ਸਵੈ-ਜੀਵਨੀ ‘ਜ਼ਿੰਦਾ ਦਫਨ’ (ਬੱਰੀਡ ਅਲਾਈਵ) ਦਾ ਕਰਤਾ ਅਜੀਤ ਸਿੰਘ ਸਹੀ ਅਰਥਾਂ ਵਿਚ ਅਜੀਤ ਸੀ। ਸਾਰੀ ਉਮਰ ਉਨ੍ਹਾਂ ਨੇ ਦੇਸ਼ ਦੇ ਲੇਖੇ ਲਾ ਦਿੱਤੀ। ਉਹ ਸੰਸਾਰ ਦੇ ਕਈ ਮੁਲਕਾਂ ਵਿਚ ਗਏ; ਹਰ ਥਾਂ ਉਨ੍ਹਾਂ ਆਪਣੇ ਦਿਲ ਵਿਚ ਦੇਸ਼-ਪਿਆਰ ਦਾ ਦੀਵਾ ਬਾਲੀ ਰੱਖਿਆ ਅਤੇ ਇਹ ਦੀਵਾ ਉਨ੍ਹਾਂ ਦੀ ਆਪਣੀ ਜੋਤ ਬੁਝਣ ਤੱਕ ਬਲਦਾ ਰਿਹਾ। ਇਤਿਹਾਸ ਵਿਚ ਇਸ ਤਰ੍ਹਾਂ ਦੀਆਂ ਮਿਸਾਲਾਂ ਬੜੀਆਂ ਘੱਟ ਮਿਲਦੀਆਂ ਹਨ ਜਿਨ੍ਹਾਂ ਵਿਚ ਇਕ ਵਾਰ ਤੁਰਿਆ ਬੰਦਾ ਕਿਤੇ ਰੁਕਦਾ ਹੀ ਨਹੀਂ ਹੈ। ਪੈਰੀਂ ਖੁਦ ਸਹੇੜੇ ਇਸ ਸਫਰ ਬਾਰੇ ਉਨ੍ਹਾਂ ‘ਜ਼ਿੰਦਾ ਦਫਨ’ ਵਿਚ ਵੇਰਵੇ ਸਹਿਤ ਲਿਖਿਆ ਹੈ। ਉਨ੍ਹਾਂ ਦੀ ਦੇਸ਼ ਪਿਆਰ ਦੀ ਇਸ ਵਿਰਾਸਤ ਨੂੰ ਉਨ੍ਹਾਂ ਦੇ ਭਤੀਜੇ ਭਗਤ ਸਿੰਘ ਨੇ ਅਗਾਂਹ ਤੋਰਿਆ। ਉਹ ਅੱਜ ਵੀ ਦੇਸ਼-ਪ੍ਰੇਮੀਆਂ ਦੇ ਦਿਲਾਂ ਵਿਚ ਵੱਸਦੇ ਹਨ ਅਤੇ ਪ੍ਰੇਰਨਾ ਦੇ ਸੋਮੇ ਹਨ। ਸ਼ ਕਿਰਪਾਲ ਸਿੰਘ ਸੰਧੂ ਨੇ ਉਨ੍ਹਾਂ ਦੇ ਜੀਵਨ ਪੰਧ ਬਾਰੇ ਇਹ ਲਿਖਤ ‘ਪੰਜਾਬ ਟਾਈਮਜ਼’ ਨੂੰ ਭੇਜੀ ਹੈ ਜੋ ਅਸੀਂ ਪਾਠਕਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ। -ਸੰਪਾਦਕ
ਕਿਰਪਾਲ ਸਿੰਘ ਸੰਧੂ
ਰਾਜਨੀਤੀ ਵਿਚ ਚਾਤਰ ਅਤੇ ਸ਼ਾਤਰ ਬਰਤਾਨਵੀ ਸਰਕਾਰ ਵੱਲੋਂ ਸੋਚੀ ਸਮਝੀ ਚਾਲ ਅਧੀਨ 1858 ਨੂੰ ਅਲਾਹਬਾਦ ਵਿਚ ਮੁਨਾਦੀ ਕਰਵਾ ਕੇ ਜਲਸੇ ਵਿਚ ਇਹ ਐਲਾਨ ਕੀਤਾ ਗਿਆ ਕਿ ਇੰਗਲੈਂਡ ਦੀ ਪਾਰਲੀਮੈਂਟ ਨੇ ਈਸਟ ਇੰਡੀਆ ਕੰਪਨੀ ਵੱਲੋਂ ਹਿੰਦੁਸਤਾਨੀਆਂ ‘ਤੇ ਕੀਤੇ ਜ਼ੁਲਮਾਂ ਕਰ ਕੇ ਉਸ ਦਾ ਭੋਗ ਪਾ ਦਿੱਤਾ ਹੈ। ਹੁਣ ਹਿੰਦੋਸਤਾਨ ਸਿੱਧਾ ਮਲਿਕਾ ਦੀ ਰਹਿਨੁਮਾਈ ਥੱਲੇ ਕਾਨੂੰਨ ਦੇ ਦਾਇਰੇ ਵਿਚ ਰਹਿੰਦਿਆਂ, ਹਰ ਨਾਗਰਿਕ ਦੇ ਜਾਨ-ਮਾਲ ਦੀ ਰਾਖੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਹਿੰਦੁਸਤਾਨ ਦਾ ਝੰਡਾ ਵੀ ਅੱਜ ਤੋਂ ਯੂਨੀਅਨ ਜੈਕ ਹੋਵੇਗਾ।
1882 ਵਿਚ ਕਾਂਗਰਸ ਦੀ ਸਥਾਪਨਾ ਹੋਈ। ਸਰਕਾਰੀ ਟੁੱਕੜ-ਬੋਚਾਂ ਰਾਹੀਂ ਇਸ ਸੰਸਥਾ ਦੀ ਸਰਕਾਰ ਵੱਲੋਂ ਮਦਦ ਦਾ ਯਕੀਨ ਦਿਵਾਉਣਾ ਵੀ ਕਪਟ ਰਾਜਨੀਤੀ ਦਾ ਹਿੱਸਾ ਸੀ। ਇਹ ਦੇਖ ਕੇ ਆਮ ਲੋਕਾਂ ਵਿਚ ਬੈਚੇਨੀ ਹੋਣ ਲੱਗੀ। ਰਿਸ਼ੀ ਦਯਾ ਨੰਦ ਨੇ ਆਤਮ-ਵਿਸ਼ਵਾਸ ਪੈਦਾ ਕਰਨ, ਰੂੜੀਵਾਦੀ ਸਨਾਤਨੀ, ਅੰਧਵਿਸ਼ਵਾਸੀ, ਮੂਰਤੀ ਪੂਜਾ, ਬੁੱਤਪ੍ਰਸਤੀ ਤੋਂ ਲੋਕਾਈ ਨੂੰ ਮੁਕਤ ਕਰਵਾਉਣ ਲਈ ਆਰੀਆ ਸਮਾਜ ਦੀ ਨੀਂਹ ਰੱਖੀ। ਜਾਗ੍ਰਿਤੀ ਪੈਦਾ ਕਰਨਾ, ਉਠਾਉਣਾ, ਉਭਾਰਨਾ, ਦੇਸ਼ ਦੀ ਆਜ਼ਾਦ ਹਸਤੀ ਉਸ ਵੇਲੇ ਆਰੀਆ ਸਮਾਜ ਦਾ ਰਾਹ ਸੀ।
ਪਿੰਡ ਗੜ੍ਹ ਕਲਾਂ ਤੋਂ ਬਣੇ ਖਟਗੜ੍ਹ ਕਲਾਂ ਦੇ ਵਾਸੀ ਸ਼ ਗੁਰਬਚਨ ਸਿੰਘ ਜ਼ੈਲਦਾਰ ਦੇ ਤਿੰਨ ਪੁੱਤਰਾਂ-ਅਰਜਨ ਸਿੰਘ, ਮਿਹਰ ਸਿੰਘ ਤੇ ਸੁਰਜਨ ਸਿੰਘ ਵਿਚੋਂ ਸੁਰਜਨ ਸਿੰਘ ਨੇ ਸਰਕਾਰੀ ਮਦਦ ਸਹਾਰੇ ਚੌਧਰ ਵਾਲਾ ਰਸਤਾ ਅਖਤਿਆਰ ਕਰ ਲਿਆ। ਈਸਟ ਇੰਡੀਆ ਕੰਪਨੀ ਵੱਲੋਂ ਕੁਟਲ ਨੀਤੀ ਰਾਹੀਂ ਪੰਜਾਬ ‘ਤੇ ਕੀਤੇ ਕਬਜ਼ੇ ਖਿਲਾਫ ਅਤੇ ਫਿਰ 1857 ਦੀ ਆਜ਼ਾਦੀ ਦੀ ਪਹਿਲੀ ਜੰਗ ਸਮੇਂ ਦੇਸ਼ ਵਾਸੀਆਂ ਦਾ ਸਾਥ ਦੇਣ ਵਾਲੇ ਪੜਦਾਦਾ ਸ਼ ਫਤਿਹ ਸਿੰਘ ਦੇ ਦੇਸ਼ ਭਗਤੀ ਵਾਲੇ ਵਿਰਾਸਤੀ ਖੂਨ ਨੇ ਉਬਾਲਾ ਮਾਰਿਆ ਤਾਂ ਸ਼ ਅਰਜਨ ਸਿੰਘ ਆਰੀਆ ਸਮਾਜ ਵਾਲੇ ਕ੍ਰਾਂਤੀਕਾਰੀ ਰੱਥ ‘ਤੇ ਸਵਾਰ ਹੋ ਗਏ। ਸ਼ ਮਿਹਰ ਸਿੰਘ ਨੇ ਸਾਧਾਰਨ ਕਿਸਾਨੀ ਵਾਲੀ ਜ਼ਿੰਦਗੀ ਗੁਜ਼ਾਰਨ ਵਿਚ ਹੀ ਆਪਣਾ ਤੇ ਪਰਿਵਾਰ ਦਾ ਭਲਾ ਸਮਝਿਆ।
ਖਟਗੜ੍ਹ ਕਲਾਂ ਵਿਚ ਆਰੀਆ ਕਹਾਉਣ ਵਾਲੇ ਪਰਿਵਾਰ ਦੇ ਮੋਢੀ ਸ਼ ਅਰਜਨ ਸਿੰਘ ਸੰਧੂ ਅਤੇ ਜੈ ਕੌਰ ਦੀ ਕੁੱਖੋਂ ਸ਼ ਕਿਸ਼ਨ ਸਿੰਘ (ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿਤਾ), ਸ਼ ਅਜੀਤ ਸਿੰਘ ਤੇ ਸ਼ ਸਵਰਨ ਸਿੰਘ ਪੈਦਾ ਹੋਏ। ਅਜੀਤ ਸਿੰਘ ਦਾ ਜਨਮ 23 ਫਰਵਰੀ 1881 ਨੂੰ ਹੋਇਆ। ਉਨ੍ਹਾਂ ਮੁਢਲੀ ਵਿੱਦਿਆ ਪਿੰਡ ਦੇ ਸਕੂਲ ਵਿਚ ਲਈ ਅਤੇ ਬਾਰਵੀਂ ਡੀæਏæਵੀæ ਕਾਲਜ ਲਾਹੌਰ ਤੋਂ ਪਾਸ ਕੀਤੀ। ਕਾਲਜ ਸਮੇਂ ਉਠ ਰਹੀਆਂ ਆਜ਼ਾਦੀ ਦੀਆਂ ਲਹਿਰਾਂ ਵਿਚ ਸਰਗਰਮ ਹਿੱਸਾ ਲਿਆ। ਉਹ 2 ਜੂਨ 1907 ਨੂੰ ਗ੍ਰਿਫ਼ਤਾਰ ਹੋ ਗਏ ਅਤੇ ਉਨ੍ਹਾਂ ਨੂੰ ਬਰਮਾ ਦੀ ਮਾਡਲੇ ਜੇਲ੍ਹ ਵਿਚ ਭੇਜ ਦਿੱਤਾ ਗਿਆ। ਉਥੋਂ 7 ਨਵੰਬਰ 1907 ਨੂੰ ਰਿਹਾਈ ਹੋਈ। ਫਿਰ ਉਹ ਮਿਰਜ਼ਾ ਹਸਨ ਖਾਂ ਨਾਂ ਥੱਲੇ ਵਿਦੇਸ਼ ਚਲੇ ਗਏ। 16 ਅਗਸਤ 1947 ਨੂੰ ਡਲਹੌਜ਼ੀ ਵਿਚ ਚਲਾਣਾ ਕਰਨ ਤੱਕ ਤਾਉਮਰ ਉਹ ਦੇਸ਼ ਦੀ ਆਜ਼ਾਦੀ ਲਈ ਜੁਝਦੇ ਰਹੇ।
ਬਰਤਾਨਵੀ ਸਰਕਾਰ (ਈਸਟ ਇੰਡੀਆ ਕੰਪਨੀ) ਦੇ ਖਿਲਾਫ 1857 ਦਾ ਆਜ਼ਾਦੀ ਸੰਗਰਾਮ ਭਾਵੇਂ ਅਸਫਲ ਰਿਹਾ, ਪਰ 1857 ਤੋਂ ਪੂਰੇ 40 ਸਾਲ ਇਕ ਮਹੀਨਾ ਤੇ 11 ਦਿਨ ਬਾਅਦ ਆਜ਼ਾਦੀ ਸੰਗਰਾਮੀਏ ਚਚੇਰੇ ਭਰਾ ਸ੍ਰੀ ਦਮੋਦਰ ਅਤੇ ਬਾਲ ਕ੍ਰਿਸ਼ਨ ਨੇ ਪੂਨਾ ਸ਼ਹਿਰ ਵਿਚ ਮਲਿਕਾ ਵਿਕਟੋਰੀਆ ਦੀ ਤਾਜ਼ਪੋਸ਼ੀ ਦੀ 60ਵੀਂ ਵਰ੍ਹੇਗੰਢ ਮਨਾਉਣ ਵਾਲੇ ਦਿਨ ਮਿਸਟਰ ਰੈਂਡ ਅਤੇ ਲੈਫਟੀਨੈਂਟ ਅਸਰਾਟ ਦੇ ਕਾਲਜੇ ਵਿਚ ਗੋਲੀਆਂ ਮਾਰ ਕੇ ਭਾਰਤ ਦੀ ਮੁਕੰਮਲ ਆਜ਼ਾਦੀ ਚਾਹੁਣ ਵਾਲਿਆਂ ਦੀ ਹੋਂਦ ਦਾ ਪ੍ਰਗਟਾਵਾ ਕੀਤਾ ਸੀ।
22 ਸਾਲ ਦੀ ਚੜ੍ਹਦੀ ਜਵਾਨੀ ਦੀ ਉਮਰ ਵਿਚ ਅਜੀਤ ਸਿੰਘ ਅੰਦਰਖਾਤੇ ਰਾਜਿਆਂ, ਨਵਾਬਾਂ ਨੂੰ ਉਨ੍ਹਾਂ ਦੀ ਰਿਹਾਇਸ਼ਗਾਹ ‘ਤੇ ਮਿਲਦਾ, ਆਜ਼ਾਦੀ ਲਈ ਵਿਚਾਰਾਂ ਕਰਦਾ ਰਿਹਾ ਪਰ ਸਿਰਫ ਕਸ਼ਮੀਰ ਅਤੇ ਬੜੌਦਾ ਦੇ ਰਾਜੇ ਹੀ ਇਸ ਦਲੀਲ ਨਾਲ ਸਹਿਮਤ ਹੋਏ। ਬ੍ਰਿਟਿਸ਼ ਸਰਕਾਰ ਨੇ 1905-06 ਵਿਚ ਹਿੰਦੁਸਤਾਨ ਨੂੰ ਵੰਡਣ ਦੀ ਗਹਿਰੀ ਸਾਜ਼ਿਸ਼ ਰਚੀ ਅਤੇ ਇਸ ਦੀ ਸ਼ੁਰੂਆਤ ਬੰਗਾਲ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਕੀਤੀ। ਬੰਗਾਲ ਦੀ ਜਨਤਾ ਗੁੱਸੇ ਵਿਚ ਆ ਗਈ। ਉਸ ਵਕਤ ਦਾਦਾ ਭਾਈ ਨਾਰੋਜੀ ਦੀ ਸਰਪ੍ਰਸਤੀ ਥੱਲੇ ਕਾਂਗਰਸ ਦੇ ਇਜਲਾਸ ਵਿਚ ਭਰਵਾਂ ਇਕੱਠ ਹੋਇਆ। ਪੰਜਾਬ ਤੋਂ ਅਜੀਤ ਸਿੰਘ ਵੀ ਇਸ ਵਿਚ ਸ਼ਾਮਲ ਹੋਏ। ਉਸ ਕਾਨਫਰੰਸ ਦਾ ਨਤੀਜਾ ਇਹ ਨਿਕਲਿਆ ਕਿ ਗਰਮ ਦਲ ਅਤੇ ਨਰਮ ਦਲ ਬਣ ਗਏ। ਗਰਮ ਦਲ ਦੇ ਮੋਹਰੀ ਲੋਕਮਾਨਯ ਤਿਲਕ ਅਤੇ ਅਜੀਤ ਸਿੰਘ ਸਨ। ਪੰਜਾਬ ਦੇ ਕਿਸਾਨਾਂ ਲਈ ਸਰਕਾਰ ਨੇ ਲੈਂਡ ਕਾਲੋਨਾਈਜੇਸ਼ਨ ਕਾਨੂੰਨ ਲੈ ਆਂਦਾ। ਇਸ ਦਾ ਮਤਲਬ ਸੀ ਕਿ ਕਿਸਾਨ ਦੀ ਸਾਰੀ ਜ਼ਮੀਨ ਦਾ ਮਾਲਕ ਅੱਗੇ ਤੋਂ ਉਸ ਦਾ ਵੱਡਾ ਲੜਕਾ ਹੀ ਹੋਵੇਗਾ। ਅਗਰ ਲੜਕਾ ਨਹੀਂ ਹੈ, ਕਿਸਾਨ ਦੀ ਮੌਤ ਤੋਂ ਬਾਅਦ ਜ਼ਮੀਨ ਦੀ ਮਾਲਕ ਖੁਦ ਸਰਕਾਰ ਹੋਵੇਗੀ। ਇਸ ਬਿੱਲ ਵਿਚ ਹੋਰ ਵੀ ਊਟ-ਪਟਾਂਗ ਸੀ ਅਤੇ ਨਹਿਰੀ ਪਾਣੀ ਦਾ ਮਾਮਲਾ ਵੀ ਕਈ ਗੁਣਾ ਵਧਾ ਦਿੱਤਾ ਗਿਆ। ਖੂਨ-ਪਸੀਨਾ ਇਕ ਕਰ ਕੇ ਜੰਗਲ ਸਾਫ ਕਰ ਕੇ ਤਿਆਰ ਕੀਤੀ ਗਈ ਜਾਇਦਾਦ ਲਈ ਕਿਸਾਨਾਂ ਦਾ ਗੁੱਸਾ ਜਾਗਿਆ। ਬੰਗਾਲ ਤੋਂ ਮੁੜਨ ਪਿੱਛੋਂ ਅਜੀਤ ਸਿੰਘ ਨੇ ਕਿਸਾਨਾਂ ਨਾਲ ਹੋ ਰਹੀ ਜ਼ਿਆਦਤੀ ਖਿਲਾਫ ਅੰਦੋਲਨ ਚਲਾਉਣ ਦਾ ਪ੍ਰਣ ਕੀਤਾ। ਅੰਦੋਲਨ ਨੂੰ ਹੋਰ ਵੀ ਬਲ ਉਦੋਂ ਮਿਲਿਆ ਜਦੋਂ ਮੁਰਾਦਾਬਾਦ ਦਾ ਜੰਮਪਲ ਸੂਫੀ ਅੰਬਾ ਪ੍ਰਸਾਦ ਅਖਬਾਰ ‘ਜੂਮੀ-ਉਲ-ਵਤਨ’ ਵਿਚ ਲਿਖੇ ਲੇਖ ਕਾਰਨ ਪੰਜ ਸਾਲ ਦੀ ਸਜ਼ਾ ਪੂਰੀ ਕਰ ਕੇ ਅਜੀਤ ਸਿੰਘ ਨਾਲ ਆ ਮਿਲੇ। ਫਿਰ ਪੰਜਾਬ ਦੀ ਪਿੱਠਭੂਮੀ ਤੇ ਕਿਸਾਨਾਂ ਦੀ ਮਦਦ ਲਈ ਕਿਸ਼ਨ ਸਿੰਘ, ਲਾਲਾ ਹਰਦਿਆਲ, ਲਾਲਾ ਲਾਲ ਚੰਦ, ਮਹਿਤਾ ਨੰਦ ਕਿਸ਼ੋਰ ਅਤੇ ਕਿਦਾਰ ਨਾਥ ਸਹਿਗਲ ਪੇਸ਼ ਸਨ।
ਸ਼ ਅਜੀਤ ਸਿੰਘ ਲਾਹੌਰ ਦੇ ਕਸੂਰ ਸ਼ਹਿਰ ਵਿਚ ਸਮਾਜ-ਸੇਵੀ ਧਨਪਤ ਰਾਏ ਆਰੀਆ ਸਮਾਜੀ ਪਾਸੋਂ ਇਨ੍ਹਾਂ ਮਸਲਿਆਂ ਬਾਰੇ ਸਲਾਹ-ਮਸ਼ਵਰਾ ਲੈਣ ਗਏ। ਗੱਲਬਾਤ ਤੋਂ ਬਾਅਦ ਧਨਪਤ ਰਾਏ ਨੇ ਪੁੱਛਿਆ-ਅਜੀਤ ਸਿੰਘ ਸ਼ਾਦੀ ਕਰਵਾ ਲਈ ਹੈ? ਜੁਆਬ ਵਿਚ ‘ਨਾਂਹ’ ਮਿਲਿਆ ਤਾਂ ਧਨਪਤ ਰਾਏ ਨੇ ਕਿਹਾ ਕਿ ਸਮਾਜ ਨੂੰ ਅੱਗੇ ਤੋਰਨ ਲਈ ਮਰਦ-ਇਸਤਰੀ ਦਾ ਇਕੱਠਿਆਂ ਰਹਿਣਾ ਲਾਜ਼ਮੀ ਹੈ। ਸੋ, ਮੇਰੀ ਗੋਦ ਲਈ ਬੇਟੀ ਨਾਮੋ ਤੇਰੀ ਜ਼ਿੰਦਗੀ ਵਿਚ ਪੂਰੀ ਉਤਰੇਗੀ। ਅਜੀਤ ਸਿੰਘ ਨੇ ਪਰਿਵਾਰ ਦੀ ਸਲਾਹ ਤੋਂ ਬਗੈਰ ਹੀ ਨਾਮੋ ਨੂੰ ਆਪਣਾ ਜੀਵਨ ਸਾਥੀ ਬਣਾ ਲਿਆ। ਘਰ ਵਾਲਿਆਂ ਖੁਸ਼ੀ ਪ੍ਰਗਟਾਈ। ਇਹੀ ਮਾਤਾ ਹਰਨਾਮ ਕੌਰ ਆਪਣੇ ਪਤੀ ਦੀ ਜਲਾਵਤਨੀ ਸਮੇਂ 40 ਸਾਲ ਪਰਿਵਾਰ ਵਿਚ ਰਹੇ।
ਅਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਸ਼ਨਾਂ ਦੇ ਨਾਲ-ਨਾਲ ਪ੍ਰਕਾਸ਼ਨਾ ਪੱਤਰ ਜਾਰੀ ਕਰਨ ਲਈ ‘ਭਾਰਤ ਮਾਤਾ ਬੁੱਕ ਏਜੰਸੀ’ ਬਣਾਈ। ਸੂਫੀ ਅੰਬਾ ਪ੍ਰਸ਼ਾਦ ਨੇ ‘ਮਸੀਹਾ ਬਾਗੀ ਅਜੀਤ ਸਿੰਘ’ ਦੇ ਨਾਂ ਦਾ ਪੈਂਫਲਿਟ ਛਾਪਿਆ ਜੋ ਬੰਬ ਸਾਬਿਤ ਹੋਇਆ। ਅਜੀਤ ਸਿੰਘ ਤੇ ਸਾਥੀਆਂ ਨੇ ਜਲਸਿਆਂ ਦਾ ਸਾਰੇ ਪੰਜਾਬ ਵਿਚ ਹੜ੍ਹ ਲੈ ਆਂਦਾ। ਜਲਸਿਆਂ ਵਿਚ ਭਾਸ਼ਨ ਹੁੰਦੇ ਜਿਵੇਂ ਜਵਾਲਾਮੁਖੀ ਅੱਗ ਵਰਸਾ ਰਿਹਾ ਹੋਵੇ। ਸਰਕਾਰੀ ਮਸ਼ੀਨਰੀ ਵੱਲੋਂ ਰੋਕਣ ਦੇ ਬਾਵਜੂਦ ਕਿਸਾਨਾਂ ਨੇ ਵਧ-ਚੜ੍ਹ ਕੇ ਇਨ੍ਹਾਂ ਜਲਸਿਆਂ ਵਿਚ ਹਿੱਸਾ ਲਿਆ। ਇਤਿਹਾਸ ਗਵਾਹ ਹੈ ਕਿ ਜਲਸਿਆਂ ਦਾ ਸਿਲਸਿਲਾ 14 ਮਾਰਚ 1907 ਤੋਂ ਸ਼ੁਰੂ ਹੋਇਆ; ਵਿਸ਼ਾ ਸੀ ‘ਹਿੰਦੋਸਤਾਨ ਹਮਾਰਾ ਹੈ।’ 22 ਮਾਰਚ ਨੂੰ ਲਾਇਲਪੁਰ ਵਿਚ ‘ਭਾਰਤ ਮਾਤਾ ਸੁਸਾਇਟੀ’ ਵੱਲੋਂ ਕਰਵਾਏ ਗਏ ਜਲਸੇ ਵਿਚ ਕਿਸਾਨਾਂ ਅਤੇ ਸ਼ਹਿਰੀ ਬਾਬੂਆਂ ਨੇ ਹਿੱਸਾ ਲਿਆ ਜਿਹੜਾ ਹਾਜ਼ਰੀ ਪੱਖੋਂ ਸਿਖ਼ਰਾਂ ਛੋਹ ਗਿਆ। ਜਲਸੇ ਦੀ ਸ਼ੁਰੂਆਤ ਵਿਚ ‘ਝੰਗ ਸਿਆਲ’ ਅਖ਼ਬਾਰ ਦੇ ਐਡੀਟਰ ਬਾਂਕੇ ਦਿਆਲ ਨੇ ਨਜ਼ਮ ‘ਪੱਗੜੀ ਸੰਭਾਲ ਜੱਟਾ’ ਪੜ੍ਹੀ। ਭਾਸ਼ਨ ਦਾ ਵਿਸ਼ਾ ਸੀ ‘ਲੈਂਡ ਕਾਲੋਨਾਈਜੇਸ਼ਨ ਕਾਲਾ ਕਾਨੂੰਨ ਵਾਪਸ ਲਵੋ’। ਨਾਲ ਹੀ ਚਿਤਾਵਨੀ ਦਿੱਤੀ ਕਿ ਅੰਗਰੇਜ਼ੋ! ਹਿੰਦੁਸਤਾਨ ਤੋਂ ਚਲੇ ਜਾਓ। ਇਸ ਤਰ੍ਹਾਂ 29 ਮਾਰਚ ਅੰਮ੍ਰਿਤਸਰ, 7 ਅਪਰੈਲ ਗੁਜਰਾਂਵਾਲਾ, 17 ਅਪਰੈਲ ਮੁਲਤਾਨ, 26 ਅਪਰੈਲ ਬਟਾਲਾ, 27 ਅਪਰੈਲ ਗੁਰਦਾਸਪੁਰ, ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿਚ ਵੀ ਜਲਸੇ ਅਤੇ ਮੀਟਿੰਗਾਂ ਕੀਤੀਆਂ ਗਈਆਂ।
ਇਸ ਤੋਂ ਇਲਾਵਾ 10 ਮਈ 1907 ਨੂੰ 1857 ਵਾਲੇ ਗਦਰ ਦੀ 50ਵੀਂ ਵਰ੍ਹੇਗੰਢ ਮਨਾਉਂਦਿਆਂ ਇਨਕਲਾਬੀ ਦੇਸ਼ ਭਗਤਾਂ, ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਸਰਕਾਰ ਘਬਰਾ ਗਈ। ਪੰਜਾਬ ਦੇ ਲੈਫਟੀਨੈਂਟ ਗਵਰਨਰ ਨੇ ਵਾਇਸਰਾਏ ਲਾਰਡ ਹਾਰਡਿੰਗ ਨੂੰ 5 ਮਈ 1907 ਨੂੰ ਰਿਪੋਰਟ ਭੇਜੀ ਜਿਸ ਵਿਚ ਕਿਹਾ ਗਿਆ ਸੀ ਕਿ ਅਜੀਤ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਲਗਾਤਾਰ ਜਲਸੇ ਅਤੇ ਮੀਟਿੰਗਾਂ ਵਿਚ ਕਿਸਾਨ, ਸ਼ਹਿਰੀ ਬਾਬੂਆਂ, ਸਾਬਕਾ ਫੌਜੀਆਂ, ਇਥੋਂ ਤੱਕ ਕਿ ਪੁਲਿਸ ਮੁਲਾਜ਼ਮਾਂ ਨੂੰ ਵੀ ਨੌਕਰੀ ਛੱਡਣ ਲਈ ਕਿਹਾ ਜਾਂਦਾ ਹੈ। ਸੋ, ਇਸ ਸਰਕਾਰੀ ਪੱਤਰ ਨੂੰ ਅਤਿਅੰਤ ਜ਼ਰੂਰੀ ਸਮਝ ਕੇ ਪ੍ਰਵਾਨ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਉਸ ਵੇਲੇ ਭਾਰਤ ਦੇ ਹੋਮ ਸੈਕਟਰੀ ਦੇ ਦਸਤਖਤਾਂ ਥੱਲੇ ਅਜੀਤ ਸਿੰਘ ਦੇ ਗ੍ਰਿਫ਼ਤਾਰੀ ਵਰੰਟ ਮਈ 1907 ਨੂੰ ਜਾਰੀ ਹੋ ਗਏ ਅਤੇ ਉਨ੍ਹਾਂ ਨੂੰ 2 ਜੂਨ 1907 ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਕੇ ਬਰਮਾ ਦੀ ਮਾਡਲੇ ਜੇਲ੍ਹ ਵਿਚ ਭੇਜ ਦਿੱਤਾ ਗਿਆ। ਯਾਦ ਰਹੇ ਕਿ 1857 ਨੂੰ ਬਹਾਦਰ ਸ਼ਾਹ ਜ਼ਫਰ ਅਤੇ 1882 ਦੀ ਕੂਕਾ ਬਗਾਵਤ ਪਿਛੋਂ ਸਤਿਗੁਰੂ ਰਾਮ ਸਿੰਘ ਨੂੰ ਇਸ ਜੇਲ੍ਹ ਵਿਚ ਰੱਖਿਆ ਗਿਆ ਸੀ। ਪੰਜਾਬ ਵਿਚ ਗ੍ਰਿਫ਼ਤਾਰੀਆਂ ਖਿਲਾਫ ਦੇਸ਼ਵਿਆਪੀ ਅੰਦੋਲਨ ਭੜਕ ਪਏ। ਸਰਕਾਰ ਨੂੰ ਝੁਕਣਾ ਪਿਆ। ਬਰਤਾਨਵੀ ਸਰਕਾਰ ਨੇ ਜਾਰਜ ਪੰਜਮ ਦੀ ਤਾਜ਼ਪੋਸ਼ੀ ਦੀ ਖ਼ੁਸ਼ੀ ਕਹਿ ਕੇ ਲੈਂਡ ਕਾਲੋਨਾਈਜੇਸ਼ਨ ਬਿੱਲ ਵਾਪਸ ਲੈ ਲਿਆ ਅਤੇ ਸਾਰੇ ਸਿਆਸੀ ਕੈਦੀ ਰਿਹਾ ਕਰ ਦਿੱਤੇ। ਇਸ ਤੋਂ ਬਾਅਦ ਕਾਂਗਰਸ ਨੇ ਸੂਰਤ ਵਿਚ ਪਾਰਟੀ ਦਾ ਇਜਲਾਸ ਬੁਲਾਇਆ। ਤਿਲਕ ਜੀ ਦੇ ਵਿਸ਼ੇਸ਼ ਸੱਦੇ ‘ਤੇ ਅਜੀਤ ਸਿੰਘ ਨੇ ਆਪਣੇ ਵੱਡੇ ਭਰਾ ਕਿਸ਼ਨ ਸਿੰਘ ਨਾਲ ਇਜਲਾਸ ਵਿਚ ਸ਼ਿਰਕਤ ਕੀਤੀ। ਗਰਮ ਦਲ ਅਤੇ ਨਰਮ ਦਲ ਦੇ ਰੌਲੇ-ਰੱਪੇ ਵਿਚ ਹੀ ਇਜਲਾਸ ਖ਼ਤਮ ਹੋ ਗਿਆ।
ਭਾਰਤ ਦੀ ਆਜ਼ਾਦੀ ਲਈ ਅੰਦਰੋਂ ਅਤੇ ਵਿਦੇਸ਼ ਤੋਂ ਮਦਦ ਲੈਣ ਦਾ ਫੈਸਲਾ ਹੋਇਆ। ਕਿਹਾ ਗਿਆ ਕਿ ਲਾਲਾ ਹਰਦਿਆਲ ਅਮਰੀਕਾ, ਨਿਰੰਜਨ ਸਿੰਘ ਬਰਾਜ਼ੀਲ, ਅਜੀਤ ਸਿੰਘ ਤੇ ਸੂਫੀ ਅੰਬਾ ਪ੍ਰਸ਼ਾਦ ਇਰਾਨ ਅਤੇ ਅਫਗਾਨਿਸਤਾਨ ਜਾਣ; ਤਿਲਕ ਜੀ ਅਤੇ ਰਾਸ ਬਿਹਾਰੀ ਬੋਸ ਦੇਸ਼ ਵਿਚ ਕ੍ਰਾਂਤੀਕਾਰੀ ਅੰਦੋਲਨ ਦੀ ਕਮਾਨ ਸੰਭਾਲਣ। ਸੋ, ਇਸ ਫੈਸਲੇ ਅਨੁਸਾਰ ਸ਼ ਅਜੀਤ ਸਿੰਘ 1909 ਵਿਚ ਮਿਰਜ਼ਾ ਹਸਨ ਖਾਂ ਦੇ ਨਾਂ ਥੱਲੇ ਆਪਣੇ ਸਾਥੀ ਅੰਬਾ ਪ੍ਰਸ਼ਾਦ ਨਾਲ ਕਰਾਚੀ ਤੋਂ ਖੁਫੀਆ ਵਿਭਾਗ ਦੀਆਂ ਨਜ਼ਰਾਂ ਤੋਂ ਬਚ ਕੇ ਸਮੁੰਦਰੀ ਜਹਾਜ਼ ਰਾਹੀਂ ਇਰਾਨ ਦੀ ਬੰਦਰਗਾਹ ਬੁਸ਼ੇਰ ਪਹੁੰਚ ਗਏ। ਇਰਾਨ ਵਾਲੀ ਕ੍ਰਾਂਤੀਕਾਰੀ ਪਾਰਟੀ ਦੇ ਨੇਤਾ ਸਈਦ ਅਸਰਾਉਲ ਰਜਤਕ ਅਤੇ ਕਬੀਲੇ ਦੇ ਸਰਦਾਰ ਮਸਾਉਲਾ ਨੂੰ ਮਿਲੇ। ਤਹਿਰਾਨ ਪਹੁੰਚ ਕੇ ਡੈਮੋਕਰੇਟਿਕ ਪਾਰਟੀ ਦੇ ਸਕੱਤਰ ਮਿਰਜ਼ਾ ਮੁਹੰਮਦ ਤਹਿਲਵੀ ਰਾਹੀਂ ਪ੍ਰਧਾਨ ਮੰਤਰੀ ਸਈਦ ਜਮਾਲ ਉਦ ਦੀਨ ਨੂੰ ਮਿਲੇ। ਉਸ ਸਮੇਂ ਇਰਾਨ ਅਜੀਬ ਸੰਕਟ ਵਿਚ ਸੀ। ਅਜੀਤ ਸਿੰਘ ਇਹ ਸੋਚ ਕੇ ਕਿ ਇਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ, ਰਸਤਮਬੋਰ ਬਾਕੂ ਤੋਂ ਟਰਕੀ ਚਲੇ ਗਏ। ਉਥੋਂ ਜਰਮਨੀ, ਪੈਰਿਸ ਤੋਂ ਸਵਿਟਜਰਲੈਂਡ ਦੇ ਸ਼ਹਿਰ ਲੂਸਨ ਰਿਹਾਇਸ਼ ਰੱਖਣ ਦਾ ਮਨ ਬਣਾਇਆ। ਵਿਦੇਸ਼ੀ ਹਾਕਮਾਂ ਪਾਸੋਂ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਕ੍ਰਾਂਤੀਕਾਰੀਆਂ ਦਾ ਇਹ ਅੱਡਾ ਗੜ੍ਹ ਬਣਾ ਚੁੱਕਾ ਸੀ। ਇਰਾਨ ਦਾ ਮਨਿਸਟਰ ਇਥੇ ਆਇਆ ਤੇ ਜਰਮਨੀ ਨੂੰ ਜਾਣ ਲੱਗਾ ਤਾਂ ਦੋਭਸ਼ਾਈਏ ਦੇ ਤੌਰ ‘ਤੇ ਅਜੀਤ ਸਿੰਘ ਨੇ ਜਰਮਨ ਸਮਰਾਟ ਤੋਂ ਹਿੰਦੁਸਤਾਨ ਦੀ ਆਜ਼ਾਦੀ ਲਈ ਮਦਦ ਮੰਗੀ। ਸਮਰਾਟ ਕੈਸਰ ਨੇ ਕਿਹਾ ਕਿ ਸਾਡੀ ਲੜਾਈ ਤਾਂ ਸਿਰਫ ਫਰਾਂਸ ਨਾਲ ਹੈ। ਅਜੀਤ ਸਿੰਘ ਨੇ ਬਗੈਰ ਝਿਜਕ ਕਿਹਾ ਕਿ ਸਮਰਾਟ ਸਾਹਿਬ, ਇਹ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਫਰਾਂਸ ‘ਤੇ ਹਮਲਾ ਕਰੋ ਅਤੇ ਇੰਗਲੈਂਡ ਵਾਲੇ ਚੁੱਪ ਰਹਿਣਗੇ? ਤੁਹਾਡਾ ਵੀ ਅਤੇ ਸਾਡਾ ਵੀ ਸਾਂਝਾ ਦੁਸ਼ਮਣ ਹੈ, ਹਿੰਦੁਸਤਾਨੀ ਫੌਜੀ ਇੰਗਲੈਂਡ ਦੀ ਫੌਜ ਵਿਚ ਵੀ ਹੋਣਗੇ। ਜਰਮਨ ਫੌਜ ਜਿਹੜੇ ਭਾਰਤੀ ਫੌਜੀਆਂ ਨੂੰ ਬੰਦੀ ਬਣਾਏਗੀ, ਉਨ੍ਹਾਂ ਨੂੰ ਆਜ਼ਾਦ ਹਿੰਦ ਫੌਜ ਦਾ ਨਾਂ ਦਿੱਤਾ ਜਾਵੇਗਾ ਜੋ ਤੁਹਾਡੇ ਨਾਲ ਅੰਗਰੇਜ਼ਾਂ ਖਿਲਾਫ ਲੜੇਗੀ। ਸਮਰਾਟ ਕੈਸਰ ਨੂੰ ਇਹ ਦਲੀਲ ਚੰਗੀ ਲੱਗੀ। ਇਸ ਤਰ੍ਹਾਂ ਸਮਰਾਟ ਕੈਸਰ ਅਜੀਤ ਸਿੰਘ ਦੇ ਕਾਫੀ ਨਜ਼ਦੀਕ ਹੋ ਗਿਆ। ਇਸ ਤੋਂ ਬਾਅਦ ਅਜੀਤ ਸਿੰਘ ਫਰਾਂਸ ਚਲੇ ਗਏ। ਇੰਗਲੈਂਡ ਦਾ ਬਾਦਸ਼ਾਹ ਜਾਰਜ ਪੰਜਮ ਫਰਾਂਸ ਆਉਣ ਵਾਲਾ ਸੀ। ਖੁਫੀਆ ਵਿਭਾਗ ਨੇ ਇਤਲਾਹ ਦਿੱਤੀ, ਹੋ ਸਕਦਾ ਹੈ ਕਿ ਉਸ ਦਿਨ ਗੜਬੜ ਹੋ ਜਾਏ। ਅਜੀਤ ਸਿੰਘ ਗ੍ਰਿਫ਼ਤਾਰੀ ਤੋਂ ਬਚਣ ਲਈ ਸਵਿਟਜ਼ਰਲੈਂਡ ਚਲੇ ਗਏ। ਇਹ 1912 ਦਾ ਸਮਾਂ ਸੀ। ਸਿਆਮ ਅਤੇ ਕ੍ਰਿਸ਼ਨ ਵਰਮਾ ਵੀ ਉਥੇ ਹੀ ਸਨ। ਲਾਲਾ ਹਰਦਿਆਲ ਵੀ ਅਮਰੀਕਾ ਪਹੁੰਚ ਚੁੱਕੇ ਸਨ। ਗਦਰ ਪਾਰਟੀ ਦੀ ਸਥਾਪਨਾ ਤੇ ਹਿੰਦੁਸਤਾਨ ਦੀ ਆਜ਼ਾਦੀ ਦਾ ਐਲਾਨ ਹੋ ਚੁੱਕਾ ਸੀ, ਗਦਰ ਪਾਰਟੀ ਦੇ ਸੱਦੇ ‘ਤੇ ਗਦਰੀ ਫੌਜੀ ਛਾਉਣੀਆਂ ਵਿਚ ਫੌਜੀਆਂ ਨਾਲ ਰਾਬਤਾ ਕਾਇਮ ਕਰ ਰਹੇ ਸਨ।
