂ ਪਰਮ ਮਿੱਤਰਾਂ-ਅਡਵਾਨੀ ਤੇ ਜੋਸ਼ੀ ਨੂੰ ਕੋਈ ਮਾਣ ਨਾ ਦਿੱਤਾ ਗਿਆ ਤਾਂ ਲੋਕਾਂ ਨੇ ਹੈਰਾਨੀ ਪ੍ਰਗਟਾਈ। ਉਦੋਂ ਤਰਕ ਇਹ ਦਿੱਤਾ ਗਿਆ ਕਿ 75 ਸਾਲ ਤੋਂ ਵੱਧ ਉਮਰ ਦੇ ਆਗੂਆਂ ਨੂੰ ਮੰਤਰੀ ਪਦ ਦੀ ਕੋਈ ਜਿੰਮੇਵਾਰੀ ਨਹੀਂ ਦਿੱਤੀ ਜਾਵੇਗੀ। ਇਸ ਬਹਾਨੇ ਅਡਵਾਨੀ ਤੇ ਜੋਸ਼ੀ ਵਰਗੇ ਪਾਰਟੀ ਦੇ ਪੁਰਾਣੇ ਲੀਡਰਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਰੱਖਿਆ ਗਿਆ।
ਸਰਕਾਰ ਬਣਦਿਆਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸਭ ਤੋਂ ਵੱਧ ਵਿਸ਼ਵਾਸ ਪਾਤਰ ਅਮਿਤ ਸ਼ਾਹ ਨੂੰ ਭਾਜਪਾ ਦਾ ਪ੍ਰਧਾਨ ਥਾਪ ਕੇ ਪਾਰਟੀ ਦੀ ਵਾਗਡੋਰ ਉਸ ਦੇ ਹੱਥ ਦੇ ਦਿੱਤੀ ਅਤੇ ਇਕ ਹੋਰ ਸ਼ੋਸ਼ੇ ਰਾਹੀਂ ਅਡਵਾਨੀ ਤੇ ਜੋਸ਼ੀ ਨੂੰ ਪਾਰਟੀ ਦੇ ਮਾਰਗ ਦਰਸ਼ਕ ਦਾ ਰੁਤਬਾ ਦੇ ਕੇ ਬਹੁਤ ਹੀ ਚਤੁਰਾਈ ਨਾਲ ਹੌਲੀ ਹੌਲੀ ਸਰਗਰਮ ਸਿਆਸਤ ਤੋਂ ਹਾਸ਼ੀਏ ‘ਤੇ ਲੈ ਆਂਦਾ।
ਮੋਦੀ-ਅਮਿਤ ਜੋੜੀ ਦੇ ਕੇਂਦਰੀ ਰਾਜਨੀਤੀ ਵਿਚ ਆਉਣ ਪਿਛੋਂ ਲੋਕਾਂ ਨੂੰ ਇੰਜ ਲੱਗਾ, ਜਿਵੇਂ ਹੁਣ ਅਟਲ-ਅਡਵਾਨੀ ਯੁੱਗ ਆਪਣੇ ਆਖਰੀ ਪੜਾਅ ਵਲ ਵਧ ਰਿਹਾ ਹੈ। ਫਿਰ ਵੀ ਅਡਵਾਨੀ ਦੇ ਸੰਦਰਭ ਵਿਚ ਲੋਕਾਂ ਨੇ ਅਕਸਰ ਕਿਆਸਅਰਾਈਆਂ ਲਾਈਆਂ ਕਿ ਸ਼ਾਇਦ ਉਨ੍ਹਾਂ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾ ਕੇ ਸਰਗਰਮ ਸਿਆਸਤ ‘ਚੋਂ ਇਕ ਖੂਬਸੂਰਤ ਵਿਦਾਇਗੀ ਦਿੱਤੀ ਜਾਵੇ, ਪਰ ਇਸ ਅਹੁਦੇ ਲਈ ਵੀ ਜਦੋਂ ਮੌਜੂਦਾ ਰਾਸ਼ਟਰਪਤੀ (ਰਾਮਨਾਥ ਕੋਵਿੰਦ) ਦਾ ਨਾਂ ਸਾਹਮਣੇ ਆਇਆ ਤਾਂ ਅਡਵਾਨੀ ਦੇ ਰਾਸ਼ਟਰਪਤੀ ਬਣਾਏ ਜਾਣ ਦੀ ਉਮੀਦ ਵੀ ਦਮ ਤੋੜ ਗਈ।
ਹੁਣ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਅਡਵਾਨੀ ਦਾ ਗਾਂਧੀਨਗਰ ਤੋਂ ਤੇ ਜੋਸ਼ੀ ਦਾ ਕਾਨਪੁਰ ਤੋਂ ਟਿਕਟ ਕੱਟਿਆ ਜਾਣਾ ਅਤੇ ਗਾਂਧੀਨਗਰ ਤੋਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਦਾ ਲੋਕ ਸਭਾ ਲਈ ਚੋਣ ਲੜਨਾ, ਸਿਆਸੀ ਮਾਹਿਰਾਂ ਅਨੁਸਾਰ ਅਮਿਤ ਸ਼ਾਹ ਵਲੋਂ ਅਡਵਾਨੀ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਮਾਤ ਹੀ ਨਹੀਂ ਸਗੋਂ ਸਿਆਸਤ ਤੋਂ ਅਡਵਾਨੀ ਦੀ ਜਬਰਨ ਰਿਟਾਇਰਮੈਂਟ ਦਾ ਫੁਰਮਾਨ ਹੈ।
