ਪੰਜਾਬੀ ਨਾਟਕਾਂ ਵਿਚ ਭਗਤ ਸਿੰਘ

ਤੇਜਵੰਤ ਸਿੰਘ ਗਿੱਲ
ਇਹ ਵਿਚਾਰਨ ਵਾਲੀ ਗੱਲ ਹੈ ਕਿ ਭਗਤ ਸਿੰਘ ਬਾਬਤ ਲਿਖੇ ਗਏ ਨਾਟਕ ਕਿਥੋਂ ਤਕ ਸਫਲ ਹੋਏ ਹਨ। ਉਸ ਬਾਰੇ ਪਹਿਲਾ ਨਾਟਕ ਡਾ. ਹਰਚਰਨ ਸਿੰਘ ਦਾ 1980 ਵਿਚ ਛਪਿਆ ਨਾਟਕ ‘ਮਸੀਹਾ ਸੂਲੀ ‘ਤੇ ਮੁਸਕਾਇਆ’ ਸੀ। ਵਾਪਰਨ ਵਾਲੀ ਘਟਨਾ ਸ਼ਹੀਦ ਦੇ ਫਾਂਸੀ ਚੜ੍ਹਨ ਤੋਂ ਅੱਧਾ ਕੁ ਘੰਟਾ ਪਹਿਲਾਂ ਦੀ ਹੈ। ਇਸ ਵਕਫੇ ਨੂੰ ਪਿਛਲੇ ਤਿੰਨ ਸਾਲ ਦੇ ਕਾਰਨਾਮਿਆਂ ਸੰਗ ਵਾਪਰਦੇ ਦਿਖਾ ਕੇ ਨਾਟਕਕਾਰ ਨੇ ਭਗਤ ਸਿੰਘ ਨੂੰ ਲੋਕ-ਭਾਵੀ, ਤੀਖਣ ਬੁੱਧੀ ਅਤੇ ਕੁਰਬਾਨੀ ਦਾ ਪੁੰਜ ਸਿੱਧ ਕੀਤਾ ਹੈ।

ਅੰਤਿਮ ਪਲ ਈਸਾ ਮਸੀਹ ਨੂੰ ਤਾਂ ਅੰਤਾਂ ਦੀ ਇਕੱਲ ਦਾ ਅਹਿਸਾਸ ਹੋਇਆ ਸੀ, ਉਸ ਨੂੰ ਲੱਗਿਆ ਜਿਵੇਂ ਰੱਬ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਪਰ ਇਸ ਤਰ੍ਹਾਂ ਦਾ ਕੋਈ ਝੋਰਾ ਭਗਤ ਸਿੰਘ ਨੂੰ ਨਹੀਂ। ਇਹ ਗੱਲਾਂ ਨਾਟਕ ਵਿਚ ਭਗਤ ਸਿੰਘ ਨੂੰ ਉਸ ਬੰਧਨ ਤੋਂ ਉਪਰ ਉਠਾਉਂਦੀਆਂ ਹਨ ਜਿਸ ਕਾਰਨ ਦੇਸ਼ਭਗਤੀ ਦਾ ਅਟੱਲ ਬਿੰਬ ਜਾਂ ਬੌਧਿਕ ਸਿੱਧ ਹੁੰਦਾ ਹੈ। ਘਟਨਾਵਾਂ ‘ਤੇ ਰੌਸ਼ਨੀ ਪੈਂਦੀ ਹੈ, ਧਾਰਨਾਵਾਂ ਪੇਸ਼ ਹੁੰਦੀਆਂ ਹਨ, ਦਾਅਵੇ ਕੀਤੇ ਜਾਂਦੇ ਹਨ ਪਰ ਕਿਤੇ ਵੀ ਦਵੰਧ ਪੇਸ਼ ਨਹੀਂ ਹੁੰਦਾ।
ਨਾਟਕ ਵਿਚ ਅਰਾਜਕ ਭਾਵਨਾ ਅਧੀਨ ਹੱਤਿਆ ਵਿਚ ਵਿਸ਼ਵਾਸ ਜਤਲਾਇਆ ਜਾਂਦਾ ਹੈ ਜਦੋਂਕਿ ਇਸ ਦੇ ਮੁਦੱਈ ਨਿਰਦੋਸ਼ ਦੀ ਹੱਤਿਆ ਨੂੰ ਪਾਪ ਸਮਝਦਿਆਂ ਖ਼ੁਦ ਦੀ ਹੱਤਿਆ ਰਾਹੀਂ ਸੰਤੋਖ ਦੇ ਭਾਗੀ ਬਣਦੇ ਸਨ, ਨਾਟਕ ਵਿਚ ਅਜਿਹਾ ਕੋਈ ਸੰਕਟ ਨਹੀਂ ਪੇਸ਼ ਹੁੰਦਾ। ਸਾਂਡਰਸ ਨਾਲ ਚੰਨਣ ਸਿੰਘ ਦਾ ਕਤਲ ਹੋ ਜਾਂਦਾ ਹੈ ਪਰ ਸੰਤਾਪ ਦਾ ਕਾਰਨ ਨਹੀਂ ਬਣਦਾ। ਅੰਤ ਵਿਚ ਨਾਟਕ ਸਤਲੁਜ ਦਰਿਆ ਨੂੰ ਭਗਤ ਸਿੰਘ ਦੀ ਬੇਮਿਸਾਲ ਸ਼ਹਾਦਤ ਦੀ ਸਾਖੀ ਭਰਨ ਦੀ ਜ਼ਿੰਮੇਵਾਰੀ ਬਖ਼ਸ਼ ਕੇ ਸਮਾਪਤ ਹੋ ਜਾਂਦਾ ਹੈ। ਇਹ ਸਾਖੀ ਉਸ ਨਾਲੋਂ ਘੱਟ ਨਹੀਂ ਜੋ ਇਹ ਕਦੀਮੀ ਦਰਿਆ ਆਦਿ ਕਾਲ ਵਿਚ ਆਪਣੇ ਕੰਢੇ ਪਵਿਤਰ ਵੇਦਾਂ ਦੇ ਰਚੇ ਜਾਣ ਦੀ ਭਰਦਾ ਹੈ।
ਇਸੇ ਪ੍ਰਕਾਰ ਦਾ ਇਕਪਾਸੜ ਕੌਤਕ ਸਾਗਰ ਸਰਹੱਦੀ ਦੇ 1983 ਵਿਚ ਲਿਖੇ ਨਾਟਕ ‘ਭਗਤ ਸਿੰਘ ਦੀ ਵਾਪਸੀ’ ਵਿਚ ਵਾਪਰਦਾ ਹੈ। ਸਾਗਰ ਸਰਹੱਦੀ ਫਿਲਮਸਾਜ਼ ਹੈ ਅਤੇ ਇਹ ਕਿਰਤ ਨਾਟਕਕਾਰ ਨਾਲੋਂ ਨਿਰਦੇਸ਼ਕ ਦੀ ਲਿਖੀ ਵਧੇਰੇ ਪ੍ਰਤੀਤ ਹੁੰਦੀ ਹੈ। ਇਸ ਨਾਟਕ ਦਾ ਆਰੰਭ ਭਗਤ ਸਿੰਘ ਦਾ ਕਿਰਦਾਰ ਕਰਨ ਵਾਲੇ ਅਦਾਕਾਰ ਦੀ ਮਨਬਚਨੀ ਨਾਲ ਹੁੰਦਾ ਹੈ। ਅਸਲ ਅਤੇ ਨਕਲ ਵਿਚ ਜੋ ਅੰਤਰ ਹੁੰਦਾ ਹੈ, ਉਸ ਦੀ ਚਰਚਾ ਨਾਲ ਉਹ ਪਹਿਲੇ ਐਕਟ ਦਾ ਆਰੰਭ ਕਰਦਾ ਹੈ। ਅਸਲ ਭਗਤ ਸਿੰਘ ਹੈ ਅਤੇ ਨਕਲ ਉਹ ਆਪ ਹੈ, ਪਰ ਦੋਵਾਂ ਵਿਚਲੇ ਅੰਤਰ ਨੂੰ ਨਾਟਕ ਦੇ ਵਿਸ਼ੇ ਅਤੇ ਸਰੋਕਾਰ ਨਾਲ ਜੋੜਨ ਦੀ ਥਾਂ ਉਹ ਭਗਤ ਸਿੰਘ ਨਾਲ ਅਭੇਦ ਹੋ ਕੇ ਅਦਾਕਾਰੀ ਕਰਦਾ ਹੈ। ਪਹਿਲੇ ਐਕਟ ਵਿਚ ਮਾਂ ਉਸ ਤੋਂ ਕਮਾਈ ਦੀ ਆਸ ਰੱਖਦੀ ਹੈ। ਭਗਤ ਸਿੰਘ ਦੇਸ਼ ਭਗਤੀ ਰਾਹੀਂ ਇਹ ਆਸ ਪੁਗਾਉਣ ਦਾ ਪ੍ਰਣ ਕਰਦਾ ਹੈ ਅਤੇ ਭਾਰਤ ਮਾਤਾ ਦੀ ਰੂਪ ਰੇਖਾ ਉਸੇ ਦੀ ਸੀਰਤ ਤੇ ਸੂਰਤ ਅਨੁਸਾਰ ਤਸੱਵੁਰ ਕਰਦਾ ਹੈ। ਇਸ ਕਮਾਈ ਖ਼ਾਤਰ ਕਿਸ ਪ੍ਰਕਾਰ ਦੀ ਘਾਲਣਾ ਲੋੜੀਂਦੀ ਹੈ, ਅੱਗੇ ਇਸ ਦਾ ਫੈਸਲਾ ਚੰਦਰਸ਼ੇਖਰ ਨਾਲ ਲੰਮੀ ਵਾਰਤਾਲਾਪ ਰਾਹੀਂ ਨੇਪਰੇ ਚੜ੍ਹਦਾ ਹੈ। ਉਹ ਅਸੈਂਬਲੀ ਵਿਚ ਬੰਬ ਸੁੱਟਣ ਦਾ ਕਾਰਨਾਮਾ ਨੇਪਰੇ ਚਾੜ੍ਹ ਕੇ ਬੰਦੀਖਾਨੇ ਵਿਚ ਪਹੁੰਚ ਜਾਂਦਾ ਹੈ। ਮੁਕੱਦਮੇ ਰਾਹੀਂ ਭਾਰਤ ਮਾਤਾ ਦੀ ਆਜ਼ਾਦੀ ਦਾ ਪੱਖ ਪੂਰ ਕੇ ਅਤੇ ਅਜਿਹਾ ਕਸ਼ਟ ਸਹਿ ਕੇ ਉਥੇ ਵੀ ਇਹ ਘਾਲਣਾ ਨਿਰੰਤਰ ਚੱਲਦੀ ਰਹਿੰਦੀ ਹੈ। ਅੰਤ ਵਿਚ ਸ਼ਹਾਦਤ ਦੇ ਰੂਪ ਵਿਚ ਇਸ ਦਾ ਇਨਾਮ ਰਾਖਵਾਂ ਹੋ ਜਾਂਦਾ ਹੈ। ਪਹਿਲਾ ਹੈ ਮਾਂ ਨਾਲ ਜਿਸ ਕਮਾਈ ਦਾ ਪ੍ਰਣ ਕੀਤਾ ਸੀ, ਉਸ ਨੂੰ ਧਰਤੀ ਦੀ ਮੁੱਠੀ ਕੁ ਭਰ ਰਾਖ ਅਰਪਿਤ ਕਰਨਾ ਅਤੇ ਦੂਜਾ ਦੇਸ਼ ਦੇ ਨੌਜਵਾਨਾਂ ਨੂੰ ਨਿਰੰਤਰ ਇਨਕਲਾਬ ਨਾਲ ਜੁੜਨ ਦੀ ਪ੍ਰੇਰਨਾ ਦੇਣਾ।
ਦੇਸ਼ਭਗਤੀ ਦਾ ਬੰਧਕ ਬਣਾ ਕੇ ਰਾਜ ਸੱਤਾ ਨੇ ਭਗਤ ਸਿੰਘ ਨੂੰ ਜਨਤਾ ਨਾਲੋਂ ਵੱਖ ਕਰ ਛੱਡਿਆ। ਇਸ ਦਾ ਪ੍ਰਗਟਾਵਾ ਗੁਰਸ਼ਰਨ ਸਿੰਘ ਦੇ 1997 ਵਿਚ ਲਿਖੇ ਗਏ ਇਕਾਂਗੀ ‘ਲਾਰੇ’ ਵਿਚ ਸਪਸ਼ਟ ਢੰਗ ਨਾਲ ਹੁੰਦਾ ਹੈ। ਇਹ ਪ੍ਰਾਪੇਗੰਡਾ ਹੈ ਜਿਸ ਦਾ ਤਤਕਾਲੀ ਪ੍ਰਭਾਵ ਪੈ ਸਕਦਾ ਹੈ ਪਰ ਸਥਾਈ ਪ੍ਰੇਰਨਾ ਨਹੀਂ ਮਿਲ ਸਕਦੀ। ਭਗਤ ਸਿੰਘ ਦੇ ਜਨਮ ਸਥਾਨ ਦੇ ਬਾਹਰ ਲੱਗੇ ਬੁੱਤ ਕੋਲ ਹਰ ਸਾਲ ਸ਼ਰਧਾਂਜਲੀ ਮੇਲਾ ਲੱਗਦਾ ਹੈ। ਵਿਰੋਧੀ ਪਾਰਟੀਆਂ ਦੇ ਦੋਵੇਂ ਨੇਤਾ ਜਦੋਂ ਆਪੋ ਆਪਣੀ ਵਾਰੀ ਬੁੱਤ ਨੂੰ ਹਾਰ ਪਹਿਨਾਉਣ ਆਉਂਦੇ ਹਨ ਤਾਂ ਬੁੱਤ ਘੂਰੀ ਵੱਟ ਕੇ ਉਨ੍ਹਾਂ ਦੇ ਘਸੁੰਨ ਮਾਰਦਾ ਹੈ। ਨਿੰਮੋਝੂਣੇ ਹੋ ਉਹ ਲੇਲੜੀਆਂ ਕੱਢਣ ਜੋਗੇ ਰਹਿ ਜਾਂਦੇ ਹਨ। ਆਪਣੇ ਆਪ ਨੂੰ ਸ਼ਹੀਦ ਦੀ ਭੈਣ ਦੱਸਦੀ ਇਕ ਲੜਕੀ ਹਾਰ ਪਹਿਨਾਉਣ ਆਉਂਦੀ ਹੈ ਤਾਂ ਬੁੱਤ ਖਿੜੇ ਮੱਥੇ ਸਵੀਕਾਰ ਕਰ ਲੈਂਦਾ ਹੈ। ਲੜਕੀ ਜੁੜੀ ਭੀੜ ਨੂੰ ਭਗਤ ਸਿੰਘ ਦੇ ਸੰਦੇਸ਼ ਤੋਂ ਜਾਣੂ ਕਰਵਾਉਂਦੀ ਹੈ। ਭੀੜ ਸੱਚੀ ਜਨਤਾ ਦਾ ਰੂਪ ਧਾਰ ਲੈਂਦੀ ਹੈ। ਨੇਤਾ ਉਥੋਂ ਖਿਸਕ ਜਾਂਦੇ ਹਨ। ਲੜਕੀ ਦੇ ਮਗਰ ਜਨਤਾ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਬੁਲੰਦ ਕਰਦੀ ਹੈ। ਭਗਤ ਸਿੰਘ ਦਾ ਬੁੱਤ ਵੀ ਇਸ ਮੁਹਿੰਮ ਵਿਚ ਸ਼ਾਮਲ ਹੋ ਜਾਂਦਾ ਹੈ।
ਹੁਣ ਤਕ ਲਿਖੇ ਗਏ ਸਾਰੇ ਨਾਟਕਾਂ ਵਿਚੋਂ ਅਸਲੋਂ ਗੰਭੀਰ ਕਿਰਤ ‘ਭਗਤ ਸਿੰਘ ਸ਼ਹੀਦ’ ਡਾ. ਚਰਨ ਦਾਸ ਸਿੱਧੂ ਦਾ ਤਿੱਕੜੀ ਨਾਟਕ ਹੈ ਜਿਸ ਦਾ ਪਹਿਲਾ ਸੰਸਕਰਨ 1998 ਵਿਚ ਛਪਿਆ। ਇਸ ਦਾ ਪਹਿਲਾ ਭਾਗ ‘ਭਾਗਾਂ ਵਾਲਾ ਪੋਤਰਾ’ ਹੈ ਜਿਸ ਵਿਚ ਭਗਤ ਸਿੰਘ ਦੇ ਇਨਕਲਾਬੀ ਬਣਨ ਦੇ ਅਮਲ ਨੂੰ ਚਿਤਰਿਆ ਗਿਆ ਹੈ। ਇਸ ਦਾ ਮੁੱਢਲਾ ਕਾਰਨ ਇਕ ਚਾਚੇ ਦੇ ਜੇਲ੍ਹ ਵਿਚ ਮਾਰੇ ਜਾਣ ਅਤੇ ਦੂਜੇ ਜਲਾਵਤਨ ਹੋ ਜਾਣ ਕਾਰਨ ਪਹੁੰਚਦੀ ਪੀੜ ਹੈ। ਦੋਵਾਂ ਚਾਚੀਆਂ ਦੇ ਹੰਝੂ ਭਿੱਜੇ ਚਿਹਰੇ ਉਸ ਨੂੰ ਹੋਰ ਵੀ ਭਾਵੁਕ ਕਰੀ ਰੱਖਦੇ ਹਨ। ਜਲ੍ਹਿਆਂਵਾਲੇ ਬਾਗ਼ ਦਾ ਸਾਕਾ ਉਸ ਦੀ ਪੀੜ ਨੂੰ ਲੋਕ ਪੀੜ ਵਿਚ ਬਦਲ ਦਿੰਦਾ ਹੈ। ਨਾਲ ਹੀ ਉਹ ਧਰਮ ਨਿਰਪੇਖ ਬਣਨ ਦਾ ਫੈਸਲਾ ਕਰਦਾ ਹੈ ਪਰ ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖਤ ‘ਹਮ ਹਿੰਦੂ ਨਹੀਂ’ ਨੂੰ ਇਸ ਦੇ ਨਾਮ ਤੋਂ ਹੀ ਵਿਸ਼ਾ ਵਸਤੂ ਦਾ ਅਨੁਮਾਨ ਲਗਾ ਕੇ ਭੰਡਦਿਆਂ ਉਹ ਅਨੈਤਿਕ ਵੀ ਹੋ ਜਾਂਦਾ ਹੈ। ਇਹ ਦੋਸ਼ ਨਾਟਕਕਾਰ ਦਾ ਹੈ ਜੋ ਆਰੀਆ ਸਮਾਜ ਨਾਲ ਆਪਣੀ ਨੇੜਤਾ ਛੁਪਾ ਨਹੀਂ ਸਕਿਆ।
ਨਾਟਕ ਦਾ ਦੂਜੇ ਭਾਗ ‘ਇਨਕਲਾਬੀ ਪੁੱਤਰ’ ਭਗਤ ਸਿੰਘ ਦੇ ਜੇਲ੍ਹ ਜੀਵਨ ਨਾਲ ਸਬੰਧਤ ਹੈ। ਭਗਤ ਸਿੰਘ ਪੱਕਾ ਇਨਕਲਾਬੀ ਬਣ ਚੁੱਕਾ ਹੈ। ਮਹਾਤਮਾ ਗਾਂਧੀ ਦੇ ਅਹਿੰਸਾ ਸਿਧਾਂਤ ਨਾਲ ਉਸ ਦਾ ਪੂਰਾ ਵਿਰੋਧ ਹੈ ਅਤੇ ਲੈਨਿਨ ਦੀ ਇਨਕਲਾਬੀ ਸੋਚ ਨਾਲ ਲਗਾਓ। ਤੀਜਾ ਭਾਗ ‘ਨਾਸਤਕ ਸ਼ਹੀਦ’ ਇਸ ਦਾ ਅੱਗੇ ਵਿਸਥਾਰ ਹੈ ਜਿਸ ਵਿਚ ਉਸ ਦੀ ਇਨਕਲਾਬੀ ਸੋਚ ਨਾਸਤਿਕਤਾ ਨੂੰ ਵੀ ਆਪਣੇ ਕਲਾਵੇ ਵਿਚ ਲੈਂਦੀ ਹੈ। ਇਸ ਦਾ ਕੁਲ ਸਾਰ ਵਾਦ-ਵਿਵਾਦ ਵਿਚ ਸਮਾ ਜਾਂਦਾ ਹੈ ਜੋ ਉਸ ਦਾ ਭਾਈ ਰਣਧੀਰ ਸਿੰਘ ਨਾਲ ਚੱਲਦਾ ਹੈ। ਸਵਾ ਸਾਲ ਤੋਂ ਭਾਈ ਰਣਧੀਰ ਸਿੰਘ ਬੰਦੀਖਾਨੇ ਵਿਚ ਬੰਦ ਹੈ ਕਿਉਂ ਜੋ ਉਸ ਦੇ ਸ਼ਬਦ ਕੀਰਤਨ ਤੋਂ ਬਰਤਾਨਵੀ ਸਰਕਾਰ ਨੂੰ ਉਹ ਗ਼ਦਰ ਲਹਿਰ ਦਾ ਸਮਰਥਕ ਜਾਪਿਆ ਸੀ। ਸੁਚੇਤ ਰੂਪ ਵਿਚ ਉਹ ਇਸ ਨੂੰ ਵਾਹਿਗੁਰੂ ਦਾ ਭਾਣਾ ਮੰਨਦਾ ਹੈ ਪਰ ਅਚੇਤ ਤੌਰ ‘ਤੇ ਇਸ ਨੂੰ ਆਪਣੇ ਨਾਲ ਹੋਇਆ ਘੋਰ ਅਨਿਆਂ ਮਹਿਸੂਸ ਕਰਦਾ ਹੈ। ਫਲਸਰੂਪ ਉਹ ਆਪਣੇ ਵਿਚਾਰਾਂ ਵਿਚ ਬਹੁਤ ਕੱਟੜ ਹੋ ਗਿਆ ਹੈ ਅਤੇ ਗੁਰਬਾਣੀ ਤੇ ਗੁਰਮਤਿ ਨੂੰ ਉਸ ਨੇ ਪੰਜ ਕਕਾਰਾਂ ਤਕ ਸੀਮਤ ਕਰ ਲਿਆ ਹੈ। ਆਰੀਆ ਸਮਾਜ ਵੱਲ ਨਾਟਕਕਾਰ ਦਾ ਉਲਾਰ ਅਤੇ ਕਈ ਥਾਵਾਂ ‘ਤੇ ਵਾਰਤਾਲਾਪ ਮਹਿਜ਼ ਸਪਾਟ ਸੂਚਨਾ ਭਾਸ਼ਨ ਦੇ ਬਾਵਜੂਦ ਇਸ ਨਾਟਕ ਦੀ ਗੰਭੀਰਤਾ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
ਇਸੇ ਪ੍ਰਸੰਗ ਵਿਚ ਵਿਚਾਰਯੋਗ ਨਾਟਕ ਜਗਜੀਤ ਸਿੰਘ ਕੋਮਲ ਦਾ ‘ਧੋਤੇ ਮੂੰਹ ਚਪੇੜ’ ਹੈ ਜੋ 2004 ਵਿਚ ਛਪਿਆ। ਇਸ ਦਾ ਨਾਇਕ ਬਾਬਾ ਸੋਹਣ ਸਿੰਘ ਭਕਨਾ ਹੈ ਪਰ ਭਗਤ ਸਿੰਘ ਦੀ ਉਸ ਨਾਲ ਸਾਂਝ ਵਿਚੋਂ ਕਾਫੀ ਰੌਸ਼ਨੀ ਮਿਲਦੀ ਹੈ। ਭਗਤ ਸਿੰਘ ਲਾਹੌਰ ਜੇਲ੍ਹ ਵਿਚ ਕੈਦ ਹੈ। ਬਾਬਾ ਭਕਨਾ ਅਤੇ ਹੋਰ ਰਾਜਸੀ ਕੈਦੀ ਵੀ ਉਥੇ ਹਨ। ਕੈਦੀਆਂ ਦੇ ਭਲੇ ਲਈ ਭਗਤ ਸਿੰਘ ਨੇ ਮਰਨ ਵਰਤ ਰੱਖਿਆ ਹੋਇਆ ਹੈ ਜਿਸ ਦਾ ਪ੍ਰਭਾਵ ਵਧਦਾ ਜਾਂਦਾ ਹੈ। ਇਸ ਪ੍ਰਭਾਵ ਨੂੰ ਘਟਾਉਣ ਲਈ ਜੇਲ੍ਹ ਅਧਿਕਾਰੀ ਸਾਜ਼ਿਸ਼ ਘੜਦੇ ਹਨ ਬਾਬਾ ਭਕਨਾ ਤੋਂ ਮਰਨ ਵਰਤ ਤੁੜਵਾਉਣ ਦੀ, ਪਰ ਉਨ੍ਹਾਂ ਦੇ ਇਸ ਬਦਨੀਤੀ ਭਰੇ ਕਦਮ ਦਾ ਉਲਟ ਅਸਰ ਹੁੰਦਾ ਹੈ। ਬਾਬਾ ਭਕਨਾ ਆਪ ਵਰਤ ਰੱਖਣ ਦਾ ਐਲਾਨ ਕਰ ਦਿੰਦਾ ਹੈ।
ਉਸ ਰਿਹਾਈ ਦਾ ਦਿਨ ਨਜ਼ਦੀਕ ਹੋਣ ਸਦਕਾ ਬਾਹਰ ਜਾ ਕੇ ਉਹ ਕਿਰਸਾਨੀ ਨੂੰ ਲਾਮਬੰਦ ਕਰਨ ਵਿਚ ਵਡਮੁੱਲਾ ਯੋਗਦਾਨ ਪਾ ਸਕਦਾ ਹੈ। ਇਹ ਵਾਸਤਾ ਪਾ ਕੇ ਭਗਤ ਸਿੰਘ ਬਾਬਾ ਭਕਨਾ ਨੂੰ ਮਰਨ ਵਰਤ ਰੱਖਣ ਤੋਂ ਹੋੜ ਲੈਂਦਾ ਹੈ। ਇਸ ਤੋਂ ਸੁਝਾਅ ਮਿਲਦਾ ਹੈ ਕਿ ਲੋਕ ਲਹਿਰਾਂ ਨੂੰ ਸਮਰੱਥ ਬਣਾਉਣ ਦੀ ਤਮੰਨਾ ਭਗਤ ਸਿੰਘ ਦੀ ਵੀ ਸੀ। ਜਿਉਂਦੇ ਜੀਅ ਉਸ ‘ਤੇ ਦੇਸ਼ ਭਗਤੀ ਦੀ ਅਟੱਲ ਭਾਵਨਾ ਨੇ ਪਰਦਾ ਪਾਈ ਰੱਖਿਆ ਅਤੇ ਹੁਣ ਤਕ ਇਹ ਪੱਖ ਜਨਤਾ ਤਾਂ ਕੀ, ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਵੀ ਨਜ਼ਰ ਨਹੀਂ ਆਇਆ। ਲੇਖਕ ਦਾ ਦਾਅਵਾ ਹੈ ਕਿ ਇਹ ਕਾਵਿ-ਨਾਟ ਹੈ, ਪਰ ਇਸ ਦੀ ਵਿਸ਼ੇਸ਼ਤਾ ਨੂੰ ਇਹ ਘੱਟ ਹੀ ਪਹੁੰਚਦਾ ਹੈ। ਇਸ ਦੇ ਪਾਠ ਤੋਂ ਗ੍ਰਹਿਣ ਹੁੰਦੇ ਵਿਚਾਰਧਾਰਕ ਸੁਝਾਅ ਦੇ ਆਧਾਰ ‘ਤੇ ਇਸ ਨਾਟਕ ਨੂੰ ਧਿਆਨ ਗੋਚਰੇ ਕਰਨਾ ਜ਼ਰੂਰੀ ਬਣ ਜਾਂਦਾ ਹੈ।
ਨਾਟਕੀ ਰੂਪ ਵਿਚ ਭਗਤ ਸਿੰਘ ਬਾਰੇ ਇਕ ਹੋਰ ਕਿਰਤ ‘ਛਿਪਣ ਤੋਂ ਪਹਿਲਾਂ’ ਨਾਂ ਦਾ ਦਵਿੰਦਰ ਦਮਨ ਦਾ ਸਟੇਜੀ ਨਾਟਕ ਹੈ ਜਿਹੜਾ ਉਸ ਨੇ 2006 ਵਿਚ ਲਿਖਿਆ। ਇਸ ਦਾ ਸਬੰਧ ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਦੇ ਪਲਾਂ ਨਾਲ ਹੈ। ਕੋਠੜੀ ਦੇ ਪਖਾਨੇ ਦੀ ਸਫਾਈ ਕਰਨ ਆਉਂਦੇ ਅਛੂਤ ਜਾਤ ਦੇ ਭੰਗੀ ਦੇ ਘਰ ਵਿਚ ਪੱਕੀ ਮੱਕੀ ਦੀ ਰੋਟੀ ਨੂੰ ਸਾਗ ਨਾਲ ਖਾਣ ਦੀ ਭਗਤ ਸਿੰਘ ਦੀ ਤਮੰਨਾ ਹੈ। ਭਗਤ ਸਿੰਘ ਦੀ ਬੇਨਤੀ ਦੇ ਲੁਕਵੇਂ ਅਰਥ ਉਸ ਭੋਲੇ-ਭਾਲੇ ਪ੍ਰਾਣੀ ਨੂੰ ਪਹਿਲਾਂ ਸਮਝ ਨਹੀਂ ਆਉਂਦੇ। ਉਹ ਭਗਤ ਸਿੰਘ ਵਰਗੇ ਅਦਭੁੱਤ ਸ਼ਹੀਦ ਦੀ ਅੰਤਲੀ ਤਮੰਨਾ ਪੂਰੀ ਕਰਦਾ ਹੈ। ਕਹਿਣ ਨੂੰ ਇਸ ਨਿਗੂਣੀ ਜਿਹੀ ਘਟਨਾ ਦਾ ਅਲੰਕਾਰਕ ਮਹੱਤਵ ਬਹੁਤ ਵਡੇਰਾ ਹੈ। ਇਸ ਤੋਂ ਪ੍ਰਤੱਖ ਹੁੰਦਾ ਹੈ ਕਿ ਸਮੁੱਚੀ ਮਾਨਵਤਾ ਵਿਚ ਵਿਸ਼ਵਾਸ ਕਰਨਾ ਹੀ ਭਗਤ ਸਿੰਘ ਦਾ ਦੀਨ ਧਰਮ ਸੀ। ਜਾਤ-ਪਾਤ, ਵਰਗ, ਨਸਲ ਆਦਿ ਦਾ ਕੋਈ ਵਿਤਕਰਾ ਉਸ ਨਹੀਂ ਸੀ ਟੁੰਬਦਾ।
