ਰਿਧਿ ਸਿਧਿ ਅਵਰਾ ਸਾਦ-2

ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਦੇ ਅਰੰਭ ਵਿਚ ਹੀ ਗੱਲ ਕੀਤੀ ਸੀ ਕਿ ਰਿਧੀਆਂ-ਸਿੱਧੀਆਂ ਦਾ ਸਬੰਧ ਹਿੰਦੂ ਅਤੇ ਬੁੱਧ ਧਰਮ ਦੇ ਤਾਂਤ੍ਰਿਕਾਂ ਨਾਲ ਹੈ ਜੋ ਖਾਸ ਕਿਸਮ ਦੀ ਸਾਧਨਾ ਰਾਹੀਂ ਇਨ੍ਹਾਂ ਖਾਸ ਕਿਸਮ ਦੀਆਂ ਸ਼ਕਤੀਆਂ ਨੂੰ ਪ੍ਰਾਪਤ ਕਰਨ ਦਾ ਜਤਨ ਕਰਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਧਿਐਨ ਕਰਦਿਆਂ ਪਿਛਲੇ ਲੇਖ ਵਿਚ ਗੱਲ ਇਸ ਤੱਥ ‘ਤੇ ਖਤਮ ਕੀਤੀ ਸੀ ਕਿ ਗੁਰੂ ਅਮਰਦਾਸ ਨੇ ਰਿਧੀਆਂ-ਸਿੱਧੀਆਂ ਦੀ ਪ੍ਰਾਪਤੀ ਨੂੰ ‘ਮੋਹ’ ਕਿਹਾ ਹੈ। ਗੁਰਮਤਿ ਦਰਸ਼ਨ ਵਿਚ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ-ਪੰਜ ਵਿਕਾਰ ਮੰਨੇ ਗਏ ਹਨ ਜੋ ਮਨੁੱਖ ਦੇ ਮਨ ਨੂੰ ਅਧਿਆਤਮਕਤਾ ਦੇ ਰਾਹ ‘ਤੇ ਚੱਲਣ ਤੋਂ ਰੋਕਦੇ ਹਨ, ਪਰਮਾਤਮਾ ਨਾਲ ਇਕਸੁਰਤਾ ਦੇ ਰਸਤੇ ਦਾ ਰੋੜਾ ਬਣਦੇ ਹਨ। ਇਸ ਲਈ ਇਨ੍ਹਾਂ ਬਿਰਤੀਆਂ ਦੇ ਅਧੀਨ ਹੋ ਕੇ ਚੱਲਣ ਵਾਲਾ ਮਨੁਖ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਨਾਲੋਂ ਆਪਣੇ ਮਨ ਦੀਆਂ ਬਿਰਤੀਆਂ ਦੇ ਅਧੀਨ ਹੋ ਕੇ ਚੱਲਦਾ ਹੈ ਅਤੇ ਗੁਰਮਤਿ ਦਰਸ਼ਨ ਵਿਚ ਅਜਿਹੇ ਮਨੁੱਖ ਨੂੰ ਮਨਮੁਖਿ ਕਿਹਾ ਗਿਆ ਹੈ।
ਮਨਮੁਖਿ ਗੁਰਮਤਿ ਅਨੁਸਾਰ ਮਨੁੱਖ ਦੀ ਪ੍ਰਵਾਨਤ ਆਦਰਸ਼ਕ ਕਿਸਮ ਨਹੀਂ ਹੈ। ਮਨੁੱਖ ਦੀ ਪ੍ਰਵਾਨਤ ਅਤੇ ਆਦਰਸ਼ਕ ਕਿਸਮ ਗੁਰਮੁਖਿ ਹੈ ਜਿਸ ਦੀ ਪ੍ਰਾਪਤੀ ਲਈ ਮਨੁੱਖ ਨੇ ਆਪਣੇ ਮਨ ਦੇ ਅਧੀਨ ਹੋ ਕੇ ਚੱਲਣ ਦੀ ਥਾਂ ਗੁਰੂ ਦੇ ਦੱਸੇ ਰਸਤੇ ‘ਤੇ ਚੱਲਣ ਦਾ ਜਤਨ ਕਰਨਾ ਹੈ। ਇਸ ਤਰ੍ਹਾਂ ਗੁਰਮਤਿ ਅਨੁਸਾਰ ‘ਮੋਹ’ ਇੱਕ ਵਿਕਾਰ ਹੈ ਜੋ ਮਨ ਨੂੰ ਵਿਚਲਿਤ ਕਰਦਾ ਹੈ। ਇਸ ਤਰ੍ਹਾਂ ‘ਰਿਧਿ ਸਿਧਿ’ ਕੋਈ ਅਧਿਆਤਮਕ ਪ੍ਰਾਪਤੀ ਨਾ ਹੋ ਕੇ ਇੱਕ ਵਿਕਾਰ ਹੈ ਜੋ ਮਨ ਨੂੰ ਭਟਕਣਾ ‘ਚ ਪਾਉਂਦਾ ਹੈ। ਚੌਥੀ ਨਾਨਕ ਜੋਤਿ ਗੁਰੂ ਰਾਮ ਦਾਸ ਨੇ ‘ਰਿਧ ਸਿਧਿ’ ਨੂੰ ‘ਚੇਟਕ ਚੇਟਕਈਆ’ ਕਿਹਾ ਹੈ। ਚੇਟਕ-ਚੇਟਕਈਆ ਦਾ ਸਬੰਧ ਵਿਖਾਵੇ ਨਾਲ ਹੈ, ਨਾਟਕ ਨਾਲ ਹੈ। ਗੁਰੂ ਰਾਮ ਦਾਸ ਤਿਆਗ ਨਾਲ ਸਬੰਧਤ ਹਿੰਦੂ ਧਰਮ ਦੇ ਵੱਖ ਵੱਖ ਫਿਰਕਿਆਂ ਦਾ ਵਰਣਨ ਕਰਦਿਆਂ ਦੱਸਦੇ ਹਨ ਕਿ ਇਸ ਕਿਸਮ ਦਾ ਤਿਆਗ ਪਰਮਾਤਮਾ ਪ੍ਰਾਪਤੀ ਦਾ ਸਾਧਨ ਨਹੀਂ ਬਣਦਾ। ਸੰਨਿਆਸੀ ਸਾਧੂਆਂ ਦਾ ਹਵਾਲਾ ਦਿੱਤਾ ਹੈ ਕਿ ਸੰਨਿਆਸੀ ਧੀਆਂ-ਪੁੱਤਰਾਂ ਅਰਥਾਤ ਪਰਿਵਾਰਕ ਜੀਵਨ ਦਾ ਤਿਆਗ ਕਰਕੇ ਸੰਨਿਆਸੀ ਬਣ ਜਾਂਦਾ ਹੈ ਪਰ ਉਹ ਆਪਣੇ ਮਨ ਵਿਚ ਅਨੇਕਾਂ ਆਸਾਂ ਲਈ ਘੁੰਮਦਾ ਫਿਰਦਾ ਹੈ, ਥਾਂ ਥਾਂ ਦਾ ਰਟਨ ਕਰਦਾ ਫਿਰਦਾ ਹੈ ਪਰ ਮਨ ਵਿਚੋਂ ਲਾਲਸਾ ਦਾ ਤਿਆਗ ਨਹੀਂ ਕਰ ਪਾਉਂਦਾ। ਇਸੇ ਤਰ੍ਹਾਂ ਦਿਗੰਬਰ ਸਾਧੂਆਂ ਦਾ ਜ਼ਿਕਰ ਕਰਦਿਆਂ ਦੱਸਦੇ ਹਨ ਕਿ ਜੋ ਸਭ ਕੁੱਝ ਤਿਆਗ ਕੇ ਨਗਨ ਹੋ ਜਾਂਦੇ ਹਨ ਅਤੇ ਥਾਂ ਥਾਂ ਤੀਰਥਾਂ ਦਾ ਰਟਨ ਕਰਦੇ ਹਨ, ਉਨ੍ਹਾਂ ਨੂੰ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਦਾ ਕਾਰਨ ਇਹ ਹੈ ਕਿ ਉਹ ਨਾਗਾ ਸਾਧੂ ਤਾਂ ਬਣ ਗਿਆ ਪਰ ਉਸ ਦੇ ਮਨ ਦੀ ਤ੍ਰਿਸ਼ਨਾ ਨਹੀਂ ਮੁੱਕਦੀ, ਭਟਕਣਾ ਖਤਮ ਨਹੀਂ ਹੁੰਦੀ। ਜੋਗੀ ਜੋਗ-ਸਾਧਨਾ ਵਿਚ ਅਨੇਕ ਕਿਸਮ ਦੇ ਆਸਣ ਸਿੱਖਦੇ ਹਨ ਅਤੇ ਵੱਖ ਵੱਖ ਤਰੀਕਿਆਂ ਨਾਲ ਕਠਿਨ ਸਾਧਨਾ ਕਰਦੇ ਹਨ ਅਤੇ ਇਸ ਸਾਧਨਾ ਰਾਹੀਂ ਉਹ ਵੀ ਵੱਖ ਵੱਖ ਤਰ੍ਹਾਂ ਦੀਆਂ ਕਰਾਮਾਤੀ ਸ਼ਕਤੀਆਂ ਅਤੇ ਨਾਟਕ-ਚੇਟਕ ਦੀ ਮੰਗ ਹੀ ਕਰਦੇ ਹਨ ਤਾਂ ਕਿ ਉਹ ਲੋਕਾਂ ‘ਤੇ ਆਪਣਾ ਅਸਰ ਪਾ ਸਕਣ ਅਤੇ ਉਸ ਨੂੰ ਕਾਇਮ ਰੱਖ ਸਕਣ। ਉਨ੍ਹਾਂ ਦਾ ਮਨ ਇਨ੍ਹਾਂ ਪ੍ਰਾਪਤੀਆਂ ਨਾਲ ਤ੍ਰਿਪਤ ਨਹੀਂ ਹੁੰਦਾ, ਮਨ ਵਿਚ ਸੰਤੋਖ ਅਤੇ ਸ਼ਾਂਤੀ ਪੈਦਾ ਨਹੀਂ ਹੁੰਦੇ। ਗੁਰੂ ਰਾਮ ਦਾਸ ਮਨ ਦੀ ਇਸ ਭਟਕਣਾ ਨੂੰ ਦੂਰ ਕਰਨ, ਪਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਗੁਰੂ ਦੀ ਸੰਗਤਿ ਨੂੰ ਮੰਨਦੇ ਹਨ ਜਿਥੇ ਜਾ ਕੇ ਮਨੁਖ ਦਇਆ ਦੇ ਸੋਮੇ ਉਸ ਪਰਮਾਤਮਾ ਨੂੰ ਲੱਭ ਲੈਂਦਾ ਹੈ। ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਸਿਮਰਨ ਰਾਹੀਂ ਮਨੁਖ ਦਾ ਮਨ ਤ੍ਰਿਪਤ ਹੋ ਜਾਂਦਾ ਹੈ ਅਤੇ ਉਹ ਆਤਮਕ ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ,
ਧੀਆ ਪੂਤ ਛੋਡਿ ਸੰਨਿਆਸੀ ਆਸਾ
ਆਸ ਮਨਿ ਬਹੁਤੁ ਕਰਈਆ॥
ਆਸਾ ਆਸ ਕਰੈ ਨਹੀ ਬੂਝੈ ਗੁਰ ਕੈ
ਸਬਦਿ ਨਿਰਾਸ ਸੁਖੁ ਲਹੀਆ॥3॥
ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹਦਿਸ
ਚਲਿ ਚਲਿ ਗਵਨੁ ਕਰਈਆ॥
ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ
ਸਾਧ ਦਇਆ ਘਰੁ ਲਹੀਆ॥4॥
ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ
ਰਿਧਿ ਸਿਧਿ ਚੇਟਕ ਚੇਟਕਈਆ॥
ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ
ਮਿਲਿ ਸਾਧੂ ਤ੍ਰਿਪਤਿ ਹਰਿਨਾਮਿ ਸਿਧਿ ਪਈਆ॥5॥ (ਪੰਨਾ 835)
ਸਾਧੂ ਤੋਂ ਇਥੇ ਅਰਥ ਅੱਜ ਕਲ੍ਹ ਦੇ ਸੰਤ ਨਹੀਂ ਜੋ ਆਪ ਸੌ ਸੌ ਤਰ੍ਹਾਂ ਦਾ ਵੇਸ ਕਰਕੇ ਲੋਕਾਂ ਨੂੰ ਭਰਮਾਉਂਦੇ ਫਿਰਦੇ ਹਨ ਅਤੇ ਲੋਕਾਂ ਦੇ ਪੈਸੇ ਨਾਲ ਹਰ ਤਰ੍ਹਾਂ ਦੀ ਐਸ਼ ਦਾ ਆਧੁਨਿਕ ਸਮਾਨ ਆਪਣੇ ਲਈ ਜੁਟਾਉਂਦੇ ਹਨ। ਵੱਡੀਆਂ ਵੱਡੀਆਂ ਗੱਡੀਆਂ ਰੱਖਦੇ ਹਨ, ਏਅਰ-ਕੰਡੀਸ਼ਨਡ ਕਮਰਿਆਂ ਵਿਚ ਰਹਿੰਦੇ ਹਨ ਅਤੇ ਪੈਸਾ ਕਮਾਉਣ ਲਈ ਵਿਦੇਸ਼ਾਂ ਵੱਲ ਹਵਾਈ ਜਹਾਜਾਂ ਵਿਚ ਸਫ਼ਰ ਕਰਦੇ ਤੁਰੇ ਫਿਰਦੇ ਹਨ। ਇਹ ਸੰਨਿਆਸੀਆਂ ਅਤੇ ਜੋਗੀਆਂ ਤੋਂ ਵੀ ਬਦਤਰ ਹਨ ਕਿਉਂਕਿ ਉਨ੍ਹਾਂ ਦਾ ਜੀਵਨ ਘੱਟੋ-ਘੱਟ ਸਾਦਾ ਤਾਂ ਹੁੰਦਾ ਸੀ ਪਰ ਅਜੋਕੇ ਸੰਤ ਸੌ ਸਹੂਲਤਾਂ ਵਿਚ ਰਹਿੰਦੇ ਹੋਏ ਵੀ ਮਾਇਆ ਦੀ ਭਟਕਣਾ ਪਾਲ ਰਹੇ ਹਨ। ਇਨ੍ਹਾਂ ਦੀ ਤ੍ਰਿਸ਼ਨਾ ਦਾ ਕੋਈ ਅੰਤ ਨਹੀਂ ਹੈ ਅਤੇ ਕਰਾਮਾਤੀ ਹੋਣ ਦਾ ਢੋਂਗ ਵੀ ਰਚਦੇ ਹਨ। ਗੁਰੂ ਮਹਾਰਾਜ ਜਿਨ੍ਹਾਂ ਦੇ ਸੰਤਤਾਈ ਜੀਵਨ ਦਾ ਜ਼ਿਕਰ ਕਰਦੇ ਹਨ, ਉਹ ਭਗਤ ਨਾਮ ਦੇਵ, ਜੈਦੇਵ, ਕਬੀਰ, ਰਵਿਦਾਸ, ਧੰਨਾ ਅਤੇ ਸੈਣ ਵਰਗੇ ਸੰਤ-ਭਗਤ ਹਨ। ਗੁਰੂ ਰਾਮ ਦਾਸ ਇਨ੍ਹਾਂ ਦਾ ਜ਼ਿਕਰ ਕਰਦਿਆਂ ਦੱਸਦੇ ਹਨ ਕਿ ਨਾਮਦੇਵ, ਜੈਦੇਵ, ਕਬੀਰ, ਤ੍ਰਿਲੋਚਨ, ਨੀਵੀਂ ਕਹੀ ਜਾਣ ਵਾਲੀ ਜਾਤਿ ਦਾ ਰਵਿਦਾਸ, ਧੰਨਾ ਜੱਟ, ਸੈਣ (ਨਾਈ)-ਜਿਹੜਾ ਜਿਹੜਾ ਵੀ ਸੰਤ-ਜਨਾਂ ਦੀ ਸੰਗਤਿ ਵਿਚ ਮਿਲਦਾ ਆਇਆ ਹੈ ਉਹ ਵੱਡੇ ਭਾਗਾਂ ਵਾਲਾ ਬਣਦਾ ਗਿਆ ਅਤੇ ਦਇਆ ਦੇ ਸੋਮੇ ਪਰਮਾਤਮਾ ਨੂੰ ਮਿਲ ਪਿਆ (ਇਥੇ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਇਹ ਸਾਰੇ ਭਗਤ ਆਪਣੇ ਹੱਥੀਂ ਕਿਰਤ ਕਰ ਕੇ ਆਪਣਾ ਜੀਵਨ ਨਿਰਬਾਹ ਕਰਦੇ ਸਨ, ਹਰ ਇੱਕ ਭਗਤ ਆਪਣੇ ਕਿੱਤੇ ਨਾਲ ਜੁੜਿਆ ਹੋਇਆ ਸੀ ਅਤੇ ਕਿਰਤ ਦੇ ਨਾਲ ਨਾਲ ਨਾਮ ਸਿਮਰਨ ਕਰਦਾ ਸੀ,
ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ ਅਉਜਾਤਿ
ਰਵਿਦਾਸੁ ਚਮਿਆਰੁ ਚਮਈਆ॥
ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ
ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ॥7॥
(ਪੰਨਾ 835)
ਭਾਈ ਗੁਰਦਾਸ ਨੇ ਵੀ ਜਦੋਂ ਰਿਧਿ-ਸਿਧਿ ਦੀ ਭਾਰਤੀ ਪਰੰਪਰਕ ਪ੍ਰਸੰਗ ਵਿਚ ਗੱਲ ਕੀਤੀ ਹੈ ਅਤੇ ਇਸ ਨੂੰ ਗੁਰਮਤਿ-ਵਿਰੋਧੀ ਅਤੇ ਪਾਸੇ ਦਾ ਰਾਹ ਦੱਸਿਆ ਹੈ। ਉਨ੍ਹਾਂ ਨੇ ਇਸ ਨੂੰ ‘ਕੂੜ’ ਨਾਲ ਜੋੜਦਿਆਂ ਪਖੰਡ, ਤੰਤਰ, ਮੰਤਰ ਅਤੇ ਨਾਟਕ ਕਿਹਾ ਹੈ। ਭਾਈ ਗੁਰਦਾਸ ਅਨੁਸਾਰ ਸਾਧ-ਸੰਗਤਿ ਅਤੇ ਗੁਰ ਸ਼ਬਦ ਰਾਹੀਂ ਹੀ ਅਸਲੀ ਸਥਾਨ ਦੀ ਪ੍ਰਾਪਤੀ ਹੋ ਸਕਦੀ ਹੈ (ਇਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਗੁਰਮਤਿ ਚਿੰਤਨ ਅਨੁਸਾਰ ਸਾਧ-ਸੰਗਤਿ ਉਹ ਹੈ ਜਿਥੇ ਗੁਰ-ਸ਼ਬਦ ਅਰਥਾਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕਥਨ ਹੁੰਦਾ ਹੈ, ਨਾ ਕਿ ਸਾਧਾਂ ਦੀ ਰਚੀ ਹੋਈ ਕੱਚੀ ਬਾਣੀ ਦਾ)। ਭਾਈ ਗੁਰਦਾਸ ਨੇ ਰਿਧਿ-ਸਿਧਿ ਨੂੰ ਅਜਿਹਾ ਕੂੜ ਕਿਹਾ ਹੈ ਜਿਸ ਨੂੰ ਸੌ ਗੰਢਾਂ ਪਈਆਂ ਹੋਈਆਂ ਹਨ ਅਤੇ ਜਿਨ੍ਹਾਂ ਨੂੰ ਖੋਲ੍ਹ ਸਕਣਾ ਆਮ ਆਦਮੀ ਦੇ ਵੱਸ ਦਾ ਰੋਗ ਨਹੀਂ ਹੈ। ਇਸ ਲਈ ਗੁਰਮਤਿ ਅਜਿਹੇ ਰਾਹ ਦੀ ਸ਼ਾਹਦੀ ਨਹੀਂ ਭਰਦੀ। ਇਸ ਤੋਂ ਸਪੱਸ਼ਟ ਹੈ ਕਿ ਗੁਰਮਤਿ ਅਨੁਸਾਰ ਰਿਧਿ-ਸਿਧਿ ਦਾ ਭਾਰਤੀ ਪਰੰਪਰਕ ਸੰਕਲਪ ਪਰਮਾਤਮਾ ਨੂੰ ਪਾਉਣ ਦਾ ਸਹੀ ਰਾਹ ਨਹੀਂ ਹੈ। ਇਹ ਰਸਤਾ ਮਨੁੱਖ ਨੂੰ ਵਹਿਮਾਂ, ਭਰਮਾਂ, ਭੁਲੇਖਿਆਂ ਅਤੇ ਪਖੰਡ ਵਿਚ ਪਾਉਣ ਦਾ ਹੈ। ਸਿੱਖ ਨੂੰ ਪਰਮਾਤਮਾ ਦੇ ਹੁਕਮ ਵਿਚ ਜਿਉਣ ਅਤੇ ਭਾਣਾ ਮੰਨਣ ਦਾ ਅਦੇਸ਼ ਗੁਰੂ ਸਾਹਿਬਾਨ ਨੇ ਕੀਤਾ ਹੈ। ਰਿਧ-ਸਿਧਿ ਦਾ ਰਸਤਾ ਹੁਕਮ ਅਤੇ ਭਾਣੇ ਤੋਂ ਵਿਪਰੀਤ ਹੈ,
ਜਤ ਸਤ ਸੰਜਮ ਹੋਮ ਜਗ
ਜਪ ਤਪ ਦਾਨ ਪੁੰਨ ਬਹੁਤੇਰੇ।
ਰਿਧਿ ਸਿਧਿ ਨਿਧਿ ਪਾਖੰਡ
ਬਹੁ ਤੰਤ੍ਰ ਮੰਤ੍ਰ ਨਾਟਕ ਅਗਲੇਰੇ॥
æææ
ਸਾਧਸੰਗਤਿ ਗੁਰ ਸਬਦ ਵਿਣੁ
ਥਾਉ ਨ ਪਾਇਨਿ ਭਲੇ ਭਲੇਰੇ॥
ਕੂੜ ਇਕ ਗੰਢੀ ਸਉ ਫੇਰੇ॥
(ਵਾਰਾਂ ਭਾਈ ਗੁਰਦਾਸ, 5/7)
ਗੁਰੂ ਨਾਨਕ ਸਾਹਿਬ ਨੇ ਵਾਹਿਗੁਰੂ ਦੇ ਨਾਮ ਨੂੰ ਹੀ ਹਰ ਤਰ੍ਹਾਂ ਦੀਆਂ ਕਰਾਮਾਤੀ ਸ਼ਕਤੀਆਂ, ਉਚੀ ਅਕਲ (ਬੁੱਧਿ), ਸਹੀ ਜੀਵਨ ਰਾਹ ਦੀ ਸੂਝ ਦਾ ਸੋਮਾ ਮੰਨਿਆ ਹੈ, ਜਿਸ ਦੀ ਪ੍ਰਾਪਤੀ ਨਾਲ ਮਨੁੱਖ ਵਾਹਿਗੁਰੂ ਦੀ ਪ੍ਰੀਤ ਹਾਸਲ ਕਰਦਾ ਹੈ ਅਤੇ ਇਸ ਨੂੰ ਗੁਰਮਤਿ ਅਨੁਸਾਰ ‘ਮੁਕਤਿ-ਪਦਾਰਥ’ ਕਿਹਾ ਹੈ। ਅਕਾਲ ਪੁਰਖ ਦਾ ਨਾਮ ਉਚੇ ਆਤਮਕ ਅਨੰਦ ਦਾ ਸੋਮਾ ਹੈ, ਇਸ ਦਾ ਭੇਦ ਉਨ੍ਹਾਂ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪਤਾ ਲੱਗਦਾ ਹੈ ਜਿਨ੍ਹਾਂ ਨੇ ਆਪ ਇਸ ਦਾ ਅਨੁਭਵ ਕਰ ਲਿਆ ਹੈ ਅਤੇ ਇਸ ਦੀ ਪ੍ਰਾਪਤੀ ਗੁਰੂ ਤੋਂ ਹੁੰਦੀ ਹੈ। ਯਾਦ ਰਹੇ ਕਿ ਗੁਰਮਤਿ ਅਨੁਸਾਰ ਸ਼ਬਦ ਗੁਰੂ ਦੀ ਮਹੱਤਤਾ ਹੈ, ਕਿਸੇ ਦੇਹਧਾਰੀ ਗੁਰੂ ਦੀ ਨਹੀਂ। ਗੁਰੂ ਨਾਨਕ ਅਨੁਸਾਰ ਇੱਕ ਵਾਹਿਗੁਰੂ ਹੀ ਕਰਤਾ ਪੁਰਖ ਹੈ ਜੋ ਹਵਾ, ਪਾਣੀ, ਅਗਨੀ, ਧਰਤੀ ਅਤੇ ਅਕਾਸ਼ ਆਦਿ ਤੱਤਾਂ ਦੇ ਮੇਲ ਤੋਂ ਜੀਵ ਪੈਦਾ ਕਰਦਾ ਹੈ। ਇਹ ਉਸ ਦੀ ਕੁਦਰਤਿ ਹੈ ਕਿ ਤੱਤ ਉਹੀ ਹਨ ਪਰ ਜੀਵਾਂ ਦਾ ਸੁਭਾ, ਕਰਮ ਅਤੇ ਜੀਵਨ ਵਿਚ ਸਥਾਨ ਵੱਖਰਾ ਵੱਖਰਾ ਹੈ। ਕਰਤਾ ਪੁਰਖ ਆਪਣੇ ਹੁਕਮ ਅਨੁਸਾਰ ਇੱਕ ਪਲਕ ਵਿਚ ਲੱਖਾਂ ਜੀਵ ਪੈਦਾ ਕਰਦਾ ਹੈ ਅਤੇ ਲੱਖਾਂ ਦਾ ਨਾਸ਼ ਕਰਦਾ ਹੈ। ਮਨੁੱਖ ਆਪਣੇ ਕੀਤੇ ਕੰਮਾਂ ਅਨੁਸਾਰ ਬੰਧਨ ਵਿਚ ਪਏ ਹਨ ਪਰ ਜਿਸ ‘ਤੇ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਉਹ ਬੰਧਨ ਤੋਂ ਛੁੱਟ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦੀ ਇਸ ਕਾਰ ਨੂੰ ਸਮਝਣਾ, ਉਸ ਦੇ ਹੁਕਮ ਨੂੰ ਸਮਝਣਾ ਹੀ ਉਚੀ ਸਮਝ ਅਤੇ ਆਤਮਕ ਸੁੱਖ ਦੀ ਪ੍ਰਾਪਤੀ ਹੈ। ਜਪੁਜੀ ਵਿਚ ‘ਹੁਕਮ’ ਨੂੰ ਗਿਆਨ ਨਾਲ ਜੋੜਿਆ ਹੈ। ਕੂੜ (ਅਗਿਆਨ) ਦੀ ਦੀਵਾਰ ਨੂੰ ਹਟਾਉਣ ਦਾ ਉਤਰ ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਵਿਚ ਦਿੱਤਾ ਹੈ। ਗੁਰਮਤਿ ਅਨੁਸਾਰ ਅਸਲੀ ‘ਰਿਧਿ ਸਿਧਿ’ ਇਹੀ ਹੈ। ਇਸ ਤਰ੍ਹਾਂ ਗੁਰੂ ਨਾਨਕ ਅਨੁਸਾਰ ਪਰਮਾਤਮਾ ਪ੍ਰਤੀ ਇਸ ਕਿਸਮ ਦੀ ਉਚੀ ਸਮਝ ਅਤੇ ਆਤਮਕ ਸੁੱਖ ਰਿਧਿ ਸਿਧਿ ਹੈ,
ਜਿਨਿ ਏਹੁ ਚਾਖਿਆ ਰਾਮ ਰਸਾਇਣੁ
ਤਿਨ ਕੀ ਸੰਗਤਿ ਖੋਜੁ ਭਇਆ॥
ਰਿਧਿ ਸਿਧਿ ਬੁਧਿ ਗਿਆਨੁ ਗੁਰੂ ਤੇ ਪਾਇਆ
ਮੁਕਤਿ ਪਦਾਰਥੁ ਸਰਣਿ ਪਇਆ॥ (ਪੰਨਾ 907)
ਗੁਰੂ ਅਮਰ ਦਾਸ ਗੁਰੂ ਨਾਨਕ ਸਾਹਿਬ ਵੱਲੋਂ ਪ੍ਰਸਤੁਤ ਕੀਤੀ ਇਸੇ ਵਿਚਾਰਧਾਰਾ ਦੀ ਪ੍ਰੋੜਤਾ ਕਰਦਿਆਂ ਦੱਸਦੇ ਹਨ ਕਿ ਗੁਰੂ ਦੇ ਸਨਮੁਖ ਰਹਿਣ ਵਾਲਿਆਂ ਲਈ ਅਕਾਲ ਪੁਰਖ ਦੇ ਨਾਮ ਦੀ ਪ੍ਰਾਪਤੀ ਹੀ ਰਿਧਿ-ਸਿਧਿ ਹੈ। ਅਜਿਹੇ ਮਨੁੱਖ ਵਾਹਿਗੁਰੂ ਵਿਚ ਲੀਨ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਰਾਹੀਂ ਉਹ ਮੁਕਤਿ-ਪਦਾਰਥ ਦੀ ਪ੍ਰਾਪਤੀ ਕਰ ਲੈਂਦੇ ਹਨ। ਅਜਿਹੇ ਮਨੁਖਾਂ ਦੀ ਨਿਸ਼ਾਨੀ ਉਨ੍ਹਾਂ ਦੀ ਸੁੱਚੀ ਕਾਰ ਹੈ, ਸੱਚ ਦੀ ਕਮਾਈ ਹੈ। ਇਸ ਤਰ੍ਹਾਂ ਗੁਰਮਤਿ ਅਨੁਸਾਰ ਰਿਧਿ-ਸਿਧਿ ਵਿਹਲੇ ਨਾਟਕ-ਚੇਟਕਾਂ ਵੱਲ ਲੱਗਣਾ ਨਹੀਂ, ਬਲਕਿ ਸੱਚੀ ਅਤੇ ਸੁੱਚੀ ਕਿਰਤ ਨਾਲ ਜੁੜਨਾ ਹੈ,
ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ॥
ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ॥ (ਪੰਨਾ 117)