ਅਡਵਾਨੀ ਦੀ ਮੌਜੂਦਾ ਸਥਿਤੀ ਦੇ ਸੰਦਰਭ ਵਿਚ ਬਹੁਤ ਸਮਾਂ ਪਹਿਲਾਂ ਪੜ੍ਹੀ ਇਕ ਕਹਾਣੀ ਯਾਦ ਆ ਗਈ। ਕਹਿੰਦੇ ਹਨ, ਇਕ ਸ਼ਹਿਰ ਵਿਚ ਇਕ ਸਪੇਰਾ ਸੀ, ਉਸ ਨੇ ਆਪਣੇ ਘਰ ਇਕ ਪਾਲਤੂ ਅਜਦਹਾ (ਸੁਰਾਲ) ਪਾਲਣਾ ਸ਼ੁਰੂ ਕਰ ਦਿੱਤਾ। ਉਸ ਸੁਰਾਲ ਤੋਂ ਜਦ ਨੇੜੇ-ਤੇੜੇ ਦੇ ਇਲਾਕਾ ਨਿਵਾਸੀਆਂ ਨੇ ਖਤਰਾ ਜਤਾਇਆ ਤਾਂ ਸਪੇਰਾ ਉਨ੍ਹਾਂ ਨੂੰ ਯਕੀਨ ਦਿਵਾਉਂਦਾ ਰਿਹਾ ਕਿ ਮੇਰਾ ਅਜਦਹਾ ਸ਼ਾਕਾਹਾਰੀ ਹੈ, ਇਸ ਲਈ ਕਿਸੇ ਨੂੰ ਕੋਈ ਖਤਰਾ ਨਹੀਂ। ਲੋਕ ਸਪੇਰੇ ਦੀ ਗੱਲ ‘ਤੇ ਯਕੀਨ ਕਰਦਿਆਂ ਆਪਣੇ ਆਪਣੇ ਘਰਾਂ ਨੂੰ ਪਰਤ ਗਏ, ਪਰ ਕੁਝ ਦਿਨਾਂ ਬਾਅਦ ਅਜਦਹਾ (ਸੁਰਾਲ) ਨੇ ਚੁੱਪ ਚਪੀਤੇ ਭੁੱਲੇ-ਭਟਕੇ ਰਾਹੀਆਂ ਨੂੰ ਖਾਣਾ ਫਿਰ ਤੋਂ ਸ਼ੁਰੂ ਕਰ ਦਿੱਤਾ ਤਾਂ ਲੋਕਾਂ ਨੇ ਸਪੇਰੇ ਨੂੰ ਫੇਰ ਸ਼ਿਕਾਇਤ ਕੀਤੀ। ਇਸ ਉਪਰੰਤ ਸਪੇਰੇ ਨੇ ਢੰਡੋਰਾ ਪਿਟਵਾਇਆ ਕਿ ਉਹ ਸ਼ਹਿਰ ਦੇ ਫਲਾਣੇ ਚੌਂਕ ਵਿਚ ਆਪਣਾ ਸਿਰ ਅਜਦਹਾ ਦੇ ਮੂੰਹ ਵਿਚ ਦੇਵੇਗਾ ਤੇ ਅਜਦਹਾ ਉਸ ਨੂੰ ਨਹੀਂ ਖਾਵੇਗਾ। ਅਜਿਹਾ ਹੀ ਹੋਇਆ, ਲੋਕ ਸਪੇਰੇ ਨੂੰ ਸਹੀ ਸਲਾਮਤ ਵੇਖ ਕੇ ਉਸ ਦੀਆਂ ਗੱਲਾਂ ‘ਤੇ ਯਕੀਨ ਕਰ ਕੇ ਇਕ ਵਾਰ ਫਿਰ ਆਪਣੇ ਘਰੀਂ ਪਰਤ ਗਏ।
ਹੁਣ ਜਿਵੇਂ ਅਜਦਹਾ ਨੂੰ ਇਕ ਤਰ੍ਹਾਂ ਲਾਇਸੈਂਸ ਮਿਲ ਗਿਆ ਤੇ ਉਸ ਨੇ ਲੋਕਾਂ ਨੂੰ ਦਿਨ ਦਿਹਾੜੇ ਸੱæਰੇਆਮ ਨਿਗਲਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਸਪੇਰੇ ਨੂੰ ਫਿਰ ਸ਼ਿਕਾਇਤ ਲਾਈ ਤਾਂ ਸਪੇਰੇ ਨੇ ਲੋਕਾਂ ਨੂੰ ਫਿਰ ਤੋਂ ਚੌਂਕ ਵਿਚ ਬੁਲਾਇਆ ਤੇ ਇਸ ਵਾਰ ਜਦੋਂ ਸਪੇਰੇ ਨੇ ਅਜਦਹਾ ਦੇ ਮੂੰਹ ਵਿਚ ਆਪਣਾ ਸਿਰ ਪਾਇਆ ਤਾਂ ਲੋਕ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਅਜਦਹਾ ਸਪੇਰੇ ਨੂੰ ਇਕ ਦਮ ਪੂਰਾ ਨਿਗਲ ਗਿਆ ਤੇ ਇਹਦੇ ਨਾਲ ਈ ਸਪੇਰੇ ਦੀ ਲੀਲਾ ਮੁੱਕ ਗਈ।