ਲੋਕ ਸਭਾ ਚੋਣਾਂ ਦੇ ਐਲਾਨ ਪਿੱਛੋਂ ਪੂਰੇ ਦੇਸ਼ ਵਿਚ ਸਿਆਸੀ ਅਖਾੜਾ ਭਖਿਆ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਐਲਾਨ ਪਿੱਛੋਂ ਪੂਰੇ ਦੇਸ਼ ਵਿਚ ਸਿਆਸੀ ਅਖਾੜਾ ਭਖਿਆ ਹੋਇਆ ਹੈ। ਸੱਤ ਪੜਾਵਾਂ ਵਿਚ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਪਹਿਲੇ ਪੜਾਅ ਵਿਚ ਗਿਣਵੇਂ ਦਿਨ ਬਾਕੀ ਰਹਿ ਗਏ ਹਨ। ਇਸ ਲਈ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਬੇਹੱਦ ਤੇਜ਼ ਕਰ ਦਿੱਤੀਆਂ ਹਨ।

ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕੀਤੇ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਸਰਗਰਮੀ ਦਿਖਾਈ ਸੀ। ਬਹੁਤ ਸਾਰੇ ਨੀਂਹ-ਪੱਥਰ ਰੱਖੇ ਸਨ ਅਤੇ ਅਨੇਕਾਂ ਰੈਲੀਆਂ ਵੀ ਕੀਤੀਆਂ ਸਨ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਉਸ ਦੀ ਭੈਣ ਪ੍ਰਿਅੰਕਾ ਗਾਂਧੀ ਵੀ ਕਾਫੀ ਸਰਗਰਮ ਦਿਖਾਈ ਦਿੰਦੇ ਹਨ। ਪ੍ਰਾਂਤਾਂ ਦੀਆਂ ਵੱਖ-ਵੱਖ ਪਾਰਟੀਆਂ ਦੇ ਆਗੂ ਵੀ ਵੱਡੀ ਭੰਨ-ਤੋੜ ਕਰਨ ਵਿਚ ਲੱਗੇ ਹਨ। ਪਰ ਹੁਣ ਤੱਕ ਕਿਸੇ ਨਾ ਕਿਸੇ ਤਰ੍ਹਾਂ ਨਰਿੰਦਰ ਮੋਦੀ ਕੇਂਦਰੀ ਬਿੰਦੂ ਬਣੇ ਦਿਖਾਈ ਦਿੱਤੇ ਹਨ। ਇਕ ਅੰਦਾਜ਼ੇ ਅਨੁਸਾਰ ਪਾਕਿਸਤਾਨ ਦੇ ਬਾਲਾਕੋਟ ਵਿਚ ਕੀਤੀ ਗਈ ਹਵਾਈ ਕਾਰਵਾਈ ਤੋਂ ਬਾਅਦ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਦੇਖਦੇ ਹੋਏ ਕਾਫੀ ਕਿੰਤੂ-ਪ੍ਰੰਤੂ ਹੋਏ ਹਨ। ਪਰ ਇਸ ਮਸਲੇ ‘ਤੇ ਦੂਸਰੀਆਂ ਪਾਰਟੀਆਂ ਕਾਫੀ ਪਛੜ ਗਈਆਂ ਜਾਪਦੀਆਂ ਹਨ, ਜਦੋਂ ਕਿ ਭਾਰਤੀ ਜਨਤਾ ਪਾਰਟੀ ਅੱਜ ਆਪਣੇ ਆਪ ਨੂੰ ਸਭ ਤੋਂ ਵੱਡੀ ਰਾਸ਼ਟਰਵਾਦੀ ਪਾਰਟੀ ਹੋਣ ਦਾ ਐਲਾਨ ਕਰ ਰਹੀ ਹੈ। ਪਿਛਲੇ ਦਿਨੀਂ ਭਾਜਪਾ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਇਕੋ ਵਾਰ 184 ਉਮੀਦਵਾਰਾਂ ਦੇ ਨਾਂਵਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਕਾਂਗਰਸ ਨੇ ਵੱਖ-ਵੱਖ ਸਮਿਆਂ ‘ਤੇ ਹੁਣ ਤੱਕ 146 ਉਮੀਦਵਾਰਾਂ ਦਾ ਹੀ ਐਲਾਨ ਕੀਤਾ ਹੈ।
ਭਾਜਪਾ ਹੁਣ ਤੱਕ ਕਾਫੀ ਹੌਸਲੇ ਵਿਚ ਚਲਦੀ ਦਿਖਾਈ ਦੇ ਰਹੀ ਹੈ। ਇਸ ਸੂਚੀ ਤੋਂ ਅਜਿਹਾ ਪ੍ਰਭਾਵ ਮਿਲਦਾ ਹੈ। ਭਾਜਪਾ ਨੇ ਤਿੰਨ ਕੇਂਦਰੀ ਮੰਤਰੀਆਂ ਸਮੇਤ 23 ਸੰਸਦ ਮੈਂਬਰਾਂ ਦੇ ਟਿਕਟ ਕੱਟ ਦਿੱਤੇ ਹਨ, ਜਦੋਂ ਕਿ ਇਸ ਸੂਚੀ ਵਿਚ 74 ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ ਪਰ ਅਜਿਹਾ ਕਰਦਿਆਂ ਉਸ ਨੇ ਮੋਟੇ ਰੂਪ ਵਿਚ ਜਾਤ-ਬਰਾਦਰੀਆਂ ਦਾ ਖਿਆਲ ਜ਼ਰੂਰ ਰੱਖਿਆ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਕਈ ਦਲਬਦਲੂਆਂ ਨੂੰ ਟਿਕਟ ਦਿੱਤੇ ਹਨ। ਇਨ੍ਹਾਂ ਵਿਚ 4 ਕਾਂਗਰਸ ‘ਚੋਂ ਆਏ ਹਨ, 3 ਤ੍ਰਿਣਮੂਲ ਕਾਂਗਰਸ ਅਤੇ ਕੁਝ ਹੋਰ ਛੋਟੀਆਂ-ਵੱਡੀਆਂ ਪਾਰਟੀਆਂ ਨੂੰ ਛੱਡ ਕੇ ਭਾਜਪਾ ਨਾਲ ਰਲੇ ਹਨ। ਕਾਂਗਰਸ ਨੇ ਸ਼ੁਰੂ ਵਿਚ ਕਈ ਪਾਰਟੀਆਂ ਨਾਲ ਰਲ ਕੇ ਮਹਾਂਗੱਠਜੋੜ ਬਣਾਉਣ ਦਾ ਐਲਾਨ ਕੀਤਾ ਸੀ ਪਰ ਉਸ ਨੂੰ ਉੱਤਰ ਪ੍ਰਦੇਸ਼ ਵਿਚ ਇਸ ਸਬੰਧੀ ਵੱਡੀ ਨਿਰਾਸ਼ਾ ਦਾ ਮੂੰਹ ਵੇਖਣਾ ਪਿਆ। ਕਿਉਂਕਿ ਉਥੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ ਗੱਠਜੋੜ ਕਰਕੇ ਕਾਂਗਰਸ ਨੂੰ ਆਪਣੇ ਨਾਲ ਰਲਣ ਨਹੀਂ ਦਿੱਤਾ। ਇਸ ਲਈ ਕਾਂਗਰਸ ਨੂੰ ਉਥੇ ਆਪਣੇ ਹੀ ਉਮੀਦਵਾਰਾਂ ਦਾ ਐਲਾਨ ਕਰਨਾ ਪਿਆ ਸੀ। ਉਸ ਦਾ ਇਹ ਮਹਾਂਗੱਠਜੋੜ ਬਿਹਾਰ ਵਿਚ ਹੀ ਸਿਰੇ ਚੜ੍ਹਿਆ ਦਿਖਾਈ ਦਿੰਦਾ ਹੈ, ਜਿਥੇ ਲਾਲੂ ਪ੍ਰਸਾਦ ਯਾਦਵ ਦੀ ਰਾਸ਼ਟਰੀ ਜਨਤਾ ਦਲ ਨੂੰ 40 ਵਿਚੋਂ 20 ਸੀਟਾਂ ਦਿੱਤੀਆਂ ਗਈਆਂ ਹਨ ਅਤੇ ਕਾਂਗਰਸ ਨੂੰ ਸਿਰਫ 9 ‘ਤੇ ਹੀ ਸਹਿਮਤੀ ਦੇਣੀ ਪਈ ਹੈ। ਭਾਜਪਾ ਦੇ ਧੁਰੰਧਰ ਆਗੂ ਰਹੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਜਿਸ ਤਰੀਕੇ ਨਾਲ ਅਣਗੌਲਿਆ ਕੀਤਾ ਗਿਆ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਅਡਵਾਨੀ ਦਾ ਪਾਰਟੀ ਵਿਚ ਯੁੱਗ ਹੁਣ ਖਤਮ ਹੋ ਗਿਆ ਹੈ। ਕਦੀ ਸਮਾਂ ਸੀ ਜਦੋਂ ਅਟਲ ਬਿਹਾਰੀ ਵਾਜਪਾਈ ਨਾਲ ਲਾਲ ਕ੍ਰਿਸ਼ਨ ਅਡਵਾਨੀ ਦੀ ਤੂਤੀ ਬੋਲਦੀ ਸੀ।
ਉਹ ਪਹਿਲਾਂ ਜਨਸੰਘ ਦੇ ਪ੍ਰਧਾਨ ਰਹੇ ਅਤੇ ਫਿਰ 1980 ਵਿਚ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਤੋਂ ਬਾਅਦ ਉਹ ਇਸ ਦੇ ਤਿੰਨ ਵਾਰ ਪ੍ਰਧਾਨ ਰਹੇ। ਗੁਜਰਾਤ ਦੇ ਗਾਂਧੀਨਗਰ ਤੋਂ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਦੀ ਥਾਂ ‘ਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਚੁਣਿਆ ਗਿਆ ਹੈ, ਜਦੋਂ ਕਿ ਅਡਵਾਨੀ 4 ਵਾਰ ਗਾਂਧੀ ਨਗਰ ਦੀ ਸੀਟ ਜਿੱਤ ਚੁੱਕੇ ਹਨ। ਉਨ੍ਹਾਂ ਦਾ ਬਹੁਤ ਲੰਮਾ ਸਿਆਸੀ ਜੀਵਨ ਹੈ। ਉਹ 4 ਵਾਰ ਰਾਜ ਸਭਾ ਦੇ ਮੈਂਬਰ ਅਤੇ 6 ਵਾਰ ਲੋਕ ਸਭਾ ਦੇ ਮੈਂਬਰ ਚੁਣੇ ਜਾ ਚੁੱਕੇ ਹਨ। ਉਨ੍ਹਾਂ ਨੇ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਵੀ ਹੰਢਾਇਆ। ਸਾਲ 1990 ਵਿਚ ਉਨ੍ਹਾਂ ਵੱਲੋਂ ਦੇਸ਼ ਭਰ ਵਿਚ ਸ਼ੁਰੂ ਕੀਤੀ ਗਈ ਰਾਮ ਮੰਦਰ ਯਾਤਰਾ ਦੀ ਵੱਡੀ ਚਰਚਾ ਹੋਈ ਸੀ ਪਰ ਸਿਆਸਤ ਵਿਚ ਅਕਸਰ ਚੜ੍ਹਾਈਆਂ ਤੇ ਉਤਰਾਈਆਂ ਆਉਂਦੀਆਂ ਰਹਿੰਦੀਆਂ ਹਨ। ਸਾਲ 2005 ਵਿਚ ਅਡਵਾਨੀ ਦੀ ਸਿਆਸੀ ਉਤਰਾਈ ਸ਼ੁਰੂ ਹੋ ਗਈ ਜਦੋਂ ਆਪਣੀ ਪਾਕਿਸਤਾਨ ਦੀ ਯਾਤਰਾ ਸਮੇਂ ਉਨ੍ਹਾਂ ਨੇ ਉਸ ਦੇਸ਼ ਦੇ ਬਾਨੀ ਮੁਹੰਮਦ ਅਲੀ ਜਿਨਾਹ ਦੀ ਭਰਪੂਰ ਪ੍ਰਸੰਸਾ ਕੀਤੀ ਸੀ।
ਭਾਜਪਾ ‘ਤੇ ਹਮੇਸ਼ਾ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਵੱਡਾ ਪ੍ਰਭਾਵ ਬਣਿਆ ਰਿਹਾ ਹੈ। ਸੰਘ ਦੇ ਗਲੇ ‘ਚੋਂ ਅਡਵਾਨੀ ਦੀਆਂ ਇਹ ਗੱਲਾਂ ਹੇਠਾਂ ਨਹੀਂ ਸਨ ਉਤਰੀਆਂ। ਉਸ ਤੋਂ ਬਾਅਦ ਸਾਲ 2009 ਵਿਚ ਕੌਮੀ ਪੱਧਰ ‘ਤੇ ਪਾਰਟੀ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ ਸੀ। ਇਸ ਪਿੱਛੋਂ ਨਰਿੰਦਰ ਮੋਦੀ ਸਿਆਸੀ ਮੰਚ ਉਤੇ ਬਹੁਤ ਤੇਜ਼ੀ ਨਾਲ ਉੱਭਰਿਆ ਸੀ। ਉਸ ਦੀ ਤੇਜ਼ ਸਿਆਸੀ ਤੋਰ ਨੂੰ ਰੋਕ ਸਕਣਾ ਕਿਸੇ ਦੇ ਵੱਸ ਵਿਚ ਨਹੀਂ ਸੀ ਰਿਹਾ। ਇਸ ਲਈ ਪਿਛਲੇ 5 ਸਾਲ ਮੋਦੀ ਤੋਂ ਬਗੈਰ ਹੋਰ ਬਹੁਤੇ ਭਾਜਪਾ ਆਗੂ ਬੜੇ ਛੋਟੇ ਕੱਦ ਦੇ ਨਜ਼ਰ ਆਉਂਦੇ ਰਹੇ ਹਨ। ਪਿਛਲੇ 5 ਸਾਲ ਤੋਂ ਲਗਾਤਾਰ ਨਰਿੰਦਰ ਮੋਦੀ ਦੇ ਪ੍ਰਸ਼ਾਸਨ ਦੀ ਵੱਡੀ ਚਰਚਾ ਵੀ ਹੁੰਦੀ ਰਹੀ ਹੈ ਅਤੇ ਇਸ ਦਾ ਪੂਰਾ ਲੇਖਾ-ਜੋਖਾ ਵੀ ਕੀਤਾ ਜਾਂਦਾ ਰਿਹਾ ਹੈ।
______________________________
ਵਾਰਾਨਸੀ ‘ਚ ਮੋਦੀ ਖਿਲਾਫ ਨਿਤਰਨਗੇ ਤਾਮਿਲਨਾਡੂ ਦੇ 111 ਕਿਸਾਨ
ਤਿਰੂਚਿਰਾਪੱਲੀ: ਕੌਮੀ ਰਾਜਧਾਨੀ ਵਿਚ ਸੌ ਦਿਨ ਤੱਕ ਆਪਣੇ ਹੱਕਾਂ ਲਈ ਲੜਨ ਤੋਂ ਬਾਅਦ ਹੁਣ ਤਾਮਿਲਨਾਡੂ ਦੇ 111 ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਵਾਰਾਨਸੀ ਦੇ ਚੋਣ ਮੈਦਾਨ ਵਿਚ ਨਿਤਰਨਗੇ ਅਤੇ ਆਪਣੀਆਂ ਨਾਮਜ਼ਦਗੀਆਂ ਭਰਨਗੇ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਥੋਂ ਲੋਕ ਸਭਾ ਲਈ ਭਾਜਪਾ ਦੇ ਉਮੀਦਵਾਰ ਹਨ। ਤਾਮਿਲਨਾਡੂ ਦੇ ਕਿਸਾਨਾਂ ਦੇ ਆਗੂ ਪੀæ ਆਇਆਕਾਨੂ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ 111 ਕਿਸਾਨ ਮੋਦੀ ਵਿਰੁੱਧ ਵਾਰਾਨਸੀ ਤੋਂ ਚੋਣ ਲੜਨਗੇ। ਕਿਸਾਨ ਆਗੂ ਆਇਆਕਾਨੂ ਜੋ ਕਿ ਕੌਮੀ ਦੱਖਣੀ ਭਾਰਤ ਦਰਿਆ ਅੰਤਰ-ਲਿੰਕ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਕਿਸਾਨਾਂ ਵੱਲੋਂ ਚੋਣ ਲੜਨ ਦਾ ਫੈਸਲਾ ਕਿਸਾਨਾਂ ਦੀਆਂ ਮੰਗਾਂ ਨੂੰ ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕਰਵਾਉਣ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਭਾਜਪਾ ਦੇ ਆਗੂ ਉਨ੍ਹਾਂ ਨੂੰ ਮੰਗਾਂ ਪੂਰੀਆਂ ਕਰਨ ਦਾ ਯਕੀਨ ਦਿਵਾਉਣਗੇ ਤਾਂ ਉਹ ਆਪਣਾ ਫੈਸਲਾ ਵਾਪਿਸ ਲੈ ਲੈਣਗੇ, ਜੇ ਭਰੋਸਾ ਨਹੀਂ ਮਿਲਦਾ ਤਾਂ ਉਹ ਚੋਣ ਲੜਨਗੇ।
______________________________
ਪਰੇਸ਼ ਰਾਵਲ ਵੱਲੋਂ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ
ਅਹਿਮਦਾਬਾਦ: ਅਦਾਕਾਰ ਤੋਂ ਰਾਜਨੇਤਾ ਬਣੇ ਅਹਿਮਦਾਬਾਦ ਤੋਂ ਭਾਜਪਾ ਦੇ ਵਿਧਾਇਕ ਪਰੇਸ਼ ਰਾਵਲ ਨੇ ਕਿਹਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਹਮੇਸ਼ਾ ਸਮਰਥਨ ਕਰਦੇ ਰਹਿਣਗੇ। ਇਕ ਟਵੀਟ ‘ਚ ਪਰੇਸ਼ ਰਾਵਲ, ਜਿਨ੍ਹਾਂ ਨੇ ਭਾਜਪਾ ਦੇ ਗੜ੍ਹ ਅਹਿਮਦਾਬਾਦ ਦੇ ਪੂਰਬੀ ਪਾਸੇ ਤੋਂ ਚੋਣ ਲੜੀ ਸੀ, ਨੇ ਲਿਖਿਆ ਕਿ ਮੈਂ ਮੀਡੀਆ ਤੇ ਦੋਸਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਨਾਮਜ਼ਦਗੀ ਬਾਰੇ ਅੰਦਾਜ਼ਾ ਨਾ ਲਾਉਣ। ਵਰਨਣਯੋਗ ਹੈ ਕਿ ਲੰਬੇ ਸਮੇਂ ਤੋਂ ਪਰੇਸ਼ ਰਾਵਲ ਦੀ ਉਮੀਦਵਾਰੀ ਬਾਰੇ ਅੰਦਾਜ਼ਾ ਲਗਾਇਆ ਜਾ ਰਿਹਾ ਸੀ।