ਹੈਡ ਮਾਸਟਰ ਖੁਸ਼ਹਾਲ ਸਿੰਘ

ਕਰਮ ਸਿੰਘ ਮਾਨ
ਫੋਨ: 559-261-5024
ਨਾ ਮਧਰਾ ਨਾ ਲੰਬਾ ਅਤੇ ਨਾ ਪਤਲਾ ਨੈਣ ਨਕਸ਼ ਤਿੱਖੇ। ਵੇਖਣੀ-ਪਾਖਣੀ ਵਿਚ ਜਚਦਾ ਸੀ, ਉਹ। ਸਾਰੀ ਉਮਰ ਉਸ ਨੂੰ ਪੱਗ ਬੰਨਣੀ ਅਤੇ ਭਾਰਤ ਦਾ ਨਕਸ਼ਾ ਵਾਹੁਣਾ ਨਾ ਆਇਆ। ਖਾਸ ਮੌਕਿਆਂ ‘ਤੇ ਉਸ ਦੀ ਪੱਗ ਕੇਵਲ ਸਿੰਘ ਡਰਾਇੰਗ ਮਾਸਟਰ ਬੰਨ੍ਹ ਦਿੰਦਾ। ਇਹ ਟੋਪੀ-ਨੁਮਾ ਪੱਗ ਉਨਾ ਚਿਰ ਉਸ ਦੇ ਸਿਰ ‘ਤੇ ਟਿਕੀ ਰਹਿੰਦੀ, ਜਿੰਨਾ ਚਿਰ ਇਹ ਪੂਰੀ ਢਿਲਕ ਕੇ ਗਲ ਨਾ ਪੈ ਜਾਂਦੀ। ਰਹੀ ਉਸ ਦੇ ਗਿਆਨ ਤੇ ਸ਼ਬਦ ਭੰਡਾਰ ਦੀ ਗੱਲ, ਉਹ ਚਲਦੀ ਫਿਰਦੀ ਡਿਕਸ਼ਨਰੀ ਸਨ। ਉਹ ਸ਼ਬਦ ਦੀਆਂ ਸੱਤ ਪੀੜੀਆਂ ਖੋਜ ਕਰਕੇ ਤੁਹਾਡੇ ਸਾਹਮਣੇ ਰੱਖ ਦਿੰਦੇ। ਹਿਸਾਬ, ਸਾਇੰਸ, ਇਤਿਹਾਸ ਤੇ ਭੂਗੋਲ ਉਨ੍ਹਾਂ ਦੇ ਪੋਟਿਆਂ ‘ਤੇ ਸਨ।

ਉਹ ਸਾਡੇ ਸਕੂਲ ਵਿਚ ਅਕਤੂਬਰ ਮਹੀਨੇ ਆਏ ਜਦੋਂ ਅਸੀਂ ਦਸਵੀਂ ਜਮਾਤ ਵਿਚ ਪੜ੍ਹਦੇ ਸਾਂ। ਉਸ ਸਮੇਂ ਸਕੂਲ ‘ਚ ਕੋਈ ਵੀ ਡਿਗਰੀ ਪਾਸ ਅਧਿਆਪਕ ਨਹੀਂ ਸੀ। ਕਾਰਨ ਸੀ, ਗਰਮੀ ਦੀਆਂ ਛੁਟੀਆਂ ਹੋਣ ਤੋਂ ਪਹਿਲਾਂ ਸਾਰੇ ਅਧਿਆਪਕ ਰਿਲੀਵ ਕਰ ਦਿੱਤੇ ਜਾਂਦੇ ਸਨ। ਇਸ ਕਾਰਨ ਕੋਈ ਯੋਗ ਅਧਿਆਪਕ ਇਥੇ ਟਿਕਦਾ ਨਹੀਂ ਸੀ। ਇਹ ਸਾਡੇ ਚੰਗੇ ਭਾਗ ਸਨ, ਉਹ ਇੱਥੇ ਆ ਗਏ ਸਨ।
ਉਹ ਸਿੱਧੇ ਹੀ ਕਲਾਸ ਰੂਮ ਵਿਚ ਆਉਂਦੇ। ਚਪੜਾਸੀ ਚਰਨ ਸਿੰਘ ਉਨ੍ਹਾਂ ਲਈ ਸਟੀਲ ਦਾ ਗਲਾਸ ਭਰ ਕੇ ਲੈ ਆਉਂਦਾ। ਉਹ ਪੜ੍ਹਾਈ ਵੀ ਜਾਂਦੇ ਤੇ ਚਾਹ ਪੀਣ ਵਾਂਗ ਚੁਸਕੀਆਂ ਭਰਦੇ ਰਹਿੰਦੇ। ਪਹਿਲੇ ਪੀਰੀਅਡ ਵਿਚ ਟੈਕਸਟ ਬੁੱਕ, ਦੂਜੇ ਵਿਚ ਗਰਾਮਰ ਤੇ ਲੇਖ ਆਦਿ ਪੜ੍ਹਾਈ ਜਾਂਦੇ। ਉਨ੍ਹਾਂ ਕਿਤਾਬ ਥੋੜੋਂ ਚੁੱਕਣੀ ਸੀ? ਸਭ ਕੁਝ ਤਾਂ ਉਨ੍ਹਾਂ ਦੇ ਪੋਟਿਆਂ ‘ਤੇ ਸੀ।
ਅਸੀਂ ਚਰਨ ਸਿੰਘ ਚਪੜਾਸੀ ਨੂੰ ਪੁੱਛਦੇ, ਤੂੰ ਕੀ ਪਾ ਕੇ ਦਿੰਨਾਂ ਭਰ ਕੇ ਗਲਾਸ ‘ਚ? “ਗਰਮਾ-ਗਰਮ ਚਾਹ।” ਉਹ ਮੁਸਕਰਾਉਂਦਾ।
ਮਹੀਨੇ ਪਿੱਛੋਂ ਗਲਾਸ ਆਉਣਾ ਬੰਦ ਹੋ ਗਿਆ। ਹੌਲੀ ਹੌਲੀ ਚਪੜਾਸੀ ਦੇ ਮੂੰਹ ‘ਚੋਂ ਗੱਲ ਨਿਕਲਦੀ ਨਿਕਲਦੀ ਨਿੱਕਲ ਹੀ ਗਈ ਕਿ ਉਹ ਗਲਾਸ ਸ਼ਰਾਬ ਦਾ ਹੁੰਦਾ ਸੀ।” ਉਸ ਨੇ ਦੱਸਿਆ ਸੀ ਕਿ ਹੈਡਮਾਸਟਰ ਸਾਹਿਬ ਨੇ ਸ਼ਰਾਬ ਪੀਣੀ ਛੱਡ ਦਿੱਤੀ ਸੀ। ਭਾਵੇਂ ਉਸ ਨੇ ਸ਼ਰਾਬ ਪੀਣੀ ਛੱਡ ਦਿੱਤੀ ਸੀ, ਪਰ ਪੜ੍ਹਾਉਣ ਵਿਚ ਕੋਈ ਫਰਕ ਨਾ ਪਿਆ। ਲਗਦਾ ਇੰਜ ਸੀ ਕਿ ਉਨ੍ਹਾਂ ਨੂੰ ਪੜ੍ਹਾਉਣ ਦਾ ਨਸ਼ਾ ਹੀ ਇੰਨਾ ਸੀ, ਜਿਸ ਸਾਹਮਣੇ ਸਾਰੇ ਹੀ ਨਸ਼ੇ ਤੁੱਛ ਸਨ।
ਬੱਚਿਆਂ ਨੂੰ ਫੇਲ੍ਹ ਕਰਨ ਬਾਰੇ ਉਨ੍ਹਾਂ ਦੇ ਵਿਚਾਰ ਵੱਖ ਸਨ, “ਜਿਹੜਾ ਬੱਚਾ ਸਾਲ ਭਰ ਸਕੂਲ ‘ਚ ਹਾਜਰ ਰਹਿੰਦਾ ਹੈ, ਉਸ ਦਾ ਪਾਸ ਹੋਣਾ ਅਧਿਆਪਕ ਦੀ ਜ਼ਿੰਮੇਵਾਰੀ ਹੈ।”
ਇੱਕ ਸਾਲ ਪੰਜਾਬ ਸਕੂਲ ਸਿਖਿਆ ਸਕੂਲ ਬੋਰਡ ਨੇ ਅੱਠਵੀਂ ਦਾ ਇਮਤਿਹਾਨ ਬਲਾਕ ਪੱਧਰ ‘ਤੇ ਲੈਣ ਦਾ ਫੈਸਲਾ ਕਰ ਲਿਆ। ਪ੍ਰਸ਼ਨ ਪੱਤਰ ਇੱਕੋ ਸਨ ਸਾਰੇ ਪੰਜਾਬ ਵਿਚ। ਸਿਰਫ ਇਮਤਿਹਾਨ ਲੈਣ ਪਿਛੋਂ ਨਤੀਜਾ ਬਲਾਕ ਪੱਧਰ ‘ਤੇ ਤਿਆਰ ਕਰਨਾ ਸੀ। ਬਲਾਕ ਦਾ ਸਭ ਤੋਂ ਸੀਨੀਅਰ ਹੈਡਮਾਸਟਰ ਹੋਣ ਕਰਕੇ ਇਮਤਿਹਾਨ ਲੈਣ ਦੀ ਜਿੰਮੇਵਾਰੀ ਉਨ੍ਹਾਂ ਦੀ ਸੀ।
ਵਿਦਿਆਰਥੀਆਂ ਦੇ ਸੀਕਰੇਸੀ (ਗੁਪਤ) ਰੋਲ ਨੰਬਰ ਲਾਏ ਗਏ। ਸਾਰੇ ਨਿਗਰਾਨ ਅਮਲੇ ਦੀ ਡਿਊਟੀ ਲਾਈ ਗਈ। ਨਕਲ ਰੋਕੂ ਦੋ ਦਸਤੇ ਬਣਾਏ ਗਏ। ਇੱਕ ਦਸਤੇ ਦਾ ਮੁਖੀ ਖੁਸ਼ਹਾਲ ਸਿੰਘ ਆਪ ਸੀ। ਇਹ ਦਸਤਾ ਜਿਸ ਸੈਂਟਰ ਵਿਚ ਜਾਂਦਾ, ਉਥੇ ਬਹੁਤ ਰੋਹਬ ਝਾੜਦਾ। ਸੈਂਟਰ ਤੋਂ ਬਾਹਰ ਭਰੋਸੇਯੋਗ ਸੁਪਰਵਾਈਜ਼ਰ ਨੂੰ ਸੱਦ ਕੇ ਕਹਿੰਦਾ, “ਬ੍ਰਦਰ, ਆਹ ਲਉ ਰਜਿਸਟਰ। ਸੀਕਰੇਸੀ ਰੋਲ ਨੰਬਰ ਵੇਖ ਲਉ। ਕੋਈ ਮੂੰਹ-ਮੱਥੇ ਲਗਦਾ ਹੁੰਦਾ। ਆਪਾਂ ਹੋਰ ਕੀ ਕਿਸੇ ਦੀ ਜਮੀਨ ਦਾ ਇੰਤਕਾਲ ਕਰ ਸਕਦੇ ਹਾਂ। ਅੱਠਵੀਂ ਦਾ ਇਮਤਿਹਾਨ ਹੀ ਹੈ। ਐਵੈਂ ਨਾ ਕੈਂਬਰੇਜ ਯੂਨੀਵਰਸਟੀ ਬਣਾਈ ਰੱਖਿਉ। ਮਗਰੋਂ ਪਾਸ ਕਰਨੇ ਔਖੇ ਹੋ ਜਾਣਗੇ।”
ਇਹ ਸਭ ਕੁਝ ਕਰਨ ਪਿਛੋਂ ਵੀ ਜਦ ਨਤੀਜਾ ਕੱਢਿਆ ਗਿਆ ਤਾਂ ਪਾਸ 70% ਦੇ ਲਗਭਗ ਬਣਦੀ ਸੀ। ਇਸ ਨਾਲ ਉਹ ਬਹੁਤ ਹੀ ਬੇਚੈਨ ਹੋਏ। ਫੇਲ੍ਹ ਹੋਣ ਵਾਲੇ 30% ਸਨ।
ਇੱਕ ਵਿਦਿਆਰਥੀ ਦੇ ਦਸ ਨੰਬਰ ਸਨ। ਉਨ੍ਹਾਂ ਉਸ ਦੇ ਨਾਉਂ ਅੱਗੇ ਪਾਸ ਲਿਖ ਦਿੱਤਾ।
“ਇਹ ਕਿਵੇਂ ਜੀ?” ਵਿਸ਼ਾ ਅਧਿਆਪਕ ਨੇ ਪੁੱਛਿਆ।
“ਕਿਵੇਂ ਨੂੰ ਕੀ ਐ? ਵੀਹ ਨੰਬਰ ਗਰੇਸ ਦੇ ਜੋੜ ਲਉ।” ਨਤੀਜਾ ਤਿਆਰ ਕਰਨ ਵਾਲੇ ਅਧਿਆਪਕ ਨਿਰਾਸ਼ ਸਨ। ਇੱਕ ਹੱਥ ਦੀਆਂ ਉਂਗਲਾਂ ਦੇ ਪੋਟਿਆਂ ‘ਤੇ ਗਿਣਨ ਜੋਗੇ ਵਿਦਿਆਰਥੀ ਹੀ ਪਾਸ ਹੋਣੋਂ ਰਹਿ ਗਏ ਸਨ।
ਨਕਲ ਬਾਰੇ ਉਨ੍ਹਾਂ ਦੇ ਵਿਚਾਰ ਹੀ ਅਜੀਬ ਸਨ, “ਇਕ ਤਾਂ ਅਮੀਰ ਤੇ ਸ਼ਹਿਰੀ ਬੱਚਿਆਂ ਕੋਲ ਪਿੰਡਾਂ ਵਿਚ ਪੜ੍ਹਨ ਵਾਲੇ ਬੱਚਿਆਂ ਨਾਲੋਂ ਵੱਧ ਸਾਧਨ ਹਨ ਤੇ ਦੂਸਰੇ ਉਹ ਸੁਲਝੇ ਤਰੀਕੇ ਨਾਲ ਹਰ ਹੱਥ-ਕੰਡਾਂ ਵਰਤ ਲੈਂਦੇ ਹਨ। ਮੁਕਾਬਲੇ ਵਿਚ ਹਰ ਗੱਲ ਜਾਇਜ਼ ਹੈ।”
ਕਈ ਵਾਰ ਕੋਈ ਮਨਚਲਾ ਵਿਦਿਆਰਥੀ ਕਹਿ ਦਿੰਦਾ, “ਜੇ ਅਸੀਂ ਨਕਲ ਮਾਰ ਕੇ ਹੀ ਪਾਸ ਹੋਣਾ ਹੈ ਤਾਂ ਸਾਡੇ ਹੱਥ ਡੰਡੇ ਨਾਲ ਕੁੱਟ ਕੁੱਟ ਕੇ ਕਿਉਂ ਨੀਲੇ ਕਰ ਦਿੰਨੇ ਓਂ?”
“ਜਦੋਂ ਕਾਲਜ ‘ਚ ਮੁਕਾਬਲਾ ਕਰਨਾ ਪਿਆ ਤਾਂ ਕੀਹਦੀ ਮਾਂ ਨੂੰ ਮਾਸੀ ਕਹੋਂਗੇ? ਮੈਂ ਤਾਂ ਉਥੇ ਹੋਣਾ ਨੀ ਤੁਹਾਡਾ ਪਿਉ? ਕੀਹਨੂੰ ਬਾਪੂ ਕਹੋਂਗੇ?”
ਹੈਡਮਾਸਟਰ ਖੁਸ਼ਹਾਲ ਸਿੰਘ ਗਾਲ੍ਹਾਂ ਕੱਢਣ ‘ਚ ਪੂਰੇ ਖੁਸ਼ਹਾਲ ਸਨ। ਉਹ ਗਾਲ੍ਹ ਕੱਢਦੇ ਢਾਈ ਨਾਲ ਢਾਈ ਜੋੜ ਕੇ ਗਾਲ੍ਹਾਂ ਦੀ ਲਾਸ ਵੱਟ ਦਿੰਦੇ। ਐਪਰ ਉਹ ਗਾਲ੍ਹ ਕਿਸੇ ਨੂੰ ਨੀਂਵਾਂ ਦਿਖਾਉਣ, ਕਿਸੇ ਦੀ ਹੇਠੀ ਕਰਨ, ਦੂਸਰੇ ਦੇ ਦਿਲ ‘ਤੇ ਸੱਟ ਮਾਰਨ ਲਈ ਨਹੀਂ ਸੀ ਕਢਦੇ। ਉਹ ਗਾਲ੍ਹ ਕੱਢਦੇ, ਹਾਸੇ ਦੇ ਫੁਹਾਰੇ ਛੁੱਟ ਜਾਂਦੇ। ਅਸੀਂ ਭਾਵੇਂ ਪੱਗ ਬੰਨਣ ਵਿਚ ਕਿਸੇ ਨੇ ਉਨ੍ਹਾਂ ਦੀ ਨਕਲ ਕਦੇ ਨਾ ਕੀਤੀ ਪਰ ਗਾਲ੍ਹ ਦਾ ਸਾਡੇ ਸ਼ਬਦ-ਕੋਸ਼ ਵਿਚ ਲਗਾਤਾਰ ਵਾਧਾ ਹੁੰਦਾ ਗਿਆ। ਜਿੰਦਰ ਸਾਡਾ ਜਮਾਤੀ ਸੀ। ਉਸ ਦੇ ਘਰ ਦੇ ਜੀਅ ਉਸ ਦੀ ਨਵੀਂ ਸਿੱਖੀ ਗਾਲ੍ਹਾਂ ਕੱਢਣ ਦੀ ਕਲਾ ਤੋਂ ਅੱਕ ਗਏ। ਉਸ ਦੀ ਮਾਂ ਇਕ ਦਿਨ ਸਕੂਲ ‘ਚ ਦੀਦ-ਫਰਿਆਦ ਕਰਨ ਆ ਗਈ, “ਭਾਈ ਖੁਸ਼ਹਾਲ ਸਿੰਆ, ਸਮਝਾਉ ਭਾਈ ਜਿੰਦੇ ਨੂੰ। ਉਹਨੂੰ ਗਾਲ੍ਹਾਂ ਕੱਢਣ ਦੀ ਭੈੜੀ ਆਦਤ ਪੈ ਗਈ ਆ। ਬੁਰਾ ਲਗਦਾ, ਭਾਈ ਇਉਂ ਤਾਂ।”
ਮੁੱਖ ਅਧਿਆਪਕ ਦੇ ਇਸ਼ਾਰੇ ‘ਤੇ ਚਪੜਾਸੀ ਕੁਰਸੀ ਚੁੱਕ ਲਿਆਇਆ। ਬੇਬੇ ਜੀ ਕੁਰਸੀ ‘ਤੇ ਬੈਠ ਗਈ। ਚਪੜਾਸੀ ਨੇ ਪਾਣੀ ਦਾ ਗਲਾਸ ਬੇਬੇ ਜੀ ਨੂੰ ਲਿਆ ਫੜਾਇਆ। ਉਹ ਕਲਾਸ ‘ਚੋਂ ਜਿੰਦਰ ਨੂੰ ਸੱਦ ਲਿਆਇਆ।
“ਕਿਉਂ, ਖੋਤੇ ਦੇ ਖੁਰਾ। ਕੁੱਤੇ ਦੇ ਪੁੱਤਾ। ਮਾਂ ਦੇ…।” ਜਿੰਦਰ ਚੁੱਪ ਕਰ ਕੇ ਖੜ੍ਹਾ ਰਿਹਾ।
“ਮੁੰਡੇ ਦਾ ਕਸੂਰ ਨੀ ਭਾਈ।” ਬੇਬੇ ਜੀ ਮੂੰਹ ‘ਚ ਚੁੰਨੀਂ ਲੈ ਕੇ ਹੱਸਦੇ ਮੁੜ ਗਏ।
“ਗਾਲ੍ਹਾਂ ਘਰੇ ਕੱਢਣ ਨੂੰ ਤਾਂ ਨ੍ਹੀਂ ਹੁੰਦੀਆਂ?” ਉਸ ਨੇ ਮੁਸਕਰਾਉਂਦਿਆਂ ਜਿੰਦਰ ਨੂੰ ਕਿਹਾ।
ਇੱਕ ਦੂਜੇ ਨੂੰ ਗਾਲ੍ਹ ਕੱਢਣਾ ਅਧਿਆਪਕਾਂ ਦਾ ਸ਼ੁਗਲ ਬਣ ਗਿਆ ਸੀ। ਸਭ ਤਂੋ ਵੱਡਾ ਸ਼ੁਗਲ ਉਸ ਤੋਂ ਸਾਥੀ ਅਧਿਆਪਕਾਂ ਨੂੰ ਇਕ ਦੂਜੇ ਨੂੰ ਗਾਲ੍ਹ ਕਢਵਾਉਣਾ। ਹਿੰਦੀ ਅਧਿਆਪਕ ਰਾਮ ਦਾਸ ਪੰਡਿਤ ਸੀ। ਇੱਕ ਅਧਿਆਪਕ ਨੇ ਸਿੰਗੜੀ ਛੇੜ ਦਿੱਤੀ, “ਸਰਪੰਚ ਸਰੂਪ ਚੰਦ ਨੂੰ ਤੁਸੀਂ ਕਿੰਨੀ ਵਾਰ ਸੱਦਿਆ। ਜੇ ਵੇਲੇ ਸਿਰ ਆ ਜਾਂਦਾ ਤਾਂ ਹੁਣ ਤੱਕ ਤਾਂ ਸਕੂਲ ਦੀ ਚਾਰ-ਦੀਵਾਰੀ ਦਾ ਕੰਮ ਨੇਪਰੇ ਚੜ੍ਹਿਆ ਹੁੰਦਾ? ਨਾ ਹੀ ਤੁਹਾਡੇ ਕਹਿਣ ਤੋਂ ਪੰਡਿਤ ਪੰਚ ਹਰੀ ਰਾਮ ਆਇਆ। ਦੋਵੇਂ ਪੰਡਿਤ ਆਪਣੇ ਆਪ ਨੂੰ ਨਾਢੂ ਖਾਂ ਦੇ ਸਾਲੇ ਸਮਝਦੇ ਆ।”
“ਹਾਂ ਬ੍ਰਦਰ! ਸਭ ਬਾਹਮਣ ਕੱਟੇ ਦੇ ਪੁੱਤ ਹੁੰਦੇ ਆ।” ਜਦ ਉਸ ਨੇ ਸਿਰ ਚੁੱਕ ਕੇ ਵੇਖਿਆ ਤਾਂ ਸਾਹਮਣੇ ਮਦਨ ਗੁਪਾਲ ਕਲਰਕ ਬੈਠਾ ਵੇਖ ਕੇ ਉਨ੍ਹਾਂ ਇੱਕ ਦਮ ਸੁਰ ਬਦਲੀ, “ਆਪਣੇ ਗੁਪਾਲ ਤੋਂ ਬਿਨਾ!”
ਜਿੰਨਾ ਚਿਰ ਕੋਈ ਨਵਾਂ ਅਧਿਆਪਕ ਸਕੂਲ ‘ਚੋਂ ਗੈਰਹਾਜਰ ਰਹਿ ਕੇ ਹਾਜਰੀ ਨਹੀਂ ਸੀ ਲਾਉਂਦਾ, ਉਨਾ ਚਿਰ ਉਸ ਨੂੰ ਚੈਨ ਨਹੀਂ ਸੀ ਆਉਂਦੀ। ਉਨ੍ਹਾਂ ਦਾ ਤਰਕ ਸੀ, “ਜਾਂ ਤਾਂ ਅਧਿਆਪਕ ਜੇ ਕੋਈ ਮਜਬੂਰੀ ਹੈ ਤਾਂ ਘਰੇ ਰਹਿ ਕੇ ਕੰਮ ਕਰੇ ਨਹੀਂ ਤਾਂ ਪੂਰੀ ਤਨਦੇਹੀ ਨਾਲ ਪੜ੍ਹਾਵੇ, ਸਕੂਲ ਆ ਕੇ ਵਿਹਲੇ ਬੈਠ ਕੇ ਕੁਰਸੀਆਂ ਤੋੜਨ ਦਾ ਕੀ ਫਾਇਦਾ?”
ਸਾਰੇ ਅਧਿਆਪਕ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਏ ਪਰ ਜੇ ਕੋਈ ਅਧਿਆਪਕ ਇਸ ਦੀ ਹੱਦ ਈ ਤੋੜ ਦਿੰਦਾ, ਜਦ ਉਹ ਚਾਰ-ਪੰਜ ਦਿਨ ਬਾਅਦ ਆਉਂਦਾ ਤਾਂ ਮੁੱਖ ਅਧਿਆਪਕ ਖੱਬੇ ਹੱਥ ਫੜਿਆ ਹਾਜਰੀ ਰਜਿਸਟਰ ਉਸ ਵੱਲ ਕਰ ਦਿੰਦਾ ਤੇ ਆਪਣਾ ਮੂੰਹ ਦੂਜੇ ਪਾਸੇ ਨੂੰ ਘੁਮਾ ਲੈਂਦਾ। ਮੂੰਹੋਂ ਕੁਝ ਨਾ ਬੋਲਦਾ। ਉਸ ਦੀ ਸਾਹਿਬ ਸਲਾਮ ਦਾ ਠੰਢਾ ਜਿਹਾ ਹੁੰਗਾਰਾ ਭਰਦਾ।
ਜੇ ਕੋਈ ਅਧਿਆਪਕ ਜਾਣ-ਬੁੱਝ ਕੇ ਬਿਨਾ ਕਿਸੇ ਕੰਮ ਕਾਰ ਤੋਂ ਗੈਰਹਾਜਰ ਰਹਿੰਦਾ ਤਾਂ ਉਸ ਨੂੰ ਸਕੂਲ ਦੀ ਕੋਈ ਮਾੜੀ-ਮੋਟੀ ਚੀਜ਼ ਖਰੀਦਣ ਲਈ ਡਿਊਟੀ ‘ਤੇ ਭੇਜ ਦਿੰਦੇ। ਅਧਿਆਪਕ ਚੀਜ਼ ਲੈ ਆਉਂਦਾ ਪਰ ਉਸ ਖਰੀਦੀ ਚੀਜ਼ ਦੇ ਪੈਸੇ ਉਸ ਨੂੰ ਕਦੇ ਵੀ ਨਾ ਮਿਲਦੇ।
ਅੱਧੀ ਛੁੱਟੀ ਵੇਲੇ ਸਾਰੇ ਅਧਿਆਪਕ ਇਕੱਠੇ ਰੋਟੀ ਖਾਂਦੇ। ਉਹ ਰੋਟੀਆਂ ਘਰੋਂ ਲੈ ਆਉਂਦੇ, ਸਬਜੀ ਸਭ ਲਈ ਇਕੱਠੀ ਸਕੂਲ ‘ਚ ਹੀ ਬਣਦੀ। ਜੇ ਉਸ ਦਿਨ ਸਟਾਫ ਵਿਚ ਕੋਈ ਤੱਤੀ-ਠੰਢੀ ਹੋ ਜਾਂਦੀ, ਬਾਕੀ ਸਾਰੇ ਅਧਿਆਪਕ ਕਸੂਰਵਾਰ ਨੂੰ ਕੋਸ ਕੇ ਠੰਡਾ ਛਿੜਕ ਦਿੰਦੇ।
ਉਹ ਕਿਸੇ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਜਾਣ ਲੈਂਦੇ ਸਨ, ਮਨੋਵਿਗਿਆਨੀ ਪੁਰਸ਼। ਉਹ ਅਭਿਲਾਸ਼ੀ ਦੀ ਇੱਛਾ ਪੂਰੀ ਕਰਨ ਦਾ ਵਾਅਦਾ ਤਾਂ ਕਰ ਲੈਂਦੇ, ਪਰ ਝੋਲੀ ਉਸ ਦੀ ਸਦਾ ਸੱਖਣੀ ਹੀ ਰਹਿੰਦੀ। ਉਨ੍ਹਾਂ ਦੇ ਬਖਸ਼ੇ ਪੁੱਤ ਕਦੇ ਜੁਆਨ ਨਾ ਹੁੰਦੇ। ਜੁਆਨ ਹੋਣ ਦੀ ਗੱਲ ਛੱਡੋ, ਉਹ ਕਦੇ ਪੰਘੂੜੇ ਹੀ ਨਾ ਪੈਂਦੇ।
ਗੱਲਾਂ ਤਾਂ ਉਨ੍ਹਾਂ ਬਾਰੇ ਕਰਨ ਨੂੰ ਬਥੇਰੀਆਂ ਹਨ, ਪਰ ਕਰਨ ਵਾਲੀ ਗੱਲ ਤਾਂ ਕਰਨੀ ਬਣਦੀ ਹੀ ਹੈ। ਖੁਸ਼ਹਾਲ ਸਿੰਘ ਦੇ ਵਿਅੰਗ ਦਾ ਕੀ ਕਹਿਣਾ!
ਦਿਨ ਦੇ ਦੋ ਵਜੇ ਸਨ। ਗਰਮੀਆਂ ‘ਚ ਸਕੂਲ ਬੰਦ ਹੋਣ ਨੂੰ ਹੀ ਸੀ, ਜਿਲਾ ਸਿਖਿਆ ਅਫਸਰ ਹਰਸਰਨ ਕੌਰ ਚੈਕਿੰਗ ਕਰਨ ਲਈ ਆ ਗਏ। ਉਹ ਸਾਰੀਆਂ ਕਲਾਸਾਂ ‘ਚ ਗਏ। ਪੜ੍ਹਾਈ ਦਾ ਪੱਧਰ ਵੇਖ ਕੇ ਬਹੁਤ ਹੀ ਖੁਸ਼ ਹੋ ਗਏ। ਕਲਾਸਾਂ ਵੇਖ ਕੇ ਦਫਤਰ ਵਿਚ ਆ ਗਏ। ਕੁਰਸੀ ਦੁਆਲੇ ਕੁਝ ਕਾਗਜ਼ ਖਿਲਰੇ ਪਏ ਸਨ। “ਹੈਡਮਾਸਟਰ ਸਾਹਿਬ ਕੁੱਤਾ ਵੀ ਪੂਛ ਮਾਰ ਕੇ ਬਹਿੰਦਾ ਹੈ। ਸਫਾਈ ਦਾ ਖਿਆਲ ਰੱਖ ਲਿਆ ਕਰੋ।”
“ਕੁੱਤਾ ਆਦਮੀ ਤੇ ਆਦਮੀ ਕੁੱਤਾ।” ਇਹ ਕਹਿ ਕੇ ਖੁਸ਼ਹਾਲ ਸਿੰਘ ਹੱਸ ਪਏ। ਜਿਲਾ ਸਿਖਿਆ ਅਫਸਰ ਹੈਰਾਨੀ ਨਾਲ ਝਾਕੀ। ਚਾਹ-ਪਾਣੀ ਪਿਛੋਂ ਮੁੱਖ ਅਧਿਆਪਕ ਨੇ ਕਿਹਾ, “ਬੀਬੀ ਜੀ, ਇਸ ਪਿੰਡ ਦੇ ਡੇਰੇ ਦੇ ਸੰਤ ਬਹੁਤ ਕਰਨੀ ਵਾਲੇ ਨੇ। ਉਨ੍ਹਾਂ ਨੇ ਆਪਣੀ ਸਾਰੀ ਜਾਇਦਾਦ ਸਕੂਲ ਲਈ ਦਿੱਤੀ ਹੈ। ਸਾਰੀ ਬਿਲਡਿੰਗ ਉਨ੍ਹਾਂ ਨੇ ਹੀ ਬਣਾਈ ਹੈ। ਤੁਸੀਂ ਸੰਤਾਂ ਦੇ ਦਰਸ਼ਨ ਕਰ ਆਉਣੇ ਸਨ, ਪਰ ਹੁਣ ਤਾਂ ਉਨ੍ਹਾਂ ਦੇ ਅਰਾਮ ਕਰਨ ਦਾ ਸਮਾਂ ਹੈ।”
ਇੱਕ ਤਰੀਕੇ ਨਾਲ ਉਨ੍ਹਾਂ ਨੇ ਜਿਲਾ ਅਫਸਰ ਦਾ ਮੂੰਹ ਹੀ ਬੰਦ ਕਰ ਦਿੱਤਾ। ਉਸ ਦੇ ਜਾਣ ਪਿਛੋਂ ਬੋਲੇ, “ਬ੍ਰਦਰ, ਜਾਣਾ ਤਾਂ ਇਸ ਨੇ ਸੰਤਾਂ ਦੇ ਡੇਰੇ ਸੀ, ਪਰ ਭੁੱਲ ਕੇ ਆ ਗਈ ਸਕੂਲ ‘ਚ। ਇਸ ਦੀ ਕੁੱਖ ਹਰੀ ਨ੍ਹੀਂ ਹੋਈ। ਮੁੰਡਾ ਇੱਥੋਂ ਥੋੜ੍ਹਾ ਮਿਲਣਾ ਸੀ! ਸਿੱਧਾ ਜਾਂਦੀ ਸਾਧ ਦੇ ਡੇਰੇ! ਫਿਰ ਪੁੱਤ ਬਥੇਰੇ!” ਹਾਸੇ ਦੀ ਫੁਹਾਰ ਤਾਂ ਫੁੱਟ ਹੀ ਪੈਣੀ ਸੀ।
ਮਾਰਚ ਮਹੀਨੇ ਦਾ ਆਖਰੀ ਹਫਤਾ ਸੀ। ਇਸ ਹਫਤੇ ਸਕੂਲ ਵਿਚ ਵਿਦਿਆਰਥੀ ਘੱਟ ਹੀ ਆਉਂਦੇ। ਅਧਿਆਪਕ ਵੀ ਅਵੇਸਲੇ ਹੋ ਜਾਂਦੇ। ਸਵੇਰ ਦੀ ਪ੍ਰਾਰਥਨਾ ਦਾ ਸਮਾਂ ਸੀ। ਮੁੱਖ ਅਧਿਆਪਕ ਬੋਲ ਰਹੇ ਸਨ, “ਬੱਚਿਓ ਵੇਲੇ ਸਿਰ ਸਕੂਲ ਆਇਆ ਕਰੋ। ਸਜ਼ਾ ਮਿਲੇਗੀ, ਜੇ ਵੇਲੇ ਸਿਰ ਨਾ ਕੋਈ ਆਇਆ ਤਾਂ?”
ਗੁਰਬੰਤ ਸਿੰਘ ਉਪ ਮੁੱਖ ਅਧਿਆਪਕ ਅੱਜ ਕੁਝ ਲੇਟ ਸੀ। ਉਸ ਨੇ ਸਮਝਿਆ ਕਿ ਇਹ ਸਭ ਕੁਝ ਉਸ ਨੂੰ ਹੀ ਕਿਹਾ ਗਿਆ ਹੈ। ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ। ਇਕ ਦਮ ਬੁੜਕ ਪਿਆ, “ਇੱਥੇ ਲੋਕ ਚਾਰ ਚਾਰ ਦਿਨ ਨ੍ਹੀਂ ਆਉਂਦੇ, ਮੇਰਾ ਦਸ ਮਿੰਟ ਲੇਟ ਆਉਣਾ ਵੀ ਚੁਭ ਗਿਆ।”
“ਬ੍ਰਦਰ! ਮੈਂ ਤੈਨੂੰ ਵੇਖਿਆ ਨ੍ਹੀਂ। ਮੈਂ ਤਾਂ ਸਹਿਵਨ ਹੀ ਬੱਚਿਆਂ ਨੂੰ ਕਿਹਾ। ਛੋਟੇ ਵੀਰ ਮੈਂ ਤੈਨੂੰ ਕਿਵੇਂ ਕਹਿ ਸਕਦਾਂ?” ਮੁੱਖ ਅਧਿਆਪਕ ਜਿੰਨੇ ਪਿਆਰ ਨਾਲ ਗੱਲਾਂ ਕਰਦਾ ਸੈਕੰਡ ਮਾਸਟਰ ਉਸ ਤੋਂ ਵੀ ਵੱਧ ਝੱਗ-ਉਗਲਦਾ। ਬੱਚਿਆਂ ‘ਤੇ ਇਸ ਦਾ ਅਸਰ ਤਾਂ ਹੋਣਾ ਈ ਸੀ। ਅਖੀਰ ਉਹ ਵੀ ਗਰਮ ਹੋ ਕੇ ਬੋਲੇ, “ਚੁੱਪ ਕਰ ਉਏ ਮੁਚਨੂੰ ਜਿਹਾ। ਮੈਂ ਜਮਾਂਦਰੂ ਹੈਡਮਾਸਟਰ ਹਾਂ। ਤੀਹ ਸਾਲ ਇੱਥੇ ਬੂਝਿਆਂ ‘ਚ ਹੈਡਮਾਸਟਰੀ ਕੀਤੀ ਹੈ। ਤੈਥੋਂ ਤੀਹ ਘੰਟੇ ਵੀ ਨਹੀਂ ਹੋਣੀਂ।”
ਜੇ ਕਿਸੇ ਦਾ ਕਿਸੇ ਗੱਲ ਕਾਰਨ ਤਕਰਾਰ ਹੋ ਵੀ ਜਾਵੇ ਤਾਂ ਪਹਿਲੇ ਜਾਂ ਦੂਜੇ ਪੀਰੀਅਡ ਵਿਚ ਨਹੀਂ ਤਾਂ ਹੱਦ ਦੁਪਹਿਰ ਦੀ ਛੁੱਟੀ ਵੇਲੇ ਸਭ ਖਤਮ ਹੋ ਜਾਂਦਾ। ਕੋਈ ਕੁੜਿਤਣ ਨਾ ਰਹਿੰਦੀ।
ਇੱਕ ਦਿਨ ਪਹਿਲੇ ਪੀਰੀਅਡ ਦੀ ਘੰਟੀ ਵੱਜੀ। ਕਿਸੇ ਨੇ ਕੋਈ ਗੱਲ ਨਾ ਤੋਰੀ। ਦੂਜੇ ਪੀਰੀਅਡ ਦੀ ਘੰਟੀ ਖੜਕੀ। ਉਸ ਨੇ ਦੂਜੇ ਮਾਸਟਰ ਨੂੰ ਆਪਣੇ ਕੋਲ ਦਫਤਰ ਬੁਲਾਇਆ। ਤੀਜੇ ‘ਚ ਤੀਜੇ ਨੂੰ। ਹਰ ਕਿਸੇ ਨੇ ਸਵੇਰ ਦੀ ਘਟਨਾ ਬਾਰੇ ਗੱਲ ਨਾ ਤੋਰੀ। ਅਸਲ ਵਿਚ ਸਾਰੇ ਅਧਿਆਪਕਾਂ ਨੇ ਮਿੱਥ ਲਈ ਸੀ ਕਿ ਅੱਜ ਸਮਝੌਤਾ ਕਰਨ ਲਈ ਕੋਈ ਗੱਲ ਤੋਰਨੀ ਨਹੀਂ। ਅੱਧੀ ਛੁੱਟੀ ਦਾ ਸਮਾਂ ਵੀ ਸਭ ਨੇ ਇੱਧਰ-ਉਧਰ ਦੀਆਂ ਗੱਲਾਂ ‘ਚ ਲੰਘਾ ਦਿੱਤਾ। ਆਖਰ ਛੁੱਟੀ ਦੀ ਘੰਟੀ ਵੱਜੀ। ਸਾਰੇ ਅਧਿਆਪਕ ਹਾਜਰੀ ਲਾ ਰਹੇ ਸਨ।
“ਵੇਖ ਗੁਰਬੀਰ। ਮੈਂ ਤੇਰਾ ਹੈਡਮਾਸਟਰ, ਤੂੰ ਮੇਰਾ ਸੈਕੰਡ ਮਾਸਟਰ। ਅਹੁ ਪੰਜਵੇ ਪਾਤਸ਼ਾਹ ਦਾ ਗੁਰਦੁਆਰਾ। ਮੈਂ ਉਸ ਵੱਲ ਹੱਥ ਕੀਤਾ। ਨਾ ਮੇਰੇ ਦਿਲ ‘ਚ ਖੋਟ ਤੇ ਨਾ ਹੀ ਤੇਰੇ ‘ਚ। ਕੁੱਤੇ ਦੇ ਪੁੱਤਾਂ ਨੇ ਅੱਜ ਆਪਣਾ ਸਮਝੌਤਾ ਨ੍ਹੀਂ ਕਰਾਇਆ।” ਇਹ ਕਹਿੰਦਿਆਂ ਉਨ੍ਹਾਂ ਨੇ ਗੁਰਬੀਰ ਨੂੰ ਜੱਫੀ ਪਾ ਲਈ।
“ਛਕ ਲੋ ਚਾਹ ਨਾਲ ਪਕੌੜੇ! ਨਾ ਕਰਾਓ ਸਮਝੌਤਾ।” ਇੰਜ ਲੱਗਾ ਜਿਵੇਂ ਕੁਝ ਵੀ ਨਾ ਵਾਪਰਿਆ ਹੋਵੇ।
ਜ਼ਿੰਦਗੀ ਵਿਚ ਹਾਰਨਾ ਉਨ੍ਹਾਂ ਨੂੰ ਉਕਾ ਹੀ ਪਸੰਦ ਨਹੀਂ ਸੀ। ਉਹ ਛੇਤੀ ਹਾਰ ਬਰਦਾਸ਼ਤ ਨਹੀਂ ਸੀ ਕਰ ਸਕਦੇ। ਇਕ ਵਾਰ ਉਲੰਪਿਕਸ ਖੇਡਾਂ ਵਿਚ ਪਾਕਿਸਤਾਨ ਤੇ ਭਾਰਤ ਵਿਚ ਬਹੁਤ ਫਸਵਾਂ ਮੈਚ ਚੱਲ ਰਿਹਾ ਸੀ। ਅਚਾਨਕ ਪਾਕਿਸਤਾਨੀ ਟੀਮ ਨੂੰ ਪੈਨਲਟੀ ਕਾਰਨਰ ਮਿਲ ਗਿਆ, ਜੋ ਉਨ੍ਹਾਂ ਗੋਲ ਵਿਚ ਬਦਲ ਦਿੱਤਾ। ਉਨ੍ਹਾਂ ਸ਼ੀਸ਼ੇ ਦਾ ਪੇਪਰ ਵੇਟ ਚੁੱਕ ਕੇ ਰੇਡੀਓ ਦੀ ਸਕਰੀਨ ਵੱਲ ਚਲਾ ਕੇ ਮਾਰਿਆ। ਚੰਗੇ ਭਾਗਾਂ ਨੂੰ ਨਿਸ਼ਾਨਾ ਖੁੰਝ ਗਿਆ ਅਤੇ ਉਹ ਮੈਚ ਦੀ ਕੁਮੈਂਟਰੀ ਸੁਣਦਾ ਉਠ ਕੇ ਚਲਾ ਗਿਆ। ਪੰਜ ਮਿੰਟ ਬਾਅਦ ਭਾਰਤੀ ਟੀਮ ਨੇ ਗੋਲ ਦਾਗ ਕੇ ਬਰਾਬਰੀ ‘ਤੇ ਲੈ ਆਂਦਾ। ਉਹ ਮੁੜ ਵਾਪਸ ਆ ਕੇ ਫਿਰ ਮੈਚ ਦੇਖਣ ਲੱਗ ਪਏ। ਇੱਕ ਗੋਲ ਹੋਰ ਦਾਗ ਕੇ ਭਾਰਤੀ ਟੀਮ ਜੇਤੂ ਰਹੀ। ਹੈਡਮਾਸਟਰ ਨੇ ਤੁਰੰਤ ਚਪੜਾਸੀ ਚਰਨ ਸਿੰਘ ਨੂੰ ਛੁੱਟੀ ਦੀ ਘੰਟੀ ਵਜਾਉਣ ਲਈ ਕਹਿ ਦਿੱਤਾ।