ਗੁਰਮਤਿ ਇਲਹਾਮ ਇੱਕ ਲਗਾਤਾਰ ਅਮਲ ਹੈ ਜਿਸ ਦਾ ਆਗਾਜ਼ ਗੁਰੂ ਜੋਤਿ ਅਤੇ ਗੁਰੂ ਜੁਗਤਿ ਰਾਹੀਂ 1499 ਵਿਚ ਗੁਰੂ ਨਾਨਕ ਸਾਹਿਬ ਦੇ ਵੇਈਂ ਨਦੀ ਪ੍ਰਵੇਸ਼ ਤੋਂ ਅਰੰਭ ਹੋ ਕੇ 1699 ਈਸਵੀ ਦੀ ਵਿਸਾਖੀ ਨੂੰ ਦਸਮ ਪਾਤਿਸ਼ਾਹ ਹਜ਼ੂਰ ਵੱਲੋਂ ਖਾਲਸੇ ਦੀ ਸਿਰਜਣਾ ਰਾਹੀਂ ਸੰਪੂਰਨਤਾ ਵੱਲ ਵੱਧਦਾ ਹੋਇਆ 1708 ਈਸਵੀ ਵਿਚ ‘ਗ੍ਰੰਥ ਸਾਹਿਬ’ ਨੂੰ ਗੁਰਗੱਦੀ ਦੇਣ ਨਾਲ ਸੰਪੂਰਨ ਹੁੰਦਾ ਹੈ। ਗੁਰੂ ਰਾਮਦਾਸ ਗੁਰੂ ਨਾਨਕ ਦੀ ਵਿਚਾਰਧਾਰਾ ਦੇ ਅਮਲ ਨੂੰ ਅੱਗੇ ਲੈ ਜਾਂਦੇ ਹੋਏ ਹਰਿ ਦੇ ਨਾਮ ਦੀ ਪ੍ਰਾਪਤੀ ਨੂੰ ਹੀ ਹਰ ਤਰ੍ਹਾਂ ਦੀ ਰਿਧਿ-ਸਿਧਿ ਦੀ ਪ੍ਰਾਪਤੀ ਮੰਨਦੇ ਹਨ। ਗੁਰੂ ਰਾਮ ਦਾਸ ਮਨ ਨੂੰ ਸਮਝਾਉਂਦਿਆਂ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਨ ਅਤੇ ਉਸ ਦੀ ਸਿਫ਼ਤਿ-ਸਾਲਾਹ ਕਰਨ ਦਾ ਉਪਦੇਸ਼ ਕਰਦੇ ਹਨ ਜਿਸ ਦੇ ਸਹੀ ਸਰੂਪ ਨੁੰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੀ ਬੰਦਗੀ ਹੀ ਧਨ-ਦੌਲਤ, ਮਾਨਸਿਕ ਸੁੱਖ, ਅਕਲ, ਕਰਾਮਾਤੀ ਤਾਕਤਾਂ ਅਤੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੈ।
ਗੁਰੂ ਅਰਜਨ ਦੇਵ ਨੇ ਵੀ ਹਰਿ ਦੇ ਨਾਮ ਨੂੰ ਰਿਧਿ-ਸਿਧਿ ਕਿਹਾ ਹੈ ਅਤੇ ਇਸ ਦੀ ਪ੍ਰਾਪਤੀ ਦਾ ਸਾਧਨ ਸਤਿ-ਸੰਗਤਿ ਵਿਚ ਜਾ ਕੇ ਅਕਾਲ ਪੁਰਖ ਦੇ ਨਾਮ ਸਿਮਰਨ ਨੂੰ ਮੰਨਿਆ ਹੈ। ਗੁਰੂ ਅਰਜਨ ਦੇਵ ਅਨੁਸਾਰ ਭਗਤ ਜਨਾਂ ਦੀ ਸੰਗਤਿ ਵਿਚ ਵਿਕਾਰਾਂ ਦੀ ਮੈਲ ਧੋਤੀ ਜਾਂਦੀ ਹੈ ਅਤੇ ਵਿਕਾਰੀ ਮਨੁੱਖ ਵੀ ਸੱਚੇ-ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ। ਅਕਾਲ ਪੁਰਖ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਦੂਸਰਿਆਂ ਵਿਚ ਵੀ ਆਤਮਕ ਜੀਵਨ ਦੀਆਂ ਦਾਤਾਂ ਵੰਡਣ ਜੋਗੇ ਹੋ ਜਾਂਦੇ ਹਨ, ਉਹ ਅਜਿਹੀਆਂ ਦਾਤਾਂ ਹਰ ਰੋਜ਼ ਦਿੰਦੇ ਹਨ ਅਤੇ ਇਹ ਨਿੱਤ ਵਧਦੀਆਂ ਰਹਿੰਦੀਆਂ ਹਨ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਸਿਮਰਨ ਰਾਹੀਂ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ ਹੈ ਉਨ੍ਹਾਂ ਨੁੰ ਸਭ ਰਿਧੀਆਂ-ਸਿਧੀਆਂ ਅਤੇ ਨੌਂ-ਨਿੱਧੀਆਂ (ਨੌਂ ਖਜ਼ਾਨੇ) ਪ੍ਰਾਪਤ ਹੋ ਜਾਂਦੇ ਹਨ ਅਰਥਾਤ ਪਰਮਾਤਮਾ ਦਾ ਨਾਮ ਸਿਮਰਨ ਹੀ ਹਰ ਤਰ੍ਹਾਂ ਦੀਆਂ ਰਿਧੀਆਂ-ਸਿਧੀਆਂ ਦੀ ਪ੍ਰਾਪਤੀ ਹੈ ਅਤੇ ਅਜਿਹੇ ਗੁਰਮੁਖਾਂ ਦੀ ਸੰਗਤਿ ਵੱਡੇ ਭਾਗਾਂ ਵਾਲਿਆਂ ਨੁੰ ਮਿਲਦੀ ਹੈ,
ਸੁਨਿ ਮਨ ਅਕਥ ਕਥਾ ਹਰਿਨਾਮ॥
ਰਿਧਿ ਬੁਧਿ ਸਿਧਿ ਸੁਖ ਪਾਵਹਿ
ਭਜੁ ਗੁਰਮਤਿ ਹਰਿ ਰਾਮ ਰਾਮ॥1॥ ਰਹਾਉ॥
(ਮæ 4, ਪੰਨਾ 719)
ਰਿਧਿ ਸਿਧਿ ਨਵ ਨਿਧਿ
ਹਰਿ ਜਪਿ ਜਿਨੀ ਆਤਮੁ ਜੀਤਾ॥
ਬਿਨਵੰਤਿ ਨਾਨਕੁ ਵਡਭਾਗਿ ਪਾਈਅਹਿ
ਸਾਧ ਸਾਜਨ ਮੀਤਾ॥
(ਮæ 5, ਪੰਨਾ 543)
ਇਸ ਸਾਰੀ ਵਿਚਾਰ-ਚਰਚਾ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਰਿਧਿ-ਸਿਧਿ ਦਾ ਜੋ ਸੰਕਲਪ ਭਾਰਤੀ ਤਾਂਤ੍ਰਿਕ ਪਰੰਪਰਾਵਾਂ ਵਿਚ ਮਿਲਦਾ ਹੈ ਗੁਰਮਤਿ ਦਰਸ਼ਨ ਵਿਚ ਉਸ ਨੂੰ ਨਕਾਰਿਆ ਗਿਆ ਹੈ ਅਤੇ ‘ਅਵਰਾ ਸਾਦ’ ਕਿਹਾ ਗਿਆ ਹੈ। ‘ਅਵਰਾ ਸਾਦ’ ਤੋਂ ਭਾਵ ਪਰਮਾਤਮ-ਸਿਮਰਨ ਤੋਂ ਹਟ ਕੇ ਹੋਰ ਪਾਸੇ ਲੈ ਜਾਣ ਵਾਲਾ ਰਸਤਾ। ਜੋਗੀ ਅਤੇ ਤਾਂਤ੍ਰਿਕ ਅਜਿਹੀਆਂ ਸ਼ਕਤੀਆਂ ਦੀ ਪ੍ਰਾਪਤੀ ਤੋਂ ਬਾਅਦ ਇਸ ਦੀ ਵਰਤੋਂ ਕਈ ਤਰ੍ਹਾਂ ਨਾਲ ਲੋਕਾਂ ਨੂੰ ਭਰਮਾਉਣ ਲਈ ਕਰਦੇ ਹਨ। ਤਾਂਤ੍ਰਿਕ ਰਿਧਿ-ਸਿਧਿ ਦਾ ਸੰਕਲਪ ਤਿਆਗ ਅਤੇ ਸੰਨਿਆਸ ਨਾਲ ਜੁੜਿਆ ਹੋਇਆ ਹੈ ਪਰ ਗੁਰਮਤਿ ਦਰਸ਼ਨ ਗ੍ਰਹਿਸਥ ਨਾਲ ਸਬੰਧਤ ਹੈ। ਗੁਰਮਤਿ ਅਨੁਸਾਰ ਗ੍ਰਹਿਸਥ ਵਿਚ ਰਹਿ ਕੇ ਮਨੁੱਖ, ਕਿਰਤ ਰਾਹੀਂ ਆਪਣਾ ਜੀਵਨ-ਨਿਰਬਾਹ ਕਰਕੇ ਇੱਕ ਸੰਤੁਲਿਤ ਜੀਵਨ ਜਿਉਂ ਸਕਦਾ ਹੈ। ਗੁਰਮਤਿ ਮਾਰਗ ਸਹਿਜ-ਮਾਰਗ ਅਤੇ ਆਤਮ-ਨਿਰਭਰਤਾ ਦਾ ਮਾਰਗ ਹੈ, ਜਿਸ ਦਾ ਆਧਾਰ ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ ਹੈ। ਇਹ ਮਾਰਗ ਸਮਾਜ ਨਾਲ, ਸੰਸਕਾਰਤਾ ਅਤੇ ਅਧਿਆਤਮਕਤਾ-ਦੋਵਾਂ ਨਾਲ ਜੁੜਿਆ ਹੋਇਆ ਹੈ। ਇਹ ਜੀਵਨ-ਜਾਚ ਗੁਰੂ ਦੇ ਸ਼ਬਦ ਰਾਹੀਂ ਸੱਚੀ ਸੰਗਤਿ ਵਿਚ ਸਿੱਖੀ ਜਾਂਦੀ ਹੈ।

Be the first to comment

Leave a Reply

Your email address will not be published.