1914 ਨੂੰ ਪਹਿਲਾ ਸੰਸਾਰ ਯੁੱਧ ਸ਼ੁਰੂ ਹੋਇਆ। ਅਜੀਤ ਸਿੰਘ ਦੀ ਯੋਜਨਾ ਸੀ ਕਿ ਗਦਰੀਆਂ ਵੱਲੋਂ ਹਥਿਆਰਬੰਦ ਘੋਲ ਰਾਹੀਂ ਰਾਜਾ ਮਹਿੰਦਰ ਪ੍ਰਤਾਪ ਅਤੇ ਸਾਥੀਆਂ ਵੱਲੋਂ ਕਾਬਲ ਵਿਚ ਬਣਾਈ ਆਰਜ਼ੀ ਆਜ਼ਾਦ ਹਿੰਦ ਲਸ਼ਕਰ ਜਰਮਨ ਹਕੂਮਤ ਦੀ ਸਹਾਇਤਾ ਨਾਲ ਟਰਕੀ ਤੋਂ ਕਾਬਲ, ਫਿਰ ਹਿੰਦੁਸਤਾਨ ਜਾਵੇਗੀ। ਹਿੰਦੁਸਤਾਨੀ ਆਵਾਮ ਇਨ੍ਹਾਂ ਨੂੰ ਜੀ ਆਇਆਂ ਕਹੇਗਾ ਤਾਂ ਬਰਤਾਨਵੀ ਸਰਕਾਰ ਦੇ ਛੱਕੇ ਛੁੱਟ ਜਾਣਗੇ ਅਤੇ ਹਿੰਦੁਸਤਾਨ ਆਜ਼ਾਦ ਹੋ ਜਾਵੇਗਾ; ਪਰ 1916 ਨੂੰ ਯੁੱਧ ਵਿਚ ਅਮਰੀਕਾ ਦੇ ਅੰਗਰੇਜ਼ਾਂ ਦੀ ਮਦਦ ‘ਤੇ ਆਉਣ ਕਰ ਕੇ ਜੰਗ ਦਾ ਪਾਸਾ ਪਲਟ ਗਿਆ। ਅਜੀਤ ਸਿੰਘ ਜਰਮਨੀ ਤੋਂ ਗੁੰਮਨਾਮੀ ਦੀ ਜ਼ਿੰਦਗੀ ਗੁਜ਼ਾਰਨ ਬਰਾਜ਼ੀਲ ਚਲਾ ਗਿਆ।
1935-36 ਦਾ ਸਮਾਂ ਸੀ, ਹਿਟਲਰ ਅਤੇ ਮਸੋਲੀਨੀ ਅਖ਼ਬਾਰਾਂ ਦੇ ਪੰਨਿਆਂ ਉਤੇ ਦਿਖਾਈ ਦੇ ਰਹੇ ਹਨ। ਜਪਾਨ ਇਨ੍ਹਾਂ ਦਾ ਸਾਥ ਦੇ ਰਿਹਾ ਸੀ। ਤਿੰਨ ਸਤੰਬਰ 1939 ਨੂੰ ਦੂਜਾ ਮਹਾਂਯੁੱਧ ਲੱਗ ਗਿਆ। ਮਸੋਲੀਨੀ ਖਾਮੋਸ਼ ਰਿਹਾ। ਮਸੋਲੀਨੀ (ਇਟਲੀ) ਨੇ 15 ਜੁਲਾਈ 1940 ਨੂੰ ਉਤਰੀ ਅਫਰੀਕਾ ਉਤੇ ਹਮਲਾ ਕਰ ਦਿੱਤਾ। ਅਜੀਤ ਸਿੰਘ ਮਸੋਲੀਨੀ ਨੂੰ ਵਿਦਿਆਰਥੀ ਵੇਲੇ ਤੋਂ ਜਾਣਦਾ ਸੀ। ਉਹ ਰੋਮ ਚਲਾ ਗਿਆ ਅਤੇ ਮਸੋਲੀਨੀ ਨੂੰ ਮਸ਼ਵਰਾ ਦਿੱਤਾ ਕਿ ਰੋਮ ਰੇਡਿਓ ਤੋਂ ਹਿੰਦੁਸਤਾਨੀਆਂ ਲਈ ਹਰ ਰੋਜ਼ ਪ੍ਰੋਗਰਾਮ ਨਸ਼ਰ ਕੀਤਾ ਜਾਵੇ ਜੋ ਮਸੋਲੀਨੀ ਨੇ ਮਨਜ਼ੂਰ ਕਰ ਲਿਆ। ਅਜੀਤ ਸਿੰਘ ਇਸ ਦੇ ਸੰਚਾਲਕ ਬਣ ਕੇ ਜੋਸ਼ੀਲੇ ਭਾਸ਼ਨ ਦੇਣ ਲੱਗ ਪਏ। ਇਹ ਪ੍ਰੋਗਰਾਮ ਹਿੰਦੁਸਤਾਨੀਆਂ ਵਿਚ ਹਰਮਨ ਪਿਆਰਾ ਹੋ ਗਿਆ।
ਭਾਰਤੀ ਕ੍ਰਾਂਤੀਕਾਰੀ ਇਕਬਾਲ ਵੀ ਨਾਲ ਸੀ। ਅੰਗਰੇਜ਼ ਨੂੰ ਹਰ ਮੋਰਚੇ ‘ਤੇ ਹਾਰ ਹੋ ਰਹੀ ਸੀ। ਹਿੰਦੁਸਤਾਨੀ ਫੌਜੀਆਂ ਤੋਂ ਮਿਸਰ ਅਤੇ ਇਰਾਕ ਦੇ ਲੋਕਾਂ ਨੇ ਪੁੱਛਿਆ ਕਿ ਤੁਸੀਂ ਦੇਸ਼ ਦੀ ਆਜ਼ਾਦੀ ਲਈ ਤਾਂ ਲੜਦੇ ਨਹੀਂ, ਬਲਕਿ ਤੁਸੀਂ ਤਾਂ ਇਨ੍ਹਾਂ ਅੰਗਰੇਜ਼ਾਂ ਦੀ ਮਦਦ ਕਰ ਕੇ ਦੇਸ਼ ਦੀ ਗੁਲਾਮੀ ਨੂੰ ਹੋਰ ਮਜ਼ਬੂਤ ਕਰ ਰਹੇ ਹੋ? ਇਸ ਸਵਾਲ ਦਾ ਬੜਾ ਅਸਰ ਹੋਇਆ। ਯੁੱਧ ਵਿਚ ਬੰਦੀ ਹੋਏ ਫੌਜੀਆਂ ਵਿਚੋਂ ਬਹੁਤੇ ਫੌਜੀ ਆਜ਼ਾਦ ਹਿੰਦ ਲਸ਼ਕਰ ਵਿਚ ਸ਼ਾਮਲ ਹੋ ਗਏ। ਇਨ੍ਹਾਂ ਨੂੰ ਸਿਖਲਾਈ ਦੇ ਨਾਲ-ਨਾਲ ਦੇਸ਼ ਦੇ ਇਤਿਹਾਸ ਦੀ ਜਾਣਕਾਰੀ ਵੀ ਦਿੱਤੀ ਜਾਂਦੀ। ਹੌਲੀ-ਹੌਲੀ ਇਨ੍ਹਾਂ ਦੀ ਤਾਦਾਦ ਵਧਦੀ ਗਈ। ਇਟਲੀ ਦੇ ਫੌਜੀਆਂ ਦੇ ਪੈਰ, ਜੰਗ ਦੇ ਹਰ ਮੁਹਾਜ਼ ‘ਤੇ ਉਖੇੜਨ ਲੱਗੇ। ਇਟਲੀ ਵਾਲੇ ਚਾਹੁੰਦੇ ਸਨ ਕਿ ਆਜ਼ਾਦ ਹਿੰਦ ਲਸ਼ਕਰ ਉਨ੍ਹਾਂ ਦੇ ਮੋਰਚਿਆਂ ‘ਤੇ ਮੋਹਰੇ ਹੋ ਕੇ ਲੜੇ। ਅਜੀਤ ਸਿੰਘ ਨੇ ਕਿਹਾ ਕਿ ਭਾਰਤੀ ਲਸ਼ਕਰ ਸਿਰਫ਼ ਭਾਰਤੀ ਸਰਹੱਦ ‘ਤੇ ਹੀ ਬਰਤਾਨਵੀ ਸਰਕਾਰ ਨਾਲ ਟੱਕਰ ਲੈਣਗੇ। ਇਟਲੀ ਨੇ ਇਨ੍ਹਾਂ ਨੂੰ ਫਿਰ ਬੰਦੀ ਬਣਾ ਲਿਆ। 7 ਅਕਤੂਬਰ ਨੂੰ ਇਟਲੀ ਨੇ ਹਾਰ ਮੰਨ ਲਈ। ਆਜ਼ਾਦ ਹਿੰਦ ਲਸ਼ਕਰ ਸੁਭਾਸ਼ ਚੰਦਰ ਬੋਸ਼ ਵਾਲੀ ਆਜ਼ਾਦ ਹਿੰਦ ਫੌਜ ਵਿਚ ਸ਼ਾਮਲ ਹੋ ਗਿਆ। ਕਦੇ ਕਿਤੇ ਕਦੇ ਕਿਤੇ ਘੁੰਮਦੇ ਅਜੀਤ ਸਿੰਘ ਨੂੰ ਬਰਤਾਨਵੀ ਫੌਜੀ ਨੇ ਫੜ ਲਿਆ।
