-ਜਤਿੰਦਰ ਪਨੂੰ
ਦੇਸ਼ਾਂ ਦਰਮਿਆਨ ਲੜਾਈ ਹੋਵੇ ਜਾਂ ਇੱਕੋ ਦੇਸ਼ ਵਿਚ ਕੁਝ ਸਿਆਸੀ ਧਿਰਾਂ ਵਿਚ ਕੁਰਸੀਆਂ ਉਤੇ ਕਬਜ਼ਾ ਕਰਨ ਦੀ ਜੰਗ ਹੋਵੇ, ਆਦਿ ਕਾਲ ਤੋਂ ਲੈ ਕੇ ਅਜੋਕੇ ਦੌਰ ਤੱਕ ਮੋਹਰੇ ਭਾਵੇਂ ਬਦਲਦੇ ਰਹੇ ਤੇ ਜੰਗ ਦਾ ਰੰਗ ਵੀ ਬਦਲਦਾ ਰਿਹਾ, ਪਰ ਧਰਮ ਦੀ ਦੁਰਵਰਤੋਂ ਹਰ ਦੌਰ ਦੌਰਾਨ ਹੋਈ ਹੈ ਤੇ ਇਹ ਅੱਜ ਵੀ ਹੁੰਦੀ ਹੈ। ਜੰਮੂ-ਕਸ਼ਮੀਰ ਸੂਬੇ ਉਤੇ ਕਬਜ਼ਾ ਕਰਨ ਲਈ ਪਾਕਿਸਤਾਨ ਦੀ ਸਰਕਾਰ ਭਾਰਤ ਵਿਰੁਧ ਖਾਸ ਧਰਮ ਨੂੰ ਨਾਅਰਾ ਬਣਾ ਕੇ ਇਸ ਜੰਗ ਨੂੰ ਉਸ ਧਰਮ ਦਾ ਜਹਾਦ ਕਹਿੰਦੀ ਹੈ, ਜਿਸ ਉਤੇ ਉਸ ਦੇਸ਼ ਦੀ ਆਪਣੀ ਬੁਨਿਆਦ ਖੜੀ ਹੈ। ਇਹੋ ਜਿਹੀ ਲੜਾਈ ਅਫਗਾਨਿਸਤਾਨ ਦੇ ਪਾਸੇ ਵੀ ਪਾਕਿਸਤਾਨ ਛੇੜੀ ਬੈਠਾ ਹੈ, ਪਰ ਉਸ ਨੂੰ ਜਹਾਦ ਕਹਿਣਾ ਔਖਾ ਹੋਣ ਕਾਰਨ ‘ਅਮਰੀਕੀਆਂ ਤੇ ਹਿੰਦੁਸਤਾਨ ਦੇ ਏਜੰਟਾਂ’ ਵਿਰੁਧ ਜੰਗ ਦਾ ਨਾਂ ਦਿੰਦਾ ਹੈ। ਖੁਦ ਪਾਕਿਸਤਾਨ ਸਰਕਾਰ ਦਹਾਕਿਆਂ ਬੱਧੀ ਅਮਰੀਕਾ ਦੀ ਏਜੰਟ ਰਹੀ ਸੀ ਤੇ ਅੱਜ ਕੱਲ੍ਹ ਉਹ ਚੀਨ ਦੇ ਕਾਰਿੰਦੇ ਵਾਂਗ ਕੰਮ ਕਰ ਰਹੀ ਹੈ। ਇਸ ਹਕੀਕਤ ਨੂੰ ਕੋਈ ਬਦਲ ਨਹੀਂ ਸਕਦਾ।
ਕਿਉਂਕਿ ਦੇਸ਼ਾਂ ਵਿਚਾਲੇ ਵੀ ਅਤੇ ਸਿਆਸੀ ਧਿਰਾਂ ਵਿਚਾਲੇ ਵੀ ਜੰਗ ਵਿਚ ਧਰਮ ਦੀ ਦੁਰਵਰਤੋਂ ਹੁੰਦੀ ਹੈ, ਇਸ ਲਈ ਇਸ ਜੰਗ ਵਿਚ ਮੋਹਰੇ ਉਹ ਲੋਕ ਬਣਾਏ ਜਾਂਦੇ ਹਨ, ਜੋ ਆਪਣੇ ਧਰਮ ਖਾਤਰ ਕਿਸੇ ਨੂੰ ਮਾਰਨ ਲਈ ਤਿਆਰ ਹੋ ਸਕਦੇ ਹਨ ਤੇ ਖੁਦ ਮਰਨੋਂ ਵੀ ਝਿਜਕਦੇ ਨਹੀਂ। ਇਹ ਮੋਹਰੇ ਇਸ ਖਾਸ ਮਕਸਦ ਲਈ ਖਾਸ ਤੌਰ ‘ਤੇ ਸਿਰਜੇ ਜਾਂਦੇ ਹਨ। ਨਤੀਜਾ ਉਨ੍ਹਾਂ ਦੀ ਆਪਣੀ ਮੌਤ ਦਾ ਹੋਵੇ ਜਾਂ ਉਨ੍ਹਾਂ ਹੱਥੋਂ ਹੋਰ ਲੋਕਾਂ ਦੀ ਮੌਤ ਦਾ, ਜੋ ਧਰਮ ਦੇ ਨਾਂ ‘ਤੇ ਇਹ ਕੁਝ ਕੀਤਾ ਜਾਵੇ, ਉਸ ਧਰਮ ਦੇ ਆਗੂ ਆਮ ਤੌਰ ‘ਤੇ ਇਸ ਬਾਰੇ ਬੋਲਦੇ ਨਹੀਂ, ਪਰ ਜਦੋਂ ਕਦੇ ਉਨ੍ਹਾਂ ਦੇ ਭਾਈਚਾਰੇ ਨੂੰ ਆਪਣੇ ਅੰਦਰ ਕਿਸੇ ਮੋੜਵੀਂ ਕਾਰਵਾਈ ਦੀ ਚਿੰਤਾ ਤੇ ਅਸੁਰੱਖਿਆ ਵਰਗੀ ਭਾਵਨਾ ਮਹਿਸੂਸ ਹੋਵੇ, ਉਦੋਂ ਚੁੱਪ ਤੋੜਦੇ ਹਨ। ਹਕੀਕੀ ਧਰਮ ਏਦਾਂ ਦੇ ਮਤਲਬੀ ਪੈਂਤੜੇ ਲੈਣੇ ਨਹੀਂ ਸਿਖਾਉਂਦਾ ਕਿ ਦੂਜੇ ਮਰਨ ਤਾਂ ਚੁੱਪ ਕੀਤੇ ਰਹਿਣਾ ਹੈ ਤੇ ਜਦੋਂ ਅੱਗ ਆਪਣੇ ਘਰ ਵੱਲ ਵਧਦੀ ਹੋਵੇ ਤਾਂ ਮਨੁੱਖਤਾ ਦੇ ਸਾਂਝੇ ਭਲੇ ਦੀ ਮੁਹਾਰਨੀ ਉਦੋਂ ਹੀ ਪੜ੍ਹਨੀ ਚਾਹੀਦੀ ਹੈ।
ਨਿਊਜ਼ੀਲੈਂਡ ਦੀਆਂ ਘਟਨਾਵਾਂ ਪਿਛੋਂ ਸੰਸਾਰ ਦੇ ਭਲੇ ਲੋਕਾਂ ਨੇ ਇਹ ਪੈਂਤੜਾ ਲਿਆ ਹੈ ਕਿ ਕਿਸੇ ਸੂਰਤ ਵਿਚ ਵੀ ਕਿਸੇ ਇੱਕ ਵਿਅਕਤੀ ਕਾਰਨ ਕਿਸੇ ਧਾਰਮਕ ਭਾਈਚਾਰੇ ਖਿਲਾਫ ਜਨੂੰਨੀ ਪੱਖੋਂ ਸੋਚਣਾ ਗਲਤ ਹੈ ਤੇ ਇਸ ਗਲਤ ਸੋਚ ਤੋਂ ਬਚਣਾ ਚਾਹੀਦਾ ਹੈ। ਇਸ ਪਿਛੋਂ ਮੁਸਲਿਮ ਭਾਈਚਾਰੇ ਨਾਲ ਇੱਕਮੁਠਤਾ ਦੇ ਅਜਿਹੇ ਪ੍ਰਗਟਾਵੇ ਹੋਏ ਹਨ ਕਿ ਕੋਈ ਵੀ ਜਜ਼ਬਾਤੀ ਹੋ ਸਕਦਾ ਹੈ। ਨਿਊਜ਼ੀਲੈਂਡ ਵਿਚ ਸਕੂਲੀ ਬੱਚੀਆਂ ਨੇ ਸਿਰਾਂ ਉਤੇ ਸਕਾਰਫ ਬੰਨ੍ਹ ਕੇ ਮੁਸਲਿਮ ਸਮਾਜ ਨਾਲ ਆਪਣੀ ਹਮਾਇਤ ਪ੍ਰਗਟ ਕੀਤੀ ਹੈ। ਬ੍ਰਿਟੇਨ ਦਾ ਇੱਕ ਈਸਾਈ ਗੋਰਾ ਆਪਣੇ ਘਰ ਨੇੜਲੀ ਮਸਜਿਦ ਮੂਹਰੇ ਵਾਲੰਟੀਅਰ ਗਾਰਡ ਬਣ ਕੇ ਜਾ ਖੜੋਤਾ ਤੇ ਨਾਲ ਲਿਖ ਕੇ ਫੱਟੀ ਲਾ ਦਿੱਤੀ ਕਿ ਤੁਸੀਂ ਮਸਜਿਦ ਦੇ ਅੰਦਰ ਇਬਾਦਤ ਕਰੋ, ਰਾਖੀ ਤੁਹਾਡੀ ਮੈਂ ਕਰਾਂਗਾ। ਸਿਰਫ ਇੱਕ ਜਣੇ ਨੇ ਇਹ ਸਵਾਲ ਪੁੱਛਿਆ ਹੈ ਕਿ ਏਦੂੰ ਪਹਿਲਾਂ ਇਸਲਾਮੀ ਅਤਿਵਾਦੀਆਂ ਨੇ ਜਦੋਂ ਹਮਲੇ ਕੀਤੇ ਸਨ, ਉਸ ਵੇਲੇ ਮੁਸਲਿਮ ਭਾਈਚਾਰੇ ਦੇ ਧਾਰਮਕ ਆਗੂਆਂ ਨੇ ਮਨੁੱਖੀ ਭਾਵਨਾਵਾਂ ਦੇ ਇਹੋ ਪ੍ਰਗਟਾਵੇ ਆਮ ਤੌਰ ‘ਤੇ ਕਿਉਂ ਨਹੀਂ ਸਨ ਕੀਤੇ। ਨਾਲ ਉਸ ਨੇ ਸੁਝਾਅ ਦਿੱਤਾ ਹੈ ਕਿ ਜੇ ਸੰਸਾਰ ਦੀ ਸਲਾਮਤੀ ਚਾਹੀਦੀ ਹੈ ਤਾਂ ਇਹ ਪ੍ਰਗਟਾਵੇ ਹਰ ਪਾਸਿਓਂ ਹਮੇਸ਼ਾ ਹੋਣੇ ਚਾਹੀਦੇ ਹਨ। ਉਸ ਵੱਲੋਂ ਪੇਸ਼ ਕੀਤੇ ਸਵਾਲ ਨੂੰ ਵੱਖ-ਵੱਖ ਲੋਕ ਵੱਖ-ਵੱਖ ਤਰ੍ਹਾਂ ਸੋਚ ਸਕਦੇ ਹਨ, ਪਰ ਬਾਅਦ ਵਿਚ ਉਸ ਦਾ ਦਿੱਤਾ ਸੁਝਾਅ ਅਜਿਹਾ ਹੈ ਕਿ ਉਸ ਸਵਾਲ ਬਾਰੇ ਕਿਸੇ ਨੂੰ ਆਮ ਕਰ ਕੇ ਮੱਤਭੇਦ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸ ਵਿਚ ਸਮੁੱਚੇ ਸੰਸਾਰ ਦੀ ਸਲਾਮਤੀ ਦੀ ਸੋਚ ਹੈ।
ਮੈਂ ਇਸ ਚੌਖਟੇ ਵਿਚ ਆਪਣੇ ਦੇਸ਼ ਭਾਰਤ ਦੇ ਅੰਦਰੂਨੀ ਹਾਲਾਤ ਨੂੰ ਵੇਖਣ ਦਾ ਯਤਨ ਕਰਦਾ ਹਾਂ ਤਾਂ ਇਹ ਸੋਚਾਂ ਉਭਰ ਪੈਂਦੀਆਂ ਹਨ ਕਿ ਸਾਡੇ ਲੋਕਾਂ ਨੂੰ ਇਸਲਾਮ ਵਿਚਲੇ ਸੂਫੀ ਸੰਤਾਂ ਤੇ ਹਿੰਦੂ ਧਰਮ ਵਿਚੋਂ ਮੱਧ ਯੁੱਗ ਵਿਚ ਉਭਰੇ ਤੇ ਖਾਸ ਸਤਿਕਾਰਤ ਥਾਂ ਬਣਾਉਣ ਵਾਲੀ ਭਗਤੀ ਲਹਿਰ ਦੇ ਸੰਤਾਂ ਦੀ ਸੋਚ ਕਿਉਂ ਭੁੱਲ ਜਾਂਦੀ ਹੈ? ਜੰਗਾਂ ਤੇ ਉਹ ਸਾਕੇ ਸਾਨੂੰ ਵੱਧ ਯਾਦ ਰਹਿੰਦੇ ਹਨ, ਜਿਨ੍ਹਾਂ ਦੌਰਾਨ ਸਾਡੇ ਵੱਡਿਆਂ ਨੇ ਧਰਮ ਦੇ ਨਾਂ ‘ਤੇ ਜੰਗਾਂ ਅਤੇ ਯੁੱਧ ਲੜੇ ਸਨ ਤੇ ਉਹ ਹਵਾਲੇ ਚੇਤੇ ਨਹੀਂ ਰਹਿੰਦੇ, ਜੋ ਦੋਵਾਂ ਧਿਰਾਂ ਦੀ ਸਾਂਝ ਬਾਰੇ ਇਤਿਹਾਸ ਵਿਚ ਮਿਲਦੇ ਹਨ। ਸਮੇਂ-ਸਮੇਂ ਦੀਆਂ ਗੱਲਾਂ ਹੋਣ ਕਰ ਕੇ ਇੱਕ ਸਮੇਂ ਸਮਰਾਟ ਅਸ਼ੋਕ ਨੇ ਇੱਕ ਜੰਗ ਲੜ ਲਈ, ਪਰ ਜੰਗਾਂ ਦੀ ਤਬਾਹੀ ਵੇਖਣ ਪਿਛੋਂ ਇਸ ਤਰ੍ਹਾਂ ਦਾ ਸ਼ਾਂਤੀ ਦਾ ਦੂਤ ਬਣਿਆ ਕਿ ਫਿਰ ਉਸ ਨੇ ਕਦੇ ਕੋਈ ਜੰਗ ਨਹੀਂ ਲੜੀ। ਇਹੋ ਸੋਚ ਜੰਗਾਂ ਲੜੇ ਬਿਨਾ ਉਪਜਣੀ ਚਾਹੀਦੀ ਹੈ। ਅੱਜ ਦੇ ਸਮੇਂ ਵਿਚ ਵੀ ਕਈ ਲੋਕ ਕਹਿੰਦੇ ਹਨ ਕਿ ਸ਼ਾਂਤੀ ਲਈ ਸਮਰਾਟ ਅਸ਼ੋਕ ਵਾਂਗ ਇੱਕ ਵਾਰ ਜੰਗ ਲੜ ਲੈਣੀ ਚਾਹੀਦੀ ਹੈ, ਪਰ ਏਦਾਂ ਦੀਆਂ ਗੱਲਾਂ ਉਹ ਲੋਕ ਹੀ ਕਰਦੇ ਹਨ, ਜੋ ਕਦੀ ਜੰਗ ਵਿਚ ਨਹੀਂ ਜਾਂਦੇ, ਸਿਰਫ ਪੰਜ-ਸੱਤ ਹਜ਼ਾਰ ਰੁਪਏ ‘ਵਾਰ-ਫੰਡ’ ਦੇ ਕੇ ਆਪਣੇ ਗਲ ‘ਭਾਰਤ ਮਾਤਾ ਕੇ ਸਪੂਤ’ ਦੀ ਫੱਟੀ ਤਮਗੇ ਵਾਂਗ ਲਟਕਾਉਣੀ ਲੋਚਦੇ ਹਨ।
ਗੱਲ ਫਿਰ ਉਸੇ ਪਾਸੇ ਮੁੜ ਜਾਂਦੀ ਹੈ, ਜਿੱਥੋਂ ਸ਼ੁਰੂ ਕੀਤੀ ਗਈ ਸੀ। ਦੇਸ਼ਾਂ ਵਿਚਾਲੇ ਲੜਾਈ ਹੋਵੇ ਜਾਂ ਇੱਕੋ ਦੇਸ਼ ਦੀਆਂ ਕੁਝ ਧਿਰਾਂ ਵਿਚਾਲੇ ਕੁਰਸੀਆਂ ਉਤੇ ਕਬਜ਼ੇ ਦਾ ਭੇੜ ਹੋਵੇ, ਧਰਮ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਭਾਰਤ ਦੇ ਲੋਕ ਅੱਜ ਜਦੋਂ ਇੱਕ ਹੋਰ ਲੋਕਤੰਤਰੀ ਜੰਗ ਦੇ ਗਵਾਹ ਬਣਨ ਵਾਲੇ ਹਨ, ਉਸ ਵੇਲੇ ਧਰਮ ਦੀ ਦੁਰਵਰਤੋਂ ਫਿਰ ਸਿਖਰ ਛੋਹਣ ਲੱਗ ਪਈ ਹੈ। ਦੇਸ਼ ਉਤੇ ਰਾਜ ਕਰ ਰਹੀ ਪਾਰਟੀ ਇੱਕ ਖਾਸ ਧਰਮ ਦੀ ਛਤਰੀ ਤਾਣ ਕੇ ਇਸ ਪੜਾਅ ਤੱਕ ਪੁੱਜਣ ਪਿੱਛੋਂ ਇਸ ਫਾਰਮੂਲੇ ਨੂੰ ਲੁਕਮਾਨ ਹਕੀਮ ਦਾ ਨੁਸਖਾ ਮੰਨ ਬੈਠੀ ਹੈ। ਮੰਦਿਰਾਂ ਦੇ ਟੱਲ ਉਹ ਸਿਰਫ ਆਪਣੇ ਲਈ ਖੜਕਦੇ ਸੁਣਨ ਦੀ ਅਜਿਹੀ ਇੱਛਾ ਪਾਲ ਬੈਠੀ ਹੈ ਕਿ ਉਸ ਦਾ ਕੋਈ ਵਿਰੋਧੀ ਆਗੂ ਕਿਸੇ ਮੰਦਿਰ ਆਦਿ ਵੱਲ ਜਾਂਦਾ ਦਿੱਸੇ ਤਾਂ ਉਸ ਦੇ ਵਰਕਰ ਉਥੇ ਵੀ ਬੇਹੂਦਗੀ ਕਰਨ ਜਾ ਪਹੁੰਚਦੇ ਹਨ।
ਦੂਜੀਆਂ ਧਿਰਾਂ ਵੀ ਧਰਮ ਦੀ ਵਰਤੋਂ ਦੀ ਹੱਦ ਤੱਕ ਰੁਕੀਆਂ ਨਹੀਂ, ਇਸ ਦੀ ਦੁਰਵਰਤੋਂ ਦੇ ਪੜਾਅ ਪਾਰ ਕਰਨ ਲੱਗੀਆਂ ਹਨ ਤੇ ਇਹ ਗੱਲ ਭੁਲਾਈ ਪਈ ਹੈ ਕਿ ਇਹੋ ਜਿਹੇ ਮੁਕਾਬਲੇ ਵਿਚ ਸ਼ਾਮਲ ਭਾਵੇਂ ਕਦੇ ਵੀ ਹੋਇਆ ਜਾ ਸਕਦਾ ਹੈ, ਇਸ ਤੋਂ ਨਿਕਲਣਾ ਆਪਣੀ ਮਰਜ਼ੀ ਉਤੇ ਨਿਰਭਰ ਨਹੀਂ ਹੋਇਆ ਕਰਦਾ। ਕਾਂਗਰਸ ਪਾਰਟੀ ਤੇ ਕੁਝ ਹੋਰ ਧਿਰਾਂ ਇਸ ਕੁਰਾਹੇ ਚੱਲ ਰਹੀਆਂ ਹਨ। ਲੋਹਾ ਭਾਵੇਂ ਲੋਹੇ ਨਾਲ ਕੱਟਿਆ ਜਾ ਸਕਦਾ ਹੈ, ਫਿਰਕਪ੍ਰਸਤੀ ਨੂੰ ਫਿਰਕਾਪ੍ਰਸਤੀ ਨਾਲ ਕੱਟਿਆ ਨਹੀਂ ਜਾ ਸਕਦਾ। ਇੱਕ ਤਰ੍ਹਾਂ ਫਿਰਕੂ ਸੋਚ ਦਾ ਪ੍ਰਗਟਾਵਾ ਵੀ ਦੂਜੀ ਤਰ੍ਹਾਂ ਦੀ ਫਿਰਕਾਪ੍ਰਸਤੀ ਨੂੰ ਉਬਾਲੇ ਖਾਣ ਲਈ ਸੁਖਾਵਾਂ ਮੌਕਾ ਦਿਆ ਕਰਦਾ ਹੈ।