ਪਰਿਵਾਰ ਦੇ ਪ੍ਰਸੰਗ ਵਿਚ ਪੇਸ਼ਕਾਰੀ ‘ਚ ਨਾਟਕਕਾਰ ਟਪਲਾ ਖਾ ਜਾਂਦਾ ਹੈ। ਜਦੋਂ ਪਰਿਵਾਰ ਦੇ ਜੀਅ ਉਸ ਨੂੰ ਫਾਂਸੀ ਲੱਗਣ ਤੋਂ ਪਹਿਲਾਂ ਮਿਲਦੇ ਹਨ ਤਾਂ ਭਗਤ ਸਿੰਘ ਵਿਚਲਾ ਬੱਚਾ ਆਖਦਾ ਹੈ: “ਮੈਂ ਪਰਿਵਾਰ ਲਈ ਕੁਝ ਨਹੀਂ ਕੀਤਾ। ਤੁਹਾਡੀਆਂ ਜ਼ਿੰਦਗੀਆਂ ਦਾ ਕੀ ਬਣੇਗਾ? ਗੁਜ਼ਾਰਾ ਕਿਵੇਂ ਚਲੇਗਾ? ਇਹ ਸੋਚ ਕੇ ਮੈਂ ਕੰਬ ਜਾਂਦਾ ਹਾਂ ਪਰ ਬੇਬੇ, ਹੌਸਲੇ ਰੱਖਿਓ। ਕੁਲਤਾਰ ਦੀ ਪੜ੍ਹਾਈ ਜਾਰੀ ਰੱਖਣਾ… ਜੇ ਹੋ ਸਕੇ ਤਾਂ ਕੁਲਬੀਰ ਨੂੰ ਵੀ ਅਮਰੀਕਾ ਭੇਜ ਦੇਣਾ।” ਭਗਤ ਸਿੰਘ ਦੇ ਫਾਂਸੀ ਲੱਗਣ ਵੇਲੇ ਅਮਰੀਕਾ ਜਾਣ ਦਾ ਭਾਵ ਖਿੰਡ-ਪੁੰਡ ਗਈ ਗਦਰ ਲਹਿਰ ਨਾਲ ਜੁੜਨਾ ਹੋ ਸਕਦਾ ਸੀ। ਇਸ ਦਾ ਭਾਵ ਅਜੋਕੇ ਸਮੇਂ ਵਾਂਗ ਨੈਤਿਕ, ਅਨੈਤਿਕ ਢੰਗ ਨਾਲ ਉਥੇ ਪਹੁੰਚ ਕੇ ਪੂੰਜੀ ਜੁਟਾਉਣ ਤਕ ਸੀਮਿਤ ਹੋਣਾ ਨਹੀਂ। ਨਾਟਕਕਾਰ ਨੇ ਅਚੇਤ ਹੀ ਇਹ ਅਜੋਕਾ ਫਿਕਰ ਭਗਤ ਸਿੰਘ ਦੇ ਜ਼ਿੰਮੇ ਲਗਾ ਦਿੱਤਾ ਹੈ। ਜੇ ਇਹ ਉਸ ਦਾ ਸੁਚੇਤ ਯਤਨ ਹੈ ਤਾਂ ਇਹ ਕਾਰਵਾਈ ਨਾਟਕਾਕਰ ਨਾਲੋਂ ਵਧੇਰੇ ਨਿਰਦੇਸ਼ਕ ਹੋਣ ਕਾਰਨ ਹੈ। ਆਖ਼ਰ ਨਿਰਦੇਸ਼ਕ ਨੂੰ ਸਰੋਤਿਆਂ ਅਤੇ ਦਰਸ਼ਕਾਂ ਦਾ ਵੀ ਖਿਆਲ ਹੁੰਦਾ ਹੈ। ਕਿਸੇ ਵੀ ਸੂਰਤ ਵਿਚ ਇਹ ਖਿਆਲ ਪ੍ਰਮਾਣਕਤਾ ਨਾਲ ਜੁੜੇ ਫਿਕਰ ਨੂੰ ਭੰਗ ਕਰਨ ਦਾ ਅਧਿਕਾਰ ਨਹੀਂ ਰੱਖਦਾ।