ਜਿਵੇਂ ਹੀ ਦੇਸ਼ ਆਜ਼ਾਦ ਹੋਣ ‘ਤੇ ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਥੱਲੇ ਸਰਕਾਰ ਦੀ ਖੁਸ਼ਬੋ ਹਵਾ ਵਿਚ ਉਠਣ ਲੱਗੀ ਤਾਂ ਅਜੀਤ ਸਿੰਘ ਬਾਰੇ ਵੀ ਅਖ਼ਬਾਰਾਂ ਦੇ ਪਹਿਲੇ ਪੰਨਿਆਂ ‘ਤੇ ਖਬਰਾਂ ਛਪੀਆਂ ਜੋ ਲੋਕਾਈ ਵਿਚ ਬਹਿਸ ਦਾ ਵਿਸ਼ਾ ਵੀ ਬਣਨ ਲੱਗੀਆਂ। ਅਖ਼ਬਾਰਾਂ ਨੇ ਲਿਖਿਆ ਕਿ 1937 ਵਿਚ ਪੰਡਤ ਜਵਾਹਰ ਲਾਲ ਨਹਿਰੂ ਸਵਿਟਜਰਲੈਂਡ ਗਏ ਸਨ ਤਾਂ ਅਜੀਤ ਸਿੰਘ ਨਾਲ ਹੋਈ ਗੱਲਬਾਤ ਵਿਚ ਜਲਦੀ ਤੋਂ ਜਲਦੀ ਹਿੰਦੁਸਤਾਨ ਆਉਣ ਬਾਰੇ ਆਪਣੀ ਬੇਚੈਨੀ ਪ੍ਰਗਟਾਈ ਸੀ। ਹੁਣ ਲੋਕ ਹਿੱਤ ਤੇਜ਼ ਹੋ ਰਿਹਾ ਸੀ। ਪੰਡਤ ਨਹਿਰੂ ਉਤੇ ਦਬਾਅ ਵਧ ਰਿਹਾ ਸੀ। ਬਰਤਾਨਵੀ ਸਰਕਾਰ ਅਜੀਤ ਸਿੰਘ ਨੂੰ ਹਿੰਦੁਸਤਾਨ ਵਿਚ ਦਾਖਲ ਹੋਣ ਵਿਚ ਕਈ ਤਰ੍ਹਾਂ ਦੇ ਅੜਿੱਕੇ ਪਾਉਂਦੀ ਰਹੀ ਸੀ ਤਾਂ ਪੰਡਤ ਨਹਿਰੂ ਨੇ ਵਾਇਸਰਾਏ ‘ਤੇ ਜ਼ੋਰ ਪਾਇਆ ਕਿ ਅਜੀਤ ਸਿੰਘ ਨੂੰ ਰਿਹਾ ਕਰ ਦਿੱਤਾ ਜਾਵੇ। ਮਾਰਚ 1947 ਨੂੰ ਅਜੀਤ ਸਿੰਘ ਕਰਾਚੀ ਪਹੁੰਚੇ। ਕੇਦਾਰ ਨਾਥ ਸਹਿਗਲ, ਡਾæ ਸਤਪਾਲ ਅਤੇ ਉਨ੍ਹਾਂ ਦੇ ਵੱਡੇ ਭਰਾ ਸ਼ ਕਿਸ਼ਨ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕਰਾਚੀ ਤੋਂ ਦਿੱਲੀ, ਫਿਰ ਪੰਜਾਬ ਤੇ ਫਿਰ ਲਾਹੌਰ ਪੁੱਜੇ। ਇਸ ਤਰ੍ਹਾਂ ਬੁੱਢਾ, ਬਿਮਾਰ, ਥੱਕਿਆ-ਹਾਰਿਆ, ਕ੍ਰਾਂਤੀਕਾਰੀ, ਬਾਗੀ ਮਸੀਹਾ ਅਜੀਤ ਸਿੰਘ ਜ਼ਿੰਦਾ ਜਾਗਦਾ ਤਕਰੀਬਨ 40 ਸਾਲ ਬਾਅਦ ਲਾਇਲਪੁਰ ਚੱਕ ਨੰਬਰ 105 ਗਾਫ ਬੇਅ (ਬੰਗਾ) ਆਪਣੇ ਘਰ ਵਾਪਸ ਆਇਆ ਤੇ ਮੂੰਹ ਤੋਂ ਆਵਾਜ਼ ਨਿਕਲੀ-ਜ਼ਿੰਦਾਬਾਦ ਇਨਕਲਾਬੀ। ਕੁਝ ਦਿਨ ਬਾਅਦ ਅਜੀਤ ਸਿੰਘ ਫਿਰ ਪ੍ਰੇਸ਼ਾਨ ਰਹਿਣ ਲੱਗੇ ਕਿ ਜਿਸ ਆਜ਼ਾਦੀ ਲਈ ਜ਼ਿੰਦਗੀ ਭਰ ਜੂਝਦਾ ਰਿਹਾ ਸਾਂ, ਅੰਗਰੇਜ਼ ਜਾ ਰਿਹਾ ਹੈ, ਪਰ ਹਿੰਦੁਸਤਾਨ ਦਾ ਬਟਵਾਰਾ ਕਰ ਕੇ। ਨਾ ਜਵਾਹਰ ਲਾਲ ਨਹਿਰੂ ਦੇਖ ਰਿਹਾ ਹੈ, ਨਾ ਜਿਨਾਹ। ਖੂਨ ਦੀਆਂ ਨਦੀਆਂ ਵਹਿ ਰਹੀਆਂ ਹਨ। ਉਹ ਹੋਰ ਗੰਭੀਰ ਹੋ ਗਏ।
15 ਅਗਸਤ 1947 ਨੂੰ ਸੁਤੰਤਰ ਭਾਰਤ ਦੀ ਪਹਿਲੀ ਸਵੇਰ ਨੂੰ ਆਪਣੀ ਜੀਵਨ ਸਾਥਣ ਮਾਤਾ ਹਰਨਾਮ ਕੌਰ ਨੂੰ ਉਨ੍ਹਾਂ ਕਿਹਾ ਕਿ ਮੇਰਾ ਫਰਜ਼ ਸੀ ਤੇਰੀ ਸੇਵਾ ਕਰਾਂ, ਪਰ ਮੈਂ ਤਾਂ ਭਾਰਤ ਮਾਤਾ ਦੀ ਸੇਵਾ ਹੀ ਕਰਦਾ ਰਿਹਾ। ਇਸ ਤੋਂ ਬਾਅਦ ਆਵਾਜ਼ ਗੰਭੀਰ ਹੋ ਗਈ। ਜੈ ਹਿੰਦ ਬੁਲਾ ਕੇ ਬਾਗੀ ਮਸੀਹਾ ਅਜੀਤ ਸਿੰਘ ਆਪਣਾ ਜੀਵਨ ਪੰਧ ਸਮਾਪਤ ਕਰ ਗਏ।
Leave a Reply