ਪ੍ਰੋ. ਜੋਗਿੰਦਰ ਸਿੰਘ ਰਮਦੇਵ ਸਵਰਗਵਾਸ

ਸ਼ਿਕਾਗੋ (ਸੁਰਿੰਦਰ ਸਿੰਘ ਭਾਟੀਆ): ਸ਼ਿਕਾਗੋ ਦੇ ਉਘੇ ਸਿੱਖ ਬੁੱਧੀਜੀਵੀ ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਾਬਕਾ ਡਿਪਟੀ ਲਾਇਬਰੇਰੀਅਨ ਅਤੇ ਪੰਜਾਬ ਟਾਈਮਜ਼ ਦੇ ਸਲਾਹਕਾਰ ਬੋਰਡ ਦੇ ਮੈਂਬਰ ਪ੍ਰੋ. ਜੋਗਿੰਦਰ ਸਿੰਘ ਰਮਦੇਵ 23 ਮਾਰਚ, ਸਨਿਚਰਵਾਰ ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ।

ਪ੍ਰੋ. ਰਮਦੇਵ ਆਪਣੇ ਪਿਛੇ ਦੋ ਪੁੱਤਰ-ਜਤਿੰਦਰ ਸਿੰਘ ਤੇ ਡਾ. ਰਿਕ ਸਿੰਘ ਰਮਦੇਵ, ਨੂੰਹਾਂ-ਸੀਮਾ ਰਮਦੇਵ ਤੇ ਕ੍ਰਿਸ ਰਮਦੇਵ ਅਤੇ ਦੋ ਪੋਤਰੇ ਤੇ ਤਿੰਨ ਪੋਤਰੀਆਂ ਛੱਡ ਗਏ ਹਨ। ਵੱਡਾ ਪੁੱਤਰ ਜਤਿੰਦਰ ਸਿੰਘ ਬਿਜਨਸਮੈਨ ਹੈ ਤੇ ਵੱਡੀ ਨੂੰਹ ਸੀਮਾ ਕੰਪਿਊਟਰ ਪ੍ਰੋਗਰਾਮਰ ਹੈ। ਛੋਟਾ ਪੁੱਤਰ ਰਿਕ ਸਿੰਘ ਡਾਕਟਰ ਹੈ ਤੇ ਛੋਟੀ ਨੂੰਹ ਕ੍ਰਿਸ ਡਾਕਟਰੇਟ ਆਫ ਫਾਰਮੇਸੀ ਹੈ। ਪ੍ਰੋ. ਰਮਦੇਵ ਦੀ ਧਰਮ ਪਤਨੀ ਸਤਿੰਦਰ ਕੌਰ ਰਮਦੇਵ ਕਈ ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ। ਪ੍ਰੋ. ਰਮਦੇਵ ਇੰਨੀ ਬਲਵਾਨ ਸ਼ਖਸੀਅਤ ਸਨ ਕਿ ਪਤਨੀ ਦੇ ਚਲਾਣੇ ਪਿਛੋਂ ਇਕੱਲੇ ਹੀ ਰਹਿੰਦੇ ਰਹੇ ਅਤੇ ਆਪਣਾ ਬਹੁਤਾ ਸਮਾਂ ਪੁਸਤਕਾਂ ਪੜ੍ਹਨ ਵਿਚ ਹੀ ਗੁਜ਼ਾਰਦੇ ਰਹੇ।
ਪ੍ਰੋ. ਰਮਦੇਵ ਦੀ ਆਤਮਿਕ ਸ਼ਾਂਤੀ ਲਈ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਪੈਲਾਟਾਈਨ ਵਿਖੇ 6 ਅਪਰੈਲ, ਸਨਿਚਰਵਾਰ ਨੂੰ ਸਵੇਰੇ 10 ਵਜੇ ਤੋਂ ਇਕ ਵਜੇ ਤਕ ਹੋਵੇਗੀ।
ਪ੍ਰੋ. ਜੋਗਿੰਦਰ ਸਿੰਘ ਰਮਦੇਵ ਦਾ ਜਨਮ 17 ਸਤੰਬਰ 1930 ਨੂੰ ਐਮਨਾਬਾਦ (ਜਿਥੇ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਘਰ ਗਏ ਸਨ) ਗੁਜਰਾਂਵਾਲਾ (ਹੁਣ ਪਾਕਿਸਤਾਨ) ਵਿਚ ਹੋਇਆ। 1947 ਦੀ ਵੰਡ ਪਿਛੋਂ ਉਹ ਆਪਣੇ ਮਾਤਾ-ਪਿਤਾ ਨਾਲ ਜਲੰਧਰ ਆ ਗਏ। 1947 ਦੇ ਦੰਗਿਆਂ ਵਿਚ ਉਹ ਮਸੀਂ ਬਚੇ, ਪਰ ਉਨ੍ਹਾਂ ਦੇ ਦੋ ਭਰਾ ਤੇ ਇਕ ਭੈਣ ਮਾਰੇ ਗਏ।
ਪ੍ਰੋ. ਰਮਦੇਵ ਨੇ ਕਾਲਜ ਦੀ ਪੜ੍ਹਾਈ ਜਲੰਧਰ ਵਿਚ ਕੀਤੀ। ਇਥੇ ਹੀ ਉਨ੍ਹਾਂ ਐਮ. ਏ. ਪੰਜਾਬੀ; ਐਮ. ਏ. ਉਰਦੂ ਅਤੇ ਡੀ.ਲਿਬ ਸਾਇੰਸ ਇਨ ਲਾਇਬ੍ਰਰੇਰੀ ਕੀਤੀ। ਜਲੰਧਰ ਵਿਚ ਹੀ ਹੰਸ ਰਾਜ ਮਹਿਲਾ ਕਾਲਜ ਵਿਚ ਬਤੌਰ ਪੰਜਾਬੀ ਲੈਕਚਰਾਰ ਉਨ੍ਹਾਂ ਆਪਣਾ ਕੈਰੀਅਰ ਸ਼ੁਰੂ ਕੀਤਾ। 1960 ਵਿਚ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਲਾਇਬਰੇਰੀਅਨ ਬਣ ਗਏ। ਥੋੜੇ ਸਮੇਂ ਵਿਚ ਹੀ ਉਨ੍ਹਾਂ ਨੇ ਆਪਣੇ ਇਸ ਪੇਸ਼ੇ ਵਿਚ ਬੁਲੰਦੀ ਹਾਸਿਲ ਕੀਤੀ। ਸੰਨ 1967-69 ਵਿਚ ਉਹ ਆਲ ਇੰਡੀਆ ਲਾਇਬਰੇਰੀ ਐਸੋਸੀਏਸ਼ਨ ਦੇ ਸਭ ਤੋਂ ਘਟ ਉਮਰ ਦੇ ਵਾਈਸ ਪ੍ਰੈਜ਼ੀਡੈਂਟ ਬਣੇ। 1970 ਵਿਚ ਪੰਜਾਬ ਯੂਨੀਵਰਸਿਟੀ ਦੀ ਨੌਕਰੀ ਛੱਡ ਕੇ ਅਮਰੀਕਾ ਆ ਗਏ। ਇਥੇ ਉਨ੍ਹਾਂ ਨੇ ਆਈ. ਆਈ. ਟੀ. ਸ਼ਿਕਾਗੋ ਵਿਚ ਸੀਨੀਅਰ ਲਾਇਬਰੇਰੀਅਨ ਦੇ ਤੌਰ ‘ਤੇ ਕੰਮ ਕੀਤਾ।
ਪੰਜਾਬ ਯੂਨੀਵਰਸਿਟੀ ਦੇ ਆਪਣੇ ਦਸ ਸਾਲਾਂ ਦੇ ਕੈਰੀਅਰ ਵਿਚ ਉਨ੍ਹਾਂ ਨੇ ਲਾਇਬਰੇਰੀ ਸਾਇੰਸ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਪੜ੍ਹਾਇਆ। ਉਨ੍ਹਾਂ ਦੇ ਪੜ੍ਹਾਏ ਕਈ ਵਿਦਿਆਰਥੀ ਭਾਰਤ, ਅਮਰੀਕਾ ਤੇ ਹੋਰਨਾਂ ਦੇਸ਼ਾਂ ਵਿਚ ਉਚ ਅਹੁਦਿਆਂ ‘ਤੇ ਤਾਇਨਾਤ ਹੋਏ। ਇਸ ਦੌਰਾਨ ਉਨ੍ਹਾਂ ਨੇ ਕਈ ਖੋਜ ਪੱਤਰ ਤੇ ਕਿਤਾਬਾਂ ਵੀ ਲਿਖੀਆਂ। ਉਨ੍ਹਾਂ ਦੇ ਖੋਜ ਪੱਤਰ ਤੇ ਲੇਖ ਉਸ ਵੇਲੇ ਦੇਸ਼ ਦੀਆਂ ਪ੍ਰਮੁਖ ਅਖਬਾਰਾਂ ਤੇ ਰਸਾਲਿਆਂ ਵਿਚ ਆਮ ਛਪਦੇ ਰਹਿੰਦੇ ਸਨ। ਉਨ੍ਹਾਂ ਦੇ ਇਹ ਲੇਖ ਅਕਾਦਮਿਕ ਖੇਤਰ ਵਿਚ ਬਹੁਤ ਸਲਾਹੇ ਜਾਂਦੇ ਸਨ। ਉਨ੍ਹਾਂ ਦੀ ਇਕ ਕਿਤਾਬ ‘ਪੰਜਾਬੀ ਲਿਖਾਰੀ ਕੋਸ਼’ ਨੂੰ ਭਾਸ਼ਾ ਵਿਭਾਗ ਵਲੋਂ ਸਾਲ ਦੀ ਬੈਸਟ ਪੁਸਤਕ ਕਰਾਰ ਦਿੱਤਾ ਗਿਆ ਸੀ ਤੇ ਪੰਜਾਬ ਸਰਕਾਰ ਨੇ ਟੈਗੋਰ ਥਿਏਟਰ ਚੰਡੀਗੜ੍ਹ ਵਿਚ ਉਨ੍ਹਾਂ ਨੂੰ ਵਿਸ਼ੇਸ਼ ਇਨਾਮ ਨਾਲ ਨਿਵਾਜਿਆ ਸੀ। 1969 ਵਿਚ ਛਪੀ ਉਨ੍ਹਾਂ ਦੀ ਕਿਤਾਬ ‘ਗੁਰੂ ਗੋਬਿੰਦ ਸਿੰਘ ਜੀ: ਏ ਡਿਸਕ੍ਰਿਪਟਿਵ ਬਿਬਲੀਓਗ੍ਰਾਫੀ’ ਨੂੰ ਉਚ ਕੋਟੀ ਦੇ ਲੇਖਕਾਂ ਖੁਸ਼ਵੰਤ ਸਿੰਘ ਤੇ ਡਾ. ਸੁਰਿੰਦਰ ਸਿੰਘ ਕੋਹਲੀ ਨੇ ਸਿੱਖ ਇਤਿਹਾਸ ਤੇ ਧਰਮ ਖੇਤਰ ਵਿਚ ਨਵੀਂ ਖੋਜ ਕਰਾਰ ਦਿੱਤਾ ਸੀ ਤੇ ਕਿਹਾ ਸੀ ਕਿ ਵਿਦਿਆਰਥੀਆਂ ਦੀ ਉਚ ਸਿਖਿਆ ਲਈ ਇਹ ਪੁਸਤਕ ਬਹੁਤ ਲਾਹੇਵੰਦ ਹੈ।
ਦੁਨੀਆਂ ਦੇ ਬਿਹਤਰੀਨ ਨਾਵਲਾਂ ਵਿਚ ਗਿਣੇ ਜਾਂਦੇ ਫਰਾਂਸੀਸੀ ਲੇਖਕ ਗੁਸਤਾਵ ਫਲਾਬੇਅਰ ਦੇ ਵਿਸ਼ਵ ਪ੍ਰਸਿਧ ਨਾਵਲ ‘ਮਦਾਮ ਬਾਵਾਰੀ’ ਦਾ ਪੰਜਾਬੀ ਵਿਚ ਅਨੁਵਾਦ ਕਰਕੇ ਪੰਜਾਬੀ ਲਿਟਰੇਚਰ ਦੀ ਸ਼ਾਨ ਵਿਚ ਵਾਧਾ ਕਰਕੇ ਪ੍ਰਸਿੱਧੀ ਹਾਸਿਲ ਕੀਤੀ। ਉਨ੍ਹਾਂ ਦੁਨੀਆਂ ਦੀਆਂ ਬਿਹਤਰੀਨ ਮਿਨੀ ਕਹਾਣੀਆਂ ਦਾ ਪੰਜਾਬੀ ਵਿਚ ਤਰਜ਼ਮਾ ਪੁਸਤਕ ‘ਵੰਨ ਵੰਨ ਦੇ ਫੁੱਲ’ ਵਿਚ ਕਰਕੇ ਪੰਜਾਬੀ ਭਾਸ਼ਾ ਵਿਚ ਇਕ ਹੋਰ ਮੀਲ ਪੱਥਰ ਸਥਾਪਤ ਕੀਤਾ।
ਪ੍ਰੋ. ਰਮਦੇਵ ਅਮਰੀਕਾ ਵਿਚ ਮਿਡਵੈਸਟ ਦੇ ਬਹੁਤ ਸਾਰੇ ਗੁਰਦੁਆਰਿਆਂ ਵਿਚ ਸਿੱਖ ਧਰਮ ਨਾਲ ਸਬੰਧਤ ਵਿਸ਼ਿਆਂ ‘ਤੇ ਲੈਕਚਰ ਦੇ ਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ। ਉਨ੍ਹਾਂ ਨੂੰ ਹੋਰ ਧਰਮਾਂ ਦਾ ਵੀ ਗੂੜ੍ਹਾ ਗਿਆਨ ਸੀ। ਉਹ ਅਕਸਰ ਮਸਜਿਦਾਂ ਤੇ ਚਰਚਾਂ ਵਿਚ ਵੀ ਲੈਕਚਰ ਦੇ ਕੇ ਦੂਜੇ ਧਰਮਾਂ ਦੇ ਆਗੂਆਂ ਤੇ ਲੋਕਾਂ ਤੋਂ ਪ੍ਰਸ਼ੰਸਾ ਖੱਟਦੇ।
ਪ੍ਰੋ. ਰਮਦੇਵ ਨੇ ਆਪਣੀ ਪਤਨੀ ਸਤਿੰਦਰ ਕੌਰ ਰਾਮਦੇਵ ਦੇ ਨਾਂ ‘ਤੇ ਪੰਜਾਬ ਵਿਚ ਲਾਇਬਰੇਰੀ ਸਾਇੰਸ ਦੀ ਤਰੱਕੀ ਲਈ ਇਕ ਟਰੱਸਟ ‘ਸੱਤਕਾਲ’ (ਸਤਿੰਦਰ ਕੌਰ ਰਾਮਦੇਵ ਮੈਮੋਰੀਅਲ ਟਰੱਸਟ ਫਾਰ ਦੀ ਐਡਵਾਂਸਮੈਂਟ ਆਫ ਲਾਇਬਰੇਰੀ) ਕਾਇਮ ਕੀਤਾ, ਜਿਸ ਰਾਹੀਂ ਉਹ ਪ੍ਰਤਿਭਾਸ਼ਾਲੀ ਲਾਇਬਰੇਰੀ ਵਿਦਿਆਰਥੀਆਂ ਨੂੰ ਉਚ ਸਿਖਿਆ ਪੂਰੀ ਕਰਨ ਲਈ ਵਜ਼ੀਫਾ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਦੇ ਤੇ ਉਨ੍ਹਾਂ ਦੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਮਦਦ ਕਰਦੇ।
ਪੰਜਾਬ ਦੀਆਂ ਕਈ ਸਮਾਜਕ, ਵਿਦਿਅਕ ਅਦਾਰਿਆਂ ਤੇ ਯੂਨੀਵਰਸਿਟੀਆਂ ਨੇ ਸਮੇਂ ਸਮਂੇ ‘ਤੇ ਉਨ੍ਹਾਂ ਦੇ ਇਸ ਕਾਰਜ ਲਈ ਉਨ੍ਹਾਂ ਨੂੰ ਸਨਮਾਨ ਦੇ ਕੇ ਨਿਵਾਜਿਆ।
