ਰਾਮ ਰਹੀਮ ਨੂੰ ਮੁਆਫੀ ਦਾ ਮਾਮਲਾ ਮੁੜ ਭਖਿਆ

ਅੰਮ੍ਰਿਤਸਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦਾ ਮਾਮਲਾ ਮੁੜ ਭਖ ਗਿਆ ਹੈ। ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਮੁਆਫੀ ਨਾਲ ਸਬੰਧਤ ਕੁਝ ਦਸਤਾਵੇਜ਼ ਸ੍ਰੀ ਅਕਾਲ ਤਖਤ ਸਾਹਿਬ ਦੀ ਸੱਤ ਮੈਂਬਰੀ ਜਾਂਚ ਕਮੇਟੀ ਨੂੰ ਸੌਂਪੇ ਗਏ ਹਨ। ਇਸ ਨਾਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।

ਗਿਆਨੀ ਇਕਬਾਲ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਸੌਂਪੇ ਦਸਤਾਵੇਜ਼ਾਂ ਵਿਚ ਡੇਰਾ ਸਿਰਸਾ ਵਲੋਂ ਭੇਜਿਆ ਗਿਆ ਪੱਤਰ ਵੀ ਸ਼ਾਮਲ ਹੈ ਜਿਸ ਦੇ ਆਧਾਰ ‘ਤੇ ਮੁਆਫੀ ਦਿੱਤੀ ਗਈ ਸੀ। ਹਾਲਾਂਕਿ, ਉਨ੍ਹਾਂ ਦਾ ਦਾਅਵਾ ਹੈ ਕਿ ਡੇਰੇ ਤੋਂ ਮਿਲੇ ਪੱਤਰ ਵਿਚ ਕਿਤੇ ਵੀ ਖਿਮਾ-ਜਾਚਨਾ ਦਾ ਜ਼ਿਕਰ ਨਹੀਂ ਸੀ। ਮੁਅੱਤਲੀ ਮਗਰੋਂ ਪੰਜ ਤਖਤਾਂ ਦੇ ਸਿੰਘ ਸਾਹਿਬਾਨ ਨੇ ਬੈਠਕ ਵਿਚ ਗਿਆਨੀ ਇਕਬਾਲ ਸਿੰਘ ‘ਤੇ ਲੱਗੇ ਇਲਜ਼ਾਮਾਂ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਬਣਾਈ ਸੀ। ਇਕਬਾਲ ਸਿੰਘ ਖਿਲਾਫ਼ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਦੂਜਾ ਵਿਆਹ ਅਤੇ ਉਨ੍ਹਾਂ ਦੇ ਪੁੱਤਰ ਦੀ ਸਿਗਰਟਨੋਸ਼ੀ ਕਰਦਿਆਂ ਦੀ ਵੀਡੀਓ ਵਾਇਰਲ ਹੋਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਡੇਢ ਦਹਾਕੇ ਤੋਂ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਹੇ ਇਕਬਾਲ ਸਿੰਘ ਦਾ ਦਾਅਵਾ ਹੈ ਕਿ ਇਹ ਇਲਜ਼ਾਮ ਉਨ੍ਹਾਂ ਖਿਲਾਫ ਕਿੜ ਕੱਢਣ ਲਈ ਲਾਏ ਗਏ ਸਨ, ਕਿਉਂਕਿ ਉਨ੍ਹਾਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। ਜ਼ਾਹਰ ਹੈ ਕਿ ਇਕਬਾਲ ਸਿੰਘ ਹੁਣ ਇਨ੍ਹਾਂ ਮੁਆਫੀ ਸਬੰਧੀ ਡੇਰਾ ਸਿਰਸਾ ਤੋਂ ਆਏ ਕਾਗਜ਼ਾਂ ਨੂੰ ਆਪਣੇ ਬਚਾਅ ਵਜੋਂ ਵਰਤਣ ਲਈ ਕਮੇਟੀ ਸਨਮੁਖ ਪੇਸ਼ ਕਰ ਰਹੇ ਹਨ।