ਸਾਹਿਬ ਸਿੰਘ
ਫੋਨ: +91-98880-11096
ਆਤਮਜੀਤ ਦੀ ਨਾਟਕਕਾਰੀ ਦਾ ਅੰਦਾਜ਼ ਵੱਖਰਾ ਹੈ, ਮਿਜ਼ਾਜ ਵੀ। ਉਹ ਰਿੜਕੇ ਹੋਏ ਨੂੰ ਦੁਬਾਰਾ ਰਿੜਕਣਾ ਜਾਣਦਾ ਹੈ ਪਰ ਉਸ ਦੀ ਮਧਾਣੀ ਵੱਖਰੀ ਹੁੰਦੀ ਹੈ ਤੇ ਨਤੀਜ ਵਜੋਂ ਮੱਖਣ ਵੀ ਨਿਵੇਕਲਾ ਉਪਜਦਾ ਹੈ। ਇਹ ਕੌੜਾ ਹੋ ਸਕਦਾ ਹੈ ਪਰ ਗੁਣਕਾਰੀ ਹੋਣ ਦਾ ਆਪਣਾ ਧਰਮ ਨਹੀਂ ਭੁੱਲਦਾ। ਉਹ ਕਾਦਰਯਾਰ ਤੇ ਸ਼ਿਵ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਆਪਣਾ ਦ੍ਰਿਸ਼ਟੀਕੋਣ ਸਾਹਮਣੇ ਰੱਖਦਾ ਹੈ ਤੇ ਪੂਰਨ ਨੂੰ ਤਾਣ ਬਖ਼ਸ਼ਦਾ ਹੈ।
ਸਾਹਮਣੇ ਪਈ ਤਸਵੀਰ ਨੂੰ ਨਿਹਾਰਨ ਦੇ ਆਨੰਦ ਤੋਂ ਮੁਨਕਰ ਨਹੀਂ ਹੁੰਦਾ ਪਰ ਉਸ ਦਾ ਧਿਆਨ ਤਸਵੀਰ ਦੇ ਦੂਜੇ ਪਾਸੇ ਲੱਗੇ ਜਾਲੇ ਉਤਾਰਨ ਵੱਲ ਕੇਂਦਰਿਤ ਰਹਿੰਦਾ ਹੈ। ਉਸ ਦੀ ਪ੍ਰਿਜ਼ਮੀ ਅੱਖ ਤਾਂ ਇਸ ਤੋਂ ਵੀ ਅੱਗੇ ਉਹ ਪਾਸਾ ਦੇਖਣਾ, ਸਮਝਣਾ, ਦਿਖਾਉਣਾ, ਸਮਝਾਉਣਾ ਲੋਚਦੀ ਹੈ ਜਿਸ ਦੀ ਹੋਂਦ ਬਾਰੇ ਵੀ ਅਸੀਂ ਸਪਸ਼ਟ ਨਹੀਂ- ਤਸਵੀਰ ਦਾ ਤੀਜਾ ਪਾਸਾ। ਉਸ ਨੂੰ ਫਰਸ਼ ‘ਚ ਉਗਿਆ ਰੁੱਖ ਦੇਖਣ ਦਾ ਵੱਲ ਆਉਂਦਾ ਹੈ।
