ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੀ ਥਾਂ ਸਿਆਸੀ ਰੋਟੀਆਂ ਸੇਕਣ ‘ਤੇ ਜ਼ੋਰ

ਬੰਗਾ: ਪਿੰਡ ਖਟਕੜ ਕਲਾਂ ‘ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਕਾਂਗਰਸ ਤੇ ਅਕਾਲੀ ਆਗੂਆਂ ਨੇ ਸਿਆਸੀ ਰੋਟੀਆਂ ਸੇਕਣ ਦੀ ਰਵਾਇਤ ਇਸ ਵਾਰ ਵੀ ਜਾਰੀ ਰੱਖੀ। ਕਾਂਗਰਸ ਵਲੋਂ ਪੁੱਜੇ ਪੰਜਾਬ ਦੇ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਜੇ ਕਾਂਗਰਸ ਕੇਂਦਰ ਦੀ ਸੱਤਾ ‘ਚ ਆਉਂਦੀ ਹੈ ਤਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਹੀ ਪ੍ਰਧਾਨ ਮੰਤਰੀ ਹੋਣਗੇ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਅਗਵਾਈ ‘ਚ ਹੀ ਪਿੰਡ ਖਟਕੜ ਕਲਾਂ ਦੀ ਧਰਤੀ ਤੋਂ ‘ਡੈਪੋ’ ਮਿਸ਼ਨ ਆਰੰਭ ਕਰ ਕੇ ਪੰਜਾਬ ‘ਚੋਂ ਨਸ਼ਿਆਂ ਦੇ ਖਾਤਮੇ ਦਾ ਅਹਿਦ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦਿੱਤਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜ਼ਮੀਨੀ ਪੱਧਰ ‘ਤੇ ਸੇਵਾਵਾਂ ਨਿਭਾਈਆਂ ਹਨ। ਦੂਜੇ ਪਾਸੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਮੌਜੂਦਾ ਦੌਰ ‘ਚ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ ਅਤੇ ਉਸ ਤੋਂ ਦੁਸ਼ਮਣ ਦੇਸ਼ ‘ਤੇ ਕੀਤੀ ‘ਸਰਜੀਕਲ ਸਟਰਾਈਕ’ ਅਤੇ ਪਾਇਲਟ ਅਭਿਨੰਦਨ ਦੀ ਸਹੀ ਸਲਾਮਤ ਵਾਪਸੀ ਵੀ ਬਰਦਾਸ਼ਤ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਬਾਦਲ ਸਰਕਾਰ ਦੀ ਅਗਵਾਈ ਵੇਲੇ ਖਟਕੜ ਕਲਾਂ ਦੀ ਯਾਦਗਾਰ ਲਈ 19 ਕਰੋੜ ਰੁਪਏ ਖਰਚ ਕੀਤੇ ਗਏ ਸਨ ਪਰ ਕਾਂਗਰਸ ਸਰਕਾਰ ਨੇ ਇਸ ਦੀ ਸੰਭਾਲ ਨਹੀਂ ਕੀਤੀ।
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ, ਲੋਕ ਇਨਸਾਫ ਪਾਰਟੀ ਦੇ ਨੁਮਾਇੰਦੇ ਸਿਮਰਜੀਤ ਸਿੰਘ ਬੈਂਸ, ਐਮæਪੀæ ਡਾæ ਧਰਮਵੀਰ ਗਾਂਧੀ ਆਦਿ ਆਗੂਆਂ ਨੇ ਸਾਂਝੀ ਸਟੇਜ ਨੂੰ ਆਪੋ-ਆਪਣੇ ਸੰਬੋਧਨ ‘ਚ ਸਮੇਂ ਦੇ ਹਾਕਮਾਂ ਨੂੰ ਕੋਸਿਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਅਤੇ ਅਕਾਲੀ ਦਲ ਦੀ ਕਾਟੋ ਵਾਰੀ ਦਾ ਹੁਣ ਖਾਤਮਾ ਹੋਣ ਵਾਲਾ ਹੈ ਜਿਸ ਲਈ ਲੋਕ ਤੀਜੇ ਫਰੰਟ ਨੂੰ ਮੌਕਾ ਦੇਣ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਅਤੇ ਸੂਬਿਆਂ ‘ਚ ਰਾਜ ਕਰਨ ਵਾਲੀਆਂ ਹੁਣ ਤੱਕ ਦੀਆਂ ਸਿਆਸੀ ਧਿਰਾਂ ਨੇ ਚੋਣ ਵਾਅਦੇ ਕਰਕੇ ਲੋਕਾਂ ਨੂੰ ਮਗਰ ਤਾਂ ਲਾ ਲਿਆ ਪਰ ਸੱਤਾ ਪ੍ਰਾਪਤੀ ਤੋਂ ਬਾਅਦ ਨਿਜਵਾਦ ਨੂੰ ਹੀ ਪਹਿਲ ਦਿੱਤੀ ਹੈ।