ਭਾਰਤੀ ਜਨਤਾ ਪਾਰਟੀ ਰਾਜਸੀ ਲਾਭ ਲਈ ਧਰਮ ਦੀ ਦੁਰਵਰਤੋਂ ਕਰਨ ਨਾਲ ਤੁਰੀ ਤਾਂ ਉਸ ਦੇ ਵਿਰੋਧ ਵਾਲੀਆਂ ਧਿਰਾਂ ਵਿਚ ਅਕਾਲੀ ਦਲ ਵੀ ਹੁੰਦਾ ਸੀ, ਜਿਸ ਨੇ ‘ਸਿੱਖ ਇੱਕ ਵੱਖਰੀ ਕੌਮ’ ਦਾ ਨਾਅਰਾ ਦਿੱਤਾ ਤਾਂ ਜਨਤਾ ਪਾਰਟੀ ਵਿਚੋਂ ਨਿਕਲ ਕੇ ਨਵੀਂ ਬਣੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਹਜ਼ਮ ਨਹੀਂ ਸੀ ਹੁੰਦਾ। ਅਜੋਕੇ ਦੌਰ ਵਿਚ ਰਾਜਸੀ ਲਾਭ ਲਈ ਦੋਹਾਂ ਧਿਰਾਂ ਦਾ ਇਸ ਹੱਦ ਤੱਕ ਗੰਢ-ਚਿਤਰਾਵਾ ਹੋ ਚੁਕਾ ਹੈ ਕਿ ਭਾਜਪਾ ਦੇ ਹਿੰਦੂਤਵ ਤੋਂ ਅਕਾਲੀ ਆਗੂਆਂ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਭਾਸਦਾ ਤੇ ਕਈ ਵਾਰ ਭਾਜਪਾ ਆਗੂਆਂ ਦੇ ਭਾਸ਼ਣਾਂ ਦੌਰਾਨ ਉਸੇ ‘ਸਿੱਖ ਕੌਮ’ ਨਾਲ ਹਮਦਰਦੀ ਦਾ ਪ੍ਰਗਟਾਵਾ ਏਦਾਂ ਨਿਕਲਦਾ ਹੈ, ਜਿਵੇਂ ਉਹ ਅਕਾਲੀਆਂ ਤੋਂ ਵੱਡੇ ਸਿੱਖ ਹੋ ਗਏ ਹੋਣ। ਅਕਾਲੀਆਂ ਦੇ ਅਜੋਕੇ ਆਗੂ ਆਪਣੇ ਕਾਰੋਬਾਰ ਤੇ ਸਿਆਸੀ ਲਾਭਾਂ ਲਈ ਭਾਜਪਾ ਤੋਂ ਵੱਡੀ ਹਿੰਦੂਤਵੀ ਧਿਰ ਬਣਨ ਤੱਕ ਚਲੇ ਜਾਂਦੇ ਹਨ, ਪਰ ਜਦੋਂ ਕੁਝ ਗੱਲਾਂ ਵਿਚ ਹਿੱਤਾਂ ਦਾ ਟਕਰਾਅ ਹੁੰਦਾ ਹੈ, ਉਦੋਂ ਥੋੜ੍ਹੀ ਜਿਹੀ ਖਿਝ ਕੱਢ ਲੈਂਦੇ ਹਨ। ਤਖਤ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਧਾਨ ਦੀ ਨਿਯੁਕਤੀ ਬਾਰੇ ਅਕਾਲੀ ਦਲ ਨੇ ਉਸੇ ਮਨਜਿੰਦਰ ਸਿੰਘ ਸਿਰਸਾ ਤੋਂ ਭਾਜਪਾ ਨਾਲ ਗੱਠਜੋੜ ਤੋੜਨ ਵਾਲਾ ਬਿਆਨ ਦਿਵਾਇਆ ਸੀ, ਜੋ ਖੁਦ ਭਾਜਪਾ ਦੇ ਚੋਣ ਨਿਸ਼ਾਨ ਉਤੇ ਜਿੱਤਿਆ ਵਿਧਾਇਕ ਹੈ। ਕੁਝ ਦਿਨ ਲੰਘਣ ਪਿਛੋਂ ਉਸੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਉਸੇ ਤਖਤ ਦਾ ਪ੍ਰਧਾਨ ਯੋਗੀ ਬਾਬਾ ਰਾਮਦੇਵ ਦਾ ਇੱਕ ਚੇਲਾ ਨਿਯੁਕਤ ਕਰ ਦਿੱਤਾ ਤਾਂ ਅਕਾਲੀ ‘ਉਸੇ ਤਨਖਾਹ’ ਉਤੇ ਭਾਂਡੇ ਮਾਂਜਦੇ ਰਹਿਣਾ ਮੰਨ ਗਏ, ਕਿਉਂਕਿ ਜਿਨ੍ਹਾਂ ਨਿੱਜੀ ਹਿੱਤਾਂ ਲਈ ਟਕਰਾਅ ਹੋਇਆ ਸੀ, ਉਨ੍ਹਾਂ ਬਾਰੇ ਅੰਦਰ-ਖਾਤੇ ਸਮਝੌਤਾ ਹੋ ਚੁਕਾ ਸੀ। ਇਹੋ ਕਾਰਨ ਹੈ ਕਿ ਅੱਜ ਕੱਲ੍ਹ ਹੋਰ ਸਾਰੇ ਰੰਗਾਂ ਦੀਆਂ ਘੱਟ-ਗਿਣਤੀਆਂ ਬਾਰੇ ਫਿਕਰ ਕਰਨਾ ਛੱਡ ਕੇ ਅਕਾਲੀ ਆਗੂ ਰਾਜਸੀ ਗੱਠਜੋੜ ਉਤੇ ਡਟੇ ਹੋਏ ਹਨ।
ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਹੁੰਦੇ, ਮੌਸਮ ਬਦਲਿਆ ਤਾਂ ਸਿਧਾਂਤ ਤੋਂ ਸੱਖਣੀ ਤੇ ਰਾਜਸੀ ਲਾਭਾਂ ਲਈ ਵਰਤਣ ਦੀ ਜਿਸ ਨੀਤੀ ਨੇ ਅੱਜ ਸਾਰੇ ਸੰਸਾਰ ਦੇ ਲੋਕਾਂ ਨੂੰ ਚਿਤਵਣੀ ਲਾ ਰੱਖੀ ਹੈ, ਉਹ ਭਾਰਤ ਤੇ ਪੰਜਾਬ ਦੇ ਲੋਕਾਂ ਨੂੰ ਵੀ ਭਵਿੱਖ ਵਿਚ ਮਹਿੰਗੀ ਪੈ ਸਕਦੀ ਹੈ। ਇਸ ਦੇ ਨਤੀਜਿਆਂ ਬਾਰੇ ਜੋ ਲੋਕ ਸੋਚਦੇ ਹਨ, ਉਨ੍ਹਾਂ ਦੀ ਰਾਤਾਂ ਦੀ ਨੀਂਦ ਉਡ ਜਾਂਦੀ ਹੈ, ਪਰ ਜਿਨ੍ਹਾਂ ਨੂੰ ਸੋਚਣਾ ਚਾਹੀਦਾ ਹੈ, ਉਹ ਸਿਰਫ ਤੇ ਸਿਰਫ ਕੁਰਸੀਆਂ ਤੱਕ ਪੁੱਜਣ ਦੇ ਦਾਅ ਸੋਚਦੇ ਹਨ।