ਉਸ ਦੇ ਅੰਦਰ ਬੈਠੇ ਦਰਦਮੰਦ ਰਚਣਹਾਰੇ ਨੂੰ ਮੇਜ਼ ਦੀਆਂ ਚਾਰ ਲੱਤਾਂ ਦੇ ਬਾਹਰੀ ਅਕਸ ਦੇ ਪਿੱਛੇ ਕਿਤੇ, ਫੋਕਸ ਤੋਂ ਬਾਹਰ ਰਹਿ ਗਈ ਟੁੱਟੀ ਹੋਈ ਅੱਧੀ ਲੱਤ ਦਾ ਧੁੰਦਲਾ ਅਕਸ ਪੀੜ ਦਿੰਦਾ ਹੈ ਤੇ ਉਹ ਸਾਢੇ ਤਿੰਨ ਲੱਤਾਂ ਵਾਲੇ ਮੇਜ਼ ਦੀ ਕਹਾਣੀ ਛੋਹ ਲੈਂਦਾ ਹੈ। ਸਾਹਿਤ ਅਕੈਡਮੀ, ਸੰਗੀਤ ਨਾਟਕ ਅਕੈਡਮੀ ਦੇ ਵੱਕਾਰੀ ਸਨਮਾਨ ਹਾਸਲ ਕਰ ਚੁੱਕਾ ਇਹ ਨਾਟਕਕਾਰ ਆਪਣੇ ਬਾਲਪਣ, ਜਵਾਨੀ ਵੇਲੇ ਦੇ ਅਥਾਹ ਦਰਦਾਂ ਨੂੰ ਯਾਦ ਕਰਕੇ ਅੱਜ ਵੀ ਭੁੱਬ ਮਾਰਨ ਤੋਂ ਝਿਜਕਦਾ ਨਹੀਂ। ਜੋ ਤੀਰ ਉਸ ਦੀ ਹਿੱਕ ਨੂੰ ਵਿੰਨ੍ਹਦੇ ਰਹੇ, ਇਹ ਚੇਤੇ ਕਰ ਹਾਲੇ ਵੀ ਉਸ ਦਾ ਗੱਚ ਭਰਦਾ ਹੈ ਪਰ ਉਹ ਨੇ ਅੱਜ ਤਕ ਇਨ੍ਹਾਂ ਜ਼ਖ਼ਮਾਂ ਨੂੰ ਆਪਣੀ ਰਚਨਾਕਾਰੀ ਦੇ ਸਿਰ ‘ਤੇ ਨਹੀਂ ਬੈਠਣ ਦਿੱਤਾ। ਉਹ ਸਾਡਾ ਮਾਣ ਹੈ। ਉਹ ਸਾਡੀ ਕੌਮੀ, ਕੌਮਾਂਤਰੀ ਪ੍ਰੀਭਾਸ਼ਾ ਹੈ। ਉਹ ਪੰਜਾਬੀਆਂ ਦੀ ਬੱਲੇ-ਬੱਲੇ ਤੋਂ ਉਪਰ ਉਠ ਸਾਡੀ ਹਿੱਕ ‘ਤੇ ਜ਼ਹੀਨ, ਸੂਝਵਾਨ ਹੋਣ ਦਾ ਤਮਗਾ ਟੰਗਦਾ ਹੈ। ਉਸ ਦੀਆਂ ਪ੍ਰਾਪਤੀਆਂ ਗਿਣਨ ਵਾਲੀਆਂ ਨਹੀਂ, ਮਾਣਨ ਵਾਲੀਆਂ ਹਨ। ਅੱਜ ਇਕ ਹੋਰ ਪ੍ਰਾਪਤੀ ਦਾ ਜ਼ਿਕਰ!