_____________________________________
ਪਾਕਿਸਤਾਨ ‘ਚ ਭਗਤ ਸਿੰਘ ਦੇ ਘਰ ਨੂੰ ਮਿਲੇਗਾ ‘ਕੌਮੀ ਵਿਰਾਸਤੀ ਧਰੋਹਰ’ ਦਾ ਦਰਜਾ
ਇਸਲਾਮਾਬਾਦ: ਪਾਕਿਸਤਾਨ ਵਿਚ ਲਹਿੰਦੇ ਪੰਜਾਬ ਦੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਜ਼ਿਲ੍ਹਾ ਫੈਸਲਾਬਾਦ ਦੇ ਪਿੰਡ ਬੰਗਾ ਦੇ ਚੱਕ 105 ਵਿਚਲੇ ਜੱਦੀ ਘਰ ਨੂੰ ‘ਕੌਮੀ ਵਿਰਾਸਤੀ ਧਰੋਹਰ’ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ। ਇਸ ਬਾਰੇ ਪੁਰਾਤਤਵ ਵਿਭਾਗ ਦੇ ਡਿਪਟੀ ਡਾਇਰੈਕਟਰ ਅਫਜ਼ਲ ਖਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਪੁਰਾਤਤਵ ਅਤੇ ਸੈਰ ਸਪਾਟਾ ਵਿਭਾਗ ਦੇ ਮਾਹਿਰਾਂ ਦੀ ਕਾਇਮ ਕੀਤੀ ਟੀਮ ਵੱਲੋਂ ਸ਼ਹੀਦ ਭਗਤ ਸਿੰਘ ਦੇ ਘਰ ਦਾ ਦੌਰਾ ਕਰਕੇ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਇਕੱਠੀਆਂ ਕਰਨ ਦੇ ਨਾਲ-ਨਾਲ ਇਮਾਰਤ ਦੇ ਵੱਖ-ਵੱਖ ਹਿੱਸਿਆਂ, ਢਾਂਚੇ, ਛੱਤ ਅਤੇ ਦਰਵਾਜ਼ਿਆਂ ਆਦਿ ਦੇ ਨਕਸ਼ੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ।
ਇਸ ਤੋਂ ਇਲਾਵਾ ਸ਼ਹੀਦ ਦੇ ਘਰ ਨੂੰ ‘ਕੌਮੀ ਵਿਰਾਸਤੀ ਧਰੋਹਰ’ ਦਾ ਦਰਜਾ ਦੇਣ ਹਿੱਤ ਵਿਭਾਗੀ ਕਾਰਵਾਈ ਸ਼ੁਰੂ ਕਰਨ ਲਈ ਘਰ ਦੇ ਮੌਜੂਦਾ ਮਾਲਕ ਚੌਧਰੀ ਸਾਕਿਬ ਵਿਰਕ ਕੋਲੋਂ ਵੀ ਮਨਜ਼ੂਰੀ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਘਰ ਦਾ 90 ਫੀਸਦੀ ਹਿੱਸਾ ਨਵੇਂ ਢੰਗ ਨਾਲ ਬਣਾਇਆ ਗਿਆ ਹੈ, ਜਦਕਿ ਦੋ ਕਮਰੇ, ਛੱਤਾਂ ਅਤੇ ਦਰਵਾਜ਼ਿਆਂ ਨਾਲ ਬਿਨਾਂ ਛੇੜ-ਛਾੜ ਕੀਤੇ ਪੁਰਾਣੀ ਹਾਲਤ ਵਿਚ ਬਹਾਲ ਰੱਖਿਆ ਗਿਆ ਹੈ। ਡਿਪਟੀ ਡਾਇਰੈਕਟਰ ਅਨੁਸਾਰ ਉਕਤ ਘਰ ਦਾ ਮਾਲਕ ਉਥੇ ਹੀ ਰਹਿ ਸਕਦਾ ਹੈ, ਪਰ ਇਮਾਰਤ ਦੇ ਅੰਦਰੂਨੀ ਢਾਂਚੇ ਜਾਂ ਬਾਹਰੀ ਦਿਖ ‘ਚ ਬਦਲਾਅ ਕਰਨ ਦਾ ਉਸ ਨੂੰ ਅਧਿਕਾਰ ਨਹੀਂ ਹੋਵੇਗਾ।
ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਘਰ ਨੂੰ ਸਾਲ 2012 ‘ਚ ਜ਼ਿਲ੍ਹਾ ਫੈਸਲਾਬਾਦ ਪ੍ਰਸ਼ਾਸਨ ਵੱਲੋਂ ‘ਕੌਮੀ ਸਮਾਰਕ’ ਦਾ ਦਰਜਾ ਦਿੱਤਾ ਗਿਆ ਸੀ, ਜਿਸ ਦੇ ਬਾਅਦ ਹੁਣ ਸੂਬਾ ਸਰਕਾਰ ਨੇ ਇਸ ਨੂੰ ‘ਕੌਮੀ ਵਿਰਾਸਤੀ ਧਰੋਹਰ’ ਦਾ ਦਰਜਾ ਦੇਣ ਦਾ ਐਲਾਨ ਕੀਤਾ ਹੈ। ਮੌਜੂਦਾ ਸਮੇਂ ਸ਼ਹੀਦ ਦੇ ਘਰ ਨੂੰ ਚੌਧਰੀ ਸਾਕਿਬ ਵਿਰਕ ਵੱਲੋਂ ਅਜਾਇਬ-ਘਰ ‘ਚ ਤਬਦੀਲ ਕਰਦਿਆਂ ਉਸ ‘ਚ ਸ਼ਹੀਦ ਦੇ ਪਰਿਵਾਰ ਦੇ ਬਰਤਨ, ਅਲਮਾਰੀਆਂ ਤੇ ਹੋਰ ਸਾਮਾਨ ਸਮੇਤ 200 ਦੇ ਲਗਭਗ ਆਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ।