ਬਰਗਾੜੀ ਕਾਂਡ ਦੀਆਂ ਪਰਤਾਂ ਖੋਲ੍ਹਣ ਤੋਂ ਝਿਜਕਦੀਆਂ ਰਹੀਆਂ ਸਿਆਸੀ ਧਿਰਾਂ

ਜਲੰਧਰ: ਬੇਅਦਬੀ ਦਾ ਮਾਮਲਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਬਿਠਾਈ ਵਿਸ਼ੇਸ਼ ਪੁਲਿਸ ਜਾਂਚ ਟੀਮ ਦੇ ਰੌਲੇ ਰੱਪੇ ਹੇਠ ਹੀ ਦਬ ਕੇ ਰਹਿ ਗਿਆ ਨਜ਼ਰ ਆ ਰਿਹਾ ਹੈ। ਭਾਰੀ ਦਬਾਅ ਹੇਠ ਨਵੰਬਰ 2015 ‘ਚ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਬਾਦਲ ਸਰਕਾਰ ਨੇ ਸੀæਬੀæਆਈæ ਹਵਾਲੇ ਕਰ ਦਿੱਤੀ ਸੀ, ਪਰ ਸੀæਬੀæਆਈæ ਨੇ ਕਦੇ ਵੀ ਡੱਕਾ ਦੂਹਰਾ ਨਹੀਂ ਕੀਤਾ ਤੇ ਜਾਂਚ ਪੂਰੀ ਤਰ੍ਹਾਂ ਠੰਢੇ ਬਸਤੇ ‘ਚ ਪਾ ਦਿੱਤੀ,

ਪਰ ਕੈਪਟਨ ਸਰਕਾਰ ਦੇ ਗਠਨ ਬਾਅਦ ਪਿਛਲੇ ਵਰ੍ਹੇ ਪਹਿਲੀ ਜੂਨ ਤੋਂ ਬਰਗਾੜੀ ਇਨਸਾਫ ਮੋਰਚਾ ਸ਼ੁਰੂ ਹੋਣ ਨਾਲ ਸੀæਬੀæਆਈæ ਦੇ ਕੰਨ ਉਤੇ ਤਾਂ ਜੂੰ ਨਹੀਂ ਸਰਕੀ, ਪਰ ਪੰਜਾਬ ਪੁਲਿਸ ਦੇ ਡੀæਆਈæਜੀæ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਬਣੀ ਟੀਮ ਨੇ ਬੇਅਦਬੀ ਦੀਆਂ ਦੋਵਾਂ ਘਟਨਾਵਾਂ ਤੋਂ ਪਰਦਾ ਲਾਹ ਕੇ ਇਨ੍ਹਾਂ ਘਟਨਾਵਾਂ ‘ਚ ਸ਼ਾਮਲ ਡੇਰਾ ਸਿਰਸਾ ਦੇ ਪ੍ਰੇਮੀਆਂ ਤੱਕ ਜਾ ਹੱਥ ਪਾਇਆ।
ਮੋਗਾ ਸਾੜਫੂਕ ‘ਚ ਫੜੇ 9 ਪ੍ਰੇਮੀਆਂ ਨੂੰ ਗ੍ਰਿਫਤਾਰ ਕਰਕੇ ਸਾਰੀ ਜਾਂਚ ਰਿਪੋਰਟ ਅਦਾਲਤ, ਸੀæਬੀæਆਈæ ਤੇ ਪੰਜਾਬ ਸਰਕਾਰ ਨੂੰ ਸੌਂਪੀ। ਇਥੋਂ ਤੱਕ ਕਿ ਡੇਰਾ ਸਿਰਸਾ ਦੀ 31 ਮੈਂਬਰੀ ਟੀਮ ‘ਚ ਸ਼ਾਮਲ ਕੋਟਕਪੂਰਾ ਦੇ ਮਹਿੰਦਰਪਾਲ ਬਿੱਟੂ ਨੇ ਤਾਂ ਮੋਗਾ ਦੀ ਅਦਾਲਤ ਸਾਹਮਣੇ ਪੇਸ਼ ਹੋ ਕੇ ਬੇਅਦਬੀ ਮਾਮਲੇ ‘ਚ ਸ਼ਾਮਲ ਹੋਣ ਬਾਰੇ ਆਪਣਾ ਇਕਬਾਲੀਆ ਬਿਆਨ ਵੀ ਕਲਮਬੰਦ ਕਰਵਾ ਦਿੱਤਾ ਸੀ। ਪੰਜਾਬ ਪੁਲਿਸ ਦੀ ਟੀਮ ਵੱਲੋਂ ਬੇਅਦਬੀ ਮਾਮਲੇ ਪਿੱਛੇ ਕੰਮ ਕਰਦੀ ਤਾਕਤ ਦਾ ਪਰਦਾਫਾਸ਼ ਤਾਂ ਕਰ ਦਿੱਤਾ ਪਰ ਸਰਕਾਰ ਨੇ ਇਸ ਵੱਡੀ ਪ੍ਰਾਪਤੀ ਨੂੰ ਅਣਗੌਲਿਆ ਹੀ ਕਰੀ ਰੱਖਿਆ। ਪੰਜਾਬ ਸਰਕਾਰ ਨੇ ਸਤੰਬਰ 2018 ‘ਚ ਪੰਜਾਬ ਵਿਧਾਨ ਸਭਾ ਵਿਚ ਸੀæਬੀæਆਈæ ਤੋਂ ਜਾਂਚ ਵਾਪਸ ਲੈਣ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ, ਪਰ 6 ਮਹੀਨੇ ਬੀਤ ਗਏ ਨਾ ਤਾਂ ਇਹ ਕੇਸ ਸੀæਬੀæਆਈæ ਤੋਂ ਵਾਪਸ ਆਇਆ ਹੈ ਤੇ ਨਾ ਹੀ ਸੀæਬੀæਆਈæ ਨੇ ਬੇਅਦਬੀ ਮਾਮਲੇ ‘ਚ ਜਾਂਚ ਅੱਗੇ ਵਧਾਉਣ ਵਿਚ ਕੋਈ ਦਿਲਚਸਪੀ ਦਿਖਾਈ ਹੈ ਤੇ ਨਾ ਹੀ ਨਾਮਜ਼ਦ ਦੋਸ਼ੀਆਂ ਖਿਲਾਫ ਕਾਨੂੰਨੀ ਚਾਰਾਜੋਈ ਹੀ ਕੀਤੀ ਹੈ।
ਇਸ ਮਾਮਲੇ ਨਾਲ ਜੁੜੇ ਰਹੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸੀæਬੀæਆਈæ ਦੋਵਾਂ ਹੀ ਇਹ ਮਾਮਲਾ ਠੰਢੇ ਬਸਤੇ ਵਿਚ ਪਾ ਦਿੱਤਾ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹਾਲੇ ਤੱਕ ਸੀæਬੀæਆਈæ ਤੋਂ ਵਾਪਸ ਨਹੀਂ ਆਈ। ਇਸ ਬਾਰੇ ਉਨ੍ਹਾਂ ਨੂੰ ਮੌਜੂਦਾ ਬਹੁਤੀ ਜਾਣਕਾਰੀ ਤਾਂ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਗ੍ਰਹਿ ਵਿਭਾਗ ਤੇ ਸੀæਬੀæਆਈæ ਵਿਚਕਾਰ ਚਿੱਠੀ ਪੱਤਰ ਜ਼ਰੂਰ ਚੱਲ ਰਿਹਾ ਹੈ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਦਫਤਰ ਸੀæਬੀæਆਈæ ਤੋਂ ਜਾਂਚ ਵਾਪਸ ਕਰਨ ਦੇ ਮਾਮਲੇ ‘ਚ ਪੂਰੀ ਤਰ੍ਹਾਂ ਨਾਂਹ-ਪੱਖੀ ਰੋਲ ਅਦਾ ਕਰ ਰਿਹਾ ਹੈ। ਇਕ ਪਾਸੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਟੀਮ ਗੁਰਮੀਤ ਰਾਮ ਰਹੀਮ ਨੂੰ ਇਸ ਮਾਮਲੇ ਦੀ ਪੜਤਾਲ ‘ਚ ਸ਼ਾਮਲ ਕਰਨ ਲਈ ਤਤਪਰ ਹੈ ਪਰ ਦੂਜੇ ਪਾਸੇ ਡੇਰਾ ਮੁਖੀ ਦੇ ਨੇੜਲਿਆਂ ਵੱਲੋਂ ਬੇਅਦਬੀ ਕਾਂਡ ‘ਚ ਸ਼ਾਮਲ ਹੋਣ ਦੇ ਠੋਸ ਸਬੂਤ ਸਾਹਮਣੇ ਆਉਣ ਦੇ ਬਾਵਜੂਦ ਡੇਰਾ ਮੁਖੀ ਨੂੰ ਤਲਬ ਕੀਤੇ ਜਾਣ ਬਾਰੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਹੈ।
——————————–
ਬਹਿਬਲ ਕਲਾਂ ‘ਚ ਸ਼ਾਂਤਮਈ ਬੈਠੇ ਮੁਜ਼ਾਹਰਾਕਾਰੀਆਂ ‘ਤੇ ਚਲਾਈ ਸੀ ਗੋਲੀ
ਵਿਸ਼ੇਸ਼ ਜਾਂਚ ਟੀਮ ਵੱਲੋਂ ਨਵੇਂ ਸਬੂਤ ਪੇਸ਼
ਫਰੀਦਕੋਟ: ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ‘ਚ ਨਵੇਂ ਸਬੂਤ ਪੇਸ਼ ਕੀਤੇ ਹਨ। ਸਿਟ ਨੇ ਸਾਬਕਾ ਐਸ਼ਐਸ਼ਪੀæ ਚਰਨਜੀਤ ਸਿੰਘ ਸ਼ਰਮਾ ਦੀ ਜ਼ਮਾਨਤ ਦਾ ਵਿਰੋਧ ਕਰਦਿਆਂ ਮੈਡੀਕਲ ਰਿਪੋਰਟਾਂ ਤੇ ਹੋਰ ਸਬੂਤ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਬਹਿਬਲ ਕਲਾਂ ‘ਚ ਮੁਜ਼ਾਹਰਾਕਾਰੀ ਸ਼ਾਂਤਮਈ ਢੰਗ ਨਾਲ ਬੈਠੇ ਹੋਏ ਸਨ, ਪਰ ਚਰਨਜੀਤ ਸ਼ਰਮਾ ਤੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਹਾਲਾਤ ਵਿਗਾੜੇ ਅਤੇ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਅਪਸ਼ਬਦ ਕਹੇ ਤੇ ਇਕ ਮੁਜ਼ਾਹਰਾਕਾਰੀ ਦੇ ਥੱਪੜ ਵੀ ਮਾਰਿਆ।
ਜ਼ਿਕਰਯੋਗ ਹੈ ਕਿ ਇਸ ਕੇਸ ‘ਚ ਮੁਲਜ਼ਮ ਪੁਲਿਸ ਅਫਸਰਾਂ ਜਿਨ੍ਹਾਂ ‘ਚ ਆਈæਜੀæਪੀæ ਤੇ ਐਸ਼ਐਸ਼ਪੀæ ਵੀ ਸ਼ਾਮਲ ਹਨ, ਨੇ 14 ਅਕਤੂਬਰ 2015 ਨੂੰ ਕੋਟਕਪੂਰਾ ਤੇ ਬਹਿਬਲ ਕਲਾਂ ‘ਚ ਮੁਜ਼ਾਹਰਾਕਾਰੀਆਂ ਉਤੇ ਗੋਲੀ ਚਲਾਉਣ ਦੇ ਦੋਸ਼ਾਂ ਨੂੰ ਝੂਠ ਦੱਸਿਆ ਹੈ।
ਸਿਟ ਨੇ ਆਪਣੀ ਰਿਪੋਰਟ ‘ਚ ਦੋਸ਼ ਲਗਾਇਆ ਕਿ ਪੁਲਿਸ ਨੇ ਡਿਊਟੀ ਮੈਜਿਸਟਰੇਟ ਜੋ ਕਿ ਮੌਕੇ ‘ਤੇ ਹਾਜ਼ਰ ਸੀ, ਦੀ ਮਨਜ਼ੂਰੀ ਲਏ ਬਿਨਾਂ ਹੀ ਮੁਜ਼ਾਹਰਾਕਾਰੀਆਂ ਉਤੇ ਪਹਿਲਾਂ ਲਾਠੀਚਾਰਜ ਕੀਤਾ ਤੇ ਬਾਅਦ ਵਿਚ ਗੋਲੀ ਚਲਾ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਜਿਸ ਤੋਂ ਸਾਬਤ ਹੁੰਦਾ ਹੋਵੇ ਕਿ ਪੁਲਿਸ ਨੂੰ ਮੁਜ਼ਾਹਰਾਕਾਰੀਆਂ ਤੋਂ ਖਤਰਾ ਸੀ ਕਿਉਂਕਿ ਕਿਸੇ ਵੀ ਮੁਜ਼ਾਹਰਾਕਾਰੀ ਕੋਲ ਕੋਈ ਹਥਿਆਰ ਨਹੀਂ ਸੀ। ਸਿਟ ਨੇ ਕਿਹਾ ਕਿ ਪੁਲਿਸ ਨੇ ਚਰਨਜੀਤ ਸ਼ਰਮਾ ਦੀ ਜਿਪਸੀ ਉਤੇ 12 ਬੋਰ ਦੀ ਬੰਦੂਕ ਨਾਲ ਖੁਦ ਗੋਲੀਆਂ ਚਲਾ ਕੇ ਝੂਠੇ ਸਬੂਤ ਤਿਆਰ ਕੀਤੇ ਹਨ।
ਸਿਟ ਨੇ ਕਿਹਾ ਕਿ ਪੁਲਿਸ ਨੇ ਮੁਜ਼ਾਹਰਾਕਾਰੀਆਂ ਖਿਲਾਫ ਦਰਜ ਕੀਤੀ ਐਫ਼ਆਈæਆਰæ (ਨੰæ 129) ‘ਚ ਕਿਹਾ ਹੈ ਕਿ ਮੁਜ਼ਾਹਰਾਕਾਰੀਆਂ ਨੇ ਏæਐਸ਼ਆਈæ ਸੁਰਿੰਦਰ ਕੁਮਾਰ ਦੀ ਕੁੱਟਮਾਰ ਕੀਤੀ, ਜਿਸ ਕਾਰਨ ਆਤਮ ਰੱਖਿਆ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ। ਜਦਕਿ ਸੁਰਿੰਦਰ ਕੁਮਾਰ ਵੱਲੋਂ ਸਿਟ ਕੋਲ ਬਿਆਨ ਦਿੱਤੇ ਗਏ ਹਨ ਕਿ ਪੁਲਿਸ ਨੇ ਉਸ ਦੀ ਕੁੱਟਮਾਰ ਹੋਣ ਤੋਂ ਕਾਫੀ ਸਮਾਂ ਪਹਿਲਾਂ ਹੀ ਮੁਜ਼ਾਹਰਾਕਾਰੀਆਂ ‘ਤੇ ਗੋਲੀ ਚਲਾ ਦਿੱਤੀ ਸੀ ਤੇ ਪੁਲਿਸ ਦੀ ਗੋਲੀ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਹੀ ਲੋਕਾਂ ਨੇ ਪੁਲਿਸ ਦੀਆਂ ਗੱਡੀਆਂ ਸਾੜੀਆਂ ਸਨ।