ਸ੍ਰੀ ਆਨੰਦਪੁਰ ਸਾਹਿਬ: ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 16 ਮਾਰਚ ਤੋਂ ਲੈ ਕੇ 22 ਮਾਰਚ ਤੱਕ ਚੱਲਿਆ ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਨਾਲ ਸਮਾਪਤ ਹੋ ਗਿਆ। ਹੋਲੇ ਮਹੱਲੇ ਦੇ ਅੰਤਿਮ ਦਿਨ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਨੇ ਮਹੱਲੇ ਦੀ ਆਰੰਭਤਾ ਦੀ ਅਰਦਾਸ ਕੀਤੀ ਅਤੇ ਜੈਕਾਰਿਆਂ ਦੀ ਗੂੰਜ ਹੇਠ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਮਹੱਲਾ ਕੱਢਿਆ, ਜੋ ਗੁਰਦੁਆਰਾ ਸ਼ਹੀਦੀ ਬਾਗ ਤੋਂ ਆਰੰਭ ਹੋ ਕੇ ਗੁਰਦੁਆਰਾ ਮਾਤਾ ਜੀਤੋ ਜੀ ਅਗੰਮਪੁਰ ਤੋਂ ਹੁੰਦਾ ਹੋਇਆ ਇਤਿਹਾਸਿਕ ਚਰਨਗੰਗਾ ਸਟੇਡੀਅਮ ਵਿਚ ਪਹੁੰਚਿਆ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 16 ਮਾਰਚ ਤੋਂ ਲੈ ਕੇ 22 ਮਾਰਚ ਤੱਕ 35 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ 16 ਮਾਰਚ ਤੋਂ ਸ਼ੁਰੂ ਹੋਏ ਹੋਲੇ ਮਹੱਲੇ ਦੌਰਾਨ ਜਿਥੇ ਸੰਗਤ ਦੀ ਭਰਵੀਂ ਆਮਦ ਰਹੀ, ਉਥੇ ਹੀ ਇਕ ਹਫਤਾ ਪਹਿਲਾਂ ਅਤੇ ਆਉਂਦੇ ਦਿਨਾਂ ‘ਚ ਵੀ ਸ਼ਰਧਾਲੂਆਂ ਦੀ ਆਮਦ ਵਿਚ ਕੋਈ ਕਮੀ ਨਹੀਂ ਹੋਵੇਗੀ।
ਹੋਲੇ ਮਹੱਲੇ ਵਾਲੀ ਰਾਤ ਦਰਬਾਰ ਸਾਹਿਬ ਵਿਖੇ ਸਮਾਪਤੀ ਸਮੇਂ ਵੱਡੀ ਗਿਣਤੀ ਵਿਚ ਇਕੱਠੀ ਹੋਈ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਪਾਵਨ ਸਰੂਪ ਨਾਲ ਫੁੱਲਾਂ ਅਤੇ ਇਤਰ ਫੁਲੇਲ ਦੇ ਛਿੜਕਾਅ ਨਾਲ ਹੋਲੀ ਖੇਡੀ। ਹੋਲੇ ਮਹੱਲੇ ਮੌਕੇ ਸਿਰਫ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੀ ਸੰਗਤ ਦੀ ਵੱਡੀ ਰੌਣਕ ਨਹੀਂ ਹੁੰਦੀ, ਸਗੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਵੱਡੀ ਗਿਣਤੀ ਵਿਚ ਸੰਗਤ ਪੁੱਜਦੀ ਹੈ। ਜਿਵੇਂ ਹੀ ਸਮਾਪਤੀ ਹੁੰਦੀ ਹੈ ਅਤੇ ਪਾਵਨ ਸਰੂਪ ਨੂੰ ਸੁਨਹਿਰੀ ਪਾਲਕੀ ਵਿਚ ਸ੍ਰੀ ਅਕਾਲ ਤਖਤ ਵਿਖੇ ਸੁਖ ਆਸਣ ਵਾਲੇ ਸਥਾਨ ‘ਤੇ ਲਿਜਾਇਆ ਜਾਂਦਾ ਹੈ ਤਾਂ ਇਕੱਠੀ ਹੋਈ ਸੰਗਤ ਵੱਲੋਂ ਪਾਲਕੀ ਉਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਇਤਰ ਫੁਲੇਲ ਛਿੜਕਿਆ ਜਾਂਦਾ ਹੈ। ਦੇਸ਼ ਅਤੇ ਵਿਦੇਸ਼ਾਂ ਤੋਂ ਆਏ ਸ਼ਰਧਾਲੂਆਂ ਦੇ ਨਾਲ ਖਾਲਸਾਈ ਰੰਗ ‘ਚ ਰੰਗੇ ਸਟੇਡੀਅਮ ਵਿਚ ਮੌਜੂਦ ਹਜ਼ਾਰਾਂ ਸ਼ਰਧਾਲੂਆਂ ਨੂੰ ਨਿਹੰਗ ਸਿੰਘਾਂ ਨੇ ਕਰਤੱਵ ਦਿਖਾ ਕੇ ਹੈਰਾਨ ਕਰ ਦਿੱਤਾ। ਇਸ ਦੌਰਾਨ ਜਿਥੇ ਘੋੜ ਸਵਾਰ ਨਿਹੰਗ ਸਿੰਘਾਂ ਵੱਲੋਂ 3-3, 4-4 ਘੋੜੇ ਇਕੱਠੇ ਦੌੜਾਏ ਜਾ ਰਹੇ ਸਨ, ਉਥੇ ਹੀ ਹਾਥੀਆਂ ਉਤੇ ਸਵਾਰ ਨਿਹੰਗ ਸਿੰਘ, 300-300 ਮੀਟਰ ਦੀਆਂ ਦਸਤਾਰਾਂ ਵਾਲੇ ਨਿਹੰਗ ਸਿੰਘ, ਤੀਰ-ਅੰਦਾਜ਼ੀ ਦੇ ਜੌਹਰ ਦਿਖਾ ਰਹੇ ਨਿਹੰਗ ਸਿੰਘ ਤੇ ਖਾਲਸਾਈ ਬਾਣੇ ‘ਚ ਸਜੇ ਛੋਟੇ ਬੱਚੇ ਸੰਗਤ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਸਨ।
___________________________
ਬਾਣੀ ਤੇ ਬਾਣੇ ਦੇ ਧਾਰਨੀ ਬਣੋ: ਜਥੇਦਾਰ
ਤਖਤ ਸਾਹਿਬ ਵਿਖੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਸਿੰਘ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਕਿ ਦਸਮੇਸ਼ ਪਿਤਾ ਵੱਲੋਂ 1700 ਈ: ‘ਚ ਅਰੰਭੀ ਹੋਲੇ-ਮਹੱਲੇ ਦੀ ਰਵਾਇਤ ਨਾਲ ਖਾਲਸਾ ਪੰਥ ਨੂੰ ਜ਼ੁਲਮ ਅਤੇ ਜਬਰ ਦਾ ਟਾਕਰਾ ਕਰਨ ਲਈ ਤਿਆਰ ਕੀਤਾ ਸੀ ਅਤੇ ਖਾਲਸਾਈ ਫੌਜਾਂ ਦੇ ਦੋ ਮਨਸੂਈ ਦਲ ਬਣਾ ਕੇ ਜੰਗੀ ਅਭਿਆਸ ਸ਼ੁਰੂ ਕੀਤੇ ਅਤੇ ਜੇਤੂ ਦਲਾਂ ਨੂੰ ਗੁਰੂ ਸਾਹਿਬ ਜੀ ਸਿਰੋਪਾਉ ਦੀ ਬਖਸ਼ਿਸ਼ ਕਰਦੇ ਸਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਪਾਵਨ ਮੌਕੇ ‘ਤੇ ਗੁਰੂ ਸਾਹਿਬ ਦੇ ਜੀਵਨ ਫਲਸਫੇ ਅਨੁਸਾਰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਅੰਮ੍ਰਿਤਧਾਰੀ ਬਣੋ। ਸਮਾਗਮ ‘ਚ ਉਨ੍ਹਾਂ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਜਗਤਾਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਜਥੇਦਾਰ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਵਾਲੇ ਨੇ ਵੀ ਸੰਗਤਾਂ ਨੂੰ ਹੋਲੇ-ਮਹੱਲੇ ਦੀਆਂ ਵਧਾਈਆਂ ਦਿੱਤੀਆਂ।