ਉਸ ਦੇ ਛੇ ਨਾਟਕ ਹਿੰਦੀ ਵਿਚ ਅਨੁਵਾਦ ਹੋ ਕੇ ਕਿਤਾਬਾਂ ਦੇ ਰੂਪ ‘ਚ ਸਾਡੇ ਸਨਮੁੱਖ ਹਨ। ਅਭਿਸ਼ੇਕ ਪਬਲੀਕੇਸ਼ਨਜ਼ ਵਲੋਂ ਪ੍ਰਕਾਸ਼ਿਤ ਇਹ ਛੇ ਨਾਟਕ ‘ਰਿਸ਼ਤੋਂ ਕਾ ਕਿਆ ਰੱਖੇਂ ਨਾਮ’, ‘ਕੈਮਲੂਪਸ ਕੀ ਮਛਲੀਆਂ’, ‘ਮੈਂ ਤੋ ਏਕ ਸਾਰੰਗੀ ਹੂੰ’, ‘ਪੰਚਨਦ ਕਾ ਪਾਨੀ’, ‘ਲਾਲ ਮਸੀਹਾ’ ਅਤੇ ‘ਤੁਮ ਕਬ ਲੌਟ ਕੇ ਆਓਗੇ’ ਪੰਜਾਬੀ ਨਾਟਕ ਦਾ ਘੇਰਾ ਵਿਸ਼ਾਲ ਕਰਨਗੇ।
‘ਰਿਸ਼ਤੋਂ ਕਾ ਕਿਆ ਰੱਖੇਂ ਨਾਮ’ ਸਆਦਤ ਹਸਨ ਮੰਟੋ ਦੀ ਕਹਾਣੀ ਟੋਭਾ ਟੇਕ ਸਿੰਘ ‘ਤੇ ਆਧਾਰਿਤ ਹੈ। ਵੰਡ ਦੇ ਉਜਾੜੇ ਦੌਰਾਨ ਪਾਗਲਖਾਨੇ ਅੰਦਰ ਰਹਿੰਦੇ ਪਾਤਰਾਂ ਰਾਹੀਂ ਨਾਟਕਕਾਰ ਇਸ ਦਰਦ ਨੂੰ ਸਮੇਂ, ਸਥਾਨ ਦੀ ਸੀਮਾ ਤੋਂ ਬਾਹਰ ਕੱਢ ਕੇ ਪਾਠਕ/ਦਰਸ਼ਕ ਦੇ ਸਾਹਮਣੇ ਜਵਾਬਹੀਣ ਸਵਾਲ ਪੇਸ਼ ਕਰਦਾ ਹੈ ਕਿ ਕੀ ਇਨ੍ਹਾਂ ਰਿਸ਼ਤਿਆਂ ਦਾ ਕੋਈ ਨਾਮ ਰੱਖਿਆ ਜਾ ਸਕਦਾ ਹੈ ਪਰ ਆਤਮਜੀਤ ਸਾਰੇ ਨਾਟਕ ਵਿਚ ਇਸ ਘੁੰਡੀ ਨੂੰ ਪਰਤ-ਦਰ-ਪਰਤ ਖੋਲ੍ਹਦਾ ਹੈ ਅਤੇ ਆਪੂੰ ਸਿਰਜੇ ਸਵਾਲ ਦਾ ਕਤਰਾ-ਕਤਰਾ ਜਵਾਬ ਦਿੰਦਿਆਂ ਪਾਠਕ/ਦਰਸ਼ਕ ਦੇ ਮਨ ਅੰਦਰ ਇਹ ਅਹਿਸਾਸ ਪੈਦਾ ਕਰਦਾ ਹੈ ਕਿ ਦਿਲਾਂ ਦੇ ਬੂਹੇ ਖੋਲ੍ਹ ਕੇ, ਸੰਕੀਰਨਤਾ ਤਿਆਗ ਕੇ, ਰਾਜਨੀਤੀ ਤੋਂ ਉਪਰ ਉਠ ਕੇ ਜਵਾਬ ਤਲਾਸ਼ਣ ਦੇ ਰਾਹ ਪਵਾਂਗੇ ਤਾਂ ਇਸ ਮਾਨਵੀ ਰਿਸ਼ਤੇ ਤੋਂ ਉਪਰ ਕੋਈ ਰਿਸ਼ਤਾ ਨਜ਼ਰ ਨਹੀਂ ਆਏਗਾ।
‘ਕੈਮਲੂਪਸ ਕੀ ਮਛਲੀਆਂ’ ਪਰਵਾਸ ਹੰਢਾਉਂਦੇ ਪੰਜਾਬੀਆਂ ਦੀ ਆਪਣੀ ਜੰਮਣ-ਭੌਂ ਵੱਲ ਤਾਂਘ ਨੂੰ ਵੀ ਪੇਸ਼ ਕਰਦਾ ਹੈ ਤੇ ਪਰਵਾਸੀ ਪੰਜਾਬੀਆਂ ਦੀਆਂ ਚਾਰ ਪੀੜ੍ਹੀਆਂ ਦੇ ਆਪਸੀ ਦਵੰਦ ਦੀ ਵੀ ਬਾਤ ਪਾਉਂਦਾ ਹੈ। ਜਿਥੇ ਇਕ ਪੀੜ੍ਹੀ ਲਈ ਹਰ ਹੀਲਾ ਵਰਤ ਕੇ ਖ਼ੁਦ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਵਿਦੇਸ਼ ਪਹੁੰਚਾਉਣਾ ਹੀ ਜ਼ਿੰਦਗੀ ਦਾ ਮਕਸਦ ਬਣਿਆ ਹੋਇਆ ਹੈ, ਉਥੇ ਅਗਲੀ ਪੀੜ੍ਹੀ ਕੈਨੇਡਾ ਦੀ ਮੁੱਖ ਧਾਰਾ ਦਾ ਅੰਗ ਬਣ ਕੇ ਉਥੋਂ ਦੀਆਂ ਪ੍ਰਾਪਤੀਆਂ ਅਤੇ ਮੁਸ਼ਕਿਲਾਂ ਦਾ ਹਿੱਸਾ ਬਣਨਾ ਚਾਹੁੰਦੀ ਹੈ। ਮਰਨ ਤੋਂ ਪਹਿਲਾਂ ਮੱਛੀਆਂ ਪਾਣੀ ਦੇ ਵਹਾਅ ਦੇ ਉਲਟ ਲੰਮਾ ਸਫ਼ਰ ਤੈਅ ਕਰਕੇ ਆਪਣੇ ਜਨਮ ਸਥਾਨ ਤਕ ਪਹੁੰਚਦੀਆਂ ਹਨ। ਇਸ ਪ੍ਰਤੀਕ ਨੂੰ ਆਤਮਜੀਤ ਨੇ ਬਾਖ਼ੂਬੀ ਆਪਣੇ ਨਾਟਕ ਦਾ ਹਿੱਸਾ ਬਣਾਇਆ ਹੈ ਤੇ ਪਰਵਾਸ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ।
‘ਮੈਂ ਤੋ ਏਕ ਸਾਰੰਗੀ ਹੂੰ’ ਤਿੰਨ ਔਰਤਾਂ ਦੀ ਜ਼ਿੰਦਗੀ ਦਾ ਬਾਰਾਂ ਸਾਲ ਤੋਂ ਲੈ ਕੇ ਪੰਜਾਹ ਸਾਲ ਤਕ ਦਾ ਸਫ਼ਰ ਬਿਆਨ ਕਰਦਾ ਨਾਟਕ ਹੈ। ਤਕਨੀਕ ਪੱਖੋਂ ਵਿਲੱਖਣ ਤਜਰਬਾ ਕਰਦਿਆਂ ਨਾਟਕ ਪਿੱਛੇ ਵੱਲ ਚੱਲਦਾ ਹੈ। ਸ਼ੁਰੂਆਤੀ ਸੀਨ ਵਿਚ ਇਨ੍ਹਾਂ ਔਰਤਾਂ ਦੀ ਉਮਰ 50 ਸਾਲ ਹੈ ਤੇ ਆਖ਼ਰੀ ਸੀਨ ਵਿਚ 12 ਸਾਲ। ਇਹ ਤਿੰਨ ਔਰਤਾਂ ਨਾ ਦੇਵੀਆਂ ਹਨ, ਨਾ ਡੈਣਾਂ, ਨਾ ਨਾਇਕਾ ਤੇ ਨਾ ਖਲਨਾਇਕਾ। ਆਤਮਜੀਤ ਇਨ੍ਹਾਂ ਰਾਹੀਂ ਕੋਈ ਆਦਰਸ਼ਕ ਪਾਤਰ ਨਹੀਂ ਸਿਰਜਦਾ ਜਿਨ੍ਹਾਂ ਦਾ ਤੁਸੀਂ ਅਨੁਸਰਨ ਕਰ ਸਕੋ। ਅਜਿਹਾ ਉਹ ਚਾਹੁੰਦਾ ਹੀ ਨਹੀਂ। ਉਹ ਤਾਂ ਇਹ ਤਿੰਨ ਔਰਤਾਂ ਪੇਸ਼ ਕਰਕੇ ਆਪਣੇ ਪਾਠਕ/ਦਰਸ਼ਨ ਅੱਗੇ ਚੁਣੌਤੀ ਪੇਸ਼ ਕਰਨਾ ਚਾਹੁੰਦਾ ਹੈ ਕਿ ਪੁਰਾਤਨ ਕਾਲ ਤੋਂ ਹੁਣ ਤਕ ਜੇ ਔਰਤ ਪ੍ਰਤੀ ਸਾਡੀ ਪਹੁੰਚ ਇਵੇਂ ਹੀ ਪੱਖਪਾਤੀ ਰਹੀ ਤਾਂ ਅਜਿਹੀਆਂ ਔਰਤਾਂ ਦਾ ਸਾਹਮਣਾ ਕਰੋਗੇ। ਕਬੂਲ ਹੈ ਤਾਂ ਨਾ ਬਦਲੋ, ਨਹੀਂ ਤਾਂ ਸੋਚੋ।
‘ਪੰਚਨਦ ਕਾ ਪਾਨੀ’ ਪ੍ਰਸਿਧ ਕਹਾਣੀਕਾਰ ਮਨਮੋਹਨ ਬਾਵਾ ਦੀਆਂ ਦੋ ਕਹਾਣੀਆਂ ‘ਤੇ ਆਧਾਰਿਤ ਨਾਟਕ ਹੈ। ਇਹ ਨਾਟਕ ਚੌਦਵੀਂ ਸਦੀ ਦੇ ਪੰਜਾਬ ਦੀ ਬਾਤ ਪਾਉਂਦਾ ਹੈ, ਜਦੋਂ ਅਤਿ ਮਹੱਤਵਪੂਰਨ ਰਾਜਨੀਤਕ, ਸਮਾਜਿਕ ਤਬਦੀਲੀਆਂ ਵਾਪਰ ਰਹੀਆਂ ਸਨ। ਰਾਜਪੂਤ ਆਪਣੀ ਸ਼ਾਨ ਗੁਆ ਚੁੱਕੇ ਹਨ, ਤੁਰਕਾਂ ਦਾ ਕਬਜ਼ਾ ਹੈ ਤੇ ਮੰਗੋਲ ਲੁੱਟ-ਖਸੁੱਟ ਕਰ ਰਹੇ ਹਨ। ਨਾਟਕ ਦੀਆਂ ਦੋ ਮੁੱਖ ਪਾਤਰ ਦੁਲਾਰੀ ਅਤੇ ਨੈਲਾ ਪੰਜਾਬੀ ਨਾਟਕਕਾਰੀ ਅੰਦਰ ਮਿਸਾਲੀ ਕਿਰਦਾਰ ਬਣ ਕੇ ਸਾਹਮਣੇ ਆਉਂਦੀਆਂ ਹਨ। ਨਾਟਕ ਸਬੰਧਾਂ ਦੀ ਜਟਿਲਤਾ ਬਾਰੇ ਬੇਬਾਕ ਰਾਇ ਪੇਸ਼ ਕਰਦਾ ਹੈ। ਧਰਮ, ਰਾਜਨੀਤੀ, ਜਾਤ-ਪਾਤ ਬਾਰੇ ਮਹੱਤਵਪੂਰਨ ਟਿੱਪਣੀਆਂ ਦਿੰਦਾ ਹੈ ਅਤੇ ਸਮਕਾਲੀ ਸਥਿਤੀਆਂ ਨਾਲ ਜੋੜ ਕੇ ਮੁੱਲਵਾਨ ਸਵਾਲ ਖੜ੍ਹੇ ਕਰਦਾ ਹੈ।
‘ਲਾਲ ਮਸੀਹਾ’ ਕੀਨੀਆ ਦੇ ਆਜ਼ਾਦੀ ਸੰਗਰਾਮ ਅੰਦਰ ਪੰਜਾਬੀ ਮੱਖਣ ਸਿੰਘ ਦੇ ਲਾਸਾਨੀ ਯੋਗਦਾਨ ਦੀ ਕਹਾਣੀ ਪੇਸ਼ ਕਰਦਾ ਹੈ। ਇਕ ਅਜਿਹੇ ਪਾਤਰ ਦੀ ਕਹਾਣੀ ਜੋ ਧਰਮ, ਨਸਲ, ਦੇਸ਼ ਤੋਂ ਉਪਰ ਉਠ ਕੇ ਪੂਰਨ ਆਜ਼ਾਦੀ ਦਾ ਝੰਡਾ ਬੁਲੰਦ ਕਰਦਾ ਹੈ। ਪੰਜਾਬੀ ਵਿਚ ਇਸ ਨਾਟਕ ਦਾ ਨਾਮ ‘ਮੁੰਗੂ ਕਾਮਰੇਡ’ ਹੈ। ‘ਤੁਮ ਕਬ ਲੌਟ ਕੇ ਆਓਗੇ’ ਨਾਟਕ ਪਹਿਲੇ ਵਿਸ਼ਵ ਯੁੱਧ ਦੌਰਾਨ ਰੁਜ਼ਗਾਰ ਪ੍ਰਾਪਤੀ ਦੀ ਲਾਚਾਰੀ ਦੇ ਭੰਨੇ ਭਾਰਤੀ ਫ਼ੌਜੀਆਂ ਵੱਲੋਂ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਦਰਦ ਭੋਗਣ ਦਾ ਕਿੱਸਾ ਪੇਸ਼ ਕਰਦਾ ਹੈ। ਇਹ ਨਾਟਕ ਅਜੋਕੇ ਸਮਿਆਂ ਅੰਦਰ ਭਿਆਨਕ ਸ਼ਕਲ ਅਖ਼ਤਿਆਰ ਕਰ ਰਹੇ ‘ਰਾਸ਼ਟਰਵਾਦ’ ਦੇ ਸ਼ੋਰ ਦਾ ਜਵਾਬ ਦਿੰਦਾ ਹੈ। ਉਹ ਔਰਤਾਂ, ਜੋ ਫ਼ੌਜੀ ਪਤੀਆਂ, ਭਰਾਵਾਂ, ਪੁੱਤਰਾਂ ਦੀ ਉਡੀਕ ਵਿਚ ਤੜਪਦੀਆਂ ਰਹੀਆਂ, ਕੁਰਬਾਨੀ ਕਰਦੀਆਂ ਰਹੀਆਂ, ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਆਤਮਜੀਤ ਦੇ ਇਹ ਛੇ ਹਿੰਦੀ ਨਾਟਕ ਨਾਟ-ਜਗਤ ਦੇ ਖ਼ਜ਼ਾਨੇ ਵਿਚ ਕੀਮਤੀ ਵਾਧਾ ਕਰਦੇ ਹਨ ਅਤੇ ਇਸ ਵਿਲੱਖਣ ਨਾਟਕਕਾਰ ਤੋਂ ਹੋਰ ਉਮੀਦਾਂ ਜਗਾਉਂਦੇ ਹਨ।