ਹੈਡਮਾਸਟਰ ਖੁਸ਼ਹਾਲ ਸਿੰਘ ਨੂੰ ਦਸਵੀਂ ਦੇ ਇਮਤਿਹਾਨ ‘ਚ ਗੈੱਸ ਪੇਪਰ ਲਾਉਣ ਦਾ ਬਹੁਤ ਸ਼ੌਕ ਸੀ। ਉਹ ਕਹਾਣੀ, ਲੇਖ ਦਾ ਗੈੱਸ ਤਾਂ ਲਾਉਣਾ ਹੀ ਸੀ, ਉਹ ਕਿਹੜਾ ਪਹਿਰਾ ਪੈਰਾਫਰੇਜ਼ ਕਰਨਾ ਹੈ, ਟਰਾਂਸਲੇਸ਼ਨ ਅਤੇ ਰੀਟ੍ਰਾਂਸਲੇਸ਼ਨ ਦੇ ਕਿਹੜੇ ਪਹਿਰੇ ਆਉਣਗੇ ਅਤੇ ਗਰਾਮਰ ਦੇ ਨੈਰੇਸ਼ਨ, ਐਕਟਿਵ-ਪੈਸਿਵ ਵਾਇਸ ਦੇ ਕਿਹੜੇ, ਪ੍ਰੀਪੋਜੀਸ਼ਨਾਂ ਕਿਹੜੀਆਂ ਆਉਣਗੀਆਂ ਅਤੇ ਹੋਰ ਗਰਾਮਰ ਦੇ ਕਿਹੜੇ ਵਾਕ ਹੋਣਗੇ-ਇਹ ਸਭ ਦਾ ਗੈੱਸ ਉਹ ਬੜੇ ਸ਼ੌਕ ਨਾਲ ਲਾਉਂਦੇ। ਉਨ੍ਹਾਂ ਦਾ ਗੈੱਸ ਲਗਭਗ 80% ਠੀਕ ਹੁੰਦਾ। ਖੁਦਾ ਨਾ ਖਾਸਤਾ ਉਨ੍ਹਾਂ ਦਾ ਗੈੱਸ ਜੇ ਠੀਕ ਨਾ ਨਿਕਲਦਾ ਤਾਂ ਉਹ ਗੰਭੀਰ ਹੋ ਕੇ ਕਹਿੰਦੇ, “ਪੇਪਰ ਸੈਟ ਕਰਨਾ ਵੀ ਇੱਕ ਕਲਾ ਹੈ। ਨਾ ਤਜ਼ਰਬਾਕਾਰ ਤੇ ਮੱਤਹੀਣ ਆਪਣੇ ਚਹੇਤਿਆਂ ਨੂੰ ਪੇਪਰ ਸੈਟਰ ਲਾ ਦਿੰਦੇ ਹਨ। ਸ਼ੁੱਧ ਮੂਰਖ।”
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਉਹ ਸ਼ੈਦਾਈ ਸਨ। ਸਕੂਲ ਵਿਚ ਪੰਜਾਬੀ ਲਾਇਬ੍ਰੇਰੀ ਬਣਾ ਲਈ। ਵਿਦਿਆਰਥੀਆਂ ਦੀ ਸਾਹਿਤ ਸਭਾ ਬਣਾਈ। ਸਕੂਲ ਦੇ ਭਾਸ਼ਣ ਮੁਕਾਬਲਿਆਂ ਅਤੇ ਕਵਿਤਾ ਪਾਠ ਦੀਆਂ ਟੀਮਾਂ ਦੀ ਧਾਂਕ ਪਈ ਹੋਈ ਸੀ। ਕੋਈ ਹੀ ਫੰਕਸ਼ਨ ਹੋਵੇਗਾ, ਜਿੱਥੋਂ ਟੀਮਾਂ ਜਿੱਤ ਕੇ ਨਾ ਆਈਆਂ ਹੋਣ।
ਇੱਕ ਵਾਰ ਉਹ ਦਸਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਮੁੱਖ ਚੈਕਰ ਸਨ। ਉਨ੍ਹਾਂ ਕੋਲ 10-15 ਅਧਿਆਪਕਾਂ ਵੱਲੋਂ ਮਾਰਕ ਕੀਤੇ ਪਰਚੇ ਪਹੁੰਚੇ। 10% ਪਰਚੇ ਆਪ ਵੇਖਣੇ ਸਨ। ਜੇ ਕਿਸੇ ਨੇ ਕਿਸੇ ਬੱਚੇ ਦੇ ਵੱਧ ਘੱਟ ਨੰਬਰ ਲੱਗੇ ਹੋਣ ਤਾਂ ਉਸ ਨੂੰ ਦਰੁਸਤ ਕਰਨਾ ਸੀ। ਇੱਕ ਬੱਚੇ ਦੇ 56% ਨੰਬਰ ਲੱਗੇ ਸਨ। ਉਨ੍ਹਾਂ ਪੰਜਾਬੀ ਅਧਿਆਪਕ ਨੂੰ ਇਹ ਪੇਪਰ ਮੁੜ ਚੈਕ ਕਰਨ ਲਈ ਕਿਹਾ। ਉਸ ਨੇ ਨੰਬਰ ਘਟਾ ਕੇ 48% ਕਰ ਦਿੱਤੇ। ਖੁਸ਼ਹਾਲ ਸਿੰਘ ਨੇ ਕੱਟ ਕੇ 86% ਕਰ ਦਿੱਤੇ।
“ਇਹ ਕਿਉਂ?”
ਜਵਾਬ ਸੀ, “ਜੇ ਚੰਗੇ ਨੰਬਰ ਲਾਏ ਹੋਣਗੇ ਤਾਂ ਵਧੇਰੇ ਬੱਚੇ ਪੰਜਾਬੀ ਪੜ੍ਹਨਗੇ। ਖਾਸ ਕਰ ਉਥੇ ਜਿੱਥੇ ਪੰਜਾਬੀ ਦੂਜੀ ਭਾਸ਼ਾ ਦੇ ਆਧਾਰ ‘ਤੇ ਪੜ੍ਹਾਈ ਜਾਂਦੀ ਹੋਵੇ।”
ਆਲਸ ਦਾ ਖੁਸ਼ਹਾਲ ਸਿੰਘ ਪੱਕਾ ਵੈਰੀ ਸੀ। ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਵਾਂ ਜਨਮ ਦਿਨ ਸੀ। ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਪੈਂਫਲਿਟ ਕੱਢਣ ਦੀ ਉਨ੍ਹਾਂ ਨੇ ਰਾਏ ਦੇ ਦਿੱਤੀ। “ਪੈਸੇ ਕਿੱਥੋਂ ਆਉਣਗੇ? ਸਾਥੀ ਅਧਿਆਪਕਾਂ ਨੇ ਢਿੱਲੀ ਰਾਏ ਦਿੱਤੀ। ਤੀਜੇ ਦਿਨ ਪੈਂਫਲਿਟ ਛਪ ਕੇ ਆ ਗਏ। ਉਹ ਦਸ ਮੀਲ ਤੈਅ ਕਰਕੇ ਸ਼ਹਿਰ ਗਏ। ਸਿੱਧੇ ਵਕੀਲਾਂ ਦੇ ਦਰ ‘ਤੇ ਜਾ ਅਲਖ ਜਗਾਈ। ਉਨ੍ਹਾਂ ਦੇ ਦਿੱਤੇ ਪੈਸਿਆਂ ਨਾਲ 500 ਪੈਂਫਲਿਟ ਛਪਵਾ ਕੇ ਤੀਜੇ ਦਿਨ ਸਕੂਲ ਲਿਆ ਕੇ ਵੰਡ ਦਿੱਤੇ। ਉਨ੍ਹਾਂ ਕਦੋਂ ਪੈਂਫਲਿਟ ਲਿਖਿਆ? ਕਿਸੇ ਨੂੰ ਕੋਈ ਪਤਾ ਨਹੀਂ ਸੀ। ਜੋ ਇੱਕ ਹੱਥ ਕਰਦਾ, ਦੂਜੇ ਹੱਥ ਤੱਕ ਉਸ ਦਾ ਪਤਾ ਨਹੀਂ ਸੀ ਲੱਗਣ ਦਿੱਤਾ।