ਸੰਨ 2000 ਵਿਚ ਸ਼੍ਰੋਮਣੀ ਗੁਰਦੁਆਰਾ ਪੰ੍ਰਬਧਕ ਕਮੇਟੀ, ਅੰਮ੍ਰਿਤਸਰ ਨੇ ਸਿਰੋਪਾਓ ਤੇ ਹਰਮਿੰਦਰ ਸਾਹਿਬ ਦਾ ਮਾਡਲ ਦੇ ਕੇ ਉਨ੍ਹਾਂ ਦਾ ਮਾਣ ਸਤਿਕਾਰ ਕੀਤਾ। ਉਹ ਪੰਜਾਬ ਦੇ ਪਹਿਲੇ ਲਾਇਬਰੇਰੀਅਨ ਸਨ, ਜਿਨ੍ਹਾਂ ਨੂੰ ਇਹ ਸਨਮਾਨ ਸ਼੍ਰੋਮਣੀ ਕਮੇਟੀ ਤੋਂ ਮਿਲਿਆ ਸੀ।
ਪ੍ਰੋ. ਰਮਦੇਵ ਅਖਬਾਰ ‘ਪੰਜਾਬ ਟਾਈਮਜ਼’ ਦੇ ਸਲਾਹਕਾਰ ਬੋਰਡ ਦੇ ਮੈਂਬਰ ਸਨ। ਸ਼ਿਕਾਗੋ ਦੀ ਇਕ ਸੰਸਥਾ ਸੀਨੀਅਰ ਸਿਟੀਜ਼ਨ ਸਿੱਖ ਸੰਸਥਾ (ਆਸਾ) ਦੇ ਪ੍ਰਧਾਨ ਸਨ।
ਪਿਛਲੇ ਸਾਲ ਉਨ੍ਹਾਂ ਨੇ ਸਿੱਖ ਰਿਲੀਜੀਅਸ ਸੁਸਾਇਟੀ, ਸ਼ਿਕਾਗੋ (ਗੁਰਦੁਆਰਾ ਪੈਲਾਟਾਈਨ) ਦੀ ਲਾਇਬਰੇਰੀ ਨੂੰ ਆਪਣੀਆਂ ਸਾਰੀਆਂ ਪੁਸਤਕਾਂ ਭੇਟ ਕਰ ਦਿੱਤੀਆਂ ਸਨ ਤੇ ਉਨ੍ਹਾਂ ਦੀ ਸੰਭਾਲ ਲਈ 10 ਹਜਾਰ ਡਾਲਰ ਵੀ ਭੇਟ ਕੀਤੇ ਸਨ।
ਗੁਰਦੁਆਰਾ ਪੈਲਾਟਾਈਨ ਦੇ ਪ੍ਰਬੰਧਕੀ ਬੋਰਡ ਅਤੇ ਪੰਜਾਬ ਟਾਈਮਜ਼ ਦੇ ਸਲਾਹਕਾਰ ਬੋਰਡ ਨੇ ਪ੍ਰੋ. ਰਮਦੇਵ ਦੇ ਚਲਾਣੇ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਹੈ ਕਿ ਸਾਥੋਂ ਇਕ ਵਿਦਵਾਨ ਸ਼ਖਸੀਅਤ ਖੁਸ ਗਈ ਹੈ, ਜਿਸ ਦਾ ਘਾਟਾ ਕਦੀ ਪੂਰਾ ਨਹੀਂ ਹੋ ਸਕੇਗਾ। ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।
ਸ਼ਿਕਾਗੋ ਅਤੇ ਮਿਡਵੈਸਟ ਦੀਆਂ ਧਾਰਮਕ, ਸਭਿਆਚਾਰਕ ਅਤੇ ਖੇਡਾਂ ਨੂੰ ਸਮਰਪਿਤ ਸੰਸਥਾਵਾਂ ਨੇ ਪ੍ਰੋ. ਸਾਹਿਬ ਦੇ ਵਿਛੋੜੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।