ਸੀਨੀਅਰ ਅਫਸਰਾਂ ਨੂੰ ਲੱਗਾ ਤਰਨ ਤਾਰਨ ਕਾਂਡ ਦਾ ਸੇਕ

ਤਰਨ ਤਾਰਨ: ਪਿਛਲੇ ਦਿਨੀਂ ਤਰਨ ਤਾਰਨ ਦੇ ਪੈਲੇਸ ਦੇ ਬਾਹਰ ਪੁਲਿਸ ਮੁਲਾਜ਼ਮਾਂ ਵੱਲੋਂ ਦਲਿਤ ਲੜਕੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਲਏ ਗਏ ਸਖ਼ਤ ਸਟੈਂਡ ਤੋਂ ਬਾਅਦ ਪੰਜਾਬ ਸਰਕਾਰ ਨੇ ਕੁੱਟਮਾਰ ਕਰਨ ਵਾਲੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਤਰਨਤਾਰਨ ਦੇ ਐਸਐਸਪੀ ਕਮਲਜੀਤ ਸਿੰਘ ਢਿੱਲੋਂ ਨੂੰ ਹਟਾ ਕੇ ਉਨ੍ਹਾਂ ਦੀ ਜਗ੍ਹਾ ਗੁਰਦਾਸਪੁਰ ਦੇ ਐਸਐਸਪੀ ਰਾਜਜੀਤ ਸਿੰਘ ਨੂੰ ਤਰਨਤਾਰਨ ਦਾ ਨਵਾਂ ਐਸ਼ਐਸ਼ਪੀæ ਨਿਯੁਕਤ ਕੀਤਾ ਹੈ।
ਇਸ ਮਾਮਲੇ ਵਿਚ ਤਰਨਤਾਰਨ ਦੇ ਥਾਣਾ ਸਿਟੀ ਐਸਐਚਓ ਨੂੰ ਵੀ ਪੁਲਿਸ ਲਾਈਨ ਭੇਜ ਦਿੱਤਾ ਹੈ ਤੇ ਉੁਨ੍ਹਾਂ ਦੀ ਜਗ੍ਹਾ ਨਵਾਂ ਐਸਐਚਓ ਲਾ ਦਿੱਤਾ ਗਿਆ ਹੈ। ਹੈਰਾਮੀ ਦੀ ਗੱਲ ਹੈ ਕਿ ਛੁੱਟੀ ਹੋਣ ਦੇ ਬਾਵਜੂਦ ਨਵੇਂ ਐਸਐਸਪੀ ਰਾਜਜੀਤ ਸਿੰਘ ਨੇ ਅਹੁਦਾ ਸੰਭਾਲ ਲਿਆ। ਪਿੰਡ ਉਸਮਾ ਦੀ ਰਹਿਣ ਵਾਲੀ ਦਲਿਤ ਲੜਕੀ ਹਰਬਿੰਦਰ ਕੌਰ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਆਪਣੇ ਤੌਰ ‘ਤੇ ਕਾਰਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸਾਰੀ ਕਾਰਵਾਈ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ਤੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਨਾਲ ਅਸਹਿਮਤ ਹੁੰਦਿਆਂ ਰਿਪੋਰਟ ਤਿਆਰ ਕਰਨ ਵਾਲੇ ਅਧਿਕਾਰੀਆਂ ਨੂੰ ਝਾੜ ਪਾਈ ਸੀ।
ਗਿਆਰ੍ਹਾਂ ਅਪਰੈਲ ਨੂੰ ਸੁਪਰੀਮ ਕੋਰਟ ਵਿਚ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਅਧਿਕਾਰੀਆਂ ਨੇ ਇਹ ਯਕੀਨ ਦਿਵਾਇਆ ਸੀ ਕਿ ਇਸ ਮਾਮਲੇ ਵਿਚ ਸਬੰਧਤ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐਸਐਸਪੀ ਕਮਲਜੀਤ ਸਿੰਘ ਢਿੱਲੋਂ ਨੂੰ ਕਮਾਂਡੈਂਟ ਪੰਜਵੀਂ ਬਟਾਲੀਅਨ ਬਹਾਦਰਗੜ੍ਹ ਤਾਇਨਾਤ ਕਰ ਦਿੱਤਾ ਹੈ ਜਦਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਦਵਿੰਦਰ ਕੁਮਾਰ ਤੇ ਆਈਆਰਬੀ ਦੇ ਮੁਲਾਜ਼ਮ ਸਾਰਜ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਤਰਨ ਤਾਰਨ ਦੇ ਐਸਐਚਓ ਨੂੰ ਲਾਈਨ ਹਾਜ਼ਰ ਕਰਕੇ ਉਨ੍ਹਾਂ ਦੀ ਜਗ੍ਹਾ ਸਰਾਏ ਅਮਾਨਤ ਖਾਂ ਵਿਚ ਤਾਇਨਾਤ ਸੁੱਚਾ ਸਿੰਘ ਨੂੰ ਥਾਣਾ ਸਿਟੀ ਤਰਨ ਤਾਰਨ ਦਾ ਨਵਾਂ ਐਸਐਚਓ ਨਿਯੁਕਤ ਕੀਤਾ ਹੈ। ਨੌਕਰੀ ਤੋਂ ਬਰਖਾਸਤ ਕੀਤੇ ਗਏ ਦੋਵੇਂ ਪੁਲਿਸ ਮੁਲਾਜ਼ਮ ਇਸ ਸਮੇਂ ਅੰਮਿਤਸਰ ਦੀ ਸੈਂਟਰਲ ਜੇਲ੍ਹ ਵਿਚ ਹਨ।
ਜ਼ਿਕਰਯੋਗ ਹੈ ਕਿ ਤਿੰਨ ਮਾਰਚ ਨੂੰ ਤਰਨ ਤਾਰਨ ਜ਼ਿਲ੍ਹੇ ਵਿਚ ਪੁਲੀਸ ਮੁਲਜ਼ਮਾਂ ਨੇ 22 ਸਾਲਾ ਦਲਿਤ ਕੁੜੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਇਹ ਲੜਕੀ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਟੈਕਸੀ ਡਰਾਈਵਰ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਸੀ ਪਰ ਪੁਲੀਸ ਨੇ ਉਲਟਾ ਉਸ ਨੂੰ ਹੀ ਬੇਰਹਿਮੀ ਨਾਲ ਕੁੱਟਿਆ। ਇਸ ਮਾਮਲੇ ਦਾ ਸੁਪਰੀਮ ਕੋਰਟ ਨੇ ਖੁਦ ਹੀ ਤਿੱਖਾ ਨੋਟਿਸ  ਲੈਂਦਿਆਂ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਸੀ ਤੇ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ਤੇ ਸੀਨੀਅਰ ਅਫਸਰਾਂ ਖਿਲਾਫ਼ ਕਾਰਵਾਈ ਦੀ ਹਦਾਇਤ ਦਿੱਤੀ ਸੀ।

Be the first to comment

Leave a Reply

Your email address will not be published.