ਹੁਣ ਆਈਏ, ਉਨ੍ਹਾਂ ਦੀ ਵਿਚਾਧਾਰਕ ਪਰਪੱਕਤਾ ਵੱਲ, ਉਨ੍ਹਾਂ ਦੀਆਂ ਰਾਜਨੀਤਕ ਤੇ ਸਮਾਜਕ ਕਦਰਾਂ ਕੀਮਤਾਂ ਵੱਲ। ਖੁਸ਼ਹਾਲ ਸਿੰਘ ਦੀ ਸਰਵਿਸ ਦਾ ਆਖਰੀ ਸਾਲ ਸੀ। ਸਟਾਫ ਨੇ ਸੋਚਿਆ, ਮੁੱਖ ਅਧਿਆਪਕ ਵਾਸਤੇ ਨੈਸ਼ਨਲ ਅਵਾਰਡ ਲਈ ਦਰਖਾਸਤ ਕਰਨ। ਇਸ ਨਾਲ ਸਨਮਾਨ ਦੀ ਰਾਸ਼ੀ ਦੇ ਨਾਲ ਇੱਕ ਸਾਲ ਦੀ ਹੋਰ ਸੇਵਾ ਕਾਲ ਦਾ ਵਾਧਾ ਹੋਵੇਗਾ। ਕੇਸ ਤਿਆਰ ਕਰਕੇ ਭੇਜ ਦਿੱਤਾ। ਰਿਜਲਟ ਦੀ ਬੜੀ ਬੇਸਬਰੀ ਨਾਲ ਉਡੀਕ ਹੋਣ ਲੱਗੀ। ਇਹ ਕਿਸੇ ਹੱਦ ਤੱਕ ਸਹੀ ਵੀ ਸੀ ਕਿ ਸਾਰੇ ਅਵਾਰਡ ਰਾਜਸੀ ਆਗੂਆਂ ਦੀ ਸਿਫਾਰਸ਼ ਨਾਲ ਹੀ ਮਿਲਦੇ ਹਨ। ਇਸ ਸਿਫਾਰਸ਼ ਦੀ ਭੱਜ ਦੌੜ ਵਿਚ ਸਟਾਫ ਨੇ ਬਹੁਤ ਭੱਜ ਨੱਠ ਕੀਤੀ। ਨਾਲ ਸੰਸਾਰ ਚੰਦ ਕਾਂਗਰਸ ਦੇ ਜਨਰਲ ਸੈਕਟਰੀ ‘ਤੇ ਸਾਰੀ ਟੇਕ ਸੀ, ਜਿਸ ਦੇ ਨੇੜੇ ਹੋਣ ਦਾ ਖੁਸ਼ਹਾਲ ਸਿੰਘ ਮਾਣ ਕਰਦੇ ਸਨ। ਆਖਰ ਉਹ ਪਾਰਟੀ ਦੇ ਤਹਿ ਦਿਲੋਂ ਸਮਰਥਕ ਸਨ।
ਸਾਰੇ ਸਾਥੀ ਸੱਚੇ ਦਿਲੋਂ ਇਸ ਨੈਸ਼ਨਲ ਅਵਾਰਡ ਲਈ ਜੋਰ ਲਾ ਰਹੇ ਸਨ। ਦੂਜੇ ਪਾਸੇ ਇਸ ਇਨਾਮ ਲਈ ਕਿਸੇ ਕਿਸਮ ਦਾ ਹਾਸਾ ਮਖੌਲ ਕਰਨ ਤੋਂ ਵੀ ਸੰਕੋਚ ਨਹੀਂ ਸੀ ਕਰਦੇ।
ਇੱਕ ਦਿਨ ਸਕੂਲ ਵਿਚ ਆਉਣ ਸਾਰ ਹੀ ਮਾਸਟਰ ਰਣਬੀਰ ਸਿੰਘ ਬੋਲਿਆ, “ਹੈਡਮਾਸਟਰ ਸਾਹਿਬ ਰਾਤ ਮੈਨੂੰ ਸੁਫਨਾ ਆਇਆ।”
“ਇਹ ਕਿਹੜੀ ਵਿਸ਼ੇਸ਼ ਗੱਲ ਹੈ, ਸੁਫਨੇ ਤਾਂ ਆਉਂਦੇ ਰਹਿੰਦੇ ਹਨ। ਚੱਲ ਸੁਣ ਲੈਨੈਂ ਆਂ ਤੇਰਾ ਸੁਫਨਾ।”
“ਆਪਾਂ ਦੋਵੇਂ ਜਣੇ ਇੱਕ ਸੁੰਦਰ ਸਜੇ ਧਜੇ ਪੰਡਾਲ ਵਿਚ ਬੈਠੇ ਸਾਂ। ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ। ਤੁਹਾਡੇ ਗਲ ‘ਚ ਫੁੱਲਾਂ ਦੇ ਹਾਰ ਪਏ ਸਨ। ਇਸ ਤੋਂ ਬਾਅਦ ਤੁਹਾਡੇ ਹੱਥ ‘ਚ ਮਾਈਕ ਸੀ। ਤੁਸੀਂ ਬੋਲ ਰਹੇ ਸੀ ਤੇ ਤਾੜੀਆਂ ਵੱਜ ਰਹੀਆਂ ਸਨ। ਇੰਨੇ ਨੂੰ ਮੇਰੀ ਅੱਖ ਖੁੱਲ੍ਹ ਗਈ।”
“ਤੇਰੀ ਸ਼ੁੱਧ ਆਤਮਾ ਹੈ। ਸ਼ੁੱਧ ਆਤਮਾ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਕਿਹੜੇ ਵੇਲੇ ਸੁਪਨਾ ਆਇਆ?”
“ਆਹੀ ਸਵੇਰੇ ਕੋਈ ਚਾਰ ਵਜੇ।”
“ਤੂੰ ਨਾਲ ਚੱਲੇਂਗਾ ਹੀ। ਸ਼ੁੱਧ ਆਤਮਾ ਨੂੰ ਹੀ ਪਹਿਲਾਂ ਪਤਾ ਲਗ ਜਾਂਦਾ ਹੈ।”
ਸਟਾਫ ਵਿਚ ਇਹ ਗੱਲ ਬੜਾ ਲੂਣ-ਮਸਾਲਾ ਲਾ ਕੇ ਚਲਦੀ ਰਹੀ। ਜ਼ਿੰਦਾ-ਦਿਲ ਹਾਸੇ ਦੇ ਟੁਣਕਾਰ ਟੁਣਕਦੇ ਰਹੇ। ਹੱਸ ਹੱਸ ਕੇ ਸਭ ਦੀ ਵੱਖੀ ਪੀੜ ਪੈਂਦੀ ਰਹੀ।
ਜੋ ਗੱਲ ਰਣਬੀਰ ਸਿੰਘ ਨੇ ਪਿਛਲੇ ਦਿਨ ਸੁਣਾਈ, ਉਹੀ ਗੱਲ ਅੱਜ ਦਲਬੀਰ ਸਿੰਘ ਨੇ ਆ ਦੁਹਰਾਈ।
“ਤੇਰੀ ਸ਼ੁੱਧ ਆਤਮਾ ਹੈ। ਸ਼ੁੱਧ ਆਤਮਾ ਨੂੰ ਹੋਣ ਵਾਲੀ ਗੱਲ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਕਿਹੜਾ ਵੇਲਾ ਸੀ ਸੁਫਨਾ ਆਉਣ ਦਾ?”
“ਆ ਹੀ ਰਾਤ ਦੇ ਬਾਰਾਂ ਵਜੇ ਦਾ?”