___________________________
ਲਾਡਲੀਆਂ ਫੌਜਾਂ ਨੇ ਵਿਖਾਏ ਜੰਗਜੂ ਜੌਹਰ
ਸ੍ਰੀ ਅਨੰਦਪੁਰ ਸਾਹਿਬ: ਖਾਲਸਾ ਪੰਥ ਦੇ ਜਾਹੋ ਜਲਾਲ ਅਤੇ ਨਿਆਰੇਪਣ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਗੁਰੂ ਕੀਆਂ ਲਾਡਲੀਆਂ ਫੌਜਾਂ ਵੱਲੋਂ ਪੁਰਾਤਨ ਰਵਾਇਤ ਅਨੁਸਾਰ ਸਜਾਏ ਮਹੱਲੇ ਨਾਲ ਅਮਨ ਸ਼ਾਂਤੀ ਨਾਲ ਸਮਾਪਤ ਹੋ ਗਿਆ। ਹੋਲੇ-ਮਹੱਲੇ ਦੀ ਸੰਪੂਰਨਤਾ ਮੌਕੇ ਗੁਰੂ ਕੀਆਂ ਲਾਡਲੀਆਂ ਖਾਲਸਾਈ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ‘ਚ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦੀ ਬਾਗ ਸਾਹਿਬ ਤੋਂ ਪੁਰਾਤਨ ਰਵਾਇਤਾਂ ਨਾਲ ਮਹੱਲਾ ਸਜਾਇਆ ਗਿਆ। ਜਿਸ ‘ਚ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਨਾਲ ਬਾਬਾ ਨਿਹਾਲ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ, ਜਥੇਦਾਰ ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ ਬਾਬਾ ਬਕਾਲਾ, ਜਥੇਦਾਰ ਬਾਬਾ ਅਵਤਾਰ ਸਿੰਘ ਮੁਖੀ ਤਰਨਾ ਦਲ ਸੰਪਰਦਾ ਬਾਬਾ ਬਿਧੀ ਚੰਦ, ਬਾਬਾ ਗੁਰਦੇਵ ਸਿੰਘ ਤਰਨਾ ਦਲ ਸ਼ਹੀਦੀ ਬਾਗ, ਬਾਬਾ ਮਾਨ ਸਿੰਘ ਮੜੀਆਂਵਾਲੇ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾ ਦਲ, ਮਾਲਵਾ ਤਰਨਾ ਦਲ ਦੇ ਜਥੇਦਾਰ ਬਾਬਾ ਨਾਹਰ ਸਿੰਘ, ਬਾਬਾ ਬਲਦੇਵ ਸਿੰਘ ਬੱਲਾਂ, ਬਾਬਾ ਵੱਸਣ ਸਿੰਘ ਮੜੀਆਂ ਵਾਲੇ, ਬਾਬਾ ਤਰਸੇਮ ਸਿੰਘ ਮਹਿਤਾ ਚੌਕ, ਬਾਬਾ ਲਾਲ ਸਿੰਘ, ਬਾਬਾ ਸਿੰਦਾ ਸਿੰਘ ਭਿਖੀਵਿੰਡ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਤਰਸੇਮ ਸਿੰਘ ਮੋਰਾਂਵਾਲੀ ਆਦਿ ਤੋਂ ਇਲਾਵਾ ਹੋਰ ਵੱਡੀ ਗਿਣਤੀ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਆਪਣੇ-ਆਪਣੇ ਦਲਾਂ ਬਲਾਂ ਸਮੇਤ ਸ਼ਾਮਲ ਹਨ। ਉਨ੍ਹਾਂ ਨੇ ਸੰਗਤਾਂ ਦੇ ਲਾਮਿਸਾਲ ਇਕੱਠ ਨੂੰ ਘੋੜ ਸਵਾਰੀ, ਨੇਜੇਬਾਜ਼ੀ, ਗਤਕੇਬਾਜ਼ੀ ਆਦਿ ਦੇ ਜੰਗਜੂ ਜੌਹਰ ਦਿਖਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੁਰਾਤਨ ਹੋਲੀ ਤਿਉਹਾਰ ਨੂੰ ਨਵਾਂ ਕ੍ਰਾਂਤੀਕਾਰੀ ਰੂਪ ਦੇ ਕੇ ਹੋਲੇ-ਮਹੱਲੇ ਦੀ ਪੰਥਕ ਰਵਾਇਤ ਸ਼ੁਰੂ ਕੀਤੀ ਸੀ, ਦੇ ਦ੍ਰਿਸ਼ਾਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀ।
___________________________
ਜਥੇਦਾਰ ਆਪ ਹੀ ਭੁੱਲੇ ‘ਮਰਿਆਦਾ’
ਸ੍ਰੀ ਆਨੰਦਪੁਰ ਸਾਹਿਬ: ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਮੁੱਚੀ ਕੌਮ ਨੂੰ ਇਕਜੁੱਟ ਕਰਨ ਦਾ ਸੱਦਾ ਦੇਣ ਵਾਲੀ ਸ਼੍ਰੋਮਣੀ ਕਮੇਟੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਮੌਕੇ ਨਿਹੰਗ ਸਿੰਘਾਂ ਨੂੰ ਵੱਖਰੇ ਤੌਰ ‘ਤੇ ਮਹੱਲਾ ਕੱਢਣ ਤੋਂ ਰੋਕਣ ਦੀ ਬਜਾਏ ਆਪਣੇ ਕੁਨਬੇ ਨੂੰ ਹੀ ਇਕ ਝੰਡੇ ਹੇਠਾਂ ਲੈ ਕੇ ਆਉਣ ‘ਚ ਨਾਕਾਮ ਰਹੀ। ਕੇਸਗੜ੍ਹ ਸਾਹਿਬ ਤੋਂ ਸਜਾਏ ਗਏ ਮਹੱਲੇ ਵਿਚ ਪਹਿਲੀ ਵਾਰ ਬਾਕੀ ਸਾਰੇ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗ਼ੈਰਹਾਜ਼ਰੀ ਨੇ ਪੰਥਕ ਸਫਾਂ ‘ਚ ਨਵੀਂ ਚਰਚਾ ਛੇੜ ਦਿੱਤੀ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਜਾਏ ਗਏ ਮਹੱਲੇ ਦੀ ਅਗਵਾਈ ਸਿਰਫ ਇਕ ਹੀ ਜਥੇਦਾਰ ਨੇ ਕੀਤੀ। ਇਸ ਮੌਕੇ ਥੋੜਾ ਸਮਾਂ ਕੱਢ ਕੇ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮਰਿਆਦਾ ਤੋਂ ਉਲਟ ਤਖਤ ਕੇਸਗੜ੍ਹ ਵਿਖੇ ਗੁਲਾਲ ਖੇਡ ਕੇ ਸੰਬੋਧਨ ਕਰਨ ਉਪਰੰਤ ਚਲਦੇ ਬਣੇ। ਇਸ ਦੀ ਚੁਫੇਰਿਓਂ ਨਿੰਦਾ ਕੀਤੀ ਜਾ ਰਹੀ ਹੈ। ਦੂਸਰੇ ਪਾਸੇ 13 ਸਾਲਾਂ ਤੱਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਪ੍ਰੋਫੈਸਰ ਮਨਜੀਤ ਸਿੰਘ ਨੇ ਗੁਲਾਲ ਲਗਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਨਾਮ ਦੇ ਰੰਗ ‘ਚ ਰੰਗਣ ਦੀ ਗੱਲ ਆਖੀ ਸੀ, ਨਾ ਕਿ ਦੁਨਿਆਵੀ ਰੰਗਾਂ ‘ਚ ਰੰਗਣ ਨੂੰ ਤਰਜੀਹ ਦਿੱਤੀ ਸੀ। ਬੀਤੇ ਕਈ ਦਿਨਾਂ ਤੋਂ ਇਹ ਵਿਵਾਦ ਚੱਲ ਰਿਹਾ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਹੱਲਾ 21 ਮਾਰਚ ਨੂੰ ਕੱਢਿਆ ਜਾਵੇਗਾ ਜਦਕਿ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਪੁਰਾਤਨ ਰਵਾਇਤ ਅਨੁਸਾਰ ਮਹੱਲਾ 22 ਮਾਰਚ ਨੂੰ ਕੱਢਣ ਲਈ ਬਜ਼ਿੱਦ ਸਨ। ਇਸ ਕਾਰਨ ਖਾਲਸਾ ਪੰਥ ਇਸ ਦਿਹਾੜੇ ਨੂੰ ਮਨਾਉਣ ਲਈ ਦੁਬਿਧਾ ਵਿਚ ਸੀ। ਨਿਹੰਗ ਸਿੰਘਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਰਖਵਾਏ ਅਖੰਡ ਪਾਠ ਦੇ ਭੋਗ ਮੌਕੇ ਤਾਂ ਕੇਸਗੜ੍ਹ ਸਾਹਿਬ ‘ਚ ਆਪਣੀ ਹਾਜ਼ਰੀ ਲਵਾਈ ਪਰ ਸ਼੍ਰੋਮਣੀ ਕਮੇਟੀ ਵੱਲੋਂ ਸਜਾਏ ਮਹੱਲੇ ‘ਚ ਉਨ੍ਹਾਂ ਸ਼ਿਰਕਤ ਨਾ ਕੀਤੀ।
ਸ਼੍ਰੋਮਣੀ ਕਮੇਟੀ ਵੱਲੋਂ 21 ਮਾਰਚ ਨੂੰ ਸਜਾਏ ਗਏ ਮਹੱਲੇ ਵਿਚ ਜਥੇਦਾਰ ਰਘੁਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਹਿਮਾਚਲ ਪ੍ਰਦੇਸ਼ ਤੋਂ ਮੈਂਬਰ ਡਾæ ਦਿਲਜੀਤ ਸਿੰਘ ਭਿੰਡਰ, ਸਹਾਇਕ ਹੈੱਡ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਹੈੱਡ ਗ੍ਰੰਥੀ ਕੇਸਗੜ੍ਹ ਸਾਹਿਬ ਗਿਆਨੀ ਫੂਲਾ ਸਿੰਘ ਹੀ ਸ਼ਾਮਲ ਹੋਏ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਆਪਣੇ ਜ਼ਰੂਰੀ ਰੁਝੇਵਿਆਂ ਕਰਕੇ ਮਹੱਲੇ ‘ਚ ਸ਼ਾਮਲ ਨਾ ਹੋ ਸਕੇ ਪਰ ਸ਼੍ਰੋਮਣੀ ਕਮੇਟੀ ਦੇ ਆਲਾ ਮਿਆਰੀ ਸੂਤਰਾਂ ਅਨੁਸਾਰ ਇਸ ਵਾਰ ਹੋਲੇ ਮਹੱਲੇ ‘ਚ ਸ਼ਮੂਲੀਅਤ ਵਾਸਤੇ ਤਖਤ ਸ੍ਰੀ ਪਟਨਾ ਸਾਹਿਬ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰਾਂ ਨੂੰ ਸੱਦੇ ਤੱਕ ਨਹੀਂ ਭੇਜੇ ਗਏ। ਇਹ ਵੀ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਪੰਥਕ ਅਖਵਾਉਣ ਵਾਲੀ ਪਾਰਟੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਰਪ੍ਰਸਤ ਹੀ ਨਹੀਂ ਬਲਕਿ ਟਕਸਾਲੀ ਅਕਾਲੀ ਦਲ ਦੇ ਆਗੂਆਂ ਨੇ ਵੀ ਹੋਲਾ ਮਹੱਲਾ ਦੇ ਕਿਸੇ ਵੀ ਦਿਨ ਤਖਤ ਸਾਹਿਬ ‘ਤੇ ਨਤਮਸਤਕ ਹੋਣਾ ਜ਼ਰੂਰੀ ਨਹੀਂ ਸਮਝਿਆ।