“ਬੁੱਗ! ਸੁਫਨਾ ਲੈਣਾ ਵੀ ਨਹੀਂ ਆਉਂਦਾ?” ਉਹ ਵੀ ਸਭ ਨੂੰ ਲੌਂਗੋਵਾਲੀਏ ਸਾਧ ਵਾਂਗੂ ਟਿੱਚ ਕਰਕੇ ਜਾਣਦੇ ਸਨ।
ਖੈਰ! ਲਿਸਟ ਨਿੱਕਲਣੀ ਸੀ, ਨਿੱਕਲ ਗਈ। ਖੁਸ਼ਹਾਲ ਸਿੰਘ ਦਾ ਨਾਉਂ ਵਿਚ ਨਹੀਂ ਸੀ। ਇਸ ਦਾ ਉਨ੍ਹਾਂ ਹੀ ਦੁੱਖ ਸਭ ਨੇ ਮਨਾਇਆ। ਸਭ ਨੂੰ ਦੁੱਖ ਸੀ ਕਿ ਪੂਰਾ ਵਾਅਦਾ ਕਰਕੇ ਨਹੀਂ ਸੀ ਨਿਭਾਇਆ। ਖੁਸ਼ਹਾਲ ਸਿੰਘ ਵੀ ਪੂਰਾ ਗੁੱਸੇ ਸੀ। “ਕੁੱਤੇ ਦੇ ਪੁੱਤ। ਬਾਣੀਏ ਦਾ ਪੁੱਤ ਮਾਣ ਨ੍ਹੀਂ ਹੁੰਦਾ। ਕੱਲ ਨੂੰ ਚੋਣ ਵੀ ਹੋਊ। ਸਾਲੇ ਚਿੱਬੇ ਜੇ ਮੂੰਹ ਵਾਲੇ ਬਿਜੂ ਦੇ ਤੁਖਮ। ਚਿੱਟੇ ਬਗਲੇ। ਡੱਡਾਂ ਖਾਣੇ। ਭ੍ਰਿਸ਼ਟਾਚਾਰੀ। ਚੋਣਾਂ ਆਈਆਂ। ਹਾਲਾ ਤੇ ਪਾਲਾ ਕੋਲ ਦੀ ਨ੍ਹੀਂ ਲੰਘਦੇ ਹੁੰਦੇ। ਇਹ ਤਾਂ ਕਿਹੜੇ ਬਾਗ ਦੀ ਮੂਲੀ ਹੈ। ਵੇਖੀ ਕਿਵੇਂ ਰੋਟੀ ਤੋਂ ਡੇਲਾ ਰੁੜ੍ਹਿਆ ਜਾਂਦਾ। Ḕਭੂਪੇ ਜੱਟ ਦੀ ਨੀਲਾਮੀ ਬੋਲੂ, ਵਿਚੇ ਜਾਣਗੇ ਮੋਫਰੀਏ।’ ਅਕ੍ਰਿਤਘਣ। ਗਿੱਦੜ।” ਉਸ ਦੇ ਸਾਰੇ ਗੁੱਸੇ ਦੀ ਤਾਬ ਸ਼ਬਦ ਝੱਲ ਨਾ ਸਕੇ।
ਸਭ ਨੇ ਵਿਚਾਰ ਕਰਕੇ ਸੈਕਟਰੀ ਸੰਸਾਰ ਚੰਦ ਨੂੰ ਚਿੱਠੀ ਲਿਖਣ ਦਾ ਫੈਸਲਾ ਕੀਤਾ।
ਖੁਸ਼ਹਾਲ ਸਿੰਘ ਨੇ ਚਿੱਠੀ ਲਿਖ ਕੇ ਗੁੱਸੇ ਦਾ ਇਜ਼ਹਾਰ ਕੀਤਾ, “ਸਾਰੀ ਉਮਰ ਨਾ ਦਿਨ ਵੇਖਿਆ, ਨਾ ਰਾਤ। ਇੱਕ ਵਫਾਦਾਰ ਕੁੱਤੇ ਦੀ ਤਰ੍ਹਾਂ ਆਪਣਾ ਫਰਜ਼ ਨਿਭਾਉਂਦਾ ਰਿਹਾਂ। ਤੇਰੀ ਚੋਣ ‘ਚ ਦਿਨ ਰਾਤ ਇਕ ਕਰਕੇ ਕੰਮ ਕੀਤਾ। ਸਭ ਅਸਫਲ। ਮੇਰੀਆਂ ਅਰਜ਼ੋਈਆਂ ਦੀ ਤੇਰੇ ਕੰਨਾਂ ‘ਤੇ ਜੂੰ ਵੀ ਨਾ ਸਰਕੀ। ਧਰਨੇ ਡੈਪੂਟੇਸ਼ਨ ਅਤੇ ਰੈਲੀਆਂ ਤਨਦੇਹੀ ਨਾਲ ਸਿਰੇ ਚੜ੍ਹਾਈਆਂ। ਪਾਰਟੀ ਲਈ ਜਲਸੇ, ਜਲੂਸ ਦਾ ਤਨਦੇਹੀ ਨਾਲ ਪ੍ਰਬੰਧ ਕੀਤਾ। ਤੁਸੀਂ ਮੇਰੀ ਮਦਦ ਤਾਂ ਕੀ ਕਰਨੀ ਸੀ, ਉਲਟਾ ਜਿਸ ਬਾਰੇ ਸਾਰੇ ਜਾਣਦੇ ਹੀ ਹਨ ਕਿ ਪ੍ਰਧਾਨ ਨੇ ਆਪਣੇ ਜੁੰਡੀ ਦੇ ਯਾਰ, ਜਿਸ ਨਾਲ ਬੁੱਕਲ ਖੁੱਲ੍ਹੀ ਹੈ, ਖਾਣ-ਪੀਣ ਤੇ ਲੰਗੋਟ ਦੀ ਸਾਂਝ ਹੈ, ਬਿੱਕਰ ਸਿੰਘ ਨੂੰ ਸਿਲੈਕਟ ਕਰ ਦਿੱਤਾ ਹੈ। ਅੱਜ ਤੋਂ ਮੈਂ ਇਸ ਪਾਰਟੀ ਨਾਲੋਂ ਸਾਰੇ ਸਬੰਧ ਤੋੜਦਾ ਹਾਂ।”
ਉਸ ਨੇ ਇਹ ਚਿੱਠੀ ਪੜ੍ਹ ਕੇ ਸਾਡੇ ਸਾਹਮਣੇ ਬੰਦ ਕਰ ਦਿੱਤੀ। ਪੰਜ ਮਿੰਟ ਬਾਅਦ ਚਪੜਾਸੀ ਚਰਨ ਸਿੰਘ ਨੂੰ ਦਫਤਰ ਸੱਦਿਆ ਅਤੇ ਚਿੱਠੀ ਦੇ ਕੇ ਕਾਂਗਰਸੀ ਲੀਡਰ ਮਹੰਤ ਰਾਮ ਦਾਸ ਕੋਲ ਭੇਜਿਆ।
ਚਪੜਾਸੀ ਚਰਨ ਸਿੰਘ ਨੇ ਸਾਈਕਲ ਚੁੱਕਿਆ। ਗੇਟ ਦੇ ਬਾਹਰ ਖੜ੍ਹੇ ਸਾਇੰਸ ਮਾਸਟਰ ਰਣਜੀਤ ਸਿੰਘ ਨੇ ਚਿੱਠੀ ਫੜ ਕੇ ਪੜ੍ਹ ਲਈ।
“ਸਤਿਕਾਰਯੋਗ ਸਕੱਤਰ ਸਾਹਿਬ ਜੀਉ, ਮੈਂ ਕਾਂਗਰਸ ਦੀ ਗੁੜ੍ਹਤੀ ਲੈ ਕੇ ਜਨਮ ਲਿਆ ਸੀ। ਸਾਰੀ ਉਮਰ ਇਸ ਦਾ ਵਰਕਰ ਰਿਹਾ ਹਾਂ, ਅੱਜ ਵੀ ਹਾਂ ਤੇ ਮਰਦੇ ਦਮ ਤੱਕ ਰਹਾਂਗਾ ਵੀ। ਮੈਨੂੰ ਪੱਕਾ ਵਿਸ਼ਵਾਸ ਹੈ ਕਿ ਤੁਸੀਂ ਤਾਂ ਪੂਰਾ ਵਾਹ ਲਾਇਆ ਹੋਵੇਗਾ ਹੀ ਪਰ ਤੁਹਾਡੀ ਦਾਲ ਗਲੀ ਨਹੀਂ ਲਗਦੀ। ਤੁਹਾਡੇ ਯਤਨ ਸਫਲ ਨਹੀਂ ਹੋਏ ਤਾਂ ਕੀ ਪਰ ਸੀ ਤਾਂ ਤੁਸੀਂ ਮੇਰੇ ਸੱਚੇ ਖੈਰ-ਖੁਆਹ।”
ਮਾਰਚ 3, 1973
ਵਿਸ਼ਵਾਸ ਪਾਤਰ
ਖੁਸ਼ਹਾਲ ਸਿੰਘ।
ਇਹ ਚਿੱਠੀ ਅੱਜ ਵਾਲੀ ਚਿੱਠੀ ਨਹੀਂ ਸੀ। ਇਹ ਅੱਜ ਤੋਂ ਦੋ ਦਿਨ ਪਹਿਲਾਂ ਦੀ ਲਿਖੀ ਸੀ। ਉਸ ਨੇ ਇਕ ਵਾਰ ਫਿਰ ਸਟਾਫ ਨੂੰ ਲੌਂਗੋਵਾਲ ਵਾਲਾ ਸਾਧ ਹੀ ਸਮਝਿਆ ਸੀ।

ਹਾਰ ਉਸ ਨੂੰ ਬਰਦਾਸ਼ਤ ਕਰਨੀ ਨਹੀਂ ਸੀ ਆਉਂਦੀ। ਸਰਕਾਰੀ ਸਕੂਲਾਂ ਦੇ ਟੂਰਨਾਮੈਂਟ ‘ਚ ਸਕੂਲ ਦੀਆਂ ਟੀਮਾਂ ਜਿਲਾ ਪੱਧਰ ‘ਤੇ ਤਾਂ ਹਰ ਸਾਲ ਅਤੇ ਪੰਜਾਬ ਪੱਧਰ ‘ਤੇ ਦੋ ਸਾਲ ਜੇਤੂ ਰਹੀਆਂ। ਸਕੂਲੋਂ ਹਟ ਕੇ ਘਰੇ ਬੈਠੇ ਚੰਗੇ ਖਿਡਾਰੀਆਂ ਨੂੰ ਪ੍ਰੇਰਨਾ ਦੇ ਕੇ ਸਕੂਲ ‘ਚ ਦਾਖਲ ਕਰ ਲੈਣ ਤੇ ਇਨ੍ਹਾਂ ਹਰ ਟੀਮ ‘ਚ ਇਕ ਦੋ ਦੇ ਸਿਰ ਤੇ ਹੀ ਜਿੱਤ ਦਾ ਝੰਡਾ ਗੱਡ ਦੇਣਾ।